Skip to content

Skip to table of contents

ਅਧਿਐਨ ਲੇਖ 41

ਗੀਤ 13 ਮਸੀਹ, ਸਾਡੀ ਮਿਸਾਲ

ਯਿਸੂ ਜਾਂਦਾ-ਜਾਂਦਾ ਬਹੁਤ ਕੁਝ ਸਿਖਾ ਗਿਆ

ਯਿਸੂ ਜਾਂਦਾ-ਜਾਂਦਾ ਬਹੁਤ ਕੁਝ ਸਿਖਾ ਗਿਆ

“ਉਹ ਉਨ੍ਹਾਂ ਨੂੰ 40 ਦਿਨ ਦਿਖਾਈ ਦਿੰਦਾ ਰਿਹਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦਾ ਰਿਹਾ।”​—ਰਸੂ. 1:3.

ਕੀ ਸਿੱਖਾਂਗੇ?

ਅਸੀਂ ਦੇਖਾਂਗੇ ਕਿ ਧਰਤੀ ʼਤੇ ਬਿਤਾਏ ਯਿਸੂ ਦੇ ਆਖ਼ਰੀ 40 ਦਿਨਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ।

1-2. ਇੰਮਊਸ ਪਿੰਡ ਜਾਂਦਿਆਂ ਯਿਸੂ ਦੇ ਦੋ ਚੇਲਿਆਂ ਨਾਲ ਕੀ ਹੋਇਆ?

 ਇਹ 16 ਨੀਸਾਨ, 33 ਈਸਵੀ ਦੀ ਗੱਲ ਹੈ। ਯਿਸੂ ਦੇ ਦੋ ਚੇਲੇ ਯਰੂਸ਼ਲਮ ਤੋਂ ਇੰਮਊਸ ਨਾਂ ਦੇ ਪਿੰਡ ਨੂੰ ਜਾ ਰਹੇ ਹਨ। ਇਹ ਪਿੰਡ ਯਰੂਸ਼ਲਮ ਤੋਂ ਲਗਭਗ 11 ਕਿਲੋਮੀਟਰ (7 ਮੀਲ) ਦੂਰ ਹੈ। ਇਹ ਚੇਲੇ ਯਿਸੂ ਦੇ ਬਾਕੀ ਚੇਲਿਆਂ ਵਾਂਗ ਗਮ ਵਿਚ ਡੁੱਬੇ ਹੋਏ ਹਨ ਅਤੇ ਉਨ੍ਹਾਂ ʼਤੇ ਡਰ ਛਾਇਆ ਹੋਇਆ ਹੈ। ਪਰ ਕਿਉਂ? ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਗੁਰੂ ਯਿਸੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸੋਚਿਆ ਸੀ ਕਿ ਮਸੀਹ ਯਹੂਦੀਆਂ ਲਈ ਸ਼ਾਨਦਾਰ ਕੰਮ ਕਰੇਗਾ। ਪਰ ਉਨ੍ਹਾਂ ਦੀਆਂ ਉਮੀਦਾਂ ʼਤੇ ਪਾਣੀ ਫਿਰ ਗਿਆ। ਪਰ ਹੁਣ ਕੁਝ ਇੱਦਾਂ ਦਾ ਹੋਣ ਵਾਲਾ ਹੈ ਕਿ ਚੇਲੇ ਆਪਣਾ ਦੁੱਖ ਭੁੱਲ ਜਾਣਗੇ।

2 ਉਹ ਦੋਵੇਂ ਚੇਲੇ ਤੁਰੇ ਜਾ ਰਹੇ ਸਨ। ਇਕ ਅਣਜਾਣ ਆਦਮੀ ਉਨ੍ਹਾਂ ਕੋਲ ਆਇਆ ਤੇ ਉਨ੍ਹਾਂ ਦੇ ਨਾਲ-ਨਾਲ ਤੁਰਨ ਲੱਗ ਪਿਆ। ਚੇਲਿਆਂ ਨੇ ਉਸ ਨੂੰ ਦੱਸਿਆ ਕਿ ਉਹ ਬਹੁਤ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੇ ਗੁਰੂ ਨਾਲ ਬਹੁਤ ਬੁਰਾ ਹੋਇਆ ਹੈ। ਉਨ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਉਹ ਉਨ੍ਹਾਂ ਨੂੰ ਕੁਝ ਅਜਿਹਾ ਕਹਿੰਦਾ ਹੈ ਜਿਸ ਨਾਲ ਉਨ੍ਹਾਂ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਉਹ ਉਨ੍ਹਾਂ ਨੂੰ “ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਸਾਰੀਆਂ ਲਿਖਤਾਂ ਤੋਂ” ਇਹ ਸਮਝਾਉਂਦਾ ਹੈ ਕਿ ਮਸੀਹ ਲਈ ਦੁੱਖ ਝੱਲਣੇ ਤੇ ਮਰਨਾ ਜ਼ਰੂਰੀ ਕਿਉਂ ਸੀ। ਜਦੋਂ ਉਹ ਤਿੰਨੇ ਜਣੇ ਇੰਮਊਸ ਪਹੁੰਚੇ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਅਜਨਬੀ ਕੋਈ ਹੋਰ ਨਹੀਂ, ਸਗੋਂ ਉਨ੍ਹਾਂ ਦਾ ਗੁਰੂ ਯਿਸੂ ਹੈ ਜਿਸ ਨੂੰ ਪਰਮੇਸ਼ੁਰ ਨੇ ਜੀਉਂਦਾ ਕੀਤਾ ਹੈ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਹ ਉਦੋਂ ਕਿੰਨੇ ਖ਼ੁਸ਼ ਹੋਏ ਹੋਣੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਯਿਸੂ ਜੀਉਂਦਾ ਹੈ!​—ਲੂਕਾ 24:13-35.

3-4. (ੳ) ਜਦੋਂ ਯਿਸੂ ਆਪਣੇ ਚੇਲਿਆਂ ਨੂੰ ਮਿਲਿਆ, ਤਾਂ ਉਨ੍ਹਾਂ ʼਤੇ ਕੀ ਅਸਰ ਪਿਆ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

3 ਸਵਰਗ ਜਾਣ ਤੋਂ ਪਹਿਲਾਂ ਯਿਸੂ 40 ਦਿਨ ਧਰਤੀ ʼਤੇ ਰਿਹਾ। ਇਨ੍ਹਾਂ 40 ਦਿਨਾਂ ਦੌਰਾਨ ਯਿਸੂ ਕਈ ਵਾਰ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ। a (ਰਸੂਲਾਂ ਦੇ ਕੰਮ 1:3 ਪੜ੍ਹੋ।) ਇਸ ਸਮੇਂ ਦੌਰਾਨ ਯਿਸੂ ਨੇ ਆਪਣੇ ਦੁਖੀ ਤੇ ਡਰੇ ਹੋਏ ਚੇਲਿਆਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਦਾ ਗਮ ਖ਼ੁਸ਼ੀ ਵਿਚ ਬਦਲ ਗਿਆ। ਉਹ ਹੁਣ ਜੋਸ਼ ਨਾਲ ਰਾਜ ਦਾ ਪ੍ਰਚਾਰ ਕਰਨ ਅਤੇ ਸਿਖਾਉਣ ਲਈ ਤਿਆਰ ਸਨ।

4 ਇਨ੍ਹਾਂ 40 ਦਿਨਾਂ ਦੌਰਾਨ ਯਿਸੂ ਨੇ ਜੋ ਕੁਝ ਕੀਤਾ, ਉਸ ਬਾਰੇ ਜਾਣ ਕੇ ਸਾਨੂੰ ਫ਼ਾਇਦਾ ਹੋ ਸਕਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਸਮੇਂ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਵੇਂ (1) ਹੌਸਲਾ ਦਿੱਤਾ, (2) ਆਇਤਾਂ ਦੀ ਡੂੰਘੀ ਸਮਝ ਦਿੱਤੀ ਅਤੇ (3) ਟ੍ਰੇਨਿੰਗ ਦਿੱਤੀ ਤਾਂਕਿ ਉਹ ਹੋਰ ਵੀ ਜ਼ਿੰਮੇਵਾਰੀਆਂ ਸੰਭਾਲ ਸਕਣ। ਨਾਲੇ ਅਸੀਂ ਦੇਖਾਂਗੇ ਕਿ ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਦੂਜਿਆਂ ਨੂੰ ਹੌਸਲਾ ਦਿਓ

5. ਯਿਸੂ ਦੇ ਚੇਲਿਆਂ ਨੂੰ ਹੌਸਲੇ ਦੀ ਕਿਉਂ ਲੋੜ ਸੀ?

