Skip to content

Skip to table of contents

ਮੌਤ​—ਇਕ ਕੌੜੀ ਸੱਚਾਈ

ਮੌਤ​—ਇਕ ਕੌੜੀ ਸੱਚਾਈ

ਕਲਪਨਾ ਕਰੋ ਕਿ ਤੁਸੀਂ ਇਕ ਪ੍ਰਸਿੱਧ ਸੰਗੀਤਕਾਰ ਦੀ ਵੀਡੀਓ ਦੇਖ ਰਹੇ ਹੋ ਜਿਸ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ। ਵੀਡੀਓ ਦੇ ਸ਼ੁਰੂ ਵਿਚ ਉਸ ਦਾ ਬਚਪਨ ਦਿਖਾਇਆ ਜਾਂਦਾ ਹੈ ਜਦੋਂ ਉਹ ਕੋਈ ਸਾਜ਼ ਵਜਾਉਣਾ ਸਿੱਖ ਰਹੀ ਸੀ ਅਤੇ ਉਸ ਨੇ ਵਾਰ-ਵਾਰ ਉਸ ਦਾ ਅਭਿਆਸ ਕੀਤਾ। ਅੱਗੇ ਦਿਖਾਇਆ ਜਾਂਦਾ ਹੈ ਕਿ ਉਹ ਸੰਗੀਤ ਸਮਾਰੋਹਾਂ ਵਿਚ ਹਿੱਸਾ ਲੈਣ ਲਈ ਕਈ ਦੇਸ਼ਾਂ ਵਿਚ ਜਾਂਦੀ ਹੈ ਅਤੇ ਪੂਰੀ ਦੁਨੀਆਂ ਵਿਚ ਮਸ਼ਹੂਰ ਹੋ ਜਾਂਦੀ ਹੈ। ਜਲਦੀ ਹੀ ਉਸ ਦੇ ਬੁਢਾਪੇ ਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਹਨ ਅਤੇ ਅਖ਼ੀਰ ਉਸ ਦੀ ਮੌਤ ਨਾਲ ਵੀਡੀਓ ਖ਼ਤਮ ਹੋ ਜਾਂਦੀ ਹੈ।

ਇਹ ਵੀਡੀਓ ਕਾਲਪਨਿਕ ਨਹੀਂ, ਸਗੋਂ ਕਿਸੇ ਵਿਅਕਤੀ ਦੀ ਸੱਚੀ ਕਹਾਣੀ ਹੈ ਜੋ ਹੁਣ ਨਹੀਂ ਰਿਹਾ। ਚਾਹੇ ਕੋਈ ਵਿਅਕਤੀ ਸੰਗੀਤਕਾਰ, ਵਿਗਿਆਨੀ, ਖਿਡਾਰੀ ਜਾਂ ਕੋਈ ਹੋਰ ਮਸ਼ਹੂਰ ਹਸਤੀ ਹੋਵੇ, ਪਰ ਸਾਰਿਆਂ ਦੀ ਕਹਾਣੀ ਲਗਭਗ ਇੱਕੋ ਜਿਹੀ ਹੁੰਦੀ ਹੈ। ਇਨ੍ਹਾਂ ਵਿਅਕਤੀਆਂ ਨੇ ਸ਼ਾਇਦ ਆਪਣੀ ਜ਼ਿੰਦਗੀ ਵਿਚ ਬਹੁਤ ਕੁਝ ਹਾਸਲ ਕੀਤਾ ਹੋਣਾ। ਪਰ ਤੁਸੀਂ ਸ਼ਾਇਦ ਸੋਚੋ ਕਿ ਇਹ ਹੋਰ ਕਿੰਨਾ ਕੁਝ ਹਾਸਲ ਕਰ ਸਕਦੇ ਸਨ ਜੇ ਇਹ ਬੁੱਢੇ ਹੋ ਕੇ ਨਾ ਮਰਦੇ।

