Skip to content

Skip to table of contents

ਅਧਿਐਨ ਲੇਖ 43

ਸੱਚੀ ਬੁੱਧ ਗਲੀਆਂ ਵਿਚ ਪੁਕਾਰਦੀ ਹੈ

ਸੱਚੀ ਬੁੱਧ ਗਲੀਆਂ ਵਿਚ ਪੁਕਾਰਦੀ ਹੈ

“ਸੱਚੀ ਬੁੱਧ ਗਲੀਆਂ ਵਿਚ ਪੁਕਾਰਦੀ ਹੈ। ਉਸ ਦੀ ਆਵਾਜ਼ ਚੌਂਕਾਂ ਵਿਚ ਗੂੰਜਦੀ ਰਹਿੰਦੀ ਹੈ।”​—ਕਹਾ. 1:20, ਫੁਟਨੋਟ।

ਗੀਤ 88 ਮੈਨੂੰ ਆਪਣੇ ਰਾਹਾਂ ਬਾਰੇ ਦੱਸ

ਖ਼ਾਸ ਗੱਲਾਂ *

1. ਜਦੋਂ ਲੋਕਾਂ ਨੂੰ ਸੱਚੀ ਬੁੱਧ ਦੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ, ਤਾਂ ਉਨ੍ਹਾਂ ਦਾ ਕੀ ਰਵੱਈਆ ਹੁੰਦਾ ਹੈ? (ਕਹਾਉਤਾਂ 1:20, 21)

 ਬਹੁਤ ਸਾਰੇ ਦੇਸ਼ਾਂ ਵਿਚ ਸਾਡੇ ਭੈਣ-ਭਰਾ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਲਈ ਖੜ੍ਹੇ ਹੁੰਦੇ ਹਨ। ਉਨ੍ਹਾਂ ਭੈਣਾਂ-ਭਰਾਵਾਂ ਦੇ ਚਿਹਰਿਆਂ ʼਤੇ ਮੁਸਕਾਨ ਹੁੰਦੀ ਹੈ ਅਤੇ ਉਹ ਲੋਕਾਂ ਨੂੰ ਪੜ੍ਹਨ ਲਈ ਪ੍ਰਕਾਸ਼ਨ ਦਿੰਦੇ ਹਨ। ਕੀ ਤੁਸੀਂ ਵੀ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਹੈ? ਜੇ ਹਾਂ, ਤਾਂ ਤੁਹਾਡੇ ਮਨ ਵਿਚ ਜ਼ਰੂਰ ਕਹਾਉਤਾਂ ਦੀ ਇਹ ਗੱਲ ਆਈ ਹੋਣੀ ਕਿ ਬੁੱਧ ਚੌਂਕਾ ਵਿਚ ਪੁਕਾਰਦੀ ਹੈ ਤਾਂਕਿ ਲੋਕ ਉਸ ਦੀ ਸਲਾਹ ਸੁਣਨ। (ਕਹਾਉਤਾਂ 1:20, 21 ਪੜ੍ਹੋ।) ਬਾਈਬਲ ਅਤੇ ਸਾਡੇ ਪ੍ਰਕਾਸ਼ਨਾਂ ਵਿਚ “ਸੱਚੀ ਬੁੱਧ” ਯਾਨੀ ਯਹੋਵਾਹ ਦੀ ਬੁੱਧ ਪਾਈ ਜਾਂਦੀ ਹੈ। ਲੋਕਾਂ ਲਈ ਸੱਚੀ ਬੁੱਧ ਦੀਆਂ ਗੱਲਾਂ ਸੁਣਨੀਆਂ ਬਹੁਤ ਜ਼ਰੂਰੀ ਹਨ ਤਾਂਕਿ ਉਹ ਹਮੇਸ਼ਾ ਦੀ ਜ਼ਿੰਦਗੀ ਵੱਲ ਪਹਿਲਾ ਕਦਮ ਵਧਾ ਸਕਣ। ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ਸਾਡੇ ਪ੍ਰਕਾਸ਼ਨ ਲੈਂਦਾ ਹੈ। ਪਰ ਸਾਰੇ ਲੋਕ ਇੱਦਾਂ ਨਹੀਂ ਕਰਦੇ। ਕੁਝ ਲੋਕਾਂ ਨੂੰ ਬਾਈਬਲ ਦੇ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਹੈ। ਕੁਝ ਹੋਰ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਬਾਈਬਲ ਬਹੁਤ ਪੁਰਾਣੀ ਹੋ ਚੁੱਕੀ ਹੈ ਅਤੇ ਇਸ ਦੀਆਂ ਗੱਲਾਂ ਸਾਡੇ ਸਮੇਂ ਵਿਚ ਕੁਝ ਵੀ ਮਾਅਨੇ ਨਹੀਂ ਰੱਖਦੀਆਂ। ਕੁਝ ਲੋਕ ਬਾਈਬਲ ਵਿਚ ਦਰਜ ਨੈਤਿਕ ਮਿਆਰਾਂ ਦੀ ਨੁਕਤਾਚੀਨੀ ਕਰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਮਿਆਰਾਂ ਨੂੰ ਮੰਨਣ ਵਾਲੇ ਲੋਕ ਕੱਟੜ ਹੁੰਦੇ ਹਨ ਅਤੇ ਆਪਣੇ ਆਪ ਨੂੰ ਜ਼ਿਆਦਾ ਧਰਮੀ ਸਮਝਦੇ ਹਨ। ਫਿਰ ਵੀ ਯਹੋਵਾਹ ਪਿਆਰ ਨਾਲ ਸਾਰੇ ਲੋਕਾਂ ਨੂੰ ਸੱਚੀ ਬੁੱਧ ਦੀਆਂ ਗੱਲਾਂ ਸੁਣਨ ਦਾ ਮੌਕਾ ਦੇ ਰਿਹਾ ਹੈ। ਆਓ ਆਪਾਂ ਦੇਖੀਏ ਕਿ ਯਹੋਵਾਹ ਇਹ ਮੌਕਾ ਕਿਵੇਂ ਦੇ ਰਿਹਾ ਹੈ।

2. ਸਾਨੂੰ ਸੱਚੀ ਬੁੱਧ ਕਿੱਥੋਂ ਮਿਲ ਸਕਦੀ ਹੈ, ਪਰ ਲੋਕਾਂ ਦਾ ਰਵੱਈਆ ਕਿਹੋ ਜਿਹਾ ਹੈ?

2 ਯਹੋਵਾਹ ਸਾਨੂੰ ਆਪਣੇ ਬਚਨ ਬਾਈਬਲ ਰਾਹੀਂ ਸੱਚੀ ਬੁੱਧ ਦਿੰਦਾ ਹੈ। ਲਗਭਗ ਹਰ ਇਨਸਾਨ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਭਾਸ਼ਾ ਵਿਚ ਪੜ੍ਹ ਸਕਦਾ ਹੈ। ਯਹੋਵਾਹ ਸਾਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਰਾਹੀਂ ਵੀ ਸਿਖਾਉਂਦਾ ਹੈ। ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਦੀ ਬਰਕਤ ਸਦਕਾ 1,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸਾਡੇ ਕੋਲ ਪ੍ਰਕਾਸ਼ਨ ਹਨ। ਜੋ ਲੋਕ ਇਸ ਬੁੱਧ ਦੀਆਂ ਗੱਲਾਂ ਨੂੰ ਸੁਣਦੇ ਹਨ ਯਾਨੀ ਬਾਈਬਲ ਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਦੇ ਅਤੇ ਇਨ੍ਹਾਂ ਵਿੱਚੋਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਹਨ, ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ। ਪਰ ਜ਼ਿਆਦਾਤਰ ਲੋਕ ਇਸ ਬੁੱਧ ਦੀ ਆਵਾਜ਼ ਨੂੰ ਅਣਸੁਣਿਆ ਕਰਦੇ ਹਨ। ਜਦੋਂ ਉਨ੍ਹਾਂ ਨੇ ਫ਼ੈਸਲੇ ਲੈਣੇ ਹੁੰਦੇ ਹਨ, ਤਾਂ ਉਹ ਆਪਣੇ ʼਤੇ ਜਾਂ ਹੋਰ ਲੋਕਾਂ ʼਤੇ ਭਰੋਸਾ ਕਰਦੇ ਹਨ। ਸ਼ਾਇਦ ਉਹ ਸਾਨੂੰ ਘਟੀਆ ਸਮਝਦੇ ਹਨ ਕਿਉਂਕਿ ਅਸੀਂ ਬਾਈਬਲ ਦੀ ਸਲਾਹ ਮੁਤਾਬਕ ਚੱਲਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਲੋਕਾਂ ਦਾ ਰਵੱਈਆ ਇਸ ਤਰ੍ਹਾਂ ਦਾ ਕਿਉਂ ਹੈ। ਆਓ ਪਹਿਲਾਂ ਆਪਾਂ ਦੇਖੀਏ ਕਿ ਅਸੀਂ ਯਹੋਵਾਹ ਤੋਂ ਇਹ ਬੁੱਧ ਕਿਵੇਂ ਪਾ ਸਕਦੇ ਹਾਂ।

