Skip to content

Skip to table of contents

ਪੁਰਾਣੇ ਸਮੇਂ ਦੇ ਇਜ਼ਰਾਈਲੀ ਯੁੱਧ ਲੜਦੇ ਸਨ, ਪਰ ਅਸੀਂ ਕਿਉਂ ਨਹੀਂ ਲੜਦੇ?

ਪੁਰਾਣੇ ਸਮੇਂ ਦੇ ਇਜ਼ਰਾਈਲੀ ਯੁੱਧ ਲੜਦੇ ਸਨ, ਪਰ ਅਸੀਂ ਕਿਉਂ ਨਹੀਂ ਲੜਦੇ?

“ਜੇ ਤੁਹਾਡੇ ਵਿੱਚੋਂ ਕੋਈ ਵੀ ਫਰਾਂਸ ਜਾਂ ਇੰਗਲੈਂਡ ਦੇ ਵਿਰੁੱਧ ਨਹੀਂ ਲੜੇਗਾ, ਤਾਂ ਤੁਸੀਂ ਸਾਰੇ ਦੇ ਸਾਰੇ ਮਾਰੇ ਜਾਓਗੇ।” ਇਹ ਗੱਲ ਇਕ ਨਾਜ਼ੀ ਅਫ਼ਸਰ ਨੇ ਚਿਲਾਉਂਦੇ ਹੋਏ ਯਹੋਵਾਹ ਦੇ ਗਵਾਹਾਂ ਦੇ ਇਕ ਗਰੁੱਪ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਕਹੀ ਸੀ। ਭਾਵੇਂ ਕਿ ਉੱਥੇ ਕਈ ਹਥਿਆਰਬੰਦ ਨਾਜ਼ੀ ਫ਼ੌਜੀ ਖੜ੍ਹੇ ਸਨ, ਫਿਰ ਵੀ ਕਿਸੇ ਵੀ ਗਵਾਹ ਨੇ ਉਨ੍ਹਾਂ ਅੱਗੇ ਗੋਡੇ ਨਹੀਂ ਟੇਕੇ। ਦਲੇਰੀ ਦੀ ਕਿੰਨੀ ਹੀ ਵਧੀਆ ਮਿਸਾਲ! ਇਸ ਮਿਸਾਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਗਵਾਹਾਂ ਵਜੋਂ ਯੁੱਧਾਂ ਬਾਰੇ ਸਾਡਾ ਕੀ ਨਜ਼ਰੀਆ ਹੈ। ਅਸੀਂ ਯੁੱਧਾਂ ਵਿਚ ਬਿਲਕੁਲ ਵੀ ਹਿੱਸਾ ਨਹੀਂ ਲੈਂਦੇ, ਫਿਰ ਚਾਹੇ ਇਸ ਦੇ ਬਦਲੇ ਸਾਨੂੰ ਆਪਣੀ ਜਾਨ ਹੀ ਕਿਉਂ ਨਾ ਗੁਆਉਣੀ ਪਵੇ।

ਪਰ ਆਪਣੇ ਆਪ ਨੂੰ ਮਸੀਹੀ ਕਹਿਣ ਵਾਲੇ ਬਹੁਤ ਸਾਰੇ ਲੋਕਾਂ ਦਾ ਯੁੱਧਾਂ ਬਾਰੇ ਇਹੋ ਜਿਹਾ ਨਜ਼ਰੀਆ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮਸੀਹੀ ਆਪਣੇ ਦੇਸ਼ ਦੀ ਖ਼ਾਤਰ ਯੁੱਧਾਂ ਵਿਚ ਹਿੱਸਾ ਲੈ ਸਕਦੇ ਹਨ ਅਤੇ ਉਨ੍ਹਾਂ ਨੂੰ ਲੈਣਾ ਵੀ ਚਾਹੀਦਾ ਹੈ। ਉਹ ਸ਼ਾਇਦ ਦਲੀਲ ਦੇਣ, ‘ਪੁਰਾਣੇ ਸਮੇਂ ਦੇ ਇਜ਼ਰਾਈਲੀ ਪਰਮੇਸ਼ੁਰ ਦੇ ਲੋਕ ਸਨ ਅਤੇ ਉਨ੍ਹਾਂ ਨੇ ਵੀ ਯੁੱਧ ਲੜੇ ਸਨ, ਤਾਂ ਫਿਰ ਅੱਜ ਮਸੀਹੀ ਯੁੱਧ ਕਿਉਂ ਨਹੀਂ ਲੜਦੇ?’ ਤੁਸੀਂ ਇਸ ਗੱਲ ਦਾ ਕੀ ਜਵਾਬ ਦਿਓਗੇ? ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਪੁਰਾਣੇ ਸਮੇਂ ਦੇ ਇਜ਼ਰਾਈਲੀਆਂ ਦੇ ਹਾਲਾਤ ਅੱਜ ਪਰਮੇਸ਼ੁਰ ਦੇ ਲੋਕਾਂ ਦੇ ਹਾਲਾਤਾਂ ਨਾਲੋਂ ਬਹੁਤ ਵੱਖਰੇ ਸਨ। ਆਓ ਆਪਾਂ ਪੰਜ ਗੱਲਾਂ ʼਤੇ ਗੌਰ ਕਰੀਏ।

