Skip to content

Skip to table of contents

ਜੀਵਨੀ

ਦੇਣ ਵਿਚ ਮੈਨੂੰ ਖ਼ੁਸ਼ੀ ਮਿਲੀ

ਦੇਣ ਵਿਚ ਮੈਨੂੰ ਖ਼ੁਸ਼ੀ ਮਿਲੀ

12 ਸਾਲ ਦੀ ਉਮਰ ਵਿਚ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੇਰੇ ਕੋਲ ਦੂਜਿਆਂ ਨੂੰ ਦੇਣ ਲਈ ਕੁਝ ਅਨਮੋਲ ਸੀ। ਸੰਮੇਲਨ ਵਿਚ ਇਕ ਭਰਾ ਨੇ ਮੈਨੂੰ ਪੁੱਛਿਆ, ‘ਕੀ ਤੂੰ ਪ੍ਰਚਾਰ ਕਰਨਾ ਚਾਹੁੰਦਾ?’ ਮੈਂ ਕਿਹਾ, “ਹਾਂ ਜੀ।” ਪਰ ਮੈਂ ਤਾਂ ਕਦੇ ਪ੍ਰਚਾਰ ਕੀਤਾ ਹੀ ਨਹੀਂ। ਅਸੀਂ ਪ੍ਰਚਾਰ ਕਰਨ ਗਏ ਅਤੇ ਉਸ ਨੇ ਮੈਨੂੰ ਪਰਮੇਸ਼ੁਰ ਦੇ ਰਾਜ ਬਾਰੇ ਕੁਝ ਪੁਸਤਿਕਾਵਾਂ ਦਿੱਤੀਆਂ। ਉਸ ਨੇ ਕਿਹਾ: “ਤੂੰ ਗਲੀ ਦੇ ਇਕ ਪਾਸੇ ਪ੍ਰਚਾਰ ਕਰ ਤੇ ਮੈਂ ਦੂਜੇ ਪਾਸੇ ਕਰਦਾ।” ਮੈਂ ਘਬਰਾਇਆ ਹੋਇਆ ਸੀ। ਮੈਂ ਘਰ-ਘਰ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਮੈਨੂੰ ਹੈਰਾਨੀ ਹੋਈ ਕਿ ਮੈਂ ਥੋੜ੍ਹੀ ਦੇਰ ਵਿਚ ਹੀ ਸਾਰੀਆਂ ਪੁਸਤਿਕਾਵਾਂ ਦੇ ਦਿੱਤੀਆਂ ਸਨ। ਇਸ ਤੋਂ ਸਾਫ਼ ਪਤਾ ਲੱਗਾ ਕਿ ਮੇਰੇ ਕੋਲ ਜੋ ਕੁਝ ਦੇਣ ਨੂੰ ਸੀ, ਉਸ ਨੂੰ ਬਹੁਤ ਸਾਰੇ ਲੋਕ ਲੈਣਾ ਚਾਹੁੰਦੇ ਸਨ।

ਮੇਰਾ ਜਨਮ 1923 ਵਿਚ ਇੰਗਲੈਂਡ ਦੇ ਕੈਂਟ ਪ੍ਰਾਂਤ ਦੇ ਚੈਟਹਾਮ ਕਸਬੇ ਵਿਚ ਹੋਇਆ। ਮੇਰੀ ਪਰਵਰਿਸ਼ ਨਿਰਾਸ਼ਾ ਨਾਲ ਭਰੀ ਦੁਨੀਆਂ ਵਿਚ ਹੋਈ। ਲੋਕ ਉਮੀਦ ਕਰਦੇ ਸਨ ਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆਂ ਦੇ ਹਾਲਾਤ ਵਧੀਆ ਹੋ ਜਾਣਗੇ। ਪਰ ਇਸ ਤਰ੍ਹਾਂ ਨਹੀਂ ਹੋਇਆ। ਮੇਰੇ ਮਾਪੇ ਵੀ ਨਿਰਾਸ਼ ਸਨ ਕਿਉਂਕਿ ਪਾਦਰੀ ਸਿਰਫ਼ ਆਪਣੇ ਫ਼ਾਇਦੇ ਬਾਰੇ ਹੀ ਸੋਚ ਰਹੇ ਸਨ। ਜਦੋਂ ਮੈਂ ਲਗਭਗ ਨੌਂ ਸਾਲਾਂ ਦਾ ਸੀ, ਤਾਂ ਮੇਰੇ ਮੰਮੀ ਜੀ ਯਹੋਵਾਹ ਦੇ ਗਵਾਹਾਂ ਦੀਆਂ “ਕਲਾਸਾਂ” ਯਾਨੀ ਸਭਾਵਾਂ ਵਿਚ ਜਾਣ ਲੱਗ ਪਏ। ਇਨ੍ਹਾਂ ਨੂੰ ਉਸ ਸਮੇਂ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਐਸੋਸੀਏਸ਼ਨ ਕਿਹਾ ਜਾਂਦਾ ਸੀ। ਉੱਥੇ ਇਕ ਭੈਣ ਸਾਨੂੰ ਚਾਰ ਨਿਆਣਿਆਂ ਨੂੰ ਬਾਈਬਲ ਦੀਆਂ ਕਹਾਣੀਆਂ ਸੁਣਾਉਂਦੀ ਸੀ। ਨਾਲੇ ਉਹ ਸਾਨੂੰ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਕਿਤਾਬ ਵਿੱਚੋਂ ਵੀ ਦੱਸਦੀ ਹੁੰਦੀ ਸੀ। ਮੈਂ ਜੋ ਵੀ ਸਿੱਖਦਾ ਸੀ, ਮੈਨੂੰ ਵਧੀਆ ਲੱਗਦਾ ਸੀ।

ਸਿਆਣੇ ਭਰਾਵਾਂ ਤੋਂ ਸਿੱਖਣਾ

ਅੱਲ੍ਹੜ ਉਮਰ ਵਿਚ ਮੈਨੂੰ ਪਰਮੇਸ਼ੁਰ ਦੇ ਬਚਨ ਤੋਂ ਲੋਕਾਂ ਨੂੰ ਉਮੀਦ ਦੇ ਕੇ ਖ਼ੁਸ਼ੀ ਮਿਲਦੀ ਸੀ। ਭਾਵੇਂ ਕਿ ਮੈਂ ਅਕਸਰ ਇਕੱਲਾ ਘਰ-ਘਰ ਪ੍ਰਚਾਰ ਕਰਨ ਜਾਂਦਾ ਸੀ, ਪਰ ਮੈਂ ਦੂਜਿਆਂ ਨਾਲ ਵੀ ਪ੍ਰਚਾਰ ਕਰ ਕੇ ਸਿੱਖਦਾ ਸੀ। ਮਿਸਾਲ ਲਈ, ਇਕ ਦਿਨ ਮੈਂ ਇਕ ਸਿਆਣੇ ਭਰਾ ਨਾਲ ਸਾਈਕਲ ’ਤੇ ਪ੍ਰਚਾਰ ਕਰਨ ਜਾ ਰਿਹਾ ਸੀ, ਤਾਂ ਅਸੀਂ ਇਕ ਪਾਦਰੀ ਕੋਲੋਂ ਦੀ ਲੰਘੇ। ਮੈਂ ਕਿਹਾ: “ਉਹ ਦੇਖੋ ਬੱਕਰੀ।” ਭਰਾ ਨੇ ਆਪਣਾ ਸਾਈਕਲ ਰੋਕਿਆ। ਉਸ ਨੇ ਮੈਨੂੰ ਇਕ ਵੱਢੇ ਹੋਏ ਦਰਖ਼ਤ ’ਤੇ ਆਪਣੇ ਨਾਲ ਬੈਠਣ ਨੂੰ ਕਿਹਾ। ਉਸ ਨੇ ਮੈਨੂੰ ਪੁੱਛਿਆ: “ਤੈਨੂੰ ਕਿਸ ਨੇ ਇਹ ਨਿਆਂ ਕਰਨ ਦਾ ਅਧਿਕਾਰ ਦਿੱਤਾ ਕਿ ਕੌਣ ਬੱਕਰੀ ਹੈ? ਸਾਨੂੰ ਲੋਕਾਂ ਨੂੰ ਸਿਰਫ਼ ਖ਼ੁਸ਼ ਖ਼ਬਰੀ ਸੁਣਾਉਣੀ ਚਾਹੀਦੀ ਹੈ, ਪਰ ਨਿਆਂ ਦਾ ਕੰਮ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਣਾ ਚਾਹੀਦਾ ਹੈ।” ਉਨ੍ਹਾਂ ਦਿਨਾਂ ਵਿਚ ਮੈਂ ਸਿੱਖਿਆ ਕਿ ਦੇਣ ਨਾਲ ਕਿੰਨੀ ਜ਼ਿਆਦਾ ਖ਼ੁਸ਼ੀ ਮਿਲਦੀ ਹੈ।​—ਮੱਤੀ 25:31-33; ਰਸੂ. 20:35.

