Skip to content

Skip to table of contents

ਅੱਜ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਮੁਮਕਿਨ

ਅੱਜ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਮੁਮਕਿਨ

ਇਕ ਦਿਨ ਇੱਦਾਂ ਦਾ ਆਵੇਗਾ ਜਦੋਂ ਨਾ ਤਾਂ ਕੋਈ ਬੀਮਾਰ ਹੋਵੇਗਾ, ਨਾ ਕੋਈ ਬੁੱਢਾ ਹੋਵੇਗਾ ਤੇ ਨਾ ਹੀ ਕੋਈ ਮਰੇਗਾ। ਤੁਹਾਡੀ ਜ਼ਿੰਦਗੀ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ। ਪਰ ਅੱਜ ਜ਼ਿੰਦਗੀ ਬਹੁਤ ਸਾਰੀਆਂ ਮੁਸ਼ਕਲਾਂ ਤੇ ਮੁਸੀਬਤਾਂ ਨਾਲ ਭਰੀ ਹੋਈ ਹੈ। ਅੱਜ ਜ਼ਿੰਦਗੀ ਵਿਚ ਖ਼ੁਸ਼ੀਆਂ ਪਾਉਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ। ਬਾਈਬਲ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਤੁਹਾਡੀ ਮਦਦ ਕਰੇਗੀ। ਜ਼ਰਾ ਕੁਝ ਮਿਸਾਲਾਂ ’ਤੇ ਗੌਰ ਕਰੋ।

ਸੰਤੁਸ਼ਟ ਰਹੋ

ਬਾਈਬਲ ਦੀ ਸਲਾਹ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ।”ਇਬਰਾਨੀਆਂ 13:5.

ਅੱਜ ਦੁਨੀਆਂ ਵਿਚ ਅਣਗਿਣਤ ਚੀਜ਼ਾਂ ਦੀ ਭਰਮਾਰ ਹੈ ਤੇ ਲੋਕ ਕਹਿੰਦੇ ਹਨ ਕਿ ਇਹ ਚੀਜ਼ਾਂ ਸਾਡੇ ਕੋਲ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਪਰ ਬਾਈਬਲ ਕਹਿੰਦੀ ਹੈ ਕਿ ‘ਸਾਡੇ ਕੋਲ ਜੋ ਵੀ ਹੈ, ਅਸੀਂ ਉਸੇ ਵਿਚ ਸੰਤੁਸ਼ਟ’ ਹੋ ਸਕਦੇ ਹਾਂ। ਕਿਵੇਂ?

“ਪੈਸੇ ਨਾਲ ਪਿਆਰ” ਨਾ ਕਰੋ। “ਪੈਸੇ ਨਾਲ ਪਿਆਰ” ਕਰਨ ਕਰਕੇ ਲੋਕ ਆਪਣੀ ਸਿਹਤ, ਪਰਿਵਾਰ, ਦੋਸਤੀ, ਨੈਤਿਕ ਮਿਆਰ ਤੇ ਆਪਣਾ ਇੱਜ਼ਤ-ਮਾਣ ਦਾਅ ’ਤੇ ਲਾ ਦਿੰਦੇ ਹਨ। (1 ਤਿਮੋਥਿਉਸ 6:10) ਉਹ ਕਿੰਨੀ ਹੀ ਵੱਡੀ ਕੀਮਤ ਚੁਕਾਉਂਦੇ ਹਨ! ਅਖ਼ੀਰ, ਪੈਸੇ ਦੇ ਪ੍ਰੇਮੀ ‘ਇਸ ਨਾਲ ਨਾ ਰੱਜਣਗੇ।’—ਉਪਦੇਸ਼ਕ ਦੀ ਪੋਥੀ 5:10.

