Skip to content

Skip to table of contents

ਰੱਬ ਛੇਤੀ ਹੀ ਦੁੱਖਾਂ ਨੂੰ ਖ਼ਤਮ ਕਰੇਗਾ

ਰੱਬ ਛੇਤੀ ਹੀ ਦੁੱਖਾਂ ਨੂੰ ਖ਼ਤਮ ਕਰੇਗਾ

“ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ, ਅਤੇ ਤੂੰ ਨਾ ਸੁਣੇਂਗਾ? ਯਾ ਮੈਂ ਤੇਰੇ ਅੱਗੇ ‘ਜ਼ੁਲਮ’ ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ।” (ਹਬੱਕੂਕ 1:2, 3) ਇਹ ਸ਼ਬਦ ਹਬੱਕੂਕ ਨੇ ਕਹੇ ਜੋ ਇਕ ਚੰਗਾ ਇਨਸਾਨ ਸੀ ਅਤੇ ਜਿਸ ’ਤੇ ਰੱਬ ਦੀ ਮਿਹਰ ਸੀ। ਕੀ ਉਸ ਨੇ ਨਿਹਚਾ ਦੀ ਘਾਟ ਕਰਕੇ ਫ਼ਰਿਆਦ ਕੀਤੀ ਸੀ? ਬਿਲਕੁਲ ਨਹੀਂ। ਰੱਬ ਨੇ ਹਬੱਕੂਕ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਠਹਿਰਾਏ ਹੋਏ ਸਮੇਂ ’ਤੇ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰੇਗਾ।​—ਹਬੱਕੂਕ 2:2, 3.

ਜਦੋਂ ਤੁਹਾਨੂੰ ਜਾਂ ਤੁਹਾਡੇ ਕਿਸੇ ਕਰੀਬੀ ਨੂੰ ਦੁੱਖਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਇਹ ਸਿੱਟਾ ਕੱਢਣਾ ਸੌਖਾ ਹੈ ਕਿ ਰੱਬ ਕਦਮ ਚੁੱਕਣ ਵਿਚ ਦੇਰ ਕਰ ਰਿਹਾ ਹੈ ਤੇ ਉਸ ਨੂੰ ਜਲਦ ਤੋਂ ਜਲਦ ਇਨ੍ਹਾਂ ਦੁੱਖਾਂ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਪਰ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਯਹੋਵਾਹ ਆਪਣਾ ਵਾਅਦਾ ਪੂਰਾ ਕਰਨ ਵਿਚ ਢਿੱਲ-ਮੱਠ ਨਹੀਂ ਕਰ ਰਿਹਾ, ਜਿਵੇਂ ਕਿ ਕੁਝ ਲੋਕ ਸੋਚਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।”​—2 ਪਤਰਸ 3:9.

ਰੱਬ ਕਦੋਂ ਕਦਮ ਚੁੱਕੇਗਾ?

ਬਹੁਤ ਛੇਤੀ! ਯਿਸੂ ਨੇ ਦੱਸਿਆ ਕਿ ਇਕ ਖ਼ਾਸ ਪੀੜ੍ਹੀ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਦੇਖੇਗੀ। ਇਹ ਘਟਨਾਵਾਂ “ਯੁਗ ਦੇ ਆਖ਼ਰੀ ਸਮੇਂ” ਦੀਆਂ ਨਿਸ਼ਾਨੀਆਂ ਹੋਣਗੀਆਂ। (ਮੱਤੀ 24:3-42) ਸਾਡੇ ਦਿਨਾਂ ਵਿਚ ਯਿਸੂ ਦੀ ਭਵਿੱਖਬਾਣੀ ਪੂਰੀ ਹੁੰਦੀ ਦੇਖ ਕੇ ਪਤਾ ਲੱਗਦਾ ਹੈ ਕਿ ਰੱਬ ਇਨਸਾਨੀ ਮਾਮਲਿਆਂ ਨੂੰ ਸੁਲਝਾਉਣ ਲਈ ਬਹੁਤ ਛੇਤੀ ਕਦਮ ਚੁੱਕੇਗਾ। *

ਪਰ ਰੱਬ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਿਵੇਂ ਕਰੇਗਾ? ਜਦੋਂ ਯਿਸੂ ਧਰਤੀ ’ਤੇ ਸੀ, ਉਦੋਂ ਉਸ ਨੇ ਰੱਬ ਦੀ ਤਾਕਤ ਨਾਲ ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਦੂਰ ਕੀਤੀਆਂ ਸਨ। ਕੁਝ ਮਿਸਾਲਾਂ ’ਤੇ ਗੌਰ ਕਰੋ।

