Skip to content

Skip to table of contents

ਕੀ ਤੁਹਾਨੂੰ ਲੱਗਦਾ ਹੈ ਕਿ ਹੋਰਨਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ?

ਕੀ ਤੁਹਾਨੂੰ ਲੱਗਦਾ ਹੈ ਕਿ ਹੋਰਨਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ?

“ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ, ਤੁਸੀਂ ਮੇਰੀ ਤਾਲੀਮ ਨੂੰ ਨਾ ਛੱਡੋ।”​—ਕਹਾ. 4:2.

ਗੀਤ: 45, 44

1, 2. ਸਾਨੂੰ ਦੂਜਿਆਂ ਨੂੰ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨ ਦੀ ਸਿਖਲਾਈ ਕਿਉਂ ਦੇਣੀ ਚਾਹੀਦੀ ਹੈ?

ਯਿਸੂ ਲਈ ਸਭ ਤੋਂ ਜ਼ਰੂਰੀ ਕੰਮ ਸੀ, ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਪਰ ਫਿਰ ਵੀ ਉਸ ਨੇ ਆਪਣੇ ਚੇਲਿਆਂ ਨੂੰ ਸਿਖਲਾਈ ਦੇਣ ਲਈ ਸਮਾਂ ਕੱਢਿਆ। ਉਸ ਨੇ ਆਪਣੇ ਚੇਲਿਆਂ ਨੂੰ ਨਾ ਸਿਰਫ਼ ਦੂਜਿਆਂ ਨੂੰ ਸਿਖਾਉਣ ਦੀ ਸਿਖਲਾਈ ਦਿੱਤੀ, ਸਗੋਂ ਚਰਵਾਹਿਆਂ ਵਜੋਂ ਸੇਵਾ ਕਰਨ ਦੇ ਯੋਗ ਬਣਨ ਵਿਚ ਵੀ ਮਦਦ ਕੀਤੀ। (ਮੱਤੀ 10:5-7) ਭਾਵੇਂ ਫ਼ਿਲਿੱਪੁਸ ਪ੍ਰਚਾਰ ਵਿਚ ਬਹੁਤ ਸਮਾਂ ਲਾਉਂਦਾ ਸੀ, ਫਿਰ ਵੀ ਉਸ ਨੇ ਆਪਣੀਆਂ ਚਾਰ ਧੀਆਂ ਨੂੰ ਪ੍ਰਚਾਰ ਕਰਨ ਦੀ ਚੰਗੀ ਸਿਖਲਾਈ ਦਿੱਤੀ ਤਾਂਕਿ ਉਹ ਵੀ ਵਧੀਆ ਪ੍ਰਚਾਰਕ ਬਣ ਸਕਣ। (ਰਸੂ. 21:8, 9) ਅੱਜ ਵੀ ਸਿਖਲਾਈ ਦੇਣ ਦੀ ਕਿਉਂ ਲੋੜ ਹੈ?

2 ਦੁਨੀਆਂ ਭਰ ਦੀਆਂ ਮੰਡਲੀਆਂ ਵਿਚ ਅੱਜ ਅਜਿਹੇ ਲੋਕ ਹਨ ਜਿਨ੍ਹਾਂ ਦਾ ਅਜੇ ਬਪਤਿਸਮਾ ਨਹੀਂ ਹੋਇਆ। ਉਨ੍ਹਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ। ਉਨ੍ਹਾਂ ਨੂੰ ਇਹ ਗੱਲ ਸਿਖਾਉਣ ਦੀ ਲੋੜ ਹੈ ਕਿ ਉਨ੍ਹਾਂ ਲਈ ਆਪਣੀ ਬਾਈਬਲ ਸਟੱਡੀ ਕਰਨੀ ਕਿਉਂ ਜ਼ਰੂਰੀ ਹੈ। ਨਾਲੇ ਉਨ੍ਹਾਂ ਨੂੰ ਇਹ ਵੀ ਸਿਖਾਉਣ ਦੀ ਲੋੜ ਹੈ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਵੇਂ ਕਰਨਾ ਹੈ ਅਤੇ ਦੂਜਿਆਂ ਨੂੰ ਕਿਵੇਂ ਸਿਖਾਉਣਾ ਹੈ। ਸਾਨੂੰ ਆਪਣੀ ਮੰਡਲੀ ਦੇ ਭਰਾਵਾਂ ਨੂੰ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਨ ਦੇ ਯੋਗ ਬਣਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਜੇ ਸਮਝਦਾਰ ਮਸੀਹ ਨਵੇਂ ਮਸੀਹੀਆਂ ਨੂੰ “ਚੰਗੀ ਸਿੱਖਿਆ” ਦੇਣ, ਤਾਂ ਉਹ ਸੱਚਾਈ ਵਿਚ ਤਰੱਕੀ ਕਰ ਸਕਦੇ ਹਨ।​—ਕਹਾ. 4:2.

ਨਵਿਆਂ ਨੂੰ ਖ਼ੁਦ ਬਾਈਬਲ ਅਧਿਐਨ ਕਰਨਾ ਸਿਖਾਓ

3, 4. (ੳ) ਪੌਲੁਸ ਨੇ ਬਾਈਬਲ ਸਟੱਡੀ ਦਾ ਸੰਬੰਧ ਵਧੀਆ ਤਰੀਕੇ ਨਾਲ ਪ੍ਰਚਾਰ ਕਰਨ ਨਾਲ ਕਿਵੇਂ ਜੋੜਿਆ? (ਅ) ਬਾਈਬਲ ਵਿਦਿਆਰਥੀ ਨੂੰ ਸਟੱਡੀ ਕਰਨ ਦੀ ਚੰਗੀ ਆਦਤ ਪਾਉਣ ਤੋਂ ਪਹਿਲਾਂ ਸਾਨੂੰ ਕੀ ਕਰਨ ਦੀ ਲੋੜ ਹੈ?

