Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਸੁਲੇਮਾਨ ਦੇ ਮੰਦਰ ਦੀ ਦਲਾਨ ਦੀ ਉਚਾਈ ਕਿੰਨੀ ਸੀ?

ਮੰਦਰ ਦੇ ਪਵਿੱਤਰ ਕਮਰੇ ਵਿਚ ਜਾਣ ਤੋਂ ਪਹਿਲਾਂ ਇਕ ਦਲਾਨ ਆਉਂਦੀ ਸੀ। 2024 ਤੋਂ ਪਹਿਲਾਂ ਪਵਿੱਤਰ ਲਿਖਤਾਂ​—ਨਵੀਂ ਦੁਨੀਆਂ ਅਨੁਵਾਦ ਵਿਚ ਲਿਖਿਆ ਹੁੰਦਾ ਸੀ ਕਿ “ਅਗਲੇ ਪਾਸੇ ਦੀ ਦਲਾਨ ਦੀ ਲੰਬਾਈ 20 ਹੱਥ ਸੀ ਜੋ ਭਵਨ ਦੀ ਚੁੜਾਈ ਦੇ ਬਰਾਬਰ ਸੀ ਅਤੇ ਇਸ ਦੀ ਉਚਾਈ 120 ਸੀ।” (2 ਇਤਿ. 3:4) ਬਾਈਬਲ ਦੇ ਕੁਝ ਹੋਰ ਅਨੁਵਾਦਾਂ ਵਿਚ ਵੀ ਲਿਖਿਆ ਹੈ ਕਿ ਦਲਾਨ ਦੀ “ਉਚਾਈ 120 ਹੱਥ” ਯਾਨੀ 175 ਫੁੱਟ (53 ਮੀਟਰ) ਸੀ।

ਪਰ 2024 ਦੀ ਨਵੀਂ ਦੁਨੀਆਂ ਅਨੁਵਾਦ ਵਿਚ ਸੁਲੇਮਾਨ ਦੇ ਮੰਦਰ ਦੀ ਦਲਾਨ ਬਾਰੇ ਲਿਖਿਆ ਹੈ: “ਉਸ ਦੀ ਉਚਾਈ 20 ਹੱਥ” ਯਾਨੀ ਤਕਰੀਬਨ 30 ਫੁੱਟ (9 ਮੀਟਰ) ਸੀ। a ਪਰ ਇਹ ਫੇਰ-ਬਦਲ ਕਿਉਂ ਕੀਤਾ ਗਿਆ? ਆਓ ਇਸ ਦੇ ਕੁਝ ਕਾਰਨਾਂ ʼਤੇ ਗੌਰ ਕਰੀਏ।

1 ਰਾਜਿਆਂ 6:3 ਵਿਚ ਦਲਾਨ ਦੀ ਉਚਾਈ ਬਾਰੇ ਕੁਝ ਨਹੀਂ ਦੱਸਿਆ ਗਿਆ। ਪਹਿਲਾ ਰਾਜਿਆਂ ਦੀ ਕਿਤਾਬ ਯਿਰਮਿਯਾਹ ਨੇ ਲਿਖੀ ਸੀ। ਇਸ ਆਇਤ ਵਿਚ ਉਸ ਨੇ ਦਲਾਨ ਦੀ ਲੰਬਾਈ ਤੇ ਚੁੜਾਈ ਬਾਰੇ ਦੱਸਿਆ, ਪਰ ਉਸ ਨੇ ਇਸ ਦੀ ਉਚਾਈ ਦਾ ਕੋਈ ਜ਼ਿਕਰ ਨਹੀਂ ਕੀਤਾ। ਅਧਿਆਇ ਸੱਤ ਵਿਚ ਉਸ ਨੇ ਮੰਦਰ ਦੇ ਹੋਰ ਹਿੱਸਿਆਂ ਬਾਰੇ ਕਾਫ਼ੀ ਬਾਰੀਕੀ ਨਾਲ ਜਾਣਕਾਰੀ ਦਿੱਤੀ। ਜਿਵੇਂ, ਧਾਂਤ ਦੇ ਵੱਡੇ ਹੌਦ, 10 ਪਹੀਏਦਾਰ ਗੱਡੀਆਂ ਅਤੇ ਦੋ ਤਾਂਬੇ ਦੇ ਥੰਮ੍ਹਾਂ ਬਾਰੇ ਜੋ ਦਲਾਨ ਦੇ ਬਾਹਰ ਸਨ। (1 ਰਾਜ. 7:15-37) ਜ਼ਰਾ ਸੋਚੋ, ਜੇ ਇਸ ਦਲਾਨ ਦੀ ਉਚਾਈ 170 ਫੁੱਟ ਤੋਂ ਵੀ ਜ਼ਿਆਦਾ ਸੀ ਤੇ ਉਹ ਮੰਦਰ ਤੋਂ ਵੀ ਉੱਚੀ ਸੀ, ਤਾਂ ਯਿਰਮਿਯਾਹ ਨੇ ਉਸ ਦੀ ਉਚਾਈ ਬਾਰੇ ਦੱਸਿਆ ਕਿਉਂ ਨਹੀਂ? ਇੰਨਾ ਹੀ ਨਹੀਂ, ਸਦੀਆਂ ਬਾਅਦ ਯਹੂਦੀ ਇਤਿਹਾਸਕਾਰਾਂ ਨੇ ਦੱਸਿਆ ਕਿ ਦਲਾਨ ਦੀ ਉਚਾਈ ਸੁਲੇਮਾਨ ਦੇ ਮੰਦਰ ਨਾਲੋਂ ਉੱਚੀ ਨਹੀਂ ਸੀ।

ਵਿਦਵਾਨ ਇਸ ਗੱਲ ʼਤੇ ਸਵਾਲ ਖੜ੍ਹਾ ਕਰਦੇ ਹਨ ਕਿ ਮੰਦਰ ਦੀਆਂ ਕੰਧਾਂ 120 ਹੱਥ ਉੱਚੀ ਦਲਾਨ ਨੂੰ ਸਹਾਰਾ ਕਿਵੇਂ ਦੇ ਸਕਦੀਆਂ ਸਨ। ਪੁਰਾਣੇ ਜ਼ਮਾਨੇ ਵਿਚ ਜਦੋਂ ਪੱਥਰਾਂ ਜਾਂ ਇੱਟਾਂ ਨਾਲ ਉੱਚੇ ਢਾਂਚੇ ਬਣਾਏ ਜਾਂਦੇ ਸਨ, ਤਾਂ ਉਨ੍ਹਾਂ ਦੀਆਂ ਕੰਧਾਂ ਥੱਲਿਓਂ ਕਾਫ਼ੀ ਚੌੜੀਆਂ ਹੁੰਦੀਆਂ ਸਨ, ਪਰ ਉੱਪਰ ਆਉਂਦੇ-ਆਉਂਦੇ ਉਨ੍ਹਾਂ ਦੀ ਚੁੜਾਈ ਘੱਟ ਹੋ ਜਾਂਦੀ ਸੀ। ਮਿਸਾਲ ਲਈ, ਮਿਸਰ ਦੇ ਮੰਦਰ ਦੇ ਦਰਵਾਜ਼ਿਆਂ ਦੀਆਂ ਕੰਧਾਂ ਇਸੇ ਤਰ੍ਹਾਂ ਬਣਾਈਆਂ ਜਾਂਦੀਆਂ ਸਨ। ਪਰ ਸੁਲੇਮਾਨ ਦੇ ਮੰਦਰ ਦੀਆਂ ਕੰਧਾਂ ਦੀ ਚੁੜਾਈ ਉੱਪਰੋਂ ਲੈ ਕੇ ਥੱਲੇ ਤਕ ਇੱਕੋ ਜਿਹੀ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਇਨ੍ਹਾਂ ਕੰਧਾਂ ਦੀ ਚੁੜਾਈ ਤਕਰੀਬਨ ਛੇ ਹੱਥ ਜਾਂ ਨੌਂ ਫੁੱਟ (2.7 ਮੀਟਰ) ਤੋਂ ਜ਼ਿਆਦਾ ਨਹੀਂ ਸੀ। ਇਸ ਲਈ ਪ੍ਰਾਚੀਨ ਇਮਾਰਤਾਂ ਦੇ ਵਿਦਵਾਨ ਥਿਓਡੋਰ ਬੂਸਿੰਕ ਨੇ ਕਿਹਾ ਕਿ ‘ਮੰਦਰ ਦੇ ਲਾਂਘੇ ਦੀ ਕੰਧ ਦੀ ਚੁੜਾਈ ਇੰਨੀ ਨਹੀਂ ਸੀ ਕਿ ਉਹ 120 ਹੱਥ ਉੱਚੀ ਦਲਾਨ ਨੂੰ ਸਹਾਰਾ ਦੇ ਸਕੇ।’