5 ਯਿਸੂ ਦੇ ਚੇਲਿਆਂ ਨੂੰ ਹੌਸਲੇ ਦੀ ਬਹੁਤ ਲੋੜ ਸੀ। ਕਿਉਂ? ਕਿਉਂਕਿ ਯਿਸੂ ਦੇ ਚੇਲੇ ਬਣਨ ਲਈ ਕੁਝ ਜਣਿਆਂ ਨੇ ਆਪਣੇ ਘਰ, ਕਾਰੋਬਾਰ, ਇੱਥੋਂ ਤਕ ਕਿ ਪਰਿਵਾਰਾਂ ਨੂੰ ਵੀ ਛੱਡ ਦਿੱਤਾ ਸੀ। (ਮੱਤੀ 19:27) ਨਾਲੇ ਕੁਝ ਜਣਿਆਂ ਨਾਲ ਇੱਦਾਂ ਦਾ ਸਲੂਕ ਕੀਤਾ ਜਾਂਦਾ ਸੀ ਜਿੱਦਾਂ ਉਨ੍ਹਾਂ ਨੂੰ ਸਮਾਜ ਵਿੱਚੋਂ ਛੇਕ ਦਿੱਤਾ ਗਿਆ ਹੋਵੇ। (ਯੂਹੰ. 9:22) ਪਰ ਉਨ੍ਹਾਂ ਨੇ ਇਹ ਸਾਰੀਆਂ ਕੁਰਬਾਨੀਆਂ ਇਸ ਲਈ ਕੀਤੀਆਂ ਅਤੇ ਇਹ ਸਭ ਕੁਝ ਇਸ ਲਈ ਸਹਿਆ ਕਿਉਂਕਿ ਉਨ੍ਹਾਂ ਨੂੰ ਯਕੀਨ ਸੀ ਕਿ ਯਿਸੂ ਹੀ ਮਸੀਹ ਹੈ। (ਮੱਤੀ 16:16) ਪਰ ਜਦੋਂ ਯਿਸੂ ਨੂੰ ਜਾਨੋਂ ਮਾਰ ਦਿੱਤਾ ਗਿਆ, ਤਾਂ ਉਨ੍ਹਾਂ ਦੀਆਂ ਉਮੀਦਾਂ ਧਰੀਆਂ ਦੀਆਂ ਧਰੀਆਂ ਹੀ ਰਹਿ ਗਈਆਂ। ਉਹ ਬਹੁਤ ਦੁਖੀ ਅਤੇ ਨਿਰਾਸ਼ ਹੋ ਗਏ।

6. ਜੀਉਂਦਾ ਹੋਣ ਤੋਂ ਬਾਅਦ ਯਿਸੂ ਨੇ ਕੀ ਕੀਤਾ?

6 ਯਿਸੂ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਸੀ ਕਿ ਚੇਲੇ ਇਸ ਕਰਕੇ ਸੋਗ ਨਹੀਂ ਮਨਾ ਰਹੇ ਸਨ ਕਿ ਉਨ੍ਹਾਂ ਵਿਚ ਨਿਹਚਾ ਦੀ ਘਾਟ ਸੀ, ਸਗੋਂ ਉਸ ਦੀ ਮੌਤ ʼਤੇ ਉਨ੍ਹਾਂ ਦਾ ਦੁਖੀ ਹੋਣਾ ਕੁਦਰਤੀ ਸੀ। ਇਸ ਲਈ ਜਦੋਂ ਉਸ ਨੂੰ ਜੀਉਂਦਾ ਕੀਤਾ ਗਿਆ, ਤਾਂ ਯਿਸੂ ਨੇ ਉਸੇ ਦਿਨ ਆਪਣੇ ਦੋਸਤਾਂ ਦਾ ਹੌਸਲਾ ਵਧਾਇਆ। ਮਿਸਾਲ ਲਈ, ਜਦੋਂ ਮਰੀਅਮ ਮਗਦਲੀਨੀ ਉਸ ਦੀ ਕਬਰ ਲਾਗੇ ਖੜ੍ਹੀ ਰੋ ਰਹੀ ਸੀ, ਤਾਂ ਯਿਸੂ ਉਸ ਅੱਗੇ ਪ੍ਰਗਟ ਹੋਇਆ। (ਯੂਹੰ. 20:11, 16) ਉਹ ਉਨ੍ਹਾਂ ਦੋ ਚੇਲਿਆਂ ਅੱਗੇ ਵੀ ਪ੍ਰਗਟ ਹੋਇਆ ਜਿਨ੍ਹਾਂ ਦਾ ਜ਼ਿਕਰ ਇਸ ਲੇਖ ਦੀ ਸ਼ੁਰੂਆਤ ਵਿਚ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਉਹ ਪਤਰਸ ਰਸੂਲ ਅੱਗੇ ਵੀ ਪ੍ਰਗਟ ਹੋਇਆ। (ਲੂਕਾ 24:34) ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਆਓ ਆਪਾਂ ਦੇਖੀਏ ਕਿ ਜਦੋਂ ਯਿਸੂ ਪਹਿਲੀ ਵਾਰ ਪ੍ਰਗਟ ਹੋਇਆ, ਤਾਂ ਕੀ ਹੋਇਆ।

7. 16 ਨੀਸਾਨ ਨੂੰ ਤੜਕੇ-ਤੜਕੇ ਯਿਸੂ ਨੇ ਮਰੀਅਮ ਨੂੰ ਕੀ ਕਰਦਿਆਂ ਦੇਖਿਆ ਅਤੇ ਫਿਰ ਉਸ ਨੇ ਕੀ ਕੀਤਾ? (ਯੂਹੰਨਾ 20:11-16) (ਤਸਵੀਰ ਵੀ ਦੇਖੋ।)