ਇਕ ਹੋਰ ਭਰਾ ਨੇ ਮੈਨੂੰ ਸਿਖਾਇਆ ਕਿ ਇਹ ਖ਼ੁਸ਼ੀ ਪਾਉਣ ਲਈ ਸਾਨੂੰ ਕਈ ਵਾਰ ਧੀਰਜ ਰੱਖਣਾ ਪੈਂਦਾ ਹੈ। ਉਸ ਦੀ ਪਤਨੀ ਯਹੋਵਾਹ ਦੇ ਗਵਾਹਾਂ ਨੂੰ ਪਸੰਦ ਨਹੀਂ ਕਰਦੀ ਸੀ। ਇਕ ਵਾਰ ਭਰਾ ਨੇ ਮੈਨੂੰ ਆਪਣੇ ਘਰ ਚਾਹ ’ਤੇ ਬੁਲਾਇਆ। ਉਸ ਦੀ ਪਤਨੀ ਬਹੁਤ ਗੁੱਸੇ ਵਿਚ ਸੀ ਕਿਉਂਕਿ ਉਹ ਪ੍ਰਚਾਰ ’ਤੇ ਗਿਆ ਹੋਇਆ ਸੀ। ਪਤਨੀ ਨੇ ਗੁੱਸੇ ਵਿਚ ਸਾਡੇ ’ਤੇ ਚਾਹ-ਪੱਤੀ ਦੇ ਛੋਟੇ-ਛੋਟੇ ਪੈਕਟ ਸੁੱਟੇ। ਆਪਣੀ ਪਤਨੀ ਨੂੰ ਝਿੜਕਣ ਦੀ ਬਜਾਇ ਉਸ ਨੇ ਚੁੱਪ-ਚਾਪ ਚਾਹ-ਪੱਤੀ ਦੇ ਪੈਕਟ ਆਪਣੀ ਜਗ੍ਹਾ ’ਤੇ ਰੱਖ ਦਿੱਤੇ। ਕਈ ਸਾਲਾਂ ਬਾਅਦ ਉਸ ਨੂੰ ਆਪਣੇ ਧੀਰਜ ਦਾ ਫਲ ਮਿਲਿਆ ਜਦੋਂ ਉਸ ਦੀ ਪਤਨੀ ਯਹੋਵਾਹ ਦੀ ਗਵਾਹ ਬਣ ਗਈ।

ਦੂਜਿਆਂ ਨੂੰ ਭਵਿੱਖ ਬਾਰੇ ਉਮੀਦ ਦੇਣ ਦੀ ਮੇਰੀ ਇੱਛਾ ਵਧਦੀ ਗਈ। ਮਾਰਚ 1940 ਵਿਚ ਮੈਂ ਅਤੇ ਮੇਰੇ ਮੰਮੀ ਜੀ ਨੇ ਡੋਵਰ ਨਾਂ ਦੇ ਕਸਬੇ ਵਿਚ ਬਪਤਿਸਮਾ ਲੈ ਲਿਆ। ਜਦੋਂ ਮੈਂ 16 ਸਾਲਾਂ ਦਾ ਸੀ, ਤਾਂ ਸਤੰਬਰ 1939 ਵਿਚ ਇੰਗਲੈਂਡ ਨੇ ਜਰਮਨੀ ’ਤੇ ਯੁੱਧ ਦਾ ਐਲਾਨ ਕਰ ਦਿੱਤਾ। ਜੂਨ 1940 ਵਿਚ ਮੈਂ ਆਪਣੇ ਘਰ ਦੇ ਬੂਹੇ ਤੋਂ ਹਜ਼ਾਰਾਂ ਹੀ ਫ਼ੌਜੀਆਂ ਨੂੰ ਟਰੱਕਾਂ ਵਿਚ ਜਾਂਦਿਆਂ ਦੇਖਿਆ। ਉਹ ਡਨਕਰਕ ਦੇ ਯੁੱਧ ਵਿੱਚੋਂ ਬਚ ਕੇ ਆਏ ਸਨ। ਉਨ੍ਹਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਨੇ ਯੁੱਧ ਵਿਚ ਬਹੁਤ ਹੀ ਭਿਆਨਕ ਚੀਜ਼ਾਂ ਦੇਖੀਆਂ ਸਨ। ਇਸ ਕਰਕੇ ਉਹ ਸਦਮੇ ਵਿਚ ਸਨ। ਮੈਨੂੰ ਉਨ੍ਹਾਂ ਦੀਆਂ ਅੱਖਾਂ ਵਿਚ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆਈ। ਮੇਰਾ ਬੜਾ ਦਿਲ ਸੀ ਕਿ ਮੈਂ ਉਨ੍ਹਾਂ ਨੂੰ ਜਾ ਕੇ ਪਰਮੇਸ਼ੁਰ ਦੇ ਰਾਜ ਬਾਰੇ ਦੱਸਾਂ। ਉਸੇ ਸਾਲ ਜਰਮਨੀ ਨੇ ਇੰਗਲੈਂਡ ’ਤੇ ਲਗਾਤਾਰ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ। ਮੈਂ ਦੇਖਦਾ ਸੀ ਕਿ ਜਰਮਨ ਦੇ ਲੜਾਕੂ ਜਹਾਜ਼ ਰਾਤ ਨੂੰ ਸਾਡੇ ਕਸਬੇ ਉੱਪਰੋਂ ਦੀ ਲੰਘਦੇ ਸਨ। ਸਾਡੇ ਦਿਲ ਹੋਰ ਵੀ ਦਹਿਲ ਜਾਂਦੇ ਸਨ ਜਦੋਂ ਅਸੀਂ ਥੱਲੇ ਆਉਂਦੇ ਬੰਬਾਂ ਦੀ ਆਵਾਜ਼ ਸੁਣਦੇ ਸੀ। ਜਦੋਂ ਅਸੀਂ ਅਗਲੇ ਦਿਨ ਬਾਹਰ ਜਾਂਦੇ ਸੀ, ਤਾਂ ਅਸੀਂ ਦੇਖਦੇ ਸੀ ਕਿ ਕੁਝ ਇਲਾਕੇ ਪੂਰੀ ਤਰ੍ਹਾਂ ਤਹਿਸ-ਨਹਿਸ ਹੋਏ ਹੁੰਦੇ ਸਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਮੇਰਾ ਯਕੀਨ ਵਧਦਾ ਗਿਆ ਕਿ ਪਰਮੇਸ਼ੁਰ ਦਾ ਰਾਜ ਹੀ ਮੈਨੂੰ ਬਚਾ ਸਕਦਾ ਹੈ।

