Skip to content

Skip to table of contents

ਅਧਿਐਨ ਲੇਖ 43

ਯਹੋਵਾਹ “ਤੁਹਾਨੂੰ ਤਕੜਾ ਕਰੇਗਾ”

ਯਹੋਵਾਹ “ਤੁਹਾਨੂੰ ਤਕੜਾ ਕਰੇਗਾ”

“[ਯਹੋਵਾਹ] ਤੁਹਾਨੂੰ ਮਜ਼ਬੂਤ ਕਰੇਗਾ ਅਤੇ ਤੁਹਾਨੂੰ ਤਕੜਾ ਕਰੇਗਾ ਅਤੇ ਤੁਹਾਨੂੰ ਕਦੇ ਡੋਲਣ ਨਹੀਂ ਦੇਵੇਗਾ।”​—1 ਪਤ. 5:10.

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ

ਖ਼ਾਸ ਗੱਲਾਂ a

1. ਪੁਰਾਣੇ ਸਮੇਂ ਵਿਚ ਯਹੋਵਾਹ ਨੇ ਆਪਣੇ ਸੇਵਕਾਂ ਨੂੰ ਤਾਕਤਵਰ ਕਿਵੇਂ ਬਣਾਇਆ?

 ਬਾਈਬਲ ਵਿਚ ਅਕਸਰ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਵਫ਼ਾਦਾਰ ਸੇਵਕ ਤਾਕਤਵਰ ਸਨ। ਪਰ ਜੋ ਬਹੁਤ ਤਾਕਤਵਰ ਸਨ, ਉਨ੍ਹਾਂ ਨੂੰ ਵੀ ਹਮੇਸ਼ਾ ਇੱਦਾਂ ਨਹੀਂ ਲੱਗਦਾ ਸੀ ਕਿ ਉਹ ਤਾਕਤਵਰ ਹਨ। ਉਦਾਹਰਣ ਲਈ, ਰਾਜਾ ਦਾਊਦ ਨੂੰ ਕਈ ਮੌਕਿਆਂ ʼਤੇ ਲੱਗਾ ਕਿ ਉਹ “ਪਹਾੜ ਵਾਂਗ ਮਜ਼ਬੂਤ” ਸੀ, ਪਰ ਕੁਝ ਹੋਰ ਮੌਕਿਆਂ ʼਤੇ ਉਹ “ਬਹੁਤ ਡਰ ਗਿਆ” ਸੀ। (ਜ਼ਬੂ. 30:7) ਸਮਸੂਨ ʼਤੇ ਜਦੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕੰਮ ਕਰਦੀ ਸੀ, ਤਾਂ ਉਸ ਵਿਚ ਜ਼ਬਰਦਸਤ ਤਾਕਤ ਆ ਜਾਂਦੀ ਸੀ। ਪਰ ਉਹ ਜਾਣਦਾ ਸੀ ਕਿ ਪਰਮੇਸ਼ੁਰ ਦੀ ਤਾਕਤ ਤੋਂ ਬਗੈਰ ਉਹ ‘ਕਮਜ਼ੋਰ ਹੋ ਜਾਵੇਗਾ ਤੇ ਬਾਕੀ ਸਾਰੇ ਆਦਮੀਆਂ ਵਰਗਾ ਹੋ ਜਾਵੇਗਾ।’ (ਨਿਆ. 14:5, 6; 16:17) ਇਹ ਸਾਰੇ ਵਫ਼ਾਦਾਰ ਇਨਸਾਨ ਸਿਰਫ਼ ਇਸ ਕਰਕੇ ਹੀ ਤਾਕਤਵਰ ਸਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਤਾਕਤ ਦਿੱਤੀ ਸੀ।

2. ਪੌਲੁਸ ਰਸੂਲ ਇਹ ਕਿਉਂ ਕਹਿ ਸਕਿਆ ਕਿ ਜਦੋਂ ਉਹ ਕਮਜ਼ੋਰ ਹੁੰਦਾ ਸੀ, ਉਦੋਂ ਉਹ ਤਾਕਤਵਰ ਹੁੰਦਾ ਸੀ? (2 ਕੁਰਿੰਥੀਆਂ 12:9, 10)

2 ਪੌਲੁਸ ਰਸੂਲ ਜਾਣਦਾ ਸੀ ਕਿ ਉਸ ਨੂੰ ਵੀ ਯਹੋਵਾਹ ਦੀ ਤਾਕਤ ਦੀ ਲੋੜ ਸੀ। (2 ਕੁਰਿੰਥੀਆਂ 12:9, 10 ਪੜ੍ਹੋ।) ਸਾਡੇ ਵਾਂਗ ਪੌਲੁਸ ਨੂੰ ਵੀ ਸਿਹਤ ਸਮੱਸਿਆਵਾਂ ਸਨ। (ਗਲਾ. 4:13, 14) ਕਦੇ-ਕਦਾਈਂ ਉਸ ਨੂੰ ਸਹੀ ਕੰਮ ਕਰਨ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਸੀ। (ਰੋਮੀ. 7:18, 19) ਨਾਲੇ ਕਈ ਵਾਰ ਉਹ ਪਰੇਸ਼ਾਨ ਹੁੰਦਾ ਸੀ ਅਤੇ ਉਸ ਨੂੰ ਇਹ ਸੋਚ ਕੇ ਡਰ ਲੱਗਦਾ ਸੀ ਕਿ ਪਤਾ ਨਹੀਂ ਉਸ ਨਾਲ ਅੱਗੇ ਕੀ ਹੋਣਾ। (2 ਕੁਰਿੰ. 1:8, 9) ਫਿਰ ਵੀ ਪੌਲੁਸ ਨੇ ਕਿਹਾ ਕਿ ਜਦੋਂ ਉਹ ਕਮਜ਼ੋਰ ਹੁੰਦਾ ਸੀ, ਉਦੋਂ ਉਹ ਤਾਕਤਵਰ ਹੁੰਦਾ ਸੀ। ਕਿਉਂ? ਕਿਉਂਕਿ ਪਰਮੇਸ਼ੁਰ ਨੇ ਹੀ ਉਸ ਨੂੰ ਤਾਕਤ ਦਿੱਤੀ। ਉਸ ਨੇ ਹੀ ਪੌਲੁਸ ਨੂੰ ਤਕੜਾ ਕੀਤਾ।

3. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?

3 ਯਹੋਵਾਹ ਸਾਨੂੰ ਵੀ ਤਕੜਾ ਕਰਨ ਦਾ ਵਾਅਦਾ ਕਰਦਾ ਹੈ। (1 ਪਤ. 5:10) ਪਰ ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਅਸੀਂ ਬਿਨਾਂ ਕੁਝ ਕੀਤਿਆਂ ਉਸ ਤੋਂ ਤਾਕਤ ਪਾ ਸਕਦੇ ਹਾਂ। ਉਦਾਹਰਣ ਲਈ, ਜੇ ਸਾਡੇ ਸਾਮ੍ਹਣੇ ਖਾਣਾ ਪਿਆ ਹੋਇਆ ਹੈ, ਤਾਂ ਸਾਨੂੰ ਖ਼ੁਦ ਉਸ ਨੂੰ ਚੁੱਕ ਕੇ ਖਾਣਾ ਪੈਣਾ। ਫਿਰ ਹੀ ਸਾਨੂੰ ਫ਼ਾਇਦਾ ਹੋਵੇਗਾ। ਇਸੇ ਤਰ੍ਹਾਂ ਯਹੋਵਾਹ ਸਾਨੂੰ ਲੋੜੀਂਦੀ ਤਾਕਤ ਦੇਣ ਲਈ ਤਿਆਰ ਹੈ, ਪਰ ਇਸ ਤੋਂ ਫ਼ਾਇਦਾ ਲੈਣ ਲਈ ਸਾਨੂੰ ਵੀ ਕੁਝ ਕਦਮ ਚੁੱਕਣ ਦੀ ਲੋੜ ਹੈ। ਯਹੋਵਾਹ ਨੇ ਸਾਨੂੰ ਤਾਕਤ ਦੇਣ ਲਈ ਕਿਹੜੇ ਪ੍ਰਬੰਧ ਕੀਤੇ ਹਨ? ਨਾਲੇ ਤਾਕਤ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਗੌਰ ਕਰਾਂਗੇ ਕਿ ਯਹੋਵਾਹ ਨੇ ਯੂਨਾਹ ਨਬੀ, ਯਿਸੂ ਦੀ ਮਾਤਾ ਮਰੀਅਮ ਤੇ ਪੌਲੁਸ ਰਸੂਲ ਨੂੰ ਕਿਵੇਂ ਤਾਕਤਵਰ ਬਣਾਇਆ ਸੀ। ਅਸੀਂ ਇਸ ਲੇਖ ਵਿਚ ਇਹ ਵੀ ਦੇਖਾਂਗੇ ਕਿ ਯਹੋਵਾਹ ਉਨ੍ਹਾਂ ਵਾਂਗ ਅੱਜ ਵੀ ਆਪਣੇ ਸੇਵਕਾਂ ਨੂੰ ਕਿਵੇਂ ਤਾਕਤਵਰ ਬਣਾਉਂਦਾ ਹੈ।