2 ਇਤਿਹਾਸ 3:4 ਦੀ ਨਕਲ ਕਰਦਿਆਂ ਸ਼ਾਇਦ ਗ਼ਲਤੀ ਹੋਈ ਹੈ। ਚਾਹੇ ਕਿ ਕੁਝ ਪੁਰਾਣੀਆਂ ਹੱਥ-ਲਿਖਤਾਂ ਵਿਚ 2 ਇਤਿਹਾਸ 3:4 ਵਿਚ “120” ਲਿਖਿਆ ਹੈ, ਪਰ ਕੁਝ ਹੋਰ ਭਰੋਸੇਮੰਦ ਹੱਥ-ਲਿਖਤਾਂ ਵਿਚ “20 ਹੱਥ” ਲਿਖਿਆ ਹੈ, ਜਿਵੇਂ ਕਿ ਪੰਜਵੀਂ ਸਦੀ ਦੇ ਕੋਡੈਕਸ ਐਲੈਗਸੈਂਡ੍ਰੀਨਸ ਅਤੇ ਛੇਵੀਂ ਸਦੀ ਦੇ ਕੋਡੈਕਸ ਐਂਬ੍ਰੋਸੀਨਸ ਵਿਚ। ਪਰ ਸਵਾਲ ਇਹ ਹੈ ਕਿ ਇਕ ਨਕਲਨਵੀਸ ਤੋਂ ਇਹ ਗ਼ਲਤੀ ਕਿਉਂ ਹੋਈ ਹੋਣੀ? ਉਸ ਨੇ “120” ਕਿਉਂ ਲਿਖ ਦਿੱਤਾ ਹੋਣਾ? ਦਰਅਸਲ, ਇਬਰਾਨੀ ਭਾਸ਼ਾ ਵਿਚ 120 ਨੂੰ “ਸੌ ਅਤੇ ਵੀਹ” ਲਿਖਿਆ ਜਾਂਦਾ ਹੈ ਅਤੇ 20 ਹੱਥ ਨੂੰ “ਹੱਥ ਅਤੇ ਵੀਹ।” ਨਾਲੇ ਇਬਰਾਨੀ ਭਾਸ਼ਾ ਵਿਚ “ਸੌ” ਅਤੇ “ਹੱਥ” ਜਿੱਦਾਂ ਲਿਖੇ ਜਾਂਦੇ ਹਨ, ਉਹ ਦੇਖਣ ਨੂੰ ਇੱਕੋ ਜਿਹੇ ਲੱਗਦੇ ਹਨ। ਇਸ ਲਈ ਹੋ ਸਕਦਾ ਹੈ ਕਿ ਨਕਲਨਵੀਸਾਂ ਨੇ “ਹੱਥ” ਲਿਖਣ ਦੀ ਬਜਾਇ “ਸੌ” ਲਿਖ ਦਿੱਤਾ ਹੋਵੇ।

ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸੁਲੇਮਾਨ ਦੇ ਮੰਦਰ ਦੀ ਹਰ ਜਾਣਕਾਰੀ ਨੂੰ ਬਾਰੀਕੀ ਨਾਲ ਸਮਝੀਏ ਅਤੇ ਇਸ ਮੰਦਰ ਦੀ ਸਹੀ ਤਸਵੀਰ ਪੇਸ਼ ਕਰੀਏ। ਪਰ ਇਸ ਨਾਲੋਂ ਜ਼ਿਆਦਾ ਧਿਆਨ ਅਸੀਂ ਮਹਾਨ ਮੰਦਰ ʼਤੇ ਲਾਉਂਦੇ ਹਾਂ ਕਿਉਂਕਿ ਸੁਲੇਮਾਨ ਦਾ ਮੰਦਰ ਇਸ ਦਾ ਹੀ ਪਰਛਾਵਾਂ ਸੀ। ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਆਪਣੇ ਮਹਾਨ ਮੰਦਰ ਵਿਚ ਸੇਵਾ ਕਰਨ ਦਾ ਸਨਮਾਨ ਦਿੱਤਾ ਹੈ।​—ਇਬ. 9:11-14; ਪ੍ਰਕਾ. 3:12; 7:9-17.

a ਕੁਝ ਪੁਰਾਣੀਆਂ ਹੱਥ-ਲਿਖਤਾਂ ਵਿਚ “120” ਲਿਖਿਆ ਗਿਆ ਹੈ, ਜਦ ਕਿ ਹੋਰ ਹੱਥ-ਲਿਖਤਾਂ ਅਤੇ ਅਨੁਵਾਦਾਂ ਵਿਚ “20 ਹੱਥ” ਲਿਖਿਆ ਗਿਆ ਹੈ।