ਅਧਿਐਨ ਲੇਖ 40
ਗੀਤ 30 ਯਹੋਵਾਹ ਮੇਰਾ ਪਿਤਾ, ਪਰਮੇਸ਼ੁਰ ਤੇ ਦੋਸਤ
ਯਹੋਵਾਹ “ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ”
“ਉਹ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ; ਉਹ ਉਨ੍ਹਾਂ ਦੇ ਜ਼ਖ਼ਮਾਂ ʼਤੇ ਪੱਟੀਆਂ ਬੰਨ੍ਹਦਾ ਹੈ।”—ਜ਼ਬੂ. 147:3.
ਕੀ ਸਿੱਖਾਂਗੇ?
ਯਹੋਵਾਹ ਟੁੱਟੇ ਦਿਲ ਵਾਲਿਆਂ ਦੀ ਬਹੁਤ ਪਰਵਾਹ ਕਰਦਾ ਹੈ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਯਹੋਵਾਹ ਸਾਨੂੰ ਦਿਲਾਸਾ ਕਿਵੇਂ ਦਿੰਦਾ ਹੈ ਅਤੇ ਅਸੀਂ ਦੂਸਰਿਆਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ।
1. ਆਪਣੇ ਸੇਵਕਾਂ ਨੂੰ ਦੇਖ ਕੇ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ?
ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਦੇ ਹਰ ਸੇਵਕ ʼਤੇ ਕੀ ਬੀਤ ਰਹੀ ਹੈ। ਉਹ ਜਾਣਦਾ ਹੈ ਕਿ ਅਸੀਂ ਕਦੋਂ ਖ਼ੁਸ਼ ਹੁੰਦੇ ਹਾਂ ਅਤੇ ਕਦੋਂ ਦੁਖੀ। (ਜ਼ਬੂ. 37:18) ਜਦੋਂ ਯਹੋਵਾਹ ਇਹ ਦੇਖਦਾ ਹੈ ਕਿ ਅਸੀਂ ਨਿਰਾਸ਼ਾ ਦੇ ਬਾਵਜੂਦ ਵੀ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਹੀ ਨਹੀਂ, ਉਹ ਸਾਡੀ ਮਦਦ ਕਰਨ ਅਤੇ ਸਾਨੂੰ ਦਿਲਾਸਾ ਦੇਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ।
2. (ੳ) ਯਹੋਵਾਹ ਟੁੱਟੇ ਦਿਲ ਵਾਲਿਆਂ ਲਈ ਕੀ ਕਰਦਾ ਹੈ? (ਅ) ਯਹੋਵਾਹ ਤੋਂ ਦਿਲਾਸਾ ਪਾਉਣ ਲਈ ਸਾਨੂੰ ਕੀ ਕਰਨਾ ਪਵੇਗਾ?
2 ਜ਼ਬੂਰ 147:3 ਦੱਸਦਾ ਹੈ ਕਿ ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ‘ਜ਼ਖ਼ਮਾਂ ʼਤੇ ਪੱਟੀ ਬੰਨ੍ਹਦਾ ਹੈ।’ ਇਨ੍ਹਾਂ ਸ਼ਬਦਾਂ ਤੋਂ ਸਾਡੇ ਮਨ ਵਿਚ ਯਹੋਵਾਹ ਬਾਰੇ ਕਿੰਨੀ ਹੀ ਸੋਹਣੀ ਤਸਵੀਰ ਆਉਂਦੀ ਹੈ। ਇੱਥੇ ਦੱਸਿਆ ਗਿਆ ਹੈ ਕਿ ਉਹ ਬਹੁਤ ਪਿਆਰ ਨਾਲ ਸਾਡੇ ਦਿਲ ਦੇ ਜ਼ਖ਼ਮਾਂ ʼਤੇ ਮਲ੍ਹਮ ਲਾਉਂਦਾ ਹੈ। ਪਰ ਜੇ ਅਸੀਂ ਯਹੋਵਾਹ ਤੋਂ ਦਿਲਾਸਾ ਪਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਪਵੇਗਾ? ਜ਼ਰਾ ਇਕ ਉਦਾਹਰਣ ʼਤੇ ਧਿਆਨ ਦਿਓ। ਇਕ ਵਧੀਆ ਡਾਕਟਰ ਜ਼ਖ਼ਮੀ ਵਿਅਕਤੀ ਦੀ ਮਦਦ ਕਰ ਸਕਦਾ ਹੈ। ਪਰ ਠੀਕ ਹੋਣ ਲਈ ਉਸ ਵਿਅਕਤੀ ਨੂੰ ਡਾਕਟਰ ਦੀ ਹਰ ਗੱਲ ਮੰਨਣੀ ਪਵੇਗੀ। ਇਸੇ ਤਰ੍ਹਾਂ ਜੇ ਅਸੀਂ ਵੀ ਦੁਖੀ ਜਾਂ ਮਾਯੂਸ ਹਾਂ, ਤਾਂ ਸਾਨੂੰ ਵੀ ਠੀਕ ਹੋਣ ਲਈ ਯਹੋਵਾਹ ਦੀ ਹਰ ਸਲਾਹ ਮੰਨਣੀ ਪਵੇਗੀ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਯਹੋਵਾਹ ਨੇ ਦੁਖੀ ਜਾਂ ਮਾਯੂਸ ਲੋਕਾਂ ਲਈ ਆਪਣੇ ਬਚਨ ਵਿਚ ਕੀ ਸਲਾਹ ਦਿੱਤੀ ਹੈ। ਨਾਲੇ ਅਸੀਂ ਇਹ ਵੀ ਜਾਣਾਂਗੇ ਕਿ ਅਸੀਂ ਉਨ੍ਹਾਂ ਸਲਾਹਾਂ ਨੂੰ ਕਿਵੇਂ ਮੰਨ ਸਕਦੇ ਹਾਂ।
ਯਹੋਵਾਹ ਭਰੋਸਾ ਦਿਵਾਉਂਦਾ ਹੈ ਕਿ ਅਸੀਂ ਉਸ ਲਈ ਅਨਮੋਲ ਹਾਂ
3. ਕੁਝ ਲੋਕ ਨਿਕੰਮੇ ਕਿਉਂ ਮਹਿਸੂਸ ਕਰਦੇ ਹਨ?
