ਕੀ ਤੁਸੀਂ ਜਾਣਦੇ ਹੋ?
ਪ੍ਰਾਚੀਨ ਇਜ਼ਰਾਈਲ ਵਿਚ ਸੰਗੀਤ ਦੀ ਕਿੰਨੀ ਕੁ ਅਹਿਮੀਅਤ ਸੀ?
ਸੰਗੀਤ ਪ੍ਰਾਚੀਨ ਇਜ਼ਰਾਈਲ ਦੇ ਸਭਿਆਚਾਰ ਦਾ ਇਕ ਅਹਿਮ ਹਿੱਸਾ ਸੀ। ਬਾਈਬਲ ਵਿਚ ਅਕਸਰ ਉਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਾਜ਼ ਵਜਾਉਂਦੇ ਸਨ ਅਤੇ ਗੀਤ ਗਾਉਂਦੇ ਸਨ। ਬਾਈਬਲ ਦੀਆਂ ਕਈ ਕਿਤਾਬਾਂ ਗੀਤ ਦੇ ਰੂਪ ਵਿਚ ਲਿਖੀਆਂ ਗਈਆਂ ਹਨ, ਜਿਵੇਂ ਜ਼ਬੂਰ, ਸ੍ਰੇਸ਼ਟ ਗੀਤ ਅਤੇ ਵਿਰਲਾਪ। ਪ੍ਰਾਚੀਨ ਇਜ਼ਰਾਈਲ ʼਤੇ ਲਿਖੀ ਇਕ ਕਿਤਾਬ ਵਿਚ ਦੱਸਿਆ ਗਿਆ ਹੈ: “ਬਾਈਬਲ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਇਜ਼ਰਾਈਲੀਆਂ ਦੀ ਜ਼ਿੰਦਗੀ ਵਿਚ ਸੰਗੀਤ ਬਹੁਤ ਮਾਅਨੇ ਰੱਖਦਾ ਸੀ। ਉਹ ਕਈ ਮੌਕਿਆਂ ʼਤੇ ਗੀਤ ਗਾਉਂਦੇ ਸਨ ਅਤੇ ਸਾਜ਼ ਵਜਾਉਂਦੇ ਸਨ।”
ਹਰ ਰੋਜ਼ ਦੀ ਜ਼ਿੰਦਗੀ ਵਿਚ ਸੰਗੀਤ। ਇਜ਼ਰਾਈਲੀ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਲਈ ਸਾਜ਼ ਵਜਾਉਂਦੇ ਸਨ ਅਤੇ ਗੀਤ ਗਾਉਂਦੇ ਸਨ। (ਯਸਾ. 30:29) ਜਦੋਂ ਕਿਸੇ ਨੂੰ ਰਾਜੇ ਵਜੋਂ ਨਿਯੁਕਤ ਕੀਤਾ ਜਾਂਦਾ ਸੀ, ਫ਼ੌਜੀ ਯੁੱਧ ਜਿੱਤ ਕੇ ਆਉਂਦੇ ਸਨ ਜਾਂ ਤਿਉਹਾਰ ਮਨਾਏ ਜਾਂਦੇ ਸਨ, ਤਾਂ ਔਰਤਾਂ ਡਫਲੀ ਵਜਾ ਕੇ ਖ਼ੁਸ਼ੀ ਨਾਲ ਗੀਤ ਗਾਉਂਦੀਆਂ ਸਨ ਅਤੇ ਨੱਚਦੀਆਂ ਸਨ। (ਨਿਆ. 11:34; 1 ਸਮੂ. 