ਨਵੇਂ ਜ਼ਮਾਨੇ ਲਈ ਪੁਰਾਣੇ ਅਸੂਲ
ਚਿੰਤਾ ਨਾ ਕਰੋ
ਬਾਈਬਲ ਦਾ ਅਸੂਲ: “ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ।”—ਮੱਤੀ 6:25.
ਇਸ ਦਾ ਕੀ ਮਤਲਬ ਹੈ? ਇਹ ਸ਼ਬਦ ਯਿਸੂ ਨੇ ਪਹਾੜ ’ਤੇ ਉਪਦੇਸ਼ ਦਿੰਦੇ ਸਮੇਂ ਕਹੇ ਸਨ। ਇਕ ਬਾਈਬਲ ਡਿਕਸ਼ਨਰੀ ਮੁਤਾਬਕ ਜਿਸ ਯੂਨਾਨੀ ਕਿਰਿਆ ਦਾ ਅਨੁਵਾਦ “ਚਿੰਤਾ ਕਰਨੀ” ਕੀਤਾ ਗਿਆ ਹੈ, ਉਸ ਦਾ ਮਤਲਬ ਹੋ ਸਕਦਾ ਹੈ “ਇਕ ਇਨਸਾਨ ਦੀ ਕੁਦਰਤੀ ਪ੍ਰਕ੍ਰਿਆ ਜੋ ਉਹ ਗ਼ਰੀਬੀ, ਭੁੱਖ ਅਤੇ ਰੋਜ਼ਮੱਰਾ ਦੀ ਜ਼ਿੰਦਗੀ ਦੀਆਂ ਹੋਰ ਮੁਸ਼ਕਲਾਂ ਕਰਕੇ ਦਿਖਾਉਂਦਾ ਹੈ।” ਅਸੀਂ ਅਕਸਰ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਦੀ ਚਿੰਤਾ ਕਰਦੇ ਹਾਂ। ਆਪਣੀਆਂ ਲੋੜਾਂ ਅਤੇ ਆਪਣੇ ਪਿਆਰਿਆਂ ਦੀ ਭਲਾਈ ਬਾਰੇ ਚਿੰਤਾ ਕਰਨੀ ਸਹੀ ਤੇ ਆਮ ਗੱਲ ਹੈ। (ਫ਼ਿਲਿੱਪੀਆਂ 2:20) ਪਰ ਜਦੋਂ ਯਿਸੂ ਨੇ ਕਿਹਾ ਸੀ ਕਿ “ਕਦੇ ਚਿੰਤਾ ਨਾ ਕਰੋ” ਉਦੋਂ ਉਹ ਆਪਣੇ ਚੇਲਿਆਂ ਨੂੰ ਸਲਾਹ ਦੇ ਰਿਹਾ ਸੀ ਕਿ ਉਹ ਬੇਕਾਰ ਦੀ ਚਿੰਤਾ ਨਾ ਕਰਨ। ਇਸ ਤਰ੍ਹਾਂ ਦੀ ਚਿੰਤਾ ਕਰਨ ਦਾ ਮਤਲਬ ਹੈ ਆਉਣ ਵਾਲੇ ਕੱਲ੍ਹ ਦਾ ਬਹੁਤ ਜ਼ਿਆਦਾ ਡਰ, ਜੋ ਅੱਜ ਦੀ ਖ਼ੁਸ਼ੀ ਖੋਹ ਸਕਦਾ ਹੈ।—ਮੱਤੀ 6:31, 34.