ਯਹੋਵਾਹ ਬਾਰੇ ਗਿਆਨ ਲੈ ਕੇ ਸੱਚੀ ਬੁੱਧ ਹਾਸਲ ਕਰੋ

3. ਸੱਚੀ ਬੁੱਧ ਹਾਸਲ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ?

3 ਬੁੱਧ ਤੋਂ ਕੰਮ ਲੈਣ ਦਾ ਮਤਲਬ ਹੈ ਗਿਆਨ ਤੇ ਸਮਝ ਨੂੰ ਵਰਤ ਕੇ ਸਹੀ ਫ਼ੈਸਲੇ ਕਰਨੇ। ਪਰ ਸੱਚੀ ਬੁੱਧ ਹਾਸਲ ਕਰਨ ਲਈ ਸਾਨੂੰ ਹੋਰ ਵੀ ਕੁਝ ਕਰਨ ਦੀ ਲੋੜ ਹੈ। ਬਾਈਬਲ ਕਹਿੰਦੀ ਹੈ: “ਯਹੋਵਾਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ ਅਤੇ ਅੱਤ ਪਵਿੱਤਰ ਪਰਮੇਸ਼ੁਰ ਦਾ ਗਿਆਨ ਹੀ ਸਮਝ ਹੈ।” (ਕਹਾ. 9:10) ਇਸ ਲਈ ਸਾਨੂੰ ਜਦੋਂ ਵੀ ਕੋਈ ਅਹਿਮ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਸਾਨੂੰ ਉਸ ਬਾਰੇ ਯਹੋਵਾਹ ਦੀ ਸੋਚ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਯਾਨੀ ‘ਅੱਤ ਪਵਿੱਤਰ ਪਰਮੇਸ਼ੁਰ ਦੇ ਗਿਆਨ’ ਮੁਤਾਬਕ ਫ਼ੈਸਲਾ ਕਰਨਾ ਚਾਹੀਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰ ਕੇ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਸੱਚੀ ਬੁੱਧ ਤੋਂ ਕੰਮ ਲੈ ਰਹੇ ਹਾਂ।​—ਕਹਾ. 2:5-7.

4. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਿਰਫ਼ ਯਹੋਵਾਹ ਹੀ ਸੱਚੀ ਬੁੱਧ ਦੇ ਸਕਦਾ ਹੈ?

4 ਸਿਰਫ਼ ਯਹੋਵਾਹ ਹੀ ਸਾਨੂੰ ਸੱਚੀ ਬੁੱਧ ਦੇ ਸਕਦਾ ਹੈ। (ਰੋਮੀ. 16:27) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਇਸ ਦੇ ਤਿੰਨ ਕਾਰਨਾਂ ʼਤੇ ਧਿਆਨ ਦਿਓ: ਪਹਿਲਾ, ਉਹ ਸ੍ਰਿਸ਼ਟੀਕਰਤਾ ਹੈ, ਇਸ ਲਈ ਉਹ ਆਪਣੀ ਸ੍ਰਿਸ਼ਟੀ ਬਾਰੇ ਹਰ ਗੱਲ ਜਾਣਦਾ ਹੈ। (ਜ਼ਬੂ. 104:24) ਦੂਜਾ, ਯਹੋਵਾਹ ਦੇ ਕੰਮਾਂ ਤੋਂ ਉਸ ਦੀ ਬੁੱਧ ਝਲਕਦੀ ਹੈ। (ਰੋਮੀ. 11:33) ਤੀਜਾ, ਯਹੋਵਾਹ ਦੀਆਂ ਬੁੱਧ ਦੀਆਂ ਗੱਲਾਂ ʼਤੇ ਚੱਲਣ ਵਾਲਿਆਂ ਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। (ਕਹਾ. 2:10-12) ਜੇ ਅਸੀਂ ਸੱਚੀ ਬੁੱਧ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਤਿੰਨ ਸੱਚਾਈਆਂ ਨੂੰ ਸਵੀਕਾਰ ਕਰੀਏ ਅਤੇ ਇਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਜਾਂ ਕੰਮ ਕਰੀਏ।

5. ਯਹੋਵਾਹ ਦੀ ਬੁੱਧ ਮੁਤਾਬਕ ਚੱਲਣ ਦੀ ਬਜਾਇ ਆਪਣੀ ਸੋਚ ਮੁਤਾਬਕ ਚੱਲਣ ਦੇ ਕਿਹੜੇ ਨਤੀਜੇ ਨਿਕਲੇ ਹਨ?

5 ਪ੍ਰਚਾਰ ਵਿਚ ਜਿਨ੍ਹਾਂ ਲੋਕਾਂ ਨੂੰ ਅਸੀਂ ਮਿਲਦੇ ਹਾਂ, ਉਨ੍ਹਾਂ ਵਿੱਚੋਂ ਕਈ ਜਣੇ ਮੰਨਦੇ ਹਨ ਕਿ ਸ੍ਰਿਸ਼ਟੀ ਨੂੰ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ। ਪਰ ਉਹ ਇਸ ਗੱਲ ʼਤੇ ਯਕੀਨ ਨਹੀਂ ਕਰਦੇ ਕਿ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕੋਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਭ ਕੁਝ ਆਪਣੇ ਆਪ ਹੀ ਬਣ ਗਿਆ ਹੈ। ਕਈ ਜਣੇ ਪਰਮੇਸ਼ੁਰ ਦੀ ਹੋਂਦ ʼਤੇ ਵਿਸ਼ਵਾਸ ਤਾਂ ਕਰਦੇ ਹਨ, ਪਰ ਉਹ ਬਾਈਬਲ ਦੇ ਮਿਆਰਾਂ ਮੁਤਾਬਕ ਨਹੀਂ ਚੱਲਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਬਾਈਬਲ ਬਹੁਤ ਪੁਰਾਣੀ ਹੋ ਚੁੱਕੀ ਹੈ। ਉਹ ਆਪਣੀ ਹੀ ਸੋਚ ਮੁਤਾਬਕ ਚੱਲਣਾ ਚਾਹੁੰਦੇ ਹਨ। ਇਨਸਾਨਾਂ ਦੇ ਇਸ ਰਵੱਈਏ ਦਾ ਕੀ ਨਤੀਜਾ ਨਿਕਲਿਆ? ਕੀ ਪਰਮੇਸ਼ੁਰ ਦੀ ਬਜਾਇ ਆਪਣੀ ਸੋਚ ʼਤੇ ਭਰੋਸਾ ਰੱਖਣ ਕਰਕੇ ਦੁਨੀਆਂ ਦੇ ਹਾਲਾਤ ਸੁਧਰੇ ਹਨ? ਕੀ ਇਨਸਾਨਾਂ ਨੂੰ ਸੱਚੀ ਖ਼ੁਸ਼ੀ ਜਾਂ ਭਵਿੱਖ ਲਈ ਕੋਈ ਪੱਕੀ ਉਮੀਦ ਮਿਲੀ ਹੈ? ਜਦੋਂ ਅਸੀਂ ਆਪਣੇ ਆਲੇ-ਦੁਆਲੇ ਦੇਖਦੇ ਹਾਂ, ਤਾਂ ਸਾਨੂੰ ਸਾਫ਼ ਨਜ਼ਰ ਆਉਂਦਾ ਹੈ ਕਿ “ਨਾ ਕੋਈ ਬੁੱਧ, ਨਾ ਕੋਈ ਸੂਝ-ਬੂਝ ਤੇ ਨਾ ਹੀ ਕੋਈ ਅਜਿਹੀ ਸਲਾਹ ਹੈ ਜੋ ਯਹੋਵਾਹ ਅੱਗੇ ਟਿਕ ਸਕੇ।” (ਕਹਾ. 21:30) ਤਾਂ ਫਿਰ ਕੀ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਯਹੋਵਾਹ ਤੋਂ ਸੱਚੀ ਬੁੱਧ ਹਾਸਲ ਕਰੀਏ। ਪਰ ਦੁੱਖ ਦੀ ਗੱਲ ਹੈ ਕਿ ਇਸ ਸਭ ਦੇ ਬਾਵਜੂਦ ਲੋਕ ਸੱਚੀ ਬੁੱਧ ਹਾਸਲ ਨਹੀਂ ਕਰਨੀ ਚਾਹੁੰਦੇ। ਆਓ ਦੇਖੀਏ ਕਿਉਂ?

