Skip to content

Skip to table of contents

ਭਵਿੱਖ ਬਾਰੇ ਪਹਿਲਾਂ ਹੀ ਦੱਸਣਾ

ਭਵਿੱਖ ਬਾਰੇ ਪਹਿਲਾਂ ਹੀ ਦੱਸਣਾ

ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਭਵਿੱਖ ਕਿਹੋ ਜਿਹਾ ਹੋਵੇਗਾ? ਕੀ ਇਹ ਖ਼ੁਸ਼ੀਆਂ ਭਰਿਆ ਹੋਵੇਗਾ ਜਾਂ ਮੁਸ਼ਕਲਾਂ ਭਰਿਆ? ਕੀ ਤੁਹਾਡੀ ਜ਼ਿੰਦਗੀ ਵਿਚ ਪਿਆਰ ਹੋਵੇਗਾ ਜਾਂ ਇਕੱਲਾਪਣ? ਕੀ ਤੁਸੀਂ ਬਹੁਤ ਸਾਲ ਜੀਉਂਦੇ ਰਹੋਗੇ ਜਾਂ ਕੁਝ ਹੀ ਸਾਲ? ਹਜ਼ਾਰਾਂ ਸਾਲਾਂ ਤੋਂ ਲੋਕ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਦੇ ਆਏ ਹਨ।

ਅੱਜ ਦੁਨੀਆਂ ਭਰ ਵਿਚ ਹੋ ਰਹੀਆਂ ਘਟਨਾਵਾਂ ਦਾ ਅਧਿਐਨ ਕਰ ਕੇ ਮਾਹਰ ਭਵਿੱਖ ਬਾਰੇ ਅੰਦਾਜ਼ੇ ਲਾਉਂਦੇ ਹਨ। ਭਵਿੱਖ ਬਾਰੇ ਦੱਸੀਆਂ ਉਨ੍ਹਾਂ ਦੀਆਂ ਕਈ ਗੱਲਾਂ ਸੱਚ ਸਾਬਤ ਹੋਈਆਂ ਹਨ ਜਦ ਕਿ ਕਈ ਬਿਲਕੁਲ ਝੂਠ ਸਾਬਤ ਹੋਈਆਂ ਹਨ। ਮਿਸਾਲ ਲਈ, 1912 ਵਿਚ ਬਿਨਾਂ ਤਾਰਾਂ ਵਾਲੇ ਟੈਲੀਗ੍ਰਾਫ਼ ਦੀ ਕਾਢ ਕੱਢਣ ਵਾਲੇ ਗੁਲਯੇਲਮੋ ਮਾਰਕੋਨੀ ਨੇ ਭਵਿੱਖਬਾਣੀ ਕੀਤੀ ਸੀ: “ਬਿਨਾਂ ਤਾਰਾਂ ਵਾਲੀ ਤਕਨਾਲੋਜੀ ਕਰਕੇ ਯੁੱਧ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ।” ਡੈਕਾ ਰਿਕਾਰਡ ਕੰਪਨੀ ਦੇ ਇਕ ਏਜੰਟ ਨੇ 1962 ਵਿਚ ਬੀਟਲਸ ਨਾਂ ਦੇ ਇਕ ਗਰੁੱਪ ਨੂੰ ਨਕਾਰ ਦਿੱਤਾ ਕਿਉਂਕਿ ਉਸ ਨੂੰ ਯਕੀਨ ਸੀ ਕਿ ਗਿਟਾਰ ਵਜਾਉਣ ਵਾਲੇ ਗਰੁੱਪ ਮਸ਼ਹੂਰ ਨਹੀਂ ਹੋਣਗੇ। ਪਰ ਇਹ ਗਰੁੱਪ ਬਹੁਤ ਮਸ਼ਹੂਰ ਹੋਇਆ।