7 ਯੂਹੰਨਾ 20:11-16 ਪੜ੍ਹੋ। 16 ਨੀਸਾਨ ਵਾਲੇ ਦਿਨ ਤੜਕੇ-ਤੜਕੇ ਕੁਝ ਵਫ਼ਾਦਾਰ ਔਰਤਾਂ ਯਿਸੂ ਦੀ ਕਬਰ ʼਤੇ ਆਉਂਦੀਆਂ ਹਨ। (ਲੂਕਾ 24:1, 10) ਆਓ ਅਸੀਂ ਇਨ੍ਹਾਂ ਔਰਤਾਂ ਵਿੱਚੋਂ ਇਕ ਔਰਤ ʼਤੇ ਧਿਆਨ ਦੇਈਏ। ਉਹ ਔਰਤ ਹੈ, ਮਰੀਅਮ ਮਗਦਲੀਨੀ। ਜਦੋਂ ਮਰੀਅਮ ਕਬਰ ʼਤੇ ਆਉਂਦੀ ਹੈ, ਤਾਂ ਉਹ ਦੇਖਦੀ ਹੈ ਕਿ ਕਬਰ ਖਾਲੀ ਪਈ ਹੈ। ਉਹ ਭੱਜ ਕੇ ਪਤਰਸ ਅਤੇ ਯੂਹੰਨਾ ਨੂੰ ਇਸ ਬਾਰੇ ਦੱਸਣ ਜਾਂਦੀ ਹੈ। ਫਿਰ ਉਹ ਦੋਵੇਂ ਦੌੜਦੇ-ਦੌੜਦੇ ਕਬਰ ਕੋਲ ਆਉਂਦੇ ਹਨ ਅਤੇ ਮਰੀਅਮ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਆਉਂਦੀ ਹੈ। ਜਦੋਂ ਉਹ ਦੇਖਦੇ ਹਨ ਕਿ ਕਬਰ ਸੱਚੀ ਖਾਲੀ ਹੈ, ਤਾਂ ਉਹ ਦੋਵੇਂ ਮਾਯੂਸ ਹੋ ਕੇ ਘਰ ਵਾਪਸ ਚਲੇ ਜਾਂਦੇ ਹਨ। ਪਰ ਮਰੀਅਮ ਉੱਥੇ ਹੀ ਖੜ੍ਹੀ ਰੋਂਦੀ ਰਹਿੰਦੀ ਹੈ। ਯਿਸੂ ਇਹ ਸਭ ਦੇਖ ਰਿਹਾ ਸੀ। ਯਿਸੂ ਤੋਂ ਮਰੀਅਮ ਦੇ ਹੰਝੂ ਦੇਖੇ ਨਹੀਂ ਗਏ ਅਤੇ ਉਹ ਮਰੀਅਮ ਅੱਗੇ ਪ੍ਰਗਟ ਹੋਇਆ। ਉਹ ਉਸ ਨੂੰ ਕੁਝ ਅਜਿਹਾ ਕਹਿੰਦਾ ਹੈ ਜਿਸ ਨਾਲ ਉਸ ਦੀ ਹਿੰਮਤ ਵਧ ਜਾਂਦੀ ਹੈ। ਉਸ ਨੂੰ ਇਕ ਜ਼ਰੂਰੀ ਕੰਮ ਦਿੰਦਾ ਹੈ। ਯਿਸੂ ਮਰੀਅਮ ਨੂੰ ਕਹਿੰਦਾ ਹੈ ਕਿ ਉਹ ਜਾ ਕੇ ਉਸ ਦੇ ਭਰਾਵਾਂ ਨੂੰ ਦੱਸੇ ਕਿ ਉਸ ਨੂੰ ਜੀਉਂਦਾ ਕਰ ਦਿੱਤਾ ਗਿਆ ਹੈ।​—ਯੂਹੰ. 20:17, 18.

ਯਿਸੂ ਵਾਂਗ ਧਿਆਨ ਦਿਓ ਕਿ ਲੋਕਾਂ ʼਤੇ ਕੀ ਬੀਤ ਰਹੀ ਹੈ ਅਤੇ ਉਨ੍ਹਾਂ ਨਾਲ ਹਮਦਰਦੀ ਜਤਾਓ (ਪੈਰਾ 7 ਦੇਖੋ)


8. ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?

8 ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਦੇ ਸਕਦੇ ਹਾਂ। ਕਿੱਦਾਂ? ਯਿਸੂ ਵਾਂਗ ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਭੈਣ-ਭਰਾ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਨ ਅਤੇ ਉਹ ਕਿੱਦਾਂ ਮਹਿਸੂਸ ਕਰ ਰਹੇ ਹਨ। ਫਿਰ ਆਪਣੀਆਂ ਗੱਲਾਂ ਰਾਹੀਂ ਸਾਨੂੰ ਉਨ੍ਹਾਂ ਨੂੰ ਦਿਲਾਸਾ ਦੇਣਾ ਚਾਹੀਦਾ ਹੈ। ਜ਼ਰਾ ਭੈਣ ਜੋਸਲਿਨ ਦੇ ਤਜਰਬੇ ʼਤੇ ਧਿਆਨ ਦਿਓ। ਇਕ ਹਾਦਸੇ ਵਿਚ ਉਸ ਦੀ ਭੈਣ ਦੀ ਮੌਤ ਹੋ ਗਈ। ਉਹ ਦੱਸਦੀ ਹੈ: “ਮੈਂ ਕਈ ਮਹੀਨਿਆਂ ਤਕ ਬਹੁਤ ਦੁਖੀ ਰਹੀ। ਮੈਨੂੰ ਆਪਣੀ ਭੈਣ ਦੀ ਬਹੁਤ ਯਾਦ ਆਉਂਦੀ ਸੀ।” ਫਿਰ ਇਕ ਜੋੜੇ ਨੇ ਜੋਸਲਿਨ ਨੂੰ ਆਪਣੇ ਘਰ ਬੁਲਾਇਆ। ਉਨ੍ਹਾਂ ਨੇ ਬਹੁਤ ਧਿਆਨ ਨਾਲ ਉਸ ਦੀ ਗੱਲ ਸੁਣੀ ਅਤੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਯਹੋਵਾਹ ਲਈ ਬਹੁਤ ਅਨਮੋਲ ਹੈ। ਜੋਸਲਿਨ ਕਹਿੰਦੀ ਹੈ: “ਪਹਿਲਾਂ ਮੈਨੂੰ ਇੱਦਾਂ ਲੱਗ ਰਿਹਾ ਸੀ ਜਿੱਦਾਂ ਮੈਂ ਇਕ ਸਮੁੰਦਰ ਵਿਚ ਡੁੱਬਦੀ ਜਾ ਰਹੀ ਹਾਂ। ਪਰ ਫਿਰ ਯਹੋਵਾਹ ਨੇ ਇਕ ਕਿਸ਼ਤੀ ਭੇਜੀ ਤੇ ਐਨ ਸਹੀ ਸਮੇਂ ʼਤੇ ਮੈਨੂੰ ਬਚਾ ਲਿਆ। ਉਸ ਜੋੜੇ ਨਾਲ ਗੱਲ ਕਰਨ ਤੋਂ ਬਾਅਦ ਮੇਰੇ ਵਿਚ ਯਹੋਵਾਹ ਦੀ ਸੇਵਾ ਕਰਨ ਦਾ ਫਿਰ ਤੋਂ ਜੋਸ਼ ਭਰ ਗਿਆ।” ਅਸੀਂ ਵੀ ਇਸੇ ਤਰ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਜਦੋਂ ਸਾਡੇ ਨਾਲ ਕੋਈ ਆਪਣਾ ਦਿਲ ਖੋਲ੍ਹਦਾ ਹੈ, ਤਾਂ ਅਸੀਂ ਧਿਆਨ ਨਾਲ ਉਸ ਦੀ ਗੱਲ ਸੁਣ ਸਕਦੇ ਹਾਂ, ਉਸ ਨਾਲ ਹਮਦਰਦੀ ਜਤਾ ਸਕਦੇ ਹਾਂ ਅਤੇ ਪਿਆਰ ਨਾਲ ਗੱਲ ਕਰ ਸਕਦੇ ਹਾਂ। ਇੱਦਾਂ ਕਰਕੇ ਅਸੀਂ ਉਸ ਦਾ ਹੌਸਲਾ ਵਧਾ ਸਕਾਂਗੇ ਅਤੇ ਉਹ ਯਹੋਵਾਹ ਦੀ ਸੇਵਾ ਕਰਦਾ ਰਹਿ ਸਕੇਗਾ।​—ਰੋਮੀ. 12:15.

ਬਚਨ ਦੀਆਂ ਗੱਲਾਂ ਸਮਝਣ ਵਿਚ ਦੂਜਿਆਂ ਦੀ ਮਦਦ ਕਰੋ

9. ਯਿਸੂ ਦੇ ਚੇਲੇ ਕਿਹੜੀ ਕਸ਼ਮਕਸ਼ ਵਿਚ ਸਨ ਅਤੇ ਉਸ ਨੇ ਉਨ੍ਹਾਂ ਦੀ ਕਿੱਦਾਂ ਮਦਦ ਕੀਤੀ?

