Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਉਜਾੜ ਵਿਚ ਇਜ਼ਰਾਈਲੀਆਂ ਕੋਲ ਮੰਨ ਅਤੇ ਬਟੇਰਿਆਂ ਤੋਂ ਇਲਾਵਾ ਕੁਝ ਹੋਰ ਵੀ ਖਾਣ-ਪੀਣ ਲਈ ਸੀ?

ਉਜਾੜ ਵਿਚ 40 ਸਾਲਾਂ ਦੌਰਾਨ ਇਜ਼ਰਾਈਲੀਆਂ ਨੇ ਮੁੱਖ ਤੌਰ ਤੇ ਮੰਨ ਖਾਧਾ। (ਕੂਚ 16:35) ਯਹੋਵਾਹ ਨੇ ਦੋ ਮੌਕਿਆਂ ʼਤੇ ਉਨ੍ਹਾਂ ਨੂੰ ਖਾਣ ਲਈ ਬਟੇਰੇ ਵੀ ਦਿੱਤੇ। (ਕੂਚ 16:12, 13; ਗਿਣ. 11:31) ਪਰ ਇਜ਼ਰਾਈਲੀਆਂ ਕੋਲ ਇਨ੍ਹਾਂ ਤੋਂ ਇਲਾਵਾ ਖਾਣ-ਪੀਣ ਦੀਆਂ ਹੋਰ ਚੀਜ਼ਾਂ ਵੀ ਸਨ।

ਉਦਾਹਰਣ ਲਈ, ਕਈ ਵਾਰ ਯਹੋਵਾਹ ਆਪਣੇ ਲੋਕਾਂ ਨੂੰ “ਆਰਾਮ ਲਈ ਜਗ੍ਹਾ” ਉੱਤੇ ਵੀ ਲੈ ਕੇ ਗਿਆ ਜਿੱਥੇ ਖਾਣ ਲਈ ਭੋਜਨ ਅਤੇ ਪੀਣ ਲਈ ਪਾਣੀ ਹੁੰਦਾ ਸੀ। (ਗਿਣ. 10:33) ਇਕ ਵਾਰ ਉਹ ਉਨ੍ਹਾਂ ਨੂੰ ਏਲੀਮ ਨਾਂ ਦੀ ਹਰੀ-ਭਰੀ ਜਗ੍ਹਾ ʼਤੇ ਲੈ ਕੇ ਗਿਆ “ਜਿੱਥੇ ਪਾਣੀ ਦੇ 12 ਚਸ਼ਮੇ ਅਤੇ ਖਜੂਰ ਦੇ 70 ਦਰਖ਼ਤ ਸਨ।” (ਕੂਚ 15:27) ਬਾਈਬਲ ਵਿਚ ਜ਼ਿਕਰ ਕੀਤੇ ਗਏ ਪੌਦੇ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੱਸਦੀ ਹੈ ਕਿ ਖਜੂਰ ਦੇ ਦਰਖ਼ਤ ਵੱਖੋ-ਵੱਖਰੀਆਂ ਥਾਵਾਂ ʼਤੇ ਉੱਗਦੇ ਹਨ ਅਤੇ ਇਹ ਰੇਗਿਸਤਾਨ ਵਿਚ ਪਾਇਆ ਜਾਂਦਾ ਮੁੱਖ ਦਰਖ਼ਤ ਹੈ। ਇਸ ਦਰਖ਼ਤ ਕਰਕੇ ਰੇਗਿਸਤਾਨ ਵਿਚ ਲੱਖਾਂ ਹੀ ਲੋਕ ਜ਼ਿਆਦਾਤਰ ਇਸ ਦੇ ਹੀ ਫਲ ਖਾਂਦੇ ਹਨ, ਇਸ ਦਾ ਤੇਲ ਕੱਢਦੇ ਹਨ ਅਤੇ ਇਸ ਦੀ ਪਨਾਹ ਲੈਂਦੇ ਹਨ।