3 ਖ਼ੁਦ ਬਾਈਬਲ ਸਟੱਡੀ ਕਰਨੀ ਕਿੰਨੀ ਕੁ ਜ਼ਰੂਰੀ ਹੈ? ਪੌਲੁਸ ਨੇ ਕੁਲੁੱਸੈ ਦੇ ਭੈਣਾਂ-ਭਰਾਵਾਂ ਨੂੰ ਇਸ ਦਾ ਜਵਾਬ ਦਿੰਦਿਆਂ ਲਿਖਿਆ: “ਇਸੇ ਕਰਕੇ ਜਿਸ ਦਿਨ ਤੋਂ ਅਸੀਂ ਤੁਹਾਡੀ ਨਿਹਚਾ ਅਤੇ ਤੁਹਾਡੇ ਪਿਆਰ ਬਾਰੇ ਸੁਣਿਆ ਹੈ, ਅਸੀਂ ਤੁਹਾਡੇ ਲਈ ਇਹ ਪ੍ਰਾਰਥਨਾ ਕਰਨੋਂ ਨਹੀਂ ਹਟੇ ਕਿ ਤੁਹਾਨੂੰ ਉਸ ਦੀ ਇੱਛਾ ਦੇ ਸਹੀ ਗਿਆਨ ਦੇ ਨਾਲ-ਨਾਲ ਪੂਰੀ ਬੁੱਧ ਅਤੇ ਸਮਝ ਮਿਲੇ ਜੋ ਪਵਿੱਤਰ ਸ਼ਕਤੀ ਰਾਹੀਂ ਮਿਲਦੀ ਹੈ, ਤਾਂਕਿ ਤੁਹਾਡਾ ਚਾਲ-ਚਲਣ ਅਜਿਹਾ ਹੋਵੇ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੋਣਾ ਚਾਹੀਦਾ ਹੈ ਤੇ ਜਿਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ, ਨਾਲੇ ਹਰ ਚੰਗੇ ਕੰਮ ਦੇ ਵਧੀਆ ਨਤੀਜੇ ਹਾਸਲ ਕਰਦੇ ਰਹੋ ਅਤੇ ਪਰਮੇਸ਼ੁਰ ਬਾਰੇ ਆਪਣੇ ਸਹੀ ਗਿਆਨ ਨੂੰ ਵਧਾਉਂਦੇ ਰਹੋ।” (ਕੁਲੁ. 1:9, 10) ਸਹੀ ਗਿਆਨ ਲੈਣ ਕਰਕੇ ਕੁਲੁੱਸੈ ਦੇ ਮਸੀਹੀਆਂ ਦਾ ‘ਚਾਲ-ਚਲਣ ਅਜਿਹਾ ਹੋਣਾ ਸੀ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੋਣਾ ਚਾਹੀਦਾ ਹੈ ਤੇ ਜਿਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ।’ ਇੱਦਾਂ ਕਰਨ ਨਾਲ ਉਹ “ਹਰ ਚੰਗੇ ਕੰਮ ਦੇ ਵਧੀਆ ਨਤੀਜੇ ਹਾਸਲ” ਕਰ ਸਕਦੇ ਸਨ, ਖ਼ਾਸ ਕਰਕੇ ਪ੍ਰਚਾਰ ਦੇ ਕੰਮ ਦੇ। ਸੋ ਸਾਨੂੰ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਯਹੋਵਾਹ ਦੀ ਭਗਤੀ ਵਿਚ ਲੱਗੇ ਰਹਿਣ ਲਈ ਉਨ੍ਹਾਂ ਨੂੰ ਲਗਾਤਾਰ ਬਾਈਬਲ ਪੜ੍ਹਨੀ ਅਤੇ ਸਟੱਡੀ ਕਰਨੀ ਚਾਹੀਦੀ ਹੈ।

4 ਅਸੀਂ ਦੂਜਿਆਂ ਨੂੰ ਤਾਂ ਹੀ ਬਾਈਬਲ ਦੀ ਸਟੱਡੀ ਕਰਨ ਦੇ ਫ਼ਾਇਦੇ ਦੱਸ ਸਕਦੇ ਹਾਂ ਜੇ ਅਸੀਂ ਖ਼ੁਦ ਇਸ ਦੀ ਸਟੱਡੀ ਕਰਦੇ ਹਾਂ। ਦਰਅਸਲ, ਸਾਨੂੰ ਸਾਰਿਆਂ ਨੂੰ ਬਾਈਬਲ ਸਟੱਡੀ ਕਰਨ ਦੀ ਚੰਗੀ ਆਦਤ ਪਾਉਣੀ ਚਾਹੀਦੀ ਹੈ। ਸੋ ਆਪਣੇ ਆਪ ਨੂੰ ਪੁੱਛੋ: ‘ਜਦੋਂ ਕੋਈ ਬਾਈਬਲ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕੋਈ ਔਖਾ ਸਵਾਲ ਪੁੱਛਦਾ ਹੈ, ਤਾਂ ਕੀ ਮੈਂ ਬਾਈਬਲ ਤੋਂ ਜਵਾਬ ਦੇ ਸਕਦਾ ਹਾਂ? ਜਦੋਂ ਮੈਂ ਪੜ੍ਹਦਾ ਹਾਂ ਕਿ ਯਿਸੂ, ਪੌਲੁਸ ਅਤੇ ਹੋਰਨਾਂ ਨੇ ਕਿੱਦਾਂ ਬਿਨਾਂ ਹਾਰੇ ਪ੍ਰਚਾਰ ਕੀਤਾ, ਤਾਂ ਕੀ ਮੈਂ ਉਨ੍ਹਾਂ ਦੀ ਰੀਸ ਕਰਨ ਬਾਰੇ ਸੋਚਦਾ ਹਾਂ?’ ਸਾਨੂੰ ਸਾਰਿਆਂ ਨੂੰ ਬਾਈਬਲ ਤੋਂ ਗਿਆਨ ਅਤੇ ਸਲਾਹ ਦੀ ਲੋੜ ਹੈ। ਦੂਜਿਆਂ ਨੂੰ ਦੱਸੋ ਕਿ ਤੁਹਾਨੂੰ ਆਪਣੀ ਬਾਈਬਲ ਸਟੱਡੀ ਕਰ ਕੇ ਕਿੰਨਾ ਫ਼ਾਇਦਾ ਹੁੰਦਾ ਹੈ। ਇੱਦਾਂ ਕਰਨ ਨਾਲ ਅਸੀਂ ਉਨ੍ਹਾਂ ਨੂੰ ਬਾਈਬਲ ਸਟੱਡੀ ਕਰਨ ਦੀ ਚੰਗੀ ਆਦਤ ਪਾਉਣ ਦੀ ਹੱਲਾਸ਼ੇਰੀ ਦੇ ਰਹੇ ਹੋਵਾਂਗੇ।

5. ਸੁਝਾਅ ਦਿਓ ਕਿ ਨਵੇਂ ਲੋਕਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ ਤਾਂਕਿ ਉਹ ਖ਼ੁਦ ਲਗਾਤਾਰ ਬਾਈਬਲ ਸਟੱਡੀ ਕਰਨ।

