ਜੀਵਨੀ
ਮੈਂ ਵਧੀਆ ਮਿਸਾਲਾਂ ਦੀ ਰੀਸ ਕੀਤੀ
“ਤੁਹਾਨੂੰ ਪਤਾ ਮੇਰੀ ਉਮਰ ਕਿੰਨੀ ਹੈ?” ਮੈਂ ਪੁੱਛਿਆ। ਇਜ਼ੈਕ ਮੁਰੇ ਨੇ ਮੈਨੂੰ ਕਿਹਾ: “ਹਾਂਜੀ ਮੈਨੂੰ ਬਿਲਕੁਲ ਪਤਾ ਹੈ।” ਉਸ ਨੇ ਪੈਟਰਸਨ, ਨਿਊਯਾਰਕ ਤੋਂ ਮੈਨੂੰ ਕੋਲੋਰਾਡੋ ਵਿਚ ਫ਼ੋਨ ਕੀਤਾ। ਆਓ ਮੈਂ ਦੱਸਾਂ ਕਿ ਸਾਡੀ ਗੱਲਬਾਤ ਤੋਂ ਪਹਿਲਾਂ ਕੀ-ਕੀ ਹੋਇਆ।
ਮੇਰਾ ਜਨਮ 10 ਦਸੰਬਰ 1936 ਵਿਚਿਟਾ, ਕੈਂਸਸ, ਅਮਰੀਕਾ ਵਿਚ ਹੋਇਆ। ਮੈਂ ਆਪਣੇ ਚਾਰ ਭੈਣਾਂ-ਭਰਾਵਾਂ ਵਿੱਚੋਂ ਵੱਡਾ ਸੀ। ਮੇਰੇ ਮਾਪੇ ਵਿਲੀਅਮ ਅਤੇ ਜੀਨ ਯਹੋਵਾਹ ਦੇ ਵਫ਼ਾਦਾਰ ਸੇਵਕ ਸਨ। ਪਿਤਾ ਜੀ ਮੰਡਲੀ ਵਿਚ ਅਗਵਾਈ ਲੈਂਦੇ ਸਨ। ਉਸ ਜ਼ਮਾਨੇ ਵਿਚ ਅਗਵਾਈ ਲੈਣ ਵਾਲੇ ਭਰਾ ਨੂੰ ਕੰਪਨੀ ਸਰਵੈਂਟ ਕਿਹਾ ਜਾਂਦਾ ਸੀ। ਮੇਰੇ ਮਾਤਾ ਜੀ ਨੇ ਬਾਈਬਲ ਬਾਰੇ ਨਾਨੀ ਜੀ (ਐਮਾ ਵੈਗਨਰ) ਤੋਂ ਸਿੱਖਿਆ ਸੀ। ਨਾਨੀ ਜੀ ਨੇ ਬਹੁਤ ਸਾਰਿਆਂ ਨੂੰ ਸੱਚਾਈ ਸਿਖਾਈ ਸੀ, ਜਿਵੇਂ ਕਿ ਗਰਟਰੂਡ ਸਟੀਲ। * ਭੈਣ ਗਰਟਰੂਡ ਨੇ ਪੋਰਟੋ ਰੀਕੋ ਵਿਚ ਕਈ ਸਾਲਾਂ ਤਕ ਮਿਸ਼ਨਰੀ ਵਜੋਂ ਸੇਵਾ ਕੀਤੀ। ਸੋ ਮੇਰੇ ਸਾਮ੍ਹਣੇ ਰੀਸ ਕਰਨ ਲਈ ਬਹੁਤ ਸਾਰੀਆਂ ਮਿਸਾਲਾਂ ਸਨ।
ਵਧੀਆ ਮਿਸਾਲਾਂ ਨੂੰ ਯਾਦ ਕਰਨਾ
ਮੈਨੂੰ ਯਾਦ ਹੈ ਜਦੋਂ ਮੈਂ ਪੰਜਾਂ ਸਾਲਾਂ ਦਾ ਸੀ, ਤਾਂ ਸ਼ਨੀਵਾਰ ਦੀ ਇਕ ਸ਼ਾਮ ਮੈਂ ਅਤੇ ਪਿਤਾ ਜੀ ਸੜਕ ’ਤੇ ਆਉਂਦੇ-ਜਾਂਦੇ ਲੋਕਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! (ਪੁਰਾਣਾ ਨਾਂ ਕੌਂਸੋਲੇਸ਼ਨ) ਰਸਾਲੇ ਪੇਸ਼ ਕਰ ਰਹੇ ਸੀ। ਉਦੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ। ਇਕ ਡਾਕਟਰ ਸ਼ਰਾਬ ਦੇ ਨਸ਼ੇ ਵਿਚ ਪਿਤਾ ਜੀ ਨੂੰ ਗਾਲ਼ਾਂ ਕੱਢਣ ਲੱਗ ਪਿਆ। ਉਸ ਨੇ ਕਿਹਾ ਕਿ ਪਿਤਾ ਜੀ ਡਰਪੋਕ ਸਨ ਜਿਸ ਕਰਕੇ ਉਨ੍ਹਾਂ ਨੇ ਲੜਾਈ ਵਿਚ ਹਿੱਸਾ ਨਹੀਂ ਲਿਆ ਅਤੇ ਬਹਾਨੇ ਮਾਰ ਕੇ ਫ਼ੌਜ ਵਿਚ ਭਰਤੀ ਨਹੀਂ ਹੋਇਆ। ਉਸ ਨੇ ਪਿਤਾ ਜੀ ਦੇ ਐਨ ਨੇੜੇ ਆ ਕੇ ਕਿਹਾ: “ਮਾਰ ਤਾਂ ਸਹੀ, ਡਰਪੋਕ ਕਿਸੇ ਥਾਂ ਦਾ!” ਮੈਂ ਬਹੁਤ ਡਰ ਗਿਆ, ਪਰ ਪਿਤਾ ਜੀ ਉੱਥੇ ਇਕੱਠੀ ਹੋਈ ਭੀੜ ਨੂੰ ਰਸਾਲੇ ਦਿੰਦੇ ਰਹੇ। ਮੈਨੂੰ ਉਨ੍ਹਾਂ ’ਤੇ ਕਿੰਨਾ ਮਾਣ ਸੀ। ਫਿਰ ਇਕ ਫ਼ੌਜੀ ਲੰਘਿਆ ਅਤੇ ਡਾਕਟਰ ਨੇ ਉੱਚੀ ਆਵਾਜ਼ ਵਿਚ ਕਿਹਾ: “ਇਸ ਡਰਪੋਕ ਦਾ ਕੁਝ ਕਰ!” ਫ਼ੌਜੀ ਨੇ ਦੇਖਿਆ ਕਿ ਉਹ ਸ਼ਰਾਬੀ ਸੀ ਅਤੇ ਉਸ ਨੂੰ ਕਿਹਾ, “ਘਰ ਜਾਹ ਤੇ ਸੋਫੀ ਹੋ!” ਫਿਰ ਉਹ ਦੋਨੋਂ ਚਲੇ ਗਏ। ਮੈਨੂੰ ਅਜੇ ਵੀ ਉਹ ਦਿਨ ਯਾਦ ਹੈ। ਯਹੋਵਾਹ ਨੇ ਪਿਤਾ ਜੀ ਨੂੰ ਕਿੰਨੀ ਦਲੇਰੀ ਦਿੱਤੀ ਸੀ। ਵਿਚਿਟਾ ਸ਼ਹਿਰ ਵਿਚ ਪਿਤਾ ਜੀ ਦੀਆਂ ਨਾਈ ਦੀਆਂ ਦੋ ਦੁਕਾਨਾਂ ਸਨ ਅਤੇ ਉਹ ਡਾਕਟਰ ਉਨ੍ਹਾਂ ਦਾ ਗਾਹਕ ਸੀ!
