ਜਦੋਂ ਜੀਵਨ ਸਾਥੀ ਬੇਵਫ਼ਾ ਹੋ ਜਾਵੇ
ਜੀਵਨ ਸਾਥੀ ਵੱਲੋਂ ਧੋਖਾ ਮਿਲਣ ʼਤੇ ਇਕ ਇਨਸਾਨ ਦੀ ਜ਼ਿੰਦਗੀ ਉਜੜ ਜਾਂਦੀ ਹੈ। ਇਹ ਸੱਚ ਹੈ ਕਿ ਕੁਝ ਲੋਕ ਆਪਣੇ ਜੀਵਨ ਸਾਥੀ ਦੇ ਪਛਤਾਵਾ ਕਰਨ ʼਤੇ ਉਸ ਨੂੰ ਮਾਫ਼ ਕਰ ਦਿੰਦੇ ਹਨ ਅਤੇ ਫਿਰ ਤੋਂ ਆਪਣੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਕਰਨ ਲਈ ਕਦਮ ਚੁੱਕਦੇ ਹਨ। * ਭਾਵੇਂ ਵਿਆਹੁਤਾ ਰਿਸ਼ਤਾ ਬਚ ਵੀ ਜਾਵੇ, ਪਰ ਜਿਨ੍ਹਾਂ ਨਾਲ ਧੋਖਾ ਹੋਇਆ ਹੁੰਦਾ ਹੈ, ਉਹ ਮਾਨਸਿਕ ਪੀੜਾ ਤੋਂ ਨਹੀਂ ਬਚ ਸਕਦੇ। ਅਜਿਹੇ ਲੋਕ ਆਪਣੇ ਦਰਦ ਨਾਲ ਕਿਵੇਂ ਨਜਿੱਠ ਸਕਦੇ ਹਨ?
ਬਾਈਬਲ ਸਾਡੀ ਮਦਦ ਕਰਦੀ ਹੈ
ਦੁੱਖਾਂ ਦਾ ਇੰਨਾ ਵੱਡਾ ਪਹਾੜ ਟੁੱਟਣ ਦੇ ਬਾਵਜੂਦ ਬਹੁਤ ਸਾਰੇ ਵਫ਼ਾਦਾਰ ਜੀਵਨ ਸਾਥੀਆਂ ਨੂੰ ਬਾਈਬਲ ਤੋਂ ਦਿਲਾਸਾ ਮਿਲਿਆ ਹੈ। ਉਨ੍ਹਾਂ ਨੇ ਜਾਣਿਆ ਹੈ ਕਿ ਰੱਬ ਉਨ੍ਹਾਂ ਦੇ ਹੰਝੂ ਦੇਖਦਾ ਹੈ ਅਤੇ ਉਨ੍ਹਾਂ ਨੂੰ ਦੁਖੀ ਦੇਖ ਕੇ ਆਪ ਵੀ ਦੁਖੀ ਹੁੰਦਾ ਹੈ।—ਮਲਾਕੀ 2:13-16.
ਜਦੋਂ “ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।”—ਜ਼ਬੂਰਾਂ ਦੀ ਪੋਥੀ 94:19.
ਬਿਲ ਕਹਿੰਦਾ ਹੈ, “ਜਦੋਂ ਮੈਂ ਇਹ ਆਇਤ ਪੜ੍ਹੀ, ਤਾਂ ਮੈਨੂੰ ਇੱਦਾਂ ਲੱਗਾ ਕਿ ਇਕ ਪਿਆਰ ਕਰਨ ਵਾਲੇ ਪਿਤਾ ਵਾਂਗ ਯਹੋਵਾਹ ਮੇਰੇ ਜ਼ਖ਼ਮਾਂ ʼਤੇ ਪੱਟੀ ਬੰਨ੍ਹ ਰਿਹਾ ਹੋਵੇ।”
“ਵਫ਼ਾਦਾਰ ਵਿਅਕਤੀ ਨਾਲ ਤੂੰ ਵਫ਼ਾਦਾਰੀ ਨਿਭਾਉਂਦਾ ਹੈਂ।”—ਜ਼ਬੂਰਾਂ ਦੀ ਪੋਥੀ 18:25, NW.
