ਪਰਮੇਸ਼ੁਰ ਦਾ ਰਾਜ ਕੀ ਕੁਝ ਕਰੇਗਾ?
ਯਿਸੂ ਨੇ ਆਪਣੇ ਚੇਲਿਆਂ ਨੂੰ ਰਾਜ ਬਾਰੇ ਪ੍ਰਾਰਥਨਾ ਕਰਨੀ ਸਿਖਾਈ। ਯਿਸੂ ਜਾਣਦਾ ਸੀ ਕਿ ਰੱਬ ਨਹੀਂ ਸੀ ਚਾਹੁੰਦਾ ਕਿ ਦੁਨੀਆਂ ਦੇ ਹਾਲਾਤ ਵਿਗੜਨ ਅਤੇ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਹਾਲਾਤਾਂ ਨੂੰ ਸੁਧਾਰ ਸਕਦਾ ਹੈ। ਪਰਮੇਸ਼ੁਰ ਦਾ ਰਾਜ ਕੀ ਕੁਝ ਕਰੇਗਾ?
ਪਰਮੇਸ਼ੁਰ ਦੇ ਰਾਜ ਨੇ ਹੁਣ ਤਕ ਕੀ ਕੀਤਾ ਹੈ?
ਪਿਛਲੇ ਲੇਖ ਵਿਚ ਅਸੀਂ ਯਿਸੂ ਦੁਆਰਾ ਦੱਸੀਆਂ ਕੁਝ ਨਿਸ਼ਾਨੀਆਂ ʼਤੇ ਗੌਰ ਕੀਤਾ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸਥਾਪਿਤ ਹੋ ਚੁੱਕਾ ਹੈ ਅਤੇ ਇਸ ਦਾ ਰਾਜਾ ਯਿਸੂ ਮਸੀਹ ਹੈ।
ਬਾਈਬਲ ਦੱਸਦੀ ਹੈ ਕਿ ਜਦੋਂ ਯਿਸੂ ਰਾਜਾ ਬਣਿਆ, ਤਾਂ ਉਸ ਨੇ ਸ਼ੈਤਾਨ ਤੇ ਉਸ ਦੇ ਦੂਤਾਂ ਨੂੰ ਸਵਰਗੋਂ ਬਾਹਰ ਕੱਢਿਆ। ਧਰਤੀ ਤੋਂ ਸਿਵਾਇ ਉਹ ਹੋਰ ਕਿਤੇ ਨਹੀਂ ਜਾ ਸਕਦੇ ਜਿਸ ਕਰਕੇ 1914 ਤੋਂ ਲਗਾਤਾਰ ਧਰਤੀ ਦੇ ਹਾਲਾਤ ਵਿਗੜਦੇ ਜਾ ਰਹੇ ਹਨ।—ਪ੍ਰਕਾਸ਼ ਦੀ ਕਿਤਾਬ 12:7, 9.
ਦੁਨੀਆਂ ਦੇ ਭੈੜੇ ਹਾਲਾਤਾਂ ਦੇ ਬਾਵਜੂਦ ਯਿਸੂ ਨੇ ਰਾਜੇ ਵਜੋਂ ਦੁਨੀਆਂ ਦੇ ਲੋਕਾਂ ਦੀ ਮਦਦ ਕਰਨ ਲਈ ਬਹੁਤ ਕੁਝ ਕੀਤਾ ਹੈ। ਦੁਨੀਆਂ ਭਰ ਵਿਚ ਲੋਕਾਂ ਨੂੰ ਬਾਈਬਲ ਦਾ ਗਿਆਨ ਦਿੱਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਸਿੱਖ ਰਹੇ ਹਨ। (ਯਸਾਯਾਹ 2:2-4) ਲੱਖਾਂ ਹੀ ਲੋਕਾਂ ਨੇ ਕੰਮ-ਧੰਦੇ, ਪਰਿਵਾਰ, ਚੀਜ਼ਾਂ ਅਤੇ ਧਨ-ਦੌਲਤ ਬਾਰੇ ਸਹੀ ਨਜ਼ਰੀਆ ਰੱਖਣਾ ਸਿੱਖਿਆ ਹੈ। ਇਸ ਸਿੱਖਿਆ ਦਾ ਉਨ੍ਹਾਂ ਨੂੰ ਅੱਜ ਤਾਂ ਫ਼ਾਇਦਾ ਹੁੰਦਾ ਹੀ ਹੈ, ਨਾਲ ਦੀ ਨਾਲ ਉਹ ਪਰਮੇਸ਼ੁਰ ਦੇ ਰਾਜ ਦੇ ਅਧੀਨ ਰਹਿਣ ਲਈ ਵੀ ਤਿਆਰ ਹੁੰਦੇ ਹਨ।
ਪਰਮੇਸ਼ੁਰ ਦਾ ਰਾਜ ਅੱਗੇ ਕੀ ਕਰੇਗਾ?