ਪ੍ਰਾਰਥਨਾ ਅਤੇ ਅਧਿਐਨ ਕਰ ਕੇ ਤਾਕਤ ਪਾਓ

4. ਅਸੀਂ ਯਹੋਵਾਹ ਤੋਂ ਤਾਕਤ ਕਿਵੇਂ ਪਾ ਸਕਦੇ ਹਾਂ?

4 ਯਹੋਵਾਹ ਤੋਂ ਤਾਕਤ ਹਾਸਲ ਕਰਨ ਦਾ ਇਕ ਤਰੀਕਾ ਹੈ, ਉਸ ਨੂੰ ਪ੍ਰਾਰਥਨਾ ਕਰਨੀ। ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਯਹੋਵਾਹ ਸਾਨੂੰ ਉਹ ਤਾਕਤ ਦੇ ਸਕਦਾ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।” (2 ਕੁਰਿੰ. 4:7) ਬਾਈਬਲ ਵਿਚ ਯਹੋਵਾਹ ਨੇ ਸਾਡੇ ਲਈ ਜੋ ਸੰਦੇਸ਼ ਲਿਖਵਾਇਆ ਹੈ, ਉਹ “ਸ਼ਕਤੀਸ਼ਾਲੀ ਹੈ।” (ਇਬ. 4:12) ਇਸ ਲਈ ਉਸ ਦਾ ਬਚਨ ਪੜ੍ਹ ਕੇ ਅਤੇ ਉਸ ʼਤੇ ਸੋਚ-ਵਿਚਾਰ ਕਰ ਕੇ ਵੀ ਸਾਨੂੰ ਹਿੰਮਤ ਤੇ ਤਾਕਤ ਮਿਲ ਸਕਦੀ ਹੈ। (ਜ਼ਬੂ. 86:11) ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੋਗੇ ਅਤੇ ਉਸ ਦਾ ਬਚਨ ਪੜ੍ਹੋਗੇ, ਤਾਂ ਤੁਹਾਨੂੰ ਉਹ ਤਾਕਤ ਮਿਲੇਗੀ ਜਿਸ ਨਾਲ ਤੁਸੀਂ ਅਜ਼ਮਾਇਸ਼ਾਂ ਸਹਿ ਸਕੋਗੇ, ਆਪਣੀ ਖ਼ੁਸ਼ੀ ਬਣਾਈ ਰੱਖੋਗੇ ਅਤੇ ਕੋਈ ਵੀ ਔਖੀ ਜ਼ਿੰਮੇਵਾਰੀ ਪੂਰੀ ਕਰ ਸਕੋਗੇ। ਜ਼ਰਾ ਗੌਰ ਕਰੋ ਕਿ ਯਹੋਵਾਹ ਨੇ ਯੂਨਾਹ ਨਬੀ ਨੂੰ ਕਿਵੇਂ ਹਿੰਮਤ ਤੇ ਤਾਕਤ ਦਿੱਤੀ।

5. ਯੂਨਾਹ ਨਬੀ ਨੂੰ ਦਲੇਰੀ ਦੀ ਕਿਉਂ ਲੋੜ ਸੀ?

5 ਯੂਨਾਹ ਨਬੀ ਨੂੰ ਦਲੇਰੀ ਦੀ ਲੋੜ ਸੀ। ਯਹੋਵਾਹ ਨੇ ਉਸ ਨੂੰ ਜਿੱਥੇ ਜਾਣ ਲਈ ਕਿਹਾ ਸੀ, ਉੱਥੇ ਜਾਣ ਤੋਂ ਉਹ ਡਰ ਰਿਹਾ ਸੀ। ਇਸ ਲਈ ਉਹ ਕਿਤੇ ਹੋਰ ਜਾਣ ਲਈ ਸਮੁੰਦਰੀ ਜਹਾਜ਼ ਵਿਚ ਬੈਠ ਗਿਆ। ਫਿਰ ਸਮੁੰਦਰ ਵਿਚ ਇਕ ਜ਼ਬਰਦਸਤ ਤੂਫ਼ਾਨ ਆਇਆ ਜਿਸ ਕਰਕੇ ਯੂਨਾਹ ਦੇ ਨਾਲ-ਨਾਲ ਸਫ਼ਰ ਕਰ ਰਹੇ ਹੋਰ ਲੋਕਾਂ ਦੀ ਜਾਨ ਵੀ ਖ਼ਤਰੇ ਵਿਚ ਪੈ ਗਈ। ਫਿਰ ਜਹਾਜ਼ ਵਿਚ ਬੈਠੇ ਲੋਕਾਂ ਨੇ ਯੂਨਾਹ ਨੂੰ ਚੁੱਕ ਕੇ ਸਮੁੰਦਰ ਵਿਚ ਸੁੱਟ ਦਿੱਤਾ ਤੇ ਇਕ ਵੱਡੀ ਮੱਛੀ ਨੇ ਉਸ ਨੂੰ ਨਿਗਲ਼ ਲਿਆ। ਹੁਣ ਉਹ ਮੱਛੀ ਦੇ ਢਿੱਡ ਵਿਚ ਸੀ ਅਤੇ ਚਾਰੇ ਪਾਸੇ ਘੁੱਪ ਹਨੇਰਾ ਸੀ। ਜ਼ਰਾ ਸੋਚੋ ਕਿ ਉਸ ਵੇਲੇ ਯੂਨਾਹ ਨੂੰ ਕਿੱਦਾਂ ਲੱਗ ਰਿਹਾ ਹੋਣਾ। ਕੀ ਉਹ ਇਹ ਸੋਚ ਰਿਹਾ ਹੋਣਾ ਕਿ ਹੁਣ ਤਾਂ ਉਸ ਦੇ ਬਚਣ ਦੀ ਕੋਈ ਉਮੀਦ ਹੀ ਨਹੀਂ? ਜਾਂ ਕੀ ਉਸ ਨੂੰ ਇਹ ਲੱਗ ਰਿਹਾ ਹੋਣਾ ਕਿ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਸੀ? ਸੱਚ-ਮੁੱਚ! ਯੂਨਾਹ ਉਸ ਵੇਲੇ ਬਹੁਤ ਜ਼ਿਆਦਾ ਘਬਰਾ ਗਿਆ ਹੋਣਾ।

