ਕੀ ਚੰਗੇ ਕੰਮ ਕਰਨ ਨਾਲ ਸਾਡਾ ਭਵਿੱਖ ਵਧੀਆ ਹੋਵੇਗਾ?
ਸਦੀਆਂ ਤੋਂ ਲੋਕ ਮੰਨਦੇ ਆਏ ਹਨ ਕਿ ਚੰਗਾ ਇਨਸਾਨ ਬਣਨ ਤੇ ਚੰਗੇ ਕੰਮ ਕਰਨ ਕਰਕੇ ਉਨ੍ਹਾਂ ਦਾ ਭਵਿੱਖ ਵਧੀਆ ਹੋ ਸਕਦਾ ਹੈ। ਮਿਸਾਲ ਲਈ, ਏਸ਼ੀਆ ਦੇ ਕੁਝ ਦੇਸ਼ਾਂ ਦੇ ਲੋਕ ਕਨਫਿਊਸ਼ਸ (ਜਨਮ: 551 ਈਸਵੀ ਪੂਰਵ; ਮੌਤ: 479 ਈਸਵੀ ਪੂਰਵ) ਨਾਂ ਦੇ ਫ਼ਿਲਾਸਫ਼ਰ ਦੀ ਇਸ ਗੱਲ ਨਾਲ ਸਹਿਮਤ ਹਨ: “ਜਿਸ ਤਰ੍ਹਾਂ ਤੁਸੀਂ ਆਪ ਨਹੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸ ਤਰ੍ਹਾਂ ਪੇਸ਼ ਨਾ ਆਓ।”
ਬਹੁਤ ਸਾਰੇ ਲੋਕ ਇੱਦਾਂ ਕਰਦੇ ਹਨ
ਬਹੁਤ ਸਾਰੇ ਲੋਕ ਹਾਲੇ ਵੀ ਇਹੀ ਮੰਨਦੇ ਹਨ ਕਿ ਦੂਜਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਕਰਕੇ ਉਨ੍ਹਾਂ ਦਾ ਭਵਿੱਖ ਵਧੀਆ ਹੋਵੇਗਾ। ਇਸ ਲਈ ਉਹ ਦੂਜਿਆਂ ਨਾਲ ਆਦਰ ਨਾਲ ਪੇਸ਼ ਆਉਂਦੇ ਹਨ, ਆਪਣੇ ਵਿਚ ਚੰਗੇ ਸੰਸਕਾਰ ਪੈਦਾ ਕਰਦੇ ਹਨ ਤੇ ਸਮਾਜ ਵਿਚ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਹਨ। ਉਹ ਕਿਸੇ ਦਾ ਬੁਰਾ ਨਹੀਂ ਕਰਦੇ ਜਿਸ ਕਰਕੇ ਉਨ੍ਹਾਂ ਨੂੰ ਕਿਸੇ ਗੱਲ ਦਾ ਪਛਤਾਵਾ ਨਹੀਂ ਹੁੰਦਾ। ਵੀਅਤਨਾਮ ਤੋਂ ਲਿਨ ਕਹਿੰਦੀ ਹੈ: “ਮੈਂ ਹਮੇਸ਼ਾ ਮੰਨਦੀ ਸੀ ਕਿ ਜੇ ਮੈਂ ਈਮਾਨਦਾਰ ਰਹਾਂ ਤੇ ਸੱਚ ਬੋਲਾਂ, ਤਾਂ ਮੇਰੇ ਨਾਲ ਵਧੀਆ ਹੀ ਹੋਵੇਗਾ।”
ਕੁਝ ਲੋਕ ਸਿਰਫ਼ ਇਸ ਕਰਕੇ ਚੰਗੇ ਕੰਮ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਧਰਮ ਉਨ੍ਹਾਂ ਨੂੰ ਇੱਦਾਂ ਕਰਨਾ ਸਿਖਾਉਂਦਾ ਹੈ। ਤਾਈਵਾਨ ਤੋਂ ਸ਼ੂ-ਯੂਨ ਕਹਿੰਦਾ ਹੈ: “ਮੈਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਸੀ ਕਿ ਜੇ ਇਕ ਵਿਅਕਤੀ ਚੰਗੇ ਕੰਮ ਕਰੇਗਾ, ਤਾਂ ਉਹ ਮਰਨ ਤੋਂ ਬਾਅਦ ਸਵਰਗ ਵਿਚ ਜਾਵੇਗਾ। ਪਰ ਜੇ ਉਹ ਬੁਰੇ ਕੰਮ ਕਰੇਗਾ, ਤਾਂ ਨਰਕ ਦੀ ਅੱਗ ਵਿਚ ਹਮੇਸ਼ਾ ਲਈ ਤੜਫੇਗਾ।”
ਕੀ ਇਸ ਨਾਲ ਲੋਕਾਂ ਨੂੰ ਫ਼ਾਇਦਾ ਹੋਇਆ?
