Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਯਿਸੂ ਦਾ ਕੋੜ੍ਹੀਆਂ ਨਾਲ ਪੇਸ਼ ਆਉਣ ਦਾ ਤਰੀਕਾ ਅਨੋਖਾ ਕਿਉਂ ਸੀ?

ਬਾਈਬਲ ਦੇ ਜ਼ਮਾਨੇ ਵਿਚ ਆਮ ਪਾਈ ਜਾਂਦੀ ਕੋੜ੍ਹ ਦੀ ਬੀਮਾਰੀ ਤੋਂ ਪੁਰਾਣੇ ਸਮੇਂ ਦੇ ਯਹੂਦੀ ਬਹੁਤ ਡਰਦੇ ਸਨ। ਇਹ ਖ਼ਤਰਨਾਕ ਬੀਮਾਰੀ ਵਿਅਕਤੀ ਦੀਆਂ ਨਸਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਾ ਸਕਦੀ ਹੈ ਜਿਸ ਕਰਕੇ ਵਿਅਕਤੀ ਕਰੂਪ ਹੋ ਜਾਂਦਾ ਹੈ। ਉਸ ਸਮੇਂ ਕੋੜ੍ਹ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ ਸੀ। ਇਸ ਤੋਂ ਇਲਾਵਾ, ਕੋੜ੍ਹ ਦੀ ਬੀਮਾਰੀ ਤੋਂ ਪੀੜਿਤ ਵਿਅਕਤੀਆਂ ਨੂੰ ਬਾਕੀ ਸਾਰੇ ਲੋਕਾਂ ਤੋਂ ਵੱਖਰਾ ਰੱਖਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਆਪਣੀ ਹਾਲਤ ਬਾਰੇ ਉੱਚੀ-ਉੱਚੀ ਬੋਲ ਕੇ ਦੂਸਰਿਆਂ ਨੂੰ ਖ਼ਬਰਦਾਰ ਕਰਨਾ ਪੈਂਦਾ ਸੀ।​—ਲੇਵੀਆਂ 13:45, 46.

ਮੂਸਾ ਦੇ ਕਾਨੂੰਨ ਵਿਚ ਦਿੱਤੇ ਨਿਯਮਾਂ ਤੋਂ ਇਲਾਵਾ ਯਹੂਦੀ ਆਗੂਆਂ ਨੇ ਕੋੜ੍ਹੀਆਂ ਲਈ ਆਪਣੇ ਹੀ ਕਾਨੂੰਨ ਬਣਾ ਲਏ ਸਨ, ਜਿਸ ਕਰਕੇ ਕੋੜ੍ਹੀਆਂ ਲਈ ਜੀਉਣਾ ਹੋਰ ਵੀ ਮੁਸ਼ਕਲ ਹੋ ਗਿਆ ਸੀ। ਮਿਸਾਲ ਲਈ, ਯਹੂਦੀ ਆਗੂਆਂ ਨੇ ਕਾਨੂੰਨ ਬਣਾਏ ਸਨ ਕਿ ਕੋੜ੍ਹੀ ਦੂਜਿਆਂ ਤੋਂ ਲਗਭਗ 6 ਫੁੱਟ (2 ਮੀਟਰ) ਦੂਰ ਹੀ ਰਹੇ। ਪਰ ਜੇ ਹਵਾ ਚੱਲ ਰਹੀ ਹੋਵੇ, ਤਾਂ ਕੋੜ੍ਹੀ ਨੂੰ ਲਗਭਗ 150 ਫੁੱਟ (45 ਮੀਟਰ) ਦੂਰ ਰਹਿਣਾ ਚਾਹੀਦਾ ਸੀ। ਕੁਝ ਤਾਲਮੂਦ ਸ਼ਾਸਤਰੀਆਂ ਨੇ ਮੂਸਾ ਦੇ ਕਾਨੂੰਨ ਵਿਚ ਦਿੱਤੇ ਨਿਯਮਾਂ ਦਾ ਗ਼ਲਤ ਮਤਲਬ ਦੱਸਦੇ ਹੋਏ ਕਿਹਾ ਕਿ ਕੋੜ੍ਹੀ “ਡੇਰੇ ਤੋਂ ਬਾਹਰ” ਯਾਨੀ ਸ਼ਹਿਰ ਦੀਆਂ ਕੰਧਾਂ ਤੋਂ ਬਾਹਰ ਰਹਿਣ। ਇਸ ਲਈ ਅਗਰ ਕੋਈ ਯਹੂਦੀ ਆਗੂ ਕਿਸੇ ਕੋੜ੍ਹੀ ਨੂੰ ਸ਼ਹਿਰ ਦੇ ਅੰਦਰ ਦੇਖ ਲੈਂਦਾ ਸੀ, ਤਾਂ ਉਹ ਉਸ ’ਤੇ ਪਥਰਾਉ ਕਰਦੇ ਹੋਏ ਕਹਿੰਦਾ ਸੀ: “ਆਪਣੀ ਜਗ੍ਹਾ ਜਾ ਅਤੇ ਹੋਰ ਲੋਕਾਂ ਨੂੰ ਅਸ਼ੁੱਧ ਨਾ ਕਰ।”

ਪਰ ਯਿਸੂ ਕੋੜ੍ਹੀਆਂ ਨਾਲ ਬਿਲਕੁਲ ਵੱਖਰੇ ਢੰਗ ਨਾਲ ਪੇਸ਼ ਆਇਆ! ਕੋੜ੍ਹੀਆਂ ਨੂੰ ਭਜਾਉਣ ਦੀ ਬਜਾਇ ਉਹ ਉਨ੍ਹਾਂ ਨੂੰ ਹੱਥ ਲਾਉਣ, ਇੱਥੋਂ ਤਕ ਕਿ ਠੀਕ ਕਰਨ ਲਈ ਵੀ ਤਿਆਰ ਰਹਿੰਦਾ ਸੀ।​—ਮੱਤੀ 8:3. ▪ (w16-E No. 4)

ਯਹੂਦੀ ਧਾਰਮਿਕ ਆਗੂ ਕਿਸ ਆਧਾਰ ’ਤੇ ਤਲਾਕ ਦਿੰਦੇ ਸਨ?