ਕਾਰਮਨ ਦਾ ਪਤੀ ਕਈ ਮਹੀਨਿਆਂ ਤਕ ਉਸ ਨਾਲ ਦਗ਼ਾ ਕਰਦਾ ਰਿਹਾ। ਉਹ ਕਹਿੰਦੀ ਹੈ: “ਮੇਰਾ ਪਤੀ ਵਫ਼ਾਦਾਰ ਨਹੀਂ ਰਿਹਾ। ਪਰ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਯਹੋਵਾਹ ਮੇਰੇ ਪ੍ਰਤੀ ਵਫ਼ਾਦਾਰ ਰਹੇਗਾ। ਉਹ ਕਦੇ ਵੀ ਮੈਨੂੰ ਨਹੀਂ ਛੱਡੇਗਾ।”
‘ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ ਤੇ ਬੇਨਤੀ ਕਰੋ; ਅਤੇ ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਤੁਹਾਡੇ ਦਿਲਾਂ ਦੀ ਰਾਖੀ ਕਰੇਗੀ।’—ਫ਼ਿਲਿੱਪੀਆਂ 4:6, 7.
ਸਾਸ਼ਾ ਕਹਿੰਦੀ ਹੈ: “ਮੈਂ ਇਹ ਆਇਤਾਂ ਵਾਰ-ਵਾਰ ਪੜ੍ਹੀਆਂ। ਜਿੱਦਾਂ-ਜਿੱਦਾਂ ਮੈਂ ਰੱਬ ਨੂੰ ਪ੍ਰਾਰਥਨਾ ਕਰਦੀ ਗਈ, ਉਸ ਨੇ ਮੈਨੂੰ ਸ਼ਾਂਤੀ ਬਖ਼ਸ਼ੀ।”
ਇਸ ਲੇਖ ਵਿਚ ਜਿਨ੍ਹਾਂ ਲੋਕਾਂ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਸਾਰਿਆਂ ਨੂੰ ਇਕ ਸਮੇਂ ਤੇ ਆ ਕੇ ਲੱਗਾ ਕਿ ਉਹ ਹੁਣ ਹੋਰ ਨਹੀਂ ਸਹਿ ਪਾਉਣਗੇ। ਪਰ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ʼਤੇ ਭਰੋਸਾ ਰੱਖਿਆ ਤੇ ਉਨ੍ਹਾਂ ਨੂੰ ਉਸ ਦੇ ਬਚਨ ਤੋਂ ਦਿਲਾਸਾ ਮਿਲਿਆ। ਬਿਲ ਕਹਿੰਦਾ ਹੈ: “ਮੈਨੂੰ ਲੱਗਦਾ ਸੀ ਕਿ ਸਭ ਕੁਝ ਬਰਬਾਦ ਹੋ ਗਿਆ ਹੈ, ਪਰ ਨਿਹਚਾ ਹੋਣ ਕਰਕੇ ਮੇਰੀ ਜ਼ਿੰਦਗੀ ਨੂੰ ਇਕ ਮਕਸਦ ਮਿਲਿਆ। ਭਾਵੇਂ ਮੈਨੂੰ ਹਨੇਰੀ ਵਾਦੀ ਵਿੱਚੋਂ ਕੁਝ ਸਮੇਂ ਲਈ ਲੰਘਣਾ ਪਿਆ, ਪਰ ਉਸ ਵੇਲੇ ਵੀ ਪਰਮੇਸ਼ੁਰ ਮੇਰੇ ਨਾਲ ਸੀ।”—ਜ਼ਬੂਰਾਂ ਦੀ ਪੋਥੀ 23:4.
^ ਆਪਣੇ ਜੀਵਨ ਸਾਥੀ ਨੂੰ ਮਾਫ਼ ਕੀਤਾ ਜਾਵੇ ਜਾਂ ਨਾ, ਇਸ ਬਾਰੇ ਜਾਣਨ ਲਈ 22 ਅਪ੍ਰੈਲ 1999 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਜਦੋਂ ਜੀਵਨ ਸਾਥੀ ਬੇਵਫ਼ਾ ਹੋ ਜਾਵੇ” ਨਾਂ ਦੇ ਲੜੀਵਾਰ ਲੇਖ ਦੇਖੋ।