ਮੈਂ ਦੂਜਿਆਂ ਦੀ ਮਦਦ ਕਰਨੀ ਸ਼ੁਰੂ ਕੀਤੀ

ਮੈਂ 1941 ਵਿਚ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਜਿਸ ਤੋਂ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਮੈਂ ਇੰਗਲੈਂਡ ਦੇ ਚਾਥਮ ਨਾਂ ਦੇ ਕਸਬੇ ਵਿਚ ਰਾਇਲ ਡਾਕਯਾਰਡ ’ਤੇ ਕੰਮ ਸਿੱਖਣ ਦੇ ਨਾਲ-ਨਾਲ ਉੱਥੇ ਕੰਮ ਵੀ ਕਰਦਾ ਸੀ। ਉਸ ਬੰਦਰਗਾਹ ’ਤੇ ਕਿਸ਼ਤੀਆਂ ਬਣਾਈਆਂ ਜਾਂਦੀਆਂ ਸਨ। ਉੱਥੇ ਹਰ ਕੋਈ ਕੰਮ ਕਰਨਾ ਚਾਹੁੰਦਾ ਸੀ ਕਿਉਂਕਿ ਉੱਥੇ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ। ਯਹੋਵਾਹ ਦੇ ਸੇਵਕਾਂ ਨੂੰ ਬਹੁਤ ਪਹਿਲਾਂ ਤੋਂ ਹੀ ਪਤਾ ਸੀ ਕਿ ਮਸੀਹੀਆਂ ਨੂੰ ਯੁੱਧ ਵਿਚ ਨਹੀਂ ਲੜਨਾ ਚਾਹੀਦਾ। ਲਗਭਗ 1941 ਵਿਚ ਸਾਨੂੰ ਪਤਾ ਲੱਗਾ ਕਿ ਸਾਨੂੰ ਉੱਥੇ ਕੰਮ ਨਹੀਂ ਕਰਨਾ ਚਾਹੀਦਾ ਜਿੱਥੇ ਲੜਾਈ ਦਾ ਸਾਮਾਨ ਬਣਾਇਆ ਜਾਂਦਾ ਹੈ। (ਯੂਹੰ. 18:36) ਮੈਂ ਇਹ ਕੰਮ ਛੱਡ ਦਿੱਤਾ ਕਿਉਂਕਿ ਉੱਥੇ ਪਣਡੁੱਬੀਆਂ ਬਣਾਈਆਂ ਜਾਂਦੀਆਂ ਸਨ ਤੇ ਮੈਂ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਸਭ ਤੋਂ ਪਹਿਲਾਂ ਸਿਰਨਸਿਸਟਰ ਨਾਂ ਦੇ ਸੋਹਣੇ ਕਸਬੇ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ ਜੋ ਕੋਟਸਵੋਲਡਜ਼ ਵਿਚ ਹੈ।

ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਕਰਕੇ ਮੈਨੂੰ 18 ਸਾਲਾਂ ਦੀ ਉਮਰ ਵਿਚ ਨੌਂ ਮਹੀਨਿਆਂ ਦੀ ਕੈਦ ਹੋ ਗਈ। ਮੈਂ ਬਹੁਤ ਡਰ ਗਿਆ ਜਦੋਂ ਜੇਲ੍ਹ ਵਿਚ ਮੇਰੀ ਕੋਠੜੀ ਦਾ ਦਰਵਾਜ਼ਾ ਧੜੰਮ ਦੇਣੀ ਬੰਦ ਕੀਤਾ ਗਿਆ ਤੇ ਮੈਨੂੰ ਇਕੱਲਾ ਹੀ ਛੱਡ ਦਿੱਤਾ ਗਿਆ। ਪਰ ਜਲਦੀ ਹੀ ਪਹਿਰੇਦਾਰ ਅਤੇ ਹੋਰ ਕੈਦੀ ਮੇਰੇ ਤੋਂ ਪੁੱਛਣ ਲੱਗੇ ਕਿ ਮੈਨੂੰ ਕੈਦ ਕਿਉਂ ਹੋਈ। ਮੈਨੂੰ ਬਹੁਤ ਖ਼ੁਸ਼ੀ ਹੁੰਦੀ ਸੀ ਕਿ ਮੈਂ ਉਨ੍ਹਾਂ ਨੂੰ ਪ੍ਰਚਾਰ ਕਰ ਸਕਦਾ ਸੀ।

ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਮੈਨੂੰ ਲੈਨਡ ਸਮਿਥ * ਨਾਲ ਕੈਂਟ ਦੇ ਅਲੱਗ-ਅਲੱਗ ਕਸਬਿਆਂ ਵਿਚ ਪ੍ਰਚਾਰ ਕਰਨ ਲਈ ਕਿਹਾ ਗਿਆ। ਅਸੀਂ ਦੋਵੇਂ ਕੈਂਟ ਦੇ ਹੀ ਰਹਿਣ ਵਾਲੇ ਸੀ। ਯੁੱਧ ਦੌਰਾਨ ਨਾਜ਼ੀਆਂ ਦੇ ਜਹਾਜ਼ ਲੰਡਨ ਵਿਚ ਬੰਬ ਸੁੱਟਣ ਲਈ ਕੈਂਟ ਉੱਪਰੋਂ ਦੀ ਲੰਘਦੇ ਸਨ। 1944 ਤੋਂ ਕੈਂਟ ਪ੍ਰਾਂਤ ਵਿਚ ਹਜ਼ਾਰ ਤੋਂ ਜ਼ਿਆਦਾ ਬੰਬ ਸੁੱਟੇ ਗਏ। ਇਹ ਬੰਬ ਅਸਲ ਵਿਚ ਬਾਰੂਦ ਨਾਲ ਭਰੇ ਲੜਾਕੂ ਜਹਾਜ਼ ਹੁੰਦੇ ਸਨ, ਜਿਨ੍ਹਾਂ ਵਿਚ ਕੋਈ ਪਾਇਲਟ ਨਹੀਂ ਸੀ ਹੁੰਦਾ। ਇਨ੍ਹਾਂ ਨੂੰ ਡੂਡਲ ਬਗੱਜ਼ ਕਿਹਾ ਜਾਂਦਾ ਸੀ। ਜਦੋਂ ਸਾਨੂੰ ਇੰਜਣ ਬੰਦ ਹੋਣ ਦੀ ਆਵਾਜ਼ ਸੁਣਾਈ ਦਿੰਦੀ ਸੀ, ਤਾਂ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਜਹਾਜ਼ ਡਿਗਣ ਨਾਲ ਜ਼ੋਰਦਾਰ ਧਮਾਕਾ ਹੋਵੇਗਾ। ਇਸ ਕਰਕੇ ਸਾਰਿਆਂ ਦੇ ਦਿਲਾਂ ਵਿਚ ਡਰ ਛਾਇਆ ਹੋਇਆ ਸੀ। ਅਸੀਂ ਇਕ ਪਰਿਵਾਰ ਨਾਲ ਸਟੱਡੀ ਕਰਦੇ ਹੁੰਦੇ ਸੀ। ਅਸੀਂ ਕਈ ਵਾਰ ਲੋਹੇ ਦੇ ਮੇਜ਼ ਥੱਲੇ ਬਹਿ ਜਾਂਦੇ ਸੀ ਤਾਂਕਿ ਜੇ ਕਦੇ ਘਰ ਡਿਗ ਜਾਵੇ, ਤਾਂ ਅਸੀਂ ਸੁਰੱਖਿਅਤ ਰਹਿ ਸਕੀਏ। ਬਾਅਦ ਵਿਚ ਉਸ ਪਰਿਵਾਰ ਦੇ ਪੰਜੇ ਜੀਆਂ ਨੇ ਬਪਤਿਸਮਾ ਲੈ ਲਿਆ।

