Skip to content

Skip to table of contents

ਦੁਸ਼ਮਣ ਮੌਤ ’ਤੇ ਜਿੱਤ​—ਕਿਵੇਂ?

ਦੁਸ਼ਮਣ ਮੌਤ ’ਤੇ ਜਿੱਤ​—ਕਿਵੇਂ?

ਸਾਡੇ ਪਹਿਲੇ ਮਾਂ-ਬਾਪ, ਆਦਮ ਤੇ ਹੱਵਾਹ, ਦੀ ਅਣਆਗਿਆਕਾਰੀ ਕਰਕੇ ਸਾਡੇ ਵਿਚ ਪਾਪ ਆਇਆ ਜਿਸ ਕਰਕੇ ਅਸੀਂ ਮਰਦੇ ਹਾਂ। ਪਰ ਇਸ ਨਾਲ ਇਨਸਾਨਾਂ ਲਈ ਰੱਖਿਆ ਪਰਮੇਸ਼ੁਰ ਦਾ ਮਕਸਦ ਬਦਲਿਆ ਨਹੀਂ। ਪਰਮੇਸ਼ੁਰ ਨੇ ਆਪਣੇ ਬਚਨ ਬਾਈਬਲ ਵਿਚ ਵਾਰ-ਵਾਰ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਉਸ ਦਾ ਮਕਸਦ ਬਦਲਿਆ ਨਹੀਂ ਹੈ।

  • “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”ਜ਼ਬੂਰਾਂ ਦੀ ਪੋਥੀ 37:29.

  • “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”ਯਸਾਯਾਹ 25:8.

  • “ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।”1 ਕੁਰਿੰਥੀਆਂ 15:26.

  • “ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”ਪ੍ਰਕਾਸ਼ ਦੀ ਕਿਤਾਬ 21:4.

ਪਰਮੇਸ਼ੁਰ ਮੌਤ ਨੂੰ ਕਿਵੇਂ ਖ਼ਤਮ ਕਰੇਗਾ? ਜਿਵੇਂ ਅਸੀਂ ਦੇਖਿਆ ਕਿ ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ‘ਧਰਮੀ ਸਦਾ ਵੱਸਣਗੇ।’ ਪਰ ਬਾਈਬਲ ਇਹ ਵੀ ਦੱਸਦੀ ਹੈ ਕਿ “ਧਰਤੀ ਉੱਤੇ ਅਜਿਹਾ ਸਚਿਆਰ [ਜਾਂ ਧਰਮੀ] ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ।” (ਉਪਦੇਸ਼ਕ ਦੀ ਪੋਥੀ 7:20) ਤਾਂ ਫਿਰ, ਕੀ ਮੌਤ ’ਤੇ ਜਿੱਤ ਹਾਸਲ ਕਰਨ ਲਈ ਪਰਮੇਸ਼ੁਰ ਦੁਸ਼ਟ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ? ਬਿਲਕੁਲ ਨਹੀਂ! ਕਿਉਂਕਿ ਪਰਮੇਸ਼ੁਰ ਆਪਣੇ ਮਿਆਰਾਂ ਨਾਲ ਕਦੇ ਸਮਝੌਤਾ ਨਹੀਂ ਕਰਦਾ ਅਤੇ “ਕਦੀ ਝੂਠ ਨਹੀਂ ਬੋਲ ਸਕਦਾ।” (ਤੀਤੁਸ 1:2) ਤਾਂ ਫਿਰ, ਪਰਮੇਸ਼ੁਰ ਇਨਸਾਨ ਲਈ ਰੱਖਿਆ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ?