9 ਯਿਸੂ ਦੇ ਚੇਲੇ ਪਰਮੇਸ਼ੁਰ ਦੇ ਬਚਨ ʼਤੇ ਯਕੀਨ ਕਰਦੇ ਸਨ ਅਤੇ ਉਸ ਮੁਤਾਬਕ ਜੀਉਣ ਦੀ ਪੂਰੀ ਕੋਸ਼ਿਸ਼ ਕਰਦੇ ਸਨ। (ਯੂਹੰ. 17:6) ਪਰ ਜਦੋਂ ਯਿਸੂ ਨੂੰ ਇਕ ਅਪਰਾਧੀ ਵਜੋਂ ਸੂਲ਼ੀ ʼਤੇ ਟੰਗ ਕੇ ਮਾਰ ਦਿੱਤਾ ਗਿਆ, ਤਾਂ ਉਹ ਇਹ ਗੱਲ ਸਮਝ ਨਹੀਂ ਪਾ ਰਹੇ ਸਨ ਕਿ ਇੱਦਾਂ ਕਿਉਂ ਹੋਇਆ। ਯਿਸੂ ਨੂੰ ਪਤਾ ਸੀ ਕਿ ਉਸ ਦੇ ਚੇਲੇ ਇਸ ਕਰਕੇ ਕਸ਼ਮਕਸ਼ ਵਿਚ ਨਹੀਂ ਸਨ ਕਿ ਉਨ੍ਹਾਂ ਵਿਚ ਨਿਹਚਾ ਦੀ ਕਮੀ ਸੀ, ਸਗੋਂ ਇਸ ਕਰਕੇ ਸਨ ਕਿਉਂਕਿ ਉਹ ਬਚਨ ਦੀਆਂ ਗੱਲਾਂ ਚੰਗੀ ਤਰ੍ਹਾਂ ਸਮਝ ਨਹੀਂ ਸਕੇ। (ਲੂਕਾ 9:44, 45; ਯੂਹੰ. 20:9) ਇਸ ਕਰਕੇ ਯਿਸੂ ਨੇ ਬਚਨ ਦੀਆਂ ਗੱਲਾਂ ਸਮਝਣ ਵਿਚ ਉਨ੍ਹਾਂ ਦੀ ਮਦਦ ਕੀਤੀ। ਆਓ ਦੇਖੀਏ ਕਿ ਜਦੋਂ ਯਿਸੂ ਇੰਮਊਸ ਜਾ ਰਹੇ ਦੋ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ, ਤਾਂ ਉਸ ਨੇ ਇਹ ਕਿਵੇਂ ਕੀਤਾ।

10. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਵੇਂ ਯਕੀਨ ਦਿਵਾਇਆ ਕਿ ਉਹੀ ਮਸੀਹ ਹੈ? (ਲੂਕਾ 24:18-27)

10 ਲੂਕਾ 24:18-27 ਪੜ੍ਹੋ। ਧਿਆਨ ਦਿਓ ਕਿ ਯਿਸੂ ਨੇ ਇਕਦਮ ਉਨ੍ਹਾਂ ਚੇਲਿਆਂ ʼਤੇ ਇਹ ਜ਼ਾਹਰ ਨਹੀਂ ਕਰ ਦਿੱਤਾ ਕਿ ਉਹ ਕੌਣ ਹੈ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਤੋਂ ਕੁਝ ਸਵਾਲ ਪੁੱਛੇ। ਉਹ ਚਾਹੁੰਦਾ ਸੀ ਕਿ ਉਹ ਖੁੱਲ੍ਹ ਕੇ ਦੱਸਣ ਕਿ ਉਨ੍ਹਾਂ ਦੇ ਦਿਲ-ਦਿਮਾਗ਼ ਵਿਚ ਕੀ ਚੱਲ ਰਿਹਾ ਹੈ। ਚੇਲਿਆਂ ਨੇ ਦੱਸਿਆ ਕਿ ਉਹ ਸੋਚ ਰਹੇ ਸਨ ਕਿ ਯਿਸੂ ਉਨ੍ਹਾਂ ਨੂੰ ਰੋਮੀ ਹਕੂਮਤ ਤੋਂ ਛੁਟਕਾਰਾ ਦਿਵਾਏਗਾ। ਯਿਸੂ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸਮਝਾਇਆ ਕਿ ਜੋ ਕੁਝ ਹੋਇਆ, ਉਹ ਕਿਉਂ ਹੋਇਆ। b ਫਿਰ ਉਸੇ ਸ਼ਾਮ ਉਹ ਦੂਸਰੇ ਚੇਲਿਆਂ ਨੂੰ ਵੀ ਮਿਲਿਆ ਅਤੇ ਉਸ ਨੇ ਉਨ੍ਹਾਂ ਨੂੰ ਵੀ ਇਹੀ ਗੱਲਾਂ ਸਮਝਾਈਆਂ। (ਲੂਕਾ 24:33-48) ਅਸੀਂ ਇਸ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ?

11-12. (ੳ) ਯਿਸੂ ਨੇ ਜਿਸ ਤਰ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸਿਖਾਇਆ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? (ਤਸਵੀਰਾਂ ਵੀ ਦੇਖੋ।) (ਅ) ਨੋਰਟੇ ਨੂੰ ਸਟੱਡੀ ਕਰਵਾਉਣ ਵਾਲੇ ਭਰਾ ਨੇ ਉਸ ਦੀ ਕਿਵੇਂ ਮਦਦ ਕੀਤੀ?

11 ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸਿਖਾਉਂਦੇ ਸਮੇਂ ਸੋਚ-ਸਮਝ ਕੇ ਇੱਦਾਂ ਦੇ ਸਵਾਲ ਪੁੱਛੋ ਜਿਨ੍ਹਾਂ ਨਾਲ ਉਹ ਖੁੱਲ੍ਹ ਕੇ ਦੱਸ ਸਕਣ ਕਿ ਉਨ੍ਹਾਂ ਦੇ ਮਨ ਵਿਚ ਕੀ ਚੱਲ ਰਿਹਾ ਹੈ। (ਕਹਾ. 20:5) ਇਸ ਤੋਂ ਬਾਅਦ ਅਜਿਹੀਆਂ ਆਇਤਾਂ ਲੱਭਣ ਵਿਚ ਉਨ੍ਹਾਂ ਦੀ ਮਦਦ ਕਰੋ ਜੋ ਉਨ੍ਹਾਂ ਦੇ ਕੰਮ ਆ ਸਕਦੀਆਂ ਹਨ। ਪਰ ਉਨ੍ਹਾਂ ਨੂੰ ਇਹ ਨਾ ਦੱਸੋ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਇਸ ਦੀ ਬਜਾਇ, ਬਾਈਬਲ ਦੀਆਂ ਆਇਤਾਂ ਬਾਰੇ ਸਵਾਲ ਪੁੱਛੋ। ਉਨ੍ਹਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਅਤੇ ਸੋਚਣ ਕਿ ਉਹ ਇਨ੍ਹਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਨ। ਜ਼ਰਾ ਘਾਨਾ ਵਿਚ ਰਹਿਣ ਵਾਲੇ ਭਰਾ ਨੋਰਟੇ ਦੀ ਮਿਸਾਲ ʼਤੇ ਧਿਆਨ ਦਿਓ।

