2 | ਰੱਬ ਦੇ ਬਚਨ ਤੋਂ ਦਿਲਾਸਾ ਪਾਓ
ਬਾਈਬਲ ਵਿਚ ਲਿਖਿਆ ਹੈ: “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਧਰਮ-ਗ੍ਰੰਥ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।”—ਰੋਮੀਆਂ 15:4.
ਇਸ ਆਇਤ ਦਾ ਕੀ ਮਤਲਬ ਹੈ?
ਬਾਈਬਲ ਵਿਚ ਦਿਲਾਸਾ ਦੇਣ ਵਾਲੀਆਂ ਗੱਲਾਂ ਦਰਜ ਹਨ ਜਿਨ੍ਹਾਂ ਤੋਂ ਸਾਨੂੰ ਨਿਰਾਸ਼ ਕਰਨ ਵਾਲੀਆਂ ਸੋਚਾਂ ਨਾਲ ਲੜਦੇ ਰਹਿਣ ਦੀ ਤਾਕਤ ਅਤੇ ਹਿੰਮਤ ਮਿਲਦੀ ਹੈ। ਬਾਈਬਲ ਦੇ ਸੰਦੇਸ਼ ਤੋਂ ਸਾਨੂੰ ਉਮੀਦ ਵੀ ਮਿਲਦੀ ਹੈ ਕਿ ਜਲਦੀ ਹੀ ਉਹ ਸਮਾਂ ਆਵੇਗਾ ਜਦੋਂ ਸਾਡੇ ਮਨ ਵਿਚ ਅਜਿਹੇ ਖ਼ਿਆਲ ਨਹੀਂ ਆਉਣਗੇ ਜਿਨ੍ਹਾਂ ਕਰਕੇ ਅਸੀਂ ਨਿਰਾਸ਼ ਅਤੇ ਦੁਖੀ ਹੁੰਦੇ ਹਾਂ।
ਇਹ ਆਇਤ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
ਅਸੀਂ ਸਾਰੇ ਕਦੇ-ਨਾ-ਕਦੇ ਨਿਰਾਸ਼ ਅਤੇ ਪਰੇਸ਼ਾਨ ਹੁੰਦੇ ਹਾਂ। ਪਰ ਜਿਨ੍ਹਾਂ ਨੂੰ ਡਿਪਰੈਸ਼ਨ ਜਾਂ ਚਿੰਤਾ ਰੋਗ ਹੁੰਦਾ ਹੈ, ਉਨ੍ਹਾਂ ਦੇ ਮਨ ਵਿਚ ਹਰ ਵੇਲੇ ਅਜਿਹੇ ਖ਼ਿਆਲ ਚੱਲਦੇ ਰਹਿੰਦੇ ਹਨ ਜਿਨ੍ਹਾਂ ਕਰਕੇ ਉਹ ਨਿਰਾਸ਼ ਅਤੇ ਦੁਖੀ ਰਹਿੰਦੇ ਹਨ। ਬਾਈਬਲ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੀ ਹੈ?
ਬਾਈਬਲ ਵਿਚ ਬਹੁਤ ਸਾਰੀਆਂ ਹੌਸਲਾ ਦੇਣ ਵਾਲੀਆਂ ਗੱਲਾਂ ਦਰਜ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਮਨ ਨੂੰ ਦਿਲਾਸਾ ਅਤੇ ਸਕੂਨ ਮਿਲਦਾ ਹੈ। (ਫ਼ਿਲਿੱਪੀਆਂ 4:8) ਇਸ ਕਰਕੇ ਅਸੀਂ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚਣ ਦੀ ਬਜਾਇ ਹੌਸਲਾ ਦੇਣ ਵਾਲੀਆਂ ਗੱਲਾਂ ʼਤੇ ਧਿਆਨ ਲਾ ਪਾਉਂਦੇ ਹਾਂ।—ਜ਼ਬੂਰ 94:18, 19.
ਬਾਈਬਲ ਦੀ ਮਦਦ ਨਾਲ ਅਸੀਂ ਆਪਣੇ ਮਨ ਵਿੱਚੋਂ ਇਹ ਗ਼ਲਤ ਵਿਚਾਰ ਕੱਢ ਸਕਦੇ ਹਾਂ ਕਿ ਅਸੀਂ ਕਿਸੇ ਕੰਮ ਦੇ ਨਹੀਂ ਹਾਂ।—ਲੂਕਾ 12:6, 7.
ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਤੋਂ ਸਾਨੂੰ ਇਹ ਭਰੋਸਾ ਮਿਲਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ ਕਿਉਂਕਿ ਸਾਡਾ ਰੱਬ ਤੇ ਸ੍ਰਿਸ਼ਟੀਕਰਤਾ ਸਾਡੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ।—ਜ਼ਬੂਰ 34:18; 1 ਯੂਹੰਨਾ 3:19, 20.
ਬਾਈਬਲ ਵਾਅਦਾ ਕਰਦੀ ਹੈ ਕਿ ਰੱਬ ਇਨ੍ਹਾਂ ਬੁਰੀਆਂ ਯਾਦਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਵੇਗਾ। (ਯਸਾਯਾਹ 65:17; ਪ੍ਰਕਾਸ਼ ਦੀ ਕਿਤਾਬ 21:4) ਜਦੋਂ ਡਰ ਤੇ ਨਿਰਾਸ਼ਾ ਵਰਗੀਆਂ ਸੋਚਾਂ ਅਤੇ ਭਾਵਨਾਵਾਂ ਸਾਨੂੰ ਆ ਘੇਰਦੀਆਂ ਹਨ, ਤਾਂ ਬਾਈਬਲ ਦੇ ਇਸ ਵਾਅਦੇ ਤੋਂ ਸਾਨੂੰ ਇਨ੍ਹਾਂ ਨਾਲ ਲੜਦੇ ਰਹਿਣ ਦੀ ਹਿੰਮਤ ਮਿਲ ਸਕਦੀ ਹੈ।