ਇਹ ਸੱਚ ਹੈ ਕਿ ਦੂਜਿਆਂ ਦਾ ਭਲਾ ਕਰਨ ਨਾਲ ਸਾਨੂੰ ਬਹੁਤ ਫ਼ਾਇਦੇ ਹੁੰਦੇ ਹਨ। ਪਰ ਬਹੁਤ ਸਾਰੇ ਲੋਕਾਂ ਨਾਲ ਇੱਦਾਂ ਹੋਇਆ ਹੈ ਕਿ ਉਨ੍ਹਾਂ ਨੇ ਤਾਂ ਦਿਲੋਂ ਦੂਜਿਆਂ ਦਾ ਭਲਾ ਕੀਤਾ, ਪਰ ਬਦਲੇ ਵਿਚ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਗਿਆ। ਹਾਂਗ ਕਾਂਗ ਦੀ ਰਹਿਣ ਵਾਲੀ ਸ਼ੂ-ਪਿੰਨ ਨਾਲ ਵੀ ਇੱਦਾਂ ਹੀ ਹੋਇਆ। ਉਹ ਦੱਸਦੀ ਹੈ: “ਮੈਂ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਵਿਚ ਜੀ-ਜਾਨ ਲਾ ਦਿੱਤੀ। ਪਰ ਇਸ ਦਾ ਮੈਨੂੰ ਕੋਈ ਫ਼ਾਇਦਾ ਨਹੀਂ ਹੋਇਆ। ਮੇਰਾ ਵਿਆਹੁਤਾ ਰਿਸ਼ਤਾ ਖ਼ਤਮ ਹੋ ਗਿਆ ਅਤੇ ਮੇਰੇ ਪਤੀ ਮੈਨੂੰ ਤੇ ਮੇਰੇ ਮੁੰਡੇ ਨੂੰ ਛੱਡ ਕੇ ਚਲੇ ਗਏ।”
ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ ਕਿ ਧਰਮ ਨੂੰ ਮੰਨਣ ਵਾਲੇ ਸਾਰੇ ਲੋਕ ਚੰਗੇ ਨਹੀਂ ਹੁੰਦੇ। ਜਪਾਨ ਵਿਚ ਰਹਿਣ ਵਾਲੀ ਈਟਸਕੂ ਕਹਿੰਦੀ ਹੈ: “ਮੈਂ ਇਕ ਧਾਰਮਿਕ ਸੰਗਠਨ ਨਾਲ ਜੁੜ ਗਈ। ਮੈਂ ਨੌਜਵਾਨਾਂ ਲਈ ਪ੍ਰੋਗ੍ਰਾਮਾਂ ਦਾ ਪ੍ਰਬੰਧ ਕਰਦੀ ਸੀ। ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਸ ਧਰਮ ਦੇ ਕੁਝ ਲੋਕ ਗ਼ਲਤ ਕੰਮ ਕਰਦੇ ਹਨ, ਇਕ-ਦੂਜੇ ਤੋਂ ਵੱਡਾ ਬਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਦਾਨ ਦੇ ਪੈਸਿਆਂ ਦਾ ਗ਼ਲਤ ਇਸਤੇਮਾਲ ਕਰਦੇ ਸਨ।”