1. ਪਰਮੇਸ਼ੁਰ ਦੇ ਲੋਕ ਇੱਕੋ ਹੀ ਕੌਮ ਵਿੱਚੋਂ ਸਨ

ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕ ਇੱਕੋ ਹੀ ਕੌਮ ਯਾਨੀ ਇਜ਼ਰਾਈਲ ਕੌਮ ਵਿੱਚੋਂ ਸਨ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ “ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੇ ਖ਼ਾਸ ਲੋਕ” ਹੋ। (ਕੂਚ 19:5) ਪਰਮੇਸ਼ੁਰ ਨੇ ਉਨ੍ਹਾਂ ਨੂੰ ਰਹਿਣ ਲਈ ਇਕ ਖ਼ਾਸ ਇਲਾਕਾ ਵੀ ਦਿੱਤਾ ਸੀ। ਇਸ ਲਈ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਦੂਜੀਆਂ ਕੌਮਾਂ ਨਾਲ ਯੁੱਧ ਲੜਨ ਦਾ ਹੁਕਮ ਦਿੱਤਾ, ਤਾਂ ਉਨ੍ਹਾਂ ਨੇ ਨਾ ਤਾਂ ਆਪਣੀ ਕੌਮ ਦੇ ਲੋਕਾਂ ਨਾਲ ਲੜਨਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਜਾਨੋਂ ਮਾਰਨਾ ਸੀ। *

ਅੱਜ ਯਹੋਵਾਹ ਦੀ ਭਗਤੀ ਕਰਨ ਵਾਲੇ ਲੋਕ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਭਾਸ਼ਾਵਾਂ” ਵਿੱਚੋਂ ਹਨ। (ਪ੍ਰਕਾ. 7:9) ਜੇ ਪਰਮੇਸ਼ੁਰ ਦੇ ਲੋਕ ਯੁੱਧਾਂ ਵਿਚ ਹਿੱਸਾ ਲੈਂਦੇ, ਤਾਂ ਉਨ੍ਹਾਂ ਨੇ ਆਪਣੇ ਹੀ ਭੈਣਾਂ-ਭਰਾਵਾਂ ਖ਼ਿਲਾਫ਼ ਲੜਨਾ ਸੀ ਤੇ ਉਨ੍ਹਾਂ ਨੂੰ ਹੀ ਜਾਨੋਂ ਮਾਰਨਾ ਸੀ।

