Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਕੀ ਇਹ ਗੱਲ ਵਿਸ਼ਵਾਸਯੋਗ ਹੈ ਕਿ ਪੁਰਾਣੇ ਸਮਿਆਂ ਵਿਚ ਕੋਈ ਕਿਸੇ ਹੋਰ ਦੇ ਖੇਤ ਵਿਚ ਜੰਗਲੀ ਬੂਟੀ ਦੇ ਬੀ ਬੀਜ ਦਿੰਦਾ ਸੀ?

ਇਹ ਸਮਰਾਟ ਜਸਟਿਨੀਅਨ ਦੀ 1468 ਦੀ ਡਾਇਜੈਸਟ ਦੀ ਇਕ ਕਾਪੀ ਹੈ। ਇਹ ਪੁਰਾਣੇ ਜ਼ਮਾਨੇ ਦੇ ਕਾਨੂੰਨੀ ਮੁਕੱਦਮਿਆਂ ਦੇ ਬਹੁਤ ਸਾਰੇ ਦਸਤਾਵੇਜ਼ਾਂ ਵਿੱਚੋਂ ਇਕ ਹੈ

ਮੱਤੀ 13:24-26 ਵਿਚ ਯਿਸੂ ਨੇ ਕਿਹਾ: “ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜਿਸ ਨੇ ਆਪਣੇ ਖੇਤ ਵਿਚ ਚੰਗਾ ਬੀ ਬੀਜਿਆ। ਜਦੋਂ ਸਾਰੇ ਸੌਂ ਰਹੇ ਸਨ, ਤਾਂ ਉਸ ਦਾ ਦੁਸ਼ਮਣ ਆਇਆ ਅਤੇ ਕਣਕ ਵਿਚ ਜੰਗਲੀ ਬੂਟੀ ਦੇ ਬੀ ਬੀਜ ਕੇ ਚਲਾ ਗਿਆ। ਜਦੋਂ ਕਣਕ ਦੇ ਬੂਟੇ ਵੱਡੇ ਹੋਏ ਤੇ ਉਨ੍ਹਾਂ ਨੂੰ ਸਿੱਟੇ ਲੱਗੇ, ਤਾਂ ਜੰਗਲੀ ਬੂਟੀ ਵੀ ਦਿਸ ਪਈ।” ਕੁਝ ਲਿਖਾਰੀ ਕਹਿੰਦੇ ਹਨ ਕਿ ਇਹ ਸਿਰਫ਼ ਇਕ ਮਿਸਾਲ ਸੀ, ਪਰ ਅਸਲ ਵਿਚ ਇਸ ਤਰ੍ਹਾਂ ਨਹੀਂ ਸੀ ਹੁੰਦਾ। ਪਰ ਰੋਮੀਆਂ ਦੇ ਕੁਝ ਪੁਰਾਣੇ ਕਾਨੂੰਨੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਅਸਲ ਵਿਚ ਹੁੰਦਾ ਸੀ।