ਬਹੁਤ ਜਣੇ ਭਵਿੱਖ ਬਾਰੇ ਜਾਣਨ ਲਈ ਅਲੌਕਿਕ ਸ਼ਕਤੀਆਂ ਦਾ ਸਹਾਰਾ ਲੈਂਦੇ ਹਨ। ਕੁਝ ਜੋਤਸ਼ੀਆਂ ਤੋਂ ਸਲਾਹਾਂ ਲੈਂਦੇ ਹਨ। ਬਹੁਤ ਸਾਰੇ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਰਾਸ਼ੀ-ਫਲ ਛਪਦੇ ਰਹਿੰਦੇ ਹਨ। ਕੁਝ ਜਣੇ ਉਨ੍ਹਾਂ ਲੋਕਾਂ ਕੋਲ ਜਾਂਦੇ ਹਨ ਜੋ ਟੈਰੋ ਕਾਰਡ, ਨੰਬਰਾਂ ਦੇ ਹਿਸਾਬ ਨਾਲ ਜਾਂ ਹੱਥਾਂ ਦੀਆਂ ਲਕੀਰਾਂ “ਪੜ੍ਹ” ਕੇ ਭਵਿੱਖ ਦੱਸਣ ਦਾ ਦਾਅਵਾ ਕਰਦੇ ਹਨ।

ਭਵਿੱਖ ਬਾਰੇ ਜਾਣਨ ਲਈ ਪੁਰਾਣੇ ਜ਼ਮਾਨੇ ਦੇ ਕੁਝ ਲੋਕ ਉਨ੍ਹਾਂ ਆਦਮੀਆਂ-ਔਰਤਾਂ ਕੋਲ ਜਾਂਦੇ ਸਨ ਜੋ ਪੁੱਛਾਂ ਦਿੰਦੇ ਸਨ। ਮਿਸਾਲ ਲਈ, ਕਿਹਾ ਜਾਂਦਾ ਹੈ ਕਿ ਲਿਡੀਆ ਦੇ ਰਾਜਾ ਕ੍ਰੀਸਸ ਨੇ ਡੈਲਫੀ, ਯੂਨਾਨ ਦੇ ਪੁੱਛਾਂ ਦੇਣ ਵਾਲੇ ਨੂੰ ਮਹਿੰਗੇ ਤੋਹਫ਼ੇ ਭੇਜ ਕੇ ਬੇਨਤੀ ਕੀਤੀ ਕਿ ਉਹ ਪਤਾ ਲਗਾਵੇ ਕਿ ਜੇ ਉਹ ਫ਼ਾਰਸ ਦੇ ਰਾਜਾ ਖੋਰੁਸ ਨਾਲ ਲੜੇ, ਤਾਂ ਇਸ ਦਾ ਕੀ ਨਤੀਜਾ ਨਿਕਲੇਗਾ। ਪੁੱਛਾਂ ਦੇਣ ਵਾਲੇ ਨੇ ਕਿਹਾ ਕਿ ਜੇ ਕ੍ਰੀਸਸ ਖੋਰੁਸ ਵਿਰੁੱਧ ਲੜੇਗਾ, ਤਾਂ ਇਕ “ਮਹਾਨ ਸਾਮਰਾਜ” ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ। ਜਿੱਤ ਦਾ ਭਰੋਸਾ ਹੋਣ ਕਰਕੇ ਕ੍ਰੀਸਸ ਲੜਨ ਲਈ ਨਿਕਲ ਤੁਰਿਆ, ਪਰ ਜਿਸ ਮਹਾਨ ਸਾਮਰਾਜ ਦਾ ਅੰਤ ਹੋਇਆ, ਉਹ ਕ੍ਰੀਸਸ ਦਾ ਆਪਣਾ ਸਾਮਰਾਜ ਸੀ।

ਪੁੱਛਾਂ ਦੇਣ ਵਾਲੇ ਵੱਲੋਂ ਅਸਪੱਸ਼ਟ ਭਵਿੱਖਬਾਣੀ ਬੇਕਾਰ ਸਾਬਤ ਹੋਈ। ਚਾਹੇ ਕੋਈ ਵੀ ਜਿੱਤਦਾ, ਉਸ ਦੀ ਭਵਿੱਖਬਾਣੀ ਸੱਚ ਹੀ ਨਿਕਲਣੀ ਸੀ। ਗ਼ਲਤ ਜਾਣਕਾਰੀ ਮਿਲਣ ਕਰਕੇ ਕ੍ਰੀਸਸ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਈ। ਕੀ ਅੱਜ ਮਸ਼ਹੂਰ ਤਰੀਕਿਆਂ ਨਾਲ ਭਵਿੱਖ ਜਾਣਨ ਵਾਲੇ ਲੋਕਾਂ ਨੂੰ ਕੋਈ ਫ਼ਾਇਦਾ ਹੋਇਆ ਹੈ?