71/72 ਈਸਵੀ ਦਾ ਤਲਾਕ ਦਾ ਸਰਟੀਫਿਕੇਟ

ਪਹਿਲੀ ਸਦੀ ਈ. ਵਿਚ ਤਲਾਕ ਧਾਰਮਿਕ ਆਗੂਆਂ ਵਿਚ ਬਹਿਸਬਾਜ਼ੀ ਦਾ ਵਿਸ਼ਾ ਬਣ ਗਿਆ ਸੀ। ਇਸ ਲਈ ਇਕ ਮੌਕੇ ਤੇ ਫ਼ਰੀਸੀਆਂ ਨੇ ਯਿਸੂ ਤੋਂ ਇਹ ਸਵਾਲ ਪੁੱਛ ਕੇ ਚੁਣੌਤੀ ਦਿੱਤੀ: “ਕੀ ਕਿਸੇ ਆਦਮੀ ਲਈ ਆਪਣੀ ਪਤਨੀ ਨੂੰ ਕਿਸੇ ਵੀ ਗੱਲ ’ਤੇ ਤਲਾਕ ਦੇਣਾ ਠੀਕ ਹੈ?”—ਮੱਤੀ 19:3.

ਮੂਸਾ ਦੇ ਕਾਨੂੰਨ ਅਨੁਸਾਰ ਜੇ ਇਕ ਆਦਮੀ ਆਪਣੀ ਪਤਨੀ ਵਿਚ ਕੋਈ ‘ਬੇਸ਼ਰਮੀ ਦੀ ਗੱਲ’ ਦੇਖਦਾ ਸੀ, ਤਾਂ ਉਹ ਉਸ ਨੂੰ ਤਲਾਕ ਦੇ ਸਕਦਾ ਸੀ। (ਬਿਵਸਥਾ ਸਾਰ 24:1) ਯਿਸੂ ਦੇ ਸਮੇਂ ਵਿਚ ਧਾਰਮਿਕ ਖ਼ਿਆਲਾਂ ਵਾਲੇ ਦੋ ਸਕੂਲ ਸਨ ਜਿਨ੍ਹਾਂ ਨੇ ਮੂਸਾ ਦੇ ਕਾਨੂੰਨ ਦਾ ਅਲੱਗ-ਅਲੱਗ ਅਰਥ ਕੱਢਿਆ। ਸ਼ਾਮਾਈ ਸਕੂਲ ਜ਼ਿਆਦਾ ਕੱਟੜ ਖ਼ਿਆਲਾਂ ਵਾਲਾ ਸੀ। ਇਸ ਅਨੁਸਾਰ ਤਲਾਕ ਦਾ ਇੱਕੋ-ਇਕ ਆਧਾਰ ਸੀ “ਹਰਾਮਕਾਰੀ।” ਦੂਜੇ ਪਾਸੇ, ਹਿਲੇਲ ਨਾਂ ਦੇ ਸਕੂਲ ਅਨੁਸਾਰ ਇਕ ਆਦਮੀ ਸ਼ਾਦੀ-ਸ਼ੁਦਾ ਜ਼ਿੰਦਗੀ ਵਿਚ ਹੋਏ ਕਿਸੇ ਵੀ ਝਗੜੇ ਕਾਰਨ, ਇੱਥੋਂ ਤਕ ਕਿ ਛੋਟੇ-ਮੋਟੇ ਝਗੜਿਆਂ ਕਾਰਨ ਵੀ ਕਾਨੂੰਨੀ ਤੌਰ ਤੇ ਤਲਾਕ ਦੇ ਸਕਦਾ ਸੀ। ਇਸ ਸਕੂਲ ਦੇ ਅਨੁਸਾਰ ਇਕ ਆਦਮੀ ਤਲਾਕ ਲੈ ਸਕਦਾ ਸੀ ਜੇ ਉਸ ਦੀ ਪਤਨੀ ਨੇ ਰਾਤ ਦਾ ਖਾਣਾ ਖ਼ਰਾਬ ਕਰ ਦਿੱਤਾ ਹੋਵੇ ਜਾਂ ਉਸ ਨੂੰ ਆਪਣੀ ਪਤਨੀ ਨਾਲੋਂ ਜ਼ਿਆਦਾ ਸੋਹਣੀ ਕੋਈ ਹੋਰ ਔਰਤ ਮਿਲ ਜਾਵੇ।

ਤਾਂ ਫਿਰ ਯਿਸੂ ਨੇ ਫ਼ਰੀਸੀ ਦੇ ਸਵਾਲ ਦਾ ਕਿਵੇਂ ਜਵਾਬ ਦਿੱਤਾ? ਉਸ ਨੇ ਸਾਫ਼-ਸਾਫ਼ ਕਿਹਾ: “ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।”—ਮੱਤੀ 19:6, 9. ▪ (w16-E No. 4)