ਮੁੱਖ ਪੰਨੇ ਤੋਂ | ਕੌਣ ਦੇ ਸਕਦਾ ਹੈ ਦਿਲਾਸਾ?
ਸਾਨੂੰ ਸਾਰਿਆਂ ਨੂੰ ਹੌਸਲੇ ਦੀ ਲੋੜ ਹੈ
ਕੀ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਛੋਟੇ ਹੁੰਦਿਆਂ ਡਿਗ ਗਏ ਸੀ? ਸ਼ਾਇਦ ਤੁਹਾਡਾ ਹੱਥ ਕਿਤਿਓਂ ਵੱਢ ਹੋ ਗਿਆ ਸੀ ਜਾਂ ਤੁਹਾਡੇ ਗੋਡੇ ’ਤੇ ਰਗੜ ਲੱਗ ਗਈ ਸੀ। ਕੀ ਤੁਹਾਨੂੰ ਯਾਦ ਹੈ ਕਿ ਤੁਹਾਡੀ ਮੰਮੀ ਨੇ ਤੁਹਾਨੂੰ ਕਿਵੇਂ ਹੌਸਲਾ ਦਿੱਤਾ ਸੀ? ਸ਼ਾਇਦ ਉਸ ਨੇ ਤੁਹਾਡਾ ਜ਼ਖ਼ਮ ਸਾਫ਼ ਕੀਤਾ ਤੇ ਉਸ ’ਤੇ ਪੱਟੀ ਬੰਨ੍ਹੀ। ਤੁਸੀਂ ਰੋ ਰਹੇ ਸੀ, ਪਰ ਜਦੋਂ ਉਸ ਨੇ ਹੌਸਲੇ ਭਰੇ ਸ਼ਬਦ ਕਹੇ ਤੇ ਤੁਹਾਨੂੰ ਗਲ਼ੇ ਲਾਇਆ, ਤਾਂ ਤੁਹਾਡਾ ਦਰਦ ਝੱਟ ਹੀ ਗਾਇਬ ਹੋ ਗਿਆ। ਉਸ ਵੇਲੇ ਤੁਹਾਨੂੰ ਸੌਖਿਆਂ ਹੀ ਹੌਸਲਾ ਮਿਲ ਜਾਂਦਾ ਸੀ।
ਪਰ ਜਿੱਦਾਂ-ਜਿੱਦਾਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਸਾਡੀ ਜ਼ਿੰਦਗੀ ਗੁੰਝਲਦਾਰ ਬਣਦੀ ਜਾਂਦੀ ਹੈ। ਮੁਸ਼ਕਲਾਂ ਵੱਡੀਆਂ ਹੁੰਦੀਆਂ ਜਾਂਦੀਆਂ ਤੇ ਦਿਲਾਸਾ ਮਿਲਣਾ ਮੁਸ਼ਕਲ ਹੋ ਜਾਂਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਜੋ ਮੁਸ਼ਕਲਾਂ ਸਾਨੂੰ ਵੱਡੇ ਹੋ ਕੇ ਆਉਂਦੀਆਂ ਹਨ, ਉਹ ਪੱਟੀ ਬੰਨ੍ਹਣ ਨਾਲ ਤੇ ਮਾਂ ਦੇ ਜੱਫ਼ੀ ਪਾਉਣ ਨਾਲ ਦੂਰ ਨਹੀਂ ਹੁੰਦੀਆਂ। ਕੁਝ ਮਿਸਾਲਾਂ ’ਤੇ ਗੌਰ ਕਰੋ।
-
ਕੀ ਤੁਹਾਨੂੰ ਕਦੇ ਨੌਕਰੀ ਛੁੱਟਣ ਕਰਕੇ ਝਟਕਾ ਲੱਗਾ? ਹੂਲੀਯਾਨ ਕਹਿੰਦਾ ਹੈ ਕਿ ਜਦੋਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਤਾਂ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰੇ। ਉਸ ਨੇ ਸੋਚਿਆ ਕਿ ‘ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਤੋਰਾਂਗਾ?’ ‘ਇੰਨੇ ਸਾਲ ਮਿਹਨਤ ਕਰਨ ਦੇ ਬਾਵਜੂਦ ਵੀ ਕੰਪਨੀ ਨੂੰ ਕਿਉਂ ਲੱਗਾ ਕਿ ਮੈਂ ਕਿਸੇ ਕੰਮ ਦਾ ਨਹੀਂ?’