2. ਯਹੋਵਾਹ ਨੇ ਇਜ਼ਰਾਈਲੀਆਂ ਨੂੰ ਯੁੱਧ ਲੜਨ ਦਾ ਹੁਕਮ ਦਿੱਤਾ ਸੀ

ਪੁਰਾਣੇ ਸਮੇਂ ਵਿਚ ਯਹੋਵਾਹ ਹੀ ਤੈਅ ਕਰਦਾ ਸੀ ਕਿ ਇਜ਼ਰਾਈਲੀਆਂ ਨੇ ਕਦੋਂ ਤੇ ਕਿਉਂ ਯੁੱਧ ਲੜਨਾ ਸੀ। ਉਦਾਹਰਣ ਲਈ, ਯਹੋਵਾਹ ਨੇ ਇਜ਼ਰਾਈਲੀਆਂ ਨੂੰ ਜੋ ਦੇਸ਼ ਦੇਣ ਦਾ ਵਾਅਦਾ ਕੀਤਾ ਸੀ, ਉੱਥੇ ਕਨਾਨੀ ਲੋਕ ਰਹਿੰਦੇ ਸਨ। ਕਨਾਨੀ ਲੋਕ ਦੁਸ਼ਟ ਦੂਤਾਂ ਦੀ ਭਗਤੀ ਕਰਦੇ ਸਨ, ਝੂਠੀ ਭਗਤੀ ਵਿਚ ਲਿੰਗੀ ਅਨੈਤਿਕ ਕੰਮ ਕਰਦੇ ਸਨ ਅਤੇ ਆਪਣੇ ਬੱਚਿਆਂ ਦੀਆਂ ਬਲ਼ੀਆਂ ਦਿੰਦੇ ਸਨ। ਯਹੋਵਾਹ ਨਹੀਂ ਚਾਹੁੰਦਾ ਸੀ ਕਿ ਇਜ਼ਰਾਈਲੀਆਂ ʼਤੇ ਉਨ੍ਹਾਂ ਦਾ ਬੁਰਾ ਪ੍ਰਭਾਵ ਪਵੇ। ਇਸ ਲਈ ਉਸ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਕਿ ਉਹ ਕਨਾਨੀਆਂ ਨਾਲ ਯੁੱਧ ਲੜ ਕੇ ਉਨ੍ਹਾਂ ਦਾ ਨਾਸ਼ ਕਰ ਦੇਣ। (ਲੇਵੀ. 18:24, 25) ਜਦੋਂ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਵੱਸ ਗਏ, ਤਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਉਨ੍ਹਾਂ ਦੁਸ਼ਮਣ ਕੌਮਾਂ ਖ਼ਿਲਾਫ਼ ਯੁੱਧ ਲੜਨ ਦਾ ਹੁਕਮ ਦਿੱਤਾ ਜੋ ਜਾਣ-ਬੁੱਝ ਕੇ ਉਨ੍ਹਾਂ ਨੂੰ ਤੰਗ ਕਰਦੀਆਂ ਸਨ। (2 ਸਮੂ. 5:17-25) ਪਰ ਯਹੋਵਾਹ ਨੇ ਕਦੇ ਵੀ ਇਜ਼ਰਾਈਲੀਆਂ ਨੂੰ ਇਹ ਖ਼ੁਦ ਤੈਅ ਕਰਨ ਦਾ ਅਧਿਕਾਰ ਨਹੀਂ ਦਿੱਤਾ ਕਿ ਉਨ੍ਹਾਂ ਨੇ ਕਦੋਂ ਯੁੱਧ ਲੜਨਾ ਸੀ ਤੇ ਕਦੋਂ ਨਹੀਂ। ਜਦੋਂ ਵੀ ਇਜ਼ਰਾਈਲੀਆਂ ਨੇ ਆਪਣੀ ਮਰਜ਼ੀ ਨਾਲ ਯੁੱਧ ਲੜੇ, ਤਾਂ ਇਸ ਦੇ ਬਹੁਤ ਜ਼ਿਆਦਾ ਭਿਆਨਕ ਨਤੀਜੇ ਨਿਕਲੇ।​—ਗਿਣ. 14:41-45; 2 ਇਤਿ. 35:20-24.