ਕਿਸੇ ਅਜ਼ਮਾਇਸ਼ ਨੂੰ ਝੱਲਦਿਆਂ ਅਸੀਂ ਯੂਨਾਹ ਨਬੀ ਵਾਂਗ ਤਾਕਤ ਕਿਵੇਂ ਪਾ ਸਕਦੇ ਹਾਂ? (ਪੈਰੇ 6-9 ਦੇਖੋ)

6. ਮੱਛੀ ਦੇ ਢਿੱਡ ਵਿਚ ਹੁੰਦਿਆਂ ਯੂਨਾਹ ਨੇ ਹਿੰਮਤ ਤੇ ਤਾਕਤ ਪਾਉਣ ਲਈ ਕੀ ਕੀਤਾ? (ਯੂਨਾਹ 2:1, 2, 7)

6 ਯੂਨਾਹ ਬਿਲਕੁਲ ਇਕੱਲਾ ਸੀ, ਇਸ ਹਾਲਾਤ ਵਿਚ ਉਸ ਨੇ ਹਿੰਮਤ ਤੇ ਤਾਕਤ ਪਾਉਣ ਲਈ ਕੀ ਕੀਤਾ? ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। (ਯੂਨਾਹ 2:1, 2, 7 ਪੜ੍ਹੋ।) ਭਾਵੇਂ ਕਿ ਉਸ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਸੀ, ਪਰ ਹੁਣ ਉਹ ਆਪਣੀ ਕੀਤੀ ʼਤੇ ਪਛਤਾ ਰਿਹਾ ਸੀ ਅਤੇ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਸ ਦੀ ਪ੍ਰਾਰਥਨਾ ਜ਼ਰੂਰ ਸੁਣੇਗਾ। ਯੂਨਾਹ ਨੇ ਪਰਮੇਸ਼ੁਰ ਦੇ ਬਚਨ ਦੀਆਂ ਉਨ੍ਹਾਂ ਗੱਲਾਂ ʼਤੇ ਵੀ ਸੋਚ-ਵਿਚਾਰ ਕੀਤਾ ਜੋ ਉਸ ਨੇ ਪਹਿਲਾਂ ਪੜ੍ਹੀਆਂ ਸਨ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਯੂਨਾਹ ਅਧਿਆਇ 2 ਵਿਚ ਉਸ ਨੇ ਜੋ ਪ੍ਰਾਰਥਨਾ ਲਿਖੀ, ਉਸ ਵਿਚ ਉਸ ਨੇ ਜਿਹੜੇ ਸ਼ਬਦ ਅਤੇ ਵਾਕ ਵਰਤੇ, ਉਹ ਅਸੀਂ ਜ਼ਬੂਰ ਵਿਚ ਵੀ ਪੜ੍ਹ ਸਕਦੇ ਹਾਂ। (ਉਦਾਹਰਣ ਲਈ, ਯੂਨਾਹ 2:2, 5 ਦਾ ਜ਼ਬੂਰ 69:1; 86:7 ਵਿਚ ਨੁਕਤਾ ਦੇਖੋ।) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯੂਨਾਹ ਪਰਮੇਸ਼ੁਰ ਦੇ ਬਚਨ ਦੀਆਂ ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਕਰਕੇ ਇਸ ਔਖੀ ਘੜੀ ਦੌਰਾਨ ਪਰਮੇਸ਼ੁਰ ਦੇ ਬਚਨ ʼਤੇ ਸੋਚ-ਵਿਚਾਰ ਕਰ ਕੇ ਉਸ ਨੂੰ ਪੱਕਾ ਭਰੋਸਾ ਹੋ ਗਿਆ ਕਿ ਯਹੋਵਾਹ ਉਸ ਦੀ ਜ਼ਰੂਰ ਮਦਦ ਕਰੇਗਾ। ਬਾਅਦ ਵਿਚ ਮੱਛੀ ਨੇ ਉਸ ਨੂੰ ਸੁੱਕੀ ਜ਼ਮੀਨ ʼਤੇ ਉਗਲ਼ ਦਿੱਤਾ। ਹੁਣ ਉਹ ਯਹੋਵਾਹ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਤਿਆਰ ਸੀ।​—ਯੂਨਾ. 2:10–3:4.

7-8. ਅਜ਼ਮਾਇਸ਼ਾਂ ਦੌਰਾਨ ਤਾਈਵਾਨ ਦੇ ਇਕ ਭਰਾ ਨੇ ਤਾਕਤ ਕਿਵੇਂ ਹਾਸਲ ਕੀਤੀ?

7 ਯੂਨਾਹ ਦੀ ਮਿਸਾਲ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਝੱਲਣ ਵਿਚ ਸਾਡੀ ਮਦਦ ਕਰ ਸਕਦੀ ਹੈ। ਜ਼ਰਾ ਤਾਈਵਾਨ ਵਿਚ ਰਹਿਣ ਵਾਲੇ ਭਰਾ ਜ਼ਿਮਿੰਗ b ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਕਈ ਗੰਭੀਰ ਬੀਮਾਰੀਆਂ ਹਨ। ਨਾਲੇ ਉਸ ਦਾ ਪਰਿਵਾਰ ਉਸ ਨਾਲ ਬੁਰਾ ਸਲੂਕ ਕਰਦਾ ਹੈ ਕਿਉਂਕਿ ਉਹ ਯਹੋਵਾਹ ʼਤੇ ਨਿਹਚਾ ਕਰਦਾ ਹੈ। ਇੱਦਾਂ ਦੇ ਹਾਲਾਤਾਂ ਵਿਚ ਉਹ ਯਹੋਵਾਹ ਤੋਂ ਤਾਕਤ ਹਾਸਲ ਕਰਨ ਲਈ ਪ੍ਰਾਰਥਨਾ ਤੇ ਅਧਿਐਨ ਕਰਦਾ ਹੈ। ਉਹ ਦੱਸਦਾ ਹੈ: “ਕਈ ਵਾਰ ਮੁਸ਼ਕਲਾਂ ਖੜ੍ਹੀਆਂ ਹੋਣ ʼਤੇ ਮੈਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹਾਂ ਕਿ ਮੇਰਾ ਮਨ ਸ਼ਾਂਤ ਨਹੀਂ ਰਹਿੰਦਾ। ਇਸ ਕਰਕੇ ਮੈਂ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਨਹੀਂ ਕਰ ਪਾਉਂਦਾ।” ਪਰ ਉਹ ਹਾਰ ਨਹੀਂ ਮੰਨਦਾ। ਉਹ ਦੱਸਦਾ ਹੈ: “ਮੈਂ ਸਭ ਤੋਂ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ। ਫਿਰ ਮੈਂ ਹੈੱਡ-ਫ਼ੋਨ ਲਾ ਕੇ ਰਾਜ ਦੇ ਗੀਤ ਸੁਣਦਾ ਹਾਂ। ਕਈ ਵਾਰ ਤਾਂ ਮੈਂ ਉਦੋਂ ਤਕ ਰਾਜ ਦੇ ਗੀਤ ਗੁਣਗੁਣਾਉਂਦਾ ਰਹਿੰਦਾ ਹਾਂ ਜਦੋਂ ਤਕ ਮੇਰਾ ਮਨ ਸ਼ਾਂਤ ਨਹੀਂ ਹੋ ਜਾਂਦਾ। ਫਿਰ ਮੈਂ ਅਧਿਐਨ ਕਰਨਾ ਸ਼ੁਰੂ ਕਰਦਾ ਹਾਂ।”