“ਮੈਂ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਵਿਚ ਜੀ-ਜਾਨ ਲਾ ਦਿੱਤੀ। ਪਰ ਇਸ ਦਾ ਮੈਨੂੰ ਕੋਈ ਫ਼ਾਇਦਾ ਨਹੀਂ ਹੋਇਆ। ਮੇਰਾ ਵਿਆਹੁਤਾ ਰਿਸ਼ਤਾ ਖ਼ਤਮ ਹੋ ਗਿਆ ਅਤੇ ਮੇਰੇ ਪਤੀ ਮੈਨੂੰ ਤੇ ਮੇਰੇ ਮੁੰਡੇ ਨੂੰ ਛੱਡ ਕੇ ਚਲੇ ਗਏ।”—ਸ਼ੂ-ਪਿੰਨ, ਹਾਂਗ ਕਾਂਗ
ਰੱਬ ਨੂੰ ਮੰਨਣ ਵਾਲੇ ਲੋਕ ਹਮੇਸ਼ਾ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਫਿਰ ਵੀ ਉਨ੍ਹਾਂ ਨਾਲ ਬੁਰਾ ਹੁੰਦਾ ਹੈ ਜਿਸ ਕਰਕੇ ਉਹ ਨਿਰਾਸ਼ ਹੋ ਜਾਂਦੇ ਹਨ। ਵੀਅਤਨਾਮ ਦੀ ਵੈੱਨ ਨਾਲ ਵੀ ਇੱਦਾਂ ਹੀ ਹੋਇਆ। ਉਸ ਨੇ ਕਿਹਾ: “ਮੈਂ ਆਪਣੇ ਜਠੇਰਿਆਂ ਦੀ ਪੂਜਾ ਕਰਦੀ ਸੀ ਤੇ ਹਰ ਰੋਜ਼ ਉਨ੍ਹਾਂ ਨੂੰ ਫਲ, ਫੁੱਲ ਤੇ ਖਾਣਾ ਚੜ੍ਹਾਉਂਦੀ ਸੀ। ਮੈਂ ਮੰਨਦੀ ਸੀ ਕਿ ਇਸ ਦਾ ਇਨਾਮ ਮੈਨੂੰ ਭਵਿੱਖ ਵਿਚ ਮਿਲੇਗਾ। ਇੰਨੇ ਸਾਲ ਪੂਜਾ-ਪਾਠ ਤੇ ਚੰਗੇ ਕੰਮ ਕਰਨ ਦਾ ਮੈਨੂੰ ਕੋਈ ਫ਼ਾਇਦਾ ਨਹੀਂ ਹੋਇਆ। ਮੇਰੇ ਪਤੀ ਬਹੁਤ ਬੀਮਾਰ ਹੋ ਗਏ। ਕੁਝ ਸਮੇਂ ਬਾਅਦ ਮੇਰੀ ਕੁੜੀ ਦੀ ਮੌਤ ਹੋ ਗਈ ਜੋ ਕਿਸੇ ਹੋਰ ਦੇਸ਼ ਵਿਚ ਪੜ੍ਹ ਰਹੀ ਸੀ। ਉਹ ਸਿਰਫ਼ 20 ਸਾਲਾਂ ਦੀ ਸੀ।”
ਸੋ ਅਸੀਂ ਦੇਖਿਆ ਕਿ ਸਿਰਫ਼ ਚੰਗੇ ਕੰਮ ਕਰਨ ਨਾਲ ਇਹ ਗਾਰੰਟੀ ਨਹੀਂ ਮਿਲਦੀ ਕਿ ਸਾਡਾ ਭਵਿੱਖ ਵਧੀਆ ਹੋਵੇਗਾ। ਤਾਂ ਫਿਰ ਸਾਨੂੰ ਵਧੀਆ ਭਵਿੱਖ ਪਾਉਣ ਬਾਰੇ ਕੌਣ ਸਹੀ-ਸਹੀ ਦੱਸ ਸਕਦਾ ਹੈ? ਅਗਲੇ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।