ਹੋਰ ਦੇਸ਼ ਵਿਚ ਖ਼ੁਸ਼ ਖ਼ਬਰੀ ਸੁਣਾਉਣੀ

ਆਇਰਲੈਂਡ ਵਿਚ ਪਾਇਨੀਅਰਿੰਗ ਦੌਰਾਨ ਵੱਡੇ ਸੰਮੇਲਨ ਦੀ ਮਸ਼ਹੂਰੀ ਕਰਦੇ ਹੋਏ

ਯੁੱਧ ਤੋਂ ਬਾਅਦ ਮੈਂ ਦੱਖਣੀ ਆਇਰਲੈਂਡ ਵਿਚ ਦੋ ਸਾਲ ਪਾਇਨੀਅਰਿੰਗ ਕੀਤੀ। ਮੈਨੂੰ ਤੇ ਮੇਰੇ ਸਾਥੀ ਨੂੰ ਪਤਾ ਨਹੀਂ ਸੀ ਕਿ ਆਇਰਲੈਂਡ ਇੰਗਲੈਂਡ ਤੋਂ ਕਿੰਨਾ ਜ਼ਿਆਦਾ ਵੱਖਰਾ ਸੀ। ਅਸੀਂ ਘਰ-ਘਰ ਜਾ ਕੇ ਲੋਕਾਂ ਤੋਂ ਪੁੱਛਿਆ ਕਿ ਉਨ੍ਹਾਂ ਦੇ ਘਰ ਕਿਰਾਏ ’ਤੇ ਕੋਈ ਕਮਰਾ ਖਾਲੀ ਹੈ ਕਿਉਂਕਿ ਅਸੀਂ ਇੱਥੇ ਪ੍ਰਚਾਰ ਕਰਨ ਆਏ ਹਾਂ। ਨਾਲੇ ਅਸੀਂ ਸੜਕ ’ਤੇ ਰਸਾਲੇ ਦਿੰਦੇ ਸੀ। ਬਹੁਤ ਸਾਰੇ ਲੋਕ ਸਾਨੂੰ ਮਹਾਂ-ਮੂਰਖ ਸਮਝਦੇ ਸਨ ਕਿ ਅਸੀਂ ਕੱਟੜ ਕੈਥੋਲਿਕ ਲੋਕਾਂ ਨੂੰ ਪ੍ਰਚਾਰ ਕਰ ਰਹੇ ਸੀ। ਜਦੋਂ ਇਕ ਆਦਮੀ ਨੇ ਸਾਨੂੰ ਡਰਾਇਆ-ਧਮਕਾਇਆ, ਤਾਂ ਮੈਂ ਪੁਲਿਸ ਵਾਲੇ ਨੂੰ ਦੱਸਿਆ। ਉਸ ਨੇ ਕਿਹਾ: “ਤੁਸੀਂ ਕੀ ਸੋਚਿਆ, ਉਹ ਤੁਹਾਡਾ ਸੁਆਗਤ ਕਰੇਗਾ?” ਅਸੀਂ ਸੋਚਿਆ ਹੀ ਨਹੀਂ ਸੀ ਕਿ ਉੱਥੇ ਪਾਦਰੀਆਂ ਦਾ ਇੰਨਾ ਦਬਦਬਾ ਸੀ। ਜੇ ਲੋਕ ਸਾਡੀਆਂ ਕਿਤਾਬਾਂ ਲੈਂਦੇ ਸਨ, ਤਾਂ ਪਾਦਰੀ ਉਨ੍ਹਾਂ ਨੂੰ ਕੰਮ ਤੋਂ ਕਢਵਾ ਦਿੰਦੇ ਸਨ। ਨਾਲੇ ਸਾਨੂੰ ਵੀ ਕਮਰੇ ਤੋਂ ਕਢਵਾ ਦਿੰਦੇ ਸਨ।

ਸਾਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਜਦੋਂ ਅਸੀਂ ਕਿਸੇ ਨਵੀਂ ਜਗ੍ਹਾ ਰਹਿਣ ਜਾਂਦੇ ਸੀ, ਤਾਂ ਉੱਥੇ ਲਾਗੇ ਪ੍ਰਚਾਰ ਕਰਨ ਦੀ ਬਜਾਇ ਦੂਰ ਜਾ ਕੇ ਪ੍ਰਚਾਰ ਕਰਨਾ ਵਧੀਆ ਸੀ। ਕਿਉਂ? ਕਿਉਂਕਿ ਅਸੀਂ ਜਿਸ ਜਗ੍ਹਾ ਪ੍ਰਚਾਰ ਕਰਨ ਜਾਂਦੇ ਸੀ, ਉੱਥੇ ਦਾ ਪਾਦਰੀ ਸਾਨੂੰ ਜਾਣਦਾ ਨਹੀਂ ਸੀ ਹੁੰਦਾ। ਅਸੀਂ ਬਾਅਦ ਵਿਚ ਆਪਣੇ ਨੇੜੇ ਦੇ ਇਲਾਕਿਆਂ ਵਿਚ ਪ੍ਰਚਾਰ ਕਰਦੇ ਸੀ। ਕਿਲਕੈਨੀ ਵਿਚ ਕੁਝ ਲੋਕਾਂ ਨੇ ਸਾਡਾ ਸਖ਼ਤ ਵਿਰੋਧ ਕੀਤਾ। ਪਰ ਇਸ ਦੇ ਬਾਵਜੂਦ ਵੀ ਅਸੀਂ ਉੱਥੇ ਇਕ ਨੌਜਵਾਨ ਨੂੰ ਹਫ਼ਤੇ ਵਿਚ ਤਿੰਨ ਵਾਰ ਸਟੱਡੀ ਕਰਾਉਂਦੇ ਸੀ। ਮੈਂ ਮਿਸ਼ਨਰੀ ਸਿਖਲਾਈ ਲੈਣੀ ਚਾਹੁੰਦਾ ਸੀ ਕਿਉਂਕਿ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਣਾ ਮੈਨੂੰ ਬਹੁਤ ਚੰਗਾ ਲੱਗਦਾ ਸੀ। ਇਸ ਲਈ ਮੈਂ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਲਈ ਫਾਰਮ ਭਰ ਦਿੱਤਾ।

1948 ਤੋਂ 1953 ਤਕ ਸੀਬੀਆ ਕਿਸ਼ਤੀ ਸਾਡਾ ਮਿਸ਼ਨਰੀ ਘਰ ਸੀ

ਨਿਊਯਾਰਕ ਵਿਚ ਪੰਜ ਮਹੀਨਿਆਂ ਦੀ ਸਿਖਲਾਈ ਲੈਣ ਤੋਂ ਬਾਅਦ ਸਾਨੂੰ ਚਾਰ ਜਣਿਆਂ ਨੂੰ ਕੈਰੀਬੀਅਨ ਸਾਗਰ ਦੇ ਛੋਟੇ ਟਾਪੂਆਂ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ। ਨਵੰਬਰ 1948 ਵਿਚ ਅਸੀਂ ਸਿਬੀਆ ਨਾਂ ਦੀ ਬਾਦਬਾਨੀ ਕਿਸ਼ਤੀ ਵਿਚ ਨਿਊਯਾਰਕ ਤੋਂ ਤੁਰ ਪਏ। ਇਹ ਕਿਸ਼ਤੀ 59 ਫੁੱਟ (18 ਮੀਟਰ) ਲੰਬੀ ਸੀ। ਮੈਂ ਕਦੇ ਕਿਸ਼ਤੀ ਵਿਚ ਸਫ਼ਰ ਨਹੀਂ ਕੀਤਾ ਸੀ, ਇਸ ਲਈ ਮੈਂ ਉਤਸੁਕ ਸੀ। ਸਾਡੇ ਚਾਰਾਂ ਵਿੱਚੋਂ ਭਰਾ ਗਸਟ ਮੇਕੀ ਨੂੰ ਚੰਗੀ ਤਰ੍ਹਾਂ ਕਿਸ਼ਤੀ ਚਲਾਉਣੀ ਆਉਂਦੀ ਸੀ। ਉਸ ਨੇ ਸਾਨੂੰ ਕਿਸ਼ਤੀ ਚਲਾਉਣ ਬਾਰੇ ਕੁਝ ਗੱਲਾਂ ਦੱਸੀਆਂ, ਜਿਵੇਂ ਕਿਸ਼ਤੀ ਵਿਚ ਲੱਗੇ ਬਾਦਬਾਨਾਂ ਨੂੰ ਕਿਵੇਂ ਖੋਲ੍ਹਣਾ ਤੇ ਬੰਦ ਕਰਨਾ, ਕੰਪਾਸ ਦੀ ਮਦਦ ਨਾਲ ਆਪਣੀ ਮੰਜ਼ਲ ਤਕ ਕਿੱਦਾਂ ਪਹੁੰਚਣਾ ਅਤੇ ਤੇਜ਼ ਹਵਾ ਦੇ ਬਾਵਜੂਦ ਵੀ ਕਿਸ਼ਤੀ ਨੂੰ ਕਿਵੇਂ ਚਲਾਉਣਾ। ਭਰਾ ਗਸਤ ਨੇ 30 ਦਿਨ ਵਧੀਆ ਤਰੀਕੇ ਨਾਲ ਕਿਸ਼ਤੀ ਚਲਾਈ ਭਾਵੇਂ ਕਿ ਕਈ ਵਾਰ ਭਾਰੀ ਤੂਫ਼ਾਨ ਵੀ ਆਏ। ਅਸੀਂ ਸਹੀ ਸਲਾਮਤ ਬਹਾਮਾ ਪਹੁੰਚ ਗਏ।