ਚੀਜ਼ਾਂ ਦੀ ਨਹੀਂ, ਲੋਕਾਂ ਦੀ ਕਦਰ ਕਰੋ। ਬਿਨਾਂ ਸ਼ੱਕ, ਚੀਜ਼ਾਂ ਫ਼ਾਇਦੇਮੰਦ ਹੋ ਸਕਦੀਆਂ ਹਨ। ਪਰ ਇਹ ਚੀਜ਼ਾਂ ਨਾ ਤਾਂ ਸਾਨੂੰ ਪਿਆਰ ਕਰ ਸਕਦੀਆਂ ਤੇ ਨਾ ਹੀ ਸਾਡੀ ਕਦਰ ਕਰ ਸਕਦੀਆਂ। ਸਿਰਫ਼ ਲੋਕ ਕਰ ਸਕਦੇ ਹਨ। ਇਕ ਸੱਚਾ “ਮਿੱਤ੍ਰ” ਜ਼ਿੰਦਗੀ ਵਿਚ ਖ਼ੁਸ਼ੀਆਂ ਪਾਉਣ ਵਿਚ ਸਾਡੀ ਮਦਦ ਕਰ ਸਕਦਾ ਹੈ।—ਕਹਾਉਤਾਂ 17:17.

ਬਾਈਬਲ ਦੀ ਸਲਾਹ ’ਤੇ ਚੱਲ ਕੇ ਅਸੀਂ ਅੱਜ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਪਾ ਸਕਦੇ ਹਾਂ

ਸਿਹਤ ਸਮੱਸਿਆਵਾਂ ਨਾਲ ਸਿੱਝੋ

ਬਾਈਬਲ ਦੀ ਸਲਾਹ: “ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ।”ਕਹਾਉਤਾਂ 17:22.

“ਦਵਾ” ਵਾਂਗ ਖ਼ੁਸ਼ੀ ਸਿਹਤ ਸਮੱਸਿਆਵਾਂ ਨਾਲ ਸਿੱਝਣ ਵਿਚ ਸਾਡੀ ਮਦਦ ਕਰ ਸਕਦੀ ਹੈ। ਪਰ ਅਸੀਂ ਬੀਮਾਰ ਹੋਣ ਵੇਲੇ ਖ਼ੁਸ਼ ਕਿਵੇਂ ਹੋ ਸਕਦੇ ਹਾਂ?

ਸ਼ੁਕਰਗੁਜ਼ਾਰ ਹੋਵੋ। ਜੇ ਅਸੀਂ ਸਿਰਫ਼ ਆਪਣੀਆਂ ਮੁਸ਼ਕਲਾਂ ਬਾਰੇ ਹੀ ਸੋਚਦੇ ਹਾਂ, ਤਾਂ ਸਾਡੇ ਸਾਰੇ “ਦਿਨ ਬੁਰੇ” ਹੋਣਗੇ। (ਕਹਾਉਤਾਂ 15:15) ਇਸ ਦੀ ਬਜਾਇ, ਬਾਈਬਲ ਕਹਿੰਦੀ ਹੈ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।” (ਕੁਲੁੱਸੀਆਂ 3:15) ਛੋਟੀਆਂ-ਛੋਟੀਆਂ ਚੀਜ਼ਾਂ ਲਈ ਵੀ ਸ਼ੁਕਰਗੁਜ਼ਾਰ ਹੋਵੋ। ਡੁੱਬਦੇ ਸੂਰਜ ਦਾ ਨਜ਼ਾਰਾ, ਠੰਢੀ-ਠੰਢੀ ਹਵਾ ਤੇ ਆਪਣੇ ਪਿਆਰੇ ਦੀ ਮੁਸਕਾਨ ਨਾਲ ਸਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋ ਸਕਦੀ ਹੈ।