ਅੱਜ ਯਹੋਵਾਹ ਇਨਸਾਨਾਂ ਨੂੰ ਯੁੱਧ ਲੜਨ ਦਾ ਅਧਿਕਾਰ ਨਹੀਂ ਦਿੰਦਾ ਕਿਉਂਕਿ ਇਨਸਾਨ ਸਿਰਫ਼ ਆਪਣੇ ਫ਼ਾਇਦੇ ਲਈ ਯੁੱਧ ਲੜਦੇ ਹਨ, ਨਾ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ। ਉਹ ਆਪਣੇ ਦੇਸ਼ ਦੀਆਂ ਸਰਹੱਦਾਂ ਵਧਾਉਣ ਲਈ, ਬਹੁਤ ਸਾਰੀ ਧਨ-ਦੌਲਤ ਇਕੱਠੀ ਕਰਨ ਲਈ ਜਾਂ ਰਾਜਨੀਤਿਕ ਮਾਮਲਿਆਂ ਕਰਕੇ ਯੁੱਧ ਲੜਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਧਰਮਾਂ ਦੇ ਨਾਂ ʼਤੇ ਯੁੱਧ ਲੜਦੇ ਹਨ। ਉਹ ਦਾਅਵਾ ਕਰਦੇ ਹਨ ਕਿ ਉਹ ਇੱਦਾਂ ਕਰ ਕੇ ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਮਿਟਾ ਰਹੇ ਹਨ ਅਤੇ ਆਪਣੇ ਧਰਮ ਨੂੰ ਬਚਾ ਰਹੇ ਹਨ। ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਆਪਣੇ ਸੱਚੇ ਭਗਤਾਂ ਨੂੰ ਬਚਾਵੇਗਾ ਅਤੇ ਭਵਿੱਖ ਵਿਚ ਹੋਣ ਵਾਲੇ ਆਰਮਾਗੇਡਨ ਦੇ ਯੁੱਧ ਵਿਚ ਆਪਣੇ ਸਾਰੇ ਦੁਸ਼ਮਣਾਂ ਨੂੰ ਨਾਸ਼ ਕਰ ਦੇਵੇਗਾ। (ਪ੍ਰਕਾ. 16:14, 16) ਇਸ ਯੁੱਧ ਵਿਚ ਪਰਮੇਸ਼ੁਰ ਦੀਆਂ ਸਵਰਗੀ ਫ਼ੌਜਾਂ ਲੜਨਗੀਆਂ, ਨਾ ਕਿ ਧਰਤੀ ʼਤੇ ਉਸ ਦੇ ਸੇਵਕ।​—ਪ੍ਰਕਾ. 19:11-15.

3. ਇਜ਼ਰਾਈਲੀ ਉਨ੍ਹਾਂ ਦੀਆਂ ਜਾਨਾਂ ਬਖ਼ਸ਼ ਦਿੰਦੇ ਸਨ ਜਿਨ੍ਹਾਂ ਨੇ ਯਹੋਵਾਹ ʼਤੇ ਨਿਹਚਾ ਕੀਤੀ

ਯਰੀਹੋ ਨਾਲ ਯੁੱਧ ਵੇਲੇ ਯਹੋਵਾਹ ਨੇ ਰਾਹਾਬ ਅਤੇ ਉਸ ਦੇ ਪਰਿਵਾਰ ਦੀਆਂ ਜਾਨਾਂ ਬਖ਼ਸ਼ੀਆਂ ਸਨ, ਕੀ ਅੱਜ ਵੀ ਯੁੱਧਾਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਲੋਕਾਂ ਦੀਆਂ ਜਾਨਾਂ ਬਖ਼ਸ਼ੀਆਂ ਜਾਂਦੀਆਂ ਹਨ?

ਪੁਰਾਣੇ ਸਮੇਂ ਵਿਚ ਇਜ਼ਰਾਈਲੀ ਫ਼ੌਜੀਆਂ ਨੇ ਸਿਰਫ਼ ਉਨ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਜ਼ਾ ਦੇ ਲਾਇਕ ਠਹਿਰਾਇਆ ਸੀ। ਪਰ ਉਨ੍ਹਾਂ ਨੇ ਅਕਸਰ ਉਨ੍ਹਾਂ ਲੋਕਾਂ ਦੀਆਂ ਜਾਨਾਂ ਬਖ਼ਸ਼ ਦਿੱਤੀਆਂ ਜਿਨ੍ਹਾਂ ਨੇ ਯਹੋਵਾਹ ʼਤੇ ਨਿਹਚਾ ਕੀਤੀ। ਜ਼ਰਾ ਦੋ ਉਦਾਹਰਣਾਂ ʼਤੇ ਗੌਰ ਕਰੋ। ਭਾਵੇਂ ਕਿ ਯਹੋਵਾਹ ਨੇ ਯਰੀਹੋ ਸ਼ਹਿਰ ਨੂੰ ਨਾਸ਼ ਕਰਨ ਦਾ ਹੁਕਮ ਦਿੱਤਾ ਸੀ, ਪਰ ਇਜ਼ਰਾਈਲੀਆਂ ਨੇ ਰਾਹਾਬ ਅਤੇ ਉਸ ਦੇ ਪਰਿਵਾਰ ਦੀ ਜਾਨ ਬਖ਼ਸ਼ ਦਿੱਤੀ ਕਿਉਂਕਿ ਰਾਹਾਬ ਨੇ ਯਹੋਵਾਹ ʼਤੇ ਨਿਹਚਾ ਕੀਤੀ ਸੀ। (ਯਹੋ. 2:9-16; 6:16, 17) ਬਾਅਦ ਵਿਚ ਗਿਬਓਨ ਸ਼ਹਿਰ ਨੂੰ ਵੀ ਬਖ਼ਸ਼ ਦਿੱਤਾ ਕਿਉਂਕਿ ਗਿਬਓਨੀਆਂ ਨੇ ਪਰਮੇਸ਼ੁਰ ਦਾ ਡਰ ਮੰਨਿਆਂ ਅਤੇ ਉਸ ਲਈ ਆਦਰ ਦਿਖਾਇਆ।​—ਯਹੋ. 9:3-9, 17-19.