ਸ਼ਾਇਦ ਇਜ਼ਰਾਈਲੀ ਇਕ ਵਾਰ ਰੇਗਿਸਤਾਨ ਵਿਚ ਉਸ ਵੱਡੀ ਹਰੀ-ਭਰੀ ਜਗ੍ਹਾ ਵੀ ਰੁਕੇ ਸਨ ਜੋ ਅੱਜ ਫੇਰਨ ਵਾਦੀ ਵਿਚ ਪੈਂਦੀ ਹੈ। ਇਕ ਕਿਤਾਬ (ਡਿਸਕਵਰਿੰਗ ਦ ਵਰਲਡ ਆਫ਼ ਦ ਬਾਈਬਲ) ਵਿਚ ਲਿਖਿਆ ਹੈ ਕਿ ਇਹ ਵਾਦੀ ਜਾਂ ਨਦੀ ਦੀ ਘਾਟੀ, “130 ਕਿਲੋਮੀਟਰ [81 ਮੀਲ] ਲੰਬੀ ਹੈ ਅਤੇ ਸੀਨਈ ਦੀ ਸਭ ਤੋਂ ਸੁੰਦਰ ਅਤੇ ਮਸ਼ਹੂਰ ਵਾਦੀ ਹੈ।” ਇਹੀ ਕਿਤਾਬ ਅੱਗੇ ਦੱਸਦੀ ਹੈ: “ਜਿੱਥੇ ਇਹ ਵਾਦੀ ਸਮੁੰਦਰ ਵਿਚ ਮਿਲਦੀ ਹੈ, ਉੱਥੋਂ 45 ਕਿਲੋਮੀਟਰ [28 ਮੀਲ] ਦੂਰ ਫੇਰਨ ਨਾਂ ਦੀ ਹਰੀ-ਭਰੀ ਜਗ੍ਹਾ ਹੈ। ਇਹ ਵਾਦੀ ਸਮੁੰਦਰੀ ਤਲ ਤੋਂ ਲਗਭਗ 2,000 ਫੁੱਟ [610 ਮੀਟਰ] ਦੀ ਉਚਾਈ ʼਤੇ ਹੈ ਅਤੇ 4.8 ਕਿਲੋਮੀਟਰ [3 ਮੀਲ] ਲੰਬੀ ਹੈ। ਇਹ ਖਜੂਰਾਂ ਦੇ ਦਰਖ਼ਤਾਂ ਨਾਲ ਭਰੀ ਹੋਈ ਹੈ ਅਤੇ ਇਹ ਇੰਨੀ ਜ਼ਿਆਦਾ ਸੋਹਣੀ ਹੈ ਕਿ ਇਸ ਦੀ ਤੁਲਨਾ ਅਦਨ ਦੇ ਬਾਗ਼ ਨਾਲ ਕੀਤੀ ਜਾਂਦੀ ਹੈ। ਇਨ੍ਹਾਂ ਹਜ਼ਾਰਾਂ ਹੀ ਖਜੂਰ ਦੇ ਦਰਖ਼ਤਾਂ ਕਰਕੇ ਸਦੀਆਂ ਤੋਂ ਲੋਕ ਇੱਥੇ ਆ ਕੇ ਰਹਿ ਰਹੇ ਹਨ।”