ਚਾਹੇ ਯਿਸੂ ਸਵਰਗ ਵਿਚ ਰਾਜਾ ਬਣ ਗਿਆ ਹੈ, ਪਰ ਇਨਸਾਨੀ ਸਰਕਾਰਾਂ ਅਜੇ ਵੀ ਧਰਤੀ ʼਤੇ ਰਾਜ ਕਰ ਰਹੀਆਂ ਹਨ। ਪਰਮੇਸ਼ੁਰ ਨੇ ਯਿਸੂ ਨੂੰ ਕਿਹਾ: “ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।” (ਜ਼ਬੂਰਾਂ ਦੀ ਪੋਥੀ 110:2) ਜਲਦੀ ਹੀ ਯਿਸੂ ਆਪਣੇ ਦੁਸ਼ਮਣਾਂ ਦਾ ਪੂਰੀ ਤਰ੍ਹਾਂ ਨਾਸ਼ ਕਰ ਦੇਵੇਗਾ। ਫਿਰ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜਿਹੜੇ ਰੱਬ ਦੇ ਅਧੀਨ ਰਹਿਣਾ ਚਾਹੁੰਦੇ ਹਨ।
ਇਸ ਸਮੇਂ ਦੌਰਾਨ ਪਰਮੇਸ਼ੁਰ ਦਾ ਰਾਜ ਇਹ ਸਭ ਕੁਝ ਕਰੇਗਾ:
-
ਝੂਠੇ ਧਰਮਾਂ ਦਾ ਨਾਸ਼। ਜਿਨ੍ਹਾਂ ਧਰਮਾਂ ਨੇ ਰੱਬ ਬਾਰੇ ਝੂਠ ਸਿਖਾਇਆ ਹੈ ਅਤੇ ਲੋਕਾਂ ਨੂੰ ਦੱਬਿਆ-ਕੁਚਲ਼ਿਆ ਹੈ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਬਾਈਬਲ ਵਿਚ ਝੂਠੇ ਧਰਮਾਂ ਦੀ ਤੁਲਨਾ ਵੇਸਵਾ ਨਾਲ ਕੀਤੀ ਗਈ ਹੈ। ਇਸ ਦੇ ਨਾਸ਼ ਨਾਲ ਬਹੁਤ ਸਾਰੇ ਦੰਗ ਰਹਿ ਜਾਣਗੇ।—ਪ੍ਰਕਾਸ਼ ਦੀ ਕਿਤਾਬ 17:15, 16.
-
ਇਨਸਾਨੀ ਸਰਕਾਰਾਂ ਦਾ ਖ਼ਾਤਮਾ। ਪਰਮੇਸ਼ੁਰ ਦਾ ਰਾਜ ਸਾਰੀਆਂ ਇਨਸਾਨੀ ਸਰਕਾਰਾਂ ਦਾ ਨਾਸ਼ ਕਰੇਗਾ।—ਪ੍ਰਕਾਸ਼ ਦੀ ਕਿਤਾਬ 19:15, 17, 18.
-
ਦੁਸ਼ਟ ਲੋਕਾਂ ਦਾ ਨਾਸ਼। ਉਨ੍ਹਾਂ ਲੋਕਾਂ ਦਾ ਕੀ ਹੋਵੇਗਾ ਜੋ ਬੁਰੇ ਕੰਮ ਕਰਨ ਤੋਂ ਨਹੀਂ ਹਟਦੇ ਅਤੇ ਪਰਮੇਸ਼ੁਰ ਦੇ ਰਾਜ ਦੇ ਅਧੀਨ ਨਹੀਂ ਹੋਣਾ ਚਾਹੁੰਦੇ? ਬਾਈਬਲ ਕਹਿੰਦੀ ਹੈ: “ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ।”—ਕਹਾਉਤਾਂ 2:22.
