Skip to content

Skip to table of contents

“ਰੱਬ ਕਿੱਥੇ ਸੀ?”

“ਰੱਬ ਕਿੱਥੇ ਸੀ?”

“ਮੇਰੇ ਮਨ ਵਿਚ ਇਹ ਸਵਾਲ ਵਾਰ-ਵਾਰ ਆ ਰਿਹਾ ਸੀ: ਰੱਬ ਕਿੱਥੇ ਸੀ?”​—ਪੋਲੈਂਡ ਵਿਚ ਆਉਸ਼ਵਿਟਸ ਦਾ ਤਸ਼ੱਦਦ ਕੈਂਪ ਦੇਖਦਿਆਂ ਇਹ ਸਵਾਲ ਪੋਪ ਬੈਨੇਡਿਕਟ ਸੋਲ੍ਹਵੇਂ ਦੇ ਮਨ ਵਿਚ ਆਇਆ।

ਮੁਸ਼ਕਲਾਂ ਆਉਣ ’ਤੇ ਕੀ ਤੁਹਾਡੇ ਮਨ ਵਿਚ ਕਦੇ ਇਹ ਸਵਾਲ ਆਇਆ ਹੈ, ‘ਰੱਬ ਕਿੱਥੇ ਸੀ?’ ਜਾਂ ਜ਼ਿੰਦਗੀ ਵਿਚ ਕੋਈ ਵੱਡੀ ਘਟਨਾ ਵਾਪਰਨ ’ਤੇ ਤੁਸੀਂ ਇਹ ਸੋਚਿਆ ਹੋਵੇ ਕਿ ਰੱਬ ਨੂੰ ਤੁਹਾਡਾ ਫ਼ਿਕਰ ਹੈ ਵੀ ਜਾਂ ਨਹੀਂ?

ਸ਼ਾਇਦ ਤੁਸੀਂ ਵੀ ਅਮਰੀਕਾ ਵਿਚ ਰਹਿਣ ਵਾਲੀ ਸ਼ੀਲਾ ਵਾਂਗ ਮਹਿਸੂਸ ਕਰਦੇ ਹੋ। ਉਸ ਦੀ ਪਰਵਰਿਸ਼ ਰੱਬ ਨੂੰ ਮੰਨਣ ਵਾਲੇ ਪਰਿਵਾਰ ਵਿਚ ਹੋਈ। ਉਹ ਦੱਸਦੀ ਹੈ: “ਛੋਟੇ ਹੁੰਦਿਆਂ ਤੋਂ ਹੀ ਮੈਨੂੰ ਰੱਬ ਬਾਰੇ ਸਿੱਖਣਾ ਬਹੁਤ ਵਧੀਆ ਲੱਗਦਾ ਸੀ ਕਿਉਂਕਿ ਉਸ ਨੇ ਸਾਨੂੰ ਬਣਾਇਆ ਹੈ। ਪਰ ਮੈਂ ਕਦੇ ਵੀ ਖ਼ੁਦ ਨੂੰ ਉਸ ਦੇ ਨੇੜੇ ਮਹਿਸੂਸ ਨਹੀਂ ਕੀਤਾ। ਮੈਂ ਸੋਚਦੀ ਸੀ ਕਿ ਉਹ ਮੈਨੂੰ ਸਿਰਫ਼ ਦੂਰੋਂ ਹੀ ਦੇਖਦਾ ਹੈ। ਮੈਂ ਇਹ ਨਹੀਂ ਸੋਚਦੀ ਸੀ ਕਿ ਰੱਬ ਮੇਰੇ ਤੋਂ ਨਫ਼ਰਤ ਕਰਦਾ ਸੀ, ਪਰ ਮੈਨੂੰ ਇਹ ਵੀ ਨਹੀਂ ਸੀ ਲੱਗਦਾ ਕਿ ਉਹ ਮੈਨੂੰ ਪਿਆਰ ਕਰਦਾ ਸੀ।” ਸ਼ੀਲਾ ਦੇ ਮਨ ਵਿਚ ਇਹ ਸ਼ੱਕ ਕਿਉਂ ਆਏ? ਉਹ ਦੱਸਦੀ ਹੈ: “ਮੇਰੇ ਪਰਿਵਾਰ ’ਤੇ ਇਕ ਤੋਂ ਬਾਅਦ ਇਕ ਮੁਸੀਬਤਾਂ ਦੇ ਪਹਾੜ ਟੁੱਟਣ ਕਰਕੇ ਇੱਦਾਂ ਲੱਗਦਾ ਸੀ ਕਿ ਰੱਬ ਸਾਡੀ ਬਿਲਕੁਲ ਵੀ ਮਦਦ ਨਹੀਂ ਕਰ ਰਿਹਾ।”