ਫੇਰਨ ਦੀ ਹਰੀ-ਭਰੀ ਵਾਦੀ ਵਿਚ ਖਜੂਰਾਂ ਦੇ ਦਰਖ਼ਤ

ਮਿਸਰ ਦੇਸ਼ ਛੱਡਦਿਆਂ ਇਜ਼ਰਾਈਲੀ ਆਪਣੇ ਨਾਲ ਗੁੰਨ੍ਹਿਆ ਹੋਇਆ ਆਟਾ ਅਤੇ ਪਰਾਤਾਂ ਲੈ ਕੇ ਗਏ ਸੀ। ਨਾਲੇ ਉਹ ਸ਼ਾਇਦ ਥੋੜ੍ਹਾ-ਬਹੁਤਾ ਅਨਾਜ ਅਤੇ ਤੇਲ ਵੀ ਲੈ ਕੇ ਗਏ ਸੀ। ਇਹ ਤਾਂ ਪੱਕਾ ਹੈ ਕਿ ਇਹ ਚੀਜ਼ਾਂ ਜ਼ਿਆਦਾ ਦੇਰ ਤਕ ਨਹੀਂ ਚੱਲੀਆਂ ਹੋਣੀਆਂ। ਉਹ ਲੋਕ “ਅਣਗਿਣਤ ਭੇਡਾਂ-ਬੱਕਰੀਆਂ ਤੇ ਗਾਂਵਾਂ-ਬਲਦ ਵੀ ਲੈ ਗਏ” ਸਨ। (ਕੂਚ 12:34-39) ਪਰ ਉਜਾੜ ਵਿਚ ਹਾਲਾਤ ਕਾਫ਼ੀ ਮੁਸ਼ਕਲਾਂ ਭਰੇ ਰਹੇ ਹੋਣੇ ਜਿਸ ਕਰਕੇ ਸ਼ਾਇਦ ਜ਼ਿਆਦਾਤਰ ਜਾਨਵਰ ਮਰ ਗਏ ਹੋਣੇ। ਨਾਲੇ ਸ਼ਾਇਦ ਇਜ਼ਰਾਈਲੀਆਂ ਨੇ ਕੁਝ ਜਾਨਵਰਾਂ ਨੂੰ ਖਾ ਲਿਆ ਹੋਣਾ ਅਤੇ ਕੁਝ ਦੀਆਂ ਬਲ਼ੀਆਂ ਚੜ੍ਹਾ ਦਿੱਤੀਆਂ ਹੋਣੀਆਂ, ਸ਼ਾਇਦ ਝੂਠੇ ਦੇਵੀ-ਦੇਵਤਿਆਂ ਅੱਗੇ। a (ਰਸੂ. 7:39-43) ਫਿਰ ਵੀ ਇਜ਼ਰਾਈਲੀਆਂ ਕੋਲ ਕੁਝ ਜਾਨਵਰ ਤਾਂ ਬਚ ਹੀ ਗਏ ਹੋਣੇ ਅਤੇ ਉਨ੍ਹਾਂ ਜਾਨਵਰਾਂ ਦੇ ਬੱਚੇ ਵੀ ਹੋਏ ਹੋਣੇ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਜਦੋਂ ਇਜ਼ਰਾਈਲੀਆਂ ਨੇ ਯਹੋਵਾਹ ʼਤੇ ਨਿਹਚਾ ਨਹੀਂ ਕੀਤੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੇ ਪੁੱਤਰ 40 ਸਾਲ ਉਜਾੜ ਵਿਚ ਭੇਡਾਂ-ਬੱਕਰੀਆਂ ਚਾਰਨਗੇ।” (ਗਿਣ. 14:33) ਇਸ ਕਰਕੇ ਹੋ ਸਕਦਾ ਹੈ ਕਿ ਇਨ੍ਹਾਂ ਜਾਨਵਰਾਂ ਤੋਂ ਉਨ੍ਹਾਂ ਨੂੰ ਦੁੱਧ ਮਿਲਦਾ ਹੋਣਾ ਅਤੇ ਕਦੇ-ਕਦਾਈਂ ਉਹ ਇਨ੍ਹਾਂ ਦਾ ਮੀਟ ਵੀ ਖਾਂਦੇ ਹੋਣੇ। ਪਰ ਇਹ ਇੰਨਾ ਜ਼ਿਆਦਾ ਨਹੀਂ ਹੋਣਾ ਕਿ ਇਸ ਨਾਲ 40 ਸਾਲਾਂ ਤਕ ਲਗਭਗ 30 ਲੱਖ ਲੋਕਾਂ ਦਾ ਢਿੱਡ ਭਰਦਾ ਰਹੇ। b