3 ਅਸੀਂ ਇੱਦਾਂ ਦੀ ਦੁਨੀਆਂ ਵਿਚ ਜੀ ਰਹੇ ਹਾਂ ਜਿੱਥੇ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਦੁੱਖ ਦੀ ਗੱਲ ਹੈ ਕਿ ਕਈ ਲੋਕਾਂ ਨਾਲ ਬੁਰਾ ਸਲੂਕ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਬਿਲਕੁਲ ਨਿਕੰਮੇ ਹਨ। ਚਾਹੇ ਉਹ ਜੀਉਣ ਜਾਂ ਮਰਨ, ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਭੈਣ ਹੈਲਨ a ਦੱਸਦੀ ਹੈ: “ਮੇਰੀ ਪਰਵਰਿਸ਼ ਇਕ ਇੱਦਾਂ ਦੇ ਪਰਿਵਾਰ ਵਿਚ ਹੋਈ ਜਿੱਥੇ ਪਿਆਰ ਨਾਂ ਦੀ ਚੀਜ਼ ਹੀ ਨਹੀਂ ਸੀ। ਮੇਰੀ ਡੈਡੀ ਹਮੇਸ਼ਾ ਲੜਦੇ ਰਹਿੰਦੇ ਸੀ। ਉਹ ਦਿਨ-ਰਾਤ ਸਾਨੂੰ ਅਹਿਸਾਸ ਦਿਵਾਉਂਦੇ ਹੁੰਦੇ ਸੀ ਕਿ ਅਸੀਂ ਨਾਲਾਇਕ ਤੇ ਬੇਕਾਰ ਹਾਂ।” ਭੈਣ ਹੈਲਨ ਵਾਂਗ ਸ਼ਾਇਦ ਤੁਹਾਡੇ ਨਾਲ ਵੀ ਬੁਰਾ ਸਲੂਕ ਕੀਤਾ ਗਿਆ ਹੋਵੇ। ਗੱਲ-ਗੱਲ ʼਤੇ ਤੁਹਾਨੂੰ ਤਾਅਨੇ-ਮਿਹਣੇ ਮਾਰੇ ਗਏ ਹੋਣ। ਜਾਂ ਇਹ ਅਹਿਸਾਸ ਕਰਾਇਆ ਗਿਆ ਹੋਵੇ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਹੋ। ਜੇ ਹਾਂ, ਤਾਂ ਸ਼ਾਇਦ ਤੁਹਾਨੂੰ ਇਹ ਮੰਨਣਾ ਔਖਾ ਲੱਗੇ ਕਿ ਕੋਈ ਹੈ ਜੋ ਤੁਹਾਡੀ ਦਿਲੋਂ ਪਰਵਾਹ ਕਰਦਾ ਹੈ।
4. ਜ਼ਬੂਰ 34:18 ਵਿਚ ਯਹੋਵਾਹ ਸਾਨੂੰ ਕਿਸ ਗੱਲ ਦਾ ਭਰੋਸਾ ਦਿਵਾਉਂਦਾ ਹੈ?
4 ਭਾਵੇਂ ਦੂਜਿਆਂ ਨੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਹੋਵੇ, ਪਰ ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਅਨਮੋਲ ਸਮਝਦਾ ਹੈ। ਬਾਈਬਲ ਵਿਚ ਲਿਖਿਆ ਹੈ ਕਿ ਯਹੋਵਾਹ “ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ।” (ਜ਼ਬੂਰ 34:18 ਪੜ੍ਹੋ।) ਜੇ ਤੁਸੀਂ ‘ਕੁਚਲਿਆ’ ਹੋਇਆ ਮਹਿਸੂਸ ਕਰ ਰਹੇ ਹੋ, ਤਾਂ ਯਾਦ ਰੱਖੋ ਕਿ ਯਹੋਵਾਹ ਨੇ ਤੁਹਾਡੇ ਵਿਚ ਕੁਝ ਚੰਗਾ ਦੇਖਿਆ ਹੈ। ਇਸੇ ਕਰਕੇ ਉਸ ਨੇ ਤੁਹਾਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰ. 6:44) ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਹੋ। ਇਸੇ ਕਰਕੇ ਉਹ ਹਮੇਸ਼ਾ ਤੁਹਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ।
5. ਯਿਸੂ ਜਿੱਦਾਂ ਲੋਕਾਂ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਕੀ ਸਮਝ ਪਾਉਂਦੇ ਹਾਂ?
5 ਯਿਸੂ ਜਿੱਦਾਂ ਲੋਕਾਂ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਅਨਮੋਲ ਸਮਝਦਾ ਹੈ। ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਅਜਿਹੇ ਕਈ ਲੋਕ ਸਨ ਜਿਨ੍ਹਾਂ ਨੂੰ ਬਾਕੀ ਲੋਕ ਘਟੀਆ ਸਮਝਦੇ ਸਨ। ਪਰ ਯਿਸੂ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਇਆ ਅਤੇ ਉਸ ਨੇ ਉਨ੍ਹਾਂ ʼਤੇ ਦਇਆ ਕੀਤੀ। (ਮੱਤੀ 9:9-12) ਮਿਸਾਲ ਲਈ, ਇਕ ਔਰਤ ਨੇ ਆਪਣੀ ਦਰਦਨਾਕ ਬੀਮਾਰੀ ਤੋਂ ਠੀਕ ਹੋਣ ਦੀ ਉਮੀਦ ਨਾਲ ਯਿਸੂ ਦੇ ਕੱਪੜੇ ਨੂੰ ਛੂਹਿਆ। ਉਸ ਸਮੇਂ ਯਿਸੂ ਨੇ ਉਸ ਨੂੰ ਝਿੜਕਿਆ ਨਹੀਂ, ਸਗੋਂ ਉਸ ਨੂੰ ਦਿਲਾਸਾ ਦਿੱਤਾ ਅਤੇ ਉਸ ਦੀ ਨਿਹਚਾ ਦੀ ਤਾਰੀਫ਼ ਕੀਤੀ। (ਮਰ. 5:25-34) ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। (ਯੂਹੰ. 14:9) ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਹਾਂ ਅਤੇ ਉਹ ਸਾਡੇ ਅੰਦਰ ਚੰਗੇ ਗੁਣ ਦੇਖਦਾ ਹੈ। ਮਿਸਾਲ ਲਈ, ਉਹ ਦੇਖਦਾ ਹੈ ਕਿ ਸਾਡੀ ਨਿਹਚਾ ਕਿੰਨੀ ਮਜ਼ਬੂਤ ਹੈ ਅਤੇ ਅਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹਾਂ।
6. ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ?