5 ਸ਼ਾਇਦ ਤੁਸੀਂ ਪੁੱਛੋ, ‘ਮੈਂ ਆਪਣੇ ਬਾਈਬਲ ਵਿਦਿਆਰਥੀ ਨੂੰ ਬਾਈਬਲ ਦੀ ਸਟੱਡੀ ਕਰਨੀ ਕਿਵੇਂ ਸਿਖਾ ਸਕਦਾ ਹਾਂ?’ ਸਭ ਤੋਂ ਪਹਿਲਾਂ ਉਸ ਨੂੰ ਸਿਖਾਓ ਕਿ ਉਹ ਸਟੱਡੀ ਦੀ ਤਿਆਰੀ ਕਿਵੇਂ ਕਰ ਸਕਦਾ ਹੈ। ਸ਼ਾਇਦ ਤੁਸੀਂ ਉਸ ਨੂੰ ਕਹੋ ਕਿ ਉਹ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ ਕਿਤਾਬ ਤੋਂ ਵਧੇਰੇ ਜਾਣਕਾਰੀ ਅਤੇ ਉਸ ਵਿਚ ਦਿੱਤੀਆਂ ਆਇਤਾਂ ਪੜ੍ਹੇ। ਉਸ ਨੂੰ ਸਭਾਵਾਂ ਦੀ ਤਿਆਰੀ ਕਰਨੀ ਅਤੇ ਜਵਾਬ ਦੇਣੇ ਸਿਖਾਓ। ਉਸ ਨੂੰ ਸਾਰੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੜ੍ਹਨ ਦੀ ਹੱਲਾਸ਼ੇਰੀ ਦਿਓ। ਜੇ ਤੁਹਾਡੀ ਭਾਸ਼ਾ ਵਿਚ ਵਾਚਟਾਵਰ ਲਾਇਬ੍ਰੇਰੀ ਸੀ. ਡੀ ਜਾਂ ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਹੈ, ਤਾਂ ਉਸ ਨੂੰ ਸਿਖਾਓ ਕਿ ਇਨ੍ਹਾਂ ਦੀ ਮਦਦ ਨਾਲ ਉਹ ਬਾਈਬਲ ਦੇ ਸਵਾਲਾਂ ਦੇ ਜਵਾਬ ਕਿੱਦਾਂ ਲੱਭ ਸਕਦਾ ਹੈ। ਜਦੋਂ ਉਹ ਇਨ੍ਹਾਂ ਤਰੀਕਿਆਂ ਨਾਲ ਆਪਣੀ ਸਟੱਡੀ ਕਰੇਗਾ, ਤਾਂ ਉਸ ਨੂੰ ਮਜ਼ਾ ਆਵੇਗਾ।

6. (ੳ) ਤੁਸੀਂ ਆਪਣੇ ਬਾਈਬਲ ਵਿਦਿਆਰਥੀ ਦੇ ਦਿਲ ਵਿਚ ਬਾਈਬਲ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹੋ? (ਅ) ਜੇ ਵਿਦਿਆਰਥੀ ਬਾਈਬਲ ਪੜ੍ਹਨ ਦੀ ਚਾਹ ਪੈਦਾ ਕਰਦਾ ਹੈ, ਤਾਂ ਇਸ ਦਾ ਕੀ ਨਤੀਜਾ ਨਿਕਲੇਗਾ?

6 ਸਾਨੂੰ ਕਿਸੇ ’ਤੇ ਬਾਈਬਲ ਪੜ੍ਹਨ ਅਤੇ ਇਸ ਦੀ ਸਟੱਡੀ ਕਰਨ ਦਾ ਜ਼ੋਰ ਨਹੀਂ ਪਾਉਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਯਹੋਵਾਹ ਦੇ ਸੰਗਠਨ ਵੱਲੋਂ ਮਿਲੇ ਔਜ਼ਾਰ ਵਰਤ ਕੇ ਆਪਣੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਉਹ ਖ਼ੁਦ ਬਾਈਬਲ ਪੜ੍ਹਨ ਦੀ ਚਾਹ ਪੈਦਾ ਕਰਨ। ਸਮੇਂ ਦੇ ਬੀਤਣ ਨਾਲ ਸ਼ਾਇਦ ਬਾਈਬਲ ਵਿਦਿਆਰਥੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰੇ ਜਿਸ ਨੇ ਗਾਇਆ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ।” (ਜ਼ਬੂ. 73:28) ਬਿਨਾਂ ਸ਼ੱਕ ਪਵਿੱਤਰ ਸ਼ਕਤੀ ਤੁਹਾਡੇ ਬਾਈਬਲ ਵਿਦਿਆਰਥੀ ਦੀ ਯਹੋਵਾਹ ਦੇ ਨੇੜੇ ਆਉਣ ਵਿਚ ਮਦਦ ਕਰੇਗੀ।

ਨਵਿਆਂ ਨੂੰ ਪ੍ਰਚਾਰ ਅਤੇ ਸਿੱਖਿਆ ਦੇਣ ਦੀ ਸਿਖਲਾਈ ਦਿਓ

7. ਯਿਸੂ ਨੇ ਚੇਲਿਆਂ ਨੂੰ ਪ੍ਰਚਾਰ ਕਰਨ ਦੀਆਂ ਕਿਹੜੀਆਂ ਹਿਦਾਇਤਾਂ ਦਿੱਤੀਆਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

7 ਅਸੀਂ 12 ਚੇਲਿਆਂ ਨੂੰ ਦਿੱਤੀਆਂ ਯਿਸੂ ਦੀਆਂ ਹਿਦਾਇਤਾਂ ਮੱਤੀ 10 ਵਿਚ ਪੜ੍ਹ ਸਕਦੇ ਹਾਂ। ਉਸ ਨੇ ਸਿਰਫ਼ ਮੋਟੀਆਂ-ਮੋਟੀਆਂ ਗੱਲਾਂ ਹੀ ਨਹੀਂ, ਸਗੋਂ ਛੋਟੀਆਂ-ਛੋਟੀਆਂ ਗੱਲਾਂ ਵੀ ਸਮਝਾਈਆਂ।  [1] ਉਨ੍ਹਾਂ ਨੇ ਯਿਸੂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਕਿ ਵਧੀਆ ਤਰੀਕੇ ਨਾਲ ਪ੍ਰਚਾਰ ਕਿੱਦਾਂ ਕੀਤਾ ਜਾਣਾ ਚਾਹੀਦਾ ਹੈ। ਫਿਰ ਸਾਰੇ ਚੇਲੇ ਪ੍ਰਚਾਰ ਕਰਨ ਚਲੇ ਗਏ। ਉਨ੍ਹਾਂ ਨੇ ਯਿਸੂ ਨੂੰ ਪ੍ਰਚਾਰ ਕਰਦਿਆਂ ਦੇਖਿਆ ਜਿਸ ਕਰਕੇ ਉਹ ਵੀ ਵਧੀਆ ਸਿੱਖਿਅਕ ਬਣੇ। (ਮੱਤੀ 11:1) ਅਸੀਂ ਵੀ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਵਧੀਆ ਪ੍ਰਚਾਰਕ ਬਣਨ ਦੀ ਸਿਖਲਾਈ ਦੇ ਸਕਦੇ ਹਾਂ। ਆਓ ਆਪਾਂ ਦੋ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਨਾਲ ਅਸੀਂ ਉਨ੍ਹਾਂ ਦੀ ਮਦਦ ਕਰ ਸਕਾਂਗੇ।

8, 9. (ੳ) ਯਿਸੂ ਨੇ ਪ੍ਰਚਾਰ ਵਿਚ ਲੋਕਾਂ ਨਾਲ ਕਿਵੇਂ ਗੱਲ ਕੀਤੀ? (ਅ) ਅਸੀਂ ਨਵੇਂ ਪ੍ਰਚਾਰਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਯਿਸੂ ਵਾਂਗ ਲੋਕਾਂ ਨਾਲ ਗੱਲ ਕਰਨ?