12 ਜਦੋਂ ਨੋਰਟੇ 16 ਸਾਲਾਂ ਦਾ ਸੀ, ਤਾਂ ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਉਸ ਦੇ ਘਰਦੇ ਉਸ ਦਾ ਵਿਰੋਧ ਕਰਨ ਲੱਗ ਪਏ। ਪਰ ਉਸ ਨੇ ਸਟੱਡੀ ਕਰਨੀ ਨਹੀਂ ਛੱਡੀ। ਉਹ ਸਟੱਡੀ ਕਿਉਂ ਕਰਦਾ ਰਿਹਾ? ਜਿਹੜਾ ਭਰਾ ਉਸ ਨੂੰ ਸਟੱਡੀ ਕਰਾਉਂਦਾ ਸੀ, ਉਸ ਨੇ ਉਸ ਨਾਲ ਮੱਤੀ ਅਧਿਆਇ 10 ʼਤੇ ਚਰਚਾ ਕੀਤੀ ਸੀ। ਨਾਲੇ ਉਸ ਦੀ ਇਹ ਜਾਣਨ ਵਿਚ ਮਦਦ ਕੀਤੀ ਸੀ ਕਿ ਯਿਸੂ ਦੇ ਪਿੱਛੇ ਚੱਲਣ ਕਰਕੇ ਲੋਕ ਸਾਡਾ ਵਿਰੋਧ ਕਰਦੇ ਹਨ। ਨੋਰਟੇ ਕਹਿੰਦਾ ਹੈ: “ਜਦੋਂ ਮੇਰਾ ਵਿਰੋਧ ਹੋਣ ਲੱਗਾ, ਤਾਂ ਮੈਂ ਸਮਝ ਗਿਆ ਕਿ ਮੈਨੂੰ ਸੱਚਾਈ ਮਿਲ ਗਈ ਹੈ।” ਉਸ ਭਰਾ ਨੇ ਨੋਰਟੇ ਨਾਲ ਮੱਤੀ 10:16 ʼਤੇ ਵੀ ਚਰਚਾ ਕੀਤੀ। ਇਸ ਤੋਂ ਨੋਰਟੇ ਸਮਝ ਗਿਆ ਕਿ ਘਰਦਿਆਂ ਨਾਲ ਧਰਮ ਬਾਰੇ ਗੱਲ ਕਰਦਿਆਂ ਉਸ ਨੂੰ ਸੋਚ-ਸਮਝ ਕੇ ਅਤੇ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ। ਬਪਤਿਸਮੇ ਤੋਂ ਬਾਅਦ ਨੋਰਟੇ ਪਾਇਨੀਅਰਿੰਗ ਕਰਨੀ ਚਾਹੁੰਦਾ ਸੀ। ਪਰ ਉਸ ਦੇ ਡੈਡੀ ਚਾਹੁੰਦੇ ਸਨ ਕਿ ਉਹ ਯੂਨੀਵਰਸਿਟੀ ਦੀ ਪੜ੍ਹਾਈ ਕਰੇ। ਨੋਰਟੇ ਨੇ ਇਸ ਬਾਰੇ ਉਸ ਭਰਾ ਨਾਲ ਗੱਲ ਕੀਤੀ ਜੋ ਉਸ ਨੂੰ ਸਟੱਡੀ ਕਰਾਉਂਦਾ ਸੀ। ਭਰਾ ਨੇ ਉਸ ਨੂੰ ਇਹ ਨਹੀਂ ਦੱਸਿਆ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਇਸ ਦੀ ਬਜਾਇ, ਭਰਾ ਨੇ ਨੋਰਟੇ ਨੂੰ ਕੁਝ ਸਵਾਲ ਪੁੱਛੇ ਅਤੇ ਕੁਝ ਬਾਈਬਲ ਅਸੂਲਾਂ ʼਤੇ ਸੋਚ-ਵਿਚਾਰ ਕਰਨ ਵਿਚ ਉਸ ਦੀ ਮਦਦ ਕੀਤੀ। ਇਸ ਦਾ ਕੀ ਨਤੀਜਾ ਨਿਕਲਿਆ? ਨੋਰਟੇ ਨੇ ਪੂਰੇ ਸਮੇਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਇਸ ਕਰਕੇ ਉਸ ਦੇ ਡੈਡੀ ਨੇ ਉਸ ਨੂੰ ਘਰੋਂ ਕੱਢ ਦਿੱਤਾ। ਪਰ ਨੋਰਟੇ ਨੂੰ ਆਪਣੇ ਫ਼ੈਸਲੇ ʼਤੇ ਕੋਈ ਅਫ਼ਸੋਸ ਨਹੀਂ ਹੈ। ਉਹ ਕਹਿੰਦਾ ਹੈ: “ਮੈਨੂੰ ਪੂਰਾ ਯਕੀਨ ਹੈ ਕਿ ਮੈਂ ਬਿਲਕੁਲ ਸਹੀ ਫ਼ੈਸਲਾ ਲਿਆ ਸੀ।” ਅਸੀਂ ਵੀ ਬਾਈਬਲ ਦੀਆਂ ਆਇਤਾਂ ʼਤੇ ਗਹਿਰਾਈ ਨਾਲ ਸੋਚਣ ਵਿਚ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ। ਇੱਦਾਂ ਕਰਨ ਨਾਲ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਉਹ ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ਦੀ ਸੇਵਾ ਕਰਦੇ ਰਹਿਣਗੇ। ​—ਅਫ਼. 3:16-19.

ਯਿਸੂ ਵਾਂਗ ਪਵਿੱਤਰ ਲਿਖਤਾਂ ਦੀਆਂ ਗੱਲਾਂ ਸਮਝਣ ਵਿਚ ਦੂਜਿਆਂ ਦੀ ਮਦਦ ਕਰੋ (ਪੈਰਾ 11 ਦੇਖੋ) e


ਭਰਾਵਾਂ ਨੂੰ “ਤੋਹਫ਼ਿਆਂ ਵਜੋਂ” ਸੇਵਾ ਕਰਨ ਦੀ ਟ੍ਰੇਨਿੰਗ ਦਿਓ

13. ਯਿਸੂ ਨੇ ਕੀ ਕੀਤਾ ਤਾਂਕਿ ਉਸ ਦੇ ਸਵਰਗ ਜਾਣ ਤੋਂ ਬਾਅਦ ਵੀ ਪ੍ਰਚਾਰ ਦਾ ਕੰਮ ਹੁੰਦਾ ਰਹੇ? (ਅਫ਼ਸੀਆਂ 4:8)

