Skip to content

Skip to table of contents

ਕੀ ਇਨਸਾਨਾਂ ਦੇ ਜੀਨਾਂ ਨੂੰ ਤੋੜ-ਜੋੜ ਕੇ ਜ਼ਿੰਦਗੀ ਦੀ ਲੰਬਾਈ ਵਧਾਈ ਜਾ ਸਕੀ ਹੈ?

ਲੰਬੀ ਜ਼ਿੰਦਗੀ ਦੀ ਭਾਲ

ਲੰਬੀ ਜ਼ਿੰਦਗੀ ਦੀ ਭਾਲ

“ਮੈਂ ਉਸ [ਕੰਮ] ਨੂੰ ਡਿੱਠਾ ਜੋ ਪਰਮੇਸ਼ੁਰ ਨੇ ਆਦਮ ਵੰਸ ਨੂੰ ਦਿੱਤਾ ਭਈ ਉਸ ਦੇ ਵਿੱਚ ਰੁੱਝੇ ਰਹਿਣ। ਉਸ ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ।”ਉਪਦੇਸ਼ਕ ਦੀ ਪੋਥੀ 3:10, 11.

ਪੁਰਾਣੇ ਸਮੇਂ ਵਿਚ ਬੁੱਧੀਮਾਨ ਰਾਜਾ ਸੁਲੇਮਾਨ ਦੁਆਰਾ ਕਹੇ ਇਹ ਸ਼ਬਦ ਇਨਸਾਨਾਂ ਦੀਆਂ ਜ਼ਿੰਦਗੀ ਬਾਰੇ ਭਾਵਨਾਵਾਂ ਨੂੰ ਐਨ ਸਹੀ ਤਰੀਕੇ ਨਾਲ ਬਿਆਨ ਕਰਦੇ ਹਨ। ਸ਼ੁਰੂ ਤੋਂ ਇਨਸਾਨਾਂ ਅੰਦਰ ਲੰਬੇ ਸਮੇਂ ਤਕ ਜੀਉਣ ਦੀ ਤਮੰਨਾ ਹੈ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਅਤੇ ਮੌਤ ਤੋਂ ਬਚਣਾ ਨਾਮੁਮਕਿਨ ਹੈ। ਇਤਿਹਾਸ ਵਿਚ ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਹਨ ਕਿ ਇਨਸਾਨਾਂ ਨੇ ਜ਼ਿੰਦਗੀ ਦੀ ਲੰਬਾਈ ਵਧਾਉਣ ਦੇ ਤਰੀਕਿਆਂ ਦੀ ਖੋਜ ਕੀਤੀ ਹੈ।

ਜ਼ਰਾ ਸੁਮੇਰੀ ਰਾਜਾ ਗਿਲਗਾਮੇਸ਼ ਦੀ ਮਿਸਾਲ ਲੈ ਲਓ। ਮਿਥਿਹਾਸਕ ਕਥਾਵਾਂ ਲਿਖਣ ਵਾਲੇ ਬਹੁਤ ਸਾਰੇ ਲੋਕਾਂ ਨੇ ਉਸ ਦੀ ਜ਼ਿੰਦਗੀ ਬਾਰੇ ਦੱਸਿਆ। ਇਸ ਤਰ੍ਹਾਂ ਦੀ ਇਕ ਕਥਾ ਨੂੰ ਗਿਲਗਾਮੇਸ਼ ਦੀ ਕਹਾਣੀ ਕਿਹਾ ਜਾਂਦਾ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਉਸ ਨੇ ਮੌਤ ’ਤੇ ਜਿੱਤ ਹਾਸਲ ਕਰਨ ਲਈ ਬਹੁਤ ਖ਼ਤਰਨਾਕ ਸਫ਼ਰ ਕੀਤਾ ਸੀ, ਪਰ ਉਹ ਇਸ ਵਿਚ ਅਸਫ਼ਲ ਰਿਹਾ।