8 ਲੋਕਾਂ ਨਾਲ ਗੱਲਬਾਤ ਕਰੋ। ਯਿਸੂ ਨੇ ਭੀੜਾਂ ਨਾਲ ਗੱਲ ਕਰਨ ਦੇ ਨਾਲ-ਨਾਲ ਕਦੇ-ਕਦੇ ਇਕੱਲਿਆਂ ਵਿਚ ਵੀ ਲੋਕਾਂ ਨਾਲ ਰਾਜ ਬਾਰੇ ਗੱਲਾਂ ਕੀਤੀਆਂ। ਮਿਸਾਲ ਲਈ, ਉਸ ਨੇ ਸੁਖਾਰ ਸ਼ਹਿਰ ਦੇ ਨੇੜੇ ਯਾਕੂਬ ਦੇ ਖੂਹ ’ਤੇ ਇਕ ਔਰਤ ਨਾਲ ਵਧੀਆ ਗੱਲਬਾਤ ਕੀਤੀ ਜਿਸ ਦੇ ਚੰਗੇ ਨਤੀਜਾ ਨਿਕਲੇ। (ਯੂਹੰ. 4:5-30) ਉਸ ਨੇ ਮੱਤੀ ਲੇਵੀ ਨਾਂ ਦੇ ਟੈਕਸ ਵਸੂਲਣ ਵਾਲੇ ਆਦਮੀ ਨਾਲ ਵੀ ਗੱਲ ਕੀਤੀ। ਭਾਵੇਂ ਕਿ ਇਨ੍ਹਾਂ ਦੀ ਗੱਲਬਾਤ ਬਾਰੇ ਬਾਈਬਲ ਬਹੁਤ ਘੱਟ ਦੱਸਦੀ ਹੈ, ਪਰ ਮੱਤੀ ਨੇ ਯਿਸੂ ਦੇ ਚੇਲੇ ਬਣਨ ਦਾ ਸੱਦਾ ਸਵੀਕਾਰ ਕੀਤਾ ਸੀ। ਮੱਤੀ ਨੇ ਯਿਸੂ ਅਤੇ ਹੋਰਨਾਂ ਨੂੰ ਆਪਣੇ ਘਰ ਦਾਅਵਤ ’ਤੇ ਬੁਲਾਇਆ। ਉੱਥੇ ਮੱਤੀ ਦੇ ਨਾਲ-ਨਾਲ ਹੋਰਨਾਂ ਨੇ ਵੀ ਯਿਸੂ ਦੀਆਂ ਕਾਫ਼ੀ ਗੱਲਾਂ ਸੁਣੀਆਂ।​—ਮੱਤੀ 9:9; ਲੂਕਾ 5:27-39.

9 ਇਕ ਮੌਕੇ ’ਤੇ ਯਿਸੂ ਨੇ ਨਥਾਨਿਏਲ ਨਾਲ ਦੋਸਤਾਨਾ ਅੰਦਾਜ਼ ਵਿਚ ਗੱਲ ਕੀਤੀ। ਨਥਾਨਿਏਲ ਨਾਸਰਤ ਦੇ ਲੋਕਾਂ ਬਾਰੇ ਗ਼ਲਤ ਸੋਚਦਾ ਸੀ। ਪਰ ਯਿਸੂ ਦੀਆਂ ਗੱਲਾਂ ਸੁਣ ਕੇ ਉਸ ਨੇ ਆਪਣੀ ਸੋਚ ਬਦਲੀ। ਭਾਵੇਂ ਯਿਸੂ ਨਾਸਰਤ ਤੋਂ ਸੀ, ਫਿਰ ਵੀ ਉਹ ਯਿਸੂ ਤੋਂ ਹੋਰ ਸਿੱਖਣਾ ਚਾਹੁੰਦਾ ਸੀ। (ਯੂਹੰ. 1:46-51) ਸੋ ਸਾਨੂੰ ਨਵੇਂ ਪ੍ਰਚਾਰਕਾਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਲੋਕਾਂ ਨਾਲ ਪਿਆਰ, ਆਰਾਮ ਅਤੇ ਦੋਸਤਾਨਾ ਤਰੀਕੇ ਨਾਲ ਗੱਲ ਕਰਨ।  [2] ਜਦੋਂ ਅਸੀਂ ਨਵੇਂ ਪ੍ਰਚਾਰਕਾਂ ਦੀ ਇੱਦਾਂ ਮਦਦ ਕਰਾਂਗੇ, ਤਾਂ ਲੋਕ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਗੇ ਜਿਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲੇਗੀ।

10-12. (ੳ) ਯਿਸੂ ਨੇ ਉਨ੍ਹਾਂ ਲੋਕਾਂ ਦੀ ਰੁਚੀ ਕਿੱਦਾਂ ਵਧਾਈ ਜੋ ਖ਼ੁਸ਼ ਖ਼ਬਰੀ ਬਾਰੇ ਹੋਰ ਜਾਣਨਾ ਚਾਹੁੰਦੇ ਸਨ? (ਅ) ਅਸੀਂ ਨਵੇਂ ਪ੍ਰਚਾਰਕਾਂ ਦੀ ਵਧੀਆ ਪ੍ਰਚਾਰ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ?

10 ਦਿਲਚਸਪੀ ਰੱਖਣ ਵਾਲਿਆਂ ਨੂੰ ਦੁਬਾਰਾ ਮਿਲੋ। ਪ੍ਰਚਾਰ ਕਰਨ ਲਈ ਯਿਸੂ ਕੋਲ ਸਿਰਫ਼ ਸਾਢੇ ਤਿੰਨ ਸਾਲ ਸਨ। ਫਿਰ ਵੀ ਉਸ ਨੇ ਉਨ੍ਹਾਂ ਲੋਕਾਂ ਲਈ ਸਮਾਂ ਕੱਢਿਆ ਜੋ ਖ਼ੁਸ਼ ਖ਼ਬਰੀ ਬਾਰੇ ਹੋਰ ਜਾਣਨਾ ਚਾਹੁੰਦੇ ਸਨ। ਮਿਸਾਲ ਲਈ, ਇਕ ਦਿਨ ਭੀੜ ਨੂੰ ਸਿਖਾਉਣ ਲਈ ਯਿਸੂ ਨੇ ਕਿਸ਼ਤੀ ਤੋਂ ਭਾਸ਼ਣ ਦਿੱਤਾ। ਉਸ ਦਿਨ ਯਿਸੂ ਦੇ ਚਮਤਕਾਰ ਕਰਕੇ ਪਤਰਸ ਨੇ ਬਹੁਤਾਤ ਵਿਚ ਮੱਛੀਆਂ ਫੜੀਆਂ। ਯਿਸੂ ਨੇ ਪਤਰਸ ਨੂੰ ਕਿਹਾ: “ਹੁਣ ਤੋਂ ਤੂੰ ਇਨਸਾਨਾਂ ਨੂੰ ਫੜੇਂਗਾ, ਜਿਵੇਂ ਤੂੰ ਮੱਛੀਆਂ ਫੜਦਾ ਹੈਂ।” ਯਿਸੂ ਦੀਆਂ ਗੱਲਾਂ ਅਤੇ ਚਮਤਕਾਰ ਦਾ ਪਤਰਸ ਉੱਤੇ ਕੀ ਅਸਰ ਪਿਆ? ਪਤਰਸ ਅਤੇ ਉਸ ਨਾਲ ਕੰਮ ਕਰਨ ਵਾਲੇ ਬੰਦੇ “ਆਪਣੀਆਂ ਕਿਸ਼ਤੀਆਂ ਵਾਪਸ ਕੰਢੇ ’ਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਉਸ ਦੇ ਪਿੱਛੇ-ਪਿੱਛੇ ਤੁਰ ਪਏ।”​—ਲੂਕਾ 5:1-11.