ਅੱਜ ਜਿਨ੍ਹਾਂ ਦੇਸ਼ਾਂ ਵਿਚ ਯੁੱਧ ਹੁੰਦੇ ਹਨ, ਉਹ ਉਨ੍ਹਾਂ ਲੋਕਾਂ ਨੂੰ ਵੀ ਨਹੀਂ ਬਖ਼ਸ਼ਦੇ ਜਿਹੜੇ ਪਰਮੇਸ਼ੁਰ ਨੂੰ ਮੰਨਦੇ ਹਨ। ਨਾਲੇ ਇਨ੍ਹਾਂ ਯੁੱਧਾਂ ਕਰਕੇ ਆਮ ਤੇ ਬੇਕਸੂਰ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ।

4. ਇਜ਼ਰਾਈਲੀਆਂ ਨੂੰ ਯੁੱਧ ਸੰਬੰਧੀ ਪਰਮੇਸ਼ੁਰ ਦੇ ਕਾਨੂੰਨ ਮੰਨਣੇ ਪੈਂਦੇ ਸਨ

ਪੁਰਾਣੇ ਸਮੇਂ ਵਿਚ ਇਜ਼ਰਾਈਲੀ ਫ਼ੌਜੀਆਂ ਲਈ ਜ਼ਰੂਰੀ ਸੀ ਕਿ ਉਹ ਯਹੋਵਾਹ ਦੀਆਂ ਹਿਦਾਇਤਾਂ ਮੁਤਾਬਕ ਹੀ ਯੁੱਧ ਲੜਨ। ਮਿਸਾਲ ਲਈ, ਕਈ ਵਾਰ ਕਿਸੇ ਸ਼ਹਿਰ ਨਾਲ ਯੁੱਧ ਲੜਨ ਤੋਂ ਪਹਿਲਾਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਉਸ ਸ਼ਹਿਰ ਦੇ ਲੋਕਾਂ ਸਾਮ੍ਹਣੇ “ਸ਼ਾਂਤੀ ਦੀਆਂ ਸ਼ਰਤਾਂ” ਰੱਖਣ ਲਈ ਕਿਹਾ। (ਬਿਵ. 20:10) ਯਹੋਵਾਹ ਇਜ਼ਰਾਈਲੀ ਫ਼ੌਜੀਆਂ ਤੋਂ ਮੰਗ ਕਰਦਾ ਸੀ ਕਿ ਉਹ ਸਰੀਰਕ ਤੌਰ ʼਤੇ ਸਾਫ਼-ਸੁਥਰੇ ਰਹਿਣ ਅਤੇ ਆਪਣਾ ਚਾਲ-ਚਲਣ ਵੀ ਹਰ ਪੱਖੋਂ ਸ਼ੁੱਧ ਰੱਖਣ। (ਬਿਵ. 23:9-14) ਪਰ ਇਸ ਤੋਂ ਉਲਟ, ਆਲੇ-ਦੁਆਲੇ ਦੀਆਂ ਕੌਮਾਂ ਦੇ ਲੋਕ ਜਦੋਂ ਕਿਸੇ ਇਲਾਕੇ ʼਤੇ ਹਮਲਾ ਕਰਦੀਆਂ ਸਨ, ਤਾਂ ਉਹ ਅਕਸਰ ਉਸ ਦੇਸ਼ ਦੀਆਂ ਔਰਤਾਂ ਨਾਲ ਬਲਾਤਕਾਰ ਕਰਦੇ ਸਨ। ਯਹੋਵਾਹ ਨੇ ਆਪਣੇ ਇਜ਼ਰਾਈਲੀ ਫ਼ੌਜੀਆਂ ਨੂੰ ਇਸ ਤਰ੍ਹਾਂ ਕਰਨ ਤੋਂ ਸਖ਼ਤ ਮਨ੍ਹਾ ਕੀਤਾ ਸੀ। ਅਸਲ ਵਿਚ, ਜਦੋਂ ਇਜ਼ਰਾਈਲੀ ਕਿਸੇ ਸ਼ਹਿਰ ʼਤੇ ਜਿੱਤ ਹਾਸਲ ਕਰ ਕੇ ਉਸ ਸ਼ਹਿਰ ਦੀਆਂ ਔਰਤਾਂ ਨੂੰ ਗ਼ੁਲਾਮ ਬਣਾ ਕੇ ਲਿਆਉਂਦੇ ਸਨ, ਤਾਂ ਉਨ੍ਹਾਂ ਨੂੰ ਇਕ ਮਹੀਨੇ ਤਕ ਉਨ੍ਹਾਂ ਔਰਤਾਂ ਨਾਲ ਵਿਆਹ ਕਰਵਾਉਣ ਦੀ ਇਜਾਜ਼ਤ ਵੀ ਨਹੀਂ ਸੀ।​—ਬਿਵ. 21:10-13.