ਆਪਣੀ ਲੈਬਾਰਟਰੀ ਵਿਚ ਮੱਧ ਪੂਰਬ ਸਮੇਂ ਦਾ ਹਕੀਮ

ਲਗਭਗ 2,400 ਸਾਲ ਪਹਿਲਾਂ ਚੀਨ ਦੇ ਹਕੀਮਾਂ ਨੇ “ਅੰਮ੍ਰਿਤ ਜਲ” ਬਣਾਉਣ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਨੇ ਇਹ ਜਲ ਪਾਰੇ ਅਤੇ ਸੰਖੀਆ (ਆਰਸਨਿਕ) ਨੂੰ ਮਿਲਾ ਕੇ ਬਣਾਇਆ। ਕਿਹਾ ਜਾਂਦਾ ਹੈ ਕਿ ਇਸ ਨੂੰ ਪੀਣ ਨਾਲ ਚੀਨ ਦੇ ਕਈ ਰਾਜਿਆਂ ਦੀ ਮੌਤ ਹੋ ਗਈ। ਮੱਧਕਾਲੀ ਯੂਰਪ ਵਿਚ ਕੁਝ ਹਕੀਮਾਂ ਨੇ ਸੋਨੇ ਨੂੰ ਇਸ ਤਰ੍ਹਾਂ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਇਨਸਾਨ ਇਸ ਨੂੰ ਖਾ ਕੇ ਪਚਾ ਸਕਣ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸੋਨੇ ਦੀ ਖ਼ਾਸੀਅਤ ਹੈ ਕਿ ਇਸ ਨੂੰ ਜੰਗਾਲ ਨਹੀਂ ਲੱਗਦਾ ਜਿਸ ਕਰਕੇ ਇਸ ਨਾਲ ਇਨਸਾਨਾਂ ਦੀ ਉਮਰ ਲੰਬੀ ਹੋ ਸਕਦੀ ਹੈ।

ਅੱਜ ਕੁਝ ਜੀਵ-ਵਿਗਿਆਨੀ ਅਤੇ ਜਨੈਟਿਕਸ ਦੇ ਵਿਗਿਆਨੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਨਸਾਨ ਕਿਉਂ ਬੁੱਢੇ ਹੋ ਜਾਂਦੇ ਹਨ। ਜਿਵੇਂ ਪੁਰਾਣੇ ਜ਼ਮਾਨੇ ਵਿਚ “ਅੰਮ੍ਰਿਤ ਜਲ” ਦੀ ਖੋਜ ਕੀਤੀ ਗਈ ਸੀ, ਅੱਜ ਵੀ ਲੋਕਾਂ ਅੰਦਰ ਬੁਢਾਪੇ ਅਤੇ ਮੌਤ ਤੋਂ ਬਚਣ ਦੀ ਤਮੰਨਾ ਹੈ। ਪਰ ਇਨ੍ਹਾਂ ਖੋਜਾਂ ਦੇ ਨਤੀਜੇ ਕੀ ਨਿਕਲੇ?

ਪਰਮੇਸ਼ੁਰ ਨੇ “ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ।”—ਉਪਦੇਸ਼ਕ ਦੀ ਪੋਥੀ 3:10, 11

ਬੁਢਾਪੇ ਦੇ ਕਾਰਨ ਜਾਣਨ ਦੀ ਖੋਜ

ਇਨਸਾਨਾਂ ਦੇ ਸੈੱਲ ਦਾ ਅਧਿਐਨ ਕਰਨ ਵਾਲੇ ਵਿਗਿਆਨੀ 300 ਤੋਂ ਜ਼ਿਆਦਾ ਵਿਚਾਰ ਪੇਸ਼ ਕਰਦੇ ਹਨ ਕਿ ਇਨਸਾਨ ਕਿਉਂ ਬੁੱਢਾ ਹੁੰਦਾ ਅਤੇ ਮਰ ਜਾਂਦਾ ਹੈ। ਹਾਲ ਹੀ ਦੇ ਸਾਲਾਂ ਵਿਚ ਵਿਗਿਆਨੀ ਇਨਸਾਨਾਂ ਤੇ ਜਾਨਵਰਾਂ ਦੇ ਸੈੱਲਾਂ ਨੂੰ ਜ਼ਿਆਦਾ ਦੇਰ ਤਕ ਜੀਉਂਦਾ ਰੱਖਣ ਵਿਚ ਕਾਮਯਾਬ ਹੋਏ ਹਨ। ਇਸ ਕਰਕੇ ਕੁਝ ਅਮੀਰ ਲੋਕਾਂ ਨੇ ਵਿਗਿਆਨੀਆਂ ਨੂੰ ਪੈਸੇ ਦਿੱਤੇ ਤਾਂਕਿ ਉਹ ਜਾਣ ਸਕਣ ਕਿ ਅਸੀਂ ਕਿਉਂ ਮਰਦੇ ਹਾਂ। ਉਨ੍ਹਾਂ ਨੇ ਕਿਹੜੀਆਂ ਖੋਜਾਂ ਕੀਤੀਆਂ?