11 ਮਹਾਸਭਾ ਦਾ ਮੈਂਬਰ ਨਿਕੁਦੇਮੁਸ ਯਿਸੂ ਦੀਆਂ ਸਿੱਖਿਆਵਾਂ ਬਾਰੇ ਹੋਰ ਜਾਣਨਾ ਚਾਹੁੰਦਾ ਸੀ। ਪਰ ਲੋਕਾਂ ਦੇ ਡਰ ਕਰਕੇ ਉਹ ਸੋਚਦਾ ਸੀ ਕਿ ਜੇ ਲੋਕਾਂ ਨੇ ਉਸ ਨੂੰ ਯਿਸੂ ਨਾਲ ਗੱਲ ਕਰਦਿਆਂ ਦੇਖ ਲਿਆ, ਤਾਂ ਉਹ ਉਸ ਬਾਰੇ ਕੀ ਕਹਿਣਗੇ। ਯਿਸੂ ਹਲਾਤਾਂ ਮੁਤਾਬਕ ਢਲ਼ ਜਾਂਦਾ ਸੀ ਅਤੇ ਲੋਕਾਂ ਨਾਲ ਗੱਲ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਇਸ ਲਈ ਨਿਕੁਦੇਮੁਸ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਰਾਤ ਨੂੰ ਯਿਸੂ ਨੂੰ ਮਿਲਣ ਆਇਆ। ਯਿਸੂ ਨੇ ਉਸ ਨੂੰ ਮਿਲਣ ਤੋਂ ਇਨਕਾਰ ਨਹੀਂ ਕੀਤਾ। (ਯੂਹੰ. 3:1, 2) ਅਸੀਂ ਇਨ੍ਹਾਂ ਬਿਰਤਾਂਤਾਂ ਤੋਂ ਕੀ ਸਿੱਖ ਸਕਦੇ ਹਾਂ? ਪਰਮੇਸ਼ੁਰ ਦਾ ਪੁੱਤਰ ਲੋਕਾਂ ਦੀ ਨਿਹਚਾ ਵਧਾਉਣ ਲਈ ਹਮੇਸ਼ਾ ਸਮਾਂ ਕੱਢਦਾ ਸੀ। ਕੀ ਸਾਨੂੰ ਉਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣਾ ਅਤੇ ਬਾਈਬਲ ਅਧਿਐਨ ਨਹੀਂ ਕਰਵਾਉਣਾ ਚਾਹੀਦਾ ਜੋ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹਨ?

12 ਜੇ ਅਸੀਂ ਨਵੇਂ ਪ੍ਰਚਾਰਕਾਂ ਦੀ ਵਧੀਆ ਪ੍ਰਚਾਰਕ ਬਣਨ ਵਿਚ ਮਦਦ ਕਰਨੀ ਚਾਹੁੰਦੇ ਹਾਂ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨਾਲ ਪ੍ਰਚਾਰ ’ਤੇ ਜਾਈਏ। ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਉਹ ਉਨ੍ਹਾਂ ਲੋਕਾਂ ਨੂੰ ਵੀ ਜਾ ਕੇ ਮਿਲਣ ਜੋ ਥੋੜ੍ਹੀ-ਬਹੁਤੀ ਦਿਲਚਸਪੀ ਦਿਖਾਉਂਦੇ ਹਨ। ਜਦੋਂ ਅਸੀਂ ਲੋਕਾਂ ਨੂੰ ਦੂਸਰੀ ਵਾਰ ਮਿਲਣ ਜਾਂਦੇ ਹਾਂ ਜਾਂ ਬਾਈਬਲ ਅਧਿਐਨ ਕਰਵਾਉਣ ਜਾਂਦੇ ਹਾਂ, ਤਾਂ ਅਸੀਂ ਨਵੇਂ ਪ੍ਰਚਾਰਕਾਂ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹਾਂ। ਜੇ ਅਸੀਂ ਘੱਟ ਤਜਰਬੇਕਾਰ ਪ੍ਰਚਾਰਕਾਂ ਨੂੰ ਇੱਦਾਂ ਦੀ ਸਿਖਲਾਈ ਅਤੇ ਹੱਲਾਸ਼ੇਰੀ ਦੇਵਾਂਗੇ, ਤਾਂ ਉਹ ਜ਼ਰੂਰ ਲੋਕਾਂ ਨੂੰ ਦੁਬਾਰਾ ਮਿਲਣਗੇ ਅਤੇ ਖ਼ੁਦ ਸਟੱਡੀਆਂ ਕਰਾਉਣਗੇ। ਨਾਲੇ ਉਹ ਇਹ ਵੀ ਸਿੱਖਣਗੇ ਕਿ ਦਿਲ ਹਾਰਨ ਦੀ ਬਜਾਇ ਉਨ੍ਹਾਂ ਨੂੰ ਧੀਰਜ ਰੱਖਣ ਅਤੇ ਪ੍ਰਚਾਰ ਵਿਚ ਲੱਗੇ ਰਹਿਣ ਦੀ ਲੋੜ ਹੈ।​—ਗਲਾ. 5:22; “ਉਸ ਨੇ ਹਾਰ ਨਹੀਂ ਮੰਨੀ” ਨਾਂ ਦੀ ਡੱਬੀ ਦੇਖੋ।

ਭੈਣਾਂ-ਭਰਾਵਾਂ ਦੀ ਸੇਵਾ ਕਰਨ ਵਿਚ ਨਵਿਆਂ ਨੂੰ ਸਿਖਲਾਈ ਦਿਓ

13, 14. (ੳ) ਤੁਸੀਂ ਉਨ੍ਹਾਂ ਬਾਈਬਲ ਪਾਤਰਾਂ ਬਾਰੇ ਕੀ ਸੋਚਦੇ ਹੋ ਜਿਨ੍ਹਾਂ ਨੇ ਦੂਸਰਿਆਂ ਦੀ ਖ਼ਾਤਰ ਕੁਰਬਾਨੀਆਂ ਕੀਤੀਆਂ ਸਨ? (ਅ) ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਨਵੇਂ ਪ੍ਰਚਾਰਕਾਂ ਅਤੇ ਨੌਜਵਾਨਾਂ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਉਣਾ ਸਿਖਾ ਸਕਦੇ ਹੋ?