18:6, 7; 1 ਰਾਜ. 1:39, 40) ਆਪਣਿਆਂ ਦੀ ਮੌਤ ਹੋਣ ʼਤੇ ਇਜ਼ਰਾਈਲੀ ਆਪਣਾ ਦੁੱਖ ਜ਼ਾਹਰ ਕਰਨ ਲਈ ਵਿਰਲਾਪ ਦੇ ਗੀਤ ਗਾਉਂਦੇ ਸਨ। (2 ਇਤਿ. 35:25) ਮੈਕਲਿਨਟੌਕ ਅਤੇ ਸਟਰੌਂਗ ਦੇ ਸਾਈਕਲੋਪੀਡੀਆ ਵਿਚ ਦੱਸਿਆ ਹੈ ਕਿ ਬਿਨਾਂ ਸ਼ੱਕ “ਇਜ਼ਰਾਈਲੀ ਗੀਤ-ਸੰਗੀਤ ਨੂੰ ਬਹੁਤ ਪਸੰਦ ਕਰਦੇ ਸਨ।”
ਰਾਜ ਦਰਬਾਰ ਵਿਚ ਸੰਗੀਤ। ਇਜ਼ਰਾਈਲ ਦੇ ਰਾਜਿਆਂ ਨੂੰ ਸੰਗੀਤ ਸੁਣਨਾ ਬਹੁਤ ਵਧੀਆ ਲੱਗਦਾ ਸੀ। ਮਿਸਾਲ ਲਈ, ਰਾਜਾ ਸ਼ਾਊਲ ਨੇ ਦਾਊਦ ਨੂੰ ਆਪਣੇ ਮਹਿਲ ਵਿਚ ਰਬਾਬ ਵਜਾਉਣ ਲਈ ਬੁਲਾਇਆ ਸੀ। (1 ਸਮੂ. 16:18, 23) ਬਾਅਦ ਵਿਚ ਜਦੋਂ ਦਾਊਦ ਖ਼ੁਦ ਰਾਜਾ ਬਣਿਆ, ਤਾਂ ਉਸ ਨੇ ਕਈ ਸਾਜ਼ ਬਣਾਏ, ਸੋਹਣੇ ਗੀਤ ਲਿਖੇ ਅਤੇ ਸਾਜ਼ ਵਜਾਉਣ ਵਾਲਿਆਂ ਦਾ ਇਕ ਸਮੂਹ ਨਿਯੁਕਤ ਕੀਤਾ। ਬਾਅਦ ਵਿਚ ਜਦੋਂ ਯਹੋਵਾਹ ਦਾ ਮੰਦਰ ਬਣਿਆ, ਤਾਂ ਇਸ ਸਮੂਹ ਨੂੰ ਉੱਥੇ ਸਾਜ਼ ਵਜਾਉਣ ਤੇ ਗੀਤ ਗਾਉਣ ਲਈ ਨਿਯੁਕਤ ਕੀਤਾ ਗਿਆ। (2 ਇਤਿ. 7:6; ਆਮੋ. 6:5) ਰਾਜਾ ਸੁਲੇਮਾਨ ਦੇ ਦਰਬਾਰ ਵਿਚ ਵੀ ਬਹੁਤ ਸਾਰੇ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਸਨ।—ਉਪ. 2:8.