ਜਦੋਂ ਮੈਂ ਅੱਠਾਂ ਸਾਲਾਂ ਦਾ ਸੀ, ਤਾਂ ਮੇਰੇ ਮਾਪਿਆਂ ਨੇ ਆਪਣਾ ਘਰ ਅਤੇ ਦੁਕਾਨਾਂ ਵੇਚ ਕੇ ਇਕ ਛੋਟਾ ਜਿਹਾ ਘਰ ਬਣਾਇਆ ਜਿਸ ਨੂੰ ਗੱਡੀ ਨਾਲ ਇੱਧਰ-ਉੱਧਰ ਲਿਜਾਇਆ ਜਾ ਸਕਦਾ ਸੀ। ਅਸੀਂ ਕੋਲੋਰਾਡੋ ਚਲੇ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਅਸੀਂ ਗ੍ਰੈਂਡ ਜੰਕਸ਼ਨ ਸ਼ਹਿਰ ਦੇ ਨੇੜੇ ਰਹਿਣ ਲੱਗ ਪਏ। ਉੱਥੇ ਮੇਰੇ ਮਾਪਿਆਂ ਨੇ ਪਾਇਨੀਅਰ ਸੇਵਾ ਕਰਨ ਦੇ ਨਾਲ-ਨਾਲ ਖੇਤੀ-ਬਾੜੀ ਅਤੇ ਪਸ਼ੂਆਂ ਦੀ ਦੇਖ-ਭਾਲ ਕਰਨ ਦਾ ਕੰਮ ਵੀ ਕੀਤਾ। ਯਹੋਵਾਹ ਦੀ ਅਸੀਸ ਅਤੇ ਉਨ੍ਹਾਂ
ਦੇ ਜੋਸ਼ ਸਦਕਾ ਉੱਥੇ ਇਕ ਮੰਡਲੀ ਬਣ ਗਈ। ਫਿਰ ਉੱਥੇ ਹੀ 20 ਜੂਨ 1948 ਨੂੰ ਪਿਤਾ ਜੀ ਨੇ ਮੈਨੂੰ ਨਦੀ ਵਿਚ ਬਪਤਿਸਮਾ ਦਿੱਤਾ। ਉਨ੍ਹਾਂ ਨੇ ਬਿਲੀ ਨਿਕਲਸ, ਉਸ ਦੀ ਪਤਨੀ ਅਤੇ ਹੋਰਨਾਂ ਨੂੰ ਵੀ ਉਸ ਸਮੇਂ ਬਪਤਿਸਮਾ ਦਿੱਤਾ। ਬਾਅਦ ਵਿਚ ਬਿਲੀ ਤੇ ਉਸ ਦੀ ਪਤਨੀ ਅਤੇ ਉਨ੍ਹਾਂ ਦੇ ਨੂੰਹ-ਪੁੱਤ ਨੇ ਸਰਕਟ ਕੰਮ ਕੀਤਾ।ਰਾਜ ਦੇ ਕੰਮਾਂ ਵਿਚ ਪੂਰੀ ਤਰ੍ਹਾਂ ਰੁੱਝੇ ਰਹਿਣ ਵਾਲੇ ਭੈਣਾਂ-ਭਰਾਵਾਂ ਨਾਲ ਅਸੀਂ ਕਾਫ਼ੀ ਮਿਲਦੇ-ਗਿਲਦੇ ਸੀ ਅਤੇ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰਦੇ ਸੀ। ਸਟੀਲ ਪਰਿਵਾਰ ਯਾਨੀ ਡੌਨ, ਅਰਲੀਨ, ਡੇਵ, ਜੂਲੀਆ, ਸਾਈ ਅਤੇ ਮਾਰਥਾ ਨੇ ਖ਼ਾਸ ਕਰਕੇ ਮੇਰੀ ਜ਼ਿੰਦਗੀ ’ਤੇ ਬਹੁਤ ਪ੍ਰਭਾਵ ਪਾਇਆ। ਉਨ੍ਹਾਂ ਦੀ ਜ਼ਿੰਦਗੀ ਤੋਂ ਮੈਂ ਦੇਖਿਆ ਕਿ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦੇਣ ਨਾਲ ਜ਼ਿੰਦਗੀ ਨੂੰ ਮਕਸਦ ਮਿਲਣ ਦੇ ਨਾਲ-ਨਾਲ ਸੱਚੀ ਖ਼ੁਸ਼ੀ ਵੀ ਮਿਲਦੀ ਹੈ।
ਫਿਰ ਕਿਸੇ ਹੋਰ ਥਾਂ ਜਾਣਾ
ਜਦੋਂ ਮੈਂ 19 ਸਾਲਾਂ ਦਾ ਸੀ, ਤਾਂ ਮੇਰੇ ਇਕ ਦੋਸਤ ਬੱਡ ਹੈਸਟੀ ਨੇ ਮੈਨੂੰ ਕਿਹਾ ਕਿ ਮੈਂ ਉਸ ਨਾਲ ਦੱਖਣੀ ਅਮਰੀਕਾ ਵਿਚ ਪਾਇਨੀਅਰ ਸੇਵਾ ਕਰਾਂ। ਸਰਕਟ ਨਿਗਾਹਬਾਨ ਨੇ ਸਾਨੂੰ ਲੁਜ਼ੀਆਨਾ ਦੇ ਰਸਟਨ ਸ਼ਹਿਰ ਜਾਣ ਲਈ ਕਿਹਾ ਜਿੱਥੇ ਕਈ ਭੈਣ-ਭਰਾ ਸੱਚਾਈ ਵਿਚ ਠੰਢੇ ਪੈ ਚੁੱਕੇ ਸਨ। ਸਾਨੂੰ ਕਿਹਾ ਗਿਆ ਕਿ ਅਸੀਂ ਹਰ ਹਫ਼ਤੇ ਸਭਾਵਾਂ ਕਰੀਏ, ਚਾਹੇ ਕੋਈ ਆਵੇ ਜਾਂ ਨਾ। ਅਸੀਂ ਸਭਾਵਾਂ ਲਈ ਜਗ੍ਹਾ ਲੱਭ ਕੇ ਉਸ ਦੀ ਮੁਰੰਮਤ ਕੀਤੀ। ਅਸੀਂ ਹਰ ਸਭਾ ਰੱਖੀ, ਪਰ ਕੁਝ ਸਮੇਂ ਲਈ ਅਸੀਂ ਦੋਵੇਂ ਹੀ ਸਭਾ ਵਿਚ ਹਾਜ਼ਰ ਹੁੰਦੇ ਸੀ। ਅਸੀਂ ਵਾਰੀ-ਵਾਰੀ ਭਾਸ਼ਣ ਦਿੰਦੇ ਸੀ। ਸਾਡੇ ਵਿੱਚੋਂ ਇਕ ਜਣਾ ਸਵਾਲ ਪੁੱਛਦਾ ਸੀ ਅਤੇ ਦੂਜਾ ਸਾਰੇ ਜਵਾਬ ਦਿੰਦਾ ਸੀ। ਜੇ ਪ੍ਰਦਰਸ਼ਨ ਹੁੰਦਾ ਸੀ, ਤਾਂ ਅਸੀਂ ਦੋਵੇਂ ਸਟੇਜ ’ਤੇ ਹੁੰਦੇ ਸੀ ਅਤੇ ਸੁਣਨ ਵਾਲਾ ਕੋਈ ਨਹੀਂ ਸੀ ਹੁੰਦਾ। ਅਖ਼ੀਰ ਇਕ ਸਿਆਣੀ ਭੈਣ ਆਉਣ ਲੱਗ ਪਈ। ਹੌਲੀ-ਹੌਲੀ ਕੁਝ ਵਿਦਿਆਰਥੀ ਅਤੇ ਠੰਢੇ ਪਏ ਭੈਣ-ਭਰਾ ਸਭਾਵਾਂ ’ਤੇ ਆਉਣ ਲੱਗ ਪਏ। ਥੋੜ੍ਹੇ ਹੀ ਚਿਰ ਬਾਅਦ ਸਾਡੀ ਮੰਡਲੀ ਵਿਚ ਤਰੱਕੀ ਹੋਣ ਲੱਗੀ।
ਇਕ ਦਿਨ ਮੈਨੂੰ ਤੇ ਬੱਡ ਨੂੰ ਇਕ ਪਾਦਰੀ ਮਿਲਿਆ ਅਤੇ ਉਸ ਨੇ ਸਾਡੇ ਨਾਲ ਅਜਿਹੀਆਂ ਕੁਝ ਆਇਤਾਂ ਬਾਰੇ ਗੱਲ ਕੀਤੀ ਜਿਨ੍ਹਾਂ ਬਾਰੇ ਮੈਨੂੰ ਜ਼ਿਆਦਾ ਸਮਝ ਨਹੀਂ ਸੀ। ਉਸ ਦੀਆਂ ਗੱਲਾਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਅਤੇ ਆਪਣੇ ਵਿਸ਼ਵਾਸਾਂ ਬਾਰੇ ਹੋਰ ਡੂੰਘੀ ਤਰ੍ਹਾਂ ਸੋਚਣ ਲਈ ਮਜਬੂਰ ਕੀਤਾ। ਮੈਂ ਪੂਰਾ ਹਫ਼ਤਾ ਉਸ ਪਾਦਰੀ ਦੇ ਸਵਾਲਾਂ ਦੇ ਜਵਾਬ ਲੱਭਣ ਲਈ ਅੱਧੀ-ਅੱਧੀ ਰਾਤ ਤਕ ਦੀਵਾ ਬਾਲ਼ ਕੇ ਬਾਈਬਲ ਵਿੱਚੋਂ ਖੋਜਬੀਨ ਕਰਦਾ ਰਿਹਾ। ਇਸ ਤਰ੍ਹਾਂ ਕਰ ਕੇ ਸੱਚਾਈ ਨੇ ਮੇਰੇ ਦਿਲ ਵਿਚ ਹੋਰ ਡੂੰਘੀਆਂ ਜੜ੍ਹਾਂ ਫੜ ਲਈਆਂ ਅਤੇ ਮੈਂ ਹੋਰ ਕਿਸੇ ਪਾਦਰੀ ਨੂੰ ਮਿਲਣ ਲਈ ਬੜਾ ਉਤਾਵਲਾ ਸੀ।
ਕੁਝ ਦੇਰ ਬਾਅਦ ਸਰਕਟ ਨਿਗਾਹਬਾਨ ਨੇ ਮੈਨੂੰ ਐੱਲ ਡੋਰਾਡੋ, ਅਰਕਾਂਸਾਸ ਦੀ ਮੰਡਲੀ ਦੀ ਮਦਦ ਕਰਨ ਲਈ ਭੇਜਿਆ। ਉੱਥੇ ਹੁੰਦਿਆਂ ਮੈਨੂੰ ਫ਼ੌਜ ਵਿਚ ਭਰਤੀ ਹੋਣ ਦੇ ਮਾਮਲੇ ਸੰਬੰਧੀ ਕਈ ਵਾਰ ਕੋਲੋਰਾਡੋ ਵਿਚ ਮਿਲਟਰੀ ਕਮੇਟੀ ਨੂੰ ਮਿਲਣ ਜਾਣਾ ਪਿਆ। ਇਕ ਵਾਰ ਮੈਂ ਅਤੇ ਕੁਝ ਪਾਇਨੀਅਰ ਮੇਰੀ ਗੱਡੀ ਵਿਚ ਉੱਥੇ ਜਾ ਰਹੇ ਸੀ ਅਤੇ ਟੈਕਸਸ ਵਿੱਚੋਂ ਦੀ ਲੰਘਦਿਆਂ ਸਾਡਾ ਐਕਸੀਡੈਂਟ ਹੋ ਗਿਆ। ਮੇਰੀ ਗੱਡੀ ਪੂਰੀ ਤਰ੍ਹਾਂ ਟੁੱਟ ਗਈ। ਅਸੀਂ ਇਕ ਭਰਾ ਨੂੰ ਫ਼ੋਨ ਕੀਤਾ ਜੋ ਸਾਨੂੰ ਆਪਣੇ ਘਰ ਅਤੇ ਬਾਅਦ ਵਿਚ ਮੀਟਿੰਗ ’ਤੇ ਲੈ ਗਿਆ। ਉੱਥੇ ਭਰਾਵਾਂ ਨੇ ਘੋਸ਼ਣਾ ਕੀਤੀ ਕਿ ਸਾਡਾ ਐਕਸੀਡੈਂਟ ਹੋ ਗਿਆ ਸੀ। ਮੰਡਲੀ ਨੇ ਦਿਲ ਖੋਲ੍ਹ ਕੇ ਸਾਨੂੰ ਪੈਸੇ ਦਿੱਤੇ। ਉਸ ਭਰਾ ਨੇ ਮੇਰੀ ਗੱਡੀ ਵੀ 25 ਡਾਲਰਾਂ ਵਿਚ ਵੇਚ ਦਿੱਤੀ।
ਉੱਥੋਂ ਅਸੀਂ ਕਿਸੇ ਨਾਲ ਵਿਚਿਟਾ ਚਲੇ ਗਏ ਜਿੱਥੇ ਭਰਾ ਮਕਾਰਟਨੀ ਪਾਇਨਅਰਿੰਗ ਕਰਦੇ ਸਨ। ਉਹ ਸਾਡੇ ਪਰਿਵਾਰ ਦੇ ਬਹੁਤ ਕਰੀਬ ਸਨ। ਉਨ੍ਹਾਂ ਦੇ ਜੌੜੇ ਮੁੰਡੇ ਫ਼ਰੈਂਕ ਅਤੇ ਫ਼ਰਾਂਸਿਸ ਅਜੇ ਵੀ ਮੇਰੇ ਜਿਗਰੀ ਦੋਸਤ ਹਨ। ਉਨ੍ਹਾਂ ਨੇ ਮੈਨੂੰ ਆਪਣੀ ਪੁਰਾਣੀ ਗੱਡੀ ਐਨ ਉੱਨੇ ਪੈਸਿਆਂ ਦੀ ਵੇਚ ਦਿੱਤੀ ਜਿੰਨੇ ਮੈਨੂੰ ਆਪਣੀ ਟੁੱਟੀ-ਭੱਜੀ ਕਾਰ ਲਈ ਮਿਲੇ ਸਨ ਯਾਨੀ 25 ਡਾਲਰਾਂ ਦੀ। ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਇੰਨੇ ਸਾਫ਼ ਤਰੀਕੇ ਨਾਲ ਦੇਖਿਆ ਕਿ ਯਹੋਵਾਹ ਦੇ ਕੰਮਾਂ ਨੂੰ ਪਹਿਲੀ ਥਾਂ ਦੇਣ ਕਰਕੇ ਉਸ ਨੇ ਮੇਰੀ ਖ਼ਾਸ ਲੋੜ ਪੂਰੀ ਕੀਤੀ। ਇਸ ਵਾਰੀ ਵਿਚਿਟਾ ਵਿਚ ਮਕਾਰਟਨੀ ਪਰਿਵਾਰ ਨੇ ਮੈਨੂੰ ਇਕ ਚੰਗੀ ਕੁੜੀ ਨਾਲ ਮਿਲਾਇਆ। ਉਸ ਦਾ ਨਾਂ ਬੈਥਲ ਕਰੇਨ ਸੀ ਅਤੇ ਉਹ ਪਰਮੇਸ਼ੁਰ ਦੇ ਕੰਮਾਂ ਵਿਚ ਜੋਸ਼ੀਲੀ ਸੀ। ਉਸ ਦੀ ਮਾਂ ਰੂਥ ਕੈਂਸਸ ਦੇ ਵੈਲਿੰਗਟਨ ਸ਼ਹਿਰ ਵਿਚ ਬੜੀ ਜੋਸ਼ੀਲੀ ਗਵਾਹ ਸੀ ਅਤੇ ਉਹ 90 ਤੋਂ ਜ਼ਿਆਦਾ ਸਾਲ ਦੀ ਉਮਰ ਵਿਚ ਵੀ ਪਾਇਨੀਅਰਿੰਗ ਕਰਦੀ ਰਹੀ। ਇਕ ਸਾਲ ਦੇ ਅੰਦਰ-ਅੰਦਰ 1958 ਵਿਚ ਮੇਰਾ ਬੈਥਲ ਨਾਲ ਵਿਆਹ ਹੋ ਗਿਆ ਅਤੇ ਉਸ ਨੇ ਮੇਰੇ ਨਾਲ ਐੱਲ ਡੋਰਾਡੋ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਵਧੀਆ ਸੱਦੇ
ਛੋਟੇ ਹੁੰਦਿਆਂ ਤੋਂ ਸਾਡੇ ਸਾਮ੍ਹਣੇ ਕਈ ਭੈਣਾਂ-ਭਰਾਵਾਂ ਦੀਆਂ ਵਧੀਆ ਮਿਸਾਲਾਂ ਸਨ। ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਯਹੋਵਾਹ ਦੇ ਸੰਗਠਨ ਵਿਚ ਕੋਈ ਵੀ ਕੰਮ ਕਰਨ ਦਾ ਫ਼ੈਸਲਾ ਕੀਤਾ। ਸਾਨੂੰ ਅਰਕਾਂਸਾਸ ਦੇ ਵਾਲਨੱਟ ਰਿੱਜ ਸ਼ਹਿਰ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਭੇਜਿਆ ਗਿਆ। ਫਿਰ 1962 ਵਿਚ ਸਾਨੂੰ ਕਿੰਨੀ ਖ਼ੁਸ਼ੀ ਹੋਈ ਜਦੋਂ ਸਾਨੂੰ ਗਿਲਿਅਡ ਸਕੂਲ ਦੀ 37ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਅਸੀਂ ਸੋਚਿਆ ਵੀ ਨਹੀਂ ਸੀ ਕਿ ਡੌਨ ਸਟੀਲ ਵੀ ਉਸੇ ਕਲਾਸ ਵਿਚ ਹੋਵੇਗਾ! ਸਕੂਲ ਤੋਂ ਬਾਅਦ ਮੈਨੂੰ ਤੇ ਬੈਥਲ ਨੂੰ ਨੈਰੋਬੀ, ਕੀਨੀਆ, ਅਫ਼ਰੀਕਾ ਭੇਜਿਆ ਗਿਆ। ਨਿਊਯਾਰਕ ਛੱਡਣ ਵੇਲੇ ਸਾਡਾ ਗਲਾ ਭਰ ਆਇਆ। ਪਰ ਜਦੋਂ ਅਸੀਂ ਨੈਰੋਬੀ ਹਵਾਈ-ਅੱਡੇ ’ਤੇ ਪਹੁੰਚ ਕੇ ਆਪਣੇ ਭਰਾਵਾਂ ਨੂੰ ਮਿਲੇ, ਤਾਂ ਸਾਡੀ ਉਦਾਸੀ ਖ਼ੁਸ਼ੀ ਵਿਚ ਬਦਲ ਗਈ!
ਸਾਡਾ ਜਲਦੀ ਹੀ ਕੀਨੀਆ ਵਿਚ ਦਿਲ ਲੱਗ ਗਿਆ ਅਤੇ ਸਾਨੂੰ ਪ੍ਰਚਾਰ ਵਿਚ ਮਜ਼ਾ ਆਉਣ ਲੱਗ ਪਿਆ। ਕ੍ਰਿਸ ਅਤੇ ਮੈਰੀ ਕਾਨੀਆ ਸਾਡੇ ਪਹਿਲੇ ਬਾਈਬਲ ਵਿਦਿਆਰਥੀ ਸਨ ਜੋ ਸੱਚਾਈ ਵਿਚ ਆ ਗਏ। ਉਹ ਅਜੇ ਵੀ ਕੀਨੀਆ ਵਿਚ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਨ। ਅਗਲੇ ਸਾਲ ਸਾਨੂੰ ਯੂਗਾਂਡਾ ਦੇ ਕੰਪਾਲਾ ਸ਼ਹਿਰ ਜਾਣ ਲਈ ਕਿਹਾ ਗਿਆ ਅਤੇ ਅਸੀਂ ਉਸ ਦੇਸ਼ ਵਿਚ ਸਭ ਤੋਂ ਪਹਿਲੇ ਮਿਸ਼ਨਰੀ ਸੀ। ਸਾਨੂੰ ਉਸ ਸਮੇਂ ਦੀ ਬੜੀ ਯਾਦ ਆਉਂਦੀ ਹੈ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਬਾਈਬਲ ਬਾਰੇ ਜਾਣਨਾ ਚਾਹੁੰਦੇ ਸਨ ਅਤੇ ਕਾਫ਼ੀ ਲੋਕ ਯਹੋਵਾਹ ਦੇ ਗਵਾਹ ਬਣ ਗਏ। ਅਫ਼ਰੀਕਾ ਵਿਚ ਸਾਢੇ ਤਿੰਨ ਸਾਲਾਂ ਬਾਅਦ ਅਸੀਂ ਅਮਰੀਕਾ ਵਾਪਸ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਅਸੀਂ ਬੱਚੇ ਚਾਹੁੰਦੇ ਸੀ। ਜਿੰਨਾ ਅਸੀਂ ਨਿਊਯਾਰਕ ਛੱਡਣ ਵੇਲੇ ਉਦਾਸ ਸੀ, ਉਸ ਨਾਲੋਂ ਕਿਤੇ ਜ਼ਿਆਦਾ ਅਸੀਂ ਅਫ਼ਰੀਕਾ ਛੱਡਣ ਵੇਲੇ ਉਦਾਸ ਸੀ। ਅਸੀਂ ਅਫ਼ਰੀਕਾ ਦੇ ਲੋਕਾਂ ਨਾਲ ਬਹੁਤ ਪਿਆਰ ਕਰਦੇ ਸੀ ਅਤੇ ਸੋਚਿਆ ਕਿ ਅਸੀਂ ਇਕ ਦਿਨ ਜ਼ਰੂਰ ਇੱਥੇ ਵਾਪਸ ਆਵਾਂਗੇ।
ਨਵੀਂ ਜ਼ਿੰਮੇਵਾਰੀ
ਅਸੀਂ ਕੋਲੋਰਾਡੋ ਦੇ ਪੱਛਮੀ ਪਾਸੇ ਆ ਕੇ ਰਹਿਣ ਲੱਗ ਪਏ ਜਿੱਥੇ ਮੇਰੇ ਮਾਪੇ ਰਹਿੰਦੇ ਸਨ। ਜਲਦੀ ਬਾਅਦ ਸਾਡੀ ਪਹਿਲੀ ਕੁੜੀ ਕਿੰਬਰਲੀ ਦਾ ਜਨਮ ਹੋਇਆ ਅਤੇ 17 ਮਹੀਨਿਆਂ ਬਾਅਦ ਸਟੈਫ਼ਨੀ ਦਾ। ਅਸੀਂ ਮਾਪੇ ਹੋਣ ਦੀ ਆਪਣੀ ਨਵੀਂ ਜ਼ਿੰਮੇਵਾਰੀ ਬਹੁਤ ਗੰਭੀਰਤਾ ਨਾਲ ਲਈ ਅਤੇ ਆਪਣੀਆਂ ਪਿਆਰੀਆਂ ਕੁੜੀਆਂ ਦੇ ਦਿਲਾਂ ਵਿਚ ਸੱਚਾਈ ਬਿਠਾਉਣ ਦੀ ਠਾਣ ਲਈ। ਅਸੀਂ ਉਹੀ ਮਿਸਾਲ ਬਣਨਾ ਚਾਹੁੰਦੇ ਸੀ ਜੋ ਦੂਸਰੇ ਸਾਡੇ ਲਈ ਬਣੇ ਸਨ। ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਭਾਵੇਂ ਚੰਗੀ ਮਿਸਾਲ ਦਾ ਬੱਚਿਆਂ ’ਤੇ ਵਧੀਆ ਪ੍ਰਭਾਵ ਪੈ ਸਕਦਾ ਹੈ, ਪਰ ਇਹ ਕੋਈ ਗਾਰੰਟੀ ਨਹੀਂ ਕਿ ਉਹ ਵੱਡੇ ਹੋ ਕੇ ਯਹੋਵਾਹ ਦੀ ਸੇਵਾ ਕਰਦੇ ਰਹਿਣਗੇ। ਮੇਰਾ ਛੋਟਾ ਭਰਾ ਅਤੇ ਮੇਰੀ ਇਕ ਭੈਣ ਸੱਚਾਈ ਛੱਡ ਗਏ। ਅਸੀਂ ਉਮੀਦ ਰੱਖਦੇ ਹਾਂ ਕਿ ਇਕ ਦਿਨ ਉਹ ਦੁਬਾਰਾ ਉਨ੍ਹਾਂ ਵਧੀਆ ਮਿਸਾਲਾਂ ਦੀ ਰੀਸ ਕਰਨਗੇ ਜੋ ਬਚਪਨ ਵਿਚ ਉਨ੍ਹਾਂ ਸਾਮ੍ਹਣੇ ਰੱਖੀਆਂ ਗਈਆਂ ਸਨ।
ਆਪਣੀਆਂ ਕੁੜੀਆਂ ਦਾ ਪਾਲਣ-ਪੋਸ਼ਣ ਕਰਦਿਆਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਸੀ ਅਤੇ ਅਸੀਂ ਹਮੇਸ਼ਾ ਇਕੱਠਿਆਂ ਸਭ ਕੁਝ ਕਰਨ ਦੀ ਕੋਸ਼ਿਸ਼ ਕਰਦੇ ਸੀ। ਅਸੀਂ ਕੋਲੋਰਾਡੋ ਦੇ ਐਸਪਨ ਸ਼ਹਿਰ ਦੇ ਲਾਗੇ ਰਹਿੰਦੇ ਸੀ। ਇਸ ਲਈ ਅਸੀਂ ਸਕੀਇੰਗ ਕਰਨੀ ਸਿੱਖੀ ਤਾਂਕਿ ਅਸੀਂ ਸਾਰੇ ਕਦੀ-ਕਦੀ ਇਕੱਠੇ ਜਾ ਸਕੀਏ। ਆਪਣੀਆਂ ਕੁੜੀਆਂ ਨਾਲ ਸਕੀ ਲਿਫਟ ’ਤੇ ਬੈਠਿਆਂ ਉਨ੍ਹਾਂ ਨਾਲ ਗੱਲ ਕਰਨ ਦਾ ਵਧੀਆ ਮੌਕਾ ਹੁੰਦਾ ਸੀ। ਅਸੀਂ
ਕਦੀ-ਕਦੀ ਕੈਂਪਿੰਗ ਕਰਦੇ ਸੀ ਅਤੇ ਅੱਗ ਬਾਲ਼ ਕੇ ਸਾਰੇ ਆਲੇ-ਦੁਆਲੇ ਬਹਿ ਕੇ ਵਧੀਆ ਗੱਲਾਂ-ਬਾਤਾਂ ਕਰਦੇ ਸੀ। ਭਾਵੇਂ ਉਹ ਛੋਟੀਆਂ ਸਨ, ਪਰ ਉਹ ਅਜਿਹੇ ਸਵਾਲ ਪੁੱਛਦੀਆਂ ਸਨ, ਜਿਵੇਂ “ਮੈਂ ਵੱਡੀ ਹੋ ਕੀ ਕਰੂੰਗੀ?” ਅਤੇ “ਮੈਂ ਕਿਹੋ ਜਿਹੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ?” ਅਸੀਂ ਆਪਣੀਆਂ ਕੁੜੀਆਂ ਦੇ ਦਿਲਾਂ-ਦਿਮਾਗ਼ਾਂ ਵਿਚ ਬਾਈਬਲ ਦੇ ਅਸੂਲ ਬਿਠਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਉਨ੍ਹਾਂ ਨੂੰ ਪੂਰੇ ਸਮੇਂ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ। ਨਾਲੇ ਇਹ ਵੀ ਸਮਝਾਇਆ ਕਿ ਉਹ ਅਜਿਹੇ ਜੀਵਨ ਸਾਥੀ ਲੱਭਣ ਜਿਨ੍ਹਾਂ ਦੇ ਟੀਚੇ ਉਨ੍ਹਾਂ ਵਰਗੇ ਹੋਣ। ਅਸੀਂ ਉਨ੍ਹਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਬਹੁਤ ਛੋਟੀ ਉਮਰ ਵਿਚ ਵਿਆਹ ਨਾ ਕਰਾਉਣ। ਅਸੀਂ ਕਿਹਾ ਕਰਦੇ ਸੀ, “ਘੱਟੋ-ਘੱਟ 23 ਸਾਲਾਂ ਤਕ ਕੁਆਰੀਆਂ ਰਹੀਓਂ।”ਆਪਣੇ ਮਾਪਿਆਂ ਵਾਂਗ ਅਸੀਂ ਵੀ ਪਰਿਵਾਰ ਵਜੋਂ ਸਭਾਵਾਂ ਅਤੇ ਪ੍ਰਚਾਰ ਵਿਚ ਲਗਾਤਾਰ ਜਾਣ ਦੀ ਕੋਸ਼ਿਸ਼ ਕੀਤੀ। ਅਸੀਂ ਕੁਝ ਪਾਇਨੀਅਰਾਂ ਨੂੰ ਵੀ ਆਪਣੇ ਘਰ ਰੱਖਦੇ ਸੀ। ਨਾਲੇ ਅਸੀਂ ਅਕਸਰ ਅਫ਼ਰੀਕਾ ਵਿਚ ਆਪਣੀ ਮਿਸ਼ਨਰੀ ਸੇਵਾ ਦੀਆਂ ਮਿੱਠੀਆਂ ਯਾਦਾਂ ਬਾਰੇ ਗੱਲਾਂ ਕਰਦੇ ਹੁੰਦੇ ਸੀ। ਅਸੀਂ ਸੋਚਦੇ ਸੀ ਕਿ ਇਕ ਦਿਨ ਅਸੀਂ ਚਾਰੋਂ ਜਣੇ ਅਫ਼ਰੀਕਾ ਜਾਵਾਂਗੇ। ਸਾਡੀਆਂ ਕੁੜੀਆਂ ਵੀ ਉੱਥੇ ਜਾਣਾ ਚਾਹੁੰਦੀਆਂ ਸਨ।
ਅਸੀਂ ਹਰ ਹਫ਼ਤੇ ਪਰਿਵਾਰਕ ਸਟੱਡੀ ਕਰਦੇ ਸੀ। ਅਸੀਂ ਨਾਟਕ ਕਰਦੇ ਸੀ ਕਿ ਸਾਡੀਆਂ ਕੁੜੀਆਂ ਨੂੰ ਸਕੂਲ ਵਿਚ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਸਨ। ਸਾਡੀਆਂ ਕੁੜੀਆਂ ਗਵਾਹ ਬਣ ਕੇ ਸਵਾਲਾਂ ਦੇ ਜਵਾਬ ਦਿੰਦੀਆਂ ਸਨ। ਇਸ ਤਰ੍ਹਾਂ ਸਿੱਖਣ ਕਰਕੇ ਉਨ੍ਹਾਂ ਨੂੰ ਬਹੁਤ ਮਜ਼ਾ ਆਉਂਦਾ ਸੀ। ਨਾਲੇ ਉਨ੍ਹਾਂ ਦਾ ਗੱਲ ਕਰਨ ਦਾ ਭਰੋਸਾ ਵੀ ਵਧਿਆ। ਵੱਡੇ ਹੁੰਦਿਆਂ ਉਹ ਕਦੀ-ਕਦੀ ਪਰਿਵਾਰਕ ਸਟੱਡੀ ਵੇਲੇ ਟਾਲਮਟੋਲ ਕਰਨ ਲੱਗ ਪਈਆਂ। ਇਕ ਦਿਨ ਮੈਂ ਅੱਕ ਕੇ ਕਿਹਾ, ‘ਜਾਓ ਆਪਣੇ ਕਮਰਿਆਂ ਵਿਚ, ਅੱਜ ਨਹੀਂ ਸਟੱਡੀ ਕਰਨੀ।’ ਉਹ ਹੈਰਾਨ ਰਹਿ ਗਈਆਂ ਅਤੇ ਰੋਣ ਲੱਗ ਪਈਆਂ ਅਤੇ ਕਹਿਣ ਲੱਗੀਆਂ ਕਿ ਉਹ ਸਟੱਡੀ ਕਰਨੀ ਚਾਹੁੰਦੀਆਂ ਸਨ। ਉਦੋਂ ਸਾਨੂੰ ਅਹਿਸਾਸ ਹੋਣ ਲੱਗਾ ਕਿ ਅਸੀਂ ਸੱਚ-ਮੁੱਚ ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰੀ ਗੱਲਾਂ ਲਈ ਕਦਰਦਾਨੀ ਪੈਦਾ ਕਰ ਰਹੇ ਸੀ। ਹੌਲੀ-ਹੌਲੀ ਉਨ੍ਹਾਂ ਨੂੰ ਸਟੱਡੀ ਕਰਨ ਵਿਚ ਮਜ਼ਾ ਆਉਣ ਲੱਗਾ ਅਤੇ ਅਸੀਂ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਗੱਲਾਂ ਕਰਨ ਤੋਂ ਨਹੀਂ ਰੋਕਦੇ ਸੀ। ਪਰ ਸਾਨੂੰ ਕਦੀ-ਕਦੀ ਦੁੱਖ ਲੱਗਦਾ ਸੀ ਜਦੋਂ ਉਹ ਦੱਸਦੀਆਂ ਸਨ ਕਿ ਉਹ ਬਾਈਬਲ ਦੀ ਕਿਸੇ ਗੱਲ ਨਾਲ ਸਹਿਮਤ ਨਹੀਂ ਸਨ। ਪਰ ਇੱਦਾਂ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਉਨ੍ਹਾਂ ਦੇ ਦਿਲ ਵਿਚ ਕੀ ਸੀ। ਫਿਰ ਅਸੀਂ ਉਨ੍ਹਾਂ ਨਾਲ ਤਰਕ ਕਰਦੇ ਸੀ। ਉਨ੍ਹਾਂ ਨੂੰ ਕਿਸੇ ਮਾਮਲੇ ਬਾਰੇ ਯਹੋਵਾਹ ਦੀ ਸੋਚ ਜਾਣ ਕੇ ਤਸੱਲੀ ਹੁੰਦੀ ਸੀ।
ਹੋਰ ਤਬਦੀਲੀਆਂ
ਆਪਣੀਆਂ ਕੁੜੀਆਂ ਨੂੰ ਪਾਲਦਿਆਂ ਸਾਨੂੰ ਪਤਾ ਨਹੀਂ ਲੱਗਾ ਕਿ ਸਮਾਂ ਕਿੰਨੀ ਛੇਤੀ ਨਿਕਲ ਗਿਆ। ਪਰਮੇਸ਼ੁਰ ਦੇ ਸੰਗਠਨ ਦੀ ਮਦਦ ਅਤੇ ਸੇਧ ਨਾਲ ਅਸੀਂ ਉਨ੍ਹਾਂ ਦੀ ਯਹੋਵਾਹ ਨਾਲ ਪੱਕੀ ਦੋਸਤੀ ਕਰਨ ਵਿਚ ਪੂਰੀ ਵਾਹ ਲਾਈ। ਅਸੀਂ ਕਿੰਨੇ ਖ਼ੁਸ਼ ਹੋਏ ਜਦੋਂ ਸਾਡੀਆਂ ਦੋਵੇਂ ਧੀਆਂ ਸਕੂਲ ਖ਼ਤਮ ਕਰ ਕੇ ਪਾਇਨੀਅਰ ਸੇਵਾ ਕਰਨ ਲੱਗ ਪਈਆਂ ਅਤੇ ਦੋਵਾਂ ਨੇ ਮਾੜਾ-ਮੋਟਾ ਕੰਮ ਵੀ ਸਿੱਖ ਲਿਆ ਤਾਂਕਿ ਉਹ ਆਪਣਾ ਗੁਜ਼ਾਰਾ ਖ਼ੁਦ ਤੋਰ ਸਕਣ। ਉਹ ਦੋ ਹੋਰ ਭੈਣਾਂ ਨਾਲ ਟੈਨਿਸੀ ਦੇ ਕਲੀਵਲੈਂਡ ਸ਼ਹਿਰ ਚਲੀਆਂ ਗਈਆਂ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਅਸੀਂ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਸੀ, ਪਰ ਸਾਨੂੰ ਖ਼ੁਸ਼ੀ ਸੀ ਕਿ ਉਹ ਆਪਣਾ ਪੂਰਾ ਸਮਾਂ ਯਹੋਵਾਹ ਦੇ ਕੰਮਾਂ ਵਿਚ ਲਾ ਰਹੀਆਂ ਸਨ। ਮੈਂ ਤੇ ਬੈਥਲ ਦੁਬਾਰਾ ਪਾਇਨੀਅਰਿੰਗ ਕਰਨ ਲੱਗ ਪਏ ਜਿਸ ਕਰਕੇ ਸਾਨੂੰ ਸੇਵਾ ਕਰਨ ਦੇ ਹੋਰ ਵਧੀਆ ਸਨਮਾਨ ਮਿਲੇ। ਅਸੀਂ ਕਦੀ-ਕਦੀ ਸਰਕਟ ਕੰਮ ਕਰਨ ਦੇ ਨਾਲ-ਨਾਲ ਵੱਡੇ ਸੰਮੇਲਨ ਦੀ ਤਿਆਰੀ ਕਰਨ ਵਿਚ ਵੀ ਹਿੱਸਾ ਲੈਂਦੇ ਸੀ।