“ਦੂਰ ਦੇ ਟਾਪੂਆਂ ਵਿੱਚ ਇਹ ਦੱਸੋ”

ਅਸੀਂ ਕੁਝ ਮਹੀਨੇ ਬਹਾਮਾ ਦੇ ਛੋਟੇ-ਛੋਟੇ ਟਾਪੂਆਂ ’ਤੇ ਪ੍ਰਚਾਰ ਕੀਤਾ। ਇਸ ਤੋਂ ਬਾਅਦ ਅਸੀਂ ਲੀਵਾਰਡ ਅਤੇ ਵਿੰਡਵਰਡ ਟਾਪੂਆਂ ਨੂੰ ਤੁਰ ਪਏ। ਇਹ ਛੋਟੇ-ਛੋਟੇ ਟਾਪੂ ਵਰਜਿਨ ਦੀਪ-ਸਮੂਹ ਅਤੇ ਤ੍ਰਿਨੀਦਾਦ ਟਾਪੂ ਦੇ ਵਿਚਕਾਰ ਲਗਭਗ 800 ਕਿਲੋਮੀਟਰ (500 ਮੀਲ) ਤਕ ਫੈਲੇ ਹੋਏ ਹਨ। ਪੰਜ ਸਾਲਾਂ ਤਕ ਅਸੀਂ ਜ਼ਿਆਦਾਤਰ ਦੂਰ-ਦੁਰਾਡੇ ਟਾਪੂਆਂ ’ਤੇ ਹੀ ਪ੍ਰਚਾਰ ਕੀਤਾ ਜਿੱਥੇ ਕੋਈ ਯਹੋਵਾਹ ਦਾ ਗਵਾਹ ਨਹੀਂ ਸੀ। ਕਈ ਵਾਰ ਤਾਂ ਅਸੀਂ ਕਈ-ਕਈ ਹਫ਼ਤੇ ਨਾ ਤਾਂ ਕਿਸੇ ਨੂੰ ਚਿੱਠੀ ਭੇਜ ਸਕਦੇ ਸੀ ਤੇ ਨਾ ਹੀ ਸਾਨੂੰ ਕਿਸੇ ਦੀ ਚਿੱਠੀ ਮਿਲ ਸਕਦੀ ਸੀ। ਪਰ ਅਸੀਂ ਕਿੰਨੇ ਖ਼ੁਸ਼ ਸੀ ਕਿ ਅਸੀਂ ਟਾਪੂਆਂ ’ਤੇ ਜਾ ਕੇ ਯਹੋਵਾਹ ਦਾ ਬਚਨ ਸੁਣਾ ਰਹੇ ਸੀ!—ਯਿਰ. 31:10.

ਸੀਬੀਆ ਕਿਸ਼ਤੀ ’ਤੇ ਸਵਾਰ ਭਰਾ (ਖੱਬੇ ਤੋਂ ਸੱਜੇ): ਰੋਨ ਪਾਰਕਿਨ, ਡਿਕ ਰੀਡ, ਗਸਟ ਮੇਕੀ ਅਤੇ ਸਟੈਨਲੀ ਕਾਟਰ

ਜਦੋਂ ਅਸੀਂ ਬੰਦਰਗਾਹ ’ਤੇ ਪਹੁੰਚਦੇ ਸੀ, ਤਾਂ ਲੋਕ ਸਾਨੂੰ ਦੇਖਣ ਲਈ ਇਕੱਠੇ ਹੋ ਜਾਂਦੇ ਸਨ। ਕੁਝ ਜਣਿਆਂ ਨੇ ਨਾ ਤਾਂ ਕਦੀ ਬਾਦਬਾਨੀ ਕਿਸ਼ਤੀ ਦੇਖੀ ਸੀ ਤੇ ਨਾ ਹੀ ਕਿਸੇ ਗੋਰੇ ਨੂੰ ਦੇਖਿਆ ਸੀ। ਉੱਥੇ ਦੇ ਲੋਕ ਦੋਸਤਾਨਾ ਸੁਭਾਅ ਅਤੇ ਧਾਰਮਿਕ ਖ਼ਿਆਲਾਂ ਦੇ ਸਨ ਜੋ ਬਾਈਬਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹ ਅਕਸਰ ਸਾਨੂੰ ਤਾਜ਼ੀ ਮੱਛੀ, ਫਲ ਅਤੇ ਮੂੰਗਫਲੀ ਦਿੰਦੇ ਸਨ। ਸਾਡੀ ਕਿਸ਼ਤੀ ਵਿਚ ਸੌਣ, ਖਾਣਾ ਬਣਾਉਣ ਜਾਂ ਕੱਪੜੇ ਧੋਣ ਲਈ ਬਹੁਤ ਥੋੜ੍ਹੀ ਜਗ੍ਹਾ ਸੀ, ਪਰ ਅਸੀਂ ਥੋੜ੍ਹੀ ਜਗ੍ਹਾ ਵਿਚ ਹੀ ਸਾਰ ਲੈਂਦੇ ਸੀ।

ਅਸੀਂ ਕਿਸ਼ਤੀ ਕੰਢੇ ’ਤੇ ਲਾ ਦਿੰਦੇ ਸੀ ਅਤੇ ਸਾਰਾ ਦਿਨ ਜਾ ਕੇ ਲੋਕਾਂ ਨੂੰ ਮਿਲਦੇ ਸੀ। ਅਸੀਂ ਉਨ੍ਹਾਂ ਨੂੰ ਦੱਸਦੇ ਸੀ ਕਿ ਸ਼ਾਮ ਨੂੰ ਬਾਈਬਲ-ਆਧਾਰਿਤ ਭਾਸ਼ਣ ਹੋਵੇਗਾ। ਫਿਰ ਸ਼ਾਮ ਨੂੰ ਅਸੀਂ ਕਿਸ਼ਤੀ ਦੀ ਘੰਟੀ ਵਜਾਉਂਦੇ ਸੀ। ਲੋਕਾਂ ਨੂੰ ਆਉਂਦਿਆਂ ਦੇਖ ਕੇ ਸਾਨੂੰ ਵਧੀਆ ਲੱਗਦਾ ਸੀ। ਪਹਾੜਾਂ ਤੋਂ ਥੱਲੇ ਉੱਤਰਦਿਆਂ ਉਨ੍ਹਾਂ ਦੇ ਹੱਥਾਂ ਵਿਚ ਫੜੇ ਲੈਂਪ ਤਾਰਿਆਂ ਵਾਂਗ ਟਿਮਟਿਮਾਉਂਦੇ ਸਨ। ਕਈ ਵਾਰ ਸੈਂਕੜੇ ਲੋਕ ਆਉਂਦੇ ਸਨ ਅਤੇ ਉਹ ਕਾਫ਼ੀ ਦੇਰ ਤਕ ਸਾਡੇ ਤੋਂ ਸਵਾਲ ਪੁੱਛਦੇ ਰਹਿੰਦੇ ਸਨ। ਉਨ੍ਹਾਂ ਨੂੰ ਗਾਣੇ ਗਾ ਕੇ ਮਜ਼ਾ ਆਉਂਦਾ ਸੀ। ਇਸ ਲਈ ਅਸੀਂ ਰਾਜ ਦੇ ਕੁਝ ਗੀਤ ਲਿਖ ਕੇ ਵੰਡ ਦਿੰਦੇ ਸੀ। ਅਸੀਂ ਚਾਰੋਂ ਜਣੇ ਵਧੀਆ ਤਰੀਕੇ ਨਾਲ ਗੀਤ ਗਾਉਣ ਦੀ ਪੂਰੀ ਕੋਸ਼ਿਸ਼ ਕਰਦੇ ਸੀ। ਫਿਰ ਲੋਕ ਸਾਡੇ ਨਾਲ ਸੁਰ ਨਾਲ ਸੁਰ ਮਿਲਾ ਕੇ ਗਾਉਂਦੇ ਸਨ। ਕਿੰਨਾ ਹੀ ਵਧੀਆ ਸਮਾਂ ਸੀ!