8 ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਨ ਕਰਕੇ ਭਰਾ ਜ਼ਿਮਿੰਗ ਦੀ ਅਜ਼ਮਾਇਸ਼ਾਂ ਦੌਰਾਨ ਤਕੜਾ ਰਹਿਣ ਵਿਚ ਮਦਦ ਹੋਈ। ਗੌਰ ਕਰੋ ਕਿ ਇਕ ਵਾਰ ਉਸ ਨਾਲ ਕੀ ਹੋਇਆ। ਉਸ ਦਾ ਇਕ ਬਹੁਤ ਵੱਡਾ ਓਪਰੇਸ਼ਨ ਹੋਇਆ ਸੀ। ਓਪਰੇਸ਼ਨ ਤੋਂ ਬਾਅਦ ਇਕ ਨਰਸ ਨੇ ਕਿਹਾ ਕਿ ਉਸ ਵਿਚ ਖ਼ੂਨ (ਲਾਲ ਸੈੱਲਾਂ ਦੀ ਗਿਣਤੀ) ਬਹੁਤ ਘੱਟ ਹੈ, ਇਸ ਕਰਕੇ ਉਸ ਨੂੰ ਖ਼ੂਨ ਚੜ੍ਹਾਉਣਾ ਪੈਣਾ। ਪਰ ਓਪਰੇਸ਼ਨ ਤੋਂ ਇਕ ਰਾਤ ਪਹਿਲਾਂ ਭਰਾ ਜ਼ਿਮਿੰਗ ਨੇ ਇਕ ਭੈਣ ਦਾ ਤਜਰਬਾ ਪੜ੍ਹਿਆ ਸੀ ਜਿਸ ਦਾ ਇਹੀ ਓਪਰੇਸ਼ਨ ਹੋਇਆ ਸੀ। ਉਸ ਭੈਣ ਦੇ ਲਾਲ ਸੈੱਲਾਂ ਦੀ ਗਿਣਤੀ ਤਾਂ ਭਰਾ ਨਾਲੋਂ ਕਿਤੇ ਜ਼ਿਆਦਾ ਘੱਟ ਸੀ। ਫਿਰ ਵੀ ਉਸ ਭੈਣ ਨੇ ਖ਼ੂਨ ਨਹੀਂ ਲਿਆ ਅਤੇ ਉਹ ਠੀਕ ਹੋ ਗਈ। ਇਸ ਭੈਣ ਦੇ ਤਜਰਬੇ ਤੋਂ ਭਰਾ ਜ਼ਿਮਿੰਗ ਨੂੰ ਤਾਕਤ ਮਿਲੀ ਜਿਸ ਕਰਕੇ ਉਹ ਵਫ਼ਾਦਾਰ ਰਹਿ ਸਕਿਆ।

9. ਕਿਸੇ ਅਜ਼ਮਾਇਸ਼ ਕਰਕੇ ਕਮਜ਼ੋਰ ਹੋਣ ਤੇ ਤੁਸੀਂ ਕੀ ਕਰ ਸਕਦੇ ਹੋ? (ਤਸਵੀਰਾਂ ਵੀ ਦੇਖੋ।)

9 ਕੀ ਕਿਸੇ ਅਜ਼ਮਾਇਸ਼ ਦੌਰਾਨ ਤੁਹਾਨੂੰ ਕਦੇ ਲੱਗਾ ਹੈ ਕਿ ਤੁਸੀਂ ਸਹੀ ਤਰ੍ਹਾਂ ਪ੍ਰਾਰਥਨਾ ਨਹੀਂ ਕਰ ਸਕਦੇ? ਜਾਂ ਕੀ ਤੁਹਾਨੂੰ ਕਦੇ ਲੱਗਾ ਹੈ ਕਿ ਤੁਸੀਂ ਇੰਨਾ ਜ਼ਿਆਦਾ ਥੱਕੇ ਹੋ ਕਿ ਤੁਸੀਂ ਅਧਿਐਨ ਵੀ ਨਹੀਂ ਕਰ ਸਕਦੇ? ਜੇ ਹਾਂ, ਤਾਂ ਯਾਦ ਰੱਖੋ ਕਿ ਯਹੋਵਾਹ ਤੁਹਾਡੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਜੇ ਤੁਸੀਂ ਛੋਟੀ ਜਿਹੀ ਵੀ ਪ੍ਰਾਰਥਨਾ ਕਰੋ, ਤਾਂ ਯਹੋਵਾਹ ਤੁਹਾਨੂੰ ਉਹ ਹਰ ਚੀਜ਼ ਦੇਵੇਗਾ ਜਿਸ ਦੀ ਤੁਹਾਨੂੰ ਲੋੜ ਹੈ। (ਅਫ਼. 3:20) ਜੇ ਸਰੀਰਕ ਜਾਂ ਮਾਨਸਿਕ ਤੌਰ ਤੇ ਥੱਕੇ ਹੋਣ ਕਰਕੇ ਤੁਹਾਨੂੰ ਪੜ੍ਹਨਾ ਜਾਂ ਅਧਿਐਨ ਕਰਨਾ ਔਖਾ ਲੱਗਦਾ ਹੈ, ਤਾਂ ਕਿਉਂ ਨਾ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀਆਂ ਆਡੀਓ ਰਿਕਾਰਡਿੰਗਾਂ ਸੁਣੋ। ਤੁਹਾਨੂੰ jw.org/pa ʼਤੇ ਸਾਡੇ ਗੀਤ ਅਤੇ ਕੋਈ ਵੀਡੀਓ ਦੇਖ ਕੇ ਵੀ ਫ਼ਾਇਦਾ ਹੋ ਸਕਦਾ ਹੈ। ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੋਗੇ ਅਤੇ ਫਿਰ ਬਾਈਬਲ ਤੇ ਉਸ ਦੇ ਹੋਰ ਪ੍ਰਬੰਧਾਂ ਰਾਹੀਂ ਆਪਣੀ ਪ੍ਰਾਰਥਨਾ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਉਸ ਨੂੰ ਮੌਕਾ ਦੇ ਰਹੇ ਹੋਵੋਗੇ ਕਿ ਉਹ ਤੁਹਾਨੂੰ ਤਕੜਾ ਕਰੇ।

ਆਪਣੇ ਮਸੀਹੀ ਭੈਣਾਂ-ਭਰਾਵਾਂ ਤੋਂ ਤਾਕਤ ਪਾਓ

10. ਸਾਡੇ ਮਸੀਹੀ ਭੈਣ-ਭਰਾ ਸਾਨੂੰ ਕਿਵੇਂ ਤਕੜਾ ਕਰ ਸਕਦੇ ਹਨ?

10 ਯਹੋਵਾਹ ਸਾਡੇ ਮਸੀਹੀ ਭੈਣਾਂ-ਭਰਾਵਾਂ ਦੇ ਜ਼ਰੀਏ ਸਾਨੂੰ ਤਕੜਾ ਕਰ ਸਕਦਾ ਹੈ। ਜਦੋਂ ਅਸੀਂ ਕੋਈ ਅਜ਼ਮਾਇਸ਼ ਝੱਲਦੇ ਹਾਂ ਜਾਂ ਕੋਈ ਔਖੀ ਜ਼ਿੰਮੇਵਾਰੀ ਨਿਭਾਉਣ ਲਈ ਜੱਦੋ-ਜਹਿਦ ਕਰਦੇ ਹਾਂ, ਤਾਂ ਉਹ ਸਾਨੂੰ “ਬਹੁਤ ਦਿਲਾਸਾ” ਦੇ ਸਕਦੇ ਹਨ। (ਕੁਲੁ. 4:10, 11) ਖ਼ਾਸ ਕਰਕੇ ਸਾਨੂੰ “ਦੁੱਖ ਦੀ ਘੜੀ ਵਿਚ” ਦੋਸਤਾਂ ਦੀ ਜ਼ਿਆਦਾ ਲੋੜ ਹੁੰਦੀ ਹੈ। (ਕਹਾ. 17:17) ਜਦੋਂ ਅਸੀਂ ਕਮਜ਼ੋਰ ਮਹਿਸੂਸ ਕਰਦੇ ਹਾਂ, ਤਾਂ ਸਾਡੇ ਮਸੀਹੀ ਭੈਣ-ਭਰਾ ਸਾਡੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ, ਸਾਨੂੰ ਦਿਲਾਸਾ ਦੇ ਸਕਦੇ ਹਨ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਦੇ ਸਕਦੇ ਹਨ। ਆਓ ਆਪਾਂ ਗੌਰ ਕਰੀਏ ਕਿ ਯਿਸੂ ਦੀ ਮਾਤਾ ਮਰੀਅਮ ਨੇ ਦੂਜਿਆਂ ਤੋਂ ਹਿੰਮਤ ਤੇ ਤਾਕਤ ਪਾਉਣ ਲਈ ਕੀ ਕੀਤਾ।

11. ਮਰੀਅਮ ਨੂੰ ਹਿੰਮਤ ਤੇ ਤਾਕਤ ਦੀ ਕਿਉਂ ਲੋੜ ਸੀ?