ਦੁੱਖ ਦੀ ਗੱਲ ਹੈ ਕਿ ਮੌਤ ਸਾਰਿਆਂ ’ਤੇ ਆਉਂਦੀ ਹੈ। (ਉਪਦੇਸ਼ਕ ਦੀ ਪੋਥੀ 9:5) ਚਾਹੇ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਪਰ ਅਸੀਂ ਬੁਢਾਪੇ ਅਤੇ ਮੌਤ ਤੋਂ ਨਹੀਂ ਬਚ ਸਕਦੇ। ਇਸ ਤੋਂ ਇਲਾਵਾ, ਕਿਸੇ ਐਕਸੀਡੈਂਟ ਜਾਂ ਬੀਮਾਰੀ ਕਰਕੇ ਸਾਡੀ ਜ਼ਿੰਦਗੀ ਹੋਰ ਵੀ ਛੋਟੀ ਹੋ ਸਕਦੀ ਹੈ। ਜਿਵੇਂ ਬਾਈਬਲ ਵਿਚ ਦੱਸਿਆ ਹੈ ਕਿ ਸਾਡੀ “ਜ਼ਿੰਦਗੀ ਤਾਂ ਧੁੰਦ ਵਰਗੀ ਹੈ ਜੋ ਥੋੜ੍ਹੇ ਚਿਰ ਲਈ ਪੈਂਦੀ ਹੈ ਅਤੇ ਫਿਰ ਉੱਡ ਜਾਂਦੀ ਹੈ।”—ਯਾਕੂਬ 4:14.

ਕਈ ਸੋਚਦੇ ਹਨ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਇਸ ਲਈ ਉਹ ਕਹਿੰਦੇ ਹਨ ਕਿ “ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰ ਹੀ ਜਾਣਾ ਹੈ।” (1 ਕੁਰਿੰਥੀਆਂ 15:32) ਪਰ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਇਸ ਤਰ੍ਹਾਂ ਦੀ ਜ਼ਿੰਦਗੀ ਜੀਉਂਦੇ ਹਨ, ਉਨ੍ਹਾਂ ਨੇ ਮੌਤ ਦੀ ਕੌੜੀ ਸੱਚਾਈ ਮੰਨ ਲਈ ਹੈ? ਅੱਜ ਨਹੀਂ ਤਾਂ ਕੱਲ੍ਹ, ਜਦੋਂ ਤੁਸੀਂ ਇਸ ਔਖੀ ਘੜੀ ਵਿੱਚੋਂ ਲੰਘੋਗੇ, ਤਾਂ ਤੁਸੀਂ ਸ਼ਾਇਦ ਪੁੱਛੋ, ‘ਕੀ ਜ਼ਿੰਦਗੀ ਇੰਨੀ ਕੁ ਹੈ?’ ਤੁਸੀਂ ਇਸ ਦਾ ਜਵਾਬ ਕਿੱਥੋਂ ਪਾ ਸਕਦੇ ਹੋ?

ਬਹੁਤ ਸਾਰੇ ਲੋਕ ਵਿਗਿਆਨ ’ਤੇ ਭਰੋਸਾ ਕਰਦੇ ਹਨ। ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿਚ ਤਰੱਕੀ ਹੋਣ ਕਰਕੇ ਇਨਸਾਨਾਂ ਦੀ ਜ਼ਿੰਦਗੀ ਥੋੜ੍ਹੀ-ਬਹੁਤੀ ਲੰਬੀ ਹੋਈ ਹੈ। ਨਾਲੇ ਕੁਝ ਵਿਗਿਆਨੀ ਜ਼ਿੰਦਗੀ ਦੀ ਲੰਬਾਈ ਨੂੰ ਹੋਰ ਵਧਾਉਣ ਵਿਚ ਲੱਗੇ ਹੋਏ ਹਨ। ਚਾਹੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਜੋ ਮਰਜ਼ੀ ਨਿਕਲਣ, ਪਰ ਸਵਾਲ ਤਾਂ ਉਹੀ ਬਣੇ ਰਹਿੰਦੇ ਹਨ: ਅਸੀਂ ਕਿਉਂ ਬੁੱਢੇ ਹੁੰਦੇ ਹਾਂ ਅਤੇ ਮਰ ਜਾਂਦੇ ਹਾਂ? ਕੀ ਕੋਈ ਉਮੀਦ ਹੈ ਕਿ ਸਾਡੇ ਦੁਸ਼ਮਣ ਮੌਤ ਉੱਤੇ ਜਿੱਤ ਪਾਈ ਜਾਵੇਗੀ? ਅਗਲੇ ਲੇਖਾਂ ਵਿਚ ਅਸੀਂ ਇਨ੍ਹਾਂ ਵਿਸ਼ਿਆਂ ਅਤੇ ਇਸ ਸਵਾਲ ’ਤੇ ਗੌਰ ਕਰਾਂਗੇ, ਕੀ ਜ਼ਿੰਦਗੀ ਇੰਨੀ ਕੁ ਹੈ?