ਨਫ਼ਰਤ ਦਾ ਚੱਕਰ ਕਿਵੇਂ ਤੋੜੀਏ?
1 | ਪੱਖਪਾਤ ਨਾ ਕਰੋ
ਬਾਈਬਲ ਦੀ ਸਿੱਖਿਆ:
“ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂਲਾਂ ਦੇ ਕੰਮ 10:34, 35.
ਇਸ ਸਿੱਖਿਆ ਦਾ ਕੀ ਮਤਲਬ ਹੈ?
ਯਹੋਵਾਹ * ਪਰਮੇਸ਼ੁਰ ਇਹ ਨਹੀਂ ਦੇਖਦਾ ਕਿ ਅਸੀਂ ਕਿਸ ਨਸਲ, ਜਾਤ ਜਾਂ ਦੇਸ਼ ਦੇ ਹਾਂ, ਸਾਡਾ ਰੰਗ-ਰੂਪ ਕੀ ਹੈ ਜਾਂ ਸਾਡਾ ਸਭਿਆਚਾਰ ਕੀ ਹੈ। ਇਸ ਦੀ ਬਜਾਇ, ਉਹ ਇਸ ਗੱਲ ’ਤੇ ਧਿਆਨ ਲਾਉਂਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। ਬਾਈਬਲ ਇਹ ਵੀ ਦੱਸਦੀ ਹੈ ਕਿ “ਇਨਸਾਨ ਸਿਰਫ਼ ਬਾਹਰਲਾ ਰੂਪ ਦੇਖਦਾ ਹੈ, ਪਰ ਯਹੋਵਾਹ ਦਿਲ ਦੇਖਦਾ ਹੈ।”—1 ਸਮੂਏਲ 16:7.
ਤੁਸੀਂ ਕੀ ਕਰ ਸਕਦੇ ਹੋ?
ਚਾਹੇ ਤੁਸੀਂ ਦਿਲ ਨਹੀਂ ਪੜ੍ਹ ਸਕਦੇ, ਪਰ ਫਿਰ ਵੀ ਰੱਬ ਦੀ ਰੀਸ ਕਰਦਿਆਂ ਤੁਸੀਂ ਦੂਸਰਿਆਂ ਨਾਲ ਨਿਰਪੱਖ ਰਹਿਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਹ ਨਾ ਦੇਖੋ ਕਿ ਕੋਈ ਵਿਅਕਤੀ ਕਿਸ ਨਸਲ, ਜਾਤ ਜਾਂ ਕੌਮ ਦਾ ਹੈ, ਸਗੋਂ ਇਹ ਦੇਖੋ ਕਿ ਉਹ ਵਿਅਕਤੀ ਕਿਹੋ ਜਿਹਾ ਹੈ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਦੂਜਿਆਂ ਨਾਲ ਪੱਖਪਾਤ ਕਰਦੇ ਹੋ, ਤਾਂ ਰੱਬ ਨੂੰ ਬੇਨਤੀ ਕਰੋ ਕਿ ਉਹ ਇਨ੍ਹਾਂ ਭਾਵਨਾਵਾਂ ਨੂੰ ਕੱਢਣ ਵਿਚ ਤੁਹਾਡੀ ਮਦਦ ਕਰੇ। (ਜ਼ਬੂਰ 139:23, 24) ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਜੇ ਤੁਸੀਂ ਦਿਲੋਂ ਯਹੋਵਾਹ ਨੂੰ ਬੇਨਤੀ ਕਰੋਗੇ, ਤਾਂ ਉਹ ਤੁਹਾਡੀ ਬੇਨਤੀ ਜ਼ਰੂਰ ਸੁਣੇਗਾ ਤੇ ਤੁਹਾਡੀ ਮਦਦ ਕਰੇਗਾ।—1 ਪਤਰਸ 3:12.
^ ਪੈਰਾ 6 ਰੱਬ ਦਾ ਨਾਂ ਯਹੋਵਾਹ ਹੈ।—ਜ਼ਬੂਰ 83:18.
“ਮੈਂ ਤਾਂ ਪਹਿਲਾਂ ਕਦੇ ਕਿਸੇ ਗੋਰੇ ਨਾਲ ਸ਼ਾਂਤੀ ਨਾਲ ਵੀ ਨਹੀਂ ਬੈਠਾ ਸੀ। ਹੁਣ ਮੈਂ ਦੁਨੀਆਂ ਭਰ ਦੇ ਉਸ ਭਾਈਚਾਰੇ ਦਾ ਹਿੱਸਾ ਹਾਂ ਜਿਸ ਵਿਚ ਸੱਚਾ ਪਿਆਰ ਹੈ।”—ਟਾਈਟਸ