ਭਗਤੀ ਵਿਚ ਸੰਗੀਤ। ਇਜ਼ਰਾਈਲੀ ਖ਼ਾਸ ਕਰਕੇ ਯਹੋਵਾਹ ਦੀ ਭਗਤੀ ਕਰਦਿਆਂ ਸਾਜ਼ ਵਜਾਉਂਦੇ ਅਤੇ ਗੀਤ ਗਾਉਂਦੇ ਸਨ। ਯਰੂਸ਼ਲਮ ਦੇ ਮੰਦਰ ਵਿਚ 4,000 ਸੰਗੀਤਕਾਰ ਸਨ। (1 ਇਤਿ. 23:5) ਉਹ ਛੈਣੇ, ਤਾਰਾਂ ਵਾਲੇ ਸਾਜ਼, ਰਬਾਬ ਅਤੇ ਤੁਰ੍ਹੀਆਂ ਵਜਾਉਂਦੇ ਸਨ। (2 ਇਤਿ. 5:12) ਪਰ ਇਨ੍ਹਾਂ ਮਾਹਰ ਸੰਗੀਤਕਾਰਾਂ ਤੋਂ ਇਲਾਵਾ ਬਾਕੀ ਇਜ਼ਰਾਈਲੀ ਵੀ ਯਹੋਵਾਹ ਦੀ ਭਗਤੀ ਲਈ ਗੀਤ ਗਾਉਂਦੇ ਸਨ। ਮਿਸਾਲ ਲਈ, ਜਦੋਂ ਇਜ਼ਰਾਈਲੀ ਯਰੂਸ਼ਲਮ ਵਿਚ ਤਿਉਹਾਰ ਮਨਾਉਣ ਲਈ ਜਾਂਦੇ ਸਨ, ਤਾਂ ਸਫ਼ਰ ਦੌਰਾਨ ਕਈ ਇਜ਼ਰਾਈਲੀ ਗੀਤ ਗਾਉਂਦੇ ਸਨ। ਇਨ੍ਹਾਂ ਗੀਤਾਂ ਨੂੰ ‘ਚੜ੍ਹਾਈ ਚੜ੍ਹਨ ਵੇਲੇ ਦੇ ਗੀਤ’ ਕਿਹਾ ਜਾਂਦਾ ਸੀ। (ਜ਼ਬੂ. 120–134) ਇਸ ਤੋਂ ਇਲਾਵਾ, ਪੁਰਾਣੀਆਂ ਯਹੂਦੀ ਲਿਖਤਾਂ ਅਨੁਸਾਰ ਇਜ਼ਰਾਈਲੀ ਪਸਾਹ ਦੇ ਖਾਣੇ ਦੌਰਾਨ ‘ਹਾਲੇਲ ਜ਼ਬੂਰ’ a ਗਾਉਂਦੇ ਸਨ।
ਅੱਜ ਵੀ ਯਹੋਵਾਹ ਦੇ ਲੋਕਾਂ ਲਈ ਸੰਗੀਤ ਬਹੁਤ ਅਹਿਮੀਅਤ ਰੱਖਦਾ ਹੈ। (ਯਾਕੂ. 5:13) ਅਸੀਂ ਯਹੋਵਾਹ ਦੀ ਭਗਤੀ ਕਰਦਿਆਂ ਗੀਤ ਗਾਉਂਦੇ ਹਾਂ। (ਅਫ਼. 5:19) ਨਾਲੇ ਜਦੋਂ ਅਸੀਂ ਭੈਣਾਂ-ਭਰਾਵਾਂ ਨਾਲ ਮਿਲ ਕੇ ਗੀਤ ਗਾਉਂਦੇ ਹਾਂ, ਤਾਂ ਅਸੀਂ ਇਕ-ਦੂਜੇ ਦੇ ਨੇੜੇ ਆਉਂਦੇ ਹਾਂ। (ਕੁਲੁ. 3:16) ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਵੀ ਗੀਤਾਂ ਤੋਂ ਸਾਨੂੰ ਤਾਕਤ ਮਿਲਦੀ ਹੈ। (ਰਸੂ. 16:25) ਸੰਗੀਤ ਇਕ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ʼਤੇ ਨਿਹਚਾ ਕਰਦੇ ਹਾਂ ਅਤੇ ਉਸ ਨੂੰ ਪਿਆਰ ਕਰਦੇ ਹਾਂ।
a ਯਹੂਦੀ ਜ਼ਬੂਰ 113–118 ਨੂੰ ‘ਹਾਲੇਲ ਜ਼ਬੂਰ’ ਕਹਿੰਦੇ ਸਨ ਜੋ ਯਹੋਵਾਹ ਦੀ ਮਹਿਮਾ ਲਈ ਗਾਏ ਜਾਂਦੇ ਸਨ।