ਲੋਕ ਸੱਚੀ ਬੁੱਧ ਕਿਉਂ ਹਾਸਲ ਨਹੀਂ ਕਰਦੇ?

6. ਕਹਾਉਤਾਂ 1:22-25 ਮੁਤਾਬਕ ਕਿਹੜੇ ਲੋਕ ਸੱਚੀ ਬੁੱਧ ਦੀ ਆਵਾਜ਼ ਨੂੰ ਨਹੀਂ ਸੁਣਦੇ?

6 ਜਦੋਂ “ਸੱਚੀ ਬੁੱਧ ਗਲੀਆਂ ਵਿਚ ਪੁਕਾਰਦੀ ਹੈ,” ਤਾਂ ਬਹੁਤ ਸਾਰੇ ਲੋਕ ਇਸ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੰਦੇ ਹਨ। ਬਾਈਬਲ ਮੁਤਾਬਕ ਤਿੰਨ ਤਰ੍ਹਾਂ ਦੇ ਲੋਕ ਬੁੱਧ ਦੀ ਆਵਾਜ਼ ਨੂੰ ਨਹੀਂ ਸੁਣਦੇ। ਇਹ ਲੋਕ ਹਨ: ‘ਨਾਸਮਝ,’ ‘ਮਖੌਲ ਉਡਾਉਣ ਵਾਲੇ’ ਅਤੇ ‘ਮੂਰਖ।’ (ਕਹਾਉਤਾਂ 1:22-25 ਪੜ੍ਹੋ।) ਆਓ ਦੇਖੀਏ ਕਿ ਕੁਝ ਲੋਕ ਬੁੱਧ ਦੀਆਂ ਗੱਲਾਂ ਕਿਉਂ ਨਹੀਂ ਸੁਣਨੀਆਂ ਚਾਹੁੰਦੇ ਅਤੇ ਅਸੀਂ ਉਨ੍ਹਾਂ ਵਰਗੇ ਬਣਨ ਤੋਂ ਕਿਵੇਂ ਬਚ ਸਕਦੇ ਹਾਂ।

7. ਕੁਝ ਲੋਕ ਜਾਣ-ਬੁੱਝ ਕੇ ‘ਨਾਸਮਝ’ ਕਿਉਂ ਬਣਦੇ ਹਨ?

7 ‘ਨਾਸਮਝ’ ਲੋਕ ਉਹ ਹੁੰਦੇ ਹਨ ਜੋ ਦੂਜਿਆਂ ਦੀਆਂ ਗੱਲਾਂ ਵਿਚ ਛੇਤੀ ਆ ਜਾਂਦੇ ਅਤੇ ਸੌਖਿਆਂ ਹੀ ਗੁਮਰਾਹ ਹੋ ਜਾਂਦੇ ਹਨ। (ਕਹਾ. 14:15) ਅਸੀਂ ਪ੍ਰਚਾਰ ਵਿਚ ਅਕਸਰ ਅਜਿਹੇ ਲੋਕਾਂ ਨੂੰ ਮਿਲਦੇ ਹਾਂ। ਜ਼ਰਾ ਸੋਚੋ, ਧਾਰਮਿਕ ਤੇ ਰਾਜਨੀਤਿਕ ਆਗੂ ਲੱਖਾਂ ਹੀ ਲੋਕਾਂ ਨੂੰ ਗੁਮਰਾਹ ਕਰਦੇ ਹਨ। ਜਦੋਂ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਮੂਰਖ ਬਣਾਇਆ ਹੈ, ਤਾਂ ਉਨ੍ਹਾਂ ਨੂੰ ਬਹੁਤ ਧੱਕਾ ਲੱਗਦਾ ਹੈ। ਪਰ ਕਹਾਉਤਾਂ 1:22 ਵਿਚ ਜਿਨ੍ਹਾਂ ਨਾਸਮਝ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਜਾਣ-ਬੁੱਝ ਕੇ ਨਾਸਮਝ ਬਣਦੇ ਹਨ। (ਯਿਰ. 5:31) ਉਹ ਬਾਈਬਲ ਦੇ ਮਿਆਰਾਂ ਮੁਤਾਬਕ ਚੱਲਣ ਦੀ ਬਜਾਇ ਆਪਣੀ ਮਨ-ਮਰਜ਼ੀ ਕਰਨਾ ਚਾਹੁੰਦੇ ਹਨ। ਬਹੁਤ ਸਾਰੇ ਲੋਕ ਕੈਨੇਡਾ ਦੇ ਕਿਊਬੈੱਕ ਸ਼ਹਿਰ ਵਿਚ ਰਹਿਣ ਵਾਲੀ ਇਸ ਔਰਤ ਵਾਂਗ ਮਹਿਸੂਸ ਕਰਦੇ ਹਨ। ਇਸ ਔਰਤ ਨੂੰ ਆਪਣੇ ਪਾਦਰੀ ʼਤੇ ਬਹੁਤ ਭਰੋਸਾ ਸੀ। ਜਦੋਂ ਉਸ ਨੂੰ ਦੋ ਗਵਾਹ ਮਿਲੇ, ਤਾਂ ਉਸ ਨੇ ਕਿਹਾ: ‘ਜੇ ਸਾਡਾ ਪਾਦਰੀ ਸਾਨੂੰ ਬੇਵਕੂਫ਼ ਬਣਾਉਂਦਾ ਹੈ, ਤਾਂ ਇਹ ਉਸ ਦੀ ਗ਼ਲਤੀ ਹੈ, ਨਾ ਕਿ ਸਾਡੀ।’ ਬਿਨਾਂ ਸ਼ੱਕ, ਅਸੀਂ ਕਦੇ ਵੀ ਇਨ੍ਹਾਂ ਨਾਸਮਝ ਲੋਕਾਂ ਵਰਗੇ ਨਹੀਂ ਬਣਨਾ ਚਾਹੁੰਦੇ!​—ਕਹਾ. 1:32; 27:12.