ਅੱਜ ਬਹੁਤ ਸਾਰੇ ਦੇਸ਼ ਆਪਸ ਵਿਚ ਸਮਝੌਤਾ ਕਰਦੇ ਹਨ ਕਿ ਉਹ ਯੁੱਧ ਦੇ ਸਮੇਂ ਕਿਹੜੇ ਕਾਨੂੰਨ ਮੰਨਣਗੇ। ਇਹ ਸਮਝੌਤੇ ਇਸ ਲਈ ਕੀਤੇ ਜਾਂਦੇ ਹਨ ਤਾਂਕਿ ਆਮ ਲੋਕਾਂ ਦੀ ਰਾਖੀ ਹੋ ਸਕੇ। ਪਰ ਦੁੱਖ ਦੀ ਗੱਲ ਹੈ ਕਿ ਯੁੱਧ ਦੇ ਸਮੇਂ ਅਕਸਰ ਇਨ੍ਹਾਂ ਕਾਨੂੰਨਾਂ ਨੂੰ ਯਾਦ ਤਕ ਨਹੀਂ ਰੱਖਿਆ ਜਾਂਦਾ।

5. ਪਰਮੇਸ਼ੁਰ ਆਪਣੀ ਕੌਮ ਲਈ ਲੜਿਆ

ਜਿੱਦਾਂ ਪਰਮੇਸ਼ੁਰ ਇਜ਼ਰਾਈਲੀਆਂ ਲਈ ਯਰੀਹੋ ਦੇ ਲੋਕਾਂ ਨਾਲ ਲੜਿਆ ਸੀ, ਕੀ ਉਹ ਅੱਜ ਵੀ ਕਿਸੇ ਕੌਮ ਲਈ ਲੜਦਾ ਹੈ?