13 ਧਰਤੀ ʼਤੇ ਰਹਿੰਦਿਆਂ ਯਿਸੂ ਨੇ ਯਹੋਵਾਹ ਵੱਲੋਂ ਮਿਲਿਆ ਕੰਮ ਚੰਗੀ ਤਰ੍ਹਾਂ ਪੂਰਾ ਕੀਤਾ। (ਯੂਹੰ. 17:4) ਪਰ ਉਸ ਨੇ ਕਦੇ ਵੀ ਇਹ ਨਹੀਂ ਸੋਚਿਆ ਕਿ ਯਹੋਵਾਹ ਦਾ ਇਹ ਕੰਮ ਸਿਰਫ਼ ਉਹੀ ਸਭ ਤੋਂ ਵਧੀਆ ਤਰੀਕੇ ਨਾਲ ਪੂਰਾ ਕਰ ਸਕਦਾ ਹੈ। ਇਸ ਦੀ ਬਜਾਇ, ਯਿਸੂ ਨੂੰ ਆਪਣੇ ਚੇਲਿਆਂ ʼਤੇ ਪੂਰਾ ਭਰੋਸਾ ਸੀ। ਇਸ ਲਈ ਆਪਣੀ ਸਾਢੇ ਤਿੰਨ ਸਾਲਾਂ ਦੀ ਸੇਵਾ ਦੌਰਾਨ ਉਸ ਨੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ। ਇੰਨਾ ਹੀ ਨਹੀਂ, ਧਰਤੀ ʼਤੇ ਆਪਣੇ ਆਖ਼ਰੀ 40 ਦਿਨਾਂ ਦੌਰਾਨ ਵੀ ਉਹ ਉਨ੍ਹਾਂ ਨੂੰ ਸਿਖਾਉਂਦਾ ਰਿਹਾ। ਨਾਲੇ ਉਸ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਕਿ ਉਹ ਪਰਮੇਸ਼ੁਰ ਦੀਆਂ ਅਨਮੋਲ ਭੇਡਾਂ ਦੀ ਦੇਖ-ਭਾਲ ਕਰਨ ਅਤੇ ਪ੍ਰਚਾਰ ਤੇ ਸਿਖਾਉਣ ਦੇ ਕੰਮ ਵਿਚ ਅਗਵਾਈ ਲੈਣ। (ਅਫ਼ਸੀਆਂ 4:8 ਪੜ੍ਹੋ।) ਜਦੋਂ ਯਿਸੂ ਨੇ ਉਨ੍ਹਾਂ ਨੂੰ ਇਹ ਭਾਰੀ ਜ਼ਿੰਮੇਵਾਰੀ ਸੌਂਪੀ, ਤਾਂ ਕੁਝ ਚੇਲਿਆਂ ਦੀ ਉਮਰ ਸ਼ਾਇਦ 30 ਸਾਲਾਂ ਤੋਂ ਵੀ ਘੱਟ ਸੀ। ਪਰ ਉਹ ਆਦਮੀ ਬਹੁਤ ਮਿਹਨਤੀ ਅਤੇ ਯਿਸੂ ਦੇ ਵਫ਼ਾਦਾਰ ਸਨ। ਇਸ ਕਰਕੇ ਯਿਸੂ ਨੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਤਾਂਕਿ ਉਹ “ਤੋਹਫ਼ਿਆਂ ਵਜੋਂ” ਸੇਵਾ ਕਰ ਸਕਣ। ਯਿਸੂ ਨੇ ਇਹ ਕਿਵੇਂ ਕੀਤਾ?

14. ਧਰਤੀ ʼਤੇ ਆਪਣੇ ਆਖ਼ਰੀ 40 ਦਿਨਾਂ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਨੂੰ ਟ੍ਰੇਨਿੰਗ ਕਿਵੇਂ ਦਿੱਤੀ? (ਤਸਵੀਰ ਵੀ ਦੇਖੋ।)

14 ਯਿਸੂ ਨੇ ਸਿੱਧੀ-ਸਿੱਧੀ, ਪਰ ਪਿਆਰ ਨਾਲ ਆਪਣੇ ਚੇਲਿਆਂ ਨੂੰ ਸਲਾਹ ਦਿੱਤੀ। ਮਿਸਾਲ ਲਈ, ਜਦੋਂ ਉਸ ਨੇ ਦੇਖਿਆ ਕਿ ਉਸ ਦੇ ਕੁਝ ਚੇਲੇ ਸ਼ੱਕ ਕਰ ਰਹੇ ਸਨ, ਤਾਂ ਉਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਅਤੇ ਉਨ੍ਹਾਂ ਦੀ ਸੋਚ ਸੁਧਾਰੀ। (ਲੂਕਾ 24:25-27; ਯੂਹੰ. 20:27) ਯਿਸੂ ਨੇ ਉਨ੍ਹਾਂ ਨੂੰ ਇਹ ਵੀ ਸਮਝਾਇਆ ਕਿ ਉਹ ਫਿਰ ਤੋਂ ਪੈਸੇ ਕਮਾਉਣ ਜਾਂ ਕਾਰੋਬਾਰ ਕਰਨ ਵਿਚ ਨਾ ਲੱਗ ਜਾਣ, ਸਗੋਂ ਆਪਣਾ ਜ਼ਿਆਦਾ ਧਿਆਨ ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ʼਤੇ ਲਾਉਣ। (ਯੂਹੰ. 21:15) ਉਸ ਨੇ ਉਨ੍ਹਾਂ ਨੂੰ ਇਹ ਵੀ ਯਾਦ ਕਰਾਇਆ ਕਿ ਉਹ ਇਹ ਸੋਚ-ਸੋਚ ਕੇ ਪਰੇਸ਼ਾਨ ਨਾ ਹੋਣ ਕਿ ਦੂਜਿਆਂ ਨੂੰ ਯਹੋਵਾਹ ਦੀ ਸੇਵਾ ਵਿਚ ਕਿਹੜੀਆਂ ਜ਼ਿੰਮੇਵਾਰੀਆਂ ਮਿਲ ਰਹੀਆਂ ਹਨ। (ਯੂਹੰ. 21:20-22) ਇਸ ਤੋਂ ਇਲਾਵਾ, ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਉਨ੍ਹਾਂ ਦੀ ਗ਼ਲਤ ਸੋਚ ਸੁਧਾਰੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ʼਤੇ ਧਿਆਨ ਦੇਣ। (ਰਸੂ. 1:6-8) ਬਜ਼ੁਰਗ ਯਿਸੂ ਤੋਂ ਕੀ ਸਿੱਖ ਸਕਦੇ ਹਨ?

ਯਿਸੂ ਵਾਂਗ ਭਰਾਵਾਂ ਨੂੰ ਟ੍ਰੇਨਿੰਗ ਦਿਓ ਤਾਂਕਿ ਉਹ ਹੋਰ ਵੀ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਲ ਬਣ ਸਕਣ (ਪੈਰਾ 14 ਦੇਖੋ)


15-16. (ੳ) ਬਜ਼ੁਰਗ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ? (ਅ) ਜਦੋਂ ਪੈਟਰਿਕ ਨੂੰ ਸਲਾਹ ਦਿੱਤੀ ਗਈ, ਤਾਂ ਉਸ ਨੂੰ ਇਸ ਦਾ ਕੀ ਫ਼ਾਇਦਾ ਹੋਇਆ?

15 ਬਜ਼ੁਰਗ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ? ਉਨ੍ਹਾਂ ਨੂੰ ਮੰਡਲੀ ਦੇ ਉਨ੍ਹਾਂ ਭਰਾਵਾਂ ਨੂੰ ਵੀ ਟ੍ਰੇਨਿੰਗ ਦੇਣੀ ਚਾਹੀਦੀ ਹੈ ਜਿਨ੍ਹਾਂ ਦੀ ਉਮਰ ਘੱਟ ਹੈ ਤਾਂਕਿ ਉਹ ਹੋਰ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣ ਸਕਣ। c ਬਜ਼ੁਰਗਾਂ ਨੂੰ ਇਹ ਵੀ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਭਰਾ ਇਕ ਹੀ ਵਾਰ ਵਿਚ ਸਾਰਾ ਕੁਝ ਸਿੱਖ ਜਾਣਗੇ ਅਤੇ ਕੋਈ ਗ਼ਲਤੀ ਹੀ ਨਹੀਂ ਕਰਨਗੇ। ਨਾਲੇ ਲੋੜ ਪੈਣ ʼਤੇ ਉਨ੍ਹਾਂ ਨੂੰ ਜਵਾਨ ਭਰਾਵਾਂ ਨੂੰ ਪਿਆਰ ਨਾਲ ਸਲਾਹ ਵੀ ਦੇਣੀ ਚਾਹੀਦੀ ਹੈ ਤਾਂਕਿ ਉਹ ਵਧੀਆ ਤਰੀਕੇ ਨਾਲ ਕੰਮ ਕਰ ਸਕਣ, ਭਰੋਸੇਮੰਦ ਤੇ ਨਿਮਰ ਬਣ ਸਕਣ ਅਤੇ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਮਦਦ ਕਰ ਸਕਣ।​—1 ਤਿਮੋ. 3:1; 2 ਤਿਮੋ. 2:2; 1 ਪਤ. 5:5.