ਬਾਈਬਲ ਸਟੱਡੀਆਂ ਕਰਨ ਤੋਂ ਬਾਅਦ ਕੁਝ ਵਿਦਿਆਰਥੀ ਸਾਡੇ ਨਾਲ ਅਗਲੇ ਘਰ ਆ ਜਾਂਦੇ ਸਨ ਤਾਂਕਿ ਉਹ ਉੱਥੇ ਵੀ ਸਾਡੀਆਂ ਗੱਲਾਂ ਸੁਣ ਸਕਣ। ਕੁਝ ਹਫ਼ਤਿਆਂ ਬਾਅਦ ਸਾਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਪੈਂਦਾ ਸੀ। ਪਰ ਅਸੀਂ ਅਕਸਰ ਵਧੀਆ ਸਟੱਡੀ ਕਰਨ ਵਾਲਿਆਂ ਨੂੰ ਉਦੋਂ ਤਕ ਹੋਰਨਾਂ ਦੀਆਂ ਸਟੱਡੀਆਂ ਕਰਾਉਣ ਲਈ ਕਹਿੰਦੇ ਸੀ ਜਦੋਂ ਤਕ ਅਸੀਂ ਮੁੜ ਕੇ ਨਹੀਂ ਆ ਜਾਂਦੇ। ਇਹ ਦੇਖ ਕੇ ਬਹੁਤ ਵਧੀਆ ਲੱਗਦਾ ਸੀ ਕਿ ਉਹ ਇਸ ਜ਼ਿੰਮੇਵਾਰੀ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਸਨ।

ਇਨ੍ਹਾਂ ਟਾਪੂਆਂ ’ਤੇ ਹਰਾ-ਹਰਾ ਪਾਣੀ, ਰੇਤਲਾ ਸਮੁੰਦਰੀ ਕੰਢਾ ਅਤੇ ਨਾਰੀਅਲ ਦੇ ਦਰਖ਼ਤ ਹਨ। ਪਹਿਲਾਂ ਇਨ੍ਹਾਂ ਟਾਪੂਆਂ ’ਤੇ ਇਕਾਂਤ ਮਾਹੌਲ ਹੁੰਦਾ ਸੀ, ਪਰ ਹੁਣ ਇਨ੍ਹਾਂ ਟਾਪੂਆਂ ’ਤੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ। ਅਸੀਂ ਅਕਸਰ ਰਾਤ ਨੂੰ ਇਕ ਟਾਪੂ ਤੋਂ ਦੂਜੇ ਟਾਪੂ ਜਾਂਦੇ ਸੀ। ਡਾਲਫਿਨ ਕਿਸ਼ਤੀ ਦੇ ਨਾਲ-ਨਾਲ ਤੈਰਦੀਆਂ ਸਨ ਅਤੇ ਕਿਸ਼ਤੀ ਦੀ ਆਵਾਜ਼ ਤੋਂ ਇਲਾਵਾ ਕੋਈ ਹੋਰ ਆਵਾਜ਼ ਨਹੀਂ ਸੀ ਸੁਣਦੀ। ਸਮੁੰਦਰ ਦਾ ਪਾਣੀ ਸ਼ਾਂਤ ਸੀ ਅਤੇ ਚੰਦਰਮਾ ਦੀ ਰੋਸ਼ਨੀ ਸਮੁੰਦਰ ਉੱਤੇ ਝਲਕਦੀ ਸੀ, ਜਿਵੇਂ ਉਸ ਨੇ ਸਾਡੇ ਲਈ ਰਾਹ ਬਣਾਇਆ ਹੋਇਆ ਹੋਵੇ।

ਟਾਪੂਆਂ ’ਤੇ ਪੰਜ ਸਾਲ ਪ੍ਰਚਾਰ ਕਰਨ ਤੋਂ ਬਾਅਦ ਅਸੀਂ ਨਵੀਂ ਇੰਜਣ ਵਾਲੀ ਕਿਸ਼ਤੀ ਖ਼ਰੀਦਣ ਲਈ ਪੋਰਟੋ ਰੀਕੋ ਟਾਪੂ ਗਏ। ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਮੈਂ ਇਕ ਮਿਸ਼ਨਰੀ ਭੈਣ ਮੈਕਸੀਨ ਬੋਇਡ ਨੂੰ ਮਿਲਿਆ ਜੋ ਬਹੁਤ ਹੀ ਸੋਹਣੀ ਸੀ। ਮੈਨੂੰ ਉਸ ਨਾਲ ਪਿਆਰ ਹੋ ਗਿਆ। ਉਹ ਬਚਪਨ ਤੋਂ ਹੀ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੀ ਸੀ। ਉਸ ਨੇ ਡਮਿਨੀਕਨ ਗਣਰਾਜ ਵਿਚ ਮਿਸ਼ਨਰੀ ਵਜੋਂ ਵੀ ਸੇਵਾ ਕੀਤੀ, ਪਰ 1950 ਵਿਚ ਕੈਥੋਲਿਕ ਸਰਕਾਰ ਨੇ ਉਸ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ। ਮੈਂ ਪੋਰਟੋ ਰੀਕੋ ਵਿਚ ਸਿਰਫ਼ ਇਕ ਮਹੀਨਾ ਰਹਿਣ ਦੀ ਇਜਾਜ਼ਤ ਲਈ ਸੀ ਕਿਉਂਕਿ ਸਾਡੀ ਆਪਣੀ ਕਿਸ਼ਤੀ ਸੀ। ਮੈਂ ਜਲਦੀ ਹੀ ਹੋਰ ਟਾਪੂਆਂ ’ਤੇ ਚਲੇ ਜਾਣਾ ਸੀ ਅਤੇ ਪਤਾ ਨਹੀਂ ਕਿ ਕਦੋਂ ਵਾਪਸ ਆਉਣਾ ਸੀ। ਸੋ ਮੈਂ ਆਪਣੇ ਆਪ ਨੂੰ ਕਿਹਾ: “ਰੋਨਲਡ, ਜੇ ਤੂੰ ਇਸ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ, ਤਾਂ ਤੈਨੂੰ ਹੁਣੇ ਕੁਝ ਕਰਨਾ ਪੈਣਾ।” ਤਿੰਨ ਹਫ਼ਤਿਆਂ ਬਾਅਦ ਮੈਂ ਉਸ ਨੂੰ ਵਿਆਹ ਬਾਰੇ ਪੁੱਛਿਆ ਅਤੇ ਛੇ ਹਫ਼ਤਿਆਂ ਬਾਅਦ ਸਾਡਾ ਵਿਆਹ ਹੋ ਗਿਆ। ਮੈਨੂੰ ਤੇ ਮੈਕਸੀਨ ਨੂੰ ਪੋਰਟੋ ਰੀਕੋ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ। ਇਸ ਕਰਕੇ ਮੈਨੂੰ ਨਵੀਂ ਕਿਸ਼ਤੀ ’ਤੇ ਜਾਣ ਦਾ ਮੌਕਾ ਹੀ ਨਹੀਂ ਮਿਲਿਆ।