ਜ਼ਿੰਦਗੀ ਦੀ ਲੰਬਾਈ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ। ਕੁਝ ਵਿਗਿਆਨੀ ਮੰਨਦੇ ਹਨ ਕਿ ਟੈਲੋਮੇਰ ਕਰਕੇ ਅਸੀਂ ਬੁੱਢੇ ਹੁੰਦੇ ਹਾਂ ਜੋ ਸਾਡੇ ਸੈੱਲਾਂ ਦੇ ਕ੍ਰੋਮੋਸੋਮਜ਼ ਦੇ ਅਖ਼ੀਰਲੇ ਹਿੱਸੇ ਹੁੰਦੇ ਹਨ। ਜਦੋਂ ਸੈੱਲ ਆਪਣੇ ਵਰਗਾ ਇਕ ਹੋਰ ਨਵਾਂ ਸੈੱਲ ਬਣਾਉਂਦਾ ਹੈ, ਤਾਂ ਟੈਲੋਮੇਰ ਵਿਚ ਸਾਡੇ ਸਰੀਰ ਬਾਰੇ ਜਾਣਕਾਰੀ ਸਾਂਭ ਕੇ ਰੱਖੀ ਜਾਂਦੀ ਹੈ। ਹਰ ਨਵਾਂ ਸੈੱਲ ਬਣਨ ’ਤੇ ਟੈਲੋਮੇਰ ਛੋਟੇ ਹੁੰਦੇ ਜਾਂਦੇ ਹਨ। ਅਖ਼ੀਰ ਨਵੇਂ ਸੈੱਲ ਬਣਨੇ ਬੰਦ ਹੋ ਜਾਂਦੇ ਹਨ ਅਤੇ ਅਸੀਂ ਬੁੱਢੇ ਹੋਣਾ ਸ਼ੁਰੂ ਹੋ ਜਾਂਦੇ ਹਾਂ।

2009 ਵਿਚ ਨੋਬਲ ਪੁਰਸਕਾਰ ਵਿਜੇਤਾ ਇਲਿਜ਼ਬਥ ਬਲੈਕਬਰਨ ਅਤੇ ਉਸ ਦੀ ਟੀਮ ਨੇ ਇਕ ਐਨਜ਼ਾਈਮ ਬਾਰੇ ਜਾਣਿਆ ਜੋ ਟੈਲੋਮੇਰ ਨੂੰ ਜਲਦੀ ਛੋਟਾ ਹੋਣ ਤੋਂ ਰੋਕਦਾ ਹੈ ਜਿਸ ਕਰਕੇ ਸੈੱਲ ਦੀ ਉਮਰ ਵੀ ਵਧਦੀ ਹੈ। ਪਰ ਉਨ੍ਹਾਂ ਦੀ ਖੋਜ ਤੋਂ ਪਤਾ ਲੱਗਾ ਕਿ ਟੈਲੋਮੇਰ ਕਰਕੇ ਇਨਸਾਨਾਂ ਦੀ ਜ਼ਿੰਦਗੀ ਲੰਬੀ ਨਹੀਂ ਹੁੰਦੀ।

ਸੈੱਲੂਲਰ ਰੀਪ੍ਰੋਗ੍ਰਾਮਮਿੰਗ ਯਾਨੀ ਜੀਨਾਂ ਵਿਚ ਜੋੜ-ਤੋੜ ਕਰਨਾ ਉਮਰ ਲੰਬੀ ਕਰਨ ਦਾ ਇਕ ਹੋਰ ਤਰੀਕਾ ਹੈ। ਜਦੋਂ ਸਾਡੇ ਸੈੱਲ ਪੁਰਾਣੇ ਹੋਣ ਕਰਕੇ ਨਵੇਂ ਸੈੱਲ ਬਣਾਉਣੇ ਬੰਦ ਕਰ ਦਿੰਦੇ ਹਨ, ਤਾਂ ਉਹ ਸ਼ਾਇਦ ਸਾਡੇ ਇਮਿਊਨ ਸੈੱਲਾਂ ਨੂੰ ਗ਼ਲਤ ਸਿਗਨਲ ਭੇਜਣਾ ਸ਼ੁਰੂ ਕਰ ਦਿੰਦੇ ਹਨ। ਨਤੀਜੇ ਵਜੋਂ, ਸੋਜ ਤੇ ਦਰਦ ਹੁੰਦੀ ਹੈ ਅਤੇ ਬੀਮਾਰੀਆਂ ਲੱਗਦੀਆਂ ਹਨ। ਹਾਲ ਹੀ ਵਿਚ ਫਰਾਂਸ ਦੇ ਵਿਗਿਆਨੀਆਂ ਨੇ ਬੁੱਢੇ ਲੋਕਾਂ, ਜਿਨ੍ਹਾਂ ਵਿੱਚੋਂ ਕੁਝ ਦੀ ਉਮਰ 100 ਤੋਂ ਜ਼ਿਆਦਾ ਸਾਲ ਦੀ ਸੀ, ਦੇ ਸੈੱਲ ਲੈ ਕੇ ਉਨ੍ਹਾਂ ਦੀ ਰੀਪ੍ਰੋਗ੍ਰਾਮਿੰਗ ਕੀਤੀ ਹੈ। ਇਨ੍ਹਾਂ ਸੈੱਲਾਂ ਨੇ ਨਵੇਂ ਸੈੱਲ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਦੀ ਅਗਵਾਈ ਕਰਨ ਵਾਲੇ ਪ੍ਰੋਫ਼ੈਸਰ ਜ਼ਾਨ-ਮਾਰਕ ਲਮੈੱਟ ਨੇ ਦੱਸਿਆ ਕਿ ਉਨ੍ਹਾਂ ਦੀ ਖੋਜ ਤੋਂ ਪਤਾ ਲੱਗਾ ਕਿ ਸੈੱਲਾਂ ਵਿਚ “ਬੁਢਾਪੇ ਨੂੰ ਰੋਕਣ” ਦਾ ਰਾਜ਼ ਹੈ।