ਕੁਦਰਤੀ ਆਫ਼ਤਾਂ: ਜਦੋਂ ਯਿਸੂ ਅਤੇ ਉਸ ਦੇ ਰਸੂਲ ਗਲੀਲ ਦੀ ਝੀਲ ਵਿਚ ਕਿਸ਼ਤੀ ਵਿਚ ਬੈਠੇ ਹੋਏ ਸਨ, ਉਦੋਂ ਇਕ ਵੱਡੇ ਤੂਫ਼ਾਨ ਕਰਕੇ ਕਿਸ਼ਤੀ ਡੁੱਬਣ ਲੱਗੀ ਸੀ। ਯਿਸੂ ਨੇ ਦਿਖਾਇਆ ਕਿ ਉਹ ਅਤੇ ਉਸ ਦਾ ਪਿਤਾ ਕੁਦਰਤੀ ਤਾਕਤਾਂ ’ਤੇ ਕਾਬੂ ਪਾ ਸਕਦੇ ਹਨ। (ਕੁਲੁੱਸੀਆਂ 1:15, 16) ਯਿਸੂ ਨੇ ਝੀਲ ਨੂੰ ਕਿਹਾ: “ਚੁੱਪ! ਸ਼ਾਂਤ ਹੋ ਜਾ।” ਇਸ ਦਾ ਨਤੀਜਾ ਕੀ ਨਿਕਲਿਆ? “ਹਨੇਰੀ ਰੁਕ ਗਈ ਅਤੇ ਸਭ ਕੁਝ ਸ਼ਾਂਤ ਹੋ ਗਿਆ।”​—ਮਰਕੁਸ 4:35-39.

ਬੀਮਾਰੀਆਂ: ਸਾਰੇ ਲੋਕ ਜਾਣਦੇ ਸਨ ਕਿ ਯਿਸੂ ਕੋਲ ਅੰਨ੍ਹਿਆਂ, ਲੰਗੜਿਆਂ, ਮਿਰਗੀ ਦੇ ਮਰੀਜ਼ਾਂ, ਕੋੜ੍ਹੀਆਂ ਅਤੇ ਹਰ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕਰਨ ਦੀ ਤਾਕਤ ਸੀ। “ਉਸ ਨੇ ਸਾਰਿਆਂ ਨੂੰ ਠੀਕ ਕੀਤਾ।”​—ਮੱਤੀ 4:23, 24; 8:16; 11:2-5.

ਖਾਣੇ ਦੀ ਘਾਟ: ਯਿਸੂ ਨੇ ਆਪਣੇ ਪਿਤਾ ਵੱਲੋਂ ਮਿਲੀ ਤਾਕਤ ਨਾਲ ਥੋੜ੍ਹੇ ਖਾਣੇ ਨੂੰ ਜ਼ਿਆਦਾ ਵਿਚ ਬਦਲ ਦਿੱਤਾ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਆਪਣੀ ਸੇਵਕਾਈ ਦੌਰਾਨ ਉਸ ਨੇ ਦੋ ਵਾਰ ਹਜ਼ਾਰਾਂ ਲੋਕਾਂ ਨੂੰ ਖਾਣਾ ਖਿਲਾਇਆ।​—ਮੱਤੀ 14:14-21; 15:32-38.

ਮੌਤ: ਯਿਸੂ ਨੇ ਮਰ ਚੁੱਕੇ ਤਿੰਨ ਜਣਿਆਂ ਨੂੰ ਦੁਬਾਰਾ ਜੀਉਂਦੇ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕੋਲ ਮਰੇ ਲੋਕਾਂ ਨੂੰ ਜੀਉਂਦਾ ਕਰਨ ਦੀ ਤਾਕਤ ਹੈ। ਇਨ੍ਹਾਂ ਵਿੱਚੋਂ ਇਕ ਨੂੰ ਮਰੇ ਹੋਏ ਨੂੰ ਤਾਂ ਚਾਰ ਦਿਨ ਹੋ ਗਏ ਸਨ।​—ਮਰਕੁਸ 5:35-42; ਲੂਕਾ 7:11-16; ਯੂਹੰਨਾ 11:3-44.

^ ਪੈਰਾ 5 ਅੰਤ ਦੇ ਦਿਨਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਨਾਂ ਦੀ ਕਿਤਾਬ ਦਾ ਪਾਠ 32 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ ਅਤੇ ਤੁਸੀਂ ਇਹ ਕਿਤਾਬ www.pr418.com/pa ਤੋਂ ਡਾਊਨਲੋਡ ਕਰ ਸਕਦੇ ਹੋ।