ਉਜਾੜ ਵਿਚ ਜਾਨਵਰਾਂ ਨੂੰ ਖਾਣਾ ਤੇ ਪਾਣੀ ਕਿੱਥੋਂ ਮਿਲਿਆਂ ਹੋਣਾ? c ਅੱਜ ਦੇ ਮੁਕਾਬਲੇ ਸ਼ਾਇਦ ਉਸ ਵੇਲੇ ਜ਼ਿਆਦਾ ਮੀਂਹ ਪੈਂਦਾ ਹੋਣਾ ਜਿਸ ਕਰਕੇ ਉਜਾੜ ਵਿਚ ਜ਼ਿਆਦਾ ਪੇੜ-ਪੌਦੇ ਹੋਣੇ। ਇਨਸਾਈਟ ਔਨ ਦ ਸਕ੍ਰਿਪਚਰਸ ਖੰਡ 1 ਵਿਚ ਦੱਸਿਆ ਗਿਆ ਹੈ ਕਿ 3,500 ਸਾਲ ਪਹਿਲਾਂ “ਅਰਬ ਦੇ ਇਲਾਕੇ ਵਿਚ ਅੱਜ ਨਾਲੋਂ ਕਿਤੇ ਜ਼ਿਆਦਾ ਪਾਣੀ ਸੀ। ਇੱਥੇ ਬਹੁਤ ਸਾਰੀਆਂ ਡੂੰਘੀਆਂ ਅਤੇ ਸੁੱਕੀਆਂ ਵਾਦੀਆਂ ਜਾਂ ਘਾਟੀਆਂ ਹਨ ਜਿਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਪੁਰਾਣੇ ਸਮੇਂ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਪਹਿਲਾਂ ਇੱਥੇ ਨਦੀਆਂ ਸਨ।” ਫਿਰ ਵੀ ਇਹ ਉਜਾੜ, ਬੰਜਰ ਅਤੇ ਖ਼ਤਰਨਾਕ ਇਲਾਕਾ ਸੀ। (ਬਿਵ. 8:14-16) ਜੇ ਯਹੋਵਾਹ ਚਮਤਕਾਰ ਕਰ ਕੇ ਪਾਣੀ ਨਾ ਦਿੰਦਾ, ਤਾਂ ਇਜ਼ਰਾਈਲੀਆਂ ਅਤੇ ਉਨ੍ਹਾਂ ਦੇ ਜਾਨਵਰਾਂ ਨੇ ਜ਼ਰੂਰ ਮਰ ਜਾਣਾ ਸੀ।​—ਕੂਚ 15:22-25; 17:1-6; ਗਿਣ. 20:2, 11.

ਮੂਸਾ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਯਹੋਵਾਹ ਨੇ ਉਨ੍ਹਾਂ ਨੂੰ ਖਾਣ ਲਈ ਮੰਨ ਦਿੱਤਾ ਸੀ “ਤਾਂਕਿ [ਉਨ੍ਹਾਂ ਨੂੰ] ਅਹਿਸਾਸ ਹੋਵੇ ਕਿ ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।”​—ਬਿਵ. 8:3.

a ਬਾਈਬਲ ਵਿਚ ਅਜਿਹੇ ਦੋ ਮੌਕਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਇਜ਼ਰਾਈਲੀਆਂ ਨੇ ਉਜਾੜ ਵਿਚ ਯਹੋਵਾਹ ਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਸਨ। ਪਹਿਲਾ, ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ ਕਰਦੇ ਵੇਲੇ ਅਤੇ ਦੂਜਾ, ਪਸਾਹ ਦਾ ਤਿਉਹਾਰ ਮਨਾਉਂਦੇ ਵੇਲੇ। ਇਹ ਸਾਰਾ ਕੁਝ ਇਜ਼ਰਾਈਲੀਆਂ ਦੇ ਮਿਸਰ ਛੱਡਣ ਤੋਂ ਲਗਭਗ ਇਕ ਸਾਲ ਬਾਅਦ ਯਾਨੀ 1512 ਈਸਵੀ ਪੂਰਵ ਵਿਚ ਹੋਇਆ ਸੀ।​—ਲੇਵੀ. 8:14–9:24; ਗਿਣ. 9:1-5.

b ਜਦੋਂ ਉਜਾੜ ਵਿਚ ਇਜ਼ਰਾਈਲੀਆਂ ਦੇ 40 ਸਾਲ ਖ਼ਤਮ ਹੋਣ ਹੀ ਵਾਲੇ ਸਨ, ਤਾਂ ਉਨ੍ਹਾਂ ਨੇ ਯੁੱਧ ਤੋਂ ਬਾਅਦ ਹਜ਼ਾਰਾਂ ਹੀ ਜਾਨਵਰ ਲੁੱਟੇ ਹੋਏ ਮਾਲ ਵਿਚ ਲੈ ਲਏ। (ਗਿਣ. 31:32-34) ਫਿਰ ਵੀ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚਣ ਤਕ ਮੰਨ ਖਾਂਦੇ ਰਹੇ।​—ਯਹੋ. 5:10-12.

c ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਜਾਨਵਰ ਵੀ ਮੰਨ ਖਾਂਦੇ ਸਨ ਕਿਉਂਕਿ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਹਰ ਵਿਅਕਤੀ ਆਪਣੀ ਲੋੜ ਅਨੁਸਾਰ ਉੱਨਾ ਮੰਨ ਇਕੱਠਾ ਕਰੇ ਜਿੰਨਾ ਉਹ ਖਾ ਸਕਦਾ ਸੀ।​—ਕੂਚ 16:15, 16.