13 ਕਈ ਬਾਈਬਲ ਬਿਰਤਾਂਤਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਕੋਲ “ਭਰਾਵਾਂ ਲਈ ਸੱਚਾ ਪਿਆਰ” ਦਿਖਾਉਣ ਅਤੇ ਇਕ-ਦੂਜੇ ਦੀ ਸੇਵਾ ਕਰਨ ਦਾ ਕਿੰਨਾ ਵੱਡਾ ਸਨਮਾਨ ਹੈ। (ਲੂਕਾ 22:24-27; 1 ਪਤਰਸ 1:22 ਪੜ੍ਹੋ।) ਦੂਜਿਆਂ ਦੀ ਸੇਵਾ ਕਰਨ ਵਿਚ ਪਰਮੇਸ਼ੁਰ ਦੇ ਪੁੱਤਰ ਨੇ ਕੋਈ ਕਸਰ ਨਹੀਂ ਛੱਡੀ, ਇੱਥੋਂ ਤਕ ਕਿ ਆਪਣੀ ਜਾਨ ਦਾ ਵੀ ਸਰਫ਼ਾ ਨਹੀਂ ਕੀਤਾ। (ਮੱਤੀ 20:28) ਦੋਰਕਸ “ਦੂਜਿਆਂ ਲਈ ਭਲੇ ਕੰਮ ਕਰਨ ਅਤੇ ਪੁੰਨ-ਦਾਨ ਕਰਨ ਵਿਚ ਲੱਗੀ ਰਹਿੰਦੀ ਸੀ।” (ਰਸੂ. 9:36, 39) ਰੋਮ ਵਿਚ ਰਹਿਣ ਵਾਲੀ ਮਰੀਅਮ ਨਾਂ ਦੀ ਭੈਣ ਮੰਡਲੀ ਦੇ ਭੈਣਾਂ-ਭਰਾਵਾਂ ਲਈ “ਬੜੀ ਮਿਹਨਤ” ਕਰਦੀ ਹੁੰਦੀ ਸੀ। (ਰੋਮੀ. 16:6) ਅਸੀਂ ਨਵੇਂ ਲੋਕਾਂ ਦੀ ਇਹ ਗੱਲ ਸਮਝਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਕਿ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਕਿੰਨੀ ਜ਼ਰੂਰੀ ਹੈ?

ਨਵੇਂ ਲੋਕਾਂ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਪ੍ਰਤੀ ਪਿਆਰ ਦਿਖਾਉਣਾ ਸਿਖਾਓ (ਪੈਰੇ 13, 14 ਦੇਖੋ)

14 ਜਦੋਂ ਸਮਝਦਾਰ ਮਸੀਹੀ ਬੀਮਾਰ ਜਾਂ ਬਿਰਧ ਭੈਣਾਂ-ਭਰਾਵਾਂ ਨੂੰ ਮਿਲਣ ਜਾਂਦੇ ਹਨ, ਤਾਂ ਉਹ ਨਵੇਂ ਲੋਕਾਂ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹਨ। ਜੇ ਮਾਪਿਆਂ ਨੂੰ ਠੀਕ ਲੱਗੇ, ਤਾਂ ਉਹ ਆਪਣੇ ਬੱਚਿਆਂ ਨੂੰ ਨਾਲ ਲਿਜਾ ਸਕਦੇ ਹਨ। ਮੰਡਲੀ ਦੇ ਬਜ਼ੁਰਗ ਭੈਣਾਂ-ਭਰਾਵਾਂ ਨਾਲ ਮਿਲ ਕੇ ਪ੍ਰਬੰਧ ਕਰ ਸਕਦੇ ਹਨ ਤਾਂਕਿ ਬਿਰਧ ਭੈਣਾਂ-ਭਰਾਵਾਂ ਨੂੰ ਖਾਣਾ ਪਹੁੰਚਾਇਆ ਜਾਵੇ ਅਤੇ ਉਨ੍ਹਾਂ ਦੇ ਘਰ ਦੀ ਮੁਰੰਮਤ ਕੀਤੀ ਜਾਵੇ। ਇੱਦਾਂ ਕਰਨ ਨਾਲ ਨੌਜਵਾਨ ਅਤੇ ਨਵੇਂ ਲੋਕ ਦੂਜਿਆਂ ਦਾ ਭਲਾ ਕਰਨਾ ਸਿੱਖਣਗੇ। ਜਦੋਂ ਇਕ ਬਜ਼ੁਰਗ ਭਰਾ ਦੂਰ ਪਿੰਡਾਂ ਵਿਚ ਪ੍ਰਚਾਰ ਕਰਨ ਜਾਂਦਾ ਸੀ, ਤਾਂ ਉਹ ਉੱਥੇ ਰਹਿਣ ਵਾਲੇ ਭੈਣਾਂ-ਭਰਾਵਾਂ ਨੂੰ ਵੀ ਮਿਲਣ ਜਾਂਦਾ ਸੀ। ਇਕ ਨੌਜਵਾਨ ਭਰਾ ਅਕਸਰ ਉਸ ਭਰਾ ਨਾਲ ਜਾਂਦਾ ਸੀ ਜਿਸ ਕਰਕੇ ਉਹ ਸਿੱਖ ਸਕਿਆ ਕਿ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਉਣਾ ਕਿੰਨਾ ਜ਼ਰੂਰੀ ਹੈ।​—ਰੋਮੀ. 12:10.

15. ਬਜ਼ੁਰਗਾਂ ਨੂੰ ਮੰਡਲੀ ਦੇ ਭਰਾਵਾਂ ਦੀ ਤਰੱਕੀ ਕਰਨ ਵਿਚ ਮਦਦ ਕਿਉਂ ਕਰਨੀ ਚਾਹੀਦੀ ਹੈ?