11 ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਮਰੀਅਮ ਨੂੰ ਹਿੰਮਤ ਤੇ ਤਾਕਤ ਦੀ ਲੋੜ ਸੀ। ਜ਼ਰਾ ਕਲਪਨਾ ਕਰੋ ਕਿ ਮਰੀਅਮ ਕਿੰਨੀ ਪਰੇਸ਼ਾਨ ਹੋਈ ਹੋਣੀ ਜਦੋਂ ਜਿਬਰਾਏਲ ਦੂਤ ਨੇ ਉਸ ਨੂੰ ਦੱਸਿਆ ਕਿ ਉਹ ਗਰਭਵਤੀ ਹੋਵੇਗੀ। ਉਸ ਵੇਲੇ ਤਕ ਤਾਂ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਉਸ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਦਾ ਕੋਈ ਤਜਰਬਾ ਨਹੀਂ ਸੀ, ਪਰ ਉਸ ਨੇ ਉਸ ਮੁੰਡੇ ਦੀ ਦੇਖ-ਭਾਲ ਕਰਨੀ ਸੀ ਜਿਸ ਨੇ ਅੱਗੇ ਜਾ ਕੇ ਮਸੀਹ ਬਣਨਾ ਸੀ। ਉਸ ਨੇ ਕਦੇ ਕਿਸੇ ਨਾਲ ਸਰੀਰਕ ਸੰਬੰਧ ਨਹੀਂ ਬਣਾਏ ਸਨ। ਪਰ ਉਸ ਨੂੰ ਆਪਣੇ ਮੰਗੇਤਰ ਯੂਸੁਫ਼ ਨੂੰ ਦੱਸਣਾ ਪੈਣਾ ਸੀ ਕਿ ਉਹ ਗਰਭਵਤੀ ਹੈ। ਮਰੀਅਮ ਲਈ ਯੂਸੁਫ਼ ਨੂੰ ਇਹ ਗੱਲ ਦੱਸਣੀ ਕਿੰਨੀ ਔਖੀ ਰਹੀ ਹੋਣੀ।​—ਲੂਕਾ 1:26-33.

12. ਲੂਕਾ 1:39-45 ਮੁਤਾਬਕ ਮਰੀਅਮ ਨੇ ਲੋੜੀਂਦੀ ਤਾਕਤ ਕਿਵੇਂ ਹਾਸਲ ਕੀਤੀ?

12 ਮਰੀਅਮ ਨੇ ਇਹ ਅਨੋਖੀ ਤੇ ਭਾਰੀ ਜ਼ਿੰਮੇਵਾਰੀ ਨਿਭਾਉਣ ਲਈ ਲੋੜੀਂਦੀ ਤਾਕਤ ਕਿਵੇਂ ਹਾਸਲ ਕੀਤੀ? ਉਸ ਨੇ ਦੂਜਿਆਂ ਤੋਂ ਮਦਦ ਲਈ। ਉਦਾਹਰਣ ਲਈ, ਉਸ ਨੇ ਜਿਬਰਾਏਲ ਦੂਤ ਤੋਂ ਆਪਣੀ ਜ਼ਿੰਮੇਵਾਰੀ ਬਾਰੇ ਹੋਰ ਜਾਣਕਾਰੀ ਮੰਗੀ। (ਲੂਕਾ 1:34) ਫਿਰ ਥੋੜ੍ਹੇ ਸਮੇਂ ਬਾਅਦ ਉਹ ਲੰਬਾ ਸਫ਼ਰ ਕਰ ਕੇ “ਪਹਾੜੀ ਇਲਾਕੇ” ਰਾਹੀਂ ਯਹੂਦਾਹ ਦੇ ਇਕ ਸ਼ਹਿਰ ਵਿਚ ਆਪਣੀ ਰਿਸ਼ਤੇਦਾਰ ਇਲੀਸਬਤ ਨੂੰ ਮਿਲਣ ਗਈ। ਉੱਥੇ ਜਾ ਕੇ ਉਸ ਨੂੰ ਫ਼ਾਇਦਾ ਹੋਇਆ। ਇਲੀਸਬਤ ਨੇ ਮਰੀਅਮ ਦੀ ਤਾਰੀਫ਼ ਕੀਤੀ ਅਤੇ ਉਸ ਨੇ ਮਰੀਅਮ ਦੇ ਅਣਜੰਮੇ ਬੱਚੇ ਬਾਰੇ ਯਹੋਵਾਹ ਦੀ ਪ੍ਰੇਰਣਾ ਅਧੀਨ ਇਕ ਹੌਸਲਾ ਦੇਣ ਵਾਲੀ ਭਵਿੱਖਬਾਣੀ ਕੀਤੀ। (ਲੂਕਾ 1:39-45 ਪੜ੍ਹੋ।) ਮਰੀਅਮ ਨੇ ਕਿਹਾ ਕਿ ਯਹੋਵਾਹ ਨੇ “ਆਪਣੀ ਬਾਂਹ ਦੇ ਜ਼ੋਰ ਨਾਲ ਵੱਡੇ-ਵੱਡੇ ਕੰਮ ਕੀਤੇ।” (ਲੂਕਾ 1:46-51) ਜਿਬਰਾਏਲ ਅਤੇ ਇਲੀਸਬਤ ਰਾਹੀਂ ਯਹੋਵਾਹ ਨੇ ਮਰੀਅਮ ਨੂੰ ਤਾਕਤ ਦਿੱਤੀ।

13. ਜਦੋਂ ਇਕ ਭੈਣ ਨੇ ਭੈਣਾਂ-ਭਰਾਵਾਂ ਤੋਂ ਮਦਦ ਮੰਗੀ, ਤਾਂ ਕੀ ਹੋਇਆ?