8. ਸਮਝਦਾਰ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

8 ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਨਾਸਮਝ ਨਹੀਂ, ਸਗੋਂ ‘ਸਮਝ ਵਿਚ ਸਿਆਣੇ ਬਣੀਏ।’ (1 ਕੁਰਿੰ. 14:20) ਜੇ ਅਸੀਂ ਬੁੱਧ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ। ਜਿੱਦਾਂ-ਜਿੱਦਾਂ ਅਸੀਂ ਇਨ੍ਹਾਂ ਅਸੂਲਾਂ ਨੂੰ ਲਾਗੂ ਕਰਾਂਗੇ, ਉੱਦਾਂ-ਉੱਦਾਂ ਅਸੀਂ ਦੇਖ ਸਕਾਂਗੇ ਕਿ ਇਨ੍ਹਾਂ ਨੂੰ ਲਾਗੂ ਕਰ ਕੇ ਕਿੱਦਾਂ ਅਸੀਂ ਮੁਸ਼ਕਲਾਂ ਤੋਂ ਬਚ ਸਕਦੇ ਹਾਂ ਅਤੇ ਸਹੀ ਫ਼ੈਸਲੇ ਕਰ ਸਕਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਫ਼ੈਸਲਿਆਂ ʼਤੇ ਗੌਰ ਕਰੀਏ। ਜੇ ਅਸੀਂ ਬਾਈਬਲ ਸਟੱਡੀ ਕਰ ਰਹੇ ਹਾਂ ਅਤੇ ਕੁਝ ਸਮੇਂ ਤੋਂ ਮੀਟਿੰਗਾਂ ਤੇ ਆ ਰਹੇ ਹਾਂ, ਤਾਂ ਸ਼ਾਇਦ ਅਸੀਂ ਖ਼ੁਦ ਨੂੰ ਪੁੱਛੀਏ ਕਿ ਕਿਹੜੀ ਗੱਲ ਸਾਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਤੋਂ ਰੋਕ ਰਹੀ ਹੈ। ਪਰ ਜੇ ਸਾਡਾ ਬਪਤਿਸਮਾ ਹੋ ਚੁੱਕਾ ਹੈ, ਤਾਂ ਅਸੀਂ ਖ਼ੁਸ਼-ਖ਼ਬਰੀ ਦੇ ਹੋਰ ਵਧੀਆ ਪ੍ਰਚਾਰਕ ਕਿਵੇਂ ਬਣ ਸਕਦੇ ਹਾਂ? ਕੀ ਸਾਡੇ ਫ਼ੈਸਲਿਆਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਦੇ ਹਾਂ? ਕੀ ਅਸੀਂ ਦੂਸਰਿਆਂ ਨਾਲ ਯਿਸੂ ਵਾਂਗ ਪੇਸ਼ ਆਉਂਦੇ ਹਾਂ? ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਕਿਤੇ ਸੁਧਾਰ ਕਰਨ ਦੀ ਲੋੜ ਹੈ, ਤਾਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ‘ਯਹੋਵਾਹ ਦੀ ਨਸੀਹਤ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।’​—ਜ਼ਬੂ. 19:7.

9. ‘ਮਖੌਲ ਉਡਾਉਣ ਵਾਲੇ’ ਲੋਕ ਪਰਮੇਸ਼ੁਰ ਦੀ ਬੁੱਧ ਹਾਸਲ ਕਰਨ ਤੋਂ ਇਨਕਾਰ ਕਿਉਂ ਕਰਦੇ ਹਨ?

9 ‘ਮਖੌਲ ਉਡਾਉਣ ਵਾਲੇ’ ਲੋਕ ਵੀ ਪਰਮੇਸ਼ੁਰ ਦੀ ਬੁੱਧ ਹਾਸਲ ਕਰਨ ਤੋਂ ਇਨਕਾਰ ਕਰਦੇ ਹਨ। ਪ੍ਰਚਾਰ ਵਿਚ ਸਾਨੂੰ ਕਈ ਵਾਰ ਇੱਦਾਂ ਦੇ ਲੋਕ ਮਿਲਦੇ ਹਨ ਜਿਨ੍ਹਾਂ ਨੂੰ ਦੂਜਿਆਂ ਦਾ ਮਖੌਲ ਉਡਾ ਕੇ ਖ਼ੁਸ਼ੀ ਮਿਲਦੀ ਹੈ। (ਜ਼ਬੂ. 123:4) ਬਾਈਬਲ ਵਿਚ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਆਖ਼ਰੀ ਦਿਨਾਂ ਵਿਚ ਮਖੌਲ ਉਡਾਉਣ ਵਾਲੇ ਹੋਣਗੇ। (2 ਪਤ. 3:3, 4) ਲੂਤ ਦੇ ਜਵਾਈਆਂ ਵਾਂਗ ਕੁਝ ਲੋਕ ਪਰਮੇਸ਼ੁਰ ਵੱਲੋਂ ਮਿਲਦੀਆਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੰਦੇ। (ਉਤ. 19:14) ਬਹੁਤ ਸਾਰੇ ਲੋਕ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਵਾਲਿਆਂ ਦਾ ਮਖੌਲ ਉਡਾਉਂਦੇ ਹਨ। ਮਖੌਲ ਉਡਾਉਣ ਵਾਲੇ ਲੋਕ “ਆਪਣੀਆਂ ਦੁਸ਼ਟ ਇੱਛਾਵਾਂ ਅਨੁਸਾਰ” ਚੱਲਦੇ ਹਨ। (ਯਹੂ. 7, 17, 18) ਕੀ ਧਰਮ-ਤਿਆਗੀਆਂ ਅਤੇ ਯਹੋਵਾਹ ਦੀ ਭਗਤੀ ਕਰਨ ਤੋਂ ਇਨਕਾਰ ਕਰਨ ਵਾਲਿਆਂ ਦੇ ਕੰਮ ਵੀ ਮਖੌਲ ਉਡਾਉਣ ਵਾਲਿਆਂ ਵਰਗੇ ਨਹੀਂ ਹਨ?

10. ਜ਼ਬੂਰ 1:1 ਮੁਤਾਬਕ ਅਸੀਂ ਮਖੌਲ ਉਡਾਉਣ ਵਾਲਿਆਂ ਵਰਗੇ ਬਣਨ ਤੋਂ ਕਿਵੇਂ ਬਚ ਸਕਦੇ ਹਾਂ?

10 ਅਸੀਂ ਮਖੌਲ ਉਡਾਉਣ ਵਾਲਿਆਂ ਵਰਗੇ ਬਣਨ ਤੋਂ ਕਿਵੇਂ ਬਚ ਸਕਦੇ ਹਾਂ? ਇਕ ਤਰੀਕਾ ਹੈ, ਨੁਕਤਾਚੀਨੀ ਕਰਨ ਵਾਲਿਆਂ ਨਾਲ ਸੰਗਤ ਨਾ ਕਰ ਕੇ। (ਜ਼ਬੂਰ 1:1 ਪੜ੍ਹੋ।) ਧਰਮ ਤਿਆਗੀਆਂ ਨਾਲ ਸੰਗਤ ਨਾ ਕਰਨ ਦਾ ਮਤਲਬ ਹੈ ਕਿ ਅਸੀਂ ਨਾ ਤਾਂ ਉਨ੍ਹਾਂ ਦੀਆਂ ਗੱਲਾਂ ਸੁਣੀਏ ਅਤੇ ਨਾ ਹੀ ਪੜ੍ਹੀਏ। ਸਾਨੂੰ ਪਤਾ ਹੈ ਕਿ ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਵੀ ਸੌਖਿਆਂ ਹੀ ਨੁਕਤਾਚੀਨੀ ਕਰਨ ਲੱਗ ਸਕਦੇ ਹਾਂ ਅਤੇ ਅਸੀਂ ਯਹੋਵਾਹ ਤੇ ਉਸ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ʼਤੇ ਸ਼ੱਕ ਕਰਨ ਲੱਗ ਸਕਦੇ ਹਾਂ। ਅਜਿਹੇ ਰਵੱਈਏ ਤੋਂ ਬਚਣ ਲਈ ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ: ‘ਜਦੋਂ ਕੋਈ ਨਵੀਂ ਹਿਦਾਇਤ ਮਿਲਦੀ ਹੈ ਜਾਂ ਕਿਸੇ ਸਮਝ ਵਿਚ ਸੁਧਾਰ ਕੀਤਾ ਜਾਂਦਾ ਹੈ, ਤਾਂ ਕੀ ਮੈਂ ਨੁਕਤਾਚੀਨੀ ਕਰਦਾ ਹਾਂ? ਕੀ ਮੈਂ ਅਗਵਾਈ ਕਰਨ ਵਾਲਿਆਂ ਵਿਚ ਕਮੀਆਂ ਲੱਭਦਾ ਰਹਿੰਦਾ ਹਾਂ?’ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਨੂੰ ਉਸੇ ਵੇਲੇ ਆਪਣੇ ਆਪ ਵਿਚ ਸੁਧਾਰ ਕਰਨਾ ਚਾਹੀਦਾ ਹੈ। ਜੇ ਅਸੀਂ ਸੁਧਾਰ ਕਰਦੇ ਹਾਂ, ਤਾਂ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ।​—ਕਹਾ. 3:34, 35.