ਦੂਜਿਆਂ ਲਈ ਕੁਝ ਕਰੋ। ਚਾਹੇ ਸਾਡੀ ਸਿਹਤ ਵੀ ਠੀਕ ਨਹੀਂ ਹੈ, ਤਾਂ ਵੀ “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂਲਾਂ ਦੇ ਕੰਮ 20:35) ਜਦੋਂ ਦੂਜੇ ਸਾਡੇ ਵੱਲੋਂ ਕੀਤੇ ਕੰਮਾਂ ਦੀ ਕਦਰ ਕਰਨਗੇ, ਤਾਂ ਸਾਨੂੰ ਖ਼ੁਸ਼ੀ ਮਿਲੇਗੀ ਅਤੇ ਅਸੀਂ ਆਪਣੀਆਂ ਸਮੱਸਿਆਵਾਂ ਬਾਰੇ ਹੱਦੋਂ ਵੱਧ ਨਹੀਂ ਸੋਚਾਂਗੇ। ਦੂਜਿਆਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਉਣ ਵਿਚ ਮਦਦ ਕਰ ਕੇ ਅਸੀਂ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆ ਸਕਦੇ ਹਾਂ।

ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰੋ

ਬਾਈਬਲ ਦੀ ਸਲਾਹ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”ਫ਼ਿਲਿੱਪੀਆਂ 1:10.

ਜਿਹੜੇ ਜੋੜੇ ਇਕੱਠੇ ਸਮਾਂ ਨਹੀਂ ਬਿਤਾਉਂਦੇ, ਉਨ੍ਹਾਂ ਦਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਇਸ ਲਈ ਪਤੀ-ਪਤਨੀਆਂ ਨੂੰ ਆਪਣੀ ਜ਼ਿੰਦਗੀ ਵਿਚ ਆਪਣੇ ਵਿਆਹੁਤਾ ਰਿਸ਼ਤੇ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਜ਼ਿਆਦਾ ਜ਼ਰੂਰੀ ਗੱਲਾਂ ਵਿੱਚੋਂ ਇਕ ਹੈ।

ਇਕੱਠੇ ਕੰਮ ਕਰੋ। ਇਕੱਲੇ ਕੰਮ ਕਰਨ ਦੀ ਬਜਾਇ ਕਿਉਂ ਨਾ ਇਕੱਠੇ ਕੰਮ ਕਰਨ ਦੀ ਯੋਜਨਾ ਬਣਾਓ? ਬਾਈਬਲ ਕਹਿੰਦੀ ਹੈ: “ਇੱਕ ਨਾਲੋਂ ਦੋ ਚੰਗੇ ਹਨ।” (ਉਪਦੇਸ਼ਕ ਦੀ ਪੋਥੀ 4:9) ਤੁਸੀਂ ਮਿਲ ਕੇ ਖਾਣਾ ਬਣਾ ਸਕਦੇ ਹੋ, ਕਸਰਤ ਕਰ ਸਕਦੇ ਹੋ ਜਾਂ ਕੋਈ ਹੋਰ ਕੰਮ ਕਰ ਸਕਦੇ ਹੋ।

ਪਿਆਰ ਜ਼ਾਹਰ ਕਰੋ। ਬਾਈਬਲ ਪਤੀ-ਪਤਨੀਆਂ ਨੂੰ ਇਕ-ਦੂਜੇ ਨਾਲ ਪਿਆਰ ਕਰਨ ਅਤੇ ਇਕ-ਦੂਜੇ ਦਾ ਆਦਰ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। (ਅਫ਼ਸੀਆਂ 5:28, 33) ਮੁਸਕਰਾ ਕੇ, ਗਲੇ ਲਾ ਕੇ ਜਾਂ ਛੋਟਾ ਜਿਹਾ ਤੋਹਫ਼ਾ ਦੇ ਕੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਨਾਲੇ ਸਰੀਰਕ ਸੰਬੰਧ ਸਿਰਫ਼ ਪਤੀ-ਪਤਨੀ ਵਿਚ ਹੀ ਹੋਣੇ ਚਾਹੀਦੇ ਹਨ।—ਇਬਰਾਨੀਆਂ 13:4.