ਕੀ ਅੱਜ ਇਸ ਦਾ ਕੋਈ ਫ਼ਾਇਦਾ ਹੈ? ਯਿਸੂ ਦੀ ਸਲਾਹ ਮੰਨਣੀ ਸਾਡੇ ਲਈ ਅਕਲਮੰਦੀ ਦੀ ਗੱਲ ਹੈ। ਕਿਉਂ? ਕੁਝ ਕਿਤਾਬਾਂ ਦੱਸਦੀਆਂ ਹਨ ਕਿ ਜਦੋਂ ਲੋਕ ਬਹੁਤ ਜ਼ਿਆਦਾ ਚਿੰਤਾ ਕਰਦੇ ਹਨ, ਤਾਂ ਉਨ੍ਹਾਂ ਦੇ ਦਿਮਾਗ਼ ਦੀਆਂ ਨਾੜਾਂ ਹਮੇਸ਼ਾ ਸਰਗਰਮ ਰਹਿੰਦੀਆਂ ਹਨ ਜਿਸ ਕਰਕੇ “ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਵੇਂ ਕਿ ਅਲਸਰ, ਦਿਲ ਦੇ ਰੋਗ ਅਤੇ ਦਮਾ।”
ਯਿਸੂ ਨੇ ਬੇਕਾਰ ਦੀ ਚਿੰਤਾ ਨਾ ਕਰਨ ਦਾ ਇਹ ਕਾਰਨ ਦੱਸਿਆ: ਇਸ ਦਾ ਕੋਈ ਫ਼ਾਇਦਾ ਨਹੀਂ। ਯਿਸੂ ਨੇ ਪੁੱਛਿਆ: “ਤੁਹਾਡੇ ਵਿੱਚੋਂ ਕੌਣ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਦਾ ਹੈ?” (ਮੱਤੀ 6:27) ਚਿੰਤਾ ਕਰਦੇ ਰਹਿਣ ਨਾਲ ਸਾਡੀ ਜ਼ਿੰਦਗੀ ਵਿਚ ਇਕ ਸੈਕਿੰਡ ਦਾ ਵੀ ਵਾਧਾ ਨਹੀਂ ਹੋਵੇਗਾ। ਨਾਲੇ ਜਿਨ੍ਹਾਂ ਗੱਲਾਂ ਦਾ ਸਾਨੂੰ ਡਰ ਹੁੰਦਾ ਹੈ, ਉਹ ਉਸ ਤਰ੍ਹਾਂ ਨਹੀਂ ਵਾਪਰਦੀਆਂ। ਇਕ ਵਿਦਵਾਨ ਇਸ ਗੱਲ ਨੂੰ ਇਸ ਤਰ੍ਹਾਂ ਸਮਝਾਉਂਦਾ ਹੈ: “ਭਵਿੱਖ ਬਾਰੇ ਚਿੰਤਾ ਕਰਨੀ ਫ਼ਜ਼ੂਲ ਹੈ ਤੇ ਅੱਗੇ ਚੱਲ ਕੇ ਹਕੀਕਤ ਵਿਚ ਜੋ ਹੁੰਦਾ ਹੈ, ਉਹ ਉੱਨਾ ਮਾੜਾ ਨਹੀਂ ਹੁੰਦਾ ਜਿੰਨਾ ਸਾਨੂੰ ਡਰ ਹੁੰਦਾ ਹੈ।”
ਅਸੀਂ ਚਿੰਤਾ ਕਰਨ ਤੋਂ ਕਿਵੇਂ ਬਚ ਸਕਦੇ ਹਾਂ? ਪਹਿਲੀ ਗੱਲ, ਰੱਬ ’ਤੇ ਭਰੋਸਾ ਰੱਖੋ। ਜੇ ਰੱਬ ਪੰਛੀਆਂ ਨੂੰ ਖਾਣਾ ਅਤੇ ਫੁੱਲਾਂ ਨੂੰ ਸੁੰਦਰਤਾ ਬਖ਼ਸ਼ਦਾ ਹੈ, ਤਾਂ ਕੀ ਉਹ ਜ਼ਿੰਦਗੀ ਵਿਚ ਉਸ ਦੀ ਭਗਤੀ ਨੂੰ ਪਹਿਲ ਦੇਣ ਵਾਲਿਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰੇਗਾ? (ਮੱਤੀ 6:25, 26, 28-30) ਦੂਜੀ ਗੱਲ, ਅੱਜ ਬਾਰੇ ਸੋਚੋ। ਯਿਸੂ ਨੇ ਕਿਹਾ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ।” ਕੀ ਤੁਸੀਂ ਸਹਿਮਤ ਨਹੀਂ ਹੋ ਕਿ “ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ”?—ਮੱਤੀ 6:34.
ਯਿਸੂ ਦੀ ਚੰਗੀ ਸਲਾਹ ਮੰਨ ਕੇ ਅਸੀਂ ਆਪਣਾ ਨੁਕਸਾਨ ਕਰਨ ਤੋਂ ਬਚ ਸਕਦੇ ਹਾਂ। ਇਸ ਤੋਂ ਵੀ ਚੰਗੀ ਗੱਲ ਇਹ ਹੈ ਕਿ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ ਜਿਸ ਨੂੰ ਬਾਈਬਲ “ਪਰਮੇਸ਼ੁਰ ਦੀ ਸ਼ਾਂਤੀ” ਕਹਿੰਦੀ ਹੈ।—ਫ਼ਿਲਿੱਪੀਆਂ 4:6, 7. ▪ (w16-E No. 1)