-
ਜੇ ਤੁਹਾਡੇ ਵਿਆਹੁਤਾ ਜੀਵਨ ਦੀ ਡੋਰ ਟੁੱਟ ਜਾਂਦੀ ਹੈ, ਤਾਂ ਤੁਹਾਡੀ ਦੁਨੀਆਂ ਹੀ ਉਜੜ ਜਾਂਦੀ ਹੈ। ਰਾਕੇਲ ਦੱਸਦੀ ਹੈ: “18 ਮਹੀਨੇ ਪਹਿਲਾਂ ਜਦੋਂ ਮੇਰਾ ਪਤੀ ਅਚਾਨਕ ਮੈਨੂੰ ਛੱਡ ਕੇ ਚਲਾ ਗਿਆ, ਤਾਂ ਉਦਾਸੀ ਨੇ ਮੈਨੂੰ ਘੇਰ ਲਿਆ। ਮੇਰਾ ਦਿਲ ਟੁਕੜੇ-ਟੁਕੜੇ ਹੋ ਗਿਆ। ਮੇਰਾ ਨਾ ਸਿਰਫ਼ ਦਿਲ ਦੁਖੀ ਸੀ, ਸਗੋਂ ਮੇਰੀ ਸਿਹਤ ਵੀ ਖ਼ਰਾਬ ਰਹਿਣ ਲੱਗੀ। ਮੇਰੇ ’ਤੇ ਡਰ ਛਾ ਗਿਆ।”
-
ਸ਼ਾਇਦ ਤੁਹਾਨੂੰ ਕੋਈ ਗੰਭੀਰ ਸਿਹਤ ਸਮੱਸਿਆ ਹੋਵੇ ਜਿਸ ਦੇ ਠੀਕ ਹੋਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਕਦੇ-ਕਦੇ ਤੁਸੀਂ ਸ਼ਾਇਦ ਪੁਰਾਣੇ ਜ਼ਮਾਨੇ ਦੇ ਭਗਤ ਅੱਯੂਬ ਵਾਂਗ ਮਹਿਸੂਸ ਕਰੋ ਜਿਸ ਨੇ ਦੁਖੀ ਹੋ ਕੇ ਕਿਹਾ ਸੀ: “ਮੈਂ ਜੀਉਣਾ ਨਹੀਂ ਚਾਹੁੰਦਾ, ਮੈਂ ਥੱਕ ਗਿਆ ਹਾਂ।” (ਅੱਯੂਬ 7:16, CL) ਸ਼ਾਇਦ ਤੁਸੀਂ 80 ਕੁ ਸਾਲਾਂ ਦੇ ਲੂਈਸ ਵਾਂਗ ਮਹਿਸੂਸ ਕਰੋ ਜਿਸ ਨੇ ਕਿਹਾ: “ਕਦੇ-ਕਦੇ ਤਾਂ ਮੈਨੂੰ ਲੱਗਦਾ ਕਿ ਮੈਂ ਬਸ ਮਰਨ ਦੀ ਉਡੀਕ ਕਰ ਰਿਹਾ ਹਾਂ।”
-
ਹੋ ਸਕਦਾ ਹੈ ਕਿ ਤੁਸੀਂ ਕਿਸੇ ਦੋਸਤ-ਰਿਸ਼ਤੇਦਾਰ ਦੀ ਮੌਤ ਕਰਕੇ ਦਿਲਾਸੇ ਲਈ ਤਰਸ ਰਹੇ ਹੋ। ਰੌਬਰਟ ਦੱਸਦਾ ਹੈ: “ਜਦੋਂ ਮੇਰੇ ਮੁੰਡੇ ਦੀ ਹਵਾਈ ਹਾਦਸੇ ਵਿਚ ਮੌਤ ਹੋ ਗਈ, ਤਾਂ ਪਹਿਲਾਂ ਮੈਨੂੰ ਇਸ ਗੱਲ ’ਤੇ ਯਕੀਨ ਨਹੀਂ ਹੋਇਆ। ਜਦੋਂ ਮੈਨੂੰ ਯਕੀਨ ਹੋਇਆ, ਤਾਂ ਇਹ ਦੁੱਖ ਇੰਨਾ ਜ਼ਿਆਦਾ ਸੀ ਜਿਵੇਂ ਇਕ ਲੰਬੀ ਤਲਵਾਰ ਨੇ ਮੇਰੇ ਕਲੇਜੇ ਨੂੰ ਵਿੰਨ੍ਹ ਦਿੱਤਾ ਹੋਵੇ।”—ਲੂਕਾ 2:35.
ਰੌਬਰਟ, ਲੂਈਸ, ਰਾਕੇਲ ਅਤੇ ਹੂਲੀਯਾਨ ਨੂੰ ਦੁੱਖਾਂ ਭਰੀਆਂ ਘੜੀਆਂ ਵਿਚ ਦਿਲਾਸਾ ਮਿਲਿਆ। ਇਹ ਦਿਲਾਸਾ ਉਨ੍ਹਾਂ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਨਹੀਂ ਦੇ ਸਕਦਾ ਸੀ। ਰੱਬ ਦਿਲਾਸਾ ਕਿਵੇਂ ਦਿੰਦਾ ਹੈ? ਕੀ ਉਹ ਤੁਹਾਨੂੰ ਵੀ ਦਿਲਾਸਾ ਦੇ ਸਕਦਾ ਹੈ?