ਕੀ ਵਿਗਿਆਨ ਜ਼ਿੰਦਗੀ ਦੀ ਲੰਬਾਈ ਵਧਾ ਸਕਦਾ ਹੈ?

ਕੁਝ ਵਿਗਿਆਨੀ ਇਹ ਨਹੀਂ ਮੰਨਦੇ ਕਿ ਉਮਰ ਵਧਾਉਣ ਵਾਲੇ ਇਲਾਜ ਨਾਲ ਇਨਸਾਨਾਂ ਦੀ ਜ਼ਿੰਦਗੀ ਨੂੰ ਅੱਜ ਨਾਲੋਂ ਕਿਤੇ ਜ਼ਿਆਦਾ ਵਧਾਇਆ ਜਾ ਸਕਦਾ ਹੈ। ਇਹ ਗੱਲ ਸੱਚ ਹੈ ਕਿ 19ਵੀਂ ਸਦੀ ਵਿਚ ਇਨਸਾਨਾਂ ਦੀ ਉਮਰ ਜ਼ਿਆਦਾ ਲੰਬੀ ਹੋਈ ਹੈ। ਪਰ ਇਹ ਮੁੱਖ ਤੌਰ ’ਤੇ ਸਾਫ਼-ਸਫ਼ਾਈ, ਬੀਮਾਰੀਆਂ ਤੋਂ ਬਚਾਉਣ ਜਾਂ ਦਵਾਈਆਂ ਅਤੇ ਟੀਕਿਆਂ ਕਰਕੇ ਹੋਇਆ। ਕੁਝ ਵਿਗਿਆਨੀ ਮੰਨਦੇ ਹਨ ਕਿ ਅੱਜ ਇਨਸਾਨਾਂ ਦੀ ਜਿੰਨੀ ਉਮਰ ਹੁੰਦੀ ਹੈ, ਇਹ ਇਸ ਨਾਲੋਂ ਹੋਰ ਜ਼ਿਆਦਾ ਨਹੀਂ ਵਧੇਗੀ।

ਲਗਭਗ 3,500 ਸਾਲ ਪਹਿਲਾਂ ਬਾਈਬਲ ਦੇ ਇਕ ਲਿਖਾਰੀ ਮੂਸਾ ਨੇ ਇਹ ਗੱਲ ਲਿਖੀ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।” (ਜ਼ਬੂਰਾਂ ਦੀ ਪੋਥੀ 90:10) ਚਾਹੇ ਇਨਸਾਨ ਜ਼ਿੰਦਗੀ ਦੀ ਲੰਬਾਈ ਵਧਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਅਸਲ ਵਿਚ ਔਸਤਨ ਉਮਰ ਉੱਨੀ ਹੀ ਹੈ ਜਿੰਨੀ ਮੂਸਾ ਨੇ ਦੱਸੀ ਹੈ।

ਦੂਸਰੇ ਪਾਸੇ, ਕੁਝ ਕੱਛੂਕੁੰਮੇ 150 ਤੋਂ ਜ਼ਿਆਦਾ ਸਾਲ ਜੀਉਂਦੇ ਰਹਿ ਸਕਦੇ ਹਨ ਅਤੇ ਦਿਆਰ ਵਗੈਰਾ ਦੇ ਦਰਖ਼ਤ ਹਜ਼ਾਰਾਂ ਸਾਲ ਜੀਉਂਦੇ ਰਹਿ ਸਕਦੇ ਹਨ। ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਤੁਲਨਾ ਇਨ੍ਹਾਂ ਨਾਲ ਕਰਦੇ ਹਾਂ, ਤਾਂ ਅਸੀਂ ਸੋਚਦੇ ਹਾਂ, ‘ਸਾਡੀ ਉਮਰ ਸਿਰਫ਼ 70 ਜਾਂ 80 ਸਾਲਾਂ ਦੀ ਕਿਉਂ ਹੈ?’