ਬਾਈਬਲ ਦਾ ਇਕ ਕੋਸ਼ ਕਹਿੰਦਾ ਹੈ: “ਬਦਲਾ ਲੈਣ ਲਈ ਕਿਸੇ ਦੇ ਖੇਤ ਵਿਚ ਜੰਗਲੀ ਬੂਟੀ ਬੀਜਣਾ . . . ਰੋਮੀ ਕਾਨੂੰਨ ਮੁਤਾਬਕ ਅਪਰਾਧ ਮੰਨਿਆ ਜਾਂਦਾ ਸੀ। ਇਸ ਖ਼ਿਲਾਫ਼ ਕਾਨੂੰਨ ਬਣਾਇਆ ਗਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਅਪਰਾਧ ਆਮ ਹੁੰਦਾ ਸੀ।” ਕਾਨੂੰਨ ਦਾ ਵਿਦਵਾਨ ਐਲੀਸਟਰ ਕੇਰ ਦੱਸਦਾ ਹੈ ਕਿ 533 ਈਸਵੀ ਵਿਚ ਰੋਮੀ ਸਮਰਾਟ ਜਸਟਿਨੀਅਨ ਨੇ ਆਪਣੇ ਜ਼ਮਾਨੇ ਦੇ ਰੋਮੀ ਕਾਨੂੰਨਾਂ ਦਾ ਸਾਰ ਅਤੇ ਪੁਰਾਣੇ ਜ਼ਮਾਨੇ (ਲਗਭਗ 100-250 ਈਸਵੀ) ਦੇ ਵਕੀਲਾਂ ਦੀਆਂ ਕੁਝ ਗੱਲਾਂ ਨੂੰ ਇਕੱਠਾ ਕਰ ਕੇ ਕਿਤਾਬ ਛਪਵਾਈ। ਡਾਇਜੈਸਟ ਨਾਂ ਦੀ ਇਸ ਕਿਤਾਬ ਮੁਤਾਬਕ (Digest, 9.2.27.14) ਉਲਪੀਅਨ ਨਾਂ ਦੇ ਵਕੀਲ ਨੇ ਦੂਜੀ ਸਦੀ ਦੇ ਸਿਆਸਤਦਾਨ ਸੇਲਸਸ ਦੁਆਰਾ ਸੁਣੇ ਮੁਕੱਦਮੇ ਦਾ ਜ਼ਿਕਰ ਕੀਤਾ। ਕਿਸੇ ਆਦਮੀ ਨੇ ਦੂਸਰੇ ਦੇ ਖੇਤ ਵਿਚ ਜੰਗਲੀ ਬੂਟੀ ਬੀਜੀ, ਇਸ ਕਰਕੇ ਫ਼ਸਲ ਖ਼ਰਾਬ ਹੋ ਗਈ। ਡਾਇਜੈਸਟ ਵਿਚ ਦੱਸਿਆ ਗਿਆ ਸੀ ਕਿ ਇਸ ਮਾਮਲੇ ਵਿਚ ਜ਼ਮੀਂਦਾਰ ਜਾਂ ਠੇਕੇਦਾਰ ਕਾਨੂੰਨ ਦਾ ਕਿੱਦਾਂ ਸਹਾਰਾ ਲੈ ਸਕਦੇ ਸਨ ਤਾਂਕਿ ਅਪਰਾਧੀ ਦੁਆਰਾ ਨੁਕਸਾਨ ਦਾ ਘਾਟਾ ਪੂਰਾ ਕੀਤਾ ਜਾਵੇ।

ਪਹਿਲੀ ਸਦੀ ਵਿਚ ਰੋਮੀ ਸਰਕਾਰ ਨੇ ਯਹੂਦੀ ਅਧਿਕਾਰੀਆਂ ਨੂੰ ਕਿੰਨਾ ਕੁ ਇਖ਼ਤਿਆਰ ਦਿੱਤਾ ਸੀ?

ਪਹਿਲੀ ਸਦੀ ਵਿਚ ਰੋਮੀ ਸਰਕਾਰ ਯਹੂਦੀਆ ’ਤੇ ਰਾਜਪਾਲ ਠਹਿਰਾਉਂਦੀ ਸੀ ਅਤੇ ਉਸ ਦੇ ਅਧੀਨ ਫ਼ੌਜੀ ਵੀ ਤਾਇਨਾਤ ਕੀਤੇ ਜਾਂਦੇ ਸਨ। ਰਾਜਪਾਲ ਦੇ ਮੁੱਖ ਕੰਮ ਸਨ, ਸਰਕਾਰ ਲਈ ਟੈਕਸ ਇਕੱਠਾ ਕਰਨਾ, ਸ਼ਾਂਤੀ ਬਣਾਈ ਰੱਖਣੀ ਅਤੇ ਕਾਨੂੰਨ ਦੀ ਪਾਲਣਾ ਕਰਵਾਉਣੀ। ਰੋਮੀ ਸਰਕਾਰ ਗ਼ੈਰ-ਕਾਨੂਨੀ ਕੰਮਾਂ ਦੇ ਖ਼ਿਲਾਫ਼ ਝੱਟ ਕਦਮ ਚੁੱਕਦੀ ਸੀ ਅਤੇ ਵਿਦਰੋਹੀਆਂ ਨੂੰ ਸਜ਼ਾ ਦਿੰਦੀ ਸੀ। ਪਰ ਉਹ ਯਹੂਦੀ ਸਮਾਜ ਦੇ ਆਮ ਮਾਮਲਿਆਂ ਵਿਚ ਜ਼ਿਆਦਾ ਦਖ਼ਲ ਨਹੀਂ ਸੀ ਦਿੰਦੀ। ਇਹ ਮਾਮਲੇ ਸਮਾਜ ਦੇ ਆਗੂਆਂ ਦੇ ਹੱਥਾਂ ਵਿਚ ਛੱਡੇ ਜਾਂਦੇ ਸਨ।