6 ਜੇ ਤੁਸੀਂ ਇਹੀ ਸੋਚਦੇ ਰਹਿੰਦੇ ਹੋ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ? ਬਾਈਬਲ ਦੀਆਂ ਉਹ ਆਇਤਾਂ ਪੜ੍ਹੋ ਜਿਨ੍ਹਾਂ ਵਿਚ ਯਕੀਨ ਦਿਵਾਇਆ ਗਿਆ ਹੈ ਕਿ ਤੁਸੀਂ ਯਹੋਵਾਹ ਲਈ ਅਨਮੋਲ ਹੋ ਅਤੇ ਉਨ੍ਹਾਂ ਆਇਤਾਂ ʼਤੇ ਮਨਨ ਕਰੋ। b (ਜ਼ਬੂ. 94:19) ਜੇ ਤੁਸੀਂ ਕੋਈ ਟੀਚਾ ਹਾਸਲ ਨਹੀਂ ਕਰ ਸਕੇ ਜਾਂ ਉੱਨਾ ਨਹੀਂ ਕਰ ਪਾ ਰਹੇ ਜਿੰਨਾ ਦੂਜੇ ਕਰ ਰਹੇ ਹਨ, ਤਾਂ ਨਿਰਾਸ਼ ਨਾ ਹੋਵੋ। ਯਹੋਵਾਹ ਤੁਹਾਡੇ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਦਾ। (ਜ਼ਬੂ. 103:13, 14) ਜੇ ਬੀਤੇ ਸਮੇਂ ਵਿਚ ਤੁਹਾਡੇ ਨਾਲ ਬਦਸਲੂਕੀ ਕੀਤੀ ਗਈ ਸੀ, ਤਾਂ ਖ਼ੁਦ ਨੂੰ ਦੋਸ਼ੀ ਨਾ ਠਹਿਰਾਓ। ਗ਼ਲਤੀ ਤੁਹਾਡੀ ਨਹੀਂ, ਸਗੋਂ ਉਸ ਵਿਅਕਤੀ ਦੀ ਹੈ। ਤੁਹਾਡੇ ਨਾਲ ਇੱਦਾਂ ਨਹੀਂ ਹੋਣਾ ਚਾਹੀਦਾ ਸੀ। ਯਾਦ ਰੱਖੋ, ਯਹੋਵਾਹ ਤੁਹਾਡੀ ਮਦਦ ਕਰੇਗਾ, ਪਰ ਉਸ ਵਿਅਕਤੀ ਤੋਂ ਲੇਖਾ ਜ਼ਰੂਰ ਲਵੇਗਾ। (1 ਪਤ. 3:12) ਭੈਣ ਸੈਂਡਰਾ ਨਾਲ ਬਚਪਨ ਵਿਚ ਬਹੁਤ ਬੁਰਾ ਸਲੂਕ ਕੀਤਾ ਗਿਆ ਸੀ। ਉਹ ਕਹਿੰਦੀ ਹੈ: “ਮੈਂ ਹਮੇਸ਼ਾ ਯਹੋਵਾਹ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਮੈਂ ਆਪਣੇ ਵਿਚ ਉਹ ਗੁਣ ਦੇਖ ਸਕਾਂ ਜੋ ਉਹ ਮੇਰੇ ਵਿਚ ਦੇਖਦਾ ਹੈ।”
7. ਤੁਹਾਡੀ ਜ਼ਿੰਦਗੀ ਵਿਚ ਜੋ ਉਤਾਰ-ਚੜ੍ਹਾਅ ਆਏ ਹਨ, ਉਸ ਕਰਕੇ ਤੁਸੀਂ ਕੀ ਕਰ ਸਕਦੇ ਹੋ?
7 ਕਦੇ ਵੀ ਇਹ ਨਾ ਸੋਚੋ ਕਿ ਯਹੋਵਾਹ ਤੁਹਾਡੇ ਰਾਹੀਂ ਦੂਜਿਆਂ ਦੀ ਮਦਦ ਨਹੀਂ ਕਰ ਸਕਦਾ। ਯਹੋਵਾਹ ਨੇ ਤੁਹਾਨੂੰ ਉਸ ਨਾਲ ਮਿਲ ਕੇ ਪ੍ਰਚਾਰ ਕਰਨ ਦਾ ਸਨਮਾਨ ਦਿੱਤਾ ਹੈ। (1 ਕੁਰਿੰ. 3:9) ਤੁਹਾਡੀ ਜ਼ਿੰਦਗੀ ਵਿਚ ਜੋ ਉਤਾਰ-ਚੜ੍ਹਾਅ ਆਏ ਹਨ, ਉਨ੍ਹਾਂ ਕਰਕੇ ਤੁਸੀਂ ਦੂਜਿਆਂ ਦੇ ਦੁੱਖਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕਦੇ ਹੋ। ਉਨ੍ਹਾਂ ਨਾਲ ਹਮਦਰਦੀ ਜਤਾ ਸਕਦੇ ਹੋ ਅਤੇ ਉਨ੍ਹਾਂ ਦੀ ਲੋੜੀਂਦੀ ਮਦਦ ਕਰ ਸਕਦੇ ਹੋ। ਭੈਣ ਹੈਲਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੀ ਮਦਦ ਕੀਤੀ ਗਈ ਅਤੇ ਹੁਣ ਉਹ ਦੂਜਿਆਂ ਦੀ ਮਦਦ ਕਰ ਰਹੀ ਹੈ। ਉਹ ਕਹਿੰਦੀ ਹੈ: “ਮੈਨੂੰ ਲੱਗਦਾ ਸੀ ਕਿ ਮੈਂ ਕਿਸੇ ਕੰਮ ਦੀ ਨਹੀਂ। ਪਰ ਯਹੋਵਾਹ ਨੇ ਮੈਨੂੰ ਅਹਿਸਾਸ ਕਰਾਇਆ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਉਸ ਨੇ ਮੈਨੂੰ ਇਸ ਲਾਇਕ ਬਣਾਇਆ ਕਿ ਹੁਣ ਮੈਂ ਦੂਜਿਆਂ ਦੀ ਮਦਦ ਕਰ ਪਾ ਰਹੀ ਹਾਂ।” ਅੱਜ ਭੈਣ ਹੈਲਨ ਰੈਗੂਲਰ ਪਾਇਨੀਅਰਿੰਗ ਕਰ ਰਹੀ ਹੈ।
ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਸ ਨੇ ਸਾਨੂੰ ਮਾਫ਼ ਕਰ ਦਿੱਤਾ ਹੈ
8. ਯਸਾਯਾਹ 1:18 ਵਿਚ ਯਹੋਵਾਹ ਸਾਨੂੰ ਕੀ ਭਰੋਸਾ ਦਿਵਾਉਂਦਾ ਹੈ?
8 ਯਹੋਵਾਹ ਦੇ ਕੁਝ ਸੇਵਕ ਆਪਣੀਆਂ ਉਨ੍ਹਾਂ ਗ਼ਲਤੀਆਂ ਨੂੰ ਯਾਦ ਕਰਕੇ ਦੁਖੀ ਹੋ ਜਾਂਦੇ ਹਨ ਜੋ ਉਨ੍ਹਾਂ ਨੇ ਬਪਤਿਸਮੇ ਤੋਂ ਪਹਿਲਾਂ ਜਾਂ ਬਾਅਦ ਵਿਚ ਕੀਤੀਆਂ ਸਨ। ਪਰ ਸਾਨੂੰ ਕਦੇ ਵੀ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ। ਇਸੇ ਕਰਕੇ ਉਸ ਨੇ ਸਾਡੇ ਲਈ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦਿੱਤੀ। ਯਹੋਵਾਹ ਚਾਹੁੰਦਾ ਹੈ ਕਿ ਸਾਨੂੰ ਇਸ ਕੁਰਬਾਨੀ ਤੋਂ ਫ਼ਾਇਦਾ ਹੋਵੇ। ਉਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਜਦੋਂ ਅਸੀਂ ਉਸ ਨਾਲ ਆਪਣਾ “ਮਾਮਲਾ ਸੁਲਝਾ” c ਲੈਂਦੇ ਹਾਂ, ਤਾਂ ਉਹ ਸਾਡੇ ਪਾਪਾਂ ਲਈ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ। (ਯਸਾਯਾਹ 1:18 ਪੜ੍ਹੋ।) ਯਹੋਵਾਹ ਕਿੰਨਾ ਚੰਗਾ ਪਰਮੇਸ਼ੁਰ ਹੈ! ਉਹ ਸਾਡੇ ਪਾਪ ਤਾਂ ਭੁੱਲ ਜਾਂਦਾ ਹੈ, ਪਰ ਸਾਡੇ ਚੰਗੇ ਕੰਮ ਕਦੇ ਨਹੀਂ ਭੁੱਲਦਾ।—ਜ਼ਬੂ. 103:9, 12; ਇਬ. 6:10.