13 ਮਰੀਅਮ ਵਾਂਗ ਤੁਸੀਂ ਵੀ ਆਪਣੇ ਭੈਣਾਂ-ਭਰਾਵਾਂ ਤੋਂ ਤਾਕਤ ਪਾ ਸਕਦੇ ਹੋ। ਬੋਲੀਵੀਆ ਵਿਚ ਰਹਿਣ ਵਾਲੀ ਭੈਣ ਦਸੂਰੀ ਨੂੰ ਵੀ ਤਾਕਤ ਦੀ ਲੋੜ ਸੀ। ਉਸ ਦੇ ਡੈਡੀ ਨੂੰ ਇਕ ਲਾਇਲਾਜ ਬੀਮਾਰੀ ਲੱਗ ਗਈ। ਜਦੋਂ ਉਹ ਹਸਪਤਾਲ ਵਿਚ ਸਨ, ਤਾਂ ਦਸੂਰੀ ਉਨ੍ਹਾਂ ਦੀ ਦੇਖ-ਭਾਲ ਕਰਦੀ ਸੀ। (1 ਤਿਮੋ. 5:4) ਪਰ ਉਸ ਲਈ ਹਮੇਸ਼ਾ ਇੱਦਾਂ ਕਰਨਾ ਸੌਖਾ ਨਹੀਂ ਸੀ ਹੁੰਦਾ। ਉਹ ਦੱਸਦੀ ਹੈ: “ਕਈ ਵਾਰੀ ਮੈਨੂੰ ਲੱਗਦਾ ਸੀ ਕਿ ਮੇਰੀ ਬੱਸ ਹੋ ਗਈ ਹੈ।” ਕੀ ਉਸ ਨੇ ਦੂਜਿਆਂ ਤੋਂ ਮਦਦ ਮੰਗੀ? ਪਹਿਲਾਂ-ਪਹਿਲ ਤਾਂ ਨਹੀਂ। ਉਹ ਦੱਸਦੀ ਹੈ: “ਮੈਂ ਭੈਣਾਂ-ਭਰਾਵਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ। ਮੈਂ ਸੋਚਿਆ, ‘ਯਹੋਵਾਹ ਹੀ ਮੇਰੀ ਮਦਦ ਕਰੇਗਾ।’ ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਖ਼ੁਦ ਨੂੰ ਦੂਜਿਆਂ ਤੋਂ ਅਲੱਗ ਕਰ ਕੇ ਮੈਂ ਇਕੱਲਿਆਂ ਹੀ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।” (ਕਹਾ. 18:1) ਫਿਰ ਦਸੂਰੀ ਨੇ ਆਪਣੇ ਕੁਝ ਦੋਸਤਾਂ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ। ਉਹ ਦੱਸਦੀ ਹੈ: “ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਭੈਣਾਂ-ਭਰਾਵਾਂ ਤੋਂ ਕਿੰਨੀ ਤਾਕਤ ਮਿਲੀ। ਉਹ ਹਸਪਤਾਲ ਵਿਚ ਸਾਡੇ ਲਈ ਖਾਣਾ ਲੈ ਕੇ ਆਉਂਦੇ ਸਨ ਅਤੇ ਬਾਈਬਲ ਤੋਂ ਮੈਨੂੰ ਦਿਲਾਸਾ ਦਿੰਦੇ ਸਨ। ਇਹ ਜਾਣ ਕੇ ਕਿੰਨਾ ਵਧੀਆ ਲੱਗਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ। ਅਸੀਂ ਯਹੋਵਾਹ ਦੇ ਵੱਡੇ ਪਰਿਵਾਰ ਦਾ ਹਿੱਸਾ ਹਾਂ। ਇਹ ਪਰਿਵਾਰ ਤੁਹਾਡੀ ਮਦਦ ਕਰਦਾ ਹੈ, ਤੁਹਾਡੇ ਨਾਲ ਰੋਂਦਾ ਹੈ ਅਤੇ ਮੁਸ਼ਕਲਾਂ ਨਾਲ ਲੜਨ ਵਿਚ ਤੁਹਾਡਾ ਸਾਥ ਦਿੰਦਾ ਹੈ।”

14. ਸਾਨੂੰ ਬਜ਼ੁਰਗਾਂ ਤੋਂ ਮਦਦ ਕਿਉਂ ਲੈਣੀ ਚਾਹੀਦੀ ਹੈ?

14 ਯਹੋਵਾਹ ਮੰਡਲੀ ਦੇ ਬਜ਼ੁਰਗਾਂ ਰਾਹੀਂ ਵੀ ਤੁਹਾਨੂੰ ਤਾਕਤ ਦਿੰਦਾ ਹੈ। ਉਸ ਨੇ ਤੋਹਫ਼ੇ ਵਜੋਂ ਸਾਨੂੰ ਬਜ਼ੁਰਗ ਦਿੱਤੇ ਹਨ ਜਿਨ੍ਹਾਂ ਰਾਹੀਂ ਉਹ ਸਾਨੂੰ ਤਕੜਾ ਕਰਦਾ ਹੈ ਅਤੇ ਤਾਜ਼ਗੀ ਦਿੰਦਾ ਹੈ। (ਯਸਾ. 32:1, 2) ਇਸ ਲਈ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ, ਤਾਂ ਆਪਣੀਆਂ ਚਿੰਤਾਵਾਂ ਬਾਰੇ ਬਜ਼ੁਰਗਾਂ ਨਾਲ ਗੱਲ ਕਰੋ। ਜਦੋਂ ਉਹ ਤੁਹਾਡੀ ਮਦਦ ਕਰਦੇ ਹਨ, ਤਾਂ ਬਿਨਾਂ ਝਿਜਕੇ ਬਜ਼ੁਰਗਾਂ ਤੋਂ ਮਦਦ ਲਓ। ਉਨ੍ਹਾਂ ਰਾਹੀਂ ਯਹੋਵਾਹ ਤੁਹਾਨੂੰ ਤਕੜਾ ਕਰ ਸਕਦਾ ਹੈ।

ਆਪਣੀ ਉਮੀਦ ਤੋਂ ਤਾਕਤ ਪਾਓ

15. ਸਾਰੇ ਮਸੀਹੀਆਂ ਕੋਲ ਕਿਹੜੀ ਉਮੀਦ ਹੈ?

15 ਸਾਨੂੰ ਬਾਈਬਲ ਤੋਂ ਜੋ ਉਮੀਦ ਮਿਲੀ ਹੈ, ਉਸ ਕਰਕੇ ਸਾਨੂੰ ਤਾਕਤ ਮਿਲ ਸਕਦੀ ਹੈ। (ਰੋਮੀ. 4:3, 18-20) ਕੁਝ ਮਸੀਹੀਆਂ ਕੋਲ ਸਵਰਗ ਵਿਚ ਹਮੇਸ਼ਾ ਲਈ ਰਹਿਣ ਦੀ ਉਮੀਦ ਹੈ ਅਤੇ ਬਾਕੀ ਮਸੀਹੀਆਂ ਕੋਲ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਤਕ ਰਹਿਣ ਦੀ ਉਮੀਦ ਹੈ। ਸਾਡੀ ਇਸ ਉਮੀਦ ਕਰਕੇ ਸਾਨੂੰ ਅਜ਼ਮਾਇਸ਼ਾਂ ਸਹਿਣ, ਖ਼ੁਸ਼ ਖ਼ਬਰੀ ਸੁਣਾਉਣ ਅਤੇ ਮੰਡਲੀ ਵਿਚ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਤਾਕਤ ਮਿਲਦੀ ਹੈ। (1 ਥੱਸ. 1:3) ਇਸੇ ਉਮੀਦ ਕਰਕੇ ਪੌਲੁਸ ਰਸੂਲ ਨੂੰ ਵੀ ਤਾਕਤ ਮਿਲੀ।

16. ਪੌਲੁਸ ਰਸੂਲ ਨੂੰ ਤਾਕਤ ਦੀ ਕਿਉਂ ਲੋੜ ਸੀ?

16 ਪੌਲੁਸ ਨੂੰ ਤਾਕਤ ਦੀ ਲੋੜ ਸੀ। ਕੁਰਿੰਥੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਉਸ ਨੇ ਖ਼ੁਦ ਦੀ ਤੁਲਨਾ ਮਿੱਟੀ ਦੇ ਨਾਜ਼ੁਕ ਭਾਂਡੇ ਨਾਲ ਕੀਤੀ। ਉਹ ‘ਮੁਸੀਬਤਾਂ ਨਾਲ ਘਿਰਿਆ ਹੋਇਆ’ ਸੀ। ਉਹ “ਉਲਝਣ” ਵਿਚ ਸੀ। ਉਸ ਉੱਤੇ “ਅਤਿਆਚਾਰ” ਕੀਤੇ ਜਾਂਦੇ ਸਨ। ਉਸ ਨੂੰ “ਡੇਗਿਆ” ਜਾਂਦਾ ਸੀ। ਇੱਥੋਂ ਤਕ ਕਿ ਉਸ ਦੀ ਜਾਨ ਵੀ ਖ਼ਤਰੇ ਵਿਚ ਸੀ। (2 ਕੁਰਿੰ. 4:8-10) ਪੌਲੁਸ ਨੇ ਇਹ ਸ਼ਬਦ ਆਪਣੇ ਤੀਜੇ ਮਿਸ਼ਨਰੀ ਦੌਰੇ ਦੌਰਾਨ ਲਿਖੇ ਸਨ। ਇਹ ਸ਼ਬਦ ਲਿਖਣ ਤੋਂ ਬਾਅਦ ਉਸ ਨੂੰ ਹੋਰ ਵੀ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ। ਭੀੜ ਨੇ ਉਸ ʼਤੇ ਹਮਲਾ ਕੀਤਾ, ਉਸ ਨੂੰ ਗਿਰਫ਼ਤਾਰ ਕੀਤਾ ਗਿਆ, ਉਸ ਦਾ ਜਹਾਜ਼ ਤਬਾਹ ਹੋ ਗਿਆ ਅਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ।