ਪਰਮੇਸ਼ੁਰ “ਮੌਤ ਨੂੰ ਸਦਾ ਲਈ ਝੱਫ ਲਵੇਗਾ।”—ਯਸਾਯਾਹ 25:8

ਰਿਹਾਈ ਦੀ ਕੀਮਤ ਦੇ ਕੇ ਮੌਤ ’ਤੇ ਜਿੱਤ

ਯਹੋਵਾਹ ਪਰਮੇਸ਼ੁਰ ਨੇ ਆਪਣੇ ਪਿਆਰ ਕਰਕੇ ਮਨੁੱਖਜਾਤੀ ਨੂੰ ਮੌਤ ਤੋਂ ਛੁਡਾਉਣ ਲਈ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ। ਰਿਹਾਈ ਦੀ ਕੀਮਤ ਦਾ ਮਤਲਬ ਹੈ, ਜਿੰਨਾ ਨੁਕਸਾਨ ਹੋਇਆ, ਉੱਨੀ ਕੀਮਤ ਅਦਾ ਕਰਨੀ। ਸਾਰੇ ਇਨਸਾਨ ਪਾਪੀ ਹਨ ਜਿਸ ਕਰਕੇ ਸਾਰਿਆਂ ਨੂੰ ਮੌਤ ਦੀ ਸਜ਼ਾ ਮਿਲੀ ਹੈ। ਬਾਈਬਲ ਦੱਸਦੀ ਹੈ: “ਉਨ੍ਹਾਂ ਵਿੱਚੋਂ ਕੋਈ ਆਪਣੇ ਭਰਾ ਦਾ ਨਿਸਤਾਰਾ ਕਰ ਨਹੀਂ ਸੱਕਦਾ, ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪਰਾਸਚਿਤ ਦੇ ਸੱਕਦਾ ਹੈ, ਕਿਉਂ ਜੋ ਉਨ੍ਹਾਂ ਦੀ ਜਾਨ ਦਾ ਨਿਸਤਾਰਾ ਮਹਿੰਗਾ ਹੈ, ਅਤੇ ਉਹ ਸਦਾ ਤੀਕ ਅਸਾਧ ਹੈ।”—ਜ਼ਬੂਰਾਂ ਦੀ ਪੋਥੀ 49:7, 8.

ਮੌਤ ਵੇਲੇ ਇਨਸਾਨ ਸਿਰਫ਼ ਆਪਣੇ ਪਾਪਾਂ ਦੀ ਕੀਮਤ ਚੁਕਾ ਸਕਦਾ ਹੈ। ਉਹ ਨਾ ਤਾਂ ਆਪਣੇ ਆਪ ਨੂੰ ਮੌਤ ਤੋਂ ਛੁਡਾ ਸਕਦਾ ਤੇ ਨਾ ਹੀ ਕਿਸੇ ਹੋਰ ਦੇ ਪਾਪਾਂ ਦੀ ਕੀਮਤ ਅਦਾ ਕਰ ਸਕਦਾ। (ਰੋਮੀਆਂ 6:7) ਇਸ ਲਈ ਸਾਨੂੰ ਮੁਕੰਮਲ ਇਨਸਾਨ ਦੀ ਜ਼ਰੂਰਤ ਸੀ ਜੋ ਸਾਡੇ ਪਾਪਾਂ ਲਈ ਆਪਣੀ ਬੇਦਾਗ਼ ਤੇ ਮੁਕੰਮਲ ਜ਼ਿੰਦਗੀ ਦੇ ਸਕੇ।—ਇਬਰਾਨੀਆਂ 10:1-4.

ਪਰਮੇਸ਼ੁਰ ਨੇ ਬਿਲਕੁਲ ਇਸੇ ਤਰ੍ਹਾਂ ਕੀਤਾ। ਉਸ ਨੇ ਸਵਰਗੋਂ ਆਪਣੇ ਪੁੱਤਰ ਯਿਸੂ ਨੂੰ ਮੁਕੰਮਲ ਇਨਸਾਨ ਵਜੋਂ ਧਰਤੀ ’ਤੇ ਭੇਜਿਆ। (1 ਪਤਰਸ 2:22) ਯਿਸੂ ਨੇ ਕਿਹਾ ਕਿ ਉਹ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ” ਸੀ। (ਮਰਕੁਸ 10:45) ਉਹ ਸਾਡੇ ਪਾਪਾਂ ਲਈ ਮਰਿਆ ਤਾਂਕਿ ਸਾਨੂੰ ਮੌਤ ਤੋਂ ਛੁਟਕਾਰਾ ਮਿਲੇ।—ਯੂਹੰਨਾ 3:16.

ਮੌਤ ਕਦੋਂ ਖ਼ਤਮ ਹੋਵੇਗੀ?

ਬਾਈਬਲ ਦੀ ਭਵਿੱਖਬਾਣੀ ਅਨੁਸਾਰ ਅਸੀਂ “ਮੁਸੀਬਤਾਂ ਨਾਲ ਭਰੇ” ਸਮੇਂ ਵਿਚ ਰਹਿ ਰਹੇ ਹਾਂ ਜਿਨ੍ਹਾਂ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ” ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ “ਆਖ਼ਰੀ ਦਿਨਾਂ” ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1) ਆਖ਼ਰੀ ਦਿਨਾਂ ਦੇ ਅਖ਼ੀਰ ਵਿਚ ‘ਦੁਸ਼ਟ ਲੋਕਾਂ ਦਾ ਨਿਆਂ ਅਤੇ ਵਿਨਾਸ਼’ ਕੀਤਾ ਜਾਵੇਗਾ। (2 ਪਤਰਸ 3:3, 7) ਪਰ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕ ਨਾਸ਼ ਵਿੱਚੋਂ ਬਚ ਨਿਕਲਣਗੇ ਅਤੇ ਇਨਾਮ ਵਜੋਂ “ਹਮੇਸ਼ਾ ਦੀ ਜ਼ਿੰਦਗੀ ਪਾਉਣਗੇ।”—ਮੱਤੀ 25:46.

ਯਿਸੂ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ ਹੈ।”—ਮਰਕੁਸ 10:45

ਦੁਬਾਰਾ ਜੀ ਉਠਾਏ ਜਾਣ ਵਾਲੇ ਲੱਖਾਂ ਲੋਕਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦਾ ਮੌਕਾ ਹੋਵੇਗਾ। ਯਿਸੂ ਨੂੰ “ਬੜਾ ਤਰਸ ਆਇਆ” ਜਦੋਂ ਨਾਇਨ ਨਗਰ ਵਿਚ ਰਹਿੰਦੀ ਵਿਧਵਾ ਦੇ ਇੱਕੋ-ਇਕ ਪੁੱਤਰ ਦੀ ਮੌਤ ਹੋ ਗਈ ਸੀ। ਇਸ ਲਈ ਯਿਸੂ ਨੇ ਮੁੰਡੇ ਨੂੰ ਜੀਉਂਦਾ ਕਰ ਦਿੱਤਾ। (ਲੂਕਾ 7:11-15) ਨਾਲੇ ਪੌਲੁਸ ਰਸੂਲ ਨੇ ਵੀ ਕਿਹਾ: “ਮੈਨੂੰ ਵੀ ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।” ਇਹ ਸ਼ਾਨਦਾਰ ਉਮੀਦ ਪਰਮੇਸ਼ੁਰ ਦੇ ਗਹਿਰੇ ਪਿਆਰ ਦਾ ਸਬੂਤ ਹੈ।—ਰਸੂਲਾਂ ਦੇ ਕੰਮ 24:15.

ਲੱਖਾਂ ਹੀ ਲੋਕ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਰੱਖ ਸਕਦੇ ਹਨ। ਬਾਈਬਲ ਕਹਿੰਦੀ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰਾਂ ਦੀ ਪੋਥੀ 37:29) ਉਸ ਸਮੇਂ ਉਹ ਬੇਹੱਦ ਖ਼ੁਸ਼ ਹੋਣਗੇ ਜਦੋਂ ਲਗਭਗ 2,000 ਸਾਲ ਪਹਿਲਾਂ ਕਹੇ ਪੌਲੁਸ ਰਸੂਲ ਦੇ ਇਹ ਸ਼ਬਦ ਪੂਰੇ ਹੋਣਗੇ: “ਮੌਤ, ਕਿੱਥੇ ਹੈ ਤੇਰੀ ਜਿੱਤ? ਮੌਤ, ਕਿੱਥੇ ਹੈ ਤੇਰਾ ਡੰਗ?” (1 ਕੁਰਿੰਥੀਆਂ 15:55) ਇਨਸਾਨਾਂ ਦੇ ਸਭ ਤੋਂ ਭਿਆਨਕ ਦੁਸ਼ਮਣ ਮੌਤ ’ਤੇ ਜਿੱਤ ਹਾਸਲ ਕੀਤੀ ਜਾਵੇਗੀ!