11. ਯਹੋਵਾਹ ਦੇ ਨੈਤਿਕ ਮਿਆਰਾਂ ਬਾਰੇ ‘ਮੂਰਖ ਲੋਕਾਂ’ ਦਾ ਕੀ ਨਜ਼ਰੀਆ ਹੈ?

11 ‘ਮੂਰਖ ਲੋਕ’ ਵੀ ਪਰਮੇਸ਼ੁਰ ਦੀ ਬੁੱਧ ਹਾਸਲ ਕਰਨ ਤੋਂ ਇਨਕਾਰ ਕਰਦੇ ਹਨ। ਇਹ ਲੋਕ ਮੂਰਖ ਇਸ ਲਈ ਹਨ ਕਿਉਂਕਿ ਇਹ ਪਰਮੇਸ਼ੁਰ ਦੇ ਨੈਤਿਕ ਮਿਆਰਾਂ ʼਤੇ ਨਹੀਂ ਚੱਲਣਾ ਚਾਹੁੰਦੇ। ਉਹ ਸਿਰਫ਼ ਉਹ ਕੰਮ ਕਰਦੇ ਹਨ ਜੋ ਉਨ੍ਹਾਂ ਦੀਆਂ ਨਜ਼ਰਾਂ ਵਿਚ ਸਹੀ ਹਨ। (ਕਹਾ. 12:15) ਇਹ ਲੋਕ ਬੁੱਧ ਦੇ ਮਾਲਕ ਯਹੋਵਾਹ ʼਤੇ ਭਰੋਸਾ ਨਹੀਂ ਕਰਦੇ। (ਜ਼ਬੂ. 53:1) ਜਦੋਂ ਅਸੀਂ ਪ੍ਰਚਾਰ ਵਿਚ ਅਜਿਹੇ ਲੋਕਾਂ ਨੂੰ ਮਿਲਦੇ ਹਾਂ, ਤਾਂ ਉਹ ਅਕਸਰ ਸਾਨੂੰ ਬਹੁਤ ਬੁਰਾ-ਭਲਾ ਕਹਿੰਦੇ ਹਨ ਕਿਉਂਕਿ ਅਸੀਂ ਬਾਈਬਲ ਦੇ ਮਿਆਰਾਂ ਮੁਤਾਬਕ ਚੱਲਦੇ ਹਾਂ। ਬਾਈਬਲ ਅਜਿਹੇ ਲੋਕਾਂ ਬਾਰੇ ਕਹਿੰਦੀ ਹੈ: “ਬੁੱਧ ਨੂੰ ਪਾਉਣਾ ਮੂਰਖ ਦੀ ਪਹੁੰਚ ਤੋਂ ਬਾਹਰ ਹੈ; ਸ਼ਹਿਰ ਦੇ ਦਰਵਾਜ਼ੇ ʼਤੇ ਉਸ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ।” (ਕਹਾ. 24:7) ਸੱਚ-ਮੁੱਚ, ਮੂਰਖਾਂ ਕੋਲ ਕੋਈ ਚੰਗੀ ਸਲਾਹ ਨਹੀਂ ਹੁੰਦੀ। ਇਸੇ ਕਰਕੇ ਯਹੋਵਾਹ ਨੇ ਸਾਨੂੰ ਚੇਤਾਵਨੀ ਦਿੱਤੀ ਹੈ ਕਿ ‘ਮੂਰਖ ਆਦਮੀ ਤੋਂ ਦੂਰ ਹੀ ਰਹੋ।’​—ਕਹਾ. 14:7.

12. ਅਸੀਂ ਮੂਰਖਾਂ ਵਰਗੇ ਬਣਨ ਤੋਂ ਕਿਵੇਂ ਬਚ ਸਕਦੇ ਹਾਂ?

12 ਮੂਰਖ ਲੋਕ ਪਰਮੇਸ਼ੁਰ ਦੀ ਸਲਾਹ ਨੂੰ ਸੁਣਨਾ ਹੀ ਨਹੀਂ ਚਾਹੁੰਦੇ। ਪਰ ਅਸੀਂ ਪਰਮੇਸ਼ੁਰ ਦੀ ਸੋਚ ਅਤੇ ਉਸ ਦੇ ਕਾਨੂੰਨਾਂ ਮੁਤਾਬਕ ਦਿਲੋਂ ਚੱਲਣਾ ਚਾਹੁੰਦੇ ਹਾਂ। ਅਸੀਂ ਆਪਣੇ ਦਿਲ ਵਿਚ ਇਸ ਤਰ੍ਹਾਂ ਕਰਨ ਦਾ ਆਪਣਾ ਇਰਾਦਾ ਹੋਰ ਪੱਕਾ ਕਿਵੇਂ ਕਰ ਸਕਦੇ ਹਾਂ? ਅਸੀਂ ਉਨ੍ਹਾਂ ਲੋਕਾਂ ਵਿਚ ਤੁਲਨਾ ਕਰ ਸਕਦੇ ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ ਅਤੇ ਜਿਨ੍ਹਾਂ ਨੇ ਕਹਿਣਾ ਨਹੀਂ ਮੰਨਿਆ। ਨਾਲੇ ਲੋਕਾਂ ਦੀਆਂ ਉਨ੍ਹਾਂ ਮੁਸ਼ਕਲਾਂ ʼਤੇ ਵੀ ਗੌਰ ਕਰੋ ਜੋ ਉਨ੍ਹਾਂ ʼਤੇ ਸਿਰਫ਼ ਇਸ ਕਰਕੇ ਆਈਆਂ ਕਿਉਂਕਿ ਉਨ੍ਹਾਂ ਨੇ ਮੂਰਖਤਾ ਕੀਤੀ ਤੇ ਯਹੋਵਾਹ ਦੀ ਸਲਾਹ ਨੂੰ ਠੁਕਰਾ ਦਿੱਤਾ। ਫਿਰ ਇਸ ਗੱਲ ʼਤੇ ਵੀ ਗੌਰ ਕਰੋ ਕਿ ਯਹੋਵਾਹ ਦੀ ਸਲਾਹ ਮੁਤਾਬਕ ਚੱਲ ਕੇ ਤੁਹਾਡੀ ਜ਼ਿੰਦਗੀ ਹੋਰ ਵੀ ਬਿਹਤਰ ਕਿਵੇਂ ਬਣੀ ਹੈ।​—ਜ਼ਬੂ. 32:8, 10.

13. ਕੀ ਯਹੋਵਾਹ ਜ਼ਬਰਦਸਤੀ ਸਾਡੇ ਤੋਂ ਆਪਣੀ ਸਲਾਹ ਮਨਵਾਉਣ ਦੀ ਕੋਸ਼ਿਸ਼ ਕਰਦਾ ਹੈ?