1956 ਵਿਚ ਮੈਂ ਤੇ ਮੇਰੀ ਪਤਨੀ ਸਰਕਟ ਕੰਮ ਕਰਨ ਲੱਗ ਪਏ। ਬਹੁਤ ਸਾਰੇ ਭੈਣ-ਭਰਾ ਗ਼ਰੀਬ ਸਨ, ਪਰ ਉਨ੍ਹਾਂ ਨੂੰ ਮਿਲਣ ਜਾਣਾ ਸਾਨੂੰ ਬਹੁਤ ਚੰਗਾ ਲੱਗਦਾ ਸੀ। ਮਿਸਾਲ ਲਈ, ਪੌਤਾਲਾ ਪਾਸਤੈਲਿਓ ਨਾਂ ਦੇ ਪਿੰਡ ਵਿਚ ਸਿਰਫ਼ ਦੋ ਪਰਿਵਾਰ ਯਹੋਵਾਹ ਦੇ ਗਵਾਹ ਸਨ ਜਿਨ੍ਹਾਂ ਦੇ ਕਾਫ਼ੀ ਬੱਚੇ ਸਨ। ਮੈਂ ਉਨ੍ਹਾਂ ਲਈ ਬੰਸਰੀ ਵਜਾਉਂਦਾ ਹੁੰਦਾ ਸੀ। ਮੈਂ ਈਲਡਾ ਨਾਂ ਦੀ ਇਕ ਛੋਟੀ ਕੁੜੀ ਨੂੰ ਪੁੱਛਿਆ ਕਿ ਉਹ ਸਾਡੇ ਨਾਲ ਪ੍ਰਚਾਰ ’ਤੇ ਜਾਣਾ ਚਾਹੁੰਦੀ ਸੀ। ਉਸ ਨੇ ਕਿਹਾ: “ਮੈਂ ਪ੍ਰਚਾਰ ’ਤੇ ਤਾਂ ਜਾਣਾ ਚਾਹੁੰਦੀ ਹਾਂ, ਪਰ ਮੈਂ ਜਾ ਨਹੀਂ ਸਕਦੀ ਕਿਉਂਕਿ ਮੇਰੇ ਕੋਲ ਜੁੱਤੀ ਹੈ ਨਹੀਂ।” ਅਸੀਂ ਉਸ ਨੂੰ ਜੁੱਤੀ ਲੈ ਕੇ ਦਿੱਤੀ ਅਤੇ ਉਹ ਸਾਡੇ ਨਾਲ ਪ੍ਰਚਾਰ ’ਤੇ ਗਈ। ਕਈ ਸਾਲਾਂ ਬਾਅਦ ਜਦੋਂ 1972 ਵਿਚ ਮੈਂ ਅਤੇ ਮੈਕਸੀਨ ਬਰੁਕਲਿਨ ਬੈਥਲ ਗਏ, ਤਾਂ ਹੁਣੇ-ਹੁਣੇ ਗਿਲਿਅਡ ਸਕੂਲ ਤੋਂ ਗ੍ਰੈਜੂਏਟ ਹੋਈ ਇਕ ਭੈਣ ਸਾਡੇ ਨਾਲ ਗੱਲ ਕਰਨ ਆਈ। ਉਸ ਨੂੰ ਇਕਵੇਡਾਰ ਪ੍ਰਚਾਰ ਕਰਨ ਲਈ ਭੇਜਿਆ ਗਿਆ ਸੀ ਤੇ ਉਹ ਬੱਸ ਉੱਥੇ ਜਾਣ ਹੀ ਵਾਲੀ ਸੀ। ਉਸ ਨੇ ਸਾਨੂੰ ਕਿਹਾ: “ਲੱਗਦਾ ਤੁਸੀਂ ਮੈਨੂੰ ਪਛਾਣਿਆ ਨਹੀਂ। ਮੈਂ ਪਾਸਤੈਲਿਓ ਦੀ ਰਹਿਣ ਵਾਲੀ ਉਹੀ ਕੁੜੀ ਹਾਂ ਜਿਸ ਕੋਲ ਜੁੱਤੀ ਨਹੀਂ ਸੀ।” ਉਹ ਈਲਡਾ ਸੀ! ਅਸੀਂ ਇੰਨੇ ਖ਼ੁਸ਼ ਹੋਏ ਕਿ ਆਪਣੇ ਹੰਝੂ ਨਹੀਂ ਰੋਕ ਸਕੇ!

1960 ਵਿਚ ਸਾਨੂੰ ਪੋਰਟੋ ਰੀਕੋ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਇਹ ਸਾਨਤੂਰਸੇ ਜ਼ਿਲ੍ਹੇ ਵਿਚ ਸੀ ਜਿਸ ਦੀ ਰਾਜਧਾਨੀ ਸਾਨ ਹੁਆਨ ਸੀ। ਸ਼ਾਖ਼ਾ ਦਫ਼ਤਰ ਇਕ ਛੋਟੇ ਜਿਹੇ ਘਰ ਵਿਚ ਸੀ ਜਿਸ ਦੀਆਂ ਦੋ ਮੰਜ਼ਲਾਂ ਸਨ। ਇੱਥੇ ਜ਼ਿਆਦਾਤਰ ਕੰਮ ਪਹਿਲਾਂ ਮੈਂ ਤੇ ਭਰਾ ਲੈਨਾਰਟ ਜੌਨਸਨ ਕਰਦੇ ਹੁੰਦੇ ਸੀ। ਉਹ ਅਤੇ ਉਸ ਦੀ ਪਤਨੀ ਡਮਿਨੀਕਨ ਗਣਰਾਜ ਵਿਚ ਪਹਿਲੇ ਯਹੋਵਾਹ ਦੇ ਗਵਾਹ ਸਨ। ਉਹ 1957 ਵਿਚ ਪੋਰਟੋ ਰੀਕੋ ਆਏ ਸਨ। ਮੈਕਸੀਨ ਉਨ੍ਹਾਂ ਲੋਕਾਂ ਨੂੰ ਰਸਾਲੇ ਭੇਜਦੀ ਸੀ ਜਿਨ੍ਹਾਂ ਲੋਕਾਂ ਨੇ ਸਾਡੇ ਰਸਾਲੇ ਆਪਣੇ ਘਰ ਲਗਵਾਏ ਹੋਏ ਸਨ। ਉਹ ਹਰ ਹਫ਼ਤੇ ਹਜ਼ਾਰ ਤੋਂ ਜ਼ਿਆਦਾ ਰਸਾਲੇ ਭੇਜਦੀ ਸੀ। ਉਸ ਨੂੰ ਇਹ ਕੰਮ ਕਰ ਕੇ ਬਹੁਤ ਮਜ਼ਾ ਆਉਂਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਸਾਰੇ ਲੋਕ ਯਹੋਵਾਹ ਬਾਰੇ ਸਿੱਖ ਰਹੇ ਸਨ।

ਬੈਥਲ ਵਿਚ ਸੇਵਾ ਕਰ ਕੇ ਮੈਨੂੰ ਖ਼ੁਸ਼ੀ ਮਿਲਦੀ ਹੈ ਕਿਉਂਕਿ ਇੱਥੇ ਮੈਂ ਦੂਜਿਆਂ ਦੀ ਸੇਵਾ ਕਰ ਸਕਦਾ ਹਾਂ। ਪਰ ਇੱਥੇ ਸੇਵਾ ਕਰਨੀ ਚੁਣੌਤੀਆਂ ਤੋਂ ਖਾਲੀ ਨਹੀਂ ਹੈ। ਮਿਸਾਲ ਲਈ, 1967 ਵਿਚ ਪੋਰਟੋ ਰੀਕੋ ਵਿਚ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਹੋਇਆ। ਮੈਨੂੰ ਸੰਮੇਲਨ ਦੀਆਂ ਕਈ ਚੀਜ਼ਾਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਜਿਸ ਕਰਕੇ ਮੈਂ ਬੋਝ ਹੇਠ ਦੱਬਿਆ ਮਹਿਸੂਸ ਕਰਦਾ ਸੀ। ਉਸ ਸਮੇਂ ਯਹੋਵਾਹ ਦੇ ਗਵਾਹਾਂ ਦੀ ਅਗਵਾਈ ਕਰ ਰਹੇ ਭਰਾ ਨੇਥਨ ਨੌਰ ਪੋਰਟੋ ਰੀਕੋ ਆਏ। ਭਰਾ ਨੌਰ ਨੂੰ ਲੱਗਾ ਕਿ ਮੈਂ ਦੂਸਰੇ ਦੇਸ਼ਾਂ ਤੋਂ ਆਏ ਮਿਸ਼ਨਰੀਆਂ ਲਈ ਆਉਣ-ਜਾਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਦ ਕਿ ਮੈਂ ਸਾਰੇ ਪ੍ਰਬੰਧ ਕੀਤੇ ਸਨ। ਬਾਅਦ ਵਿਚ ਉਨ੍ਹਾਂ ਨੇ ਮੈਨੂੰ ਸਖ਼ਤੀ ਨਾਲ ਸਲਾਹ ਦਿੱਤੀ ਕਿ ਵਧੀਆ ਪ੍ਰਬੰਧ ਕਿਵੇਂ ਕੀਤੇ ਜਾਣੇ ਚਾਹੀਦੇ ਸਨ। ਨਾਲੇ ਕਿਹਾ ਕਿ ਉਹ ਮੇਰੇ ਕੰਮ ਤੋਂ ਬਿਲਕੁਲ ਖ਼ੁਸ਼ ਨਹੀਂ ਸਨ। ਮੈਂ ਉਨ੍ਹਾਂ ਨਾਲ ਬਹਿਸ ਨਹੀਂ ਸੀ ਕਰਨੀ ਚਾਹੁੰਦਾ, ਪਰ ਇਸ ਗੱਲ ਨੂੰ ਭੁਲਾਉਣਾ ਮੇਰੇ ਲਈ ਸੌਖਾ ਨਹੀਂ ਸੀ। ਮੈਨੂੰ ਦੁੱਖ ਲੱਗਾ ਕਿ ਉਨ੍ਹਾਂ ਨੇ ਮੈਨੂੰ ਗ਼ਲਤ ਸਮਝਿਆ। ਪਰ ਜਦੋਂ ਮੈਂ ਅਤੇ ਮੈਕਸੀਨ ਅਗਲੀ ਵਾਰ ਭਰਾ ਨੌਰ ਨੂੰ ਮਿਲੇ, ਤਾਂ ਉਨ੍ਹਾਂ ਨੇ ਸਾਨੂੰ ਆਪਣੇ ਕਮਰੇ ਵਿਚ ਖਾਣੇ ’ਤੇ ਬੁਲਾਇਆ।