ਪੁਰਾਣੇ ਸਮੇਂ ਵਿਚ ਯਹੋਵਾਹ ਇਜ਼ਰਾਈਲੀਆਂ ਲਈ ਲੜਿਆ ਅਤੇ ਅਕਸਰ ਉਨ੍ਹਾਂ ਨੂੰ ਚਮਤਕਾਰੀ ਤਰੀਕੇ ਨਾਲ ਜਿਤਾਇਆ। ਕੀ ਤੁਹਾਨੂੰ ਯਾਦ ਹੈ ਕਿ ਯਹੋਵਾਹ ਨੇ ਯਰੀਹੋ ਸ਼ਹਿਰ ʼਤੇ ਜਿੱਤ ਹਾਸਲ ਕਰਨ ਵਿਚ ਇਜ਼ਰਾਈਲੀਆਂ ਦੀ ਕਿੱਦਾਂ ਮਦਦ ਕੀਤੀ ਸੀ? ਯਹੋਵਾਹ ਦੀ ਅਗਵਾਈ ਅਧੀਨ ਜਦੋਂ ਹੀ ਇਜ਼ਰਾਈਲੀਆਂ ਨੇ “ਯੁੱਧ ਦਾ ਜੈਕਾਰਾ ਲਾਇਆ, ਤਾਂ ਕੰਧ ਢਹਿ-ਢੇਰੀ ਹੋ ਗਈ” ਜਿਸ ਕਰਕੇ ਉਹ ਸੌਖਿਆਂ ਹੀ ਸ਼ਹਿਰ ʼਤੇ ਕਬਜ਼ਾ ਕਰ ਸਕੇ। (ਯਹੋ. 6:20) ਉਨ੍ਹਾਂ ਨੇ ਅਮੋਰੀਆਂ ʼਤੇ ਕਿੱਦਾਂ ਜਿੱਤ ਹਾਸਲ ਕੀਤੀ? ਯਹੋਵਾਹ ਨੇ ‘ਆਕਾਸ਼ ਤੋਂ ਵੱਡੇ-ਵੱਡੇ ਗੜੇ ਵਰ੍ਹਾਏ। ਅਸਲ ਵਿਚ, ਜਿੰਨੇ ਇਜ਼ਰਾਈਲੀਆਂ ਦੀ ਤਲਵਾਰ ਨਾਲ ਮਰੇ ਸਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਗੜਿਆਂ ਨਾਲ ਮਾਰੇ ਗਏ।’​—ਯਹੋ. 10:6-11.

ਅੱਜ ਯਹੋਵਾਹ ਕਿਸੇ ਵੀ ਦੇਸ਼ ਲਈ ਨਹੀਂ ਲੜਦਾ। ਪਰਮੇਸ਼ੁਰ ਦਾ ਰਾਜ ਅਤੇ ਇਸ ਦਾ ਰਾਜਾ ਯਿਸੂ ‘ਇਸ ਦੁਨੀਆਂ ਦੇ ਨਹੀਂ’ ਹਨ। (ਯੂਹੰ. 18:36) ਇਸ ਤੋਂ ਉਲਟ, ਦੁਨੀਆਂ ਦੀਆਂ ਸਾਰੀਆਂ ਇਨਸਾਨੀ ਸਰਕਾਰਾਂ ਉੱਤੇ ਸ਼ੈਤਾਨ ਦਾ ਅਧਿਕਾਰ ਹੈ। ਦੁਨੀਆਂ ਵਿਚ ਹੋ ਰਹੇ ਭਿਆਨਕ ਯੁੱਧਾਂ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਕਿੰਨਾ ਜ਼ਾਲਮ ਹੈ।​—ਲੂਕਾ 4:5, 6; 1 ਯੂਹੰ. 5:19.

ਸੱਚੇ ਮਸੀਹੀ ਸ਼ਾਂਤੀ-ਪਸੰਦ ਲੋਕ ਹਨ

ਹੁਣ ਤਕ ਅਸੀਂ ਦੇਖਿਆ ਕਿ ਸਾਡੇ ਹਾਲਾਤ ਪੁਰਾਣੇ ਸਮੇਂ ਦੇ ਇਜ਼ਰਾਈਲੀਆਂ ਨਾਲੋਂ ਕਿੰਨੇ ਜ਼ਿਆਦਾ ਵੱਖਰੇ ਹਨ। ਅਸੀਂ ਸਿਰਫ਼ ਇਨ੍ਹਾਂ ਕਾਰਨਾਂ ਕਰਕੇ ਹੀ ਨਹੀਂ, ਸਗੋਂ ਹੋਰ ਵੀ ਕਾਰਨਾਂ ਕਰਕੇ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ। ਉਦਾਹਰਣ ਲਈ, ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਆਖ਼ਰੀ ਦਿਨਾਂ ਵਿਚ ਉਸ ਦੇ ਲੋਕ “ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ,” ਤਾਂ ਫਿਰ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਉਹ ਯੁੱਧਾਂ ਵਿਚ ਹਿੱਸਾ ਲੈਣ। (ਯਸਾ. 2:2-4) ਇਸ ਦੇ ਨਾਲ-ਨਾਲ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ “ਤੁਸੀਂ ਦੁਨੀਆਂ ਦੇ ਨਹੀਂ ਹੋ।” ਇਸ ਕਰਕੇ ਅਸੀਂ ਦੁਨੀਆਂ ਦੀਆਂ ਲੜਾਈਆਂ ਵਿਚ ਕਿਸੇ ਦਾ ਵੀ ਪੱਖ ਨਹੀਂ ਲੈਂਦੇ।​—ਯੂਹੰ. 15:19.