9. ਬੀਤੇ ਸਮੇਂ ਬਾਰੇ ਸੋਚਣ ਦੀ ਬਜਾਇ ਸਾਨੂੰ ਇਹ ਕਿਉਂ ਸੋਚਣਾ ਚਾਹੀਦਾ ਕਿ ਅਸੀਂ ਅੱਜ ਅਤੇ ਭਵਿੱਖ ਵਿਚ ਕੀ ਕਰ ਸਕਦੇ ਹਾਂ?
9 ਜੇ ਤੁਸੀਂ ਬੀਤੇ ਸਮੇਂ ਵਿਚ ਕੀਤੀਆਂ ਗ਼ਲਤੀਆਂ ਕਰਕੇ ਪਰੇਸ਼ਾਨ ਹੋ, ਤਾਂ ਪਿੱਛੇ ਦੇਖਣ ਦੀ ਬਜਾਇ ਅੱਗੇ ਦੇਖੋ। ਸੋਚੋ ਕਿ ਤੁਸੀਂ ਅੱਜ ਅਤੇ ਆਉਣ ਵਾਲੇ ਸਮੇਂ ਵਿਚ ਯਹੋਵਾਹ ਲਈ ਕੀ ਕਰ ਸਕਦੇ ਹੋ। ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਸੀ ਕਿ ਉਸ ਨੇ ਮਸੀਹੀਆਂ ਨੂੰ ਬਹੁਤ ਬੁਰੀ ਤਰ੍ਹਾਂ ਸਤਾਇਆ ਸੀ। ਪਰ ਉਹ ਜਾਣਦਾ ਸੀ ਕਿ ਯਹੋਵਾਹ ਨੇ ਉਸ ਦੇ ਪਾਪ ਮਾਫ਼ ਕਰ ਦਿੱਤੇ ਹਨ। (1 ਤਿਮੋ. 1:12-15) ਪਰ ਕੀ ਉਹ ਆਪਣੀਆਂ ਇਨ੍ਹਾਂ ਗ਼ਲਤੀਆਂ ਕਰਕੇ ਦੁਖੀ ਰਿਹਾ? ਜੀ ਨਹੀਂ। ਠੀਕ ਜਿਵੇਂ ਉਹ ਇਸ ਬਾਰੇ ਨਹੀਂ ਸੋਚਦਾ ਸੀ ਕਿ ਮਸੀਹੀ ਬਣਨ ਤੋਂ ਪਹਿਲਾਂ ਉਸ ਨੇ ਕੀ ਕੁਝ ਹਾਸਲ ਕੀਤਾ ਸੀ, ਉਸੇ ਤਰ੍ਹਾਂ ਉਸ ਨੇ ਠਾਣ ਲਿਆ ਸੀ ਕਿ ਉਹ ਇਸ ਬਾਰੇ ਵੀ ਨਹੀਂ ਸੋਚੇਗਾ ਕਿ ਉਸ ਨੇ ਬੀਤੇ ਸਮੇਂ ਵਿਚ ਕਿਹੜੀਆਂ ਗ਼ਲਤੀਆਂ ਕੀਤੀਆਂ ਸਨ। (ਫ਼ਿਲਿ. 3:4-8, 13-15) ਪਿੱਛੇ ਦੇਖਣ ਦੀ ਬਜਾਇ ਪੌਲੁਸ ਨੇ ਜੀ-ਜਾਨ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ ਅਤੇ ਉਹ ਭਵਿੱਖ ਵਿਚ ਰੱਖੇ ਆਪਣੇ ਇਨਾਮ ਬਾਰੇ ਸੋਚਦਾ ਰਿਹਾ। ਜੋ ਹੋ ਗਿਆ, ਤੁਸੀਂ ਉਸ ਨੂੰ ਬਦਲ ਨਹੀਂ ਸਕਦੇ। ਪਰ ਪੌਲੁਸ ਵਾਂਗ ਤੁਸੀਂ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹੋ ਅਤੇ ਸੋਚ ਸਕਦੇ ਹੋ ਕਿ ਯਹੋਵਾਹ ਨੇ ਤੁਹਾਨੂੰ ਕਿੰਨਾ ਹੀ ਸ਼ਾਨਦਾਰ ਭਵਿੱਖ ਦੇਣ ਦਾ ਵਾਅਦਾ ਕੀਤਾ ਹੈ।
10. ਜੇ ਸਾਡੇ ਕਰਕੇ ਦੂਜਿਆਂ ਨੂੰ ਠੇਸ ਪਹੁੰਚੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?
10 ਹੋ ਸਕਦਾ ਹੈ ਕਿ ਤੁਸੀਂ ਇਹ ਸੋਚ ਕੇ ਪਰੇਸ਼ਾਨ ਹੋਵੋ ਕਿ ਤੁਹਾਡੇ ਕਰਕੇ ਦੂਜਿਆਂ ਨੂੰ ਠੇਸ ਪਹੁੰਚੀ ਹੈ। ਜੇ ਇੱਦਾਂ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਉਨ੍ਹਾਂ ਨਾਲ ਦੁਬਾਰਾ ਵਧੀਆ ਰਿਸ਼ਤਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰੋ। ਉਨ੍ਹਾਂ ਤੋਂ ਦਿਲੋਂ ਮਾਫ਼ੀ ਮੰਗੋ। (2 ਕੁਰਿੰ. 7:11) ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਉਨ੍ਹਾਂ ਦੀ ਮਦਦ ਕਰੇ ਜਿਨ੍ਹਾਂ ਨੂੰ ਤੁਸੀਂ ਠੇਸ ਪਹੁੰਚਾਈ ਹੈ। ਯਹੋਵਾਹ ਤੁਹਾਡੀ ਅਤੇ ਉਨ੍ਹਾਂ ਦੀ ਮਦਦ ਕਰ ਸਕਦਾ ਹੈ ਤਾਂਕਿ ਤੁਸੀਂ ਉਸ ਦੀ ਸੇਵਾ ਕਰਦੇ ਰਹਿ ਸਕੋ ਅਤੇ ਦੁਬਾਰਾ ਤੋਂ ਆਪਸ ਵਿਚ ਸ਼ਾਂਤੀ ਬਣਾ ਸਕੋ।
11. ਅਸੀਂ ਯੂਨਾਹ ਨਬੀ ਤੋਂ ਕੀ ਸਿੱਖ ਸਕਦੇ ਹਾਂ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਵੀ ਦੇਖੋ।)