17. ਦੂਜਾ ਕੁਰਿੰਥੀਆਂ 4:16-18 ਮੁਤਾਬਕ ਕਿਹੜੀ ਗੱਲ ਕਰਕੇ ਪੌਲੁਸ ਨੂੰ ਅਜ਼ਮਾਇਸ਼ਾਂ ਸਹਿਣ ਦੀ ਤਾਕਤ ਮਿਲੀ?

17 ਪੌਲੁਸ ਨੇ ਆਪਣੀ ਉਮੀਦ ʼਤੇ ਧਿਆਨ ਲਾ ਕੇ ਤਾਕਤ ਹਾਸਲ ਕੀਤੀ। (2 ਕੁਰਿੰਥੀਆਂ 4:16-18 ਪੜ੍ਹੋ।) ਉਸ ਨੇ ਕੁਰਿੰਥੀਆਂ ਦੇ ਮਸੀਹੀਆਂ ਨੂੰ ਦੱਸਿਆ ਕਿ ਚਾਹੇ ਉਸ ਦਾ ਸਰੀਰ ‘ਖ਼ਤਮ ਹੁੰਦਾ ਜਾ ਰਿਹਾ’ ਸੀ, ਪਰ ਇਸ ਕਰਕੇ ਉਹ ਨਿਰਾਸ਼ ਨਹੀਂ ਹੋਵੇਗਾ। ਪੌਲੁਸ ਕੋਲ ਸਵਰਗ ਵਿਚ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਸੀ। ਉਸ ਨੇ ਇਸ ਉਮੀਦ ʼਤੇ ਆਪਣਾ ਧਿਆਨ ਲਾਈ ਰੱਖਿਆ। ਇਸ ਉਮੀਦ ਕਰਕੇ ਉਹ ਕਿਸੇ ਵੀ ਅਜ਼ਮਾਇਸ਼ ਨੂੰ ਝੱਲ ਸਕਿਆ। ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਉਸ ਦੀ ਇਹ ਉਮੀਦ ਕਿਸੇ ਵੀ ਅਜ਼ਮਾਇਸ਼ ਤੋਂ “ਕਿਤੇ ਜ਼ਿਆਦਾ ਸ਼ਾਨਦਾਰ” ਸੀ। ਇਸ ਉਮੀਦ ʼਤੇ ਸੋਚ-ਵਿਚਾਰ ਕਰਨ ਕਰਕੇ ਪੌਲੁਸ ਨੂੰ ਲੱਗਦਾ ਸੀ ਕਿ ਉਹ ‘ਦਿਨ-ਬਦਿਨ ਨਵਾਂ’ ਬਣਦਾ ਜਾ ਰਿਹਾ ਹੈ।

18. ਆਪਣੀ ਉਮੀਦ ਕਰਕੇ ਭਰਾ ਤੀਹੌਮੀਰ ਅਤੇ ਉਸ ਦੇ ਪਰਿਵਾਰ ਨੂੰ ਤਾਕਤ ਕਿਵੇਂ ਮਿਲਦੀ ਹੈ?

18 ਬਲਗੇਰੀਆ ਵਿਚ ਰਹਿਣ ਵਾਲੇ ਭਰਾ ਤੀਹੌਮੀਰ ਨੇ ਆਪਣੀ ਉਮੀਦ ਤੋਂ ਤਾਕਤ ਹਾਸਲ ਕੀਤੀ। ਕੁਝ ਸਾਲ ਪਹਿਲਾਂ ਉਸ ਦੇ ਛੋਟੇ ਭਰਾ ਸਤਾਰਵਕੋ ਦੀ ਇਕ ਐਕਸੀਡੈਂਟ ਵਿਚ ਮੌਤ ਹੋ ਗਈ। ਇਸ ਕਰਕੇ ਉਹ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ। ਆਪਣੇ ਗਮ ਵਿੱਚੋਂ ਬਾਹਰ ਨਿਕਲਣ ਲਈ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਕਲਪਨਾ ਕੀਤੀ ਕਿ ਜਦੋਂ ਯਹੋਵਾਹ ਸਤਾਰਵਕੋ ਨੂੰ ਦੁਬਾਰਾ ਜੀਉਂਦਾ ਕਰੇਗਾ, ਤਾਂ ਕਿਹੋ ਜਿਹਾ ਮਾਹੌਲ ਹੋਵੇਗਾ। ਉਹ ਦੱਸਦਾ ਹੈ: “ਅਸੀਂ ਇਸ ਬਾਰੇ ਗੱਲਾਂ ਕਰਦੇ ਹਾਂ ਕਿ ਅਸੀਂ ਸਤਾਰਵਕੋ ਨੂੰ ਕਿੱਥੇ ਮਿਲਾਂਗੇ, ਉਸ ਲਈ ਖਾਣ ਨੂੰ ਕੀ ਬਣਾਵਾਂਗੇ, ਉਸ ਦਾ ਸੁਆਗਤ ਕਰਨ ਲਈ ਅਸੀਂ ਜੋ ਪਾਰਟੀ ਰੱਖਾਂਗੇ, ਉਸ ʼਤੇ ਅਸੀਂ ਕਿਹਨੂੰ-ਕਿਹਨੂੰ ਬੁਲਾਵਾਂਗੇ ਅਤੇ ਉਸ ਨੂੰ ਆਖ਼ਰੀ ਦਿਨਾਂ ਬਾਰੇ ਕੀ-ਕੀ ਦੱਸਾਂਗੇ।” ਭਰਾ ਤੀਹੌਮੀਰ ਦੱਸਦਾ ਹੈ ਕਿ ਆਪਣਾ ਧਿਆਨ ਉਮੀਦ ʼਤੇ ਲਾਉਣ ਕਰਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਹ ਗਮ ਸਹਿੰਦੇ ਰਹਿਣ ਦੀ ਤਾਕਤ ਮਿਲਦੀ ਹੈ। ਨਾਲੇ ਉਸ ਸਮੇਂ ਦੀ ਉਡੀਕ ਕਰਦੇ ਰਹਿਣ ਦੀ ਵੀ ਤਾਕਤ ਮਿਲਦੀ ਹੈ ਜਦੋਂ ਯਹੋਵਾਹ ਉਸ ਦੇ ਭਰਾ ਨੂੰ ਦੁਬਾਰਾ ਜੀਉਂਦਾ ਕਰੇਗਾ।

ਤੁਹਾਨੂੰ ਕੀ ਲੱਗਦਾ ਹੈ ਕਿ ਨਵੀਂ ਦੁਨੀਆਂ ਵਿਚ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ? (ਪੈਰਾ 19 ਦੇਖੋ) c

19. ਆਪਣੀ ਉਮੀਦ ਨੂੰ ਹੋਰ ਪੱਕਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? (ਤਸਵੀਰ ਵੀ ਦੇਖੋ।)