ਸਾਡੀਆਂ ਕੁੜੀਆਂ ਟੈਨਿਸੀ ਜਾਣ ਤੋਂ ਪਹਿਲਾਂ ਲੰਡਨ ਦਾ ਬ੍ਰਾਂਚ ਆਫ਼ਿਸ ਦੇਖਣ ਗਈਆਂ। ਉੱਥੇ ਸਟੈਫ਼ਨੀ ਨੂੰ ਪੌਲ ਨੋਰਟਨ ਮਿਲਿਆ ਜੋ ਬੈਥਲ ਵਿਚ ਸੇਵਾ ਕਰ ਰਿਹਾ ਸੀ। ਉਸ ਵੇਲੇ ਸਟੈਫ਼ਨੀ 19 ਸਾਲਾਂ ਦੀ ਸੀ। ਇਕ ਹੋਰ ਮੌਕੇ ’ਤੇ ਕਿੰਬਰਲੀ ਨੂੰ ਪੌਲ ਦਾ ਦੋਸਤ ਬ੍ਰਾਈਅਨ ਲਵੈਲਿਨ ਮਿਲਿਆ। ਪੌਲ ਅਤੇ ਸਟੈਫ਼ਨੀ ਦਾ ਵਿਆਹ ਹੋ ਗਿਆ ਅਤੇ ਉਹ ਉਸ ਵੇਲੇ 23 ਸਾਲਾਂ ਦੀ ਸੀ। ਬ੍ਰਾਈਅਨ ਅਤੇ ਕਿੰਬਰਲੀ ਦਾ ਵਿਆਹ ਅਗਲੇ ਸਾਲ ਹੋਇਆ ਜਦੋਂ ਉਹ 25 ਸਾਲਾਂ ਦੀ ਸੀ। ਹਾਂ, ਉਹ 23 ਸਾਲ ਦੀ ਉਮਰ ਤਕ ਕੁਆਰੀਆਂ ਰਹੀਆਂ। ਅਸੀਂ ਦਿਲੋਂ ਖ਼ੁਸ਼ ਹਾਂ ਕਿ ਉਨ੍ਹਾਂ ਨੇ ਕਿੰਨੇ ਵਧੀਆ ਜੀਵਨ ਸਾਥੀ ਚੁਣੇ।
ਸਾਡੀਆਂ ਕੁੜੀਆਂ ਨੇ ਸਾਨੂੰ ਦੱਸਿਆ ਕਿ ਅਸੀਂ ਅਤੇ ਉਨ੍ਹਾਂ ਦੇ ਦਾਦਕਿਆਂ-ਨਾਨਕਿਆਂ ਨੇ ਉਨ੍ਹਾਂ ਅੱਗੇ ਜੋ ਮਿਸਾਲਾਂ ਰੱਖੀਆਂ ਸਨ, ਉਨ੍ਹਾਂ ਸਦਕਾ ਉਹ ਯਿਸੂ ਦਾ “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ” ਦੇਣ ਦਾ ਹੁਕਮ ਮੰਨ ਸਕੀਆਂ। (ਮੱਤੀ 6:33) ਉਹ ਇਹ ਹੁਕਮ ਉਦੋਂ ਵੀ ਮੰਨ ਸਕੀਆਂ ਜਦੋਂ ਉਨ੍ਹਾਂ ਨੂੰ ਪੈਸਿਆਂ ਪੱਖੋਂ ਤੰਗੀਆਂ ਆਈਆਂ ਸਨ। ਅਪ੍ਰੈਲ 1998 ਵਿਚ ਪੌਲ ਤੇ ਸਟੈਫ਼ਨੀ ਨੂੰ ਗਿਲਿਅਡ ਦੀ 105ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮਲਾਵੀ, ਅਫ਼ਰੀਕਾ ਵਿਚ ਭੇਜਿਆ ਗਿਆ। ਉਸੇ ਸਮੇਂ ਬ੍ਰਾਈਅਨ ਅਤੇ ਕਿੰਬਰਲੀ ਨੂੰ ਲੰਡਨ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ ਅਤੇ ਬਾਅਦ ਵਿਚ ਮਲਾਵੀ ਬੈਥਲ ਭੇਜਿਆ ਗਿਆ। ਅਸੀਂ ਬਹੁਤ ਜ਼ਿਆਦਾ ਖ਼ੁਸ਼ ਸੀ ਕਿਉਂਕਿ ਨੌਜਵਾਨਾਂ ਲਈ ਇਸ ਤੋਂ ਵਧੀਆ ਹੋਰ ਕੋਈ ਕੰਮ ਹੋ ਹੀ ਨਹੀਂ ਸਕਦਾ।
ਇਕ ਹੋਰ ਸ਼ਾਨਦਾਰ ਸੱਦਾ
ਜਨਵਰੀ 2001 ਵਿਚ ਮੈਨੂੰ ਫ਼ੋਨ ਆਇਆ ਜਿਸ ਦਾ ਮੈਂ ਸ਼ੁਰੂ ਵਿਚ ਜ਼ਿਕਰ ਕੀਤਾ ਸੀ। ਅਨੁਵਾਦ ਸੇਵਾ ਵਿਭਾਗ ਦੇ ਨਿਗਾਹਬਾਨ ਭਰਾ ਮੁਰੇ ਨੇ ਮੈਨੂੰ ਦੱਸਿਆ ਕਿ ਪੂਰੀ ਦੁਨੀਆਂ ਵਿਚ ਸਾਡੇ ਅਨੁਵਾਦਕਾਂ ਦੀ ਮਦਦ ਲਈ ਇਕ ਕੋਰਸ ਤਿਆਰ ਕੀਤਾ ਜਾ ਰਿਹਾ ਸੀ। ਇਸ ਕੋਰਸ ਦੇ ਜ਼ਰੀਏ ਅਨੁਵਾਦਕਾਂ ਨੂੰ ਅੰਗ੍ਰੇਜ਼ੀ ਸਮਝਣ ਦੀ ਸਿਖਲਾਈ ਦਿੱਤੀ ਜਾਣੀ ਸੀ। ਭਰਾ ਮੁਰੇ ਨੇ ਕਿਹਾ ਕਿ ਮੇਰੇ 64 ਸਾਲਾਂ ਦੇ ਹੋਣ ਦੇ ਬਾਵਜੂਦ ਵੀ ਉਹ ਮੈਨੂੰ ਟ੍ਰੇਨਿੰਗ ਦੇਣ ਬਾਰੇ ਸੋਚ ਰਹੇ ਸਨ ਤਾਂਕਿ ਮੈਂ ਇਹ ਕੋਰਸ
ਕਰਵਾ ਸਕਾਂ। ਮੈਂ ਤੇ ਬੈਥਲ ਨੇ ਇਸ ਬਾਰੇ ਪ੍ਰਾਰਥਨਾ ਕੀਤੀ। ਨਾਲੇ ਅਸੀਂ ਆਪਣੀਆਂ ਸਿਆਣੀਆਂ ਮਾਵਾਂ ਨਾਲ ਵੀ ਗੱਲ ਕੀਤੀ। ਉਹ ਦੋਵੇਂ ਚਾਹੁੰਦੀਆਂ ਸਨ ਕਿ ਅਸੀਂ ਜਾਈਏ, ਭਾਵੇਂ ਕਿ ਸਾਥੋਂ ਬਗੈਰ ਉਨ੍ਹਾਂ ਲਈ ਔਖਾ ਹੋਣਾ ਸੀ। ਮੈਂ ਬ੍ਰਾਂਚ ਨੂੰ ਫ਼ੋਨ ਕਰ ਕੇ ਦੱਸਿਆ ਕਿ ਅਸੀਂ ਇਸ ਸ਼ਾਨਦਾਰ ਸਨਮਾਨ ਲਈ ਤਿਆਰ ਸੀ।ਫਿਰ ਸਾਨੂੰ ਪਤਾ ਲੱਗਾ ਕਿ ਮੇਰੇ ਮਾਤਾ ਜੀ ਨੂੰ ਕੈਂਸਰ ਸੀ। ਸੋ ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਇੱਥੇ ਹੀ ਰਹਿ ਕੇ ਆਪਣੀ ਭੈਣ ਲਿੰਨ ਨਾਲ ਉਨ੍ਹਾਂ ਦੀ ਮਦਦ ਕਰਾਂਗਾ। ਮਾਤਾ ਜੀ ਨੇ ਕਿਹਾ, “ਜੇ ਤੂੰ ਗਿਆ, ਤਾਂ ਜ਼ਰੂਰ ਮੈਨੂੰ ਦੁੱਖ ਲੱਗਣਾ। ਪਰ ਜੇ ਤੂੰ ਨਾ ਗਿਆ, ਤਾਂ ਮੈਨੂੰ ਹੋਰ ਵੀ ਦੁੱਖ ਲੱਗਣਾ।” ਲਿੰਨ ਨੇ ਵੀ ਇਹੀ ਕਿਹਾ। ਅਸੀਂ ਕਦੇ ਨਹੀਂ ਭੁੱਲਾਂਗੇ ਕਿ ਉਨ੍ਹਾਂ ਨੇ ਸਾਡੇ ਲਈ ਕਿੰਨੀ ਵੱਡੀ ਕੁਰਬਾਨੀ ਕੀਤੀ ਅਤੇ ਉੱਥੇ ਦੇ ਭੈਣਾਂ-ਭਰਾਵਾਂ ਨੇ ਸਾਡੀ ਕਿੰਨੀ ਮਦਦ ਕੀਤੀ! ਅਸੀਂ ਪੈਟਰਸਨ ਵਿਚ ਵਾਚਟਾਵਰ ਸਿੱਖਿਆ ਕੇਂਦਰ ਨੂੰ ਚੱਲ ਪਏ, ਪਰ ਅਫ਼ਸੋਸ ਕਿ ਇਕ ਦਿਨ ਬਾਅਦ ਲਿੰਨ ਨੇ ਫ਼ੋਨ ਕਰ ਕੇ ਸਾਨੂੰ ਦੱਸਿਆ ਕਿ ਮਾਤਾ ਜੀ ਗੁਜ਼ਰ ਗਏ। ਅਸੀਂ ਆਪਣੀ ਨਵੀਂ ਜ਼ਿੰਮੇਵਾਰੀ ਵਿਚ ਰੁੱਝ ਗਏ ਕਿਉਂਕਿ ਉਨ੍ਹਾਂ ਦੀ ਵੀ ਇਹੀ ਇੱਛਾ ਸੀ।
ਅਸੀਂ ਫੁੱਲੇ ਨਹੀਂ ਸਮਾਏ ਜਦੋਂ ਸਾਨੂੰ ਪਤਾ ਲੱਗਾ ਕਿ ਸਾਨੂੰ ਮਲਾਵੀ ਬ੍ਰਾਂਚ ਭੇਜਿਆ ਜਾਵੇਗਾ ਜਿੱਥੇ ਸਾਡੀਆਂ ਧੀਆਂ ਤੇ ਜਵਾਈ ਸੇਵਾ ਕਰ ਰਹੇ ਸਨ। ਇਹ ਕਿੰਨਾ ਖ਼ੁਸ਼ੀ ਦਾ ਮੌਕਾ ਸੀ ਜਦੋਂ ਅਸੀਂ ਸਾਰੇ ਇਕੱਠੇ ਹੋਏ! ਇਸ ਤੋਂ ਬਾਅਦ, ਅਸੀਂ ਜ਼ਿਮਬਾਬਵੇ ਅਤੇ ਫਿਰ ਜ਼ੈਂਬੀਆ ਵਿਚ ਅਨੁਵਾਦਕਾਂ ਦੀ ਮਦਦ ਕਰਨ ਗਏ। ਸਾਢੇ ਤਿੰਨ ਸਾਲ ਅੰਗ੍ਰੇਜ਼ੀ ਕੋਰਸ ਕਰਾਉਣ ਤੋਂ ਬਾਅਦ ਸਾਨੂੰ ਵਾਪਸ ਮਲਾਵੀ ਜਾਣ ਲਈ ਕਿਹਾ ਗਿਆ ਤਾਂਕਿ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੇ ਤਜਰਬਿਆਂ ਦੀ ਰਿਪੋਰਟ ਤਿਆਰ ਕਰ ਸਕੀਏ ਜਿਨ੍ਹਾਂ ਨੂੰ ਨਿਰਪੱਖ ਰਹਿਣ ਕਰਕੇ ਸਤਾਇਆ ਗਿਆ ਸੀ। *
ਸਾਡਾ ਗਲਾ ਇਕ ਵਾਰ ਫਿਰ ਭਰ ਆਇਆ ਜਦੋਂ 2005 ਵਿਚ ਅਸੀਂ ਵਾਪਸ ਬਸਾਲਟ, ਕੋਲੋਰਾਡੋ ਆ ਗਏ। ਅਸੀਂ ਇੱਥੇ ਦੁਬਾਰਾ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। 2006 ਵਿਚ ਬ੍ਰਾਈਅਨ ਅਤੇ ਕਿੰਬਰਲੀ ਆਪਣੀਆਂ ਦੋ ਧੀਆਂ, ਮਕੈਨਜ਼ੀ ਤੇ ਇਲਿਜ਼ਬਥ, ਨਾਲ ਸਾਡੇ ਨਾਲ ਦੇ ਘਰ ਵਿਚ ਆ ਕੇ ਰਹਿਣ ਲੱਗ ਪਏ। ਪੌਲ ਅਤੇ ਸਟੈਫ਼ਨੀ ਅਜੇ ਵੀ ਮਲਾਵੀ ਵਿਚ ਹਨ ਜਿੱਥੇ ਪੌਲ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰਦਾ ਹੈ। ਹੁਣ ਮੈਂ ਲਗਭਗ 80 ਸਾਲਾਂ ਦਾ ਹੋ ਗਿਆ ਹਾਂ। ਮੈਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਜਦੋਂ ਮੈਂ ਆਪਣੇ ਤੋਂ ਘੱਟ ਉਮਰ ਦੇ ਉਨ੍ਹਾਂ ਭਰਾਵਾਂ ਨੂੰ ਦੇਖਦਾ ਹਾਂ ਜਿਨ੍ਹਾਂ ਨਾਲ ਮੈਂ ਸਾਲਾਂ ਤੋਂ ਕੰਮ ਕੀਤਾ ਸੀ, ਉਹ ਭਰਾ ਹੁਣ ਉਹ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ ਜੋ ਪਹਿਲਾਂ ਮੈਂ ਸੰਭਾਲਦਾ ਸੀ। ਆਪਣੇ ਬੱਚਿਆਂ ਅਤੇ ਦੋਹਤੀਆਂ ਦੇ ਭਲੇ ਲਈ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕੀਤੀ ਜੋ ਸਾਡੇ ਸਾਮ੍ਹਣੇ ਵਧੀਆ ਮਿਸਾਲਾਂ ਸਨ। ਇਹ ਸਾਡੀ ਖ਼ੁਸ਼ੀ ਦਾ ਸਭ ਤੋਂ ਵੱਡਾ ਕਾਰਨ ਹੈ।
^ ਪੈਰਾ 5 ਸਟੀਲ ਪਰਿਵਾਰ ਦੇ ਮੈਂਬਰਾਂ ਦੇ ਮਿਸ਼ਨਰੀ ਕੰਮ ਬਾਰੇ ਹੋਰ ਜਾਣਨ ਲਈ ਪਹਿਰਾਬੁਰਜ (ਅੰਗ੍ਰੇਜ਼ੀ) 1 ਮਈ 1956, ਸਫ਼ੇ 269-272 ਅਤੇ 15 ਮਾਰਚ 1971, ਸਫ਼ੇ 186-190 ਦੇਖੋ।
^ ਪੈਰਾ 30 ਮਿਸਾਲ ਲਈ, ਪਹਿਰਾਬੁਰਜ 15 ਅਪ੍ਰੈਲ 2015 ਦੇ ਸਫ਼ੇ 14-18 ’ਤੇ ਟ੍ਰੌਫਿਮ ਨਸੌਮਬਾ ਦੀ ਜੀਵਨੀ ਦੇਖੋ।