11 ਆਪਣੀਆਂ ਗ਼ਲਤੀਆਂ ਤੋਂ ਸਿੱਖੋ ਅਤੇ ਯਹੋਵਾਹ ਤੁਹਾਨੂੰ ਜੋ ਵੀ ਕੰਮ ਦਿੰਦਾ ਹੈ, ਉਸ ਨੂੰ ਖ਼ੁਸ਼ੀ ਨਾਲ ਕਰੋ। ਜ਼ਰਾ ਯੂਨਾਹ ਨਬੀ ਬਾਰੇ ਸੋਚੋ। ਯਹੋਵਾਹ ਨੇ ਉਸ ਨੂੰ ਨੀਨਵਾਹ ਜਾਣ ਲਈ ਕਿਹਾ ਸੀ। ਪਰ ਉਸ ਨੇ ਯਹੋਵਾਹ ਦੀ ਗੱਲ ਨਹੀਂ ਮੰਨੀ ਅਤੇ ਉਹ ਉਲਟੀ ਦਿਸ਼ਾ ਵੱਲ ਭੱਜ ਗਿਆ। ਉਸ ਵੇਲੇ ਪਰਮੇਸ਼ੁਰ ਨੇ ਯੂਨਾਹ ਦੀ ਸੋਚ ਸੁਧਾਰੀ। ਯੂਨਾਹ ਨੇ ਆਪਣੀ ਗ਼ਲਤੀ ਕਬੂਲ ਕੀਤੀ ਅਤੇ ਉਸ ਤੋਂ ਸਿੱਖਿਆ। (ਯੂਨਾ. 1:1-4, 15-17; 2:7-10) ਇਸ ਤੋਂ ਬਾਅਦ ਯਹੋਵਾਹ ਨੇ ਇਹ ਨਹੀਂ ਸੋਚਿਆ ਕਿ ਯੂਨਾਹ ਉਸ ਦੀ ਸੇਵਾ ਦੇ ਲਾਇਕ ਨਹੀਂ, ਸਗੋਂ ਉਸ ਨੇ ਉਸ ਨੂੰ ਇਕ ਹੋਰ ਮੌਕਾ ਦਿੱਤਾ। ਇਸ ਵਾਰ ਯੂਨਾਹ ਨੇ ਤੁਰੰਤ ਯਹੋਵਾਹ ਦੀ ਗੱਲ ਮੰਨੀ ਅਤੇ ਨੀਨਵਾਹ ਨੂੰ ਗਿਆ। ਯੂਨਾਹ ਆਪਣੀ ਗ਼ਲਤੀ ਬਾਰੇ ਸੋਚ ਕੇ ਇੰਨਾ ਨਿਰਾਸ਼ ਨਹੀਂ ਹੋ ਗਿਆ ਕਿ ਉਸ ਨੇ ਯਹੋਵਾਹ ਤੋਂ ਮਿਲਿਆ ਕੰਮ ਕਰਨ ਤੋਂ ਇਨਕਾਰ ਹੀ ਕਰ ਦਿੱਤਾ।—ਯੂਨਾ. 3:1-3.
ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਦਿਲਾਸਾ ਦਿੰਦਾ ਹੈ
12. ਜਦੋਂ ਸਾਨੂੰ ਕੋਈ ਗਹਿਰਾ ਸਦਮਾ ਲੱਗਦਾ ਹੈ, ਤਾਂ ਯਹੋਵਾਹ ਸਾਨੂੰ ਸ਼ਾਂਤੀ ਕਿਵੇਂ ਦਿੰਦਾ ਹੈ? (ਫ਼ਿਲਿੱਪੀਆਂ 4:6, 7)
12 ਜਦੋਂ ਸਾਨੂੰ ਕੋਈ ਗਹਿਰਾ ਸਦਮਾ ਲੱਗਦਾ ਹੈ, ਤਾਂ ਯਹੋਵਾਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਰਾਹੀਂ ਦਿਲਾਸਾ ਦਿੰਦਾ ਹੈ। ਜ਼ਰਾ ਭਰਾ ਰੌਨ ਅਤੇ ਭੈਣ ਕੈਰਲ ਦੇ ਤਜਰਬੇ ਵੱਲ ਧਿਆਨ ਦਿਓ ਜਿਨ੍ਹਾਂ ਦੇ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ ਸੀ। ਉਹ ਦੱਸਦੇ ਹਨ: “ਅਸੀਂ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਝੱਲੀਆਂ ਹਨ। ਪਰ ਆਪਣੇ ਮੁੰਡੇ ਨੂੰ ਗੁਆਉਣ ਦਾ ਗਮ ਬਰਦਾਸ਼ਤ ਤੋਂ ਬਾਹਰ ਸੀ। ਅਸੀਂ ਕਈ ਰਾਤਾਂ ਤਕ ਸੁੱਤੇ ਨਹੀਂ, ਬੱਸ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੇ। ਉਸ ਸਮੇਂ ਅਸੀਂ ਉਹ ਸ਼ਾਂਤੀ ਮਹਿਸੂਸ ਕੀਤੀ ਜਿਸ ਬਾਰੇ ਫ਼ਿਲਿੱਪੀਆਂ 4:6, 7 ਵਿਚ ਦੱਸਿਆ ਗਿਆ ਹੈ।” (ਪੜ੍ਹੋ।) ਜੇ ਤੁਸੀਂ ਵੀ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹੋ ਜਿਸ ਕਰਕੇ ਤੁਸੀਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਏ ਹੋ, ਤਾਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹੋ। ਉਸ ਨੂੰ ਉਦੋਂ ਤਕ ਪ੍ਰਾਰਥਨਾ ਕਰੋ, ਜਦੋਂ ਤਕ ਤੁਹਾਡਾ ਮਨ ਸ਼ਾਂਤ ਨਹੀਂ ਹੋ ਜਾਂਦਾ। (ਜ਼ਬੂ. 86:3; 88:1) ਯਹੋਵਾਹ ਤੋਂ ਵਾਰ-ਵਾਰ ਪਵਿੱਤਰ ਸ਼ਕਤੀ ਮੰਗੋ। ਉਹ ਜ਼ਰੂਰ ਤੁਹਾਡੀਆਂ ਪ੍ਰਾਰਥਨਾਵਾਂ ਸੁਣੇਗਾ।—ਲੂਕਾ 11:9-13.
13. ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿਣ ਵਿਚ ਪਵਿੱਤਰ ਸ਼ਕਤੀ ਸਾਡੀ ਮਦਦ ਕਿੱਦਾਂ ਕਰ ਸਕਦੀ ਹੈ? (ਅਫ਼ਸੀਆਂ 3:16)
13 ਕੀ ਤੁਸੀਂ ਕਿਸੇ ਅਜਿਹੀ ਮੁਸ਼ਕਲ ਵਿੱਚੋਂ ਲੰਘ ਰਹੇ ਹੋ ਜਿਸ ਕਰਕੇ ਤੁਹਾਨੂੰ ਲੱਗਦਾ ਹੈ ਕਿ ਹੁਣ ਤੁਹਾਡੇ ਵਿਚ ਕੁਝ ਵੀ ਕਰਨ ਦੀ ਤਾਕਤ ਨਹੀਂ ਬਚੀ? ਅਜਿਹੇ ਹਾਲਾਤਾਂ ਵਿਚ ਯਹੋਵਾਹ ਦੀ ਪਵਿੱਤਰ ਸ਼ਕਤੀ ਤੁਹਾਨੂੰ ਤਾਕਤ ਦੇ ਸਕਦੀ ਹੈ ਤਾਂਕਿ ਤੁਸੀਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿ ਸਕੋ। (ਅਫ਼ਸੀਆਂ 3:16 ਪੜ੍ਹੋ।) ਜ਼ਰਾ ਭੈਣ ਫਲੌਰਾ ਦੇ ਤਜਰਬੇ ʼਤੇ ਧਿਆਨ ਦਿਓ। ਉਹ ਆਪਣੇ ਪਤੀ ਨਾਲ ਮਿਸ਼ਨਰੀ ਸੇਵਾ ਕਰ ਰਹੀ ਸੀ। ਪਰ ਉਸ ਦੇ ਪਤੀ ਨੇ ਉਸ ਨਾਲ ਬੇਵਫ਼ਾਈ ਕੀਤੀ ਅਤੇ ਉਨ੍ਹਾਂ ਦੋਹਾਂ ਦਾ ਤਲਾਕ ਹੋ ਗਿਆ। ਭੈਣ ਦੱਸਦੀ ਹੈ: “ਮੈਂ ਇਹੀ ਸੋਚਦੀ ਰਹਿੰਦੀ ਸੀ ਕਿ ਉਹ ਮੇਰੇ ਨਾਲ ਇਹ ਕਿੱਦਾਂ ਕਰ ਸਕਦੇ ਹਨ। ਇਹ ਗੱਲ ਮੈਨੂੰ ਅੰਦਰੋਂ-ਅੰਦਰੀਂ ਖਾਈ ਜਾ ਰਹੀ ਸੀ। ਇਹ ਸਾਰਾ ਕੁਝ ਸਹਿਣ ਲਈ ਮੈਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗੀ। ਉਸ ਦੀ ਮਦਦ ਨਾਲ ਮੈਂ ਇਸ ਸਦਮੇ ਵਿੱਚੋਂ ਬਾਹਰ ਆ ਸਕੀ ਅਤੇ ਪਹਾੜ ਵਰਗੀ ਇਸ ਮੁਸ਼ਕਲ ਨੂੰ ਪਾਰ ਕਰ ਸਕੀ।” ਜਦੋਂ ਭੈਣ ਨੇ ਦੇਖਿਆ ਕਿ ਯਹੋਵਾਹ ਨੇ ਕਿੱਦਾਂ ਉਸ ਦੀ ਮਦਦ ਕੀਤੀ, ਤਾਂ ਯਹੋਵਾਹ ʼਤੇ ਉਸ ਦਾ ਭਰੋਸਾ ਹੋਰ ਵੀ ਵਧ ਗਿਆ। ਉਸ ਨੂੰ ਯਕੀਨ ਹੋ ਗਿਆ ਕਿ ਉਹ ਉਸ ਨੂੰ ਹਰ ਮੁਸ਼ਕਲ ਵਿਚ ਸੰਭਾਲੇਗਾ। ਭੈਣ ਫਲੌਰਾ ਦੱਸਦੀ ਹੈ: “ਜ਼ਬੂਰ 119:32 ਵਿਚ ਲਿਖੀ ਗੱਲ ਮੇਰੇ ʼਤੇ ਲਾਗੂ ਹੋਈ: ‘ਮੈਂ ਤੇਰੇ ਹੁਕਮਾਂ ਨੂੰ ਜੋਸ਼ ਨਾਲ ਮੰਨਾਂਗਾ ਕਿਉਂਕਿ ਤੂੰ ਮੇਰੇ ਦਿਲ ਵਿਚ ਇਨ੍ਹਾਂ ਲਈ ਜਗ੍ਹਾ ਬਣਾਉਂਦਾ ਹੈਂ।’”
14. ਸਾਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਪਵਿੱਤਰ ਸ਼ਕਤੀ ਸਾਡੇ ʼਤੇ ਕੰਮ ਕਰੇ?
14 ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗਣ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ? ਉਹ ਕੰਮ ਕਰੋ ਜਿਨ੍ਹਾਂ ਨਾਲ ਪਵਿੱਤਰ ਸ਼ਕਤੀ ਤੁਹਾਡੇ ʼਤੇ ਕੰਮ ਕਰੇ, ਜਿਵੇਂ ਸਭਾਵਾਂ ਵਿਚ ਜਾਓ, ਪ੍ਰਚਾਰ ਕਰੋ, ਹਰ ਰੋਜ਼ ਬਾਈਬਲ ਪੜ੍ਹੋ ਅਤੇ ਆਪਣੇ ਮਨ ਨੂੰ ਯਹੋਵਾਹ ਦੀਆਂ ਗੱਲਾਂ ਨਾਲ ਭਰੋ। (ਫ਼ਿਲਿ. 4:8, 9) ਬਾਈਬਲ ਵਿਚ ਦੱਸੇ ਉਨ੍ਹਾਂ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੇ ਮੁਸ਼ਕਲਾਂ ਝੱਲੀਆਂ ਸਨ। ਨਾਲੇ ਸੋਚੋ ਕਿ ਯਹੋਵਾਹ ਨੇ ਕਿੱਦਾਂ ਉਨ੍ਹਾਂ ਦੀ ਮਦਦ ਕੀਤੀ। ਭੈਣ ਸੈਂਡਰਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਆਪਣੀ ਜ਼ਿੰਦਗੀ ਵਿਚ ਇਕ ਤੋਂ ਬਾਅਦ ਇਕ ਮੁਸ਼ਕਲਾਂ ਝੱਲੀਆਂ। ਉਹ ਦੱਸਦੀ ਹੈ: “ਯੂਸੁਫ਼ ਦੀ ਮਿਸਾਲ ਤੋਂ ਮੈਨੂੰ ਬਹੁਤ ਹਿੰਮਤ ਮਿਲੀ। ਯੂਸੁਫ਼ ਨਾਲ ਬਹੁਤ ਬੇਇਨਸਾਫ਼ੀ ਹੋਈ ਸੀ ਅਤੇ ਉਸ ਨੂੰ ਬਹੁਤ ਕੁਝ ਸਹਿਣਾ ਪਿਆ। ਪਰ ਉਸ ਨੇ ਕਦੇ ਵੀ ਯਹੋਵਾਹ ਨਾਲ ਆਪਣਾ ਰਿਸ਼ਤਾ ਕਮਜ਼ੋਰ ਨਹੀਂ ਪੈਣ ਦਿੱਤਾ।”—ਉਤ. 39:21-23.