15 ਯਹੋਵਾਹ ਨੇ ਮੰਡਲੀ ਵਿਚ ਸਿਖਾਉਣ ਦੀ ਜ਼ਿੰਮੇਵਾਰੀ ਭਰਾਵਾਂ ਨੂੰ ਦਿੱਤੀ ਹੈ। ਸੋ ਭਰਾਵਾਂ ਲਈ ਕਿੰਨਾ ਜ਼ਰੂਰੀ ਹੈ ਕਿ ਉਹ ਆਪਣੀ ਸਿਖਾਉਣ ਦੀ ਕਲਾ ਨਿਖਾਰਨ। ਬਜ਼ੁਰਗ ਹੋਣ ਦੇ ਨਾਤੇ, ਕੀ ਤੁਸੀਂ ਆਪਣੀ ਮੰਡਲੀ ਦੇ ਸਹਾਇਕ ਸੇਵਕਾਂ ਵੱਲੋਂ ਦਿੱਤੇ ਜਾਣ ਵਾਲੇ ਭਾਸ਼ਣ ਪਹਿਲਾਂ ਸੁਣ ਸਕਦੇ ਹੋ? ਤੁਹਾਡੀ ਮਦਦ ਸਦਕਾ ਉਹ ਸ਼ਾਇਦ ਪਰਮੇਸ਼ੁਰ ਦੇ ਬਚਨ ਤੋਂ ਸਿਖਾਉਣ ਦੀ ਆਪਣੀ ਕਲਾ ਨਿਖਾਰ ਸਕੇ।​—ਨਹ. 8:8.  [3]

16, 17. (ੳ) ਪੌਲੁਸ ਨੇ ਤਿਮੋਥਿਉਸ ਦੀ ਤਰੱਕੀ ਕਰਨ ਵਿਚ ਕਿਵੇਂ ਮਦਦ ਕੀਤੀ? (ਅ) ਮੰਡਲੀ ਦੇ ਬਜ਼ੁਰਗ ਆਉਣ ਵਾਲੇ ਕੱਲ੍ਹ ਵਿਚ ਬਣਨ ਵਾਲੇ ਚਰਵਾਹਿਆਂ ਨੂੰ ਸਿਖਲਾਈ ਕਿਵੇਂ ਦੇ ਸਕਦੇ ਹਨ?

16 ਅੱਜ ਮੰਡਲੀ ਵਿਚ ਚਰਵਾਹਿਆਂ ਦੀ ਬਹੁਤ ਲੋੜ ਹੈ। ਨਾਲੇ ਉਨ੍ਹਾਂ ਭਰਾਵਾਂ ਨੂੰ ਸਿਖਲਾਈ ਦਿੰਦੇ ਰਹਿਣ ਦੀ ਲੋੜ ਹੈ ਜਿਨ੍ਹਾਂ ਨੇ ਅੱਗੇ ਜਾ ਕੇ ਚਰਵਾਹਿਆਂ ਵਜੋਂ ਜ਼ਿੰਮੇਵਾਰੀਆਂ ਸੰਭਾਲਣੀਆਂ ਹਨ। ਪੌਲੁਸ ਨੇ ਬਜ਼ੁਰਗ ਹੋਣ ਦੇ ਨਾਤੇ ਤਿਮੋਥਿਉਸ ਨੂੰ ਸਿਖਲਾਈ ਦਿੱਤੀ। ਇਸ ਦੇ ਨਾਲ-ਨਾਲ ਉਸ ਨੂੰ ਇਹ ਵੀ ਕਿਹਾ ਕਿ ਉਹ ਵੀ ਅੱਗੇ ਜਾ ਕੇ ਦੂਜਿਆਂ ਨੂੰ ਸਿਖਲਾਈ ਦੇਵੇ। ਪੌਲੁਸ ਨੇ ਉਸ ਨੂੰ ਕਿਹਾ: “ਮੇਰੇ ਬੇਟੇ, ਤੂੰ ਉਸ ਅਪਾਰ ਕਿਰਪਾ ਰਾਹੀਂ ਤਕੜਾ ਹੁੰਦਾ ਰਹਿ ਜੋ ਯਿਸੂ ਮਸੀਹ ਦੀ ਸੰਗਤ ਵਿਚ ਰਹਿਣ ਨਾਲ ਮਿਲਦੀ ਹੈ, ਅਤੇ ਜੋ ਗੱਲਾਂ ਤੂੰ ਮੇਰੇ ਤੋਂ ਸੁਣੀਆਂ ਸਨ ਅਤੇ ਜਿਨ੍ਹਾਂ ਦੀ ਬਹੁਤ ਸਾਰੇ ਗਵਾਹਾਂ ਨੇ ਹਾਮੀ ਭਰੀ ਸੀ, ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ ਤਾਂਕਿ ਉਹ ਵੀ ਅੱਗੋਂ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣਨ।” (2 ਤਿਮੋ. 2:1, 2) ਤਿਮੋਥਿਉਸ ਨੇ ਪੌਲੁਸ ਤੋਂ ਸਿੱਖੀਆਂ ਗੱਲਾਂ ਪ੍ਰਚਾਰ ਅਤੇ ਹੋਰਨਾਂ ਦੀ ਸੇਵਾ ਕਰਨ ਵਿਚ ਇਸਤੇਮਾਲ ਕੀਤੀਆਂ।​—2 ਤਿਮੋ. 3:10-12.

17 ਪੌਲੁਸ ਨੇ ਤਿਮੋਥਿਉਸ ਨੂੰ ਸਿਖਲਾਈ ਦੇਣ ਵਿਚ ਢਿੱਲ-ਮੱਠ ਨਹੀਂ ਕੀਤੀ। ਉਹ ਨੌਜਵਾਨ ਤਿਮੋਥਿਉਸ ਨੂੰ ਸਫ਼ਰ ’ਤੇ ਆਪਣੇ ਨਾਲ ਲੈ ਕੇ ਗਿਆ। (ਰਸੂ. 16:1-5) ਜਦੋਂ ਮੰਡਲੀ ਦੇ ਬਜ਼ੁਰਗ ਕਿਸੇ ਨੂੰ ਉਤਸ਼ਾਹ ਜਾਂ ਸਲਾਹ ਦੇਣ ਲਈ ਮਿਲਣ ਜਾਂਦੇ ਹਨ, ਤਾਂ ਉਹ ਕਾਬਲ ਸਹਾਇਕ ਸੇਵਕਾਂ ਨੂੰ ਆਪਣੇ ਨਾਲ ਲਿਜਾ ਸਕਦੇ ਹਨ। ਇੱਦਾਂ ਕਰ ਕੇ ਉਹ ਪੌਲੁਸ ਦੀ ਰੀਸ ਕਰਦੇ ਹਨ। ਸਹਾਇਕ ਸੇਵਕ ਮੰਡਲੀ ਦੇ ਬਜ਼ੁਰਗਾਂ ਤੋਂ ਸਿੱਖਣਗੇ ਕਿ ਦੂਸਰਿਆਂ ਨਾਲ ਪਿਆਰ ਅਤੇ ਧੀਰਜ ਨਾਲ ਕਿਵੇਂ ਪੇਸ਼ ਆਉਣਾ ਹੈ। ਨਾਲੇ ਉਹ ਇਹ ਵੀ ਸਿੱਖਣਗੇ ਕਿ ਝੁੰਡ ਦੀ ਚਰਵਾਹੀ ਕਰਦਿਆਂ ਬਜ਼ੁਰਗ ਕਿਵੇਂ ਯਹੋਵਾਹ ’ਤੇ ਭਰੋਸਾ ਰੱਖਦੇ ਹਨ। ਇਹ ਸਾਰਾ ਕੁਝ ਕਰ ਕੇ ਮੰਡਲੀ ਦੇ ਬਜ਼ੁਰਗ ਆਉਣ ਵਾਲੇ ਸਮੇਂ ਵਿਚ ਬਣਨ ਵਾਲੇ ਚਰਵਾਹਿਆਂ ਦੀ ਮਦਦ ਕਰ ਸਕਣਗੇ ਤਾਂਕਿ ਉਹ “ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ” ਕਰ ਸਕਣ।​—1 ਪਤ. 5:2.