ਸ਼ੀਲਾ ਵਾਂਗ ਸ਼ਾਇਦ ਤੁਹਾਨੂੰ ਵੀ ਭਰੋਸਾ ਹੋਵੇ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਹੈ। ਪਰ ਫਿਰ ਵੀ ਤੁਸੀਂ ਸ਼ਾਇਦ ਸੋਚੋ ਕਿ ਉਸ ਨੂੰ ਵਾਕਈ ਤੁਹਾਡਾ ਫ਼ਿਕਰ ਹੈ ਜਾਂ ਨਹੀਂ। ਅੱਯੂਬ ਨਾਂ ਦੇ ਇਕ ਧਰਮੀ ਆਦਮੀ ਨੂੰ ਸ੍ਰਿਸ਼ਟੀਕਰਤਾ ਦੀ ਤਾਕਤ ਅਤੇ ਬੁੱਧ ’ਤੇ ਪੂਰਾ ਭਰੋਸਾ ਸੀ, ਪਰ ਉਹ ਦੇ ਮਨ ਵਿਚ ਵੀ ਇਹੀ ਸ਼ੱਕ ਸਨ। (ਅੱਯੂਬ 2:3; 9:4) ਅੱਯੂਬ ’ਤੇ ਇਕ ਤੋਂ ਬਾਅਦ ਇਕ ਮੁਸੀਬਤਾਂ ਆਈਆਂ ਤੇ ਉਸ ਨੂੰ ਕਿਸੇ ਪਾਸਿਓਂ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆਈ। ਇਸ ਕਰਕੇ ਉਸ ਨੇ ਰੱਬ ਨੂੰ ਪੁੱਛਿਆ: “ਤੂੰ ਕਿਉਂ ਆਪਣਾ ਮੂੰਹ ਲੁਕਾਉਂਦਾ ਹੈਂ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ?”​—ਅੱਯੂਬ 13:24.

ਬਾਈਬਲ ਕੀ ਕਹਿੰਦੀ ਹੈ? ਕੀ ਸਾਡੀਆਂ ਮੁਸੀਬਤਾਂ ਲਈ ਰੱਬ ਜ਼ਿੰਮੇਵਾਰ ਹੈ? ਕੀ ਕੋਈ ਸਬੂਤ ਹੈ ਕਿ ਰੱਬ ਨੂੰ ਇਨਸਾਨਾਂ ਦਾ, ਇੱਥੋਂ ਤਕ ਕਿ ਹਰ ਇਕ ਇਨਸਾਨ ਦਾ ਫ਼ਿਕਰ ਹੈ? ਕੀ ਸਾਡੇ ਵਿੱਚੋਂ ਕਿਸੇ ਨੂੰ ਵੀ ਪਤਾ ਲੱਗ ਸਕਦਾ ਕਿ ਰੱਬ ਸਾਡੇ ਵੱਲ ਧਿਆਨ ਦਿੰਦਾ ਹੈ, ਸਾਨੂੰ ਸਮਝਦਾ ਹੈ, ਸਾਡੇ ਨਾਲ ਹਮਦਰਦੀ ਕਰਦਾ ਹੈ ਜਾਂ ਮੁਸ਼ਕਲਾਂ ਸੁਲਝਾਉਣ ਵਿਚ ਸਾਡੀ ਮਦਦ ਕਰਦਾ ਹੈ?

ਅਗਲੇ ਲੇਖਾਂ ਵਿਚ ਅਸੀਂ ਦੇਖਾਂਗੇ ਕਿ ਸ੍ਰਿਸ਼ਟੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਰੱਬ ਨੂੰ ਸਾਡਾ ਫ਼ਿਕਰ ਹੈ। (ਰੋਮੀਆਂ 1:20) ਫਿਰ ਅਸੀਂ ਦੇਖਾਂਗੇ ਕਿ ਬਾਈਬਲ ਇਸ ਬਾਰੇ ਕੀ ਦੱਸਦੀ ਹੈ ਕਿ ਰੱਬ ਨੂੰ ਸਾਡਾ ਫ਼ਿਕਰ ਹੈ। ਜਿੰਨਾ ਜ਼ਿਆਦਾ ਤੁਸੀਂ ਸ੍ਰਿਸ਼ਟੀ ਅਤੇ ਰੱਬ ਦੇ ਬਚਨ ਬਾਈਬਲ ਦੇ ਜ਼ਰੀਏ ‘ਉਸ ਨੂੰ ਜਾਣੋਗੇ,’ ਉੱਨਾ ਜ਼ਿਆਦਾ ਤੁਹਾਡਾ ਭਰੋਸਾ ਵਧੇਗਾ ਕਿ “ਉਸ ਨੂੰ ਤੁਹਾਡਾ ਫ਼ਿਕਰ ਹੈ।”​—1 ਯੂਹੰਨਾ 2:3; 1 ਪਤਰਸ 5:7.