ਯਹੂਦੀ ਮਹਾਸਭਾ ਬੈਠੀ ਹੋਈ

ਮਹਾਸਭਾ ਯਹੂਦੀਆਂ ਲਈ ਸੁਪਰੀਮ ਕੋਰਟ ਵਜੋਂ ਕੰਮ ਕਰਦੀ ਸੀ ਅਤੇ ਯਹੂਦੀ ਕਾਨੂੰਨ ਦੇ ਮਾਮਲਿਆਂ ਨਾਲ ਨਿਪਟਦੀ ਸੀ। ਯਹੂਦੀਆ ਵਿਚ ਹੋਰ ਵੀ ਬਹੁਤ ਸਾਰੀਆਂ ਕਚਹਿਰੀਆਂ ਹੁੰਦੀਆਂ ਸਨ ਅਤੇ ਜ਼ਿਆਦਾਤਰ ਛੋਟੇ-ਮੋਟੇ ਮੁਕੱਦਮਿਆਂ ਦੀ ਸੁਣਵਾਈ ਇਨ੍ਹਾਂ ਵਿਚ ਹੀ ਹੁੰਦੀ ਸੀ। ਰੋਮੀ ਸਰਕਾਰ ਦਾ ਇਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪਰ ਸਰਕਾਰ ਨੇ ਯਹੂਦੀ ਅਦਾਲਤਾਂ ’ਤੇ ਇਹ ਬੰਦਸ਼ ਲਾਈ ਸੀ ਕਿ ਉਹ ਮੁਜਰਮਾਂ ਨੂੰ ਮੌਤ ਦੀ ਮਜ਼ਾ ਨਹੀਂ ਸੁਣਾ ਸਕਦੀਆਂ ਸਨ। ਰੋਮੀ ਆਮ ਕਰਕੇ ਇਸ ਨੂੰ ਆਪਣਾ ਹੀ ਹੱਕ ਮੰਨਦੇ ਸਨ ਅਤੇ ਯਹੂਦੀ ਅਦਾਲਤਾਂ ਨੂੰ ਅਜਿਹਾ ਗੰਭੀਰ ਫ਼ੈਸਲਾ ਕਰਨ ਦੇ ਕਾਬਲ ਨਹੀਂ ਸਮਝਦੇ ਸਨ। ਇਹ ਗੱਲ ਜਾਣਨ ਦੇ ਬਾਵਜੂਦ ਵੀ ਯਹੂਦੀ ਮਹਾਸਭਾ ਦੇ ਮੈਂਬਰਾਂ ਨੇ ਇਸਤੀਫ਼ਾਨ ਉੱਤੇ ਮੁਕੱਦਮਾ ਚਲਾਇਆ ਅਤੇ ਉਸ ਨੂੰ ਪੱਥਰਾਂ ਨਾਲ ਮਰਵਾ ਸੁੱਟਿਆ।​—ਰਸੂ. 6:8-15; 7:54-60.

ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਕਿ ਮਹਾਸਭਾ ਦਾ ਕਾਫ਼ੀ ਇਖ਼ਤਿਆਰ ਸੀ। ਪਰ ਵਿਦਵਾਨ ਐਮੀਲ ਸ਼ੂਰਰ ਦੱਸਦਾ ਹੈ ਕਿ ਯਹੂਦੀਆਂ ਉੱਤੇ “ਸਭ ਤੋਂ ਵੱਡੀ ਬੰਦਸ਼ ਇਹ ਸੀ ਕਿ ਰੋਮੀ ਸਰਕਾਰ ਕਿਸੇ ਵੀ ਵੇਲੇ ਪਹਿਲ ਕਰ ਕੇ ਆਪ ਹੀ ਕਦਮ ਚੁੱਕ ਸਕਦੀ ਸੀ, ਜਿਵੇਂ ਕਿ ਉਦੋਂ ਜਦੋਂ ਉਸ ਨੂੰ ਰਾਜਨੀਤਿਕ ਪਾਲਸੀ ਦੀ ਉਲੰਘਣਾ ਹੋਣ ਦਾ ਸ਼ੱਕ ਸੀ।” ਮਿਸਾਲ ਲਈ, ਇਸ ਤਰ੍ਹਾਂ ਸੈਨਾਪਤੀ ਕਲੋਡੀਉਸ ਲੁਸੀਅਸ ਦੇ ਅਧੀਨ ਹੋਇਆ ਸੀ ਜਿਸ ਨੇ ਰੋਮੀ ਨਾਗਰਿਕ ਪੌਲੁਸ ਰਸੂਲ ਨੂੰ ਹਿਰਾਸਤ ਵਿਚ ਲਿਆ ਸੀ।​—ਰਸੂ. 23:26-30.