ਯਹੋਵਾਹ ਭੈਣਾਂ-ਭਰਾਵਾਂ ਰਾਹੀਂ ਸਾਨੂੰ ਦਿਲਾਸਾ ਦਿੰਦਾ ਹੈ
15. ਸਾਨੂੰ ਕਿਨ੍ਹਾਂ ਤੋਂ ਦਿਲਾਸਾ ਮਿਲ ਸਕਦਾ ਹੈ ਅਤੇ ਉਹ ਸਾਡੀ ਕਿਵੇਂ ਮਦਦ ਕਰ ਸਕਦੇ ਹਨ? (ਤਸਵੀਰ ਵੀ ਦੇਖੋ।)
15 ਜਦੋਂ ਅਸੀਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹੁੰਦੇ ਹਾਂ, ਤਾਂ ਸਾਨੂੰ ਆਪਣੇ ਭੈਣਾਂ-ਭਰਾਵਾਂ ਤੋਂ “ਬਹੁਤ ਦਿਲਾਸਾ” ਮਿਲਦਾ ਹੈ। (ਕੁਲੁ. 4:11) ਯਹੋਵਾਹ ਉਨ੍ਹਾਂ ਰਾਹੀਂ ਸਾਡੇ ਲਈ ਆਪਣਾ ਪਿਆਰ ਜ਼ਾਹਰ ਕਰਦਾ ਹੈ। ਸਾਡੇ ਭੈਣ-ਭਰਾ ਅਲੱਗ-ਅਲੱਗ ਤਰੀਕਿਆਂ ਰਾਹੀਂ ਸਾਨੂੰ ਦਿਲਾਸਾ ਦੇ ਸਕਦੇ ਹਨ। ਹੋ ਸਕਦਾ ਹੈ ਕਿ ਉਹ ਬੜੇ ਧਿਆਨ ਨਾਲ ਸਾਡੀ ਗੱਲ ਸੁਣਨ, ਸਾਡੇ ਨਾਲ ਸਮਾਂ ਬਿਤਾਉਣ, ਸਾਡਾ ਹੌਸਲਾ ਵਧਾਉਣ ਲਈ ਬਾਈਬਲ ਦੀ ਕੋਈ ਆਇਤ ਦਿਖਾਉਣ ਜਾਂ ਸਾਡੇ ਨਾਲ ਮਿਲ ਕੇ ਪ੍ਰਾਰਥਨਾ ਕਰਨ। d (ਰੋਮੀ. 15:4) ਇਸ ਤੋਂ ਇਲਾਵਾ, ਸ਼ਾਇਦ ਕੋਈ ਭੈਣ ਜਾਂ ਭਰਾ ਹਾਲਾਤਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਵਿਚ ਸਾਡੀ ਮਦਦ ਕਰੇ ਜਿਸ ਕਰਕੇ ਅਸੀਂ ਮੁਸ਼ਕਲਾਂ ਨੂੰ ਸਹਿੰਦੇ ਰਹਿ ਸਕੀਏ। ਕਈ ਵਾਰ ਮੁਸ਼ਕਲ ਘੜੀ ਵਿਚ ਉਹ ਸਾਨੂੰ ਲੋੜੀਂਦੀਆਂ ਚੀਜ਼ਾਂ ਦੇ ਕੇ ਸਾਡੀ ਮਦਦ ਕਰਦੇ ਹਨ, ਜਿਵੇਂ ਸ਼ਾਇਦ ਉਹ ਸਾਡੇ ਲਈ ਖਾਣਾ ਬਣਾ ਕੇ ਲਿਆਉਣ।
16. ਦੂਜਿਆਂ ਤੋਂ ਮਦਦ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ?
16 ਦੂਜਿਆਂ ਤੋਂ ਮਦਦ ਪਾਉਣ ਲਈ ਸਾਨੂੰ ਮਦਦ ਮੰਗਣੀ ਪਵੇਗੀ। ਸਾਡੇ ਭੈਣ-ਭਰਾ ਸਾਨੂੰ ਬਹੁਤ ਪਿਆਰ ਕਰਦੇ ਹਨ ਅਤੇ ਸਾਡੀ ਮਦਦ ਕਰਨੀ ਚਾਹੁੰਦੇ ਹਨ। (ਕਹਾ. 17:17) ਪਰ ਜੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਅਸੀਂ ਕਿੱਦਾਂ ਦੇ ਹਾਲਾਤਾਂ ਵਿੱਚੋਂ ਨਿਕਲ ਰਹੇ ਹਾਂ ਤੇ ਸਾਨੂੰ ਕਿਸ ਚੀਜ਼ ਦੀ ਲੋੜ ਹੈ, ਤਾਂ ਉਹ ਸਾਡੀ ਮਦਦ ਕਿੱਦਾਂ ਕਰਨਗੇ? (ਕਹਾ. 14:10) ਇਸ ਲਈ ਜੇ ਤੁਸੀਂ ਕਿਸੇ ਗੱਲ ਕਰਕੇ ਪਰੇਸ਼ਾਨ ਜਾਂ ਦੁਖੀ ਹੁੰਦੇ ਹੋ, ਤਾਂ ਅਜਿਹੇ ਦੋਸਤ ਨਾਲ ਗੱਲ ਕਰੋ ਜੋ ਤੁਹਾਡੇ ਹਾਲਾਤਾਂ ਨੂੰ ਸਮਝ ਸਕੇ ਅਤੇ ਤੁਹਾਨੂੰ ਬਾਈਬਲ ਤੋਂ ਸਲਾਹ ਦੇ ਸਕੇ। ਉਸ ਨੂੰ ਖੁੱਲ੍ਹ ਕੇ ਆਪਣੀ ਪਰੇਸ਼ਾਨੀ ਬਾਰੇ ਦੱਸੋ ਤੇ ਇਹ ਵੀ ਦੱਸੋ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਜੇ ਤੁਸੀਂ ਚਾਹੋ, ਤਾਂ ਉਨ੍ਹਾਂ ਬਜ਼ੁਰਗਾਂ ਨਾਲ ਵੀ ਗੱਲ ਕਰ ਸਕਦੇ ਹੋ ਜੋ ਤੁਹਾਡੇ ਚੰਗੇ ਦੋਸਤ ਹਨ। ਜੇ ਕੋਈ ਭੈਣ ਚਾਹੇ, ਤਾਂ ਉਹ ਸਮਝਦਾਰ ਭੈਣਾਂ ਨਾਲ ਗੱਲ ਕਰ ਸਕਦੀ ਹੈ।
17. ਦੂਜਿਆਂ ਤੋਂ ਦਿਲਾਸਾ ਪਾਉਣ ਵਿਚ ਕਿਹੜੀਆਂ ਗੱਲਾਂ ਰੁਕਾਵਟ ਬਣ ਸਕਦੀਆਂ ਹਨ ਅਤੇ ਅਸੀਂ ਇਨ੍ਹਾਂ ਨੂੰ ਕਿਵੇਂ ਪਾਰ ਕਰ ਸਕਦੇ ਹਾਂ?