ਯਿਸੂ ਨੇ ਆਪਣੇ ਚੇਲਿਆਂ ਨੂੰ ਹੋਰ ਵੀ ਕੁਝ ਕਰਨ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਅਜਿਹੇ ਰਵੱਈਏ ਤੋਂ ਦੂਰ ਰਹਿਣ ਜਿਸ ਕਰਕੇ ਵੈਰ ਪੈ ਸਕਦਾ ਹੈ, ਗੁੱਸਾ ਭੜਕ ਸਕਦਾ ਹੈ ਅਤੇ ਯੁੱਧ ਹੋ ਸਕਦਾ ਹੈ। (ਮੱਤੀ 5:21, 22) ਇਸ ਤੋਂ ਇਲਾਵਾ, ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ “ਸ਼ਾਂਤੀ ਕਾਇਮ ਕਰਨ ਵਾਲੇ” ਬਣਨ ਅਤੇ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰਨ।​—ਮੱਤੀ 5:9, 44.

ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਬਿਨਾਂ ਸ਼ੱਕ, ਅਸੀਂ ਯੁੱਧਾਂ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੇ, ਪਰ ਅਸੀਂ ਕਿਸੇ ਵੀ ਭੈਣ-ਭਰਾ ਲਈ ਆਪਣੇ ਮਨ ਵਿਚ ਵੈਰ ਨਹੀਂ ਰੱਖਣਾ ਚਾਹੁੰਦੇ ਜਿਸ ਕਰਕੇ ਮੰਡਲੀ ਵਿਚ ਲੜਾਈ-ਝਗੜਾ ਹੋ ਸਕਦਾ ਹੈ ਜਾਂ ਫੁੱਟ ਪੈ ਸਕਦੀ ਹੈ। ਇਸ ਲਈ ਆਓ ਆਪਾਂ ਆਪਣੇ ਦਿਲ ਵਿੱਚੋਂ ਇੱਦਾਂ ਦੀ ਹਰ ਭਾਵਨਾ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।​—ਯਾਕੂ. 4:1, 11.

ਅਸੀਂ ਦੁਨੀਆਂ ਦੇ ਯੁੱਧਾਂ ਵਿਚ ਹਿੱਸਾ ਲੈਣ ਦੀ ਬਜਾਇ ਆਪਸ ਵਿਚ ਸ਼ਾਂਤੀ ਅਤੇ ਪਿਆਰ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। (ਯੂਹੰ. 13:34, 35) ਬਹੁਤ ਜਲਦ ਯਹੋਵਾਹ ਧਰਤੀ ਤੋਂ ਸਾਰੀਆਂ ਲੜਾਈਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। (ਜ਼ਬੂ. 46:9) ਇਸ ਲਈ ਆਓ ਆਪਾਂ ਉਸ ਦਿਨ ਦੀ ਉਡੀਕ ਕਰਦਿਆਂ ਨਿਰਪੱਖ ਬਣੇ ਰਹਿਣ ਦਾ ਪੱਕਾ ਇਰਾਦਾ ਕਰੀਏ।

^ ਕਈ ਵਾਰ ਇਜ਼ਰਾਈਲ ਦੇ ਗੋਤਾਂ ਨੇ ਆਪਸ ਵਿਚ ਹੀ ਯੁੱਧ ਲੜੇ, ਪਰ ਯਹੋਵਾਹ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ। (1 ਰਾਜ. 12:24) ਪਰ ਕਈ ਹੋਰ ਮੌਕਿਆਂ ਤੇ ਯਹੋਵਾਹ ਨੇ ਉਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਕਿਉਂਕਿ ਕੁਝ ਗੋਤ ਯਹੋਵਾਹ ਦੇ ਖ਼ਿਲਾਫ਼ ਹੋ ਗਏ ਸਨ ਅਤੇ ਕਈਆਂ ਨੇ ਉਸ ਵਿਰੁੱਧ ਬਹੁਤ ਘਿਣਾਉਣੇ ਕੰਮ ਕੀਤੇ ਸਨ।​—ਨਿਆ. 20:3-35; 2 ਇਤਿ. 13:3-18; 25:14-22; 28:1-8.