13 ਯਹੋਵਾਹ ਸਾਰਿਆਂ ਨੂੰ ਬੁੱਧ ਹਾਸਲ ਕਰਨ ਦਾ ਮੌਕਾ ਦਿੰਦਾ ਹੈ, ਪਰ ਉਹ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਦਾ। ਚਾਹੇ ਉਹ ਇੱਦਾਂ ਨਹੀਂ ਕਰਦਾ, ਪਰ ਉਹ ਇੰਨਾ ਜ਼ਰੂਰ ਦੱਸਦਾ ਹੈ ਕਿ ਜੇ ਅਸੀਂ ਉਸ ਦੀ ਬੁੱਧ ਦੀ ਆਵਾਜ਼ ਨਹੀਂ ਸੁਣਾਂਗੇ, ਤਾਂ ਇਸ ਦੇ ਕੀ ਨਤੀਜੇ ਨਿਕਲਣਗੇ। (ਕਹਾ. 1:29-32) ਜਿਹੜੇ ਲੋਕ ਯਹੋਵਾਹ ਦਾ ਕਹਿਣਾ ਨਹੀਂ ਮੰਨਦੇ, “ਉਹ ਆਪਣੀ ਕਰਨੀ ਦੇ ਨਤੀਜੇ ਭੁਗਤਣਗੇ।” ਉਹ ਜਿਸ ਤਰ੍ਹਾਂ ਦੀ ਜ਼ਿੰਦਗੀ ਜੀਉਂਦੇ ਹਨ, ਉਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਦੁੱਖ-ਦਰਦ ਤੇ ਮੁਸੀਬਤਾਂ ਹੀ ਆਉਂਦੀਆਂ ਹਨ ਅਤੇ ਅਖ਼ੀਰ ਯਹੋਵਾਹ ਅਜਿਹੇ ਲੋਕਾਂ ਦਾ ਨਾਸ਼ ਕਰ ਦੇਵੇਗਾ। ਦੂਜੇ ਪਾਸੇ, ਜਿਹੜੇ ਲੋਕ ਯਹੋਵਾਹ ਦੀ ਬੁੱਧ ਭਰੀ ਸਲਾਹ ਨੂੰ ਸੁਣਦੇ ਅਤੇ ਉਸ ਮੁਤਾਬਕ ਚੱਲਦੇ ਹਨ, ਉਹ ਉਨ੍ਹਾਂ ਨਾਲ ਵਾਅਦਾ ਕਰਦਾ ਹੈ: “ਮੇਰੀ ਗੱਲ ਸੁਣਨ ਵਾਲਾ ਸੁੱਖ-ਸਾਂਦ ਨਾਲ ਵੱਸੇਗਾ ਅਤੇ ਬਿਪਤਾ ਦੇ ਖ਼ੌਫ਼ ਤੋਂ ਬਚਿਆ ਰਹੇਗਾ।”​—ਕਹਾ. 1:33.

ਸੱਚੀ ਬੁੱਧ ਦੇ ਫ਼ਾਇਦੇ

ਮੀਟਿੰਗਾਂ ਵਿਚ ਜਵਾਬ ਦੇ ਕੇ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਦੇ ਹਾਂ (ਪੈਰਾ 15 ਦੇਖੋ)

14-15. ਕਹਾਉਤਾਂ 4:23 ਤੋਂ ਅਸੀਂ ਕੀ ਸਿੱਖਦੇ ਹਾਂ?

14 ਯਹੋਵਾਹ ਦੀ ਬੁੱਧ ਮੁਤਾਬਕ ਚੱਲ ਕੇ ਸਾਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। ਅਸੀਂ ਹੁਣ ਤਕ ਦੇਖਿਆ ਕਿ ਯਹੋਵਾਹ ਸਾਰਿਆਂ ਨੂੰ ਮੁਫ਼ਤ ਵਿਚ ਬੁੱਧ ਹਾਸਲ ਕਰਨ ਦਾ ਮੌਕਾ ਦਿੰਦਾ ਹੈ। ਉਦਾਹਰਣ ਲਈ, ਕਹਾਉਤਾਂ ਦੀ ਕਿਤਾਬ ਵਿਚ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਮੰਨ ਕੇ ਜਿੰਨਾ ਪੁਰਾਣੇ ਸਮੇਂ ਵਿਚ ਲੋਕਾਂ ਨੂੰ ਫ਼ਾਇਦਾ ਹੋਇਆ ਸੀ, ਉੱਨਾ ਹੀ ਸਾਨੂੰ ਹੁੰਦਾ ਹੈ। ਆਓ ਅਜਿਹੀਆਂ ਚਾਰ ਸਲਾਹਾਂ ʼਤੇ ਗੌਰ ਕਰੀਏ।

15 ਆਪਣੇ ਦਿਲ ਦੀ ਰਾਖੀ ਕਰ। ਬਾਈਬਲ ਕਹਿੰਦੀ ਹੈ: “ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਆਪਣੇ ਦਿਲ ਦੀ ਰਾਖੀ ਕਰ ਕਿਉਂਕਿ ਜ਼ਿੰਦਗੀ ਦੇ ਸੋਮੇ ਇਸੇ ਤੋਂ ਫੁੱਟਦੇ ਹਨ।” (ਕਹਾ. 4:23) ਜ਼ਰਾ ਸੋਚੋ ਕਿ ਅਸੀਂ ਆਪਣੇ ਸੱਚ-ਮੁੱਚ ਦੇ ਦਿਲ ਦੀ ਰਾਖੀ ਕਰਨ ਲਈ ਕੀ ਕਰਦੇ ਹਾਂ। ਅਸੀਂ ਵਧੀਆ ਖਾਣਾ ਖਾਂਦੇ ਹਾਂ, ਕਸਰਤ ਕਰਦੇ ਹਾਂ ਅਤੇ ਮਾੜੀਆਂ ਆਦਤਾਂ ਤੋਂ ਦੂਰ ਰਹਿੰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਅਸੀਂ ਆਪਣੇ ਦਿਲ ਯਾਨੀ ਸੋਚਾਂ ਦੀ ਰਾਖੀ ਕਰਨ ਲਈ ਵੀ ਕਦਮ ਚੁੱਕਦੇ ਹਾਂ। ਅਸੀਂ ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਦੇ ਹਾਂ। ਅਸੀਂ ਮੀਟਿੰਗਾਂ ਦੀ ਤਿਆਰੀ ਕਰਦੇ, ਇਨ੍ਹਾਂ ਵਿਚ ਹਾਜ਼ਰ ਹੁੰਦੇ ਅਤੇ ਇਨ੍ਹਾਂ ਵਿਚ ਹਿੱਸਾ ਲੈਂਦੇ ਹਾਂ। ਅਸੀਂ ਪੂਰੀ ਵਾਹ ਲਾ ਕੇ ਬਾਕਾਇਦਾ ਪ੍ਰਚਾਰ ਅਤੇ ਸਿਖਾਉਣ ਦੇ ਕੰਮਾਂ ਵਿਚ ਹਿੱਸਾ ਲੈਂਦੇ ਹਾਂ। ਸਾਡੇ ਅੰਦਰ ਬੁਰੀਆਂ ਆਦਤਾਂ ਨਾ ਪੈਦਾ ਹੋਣ ਇਸ ਲਈ ਅਸੀਂ ਹਰ ਉਸ ਚੀਜ਼ ਤੋਂ ਦੂਰ ਰਹਿੰਦੇ ਹਾਂ ਜੋ ਸਾਡੀ ਸੋਚ ਨੂੰ ਭ੍ਰਿਸ਼ਟ ਕਰ ਸਕਦੀ ਹੈ, ਜਿਵੇਂ ਕਿ ਘਟੀਆਂ ਮਨੋਰੰਜਨ ਅਤੇ ਮਾੜੀ ਸੰਗਤ।