ਦੂਸਰਿਆਂ ਨੂੰ ਸਿਖਾਉਣ ਦੀ ਅਹਿਮੀਅਤ

18. ਸਾਨੂੰ ਸਿਖਲਾਈ ਦੇਣ ਦੇ ਕੰਮ ਨੂੰ ਕਿਉਂ ਅਹਿਮੀਅਤ ਦੇਣੀ ਚਾਹੀਦੀ ਹੈ?

18 ਇਨ੍ਹਾਂ ਆਖ਼ਰੀ ਦਿਨਾਂ ਵਿਚ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਵਧੀਆ ਪ੍ਰਚਾਰਕ ਬਣਨ ਲਈ ਸਿਖਲਾਈ ਦੀ ਲੋੜ ਹੈ। ਨਾਲੇ ਭਰਾਵਾਂ ਨੂੰ ਸਿੱਖਣ ਦੀ ਲੋੜ ਹੈ ਤਾਂਕਿ ਉਹ ਮੰਡਲੀ ਦੀ ਦੇਖ-ਭਾਲ ਕਰ ਸਕਣ। ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਸੇਵਕ ਕੋਈ ਵੀ ਜ਼ਿੰਮੇਵਾਰੀ ਸੰਭਾਲਣ ਦੇ ਕਾਬਲ ਬਣਨ। ਇਸ ਲਈ ਉਸ ਨੇ ਸਾਨੂੰ ਨਵੇਂ ਲੋਕਾਂ ਨੂੰ ਸਿਖਲਾਈ ਦੇਣ ਦਾ ਸਨਮਾਨ ਦਿੱਤਾ ਹੈ। ਸੋ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਿਸੂ ਅਤੇ ਪੌਲੁਸ ਵਾਂਗ ਦੂਸਰਿਆਂ ਨੂੰ ਸਿਖਾਉਣ ਵਿਚ ਸਖ਼ਤ ਮਿਹਨਤ ਕਰੀਏ। ਇਸ ਲਈ ਸਾਨੂੰ ਵੱਧ ਤੋਂ ਵੱਧ ਲੋਕਾਂ ਨੂੰ ਸਿਖਲਾਈ ਦੇਣ ਦੀ ਲੋੜ ਹੈ ਕਿਉਂਕਿ ਅੰਤ ਆਉਣ ਤੋਂ ਪਹਿਲਾਂ ਅਜੇ ਬਹੁਤ ਕੰਮ ਬਾਕੀ ਪਿਆ ਹੈ।

19. ਤੁਸੀਂ ਇਸ ਗੱਲ ਦਾ ਯਕੀਨ ਕਿਉਂ ਰੱਖ ਸਕਦੇ ਹੋ ਕਿ ਦੂਸਰਿਆਂ ਨੂੰ ਸਿਖਲਾਈ ਦੇਣ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਵਿਅਰਥ ਨਹੀਂ ਜਾਣਗੀਆਂ?

19 ਇਹ ਸੱਚ ਹੈ ਕਿ ਦੂਸਰਿਆਂ ਨੂੰ ਸਿਖਲਾਈ ਦੇਣ ਵਿਚ ਬਹੁਤ ਸਮਾਂ ਅਤੇ ਮਿਹਨਤ ਲੱਗਦੀ ਹੈ। ਪਰ ਯਹੋਵਾਹ ਅਤੇ ਉਸ ਦਾ ਪਿਆਰਾ ਪੁੱਤਰ ਦੂਸਰਿਆਂ ਨੂੰ ਸਿਖਲਾਈ ਦੇਣ ਵਿਚ ਸਾਡੀ ਮਦਦ ਕਰਨਗੇ ਅਤੇ ਸਾਨੂੰ ਬੁੱਧ ਦੇਣਗੇ। ਸਾਡੀ ਖ਼ੁਸ਼ੀ ਦਾ ਉਦੋਂ ਕੋਈ ਟਿਕਾਣਾ ਨਹੀਂ ਰਹੇਗਾ ਜਦੋਂ ਅਸੀਂ ਦੇਖਾਂਗੇ ਕਿ ਇਹ “ਪੂਰੀ ਵਾਹ ਲਾ ਕੇ ਸਖ਼ਤ ਮਿਹਨਤ” ਕਰ ਰਹੇ ਹਨ। (1 ਤਿਮੋ. 4:10) ਆਓ ਆਪਾਂ ਸਾਰੇ ਜਣੇ ਸੱਚਾਈ ਵਿਚ ਤਰੱਕੀ ਕਰਦੇ ਰਹੀਏ, ਪਰਮੇਸ਼ੁਰੀ ਗਣ ਪੈਦਾ ਕਰਦੇ ਰਹੀਏ ਅਤੇ ਯਹੋਵਾਹ ਦੇ ਹੋਰ ਵੀ ਨੇੜੇ ਜਾਂਦੇ ਰਹੀਏ।

^ [1] (ਪੈਰਾ 7) ਇਹ ਕੁਝ ਗੱਲਾਂ ਹਨ ਜਿਹੜੀਆਂ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਈਆਂ: (1) ਰਾਜ ਦਾ ਪ੍ਰਚਾਰ ਕਰੋ। (2) ਪਰਮੇਸ਼ੁਰ ’ਤੇ ਭਰੋਸਾ ਰੱਖੋ ਕਿ ਉਹ ਤੁਹਾਡੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰੇਗਾ। (3) ਪ੍ਰਚਾਰ ਵਿਚ ਲੋਕਾਂ ਨਾਲ ਬਹਿਸ ਨਾ ਕਰੋ। (4) ਵਿਰੋਧ ਆਉਣ ’ਤੇ ਪਰਮੇਸ਼ੁਰ ਉੱਤੇ ਭਰੋਸਾ ਰੱਖੋ। (5) ਲੋਕਾਂ ਤੋਂ ਨਾ ਡਰੋ।

^ [2] (ਪੈਰਾ 9) ਪ੍ਰਚਾਰ ਵਿਚ ਲੋਕਾਂ ਨਾਲ ਗੱਲ ਕਰਨ ਬਾਰੇ ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 62-64 ’ਤੇ ਬਹੁਤ ਵਧੀਆ ਸੁਝਾਅ ਦਿੱਤੇ ਗਏ ਹਨ।

^ [3] (ਪੈਰਾ 15) ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 52-61 ’ਤੇ ਵਧੀਆ ਭਾਸ਼ਣਕਾਰ ਬਣਨ ਲਈ ਕਾਰਗਰ ਸਲਾਹਾਂ ਦਿੱਤੀਆਂ ਗਈਆਂ ਹਨ।