17 ਭੈਣਾਂ-ਭਰਾਵਾਂ ਤੋਂ ਦੂਰ-ਦੂਰ ਨਾ ਰਹੋ। ਹੋ ਸਕਦਾ ਹੈ ਕਿ ਤੁਸੀਂ ਇੰਨੇ ਦੁਖੀ ਜਾਂ ਪਰੇਸ਼ਾਨ ਹੋਵੋ ਕਿ ਤੁਹਾਡਾ ਕਿਸੇ ਨੂੰ ਮਿਲਣ ਜਾਂ ਗੱਲ ਕਰਨ ਦਾ ਦਿਲ ਹੀ ਨਾ ਕਰੇ। ਤੁਸੀਂ ਇਕੱਲੇ ਰਹਿਣਾ ਚਾਹੋ। ਜਾਂ ਸ਼ਾਇਦ ਕਦੇ-ਕਦੇ ਭੈਣ-ਭਰਾ ਤੁਹਾਨੂੰ ਗ਼ਲਤ ਸਮਝ ਬੈਠਣ ਜਾਂ ਕੁਝ ਅਜਿਹਾ ਕਹਿ ਦੇਣ ਜਿਸ ਕਰਕੇ ਤੁਹਾਨੂੰ ਬੁਰਾ ਲੱਗੇ। (ਯਾਕੂ. 3:2) ਪਰ ਭੈਣਾਂ-ਭਰਾਵਾਂ ਤੋਂ ਦਿਲਾਸਾ ਪਾਉਣ ਲਈ ਇਨ੍ਹਾਂ ਗੱਲਾਂ ਨੂੰ ਰੁਕਾਵਟ ਨਾ ਬਣਨ ਦਿਓ। ਜ਼ਰਾ ਗੈਵਿਨ ਨਾਂ ਦੇ ਇਕ ਬਜ਼ੁਰਗ ਦੇ ਤਜਰਬੇ ʼਤੇ ਗੌਰ ਕਰੋ ਜਿਸ ਨੂੰ ਡਿਪਰੈਸ਼ਨ ਹੈ। ਉਹ ਦੱਸਦਾ ਹੈ: “ਕਈ ਵਾਰ ਦੋਸਤਾਂ ਨੂੰ ਮਿਲਣ ਜਾਂ ਉਨ੍ਹਾਂ ਨਾਲ ਗੱਲ ਕਰਨ ਦਾ ਮੇਰਾ ਬਿਲਕੁਲ ਵੀ ਮਨ ਨਹੀਂ ਕਰਦਾ।” ਪਰ ਭਰਾ ਗੈਵਿਨ ਹਿੰਮਤ ਕਰ ਕੇ ਭੈਣਾਂ-ਭਰਾਵਾਂ ਨੂੰ ਮਿਲਦਾ ਹੈ। ਇੱਦਾਂ ਕਰ ਕੇ ਉਸ ਨੂੰ ਬਹੁਤ ਚੰਗਾ ਲੱਗਦਾ ਹੈ। ਭੈਣ ਐਮੀ ਦੇ ਤਜਰਬੇ ʼਤੇ ਵੀ ਧਿਆਨ ਦਿਓ। ਉਹ ਦੱਸਦੀ ਹੈ: “ਮੇਰੀ ਜ਼ਿੰਦਗੀ ਵਿਚ ਕੁਝ ਅਜਿਹਾ ਹੋਇਆ ਜਿਸ ਕਰਕੇ ਮੈਨੂੰ ਲੋਕਾਂ ʼਤੇ ਭਰੋਸਾ ਕਰਨਾ ਬਹੁਤ ਔਖਾ ਲੱਗਦਾ ਹੈ। ਪਰ ਮੈਂ ਯਹੋਵਾਹ ਵਾਂਗ ਭੈਣਾਂ-ਭਰਾਵਾਂ ʼਤੇ ਭਰੋਸਾ ਕਰਨਾ ਅਤੇ ਉਨ੍ਹਾਂ ਨੂੰ ਪਿਆਰ ਕਰਨਾ ਸਿੱਖ ਰਹੀ ਹਾਂ। ਮੈਨੂੰ ਪਤਾ ਹੈ ਕਿ ਇੱਦਾਂ ਕਰ ਕੇ ਮੈਂ ਯਹੋਵਾਹ ਦਾ ਦਿਲ ਖ਼ੁਸ਼ ਕਰ ਰਹੀ ਹਾਂ ਤੇ ਇਸ ਤੋਂ ਮੈਨੂੰ ਵੀ ਬਹੁਤ ਖ਼ੁਸ਼ੀ ਮਿਲ ਰਹੀ ਹੈ।”
ਭਵਿੱਖ ਲਈ ਕੀਤੇ ਯਹੋਵਾਹ ਦੇ ਵਾਅਦਿਆਂ ਤੋਂ ਦਿਲਾਸਾ ਪਾਓ
18. ਯਹੋਵਾਹ ਬਹੁਤ ਜਲਦ ਕੀ ਕਰਨ ਵਾਲਾ ਹੈ ਅਤੇ ਅਸੀਂ ਅੱਜ ਕੀ ਕਰ ਸਕਦੇ ਹਾਂ?
18 ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਬਹੁਤ ਜਲਦ ਸਾਡੇ ਦੁੱਖਾਂ ਅਤੇ ਪਰੇਸ਼ਾਨੀਆਂ ਨੂੰ ਖ਼ਤਮ ਕਰ ਦੇਵੇਗਾ। (ਪ੍ਰਕਾ. 21:3, 4) ਅੱਜ ਅਸੀਂ ਜਿਨ੍ਹਾਂ ਗੱਲਾਂ ਬਾਰੇ ਸੋਚ ਕੇ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ, ਉਹ ਭਵਿੱਖ ਵਿਚ ਸਾਡੇ ‘ਮਨ ਵਿਚ ਨਹੀਂ ਆਉਣਗੀਆਂ।’ (ਯਸਾ. 65:17) ਪਰ ਜਿੱਦਾਂ ਅਸੀਂ ਇਸ ਲੇਖ ਵਿਚ ਦੇਖਿਆ, ਯਹੋਵਾਹ ਅੱਜ ਵੀ ਸਾਡੇ ‘ਜ਼ਖ਼ਮਾਂ ʼਤੇ ਪੱਟੀ ਬੰਨ੍ਹਦਾ ਹੈ।’ ਉਸ ਨੇ ਸਾਨੂੰ ਦਿਲਾਸਾ ਦੇਣ ਅਤੇ ਰਾਹਤ ਪਹੁੰਚਾਉਣ ਲਈ ਬਹੁਤ ਸਾਰੇ ਇੰਤਜ਼ਾਮ ਕੀਤੇ ਹਨ। ਉਨ੍ਹਾਂ ਦਾ ਪੂਰਾ-ਪੂਰਾ ਫ਼ਾਇਦਾ ਲਓ ਅਤੇ ਭਰੋਸਾ ਰੱਖੋ ਕਿ “ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤ. 5:7.
ਗੀਤ 7 ਯਹੋਵਾਹ ਸਾਡਾ ਬਲ
a ਨਾਂ ਬਦਲੇ ਗਏ ਹਨ।
b “ ਯਹੋਵਾਹ ਤੁਹਾਨੂੰ ਅਨਮੋਲ ਸਮਝਦਾ ਹੈ” ਨਾਂ ਦੀ ਡੱਬੀ ਦੇਖੋ।
c ਯਹੋਵਾਹ ਨਾਲ ‘ਮਾਮਲਾ ਸੁਝਾਉਣ’ ਲਈ ਸਾਨੂੰ ਸੱਚੇ ਦਿਲੋਂ ਤੋਬਾ ਕਰਨ ਦੀ ਲੋੜ ਹੈ। ਸਾਨੂੰ ਯਹੋਵਾਹ ਤੋਂ ਆਪਣੇ ਪਾਪਾਂ ਦੀ ਮਾਫ਼ੀ ਮੰਗਣ ਅਤੇ ਸੁਧਾਰ ਕਰਨ ਦੀ ਲੋੜ ਹੈ। ਜੇ ਅਸੀਂ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਸਾਨੂੰ ਆਪਣੀ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਵੀ ਲੈਣੀ ਚਾਹੀਦੀ ਹੈ।—ਯਾਕੂ. 5:14, 15.