-
ਸ਼ੈਤਾਨ ਅਤੇ ਦੁਸ਼ਟ ਦੂਤਾਂ ਉੱਤੇ ਰੋਕ। ਸ਼ੈਤਾਨ ਅਤੇ ਦੁਸ਼ਟ ਦੂਤ “ਕੌਮਾਂ ਨੂੰ ਗੁਮਰਾਹ” ਨਹੀਂ ਕਰ ਸਕਣਗੇ।—ਪ੍ਰਕਾਸ਼ ਦੀ ਕਿਤਾਬ 20:3, 10.
ਪਰਮੇਸ਼ੁਰ ਦੇ ਰਾਜ ਵਿਚ ਲੋਕਾਂ ਨੂੰ ਕੀ ਫ਼ਾਇਦਾ ਹੋਵੇਗਾ?
ਪਰਮੇਸ਼ੁਰ ਦਾ ਰਾਜ ਇਨਸਾਨਾਂ ਲਈ ਕੀ ਕਰੇਗਾ?
ਯਿਸੂ ਸਵਰਗ ਵਿਚ ਰਾਜੇ ਵਜੋਂ ਉਹ ਸਭ ਕੁਝ ਕਰੇਗਾ ਜੋ ਇਨਸਾਨੀ ਰਾਜੇ ਕਦੇ ਨਹੀਂ ਕਰ ਸਕੇ। ਉਸ ਦੇ ਨਾਲ 1,44,000 ਜਣੇ ਰਾਜ ਕਰਨਗੇ ਜਿਨ੍ਹਾਂ ਨੂੰ ਇਨਸਾਨਾਂ ਵਿੱਚੋਂ ਚੁਣਿਆ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 5:9, 10; 14:1, 3) ਯਿਸੂ ਇਸ ਗੱਲ ਦਾ ਪੂਰਾ ਧਿਆਨ ਰੱਖੇਗਾ ਕਿ ਪਰਮੇਸ਼ੁਰ ਦੀ ਇੱਛਾ ਧਰਤੀ ʼਤੇ ਪੂਰੀ ਹੋਵੇ। ਪਰਮੇਸ਼ੁਰ ਦਾ ਰਾਜ ਇਨਸਾਨਾਂ ਲਈ ਕੀ-ਕੀ ਕਰੇਗਾ?
-
ਬੀਮਾਰੀ ਅਤੇ ਮੌਤ ਦਾ ਖ਼ਾਤਮਾ। “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ” ਅਤੇ “ਕੋਈ ਨਹੀਂ ਮਰੇਗਾ।”—ਯਸਾਯਾਹ 33:24; ਪ੍ਰਕਾਸ਼ ਦੀ ਕਿਤਾਬ 21:4.
-
ਸ਼ਾਂਤੀ ਅਤੇ ਸੁਰੱਖਿਆ ਹੋਵੇਗੀ। “ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ।” ਅਤੇ “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਯਸਾਯਾਹ 54:13; ਮੀਕਾਹ 4:4.
-
ਮਕਸਦ ਭਰਿਆ ਕੰਮ ਦਿੱਤਾ ਜਾਵੇਗਾ। “ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। ਓਹ ਵਿਅਰਥ ਮਿਹਨਤ ਨਾ ਕਰਨਗੇ।”—ਯਸਾਯਾਹ 65:22, 23.
-
ਆਲਾ-ਦੁਆਲਾ ਸੋਹਣਾ ਬਣਾਇਆ ਜਾਵੇਗਾ। “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ।”—ਯਸਾਯਾਹ 35:1.
-
ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਿੱਖਿਆ ਦਿੱਤੀ ਜਾਵੇਗੀ। “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।”—ਯੂਹੰਨਾ 17:3.
ਰੱਬ ਚਾਹੁੰਦਾ ਹੈ ਕਿ ਤੁਸੀਂ ਵੀ ਇਹ ਬਰਕਤਾਂ ਪਾਓ। (ਯਸਾਯਾਹ 48:18) ਅਗਲੇ ਲੇਖ ਵਿਚ ਇਹ ਦੱਸਿਆ ਜਾਵੇਗਾ ਕਿ ਤੁਸੀਂ ਵਧੀਆ ਜ਼ਿੰਦਗੀ ਪਾਉਣ ਲਈ ਹੁਣ ਤੋਂ ਕੀ ਕਰ ਸਕਦੇ ਹੋ।