16 ਧਿਆਨ ਦਿਓ ਕਿ ਜਦੋਂ ਪੈਟਰਿਕ ਨੂੰ ਸਲਾਹ ਦਿੱਤੀ ਗਈ, ਤਾਂ ਉਸ ਨੂੰ ਕੀ ਫ਼ਾਇਦਾ ਹੋਇਆ। ਪਹਿਲਾਂ ਉਹ ਦੂਜਿਆਂ ਨਾਲ ਬਹੁਤ ਰੁੱਖੇ ਢੰਗ ਨਾਲ ਗੱਲ ਕਰਦਾ ਸੀ। ਉਹ ਚੰਗੇ ਤਰੀਕੇ ਨਾਲ ਪੇਸ਼ ਨਹੀਂ ਸੀ ਆਉਂਦਾ, ਇੱਥੋਂ ਤਕ ਕਿ ਭੈਣਾਂ ਨਾਲ ਵੀ ਨਹੀਂ। ਇਕ ਬਜ਼ੁਰਗ ਨੇ ਪੈਟਰਿਕ ਦੀਆਂ ਇਹ ਖ਼ਾਮੀਆਂ ਦੇਖੀਆਂ। ਇਸ ਲਈ ਉਸ ਨੇ ਪਿਆਰ ਨਾਲ, ਪਰ ਸਿੱਧੀ-ਸਿੱਧੀ ਉਸ ਨੂੰ ਸਲਾਹ ਦਿੱਤੀ। ਪੈਟਰਿਕ ਦੱਸਦਾ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿ ਉਸ ਭਰਾ ਨੇ ਮੈਨੂੰ ਦੱਸਿਆ ਕਿ ਮੈਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਮੈਂ ਮੰਡਲੀ ਵਿਚ ਜ਼ਿੰਮੇਵਾਰੀਆਂ ਪਾਉਣੀਆਂ ਚਾਹੁੰਦਾ ਸੀ, ਪਰ ਜਦੋਂ ਮੈਂ ਦੇਖਦਾ ਸੀ ਕਿ ਉਹੀ ਜ਼ਿੰਮੇਵਾਰੀਆਂ ਦੂਜਿਆਂ ਨੂੰ ਮਿਲ ਰਹੀਆਂ ਹਨ, ਤਾਂ ਮੈਨੂੰ ਬਹੁਤ ਬੁਰਾ ਲੱਗਦਾ ਸੀ। ਪਰ ਉਸ ਬਜ਼ੁਰਗ ਦੀ ਸਲਾਹ ਮੰਨਣ ਕਰਕੇ ਮੈਨੂੰ ਬਹੁਤ ਫ਼ਾਇਦਾ ਹੋਇਆ। ਮੈਂ ਸਮਝ ਸਕਿਆ ਕਿ ਮੰਡਲੀ ਵਿਚ ਕਿਸੇ ਜ਼ਿੰਮੇਵਾਰੀ ਪਿੱਛੇ ਭੱਜਣ ਦੀ ਬਜਾਇ ਮੈਨੂੰ ਨਿਮਰ ਹੋ ਕੇ ਭੈਣਾਂ-ਭਰਾਵਾਂ ਲਈ ਕੰਮ ਕਰਨ ਅਤੇ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਣ ਦੀ ਲੋੜ ਹੈ।” ਇਸ ਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਪੈਟਰਿਕ ਸਿਰਫ਼ 23 ਸਾਲਾਂ ਦਾ ਹੀ ਸੀ, ਤਾਂ ਉਸ ਨੂੰ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ।​—ਕਹਾ. 27:9.

17. ਯਿਸੂ ਨੇ ਆਪਣੇ ਚੇਲਿਆਂ ʼਤੇ ਭਰੋਸਾ ਕਿਵੇਂ ਦਿਖਾਇਆ?

17 ਯਿਸੂ ਨੇ ਆਪਣੇ ਚੇਲਿਆਂ ਨੂੰ ਸਿਰਫ਼ ਪ੍ਰਚਾਰ ਕਰਨ ਦੀ ਹੀ ਨਹੀਂ, ਸਗੋਂ ਸਿਖਾਉਣ ਦੀ ਵੀ ਜ਼ਿੰਮੇਵਾਰੀ ਦਿੱਤੀ ਸੀ। (ਮੱਤੀ 28:20; ਹਿੰਦੀ ਦੀ ਅਧਿਐਨ ਬਾਈਬਲ ਵਿਚ ਇਸ ਆਇਤ ਨਾਲ ਦਿੱਤਾ ਸਟੱਡੀ ਨੋਟ ਦੇਖੋ, “ਉਨ੍ਹਾਂ ਨੂੰ . . . ਸਿਖਾਓ।”) ਚੇਲਿਆਂ ਨੂੰ ਸ਼ਾਇਦ ਲੱਗਾ ਹੋਣਾ ਕਿ ਉਹ ਇਹ ਜ਼ਿੰਮੇਵਾਰੀ ਨਿਭਾਉਣ ਦੇ ਕਾਬਲ ਨਹੀਂ ਹਨ। ਪਰ ਯਿਸੂ ਨੂੰ ਪੂਰਾ ਭਰੋਸਾ ਸੀ ਕਿ ਉਸ ਦੇ ਚੇਲੇ ਇਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣਗੇ। ਇਸ ਲਈ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਉਂਦਿਆਂ ਉਸ ਨੇ ਉਨ੍ਹਾਂ ਨੂੰ ਕਿਹਾ: “ਜਿਵੇਂ ਪਿਤਾ ਨੇ ਮੈਨੂੰ ਦੁਨੀਆਂ ਵਿਚ ਘੱਲਿਆ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਦੁਨੀਆਂ ਵਿਚ ਘੱਲ ਰਿਹਾ ਹਾਂ।”​—ਯੂਹੰ. 20:21.

18. ਬਜ਼ੁਰਗ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ?

18 ਬਜ਼ੁਰਗ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ? ਤਜਰਬੇਕਾਰ ਬਜ਼ੁਰਗ ਦੂਜਿਆਂ ਨੂੰ ਜ਼ਿੰਮੇਵਾਰੀਆਂ ਸੌਂਪਦੇ ਹਨ। (ਫ਼ਿਲਿ. 2:19-22) ਮਿਸਾਲ ਲਈ, ਬਜ਼ੁਰਗ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਲਈ ਜਵਾਨ ਭਰਾਵਾਂ ਦੀ ਮਦਦ ਲੈ ਸਕਦੇ ਹਨ। ਨਾਲੇ ਜਦੋਂ ਉਹ ਉਨ੍ਹਾਂ ਨੂੰ ਕੋਈ ਕੰਮ ਦਿੰਦੇ ਹਨ, ਤਾਂ ਉਹ ਉਨ੍ਹਾਂ ਨੂੰ ਟ੍ਰੇਨਿੰਗ ਵੀ ਦੇ ਸਕਦੇ ਹਨ ਅਤੇ ਭਰੋਸਾ ਰੱਖ ਸਕਦੇ ਹਨ ਕਿ ਉਹ ਇਹ ਕੰਮ ਚੰਗੀ ਤਰ੍ਹਾਂ ਕਰਨਗੇ। ਭਰਾ ਮੈਥਿਊ ਦੀ ਮਿਸਾਲ ʼਤੇ ਧਿਆਨ ਦਿਓ ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਬਜ਼ੁਰਗ ਬਣਾਇਆ ਗਿਆ। ਉਹ ਦੱਸਦਾ ਹੈ ਕਿ ਉਹ ਉਨ੍ਹਾਂ ਤਜਰਬੇਕਾਰ ਬਜ਼ੁਰਗਾਂ ਦਾ ਬਹੁਤ ਅਹਿਸਾਨਮੰਦ ਹੈ ਜਿਨ੍ਹਾਂ ਨੇ ਉਸ ਨੂੰ ਕੰਮ ਦੇਣ ਦੇ ਨਾਲ-ਨਾਲ ਟ੍ਰੇਨਿੰਗ ਵੀ ਦਿੱਤੀ ਸੀ ਅਤੇ ਭਰੋਸਾ ਰੱਖਿਆ ਕਿ ਉਹ ਚੰਗੀ ਤਰ੍ਹਾਂ ਕੰਮ ਪੂਰਾ ਕਰੇਗਾ। ਭਰਾ ਮੈਥਿਊ ਦੱਸਦਾ ਹੈ: “ਜਦੋਂ ਮੇਰੇ ਤੋਂ ਗ਼ਲਤੀਆਂ ਹੁੰਦੀਆਂ ਸਨ, ਤਾਂ ਬਜ਼ੁਰਗ ਉਨ੍ਹਾਂ ਗ਼ਲਤੀਆਂ ਤੋਂ ਸਿੱਖਣ ਵਿਚ ਮੇਰੀ ਮਦਦ ਕਰਦੇ ਸਨ। ਇਸ ਕਰਕੇ ਮੈਂ ਆਪਣੀਆਂ ਜ਼ਿੰਮੇਵਾਰੀਆਂ ਹੋਰ ਵੀ ਚੰਗੀ ਤਰ੍ਹਾਂ ਪੂਰੀਆਂ ਕਰ ਸਕਿਆ।” d

19. ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

19 ਧਰਤੀ ʼਤੇ ਆਪਣੇ ਆਖ਼ਰੀ 40 ਦਿਨਾਂ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਦਾ ਹੌਸਲਾ ਵਧਾਇਆ, ਉਨ੍ਹਾਂ ਨੂੰ ਸਿਖਾਇਆ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ। ਆਓ ਆਪਾਂ ਵੀ ਯਿਸੂ ਦੀ ਰੀਸ ਕਰਨ ਦਾ ਪੱਕਾ ਇਰਾਦਾ ਕਰੀਏ। (1 ਪਤ. 2:21) ਇੱਦਾਂ ਕਰਨ ਵਿਚ ਉਹ ਸਾਡੀ ਮਦਦ ਜ਼ਰੂਰ ਕਰੇਗਾ ਕਿਉਂਕਿ ਉਸ ਨੇ ਵਾਅਦਾ ਕੀਤਾ ਹੈ: “ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।”​—ਮੱਤੀ 28:20.

ਗੀਤ 15 ਯਹੋਵਾਹ ਦੇ ਜੇਠੇ ਦੀ ਤਾਰੀਫ਼ ਕਰੋ!

a ਇੰਜੀਲਾਂ ਅਤੇ ਬਾਈਬਲ ਦੀਆਂ ਹੋਰ ਕਿਤਾਬਾਂ ਵਿਚ ਦੱਸਿਆ ਗਿਆ ਹੈ ਕਿ ਜੀਉਂਦਾ ਕੀਤੇ ਜਾਣ ਤੋਂ ਬਾਅਦ ਯਿਸੂ ਬਹੁਤ ਸਾਰੇ ਲੋਕਾਂ ਸਾਮ੍ਹਣੇ ਪ੍ਰਗਟ ਹੋਇਆ। ਜਿਵੇਂ, ਮਰੀਅਮ ਮਗਦਲੀਨੀ ਸਾਮ੍ਹਣੇ (ਯੂਹੰ. 20:11-18); ਕੁਝ ਹੋਰ ਔਰਤਾਂ ਸਾਮ੍ਹਣੇ (ਮੱਤੀ 28:8-10; ਲੂਕਾ 24:8-11); ਦੋ ਚੇਲਿਆਂ ਸਾਮ੍ਹਣੇ (ਲੂਕਾ 24:13-15); ਪਤਰਸ ਸਾਮ੍ਹਣੇ (ਲੂਕਾ 24:34); ਰਸੂਲਾਂ ਸਾਮ੍ਹਣੇ ਜਦੋਂ ਥੋਮਾ ਉਨ੍ਹਾਂ ਦੇ ਨਾਲ ਨਹੀਂ ਸੀ (ਯੂਹੰ. 20:19-24); ਰਸੂਲਾਂ ਸਾਮ੍ਹਣੇ ਜਦੋਂ ਥੋਮਾ ਉਨ੍ਹਾਂ ਦੇ ਨਾਲ ਸੀ (ਯੂਹੰ. 20:26); ਸੱਤ ਚੇਲਿਆਂ ਸਾਮ੍ਹਣੇ (ਯੂਹੰ. 21:1, 2); 500 ਤੋਂ ਜ਼ਿਆਦਾ ਚੇਲਿਆਂ ਸਾਮ੍ਹਣੇ (ਮੱਤੀ 28:16; 1 ਕੁਰਿੰ. 15:6); ਆਪਣੇ ਭਰਾ ਯਾਕੂਬ ਸਾਮ੍ਹਣੇ (1 ਕੁਰਿੰ. 15:7); ਸਾਰੇ ਰਸੂਲਾਂ ਸਾਮ੍ਹਣੇ (ਰਸੂ. 1:4) ਅਤੇ ਬੈਤਨੀਆ ਕੋਲ ਰਸੂਲਾਂ ਸਾਮ੍ਹਣੇ। (ਲੂਕਾ 24:50-52) ਹੋ ਸਕਦਾ ਹੈ ਕਿ ਯਿਸੂ ਹੋਰ ਵੀ ਮੌਕਿਆਂ ʼਤੇ ਆਪਣੇ ਚੇਲਿਆਂ ਨੂੰ ਮਿਲਿਆ ਹੋਣਾ ਜਿਨ੍ਹਾਂ ਬਾਰੇ ਬਾਈਬਲ ਵਿਚ ਨਹੀਂ ਦੱਸਿਆ ਗਿਆ ਹੈ।​—ਯੂਹੰ. 21:25.

b ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਬਾਰੇ ਜਾਣਨ ਲਈ jw.org/pa ʼਤੇ “ਕੀ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਹੀ ਮਸੀਹ ਸੀ?” ਨਾਂ ਦਾ ਲੇਖ ਦੇਖੋ।

c ਕੁਝ ਕਾਬਲ ਭਰਾਵਾਂ ਨੂੰ 25-30 ਦੀ ਉਮਰ ਵਿਚ ਸਰਕਟ ਓਵਰਸੀਅਰ ਦੇ ਤੌਰ ਤੇ ਨਿਯੁਕਤ ਕੀਤਾ ਜਾ ਸਕਦਾ ਹੈ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੁਝ ਸਮੇਂ ਤਕ ਬਜ਼ੁਰਗ ਦੇ ਤੌਰ ਤੇ ਸੇਵਾ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ।

d ਅਸੀਂ ਕਿਵੇਂ ਨੌਜਵਾਨ ਭਰਾਵਾਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਹੋਰ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਲ ਬਣਨ? ਇਸ ਬਾਰੇ ਕੁਝ ਸੁਝਾਅ ਜਾਣਨ ਲਈ ਅਗਸਤ 2018 ਦੇ ਪਹਿਰਾਬੁਰਜ ਦੇ ਸਫ਼ੇ 11-12 ʼਤੇ ਪੈਰੇ 15-17 ਅਤੇ 15 ਅਪ੍ਰੈਲ 2015 ਦੇ ਸਫ਼ੇ 3-13 ਪੜ੍ਹੋ।

e ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਨੇ ਪਵਿੱਤਰ ਲਿਖਤਾਂ ਦੀਆਂ ਗੱਲਾਂ ਸਮਝਣ ਵਿਚ ਆਪਣੇ ਬਾਈਬਲ ਵਿਦਿਆਰਥੀ ਦੀ ਮਦਦ ਕੀਤੀ। ਹੁਣ ਉਹ ਵਿਦਿਆਰਥੀ ਕ੍ਰਿਸਮਸ ਨਾਲ ਜੁੜੀਆਂ ਸਜਾਵਟ ਦੀਆਂ ਚੀਜ਼ਾਂ ਸੁੱਟ ਰਿਹਾ ਹੈ।