ਪੈਸਿਆਂ ਬਾਰੇ ਸਹੀ ਨਜ਼ਰੀਆ ਰੱਖ ਕੇ ਅਸੀਂ ਉਨ੍ਹਾਂ ਚੀਜ਼ਾਂ ਵਿਚ ਹੀ ਸੰਤੁਸ਼ਟ ਰਹਿੰਦੇ ਹਾਂ ਜੋ ਸਾਡੇ ਕੋਲ ਹਨ (ਪੈਰਾ 16 ਦੇਖੋ)

16. ਕਹਾਉਤਾਂ 23:4, 5 ਵਿਚ ਦਿੱਤੀ ਸਲਾਹ ਲਾਗੂ ਕਰ ਕੇ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

16 ਤੁਹਾਡੇ ਕੋਲ ਜੋ ਕੁਝ ਹੈ, ਉਸ ਵਿਚ ਹੀ ਸੰਤੁਸ਼ਟ ਰਹੋ। ਬਾਈਬਲ ਸਲਾਹ ਦਿੰਦੀ ਹੈ: ‘ਧਨ-ਦੌਲਤ ਪਾਉਣ ਲਈ ਥੱਕ ਕੇ ਚੂਰ ਨਾ ਹੋ। ਜਦ ਤੂੰ ਇਸ ʼਤੇ ਨਿਗਾਹ ਲਾਉਂਦਾ ਹੈ, ਤਾਂ ਇਹ ਉੱਥੇ ਨਹੀਂ ਹੁੰਦੀ ਕਿਉਂਕਿ ਇਸ ਨੂੰ ਉਕਾਬ ਵਾਂਗ ਖੰਭ ਲੱਗ ਜਾਂਦੇ ਹਨ ਤੇ ਇਹ ਆਕਾਸ਼ ਵਿਚ ਉੱਡ ਜਾਂਦੀ ਹੈ।’ (ਕਹਾ. 23:4, 5) ਇਹ ਗੱਲ ਸੱਚ ਹੈ ਕਿ ਪੈਸੇ ਤੇ ਚੀਜ਼ਾਂ ਦੀ ਕੋਈ ਗਾਰੰਟੀ ਨਹੀਂ ਹੈ, ਇਹ ਅੱਜ ਹਨ ਤੇ ਕੱਲ੍ਹ ਨਹੀਂ। ਫਿਰ ਵੀ ਸਾਰੇ ਅਮੀਰ ਅਤੇ ਗ਼ਰੀਬ ਲੋਕਾਂ ʼਤੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦਾ ਜਨੂਨ ਸਵਾਰ ਹੈ। ਇਸ ਕਰਕੇ ਉਹ ਅਜਿਹੇ ਕੰਮ ਕਰ ਬੈਠਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ। ਉਹ ਆਪਣਾ ਇੱਜ਼ਤ-ਮਾਣ, ਆਪਣੇ ਰਿਸ਼ਤੇ-ਨਾਤੇ, ਇੱਥੋਂ ਤਕ ਕਿ ਆਪਣੀ ਸਿਹਤ ਵੀ ਦਾਅ ʼਤੇ ਲਾ ਦਿੰਦੇ ਹਨ। (ਕਹਾ. 28:20; 1 ਤਿਮੋ. 6:9, 10) ਦੂਜੇ ਪਾਸੇ, ਜਿਹੜੇ ਲੋਕ ਬੁੱਧ ਹੋਣ ਕਰਕੇ ਪੈਸਿਆਂ ਪ੍ਰਤੀ ਸਹੀ ਨਜ਼ਰੀਆ ਬਣਾਈ ਰੱਖਦੇ ਹਨ, ਉਹ ਲਾਲਚ ਤੋਂ ਬਚੇ ਰਹਿੰਦੇ ਅਤੇ ਸੰਤੁਸ਼ਟ ਤੇ ਖ਼ੁਸ਼ ਰਹਿੰਦੇ ਹਨ।​—ਉਪ. 7:12.

ਸੋਚ-ਸਮਝ ਕੇ ਗੱਲ ਕਰਨ ਨਾਲ ਅਸੀਂ ਦੂਜਿਆਂ ਨੂੰ ਦੁੱਖ ਪਹੁੰਚਾਉਣ ਤੋਂ ਬਚਾਂਗੇ (ਪੈਰਾ 17 ਦੇਖੋ)

17. ਕਹਾਉਤਾਂ 12:18 ਤੋਂ ਅਸੀਂ ਕੀ ਸਿੱਖਦੇ ਹਾਂ?

17 ਸੋਚ-ਸਮਝ ਕੇ ਗੱਲ ਕਰੋ। ਜੇ ਅਸੀਂ ਬੋਲਣ ਲੱਗਿਆਂ ਧਿਆਨ ਨਹੀਂ ਰੱਖਦੇ, ਤਾਂ ਇਸ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ। ਬਾਈਬਲ ਕਹਿੰਦੀ ਹੈ: “ਬਿਨਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗ ਵਿੰਨ੍ਹਦੀਆਂ ਹਨ, ਪਰ ਬੁੱਧੀਮਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾ. 12:18) ਜਦੋਂ ਅਸੀਂ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਕਿਸੇ ਨਾਲ ਚੁਗ਼ਲੀਆਂ ਨਹੀਂ ਕਰਦੇ, ਤਾਂ ਅਸੀਂ ਸ਼ਾਂਤੀ ਭਰਿਆ ਮਾਹੌਲ ਬਣਾਈ ਰੱਖਦੇ ਹਾਂ। (ਕਹਾ. 20:19) ਜੇ ਅਸੀਂ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਦੁਖੀ ਕਰਨ ਦੀ ਬਜਾਇ ਤਾਜ਼ਗੀ ਦੇਣੀ ਚਾਹੁੰਦੇ ਹਾਂ, ਤਾਂ ਸਾਨੂੰ ਰੋਜ਼ਾਨਾ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਅਤੇ ਇਸ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਲੂਕਾ 6:45) ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਨਾਲ ਸਾਡੀਆਂ ਗੱਲਾਂ “ਬੁੱਧ ਦਾ ਚਸ਼ਮਾ” ਹੋਣਗੀਆਂ ਜਿਨ੍ਹਾਂ ਤੋਂ ਦੂਜਿਆਂ ਨੂੰ ਤਾਜ਼ਗੀ ਮਿਲੇਗੀ।​—ਕਹਾ. 18:4.

ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੰਨ ਕੇ ਅਸੀਂ ਵਧੀਆ ਪ੍ਰਚਾਰਕ ਬਣਾਂਗੇ (ਪੈਰਾ 18 ਦੇਖੋ)

18. ਕਹਾਉਤਾਂ 24:6 ਦਾ ਅਸੂਲ ਲਾਗੂ ਕਰ ਕੇ ਅਸੀਂ ਪ੍ਰਚਾਰ ਦੇ ਕੰਮ ਵਿਚ ਕਿਵੇਂ ਸਫ਼ਲ ਹੋ ਸਕਦੇ ਹਾਂ?