19 ਤੁਸੀਂ ਆਪਣੀ ਉਮੀਦ ਨੂੰ ਹੋਰ ਪੱਕਾ ਕਰਨ ਲਈ ਕੀ ਕਰ ਸਕਦੇ ਹੋ? ਉਦਾਹਰਣ ਲਈ, ਜੇ ਤੁਹਾਡੀ ਉਮੀਦ ਧਰਤੀ ʼਤੇ ਹਮੇਸ਼ਾ ਰਹਿਣ ਦੀ ਹੈ, ਤਾਂ ਬਾਈਬਲ ਵਿੱਚੋਂ ਨਵੀਂ ਦੁਨੀਆਂ ਬਾਰੇ ਦਿੱਤੀਆਂ ਆਇਤਾਂ ਪੜ੍ਹੋ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰੋ। (ਯਸਾ. 25:8; 32:16-18) ਸੋਚੋ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ। ਤੁਸੀਂ ਉੱਥੇ ਕਿਨ੍ਹਾਂ ਨੂੰ ਦੇਖ ਰਹੇ ਹੋ? ਤੁਸੀਂ ਕਿਹੜੀਆਂ ਆਵਾਜ਼ਾਂ ਸੁਣ ਰਹੇ ਹੋ? ਤੁਹਾਨੂੰ ਕਿੱਦਾਂ ਲੱਗ ਰਿਹਾ ਹੈ? ਨਵੀਂ ਦੁਨੀਆਂ ਬਾਰੇ ਹੋਰ ਵਧੀਆ ਤਰੀਕੇ ਨਾਲ ਕਲਪਨਾ ਕਰਨ ਲਈ ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀਆਂ ਤਸਵੀਰਾਂ ਦੇਖੋ ਜਾਂ ਸੰਗੀਤ ਵੀਡੀਓ ਦੇਖੋ, ਜਿਵੇਂ ਕਿ ਦੁਨੀਆਂ ਆ ਗਈ ਨਵੀਂ, ਹਰ ਤਰਫ਼ ਅਮਨ ਬੇਇੰਤੇਹਾ ਜਾਂ ਦੇਖੋ ਜ਼ਰਾ ਉਹ ਹਸੀਨ ਮੰਜ਼ਰ! ਜੇ ਅਸੀਂ ਬਾਕਾਇਦਾ ਸਮਾਂ ਕੱਢ ਕੇ ਨਵੀਂ ਦੁਨੀਆਂ ਦੀ ਉਮੀਦ ʼਤੇ ਸੋਚ-ਵਿਚਾਰ ਕਰਾਂਗੇ, ਤਾਂ ਸਾਨੂੰ ਆਪਣੀਆਂ ਮੁਸ਼ਕਲਾਂ “ਥੋੜ੍ਹੇ ਸਮੇਂ ਲਈ ਅਤੇ ਮਾਮੂਲੀ” ਜਿਹੀਆਂ ਲੱਗਣਗੀਆਂ। (2 ਕੁਰਿੰ. 4:17) ਇਸ ਉਮੀਦ ਦੇ ਜ਼ਰੀਏ ਯਹੋਵਾਹ ਤੁਹਾਨੂੰ ਤਕੜਾ ਕਰੇਗਾ ਅਤੇ ਅਜ਼ਮਾਇਸ਼ਾਂ ਨਾਲ ਲੜਨ ਦੀ ਤਾਕਤ ਦੇਵੇਗਾ।

20. ਕਮਜ਼ੋਰ ਮਹਿਸੂਸ ਕਰਦਿਆਂ ਅਸੀਂ ਤਾਕਤ ਪਾਉਣ ਲਈ ਕੀ ਕਰ ਸਕਦੇ ਹਾਂ?

20 ਸਾਨੂੰ ਉਦੋਂ ਵੀ “ਪਰਮੇਸ਼ੁਰ ਤੋਂ ਤਾਕਤ” ਮਿਲਦੀ ਹੈ ਜਦੋਂ ਅਸੀਂ ਕਮਜ਼ੋਰ ਮਹਿਸੂਸ ਕਰਦੇ ਹਾਂ। (ਜ਼ਬੂ. 108:13) ਦੇਖਿਆ ਜਾਵੇ ਤਾਂ ਯਹੋਵਾਹ ਨੇ ਪਹਿਲਾਂ ਹੀ ਉਹ ਸਾਰੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਉਸ ਤੋਂ ਤਾਕਤ ਹਾਸਲ ਕਰ ਸਕਦੇ ਹਾਂ। ਇਸ ਲਈ ਕੋਈ ਜ਼ਿੰਮੇਵਾਰੀ ਪੂਰੀ ਕਰਨ ਲਈ, ਅਜ਼ਮਾਇਸ਼ ਸਹਿਣ ਲਈ ਜਾਂ ਆਪਣੀ ਖ਼ੁਸ਼ੀ ਬਰਕਰਾਰ ਰੱਖਣ ਲਈ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ ਅਤੇ ਉਸ ਤੋਂ ਅਗਵਾਈ ਲੈਣ ਲਈ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰੋ। ਆਪਣੇ ਮਸੀਹੀ ਭੈਣਾਂ-ਭਰਾਵਾਂ ਤੋਂ ਹੌਸਲਾ ਪਾਓ। ਨਾਲੇ ਬਾਕਾਇਦਾ ਸਮਾਂ ਕੱਢ ਕੇ ਭਵਿੱਖ ਲਈ ਮਿਲੀ ਆਪਣੀ ਉਮੀਦ ʼਤੇ ਸੋਚ-ਵਿਚਾਰ ਕਰੋ। ਫਿਰ “ਤੁਸੀਂ [ਪਰਮੇਸ਼ੁਰ] ਦੀ ਸ਼ਾਨਦਾਰ ਤਾਕਤ ਦੀ ਮਦਦ ਨਾਲ ਤਕੜੇ ਹੋ ਕੇ ਧੀਰਜ ਅਤੇ ਖ਼ੁਸ਼ੀ ਨਾਲ ਸਭ ਕੁਝ ਸਹਿ” ਸਕੋਗੇ।​—ਕੁਲੁ. 1:11.

ਗੀਤ 33 ਆਪਣਾ ਬੋਝ ਯਹੋਵਾਹ ʼਤੇ ਸੁੱਟੋ

a ਇਹ ਲੇਖ ਖ਼ਾਸ ਕਰਕੇ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰੇਗਾ ਜੋ ਕਿਸੇ ਵੱਡੀ ਅਜ਼ਮਾਇਸ਼ ਨੂੰ ਝੱਲ ਰਹੇ ਹਨ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਜ਼ਿੰਮੇਵਾਰੀ ਨਿਭਾਉਣੀ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਅਸੀਂ ਸਿੱਖਾਂਗੇ ਕਿ ਯਹੋਵਾਹ ਸਾਨੂੰ ਕਿਵੇਂ ਤਾਕਤ ਦੇ ਸਕਦਾ ਹੈ ਅਤੇ ਉਸ ਤੋਂ ਤਾਕਤ ਹਾਸਲ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ।

b ਕੁਝ ਨਾਂ ਬਦਲੇ ਗਏ ਹਨ।

c ਤਸਵੀਰ ਬਾਰੇ ਜਾਣਕਾਰੀ: ਇਕ ਭੈਣ ਜੋ ਸੁਣ ਨਹੀਂ ਸਕਦੀ, ਬਾਈਬਲ ਵਿਚ ਦਿੱਤੇ ਵਾਅਦਿਆਂ ਬਾਰੇ ਸੋਚ ਰਹੀ ਹੈ ਅਤੇ ਇਕ ਸੰਗੀਤ ਵੀਡੀਓ ਦੇਖ ਰਹੀ ਹੈ ਤਾਂਕਿ ਉਹ ਵਧੀਆ ਤਰੀਕੇ ਨਾਲ ਕਲਪਨਾ ਕਰ ਸਕੇ ਕਿ ਨਵੀਂ ਦੁਨੀਆਂ ਵਿਚ ਉਸ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ।