ਆਪਣੀ ਵਿਆਹੁਤਾ ਜ਼ਿੰਦਗੀ ਸਫ਼ਲ ਬਣਾਓ
“ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।”—ਅਫ਼. 5:33.
ਗੀਤ: 36, 3
1. ਭਾਵੇਂ ਕਿ ਵਿਆਹ ਦੀ ਸ਼ੁਰੂਆਤ ਖ਼ੁਸ਼ੀਆਂ ਨਾਲ ਹੁੰਦੀ ਹੈ, ਪਰ ਪਤੀ-ਪਤਨੀ ਨੂੰ ਕਿਸ ਗੱਲ ਦਾ ਸਾਮ੍ਹਣਾ ਕਰਨਾ ਪਵੇਗਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਵਿਆਹ ਵਾਲੇ ਦਿਨ ਜਦੋਂ ਸਜੀ-ਧਜੀ ਲਾੜੀ ਅਤੇ ਸੋਹਣਾ-ਸੁਨੱਖਾ ਲਾੜਾ ਇਕ-ਦੂਜੇ ਨੂੰ ਦੇਖਦੇ ਹਨ, ਤਾਂ ਉਨ੍ਹਾਂ ਦੀ ਖ਼ੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ ਜਾਣਦੇ ਵੇਲੇ ਉਨ੍ਹਾਂ ਦਾ ਪਿਆਰ ਇੰਨਾ ਗੂੜ੍ਹਾ ਹੋ ਗਿਆ ਕਿ ਉਹ ਹੁਣ ਪੂਰੀ ਜ਼ਿੰਦਗੀ ਇਕ-ਦੂਸਰੇ ਦੇ ਵਫ਼ਾਦਾਰ ਰਹਿਣ ਦੀ ਕਸਮ ਖਾਣ ਨੂੰ ਤਿਆਰ ਹਨ। ਪਰ ਹੁਣ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਫੇਰ-ਬਦਲ ਕਰਨੇ ਪੈਣਗੇ। ਵਿਆਹ ਦੀ ਸ਼ੁਰੂਆਤ ਕਰਨ ਵਾਲਾ ਯਹੋਵਾਹ ਚਾਹੁੰਦਾ ਹੈ ਕਿ ਹਰ ਵਿਆਹਿਆ ਜੋੜਾ ਆਪਣੀ ਜ਼ਿੰਦਗੀ ਵਿਚ ਖ਼ੁਸ਼ੀਆਂ ਪਾਵੇ ਅਤੇ ਸਫ਼ਲ ਹੋਵੇ। ਇਸ ਲਈ ਉਹ ਆਪਣੇ ਬਚਨ ਵਿਚ ਸਾਰੇ ਵਿਆਹੇ ਜੋੜਿਆਂ ਨੂੰ ਵਧੀਆ ਸਲਾਹ ਦਿੰਦਾ ਹੈ। (ਕਹਾ. 18:22) ਪਰ ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਨਾਮੁਕੰਮਲ ਇਨਸਾਨਾਂ ਨੂੰ ਵਿਆਹ ਵਿਚ “ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” (1 ਕੁਰਿੰ. 7:28) ਸੋ ਪਤੀ-ਪਤਨੀ ਕੀ ਕਰ ਸਕਦੇ ਹਨ ਤਾਂਕਿ ਵਿਆਹ ਵਿਚ ਘੱਟ ਤੋਂ ਘੱਟ ਮੁਸੀਬਤਾਂ ਆਉਣ? ਮਸੀਹੀ ਜੋੜੇ ਵਿਆਹੁਤਾ ਜ਼ਿੰਦਗੀ ਵਿਚ ਸਫ਼ਲ ਕਿਵੇਂ ਹੋ ਸਕਦੇ ਹਨ?
2. ਪਤੀ-ਪਤਨੀ ਵਿਚ ਕਿਹੋ ਜਿਹਾ ਪਿਆਰ ਹੋਣਾ ਚਾਹੀਦਾ ਹੈ?
2 ਬਾਈਬਲ ਦੱਸਦੀ ਹੈ ਕਿ ਪਿਆਰ ਹੋਣਾ ਜ਼ਰੂਰੀ ਹੈ। ਪਰ ਵਿਆਹੇ ਜੋੜਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਪਿਆਰ ਦਿਖਾਉਣਾ ਚਾਹੀਦਾ ਹੈ। ਮਿਸਾਲ ਲਈ, ਵਿਆਹ ਵਿਚ ਕੋਮਲਤਾ (ਯੂਨਾਨੀ, ਫ਼ਿਲਿਆ) ਹੋਣ ਦੇ ਨਾਲ-ਨਾਲ ਰੋਮਾਂਟਿਕ ਪਿਆਰ (ਏਰੋਸ) ਵੀ ਹੋਣਾ ਚਾਹੀਦਾ ਹੈ। ਅਫ਼. 5:33.
ਜਦੋਂ ਘਰ ਵਿਚ ਬੱਚੇ ਹੋ ਜਾਂਦੇ ਹਨ, ਤਾਂ ਘਰ ਦੇ ਜੀਆਂ ਵਿਚ ਪਿਆਰ (ਸਟੋਰਗੇ) ਹੋਣਾ ਜ਼ਰੂਰੀ ਹੈ। ਪਰ ਵਿਆਹ ਵਿਚ ਸਫ਼ਲਤਾ ਪਾਉਣ ਲਈ ਅਸੂਲਾਂ ’ਤੇ ਆਧਾਰਿਤ ਪਿਆਰ (ਅਗਾਪੇ) ਹੋਣਾ ਸਭ ਤੋਂ ਜ਼ਰੂਰੀ ਹੈ। ਇਸ ਪਿਆਰ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।”—ਪਤੀ-ਪਤਨੀ ਦੀਆਂ ਜ਼ਿੰਮੇਵਾਰੀਆਂ
3. ਵਿਆਹੁਤਾ ਜ਼ਿੰਦਗੀ ਵਿਚ ਪਿਆਰ ਕਿੰਨਾ ਕੁ ਮਜ਼ਬੂਤ ਹੋਣਾ ਚਾਹੀਦਾ ਹੈ?
3 ਪੌਲੁਸ ਨੇ ਲਿਖਿਆ: “ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ, ਠੀਕ ਜਿਵੇਂ ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ ਅਤੇ ਇਸ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ।” (ਅਫ਼. 5:25) ਯਿਸੂ ਦੀ ਰੀਸ ਕਰਨ ਲਈ ਜ਼ਰੂਰੀ ਹੈ ਕਿ ਉਸ ਦੇ ਚੇਲੇ ਇਕ-ਦੂਜੇ ਨੂੰ ਪਿਆਰ ਕਰਨ ਜਿਵੇਂ ਉਸ ਨੇ ਉਨ੍ਹਾਂ ਨੂੰ ਪਿਆਰ ਕੀਤਾ। (ਯੂਹੰਨਾ 13:34, 35; 15:12, 13 ਪੜ੍ਹੋ।) ਇਸ ਲਈ ਪਤੀ-ਪਤਨੀਆਂ ਨੂੰ ਇਕ-ਦੂਜੇ ਨਾਲ ਇੰਨਾ ਪਿਆਰ ਕਰਨਾ ਚਾਹੀਦਾ ਹੈ ਕਿ ਉਹ ਇਕ-ਦੂਜੇ ਲਈ ਮਰਨ ਨੂੰ ਵੀ ਤਿਆਰ ਹੋਣ। ਪਰ ਜਦੋਂ ਗੰਭੀਰ ਮੁਸ਼ਕਲਾਂ ਆਉਂਦੀਆਂ ਹਨ, ਤਾਂ ਸ਼ਾਇਦ ਇੱਦਾਂ ਕਰਨ ਦਾ ਖ਼ਿਆਲ ਵੀ ਨਾ ਆਵੇ। ਪਰ ਅਗਾਪੇ ਪਿਆਰ “ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ, ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ, ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ।” ਜੀ ਹਾਂ, “ਪਿਆਰ ਕਦੇ ਖ਼ਤਮ ਨਹੀਂ ਹੁੰਦਾ।” (1 ਕੁਰਿੰ. 13:7, 8) ਵਿਆਹ ਸਮੇਂ ਖਾਧੀ ਕਸਮ ਯਾਦ ਰੱਖ ਕੇ ਪਤੀ-ਪਤਨੀ ਇਕ-ਦੂਜੇ ਨੂੰ ਪਿਆਰ ਕਰਨਗੇ ਅਤੇ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣਗੇ। ਇਸ ਦੇ ਨਾਲ-ਨਾਲ ਉਹ ਯਹੋਵਾਹ ਤੋਂ ਮਦਦ ਮੰਗ ਕੇ ਇਕੱਠਿਆਂ ਕਿਸੇ ਵੀ ਮੁਸ਼ਕਲ ਨੂੰ ਸੁਲਝਾ ਸਕਣਗੇ।
4, 5. (ੳ) ਪਤੀ ਦੀ ਕੀ ਜ਼ਿੰਮੇਵਾਰੀ ਹੈ? (ਅ) ਪਤਨੀ ਨੂੰ ਪਤੀ ਦੇ ਅਧਿਕਾਰ ਪ੍ਰਤੀ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ? (ੲ) ਇਕ ਜੋੜੇ ਨੂੰ ਆਪਣੇ ਵਿਚ ਕਿਹੜੇ ਫੇਰ-ਬਦਲ ਕਰਨੇ ਪਏ?
4 ਪਤੀ-ਪਤਨੀਆਂ ਦੀਆਂ ਜ਼ਿੰਮੇਵਾਰੀਆਂ ਬਾਰੇ ਪੌਲੁਸ ਨੇ ਲਿਖਿਆ: “ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਤੁਸੀਂ ਪ੍ਰਭੂ ਦੇ ਅਧੀਨ ਹੋ, ਕਿਉਂਕਿ ਪਤੀ ਆਪਣੀ ਪਤਨੀ ਦਾ ਸਿਰ ਹੈ, ਠੀਕ ਜਿਵੇਂ ਮਸੀਹ ਆਪਣੇ ਸਰੀਰ ਯਾਨੀ ਮੰਡਲੀ ਦਾ ਸਿਰ ਅਤੇ ਮੁਕਤੀਦਾਤਾ ਹੈ।” (ਅਫ਼. 5:22, 23) ਇਸ ਦਾ ਇਹ ਮਤਲਬ ਨਹੀਂ ਹੈ ਕਿ ਪਤਨੀ ਆਪਣੇ ਪਤੀ ਤੋਂ ਨੀਵੇਂ ਦਰਜੇ ਦੀ ਹੈ। ਯਹੋਵਾਹ ਨੇ ਪਤਨੀ ਦੀ ਅਹਿਮ ਭੂਮਿਕਾ ਬਾਰੇ ਦੱਸਦਿਆਂ ਕਿਹਾ: “ਫੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।” (ਉਤ. 2:18) ਜਿੱਦਾਂ “ਮੰਡਲੀ ਦਾ ਸਿਰ” ਮਸੀਹ ਹਮੇਸ਼ਾ ਪਿਆਰ ਦਿਖਾਉਂਦਾ ਹੈ, ਉਸੇ ਤਰ੍ਹਾਂ ਪਤੀਆਂ ਨੂੰ ਵੀ ਆਪਣੇ ਅਧਿਕਾਰ ਦੀ ਵਰਤੋਂ ਪਿਆਰ ਨਾਲ ਕਰਨੀ ਚਾਹੀਦੀ ਹੈ। ਜਦੋਂ ਪਤੀ ਇੱਦਾਂ ਕਰੇਗਾ, ਤਾਂ ਪਤਨੀ ਨੂੰ ਆਪਣੇ ਪਤੀ ਦੇ ਪਿਆਰ ਦਾ ਅਹਿਸਾਸ ਹੋਵੇਗਾ। ਨਾਲੇ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਪਤੀ ਦੀ ਇੱਜ਼ਤ ਕਰੇਗੀ, ਉਸ ਦਾ ਸਾਥ ਦੇਵੇਗੀ ਅਤੇ ਉਸ ਦੇ ਅਧੀਨ ਰਹੇਗੀ।
5 ਕੈਥੀ [1] ਇਹ ਗੱਲ ਮੰਨਦੀ ਹੈ ਕਿ ਵਿਆਹ ਤੋਂ ਬਾਅਦ ਫੇਰ-ਬਦਲ ਕਰਨੇ ਪੈਂਦੇ ਹਨ। ਉਹ ਦੱਸਦੀ ਹੈ: “ਜਦੋਂ ਮੈਂ ਕੁਆਰੀ ਸੀ, ਉਦੋਂ ਮੈਂ ਆਜ਼ਾਦ ਸੀ ਅਤੇ ਆਪਣੇ ਸਾਰੇ ਕੰਮ ਆਪ ਕਰਦੀ ਸੀ। ਵਿਆਹ ਤੋਂ ਬਾਅਦ ਮੈਨੂੰ ਆਪਣੇ ਆਪ ਨੂੰ ਬਦਲਣਾ ਪਿਆ ਤੇ ਮੈਂ ਆਪਣੇ ਪਤੀ ਦੇ ਅਧੀਨ ਰਹਿਣਾ ਸਿੱਖਿਆ। ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਸੀ, ਪਰ ਯਹੋਵਾਹ ਦੀ ਮਰਜ਼ੀ ਮੁਤਾਬਕ ਕੰਮ ਕਰਨ ਕਰਕੇ ਅਸੀਂ ਇਕ-ਦੂਜੇ ਦੇ ਬਹੁਤ ਨੇੜੇ ਆਏ ਹਾਂ।” ਉਸ ਦਾ ਪਤੀ ਫਰੈੱਡ ਦੱਸਦਾ ਹੈ: “ਮੇਰੇ ਲਈ ਸ਼ੁਰੂ ਤੋਂ ਹੀ ਫ਼ੈਸਲੇ ਕਰਨੇ ਔਖੇ ਸਨ। ਪਰ ਹੁਣ ਹੋਰ ਵੀ ਜ਼ਿਆਦਾ ਔਖੇ ਹੋ ਗਏ ਹਨ ਕਿਉਂਕਿ ਹੁਣ ਮੈਨੂੰ ਨਾ ਸਿਰਫ਼ ਆਪਣੇ ਬਾਰੇ, ਸਗੋਂ ਆਪਣੇ ਜੀਵਨ ਸਾਥੀ ਬਾਰੇ ਵੀ ਸੋਚਣਾ ਪੈਂਦਾ ਹੈ। ਪਰ ਯਹੋਵਾਹ ਤੋਂ ਮਦਦ ਮੰਗ ਕੇ ਅਤੇ ਆਪਣੀ ਪਤਨੀ ਦੀ ਗੱਲ ਧਿਆਨ ਨਾਲ ਸੁਣ ਕੇ ਮੇਰੇ ਲਈ ਫ਼ੈਸਲੇ ਕਰਨੇ ਸੌਖੇ ਹੁੰਦੇ ਜਾ ਰਹੇ ਹਨ। ਸਾਡੀ ਜੋੜੀ ਸੱਚ-ਮੁੱਚ ਵਧੀਆ ਹੈ।”
6. ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਆਉਣ ’ਤੇ ਪਿਆਰ “ਏਕਤਾ ਦੇ ਬੰਧਨ” ਵਿਚ ਕਿਵੇਂ ਬੰਨ੍ਹਦਾ ਹੈ?
6 ਜਦੋਂ ਪਤੀ-ਪਤਨੀ ਇਕ-ਦੂਜੇ ਦੀਆਂ ਨਿੱਕੀਆਂ-ਨਿੱਕੀਆਂ ਗ਼ਲਤੀਆਂ ਨੂੰ ਹਊ ਪਰੇ ਕਰਦੇ ਹਨ, ਤਾਂ ਉਨ੍ਹਾਂ ਦਾ ਵਿਆਹੁਤਾ ਬੰਧਨ ਮਜ਼ਬੂਤ ਹੁੰਦਾ ਹੈ। ਉਹ ‘ਇਕ-ਦੂਜੇ ਦੀ ਸਹਿੰਦੇ ਹਨ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਹਨ।’ ਜੀ ਹਾਂ, ਦੋਨੋਂ ਜਣੇ ਗ਼ਲਤੀਆਂ ਕਰਨਗੇ। ਪਰ ਇੱਦਾਂ ਹੋਣ ’ਤੇ ਉਹ ਇਨ੍ਹਾਂ ਗ਼ਲਤੀਆਂ ਤੋਂ ਸਿੱਖ ਸਕਦੇ ਹਨ, ਇਕ-ਦੂਜੇ ਨੂੰ ਮਾਫ਼ ਕਰ ਸਕਦੇ ਹਨ ਅਤੇ ਅਸੂਲਾਂ ’ਤੇ ਆਧਾਰਿਤ ਪਿਆਰ ਦਿਖਾ ਸਕਦੇ ਹਨ। ਇਹੀ ਪਿਆਰ ਪਤੀ-ਪਤਨੀ ਨੂੰ “ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” (ਕੁਲੁ. 3:13, 14) ਇਸ ਤੋਂ ਇਲਾਵਾ, “ਪਿਆਰ ਧੀਰਜਵਾਨ ਅਤੇ ਦਿਆਲੂ ਹੈ। . . . ਇਹ ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ।” (1 ਕੁਰਿੰ. 13:4, 5) ਗ਼ਲਤਫ਼ਹਿਮੀਆਂ ਨੂੰ ਜਲਦੀ ਤੋਂ ਜਲਦੀ ਦੂਰ ਕਰਨਾ ਚਾਹੀਦਾ ਹੈ। ਇਸ ਲਈ ਮਸੀਹੀ ਜੋੜਿਆਂ ਨੂੰ ਸੂਰਜ ਡੁੱਬਣ ਤੋਂ ਪਹਿਲਾਂ-ਪਹਿਲਾਂ ਆਪਣੇ ਗਿਲੇ-ਸ਼ਿਕਵੇ ਮਿਟਾਉਣ ਦੀ ਲੋੜ ਹੈ। (ਅਫ਼. 4:26, 27) ਇਹ ਲਫ਼ਜ਼ ਕਹਿਣੇ ਔਖੇ ਹੋ ਸਕਦੇ ਹਨ, “ਮੈਨੂੰ ਮਾਫ਼ ਕਰ ਦਿਓ ਕਿ ਮੇਰੇ ਕਰਕੇ ਤੁਹਾਨੂੰ ਦੁੱਖ ਲੱਗਾ।” ਇਹ ਕਹਿਣ ਲਈ ਨਿਮਰਤਾ ਅਤੇ ਹਿੰਮਤ ਦੀ ਲੋੜ ਹੁੰਦੀ ਹੈ। ਪਰ ਇੱਦਾਂ ਕਹਿਣ ਨਾਲ ਕਾਫ਼ੀ ਹੱਦ ਤਕ ਮੁਸ਼ਕਲਾਂ ਹੱਲ ਹੁੰਦੀਆਂ ਹਨ ਅਤੇ ਪਤੀ-ਪਤਨੀ ਇਕ-ਦੂਜੇ ਦੇ ਨੇੜੇ ਆਉਂਦੇ ਹਨ।
ਕੋਮਲਤਾ ਦਿਖਾਉਣੀ ਜ਼ਰੂਰੀ
7, 8. (ੳ) ਬਾਈਬਲ ਸਰੀਰਕ ਸੰਬੰਧ ਰੱਖਣ ਬਾਰੇ ਕਿਹੜੀ ਸਲਾਹ ਦਿੰਦੀ ਹੈ? (ਅ) ਮਸੀਹੀ ਜੋੜਿਆਂ ਨੂੰ ਇਕ-ਦੂਜੇ ਨਾਲ ਕੋਮਲਤਾ ਨਾਲ ਕਿਉਂ ਪੇਸ਼ ਆਉਣਾ ਚਾਹੀਦਾ ਹੈ?
7 ਬਾਈਬਲ ਪਤੀ-ਪਤਨੀ ਨੂੰ ਵਧੀਆ ਸਲਾਹ ਦਿੰਦੀ ਹੈ। ਇਸ ਦੀ ਮਦਦ ਨਾਲ ਉਹ ਵਿਆਹ ਵਿਚ ਸਰੀਰਕ ਸੰਬੰਧ ਬਣਾਉਣ ਬਾਰੇ ਸਹੀ ਨਜ਼ਰੀਆ ਰੱਖ ਸਕਦੇ ਹਨ। (1 ਕੁਰਿੰਥੀਆਂ 7:3-5 ਪੜ੍ਹੋ।) ਇਕ-ਦੂਜੇ ਦੀਆਂ ਭਾਵਨਾਵਾਂ ਅਤੇ ਲੋੜਾਂ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ। ਜੇ ਪਤੀ ਆਪਣੀ ਪਤਨੀ ਨਾਲ ਕੋਮਲਤਾ ਨਾਲ ਪੇਸ਼ ਨਹੀਂ ਆਉਂਦਾ, ਤਾਂ ਪਤਨੀ ਸਰੀਰਕ ਸੰਬੰਧਾਂ ਦਾ ਆਨੰਦ ਨਹੀਂ ਮਾਣ ਸਕੇਗੀ। ਪਤੀਆਂ ਨੂੰ ਕਿਹਾ ਗਿਆ ਕਿ ਉਹ ਆਪਣੀਆਂ ਪਤਨੀਆਂ ਨਾਲ ‘ਸਮਝਦਾਰੀ ਨਾਲ ਵੱਸਣ।’ (1 ਪਤ. 3:7) ਸਰੀਰਕ ਸੰਬੰਧ ਨਾ ਤਾਂ ਜ਼ਬਰਦਸਤੀ ਬਣਾਏ ਜਾਣੇ ਚਾਹੀਦੇ ਹਨ ਤੇ ਨਾ ਹੀ ਇਕ ਜਣੇ ਨੂੰ ਮਨ ਮਾਰ ਕੇ ਬਣਾਉਣੇ ਚਾਹੀਦੇ ਹਨ। ਇਸ ਵਿਚ ਦੋਵਾਂ ਦੀ ਰਜ਼ਾਮੰਦੀ ਹੋਣੀ ਚਾਹੀਦੀ ਹੈ। ਔਰਤਾਂ ਨਾਲੋਂ ਅਕਸਰ ਆਦਮੀਆਂ ਵਿਚ ਸਰੀਰਕ ਇੱਛਾਵਾਂ ਜਲਦੀ ਜਾਗ ਉੱਠਦੀਆਂ ਹਨ, ਪਰ ਜ਼ਰੂਰੀ ਗੱਲ ਹੈ ਕਿ ਪਤੀ-ਪਤਨੀ ਦੋਨਾਂ ਨੂੰ ਦਿਲੋਂ ਤਿਆਰ ਹੋਣਾ ਚਾਹੀਦਾ ਹੈ।
8 ਜਿਨਸੀ ਸੰਬੰਧ ਬਣਾਉਣ ਲੱਗਿਆਂ ਪਤੀ-ਪਤਨੀ ਬਹੁਤ ਸਾਰੇ ਤਰੀਕਿਆਂ ਨਾਲ ਇਕ-ਦੂਜੇ ਦੀਆਂ ਸਰੀਰਕ ਕਾਮਨਾਵਾਂ ਵਧਾ ਸਕਦੇ ਹਨ। ਬਾਈਬਲ ਖੁੱਲ੍ਹ ਕੇ ਇਹ ਨਹੀਂ ਦੱਸਦੀ ਕਿ ਇਨ੍ਹਾਂ ਪਲਾਂ ਵਿਚ ਪਤੀ-ਪਤਨੀ ਆਪਣੇ ਪਿਆਰ ਦਾ ਇਜ਼ਹਾਰ ਕਿਵੇਂ ਕਰ ਸਕਦੇ ਹਨ ਅਤੇ ਕਿਵੇਂ ਨਹੀਂ। ਪਰ ਬਾਈਬਲ ਵਿਚ ਅਜਿਹੇ ਪਿਆਰ ਦੇ ਇਜ਼ਹਾਰ ਦਾ ਜ਼ਿਕਰ ਕੀਤਾ ਗਿਆ ਹੈ। (ਸਰੇ. 1:2; 2:6) ਮਸੀਹੀ ਜੋੜਿਆਂ ਨੂੰ ਇਕ-ਦੂਜੇ ਨਾਲ ਕੋਮਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ।
9. ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸੰਬੰਧ ਬਣਾਉਣ ਦੀ ਇੱਛਾ ਰੱਖਣੀ ਗ਼ਲਤ ਕਿਉਂ ਹੈ?
9 ਪਰਮੇਸ਼ੁਰ ਅਤੇ ਗੁਆਂਢੀ ਲਈ ਪਿਆਰ ਹੋਣ ਕਰਕੇ ਅਸੀਂ ਕਿਸੇ ਵੀ ਚੀਜ਼ ਜਾਂ ਕਿਸੇ ਵੀ ਵਿਅਕਤੀ ਨੂੰ ਆਪਣੇ ਵਿਆਹੁਤਾ ਰਿਸ਼ਤੇ ਵਿਚ ਨਹੀਂ ਆਉਣ ਦੇਵਾਂਗੇ। ਪਰ ਕਈ ਰਿਸ਼ਤਿਆਂ ਦੀਆਂ ਤੰਦਾਂ ਕਮਜ਼ੋਰ ਪੈ ਗਈਆਂ ਹਨ ਜਾਂ ਇੱਥੋਂ ਤਕ ਕਿ ਟੁੱਟ ਗਈਆਂ ਹਨ ਕਿਉਂਕਿ ਉਨ੍ਹਾਂ ਵਿੱਚੋਂ ਇਕ ਜਣੇ ਨੂੰ ਅਸ਼ਲੀਲ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਦੀ ਲਤ ਸੀ। ਸਾਰਿਆਂ ਨੂੰ ਇਸ ਫੰਦੇ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਾਲੇ ਜੇ ਸਾਡੇ ਮਨ ਵਿਚ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾਉਣ ਦਾ ਖ਼ਿਆਲ ਆਉਂਦਾ ਹੈ, ਤਾਂ ਸਾਨੂੰ ਤੁਰੰਤ ਇਸ ਨੂੰ ਕੱਢਣਾ ਚਾਹੀਦਾ ਹੈ। ਜੇ ਅਸੀਂ ਜਾਣੇ-ਅਣਜਾਣੇ ਵਿਚ ਕਿਸੇ ਨਾਲ ਅੱਖ-ਮਟੱਕਾ ਕਰਦੇ ਹਾਂ, ਤਾਂ ਸਾਡੇ ਜੀਵਨ ਸਾਥੀ ਨੂੰ ਕਿੱਦਾਂ ਲੱਗੇਗਾ? ਜੀਵਨ ਸਾਥੀ ਨਾਲ ਪਿਆਰ ਹੋਣ ਕਰਕੇ ਅਸੀਂ ਇੱਦਾਂ ਕਦੀ ਨਹੀਂ ਕਰਾਂਗੇ। ਯਾਦ ਰੱਖੋ ਕਿ ਪਰਮੇਸ਼ੁਰ ਸਾਡੀਆਂ ਸਾਰੀਆਂ ਸੋਚਾਂ ਅਤੇ ਕੰਮਾਂ ਨੂੰ ਜਾਣਦਾ ਹੈ। ਇਹ ਗੱਲ ਮਨ ਵਿਚ ਰੱਖਣ ਨਾਲ ਪਰਮੇਸ਼ੁਰ ਨੂੰ ਖ਼ੁਸ਼ ਕਰਨ ਅਤੇ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।—ਮੱਤੀ 5:27, 28; ਇਬਰਾਨੀਆਂ 4:13 ਪੜ੍ਹੋ।
ਵਿਆਹੁਤਾ ਰਿਸ਼ਤੇ ਵਿਚ ਤਰੇੜਾਂ
10, 11. (ੳ) ਤਲਾਕ ਲੈਣਾ ਕਿੰਨੀ ਕੁ ਆਮ ਗੱਲ ਹੈ? (ਅ) ਬਾਈਬਲ ਆਪਣੇ ਸਾਥੀ ਤੋਂ ਅਲੱਗ ਹੋਣ ਬਾਰੇ ਕੀ ਕਹਿੰਦੀ ਹੈ? (ੲ) ਕਿਹੜੀ ਗੱਲ ਪਤੀ ਜਾਂ ਪਤਨੀ ਦੀ ਮਦਦ ਕਰੇਗੀ ਕਿ ਉਹ ਜਲਦਬਾਜ਼ੀ ਵਿਚ ਆਪਣੇ ਸਾਥੀ ਤੋਂ ਅਲੱਗ ਨਾ ਹੋਣ?
10 ਵਿਆਹੁਤਾ ਜ਼ਿੰਦਗੀ ਵਿਚ ਗੰਭੀਰ ਸਮੱਸਿਆਵਾਂ ਦਾ ਹੱਲ ਨਾ ਹੋਣ ਕਰਕੇ ਸ਼ਾਇਦ ਇਕ ਸਾਥੀ ਜਾਂ ਦੋਨੋਂ ਇਕ-ਦੂਜੇ ਤੋਂ ਅਲੱਗ ਰਹਿਣ ਜਾਂ ਤਲਾਕ ਲੈਣ ਬਾਰੇ ਸੋਚਣ। ਕੁਝ ਦੇਸ਼ਾਂ ਵਿਚ ਅੱਧੇ ਤੋਂ ਜ਼ਿਆਦਾ ਵਿਆਹ ਟੁੱਟ ਜਾਂਦੇ ਹਨ। ਭਾਵੇਂ ਕਿ ਮਸੀਹੀ ਜੋੜਿਆਂ ਵਿਚ ਇੰਨੇ ਜ਼ਿਆਦਾ ਤਲਾਕ ਨਹੀਂ ਹੁੰਦੇ, ਪਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।
11 ਬਾਈਬਲ ਇਹ ਹਿਦਾਇਤਾਂ ਦਿੰਦੀ ਹੈ: “ਪਤਨੀ ਆਪਣੇ ਪਤੀ ਨੂੰ ਨਾ ਛੱਡੇ; ਪਰ ਜੇ ਉਹ ਉਸ ਨੂੰ ਛੱਡ ਦਿੰਦੀ ਹੈ, ਤਾਂ ਉਹ ਅਣਵਿਆਹੀ ਰਹੇ ਜਾਂ ਫਿਰ ਆਪਣੇ ਪਤੀ ਨਾਲ ਦੁਬਾਰਾ ਸੁਲ੍ਹਾ ਕਰ ਲਵੇ; ਅਤੇ ਪਤੀ ਵੀ ਆਪਣੀ ਪਤਨੀ ਨੂੰ ਨਾ ਛੱਡੇ।” (1 ਕੁਰਿੰ. 7:10, 11) ਇੱਦਾਂ ਨਾ ਸੋਚੋ ਕਿ ਆਪਣੇ ਜੀਵਨ ਸਾਥੀ ਤੋਂ ਅਲੱਗ ਹੋਣਾ ਮਾਮੂਲੀ ਜਿਹੀ ਗੱਲ ਹੈ। ਗੰਭੀਰ ਸਮੱਸਿਆਵਾਂ ਆਉਣ ’ਤੇ ਸ਼ਾਇਦ ਸਾਨੂੰ ਲੱਗੇ ਕਿ ਅਲੱਗ ਹੋਣਾ ਹੀ ਇਨ੍ਹਾਂ ਦਾ ਹੱਲ ਹੈ, ਪਰ ਇੱਦਾਂ ਕਰਨ ਨਾਲ ਅਕਸਰ ਸਮੱਸਿਆਵਾਂ ਵਧਦੀਆਂ ਹੀ ਹਨ। ਯਿਸੂ ਨੇ ਪਰਮੇਸ਼ੁਰ ਦੀ ਗੱਲ ਦੁਹਰਾਈ ਕਿ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇ। ਇਹ ਕਹਿਣ ਤੋਂ ਬਾਅਦ ਉਸ ਨੇ ਕਿਹਾ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।” (ਮੱਤੀ 19:3-6; ਉਤ. 2:24) ਇਸ ਹੁਕਮ ਮੁਤਾਬਕ ਪਤੀ-ਪਤਨੀ ਨੂੰ ਵੀ ਆਪਣਾ ਬੰਧਨ ‘ਅੱਡ ਨਹੀਂ ਕਰਨਾ’ ਚਾਹੀਦਾ ਜੋ ਪਰਮੇਸ਼ੁਰ ਨੇ ਬੰਨ੍ਹਿਆ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਵਿਆਹ ਉਮਰਾਂ ਦਾ ਰਿਸ਼ਤਾ ਹੈ। (1 ਕੁਰਿੰ. 7:39) ਯਾਦ ਰੱਖੋ ਕਿ ਅਸੀਂ ਸਾਰੇ ਆਪਣੇ ਕੰਮਾਂ ਲਈ ਯਹੋਵਾਹ ਅੱਗੇ ਜਵਾਬਦੇਹ ਹਾਂ। ਇਸ ਲਈ ਵਿਆਹੇ ਜੋੜਿਆਂ ਨੂੰ ਸਮੱਸਿਆ ਗੰਭੀਰ ਹੋਣ ਤੋਂ ਪਹਿਲਾਂ ਹੀ ਇਸ ਨੂੰ ਹੱਲ ਕਰ ਲੈਣਾ ਚਾਹੀਦਾ ਹੈ।
12. ਸ਼ਾਇਦ ਕਿਸ ਕਾਰਨ ਕਰਕੇ ਪਤੀ ਜਾਂ ਪਤਨੀ ਅਲੱਗ ਹੋਣ ਬਾਰੇ ਸੋਚਣ?
12 ਸ਼ਾਇਦ ਹੱਦੋਂ ਵਧ ਉਮੀਦਾਂ ਰੱਖਣ ਕਰਕੇ ਵਿਆਹ ਵਿਚ ਸਮੱਸਿਆਵਾਂ ਆਉਣ। ਜਦੋਂ ਵਿਆਹ ਲਈ ਰੱਖੇ ਸੁਪਨੇ ਪੂਰੇ ਨਹੀਂ ਹੁੰਦੇ, ਤਾਂ ਵਿਅਕਤੀ ਸ਼ਾਇਦ ਨਿਰਾਸ਼ ਹੋ ਜਾਵੇ ਜਾਂ ਇੱਥੋਂ ਤਕ ਕਿ ਉਹ ਆਪਣੇ ਅਤੇ ਆਪਣੇ ਸਾਥੀ ਨਾਲ ਗੁੱਸੇ ਹੋ ਜਾਵੇ। ਅਲੱਗ-ਅਲੱਗ ਜਜ਼ਬਾਤ ਹੋਣ ਕਰਕੇ ਅਤੇ ਵੱਖੋ-ਵੱਖਰੇ ਮਾਹੌਲ ਵਿਚ ਪਰਵਰਿਸ਼ ਹੋਣ ਕਰਕੇ ਸ਼ਾਇਦ ਮੁਸ਼ਕਲਾਂ ਖੜ੍ਹੀਆਂ ਹੋਣ। ਨਾਲੇ ਸ਼ਾਇਦ ਪੈਸੇ, ਸਹੁਰਿਆਂ ਜਾਂ ਬੱਚਿਆਂ ਦੀ ਪਰਵਰਿਸ਼ ਦੇ ਮਾਮਲਿਆਂ ’ਤੇ ਵੀ ਬਹਿਸ ਹੋਵੇ। ਪਰ ਇਹ ਗੱਲ ਕਾਬਲੇ-ਤਾਰੀਫ਼ ਹੈ ਕਿ ਜ਼ਿਆਦਾਤਰ ਮਸੀਹੀ ਜੋੜੇ ਮਿਲ ਕੇ ਪਰਮੇਸ਼ੁਰ ਦੀ ਸੇਧ ਅਨੁਸਾਰ ਆਪਣੀਆਂ ਸਮੱਸਿਆਵਾਂ ਸੁਲਝਾ ਲੈਂਦੇ ਹਨ।
13. ਕਿਹੜੇ ਕਾਰਨਾਂ ਕਰਕੇ ਜੀਵਨ ਸਾਥੀ ਤੋਂ ਅਲੱਗ ਹੋਣਾ ਸਹੀ ਹੁੰਦਾ ਹੈ?
13 ਕਈ ਵਾਰ ਆਪਣੇ ਜੀਵਨ ਸਾਥੀ ਤੋਂ ਅਲੱਗ ਹੋਣਾ ਜਾਇਜ਼ ਹੁੰਦਾ ਹੈ। ਮਿਸਾਲ ਲਈ, ਜੇ ਪਤੀ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਤੋਂ ਸਾਫ਼ ਇਨਕਾਰ ਕਰੇ, ਉਸ ਨੂੰ ਬੇਰਹਿਮੀ ਨਾਲ ਮਾਰੇ-ਕੁੱਟੇ ਜਾਂ ਉਸ ਕਰਕੇ ਪਰਮੇਸ਼ੁਰ ਨਾਲ ਪਤਨੀ ਦਾ ਰਿਸ਼ਤਾ ਖ਼ਤਰੇ ਵਿਚ ਪੈ ਜਾਵੇ। ਕਦੀ-ਕਦੀ ਪਤਨੀਆਂ ਨੇ ਇਨ੍ਹਾਂ ਹਾਲਾਤਾਂ ਕਰਕੇ ਆਪਣੇ ਪਤੀ ਤੋਂ ਅਲੱਗ ਹੋਣ ਦਾ ਫ਼ੈਸਲਾ ਕੀਤਾ ਹੈ। ਵਿਆਹੁਤਾ ਜੋੜਿਆਂ ਨੂੰ ਆਪਣੀਆਂ ਗੰਭੀਰ ਸਮੱਸਿਆਵਾਂ ਬਾਰੇ ਬਜ਼ੁਰਗਾਂ ਤੋਂ ਸਲਾਹ ਲੈਣੀ ਚਾਹੀਦੀ ਹੈ। ਇਹ ਸਮਝਦਾਰ ਭਰਾ ਵਿਆਹੇ ਜੋੜਿਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਲਾਹ ਲਾਗੂ ਕਰਨ ਵਿਚ ਮਦਦ ਦੇ ਸਕਦੇ ਹਨ। ਵਿਆਹੁਤਾ ਜ਼ਿੰਦਗੀ ਵਿਚ ਆਉਂਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਉਨ੍ਹਾਂ ਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਨਾਲੇ ਉਸ ਤੋਂ ਮਦਦ ਮੰਗਣੀ ਚਾਹੀਦੀ ਹੈ ਕਿ ਉਹ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਅਤੇ ਪਵਿੱਤਰ ਸ਼ਕਤੀ ਦੇ ਗੁਣ ਦਿਖਾਉਣ ਵਿਚ ਉਨ੍ਹਾਂ ਦੀ ਮਦਦ ਕਰੇ।—ਗਲਾ. 5:22, 23. [2]
14. ਬਾਈਬਲ ਉਨ੍ਹਾਂ ਮਸੀਹੀਆਂ ਨੂੰ ਕੀ ਸਲਾਹ ਦਿੰਦੀ ਹੈ ਜਿਨ੍ਹਾਂ ਦੇ ਜੀਵਨ ਸਾਥੀ ਅਜੇ ਯਹੋਵਾਹ ਦੇ ਸੇਵਕ ਨਹੀਂ ਹਨ?
14 ਕਈਆਂ ਦੇ ਜੀਵਨ ਸਾਥੀ ਸ਼ਾਇਦ ਅਜੇ ਤਕ ਯਹੋਵਾਹ ਦੇ ਸੇਵਕ ਨਾ ਬਣੇ ਹੋਣ। ਇਨ੍ਹਾਂ ਹਾਲਾਤਾਂ ਵਿਚ ਬਾਈਬਲ ਉਨ੍ਹਾਂ ਜੋੜਿਆਂ ਨੂੰ ਵਧੀਆ ਸਲਾਹ ਦਿੰਦੀ ਹੈ ਕਿ ਉਨ੍ਹਾਂ ਨੂੰ ਇਕੱਠੇ ਕਿਉਂ ਰਹਿਣਾ ਚਾਹੀਦਾ ਹੈ। (1 ਕੁਰਿੰਥੀਆਂ 7:12-14 ਪੜ੍ਹੋ।) ਭਾਵੇਂ ਕਿ ਅਵਿਸ਼ਵਾਸੀ ਜੀਵਨ ਸਾਥੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ, ਪਰ ਉਹ ਆਪਣੇ ਮਸੀਹੀ ਜੀਵਨ ਸਾਥੀ ਕਰਕੇ “ਪਵਿੱਤਰ” ਹੈ। ਉਨ੍ਹਾਂ ਦੇ ਬੱਚੇ ਵੀ “ਪਵਿੱਤਰ” ਹਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਸੇਧ ਮਿਲਦੀ ਹੈ। ਪੌਲੁਸ ਨੇ ਕਿਹਾ: “ਪਤਨੀਓ, ਜੇ ਤੁਸੀਂ ਆਪਣੇ ਪਤੀਆਂ ਦੀ ਮਸੀਹੀ ਬਣਨ ਵਿਚ ਮਦਦ ਕਰੋ, ਤਾਂ ਕੀ ਪਤਾ ਉਹ ਬਚ ਜਾਣ? ਜਾਂ ਪਤੀਓ, ਜੇ ਤੁਸੀਂ ਆਪਣੀਆਂ ਪਤਨੀਆਂ ਦੀ ਮਸੀਹੀ ਬਣਨ ਵਿਚ ਮਦਦ ਕਰੋ, ਤਾਂ ਕੀ ਪਤਾ ਉਹ ਬਚ ਜਾਣ?” (1 ਕੁਰਿੰ. 7:16) ਲਗਭਗ ਹਰ ਮੰਡਲੀ ਵਿਚ ਇੱਦਾਂ ਦੇ ਮਸੀਹੀ ਹਨ ਜਿਨ੍ਹਾਂ ਨੇ ਆਪਣੇ ਜੀਵਨ ਸਾਥੀਆਂ ਦੀ ਯਹੋਵਾਹ ਦੇ ਸੇਵਕ ਬਣਨ ਵਿਚ ਮਦਦ ਕੀਤੀ ਹੈ।
15, 16. (ੳ) ਬਾਈਬਲ ਮਸੀਹੀ ਪਤਨੀਆਂ ਨੂੰ ਕੀ ਸਲਾਹ ਦਿੰਦੀ ਹੈ ਜਿਨ੍ਹਾਂ ਦੇ ਪਤੀ ਯਹੋਵਾਹ ਦੇ ਸੇਵਕ ਨਹੀਂ ਹਨ? (ਅ) ਉਦੋਂ ਇਕ ਮਸੀਹੀ ਕੀ ਕਰ ਸਕਦਾ ਹੈ, ਜਦੋਂ “ਅਵਿਸ਼ਵਾਸੀ ਪਤੀ ਜਾਂ ਪਤਨੀ ਆਪਣੇ ਜੀਵਨ ਸਾਥੀ ਨੂੰ ਛੱਡਣ ਦਾ ਫ਼ੈਸਲਾ” ਕਰਦਾ ਹੈ?
15 ਪਤਰਸ ਰਸੂਲ ਨੇ ਮਸੀਹੀ ਪਤਨੀਆਂ ਨੂੰ ਆਪਣੇ ਪਤੀਆਂ ਦੇ ਅਧੀਨ ਰਹਿਣ ਨੂੰ ਕਿਹਾ ਤਾਂਕਿ ਜੇ ਉਨ੍ਹਾਂ ਵਿੱਚੋਂ “ਕਿਸੇ ਦਾ ਪਤੀ ਪਰਮੇਸ਼ੁਰ ਦੇ ਬਚਨ ਨੂੰ ਨਾ ਮੰਨਦਾ ਹੋਵੇ, ਤਾਂ ਪਤਨੀ ਦੇ ਕੁਝ ਕਹੇ ਬਿਨਾਂ ਪਤੀ ਸ਼ਾਇਦ ਉਸ ਦੇ ਚਾਲ-ਚਲਣ ਨੂੰ ਦੇਖ ਕੇ ਨਿਹਚਾ ਕਰਨ ਲੱਗ ਪਵੇ ਕਿਉਂਕਿ ਉਹ ਆਪਣੀ ਅੱਖੀਂ ਦੇਖੇਗਾ ਕਿ ਉਸ ਦੀ ਪਤਨੀ ਦਾ ਚਾਲ-ਚਲਣ ਨੇਕ ਹੈ ਅਤੇ ਉਹ ਦਿਲੋਂ ਉਸ ਦੀ ਇੱਜ਼ਤ ਕਰਦੀ ਹੈ।” ਪਤਨੀ ਨੂੰ ਹਰ ਵੇਲੇ ਪਤੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਉਸ ਨੂੰ ਆਪਣੇ ਪਤੀ ਦਾ ਦਿਲ ਜਿੱਤਣ ਲਈ ‘ਸ਼ਾਂਤ ਤੇ ਨਰਮ ਸੁਭਾਅ’ ਰੱਖਣਾ ਚਾਹੀਦਾ ਹੈ ਜੋ ‘ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈ।’—1 ਪਤ. 3:1-4.
16 ਪਰ ਉਦੋਂ ਕੀ, ਜਦੋਂ ਇਕ ਅਵਿਸ਼ਵਾਸੀ ਜੀਵਨ ਸਾਥੀ ਅਲੱਗ ਹੋਣ ਦਾ ਫ਼ੈਸਲਾ ਕਰਦਾ ਹੈ? ਬਾਈਬਲ ਦੱਸਦੀ ਹੈ: “ਜੇ ਅਵਿਸ਼ਵਾਸੀ ਪਤੀ ਜਾਂ ਪਤਨੀ ਆਪਣੇ ਜੀਵਨ ਸਾਥੀ ਨੂੰ ਛੱਡਣ ਦਾ ਫ਼ੈਸਲਾ ਕਰੇ, ਤਾਂ ਉਹ ਉਸ ਨੂੰ ਜਾਣ ਦੇਵੇ; ਅਜਿਹੀ 1 ਕੁਰਿੰ. 7:15) ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਮਸੀਹੀ ਹੋਰ ਵਿਆਹ ਕਰਾ ਸਕਦਾ ਹੈ ਕਿਉਂਕਿ ਇਹ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹੋਵੇਗਾ। ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਉਸ ਨੂੰ ਆਪਣੇ ਅਵਿਸ਼ਵਾਸੀ ਜੀਵਨ ਸਾਥੀ ਨੂੰ ਆਪਣੇ ਨਾਲ ਰਹਿਣ ਲਈ ਮਜਬੂਰ ਕਰਨਾ ਪਵੇਗਾ। ਅਲੱਗ ਹੋਣ ਕਰਕੇ ਕੁਝ ਹੱਦ ਤਕ ਤੁਹਾਡੇ ਵਿਚ ਸ਼ਾਂਤੀ ਹੋ ਸਕਦੀ ਹੈ। ਨਾਲੇ ਮਸੀਹੀ ਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਉਸ ਦਾ ਜੀਵਨ ਸਾਥੀ ਕਦੇ-ਨਾ-ਕਦੇ ਇਸ ਰਿਸ਼ਤੇ ਨੂੰ ਦੁਬਾਰਾ ਨਿਭਾਉਣਾ ਚਾਹੇਗਾ ਅਤੇ ਯਹੋਵਾਹ ਦਾ ਸੇਵਕ ਬਣੇਗਾ।
ਹਾਲਤ ਵਿਚ ਕਿਸੇ ਵੀ ਭਰਾ ਜਾਂ ਭੈਣ ਦਾ ਆਪਣੇ ਜੀਵਨ ਸਾਥੀ ਪ੍ਰਤੀ ਕੋਈ ਫ਼ਰਜ਼ ਨਹੀਂ ਰਹਿ ਜਾਂਦਾ। ਪਰਮੇਸ਼ੁਰ ਨੇ ਤੁਹਾਨੂੰ ਸ਼ਾਂਤੀ ਲਈ ਸੱਦਿਆ ਹੈ।” (ਵਿਆਹ ਨਾਲੋਂ ਇਕ ਅਹਿਮ ਰਿਸ਼ਤਾ
17. ਵਿਆਹੁਤਾ ਜੋੜਿਆਂ ਨੂੰ ਆਪਣੀ ਜ਼ਿੰਦਗੀ ਵਿਚ ਕਿਹੜੀ ਚੀਜ਼ ਨੂੰ ਪਹਿਲ ਦੇਣੀ ਚਾਹੀਦੀ ਹੈ?
17 ਅਸੀਂ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ ਅਤੇ ‘ਇਹ ਸਮੇਂ ਮੁਸੀਬਤਾਂ ਨਾਲ ਭਰੇ ਹੋਏ ਹਨ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ।’ (2 ਤਿਮੋ. 3:1-5) ਪਰ ਯਹੋਵਾਹ ਨਾਲ ਪੱਕਾ ਰਿਸ਼ਤਾ ਹੋਣ ਕਰਕੇ ਅਸੀਂ ਕਾਫ਼ੀ ਹੱਦ ਤਕ ਦੁਨੀਆਂ ਦੇ ਪ੍ਰਭਾਵ ਤੋਂ ਬਚੇ ਰਹਿ ਸਕਦੇ ਹਾਂ। ਪੌਲੁਸ ਨੇ ਲਿਖਿਆ: “ਸਮਾਂ ਥੋੜ੍ਹਾ ਰਹਿ ਗਿਆ ਹੈ। ਇਸ ਲਈ ਜਿਨ੍ਹਾਂ ਦੀਆਂ ਪਤਨੀਆਂ ਹਨ, ਉਹ ਇਸ ਤਰ੍ਹਾਂ ਹੋਣ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਹੀਂ ਹਨ, . . . ਜਿਹੜੇ ਦੁਨੀਆਂ ਨੂੰ ਵਰਤਦੇ ਹਨ, ਉਹ ਉਨ੍ਹਾਂ ਵਰਗੇ ਹੋਣ ਜਿਹੜੇ ਦੁਨੀਆਂ ਨੂੰ ਪੂਰੀ ਤਰ੍ਹਾਂ ਨਹੀਂ ਵਰਤਦੇ।” (1 ਕੁਰਿੰ. 7:29-31) ਪੌਲੁਸ ਇੱਥੇ ਵਿਆਹੇ ਜੋੜਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਜ਼ਰਅੰਦਾਜ਼ ਕਰਨ ਲਈ ਨਹੀਂ ਕਹਿ ਰਿਹਾ ਸੀ। ਪਰ ਸਮਾਂ ਥੋੜ੍ਹਾ ਰਹਿਣ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਲਈ ਕਹਿ ਰਿਹਾ ਸੀ।—ਮੱਤੀ 6:33.
18. ਮਸੀਹੀ ਆਪਣੇ ਵਿਆਹ ਨੂੰ ਸਫ਼ਲ ਅਤੇ ਖ਼ੁਸ਼ੀਆਂ ਭਰਿਆ ਕਿਵੇਂ ਬਣਾ ਸਕਦੇ ਹਨ?
18 ਇਨ੍ਹਾਂ ਔਖੇ ਸਮਿਆਂ ਵਿਚ ਅਸੀਂ ਦੇਖ ਸਕਦੇ ਹਾਂ ਕਿ ਚਾਰੇ ਪਾਸੇ ਵਿਆਹ ਟੁੱਟ ਰਹੇ ਹਨ। ਪਰ ਕੀ ਅਸੀਂ ਆਪਣੇ ਵਿਆਹ ਨੂੰ ਸਫ਼ਲ ਅਤੇ ਖ਼ੁਸ਼ੀਆਂ ਭਰਿਆ ਬਣਾ ਸਕਦੇ ਹਾਂ? ਜੀ ਹਾਂ। ਮਸੀਹੀ ਜੋੜੇ ਪਰਮੇਸ਼ੁਰ ਦੇ ਲੋਕਾਂ ਦੇ ਨੇੜੇ ਰਹਿ ਕੇ, ਬਾਈਬਲ ਦੀਆਂ ਸਲਾਹਾਂ ਮੰਨ ਕੇ ਅਤੇ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲ ਕੇ ਵਿਆਹੁਤਾ ਰਿਸ਼ਤੇ ਵਿਚ ਬੱਝੇ ਰਹਿ ਸਕਦੇ ਹਨ ਜੋ ‘ਪਰਮੇਸ਼ੁਰ ਨੇ ਬੰਨ੍ਹਿਆ ਹੈ।’—ਮਰ. 10:9.
^ [1] (ਪੈਰਾ 5) ਨਾਂ ਬਦਲੇ ਗਏ ਹਨ।
^ [2] (ਪੈਰਾ 13) ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਕਿਤਾਬ ਦੇ ਸਫ਼ੇ 219-221 ’ਤੇ ਵਧੇਰੇ ਜਾਣਕਾਰੀ “ਤਲਾਕ ਲੈਣ ਅਤੇ ਜੀਵਨ ਸਾਥੀ ਤੋਂ ਵੱਖ ਹੋਣ ਬਾਰੇ ਬਾਈਬਲ ਦਾ ਨਜ਼ਰੀਆ” ਦੇਖੋ।