18 ਹਿਦਾਇਤਾਂ ਮੰਨੋ। ਬਾਈਬਲ ਕਹਿੰਦੀ ਹੈ: “ਬੁੱਧ ਭਰੀ ਸਲਾਹ ਲੈ ਕੇ ਤੂੰ ਆਪਣਾ ਯੁੱਧ ਲੜੇਂਗਾ ਅਤੇ ਬਹੁਤ ਸਾਰੇ ਸਲਾਹਕਾਰਾਂ ਕਰਕੇ ਸਫ਼ਲਤਾ” ਮਿਲੇਗੀ। (ਕਹਾ. 24:6, ਫੁਟਨੋਟ) ਗੌਰ ਕਰੋ ਕਿ ਇਸ ਅਸੂਲ ਨੂੰ ਲਾਗੂ ਕਰ ਕੇ ਅਸੀਂ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਕਿਵੇਂ ਸਫ਼ਲ ਹੋ ਸਕਦੇ ਹਾਂ। ਜਦੋਂ ਅਸੀਂ ਇਸ ਅਸੂਲ ਨੂੰ ਧਿਆਨ ਵਿਚ ਰੱਖਾਂਗੇ, ਤਾਂ ਅਸੀਂ ਆਪਣੇ ਤਰੀਕੇ ਨਾਲ ਪ੍ਰਚਾਰ ਕਰਨ ਦੀ ਬਜਾਇ ਉਨ੍ਹਾਂ ਹਿਦਾਇਤਾਂ ਨੂੰ ਮੰਨਾਂਗੇ ਜੋ ਸਾਨੂੰ ਸੰਗਠਨ ਵੱਲੋਂ ਮਿਲਦੀਆਂ ਹਨ। ਇਸ ਤਰ੍ਹਾਂ ਅਸੀਂ ਹੋਰ ਵੀ ਵਧੀਆ ਢੰਗ ਨਾਲ ਪ੍ਰਚਾਰ ਕਰ ਸਕਾਂਗੇ ਅਤੇ ਸਿਖਾ ਸਕਾਂਗੇ। ਮੀਟਿੰਗਾਂ ਵਿਚ ਅਸੀਂ ਬੁੱਧ ਦੀਆਂ ਗੱਲਾਂ ਸਿੱਖਦੇ ਹਾਂ। ਨਾਲੇ ਇਸ ਵਿਚ ਤਜਰਬੇਕਾਰ ਮਸੀਹੀ ਜੋ ਭਾਗ ਪੇਸ਼ ਕਰਦੇ ਹਨ ਅਤੇ ਭਾਸ਼ਣ ਦਿੰਦੇ ਹਨ, ਉਨ੍ਹਾਂ ਤੋਂ ਅਸੀਂ ਸਿੱਖਦੇ ਹਾਂ ਕਿ ਬਾਈਬਲ ਵਿੱਚੋਂ ਦੂਜਿਆਂ ਨੂੰ ਵਧੀਆ ਢੰਗ ਨਾਲ ਕਿਵੇਂ ਸਿਖਾਉਣਾ ਹੈ। ਇਸ ਦੇ ਨਾਲ-ਨਾਲ ਯਹੋਵਾਹ ਦੇ ਸੰਗਠਨ ਨੇ ਸਾਨੂੰ ਅਜਿਹੇ ਔਜ਼ਾਰ ਯਾਨੀ ਪ੍ਰਕਾਸ਼ਨ ਤੇ ਵੀਡੀਓ ਦਿੱਤੇ ਹਨ ਜਿਨ੍ਹਾਂ ਨੂੰ ਵਰਤ ਕੇ ਅਸੀਂ ਲੋਕਾਂ ਦੀ ਬਾਈਬਲ ਨੂੰ ਸੌਖੇ ਤਰੀਕੇ ਨਾਲ ਸਮਝਣ ਵਿਚ ਮਦਦ ਕਰ ਸਕਦੇ ਹਾਂ। ਕੀ ਤੁਸੀਂ ਇਹ ਔਜ਼ਾਰ ਅਸਰਕਾਰੀ ਤਰੀਕੇ ਨਾਲ ਵਰਤਣੇ ਸਿੱਖ ਰਹੇ ਹੋ?

19. ਕਹਾਉਤਾਂ ਦੀ ਕਿਤਾਬ ਵਿਚ ਯਹੋਵਾਹ ਨੇ ਜੋ ਬੁੱਧ ਦੀਆਂ ਗੱਲਾਂ ਲਿਖਵਾਈਆਂ ਹਨ, ਉਨ੍ਹਾਂ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? (ਕਹਾਉਤਾਂ 3:13-18)

19 ਕਹਾਉਤਾਂ 3:13-18 ਪੜ੍ਹੋ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਬੁੱਧ ਦੀਆਂ ਗੱਲਾਂ ਲਿਖਵਾਈਆਂ ਹਨ! ਜੇ ਪਰਮੇਸ਼ੁਰ ਨੇ ਇਹ ਸਲਾਹਾਂ ਨਾ ਲਿਖਵਾਈਆਂ ਹੁੰਦੀਆਂ, ਤਾਂ ਸਾਡਾ ਕੀ ਹੁੰਦਾ? ਇਸ ਲੇਖ ਵਿਚ ਅਸੀਂ ਕਹਾਉਤਾਂ ਦੀ ਕਿਤਾਬ ਵਿੱਚੋਂ ਚੰਗੀਆਂ ਸਲਾਹਾਂ ʼਤੇ ਗੌਰ ਕੀਤਾ। ਬਿਨਾਂ ਸ਼ੱਕ, ਯਹੋਵਾਹ ਨੇ ਪੂਰੀ ਬਾਈਬਲ ਵਿਚ ਬੁੱਧ ਦੀਆਂ ਗੱਲਾਂ ਲਿਖਵਾਈਆਂ ਹਨ। ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਯਹੋਵਾਹ ਵੱਲੋਂ ਮਿਲਦੀ ਬੁੱਧ ਮੁਤਾਬਕ ਚੱਲਦੇ ਰਹਾਂਗੇ। ਜ਼ਿਆਦਾਤਰ ਲੋਕਾਂ ਨੂੰ ਇਨ੍ਹਾਂ ਬੁੱਧ ਦੀਆਂ ਗੱਲਾਂ ਦੀ ਕੋਈ ਕਦਰ ਨਹੀਂ ਹੈ, ਪਰ ਸਾਨੂੰ ਪੱਕਾ ਭਰੋਸਾ ਹੈ ਕਿ “ਜੋ [ਬੁੱਧ] ਨੂੰ ਘੁੱਟ ਕੇ ਫੜੀ ਰੱਖਦੇ ਹਨ, ਉਹ ਖ਼ੁਸ਼ ਕਹਾਏ ਜਾਣਗੇ।”

ਗੀਤ 36 ਦਿਲ ਦੀ ਰਾਖੀ ਕਰੋ

^ ਯਹੋਵਾਹ ਜੋ ਬੁੱਧ ਦਿੰਦਾ ਹੈ, ਉਹ ਇਸ ਦੁਨੀਆਂ ਦੇ ਕਿਸੇ ਵੀ ਗਿਆਨ ਨਾਲੋਂ ਕਿਤੇ ਜ਼ਿਆਦਾ ਉੱਤਮ ਹੈ। ਇਸ ਲੇਖ ਵਿਚ ਅਸੀਂ ਕਹਾਉਤਾਂ ਦੀ ਕਿਤਾਬ ਵਿਚ ਦੱਸੀ ਇਸ ਦਿਲਚਸਪ ਗੱਲ ʼਤੇ ਗੌਰ ਕਰਾਂਗੇ ਕਿ ਸੱਚੀ ਬੁੱਧ ਚੌਂਕਾ ਵਿਚ ਪੁਕਾਰਦੀ ਹੈ। ਅਸੀਂ ਇਹ ਵੀ ਗੌਰ ਕਰਾਂਗੇ ਕਿ ਅਸੀਂ ਸੱਚੀ ਬੁੱਧ ਕਿਵੇਂ ਹਾਸਲ ਕਰ ਸਕਦੇ ਹਾਂ, ਕੁਝ ਲੋਕ ਇਸ ਬੁੱਧ ਦੀਆਂ ਗੱਲਾਂ ਸੁਣਨ ਤੋਂ ਆਪਣੇ ਕੰਨ ਬੰਦ ਕਿਉਂ ਕਰ ਲੈਂਦੇ ਹਨ ਅਤੇ ਬੁੱਧ ਦੀਆਂ ਗੱਲਾਂ ਸੁਣਨ ਨਾਲ ਸਾਨੂੰ ਕੀ ਫ਼ਾਇਦੇ ਹੁੰਦੇ ਹਨ।