ਅਸੀਂ ਪੋਰਟੋ ਰੀਕੋ ਤੋਂ ਕਈ ਵਾਰ ਆਪਣੇ ਪਰਿਵਾਰ ਨੂੰ ਇੰਗਲੈਂਡ ਮਿਲਣ ਗਏ। ਜਦੋਂ ਮੈਂ ਤੇ ਮੰਮੀ ਜੀ ਨੇ ਬਪਤਿਸਮਾ ਲਿਆ ਸੀ, ਉਦੋਂ ਡੈਡੀ ਜੀ ਨੇ ਸੱਚਾਈ ਸਵੀਕਾਰ ਨਹੀਂ ਕੀਤੀ ਸੀ। ਪਰ ਜਦੋਂ ਬੈਥਲ ਤੋਂ ਭਰਾ ਭਾਸ਼ਣ ਦੇਣ ਆਉਂਦੇ ਸਨ, ਤਾਂ ਮੰਮੀ ਜੀ ਅਕਸਰ ਉਨ੍ਹਾਂ ਨੂੰ ਸਾਡੇ ਘਰ ਰਹਿਣ ਲਈ ਕਹਿੰਦੇ ਸਨ। ਮੇਰੇ ਡੈਡੀ ਜੀ ਨੇ ਦੇਖਿਆ ਕਿ ਇਹ ਜ਼ਿੰਮੇਵਾਰ ਭਰਾ ਕਿੰਨੇ ਨਿਮਰ ਸਨ ਜੋ ਪਾਦਰੀਆਂ ਤੋਂ ਬਹੁਤ ਵੱਖਰੇ ਸਨ। ਕਈ ਸਾਲ ਪਹਿਲਾਂ ਮੇਰੇ ਡੈਡੀ ਜੀ ਇਨ੍ਹਾਂ ਪਾਦਰੀਆਂ ਤੋਂ ਘਿਣ ਕਰਦੇ ਸਨ। ਅਖ਼ੀਰ 1962 ਵਿਚ ਮੇਰੇ ਡੈਡੀ ਜੀ ਨੇ ਬਪਤਿਸਮਾ ਲੈ ਲਿਆ।

ਵਿਆਹ ਤੋਂ ਸਿਰਫ਼ ਕੁਝ ਸਮੇਂ ਬਾਅਦ ਮੈਂ ਅਤੇ ਮੈਕਸੀਨ ਪੌਰਟੋ ਰੀਕੋ ਵਿਚ ਅਤੇ 2003 ਵਿਚ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ’ਤੇ

2011 ਵਿਚ ਮੇਰੀ ਪਿਆਰੀ ਪਤਨੀ ਮੈਕਸੀਨ ਦੀ ਮੌਤ ਹੋ ਗਈ। ਮੈਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਉਸ ਨੂੰ ਜੀਉਂਦਾ ਕੀਤਾ ਜਾਵੇਗਾ। ਇੱਦਾਂ ਸੋਚ ਕੇ ਕਿੰਨੀ ਹੀ ਖ਼ੁਸ਼ੀ ਮਿਲਦੀ ਹੈ! ਅਸੀਂ ਇਕੱਠਿਆਂ ਨੇ 58 ਸਾਲ ਸੇਵਾ ਕੀਤੀ। ਇਸ ਦੌਰਾਨ ਮੈਂ ਤੇ ਮੈਕਸੀਨ ਨੇ ਪੋਰਟੋ ਰੀਕੋ ਵਿਚ ਦੇਖਿਆ ਕਿ ਲਗਭਗ 650 ਯਹੋਵਾਹ ਦੇ ਗਵਾਹ ਵਧ ਕੇ 26,000 ਹੋ ਗਏ। ਫਿਰ 2013 ਵਿਚ ਪੋਰਟੋ ਰੀਕੋ ਸ਼ਾਖ਼ਾ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ ਅਤੇ ਹੁਣ ਅਮਰੀਕਾ ਦਾ ਸ਼ਾਖ਼ਾ ਦਫ਼ਤਰ ਪੋਰਟੋ ਰੀਕੋ ਦਾ ਕੰਮ ਦੇਖਦਾ ਹੈ। ਨਾਲੇ ਮੈਨੂੰ ਵੌਲਕਿਲ, ਨਿਊਯਾਰਕ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਪੋਰਟੋ ਰੀਕੋ ਵਿਚ 60 ਸਾਲ ਬਿਤਾਉਣ ਤੋਂ ਬਾਅਦ ਮੈਨੂੰ ਲੱਗਦਾ ਸੀ ਕਿ ਮੈਂ ਉੱਥੇ ਦਾ ਹੀ ਰਹਿਣ ਵਾਲਾ ਹਾਂ। ਪਰ ਹੁਣ ਮੈਨੂੰ ਜਾਣਾ ਪੈਣਾ ਸੀ।

“ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ”

ਮੈਨੂੰ ਅਜੇ ਵੀ ਬੈਥਲ ਵਿਚ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ। ਹੁਣ ਮੇਰੀ ਉਮਰ 90 ਸਾਲਾਂ ਤੋਂ ਜ਼ਿਆਦਾ ਹੈ। ਮੇਰਾ ਕੰਮ ਬੈਥਲ ਪਰਿਵਾਰ ਦੇ ਮੈਂਬਰਾਂ ਨੂੰ ਹੌਸਲਾ ਦੇਣਾ ਹੈ। ਜਦੋਂ ਦਾ ਮੈਂ ਵੌਲਕਿਲ ਆਇਆ ਹਾਂ, ਉਦੋਂ ਤੋਂ ਮੈਂ 600 ਤੋਂ ਜ਼ਿਆਦਾ ਭੈਣਾਂ-ਭਰਾਵਾਂ ਨੂੰ ਹੌਸਲਾ ਦੇ ਚੁੱਕਾ ਹਾਂ। ਜਿਹੜੇ ਭੈਣ-ਭਰਾ ਮੇਰੇ ਕੋਲ ਆਉਂਦੇ ਹਨ, ਉਨ੍ਹਾਂ ਵਿੱਚੋਂ ਕੁਝ ਜਣੇ ਆਪਣੀਆਂ ਜਾਂ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹਨ। ਕਈ ਭੈਣ-ਭਰਾ ਮੈਥੋਂ ਸਲਾਹ ਮੰਗਦੇ ਹਨ ਕਿ ਉਹ ਬੈਥਲ ਵਿਚ ਸੇਵਾ ਕਿਵੇਂ ਕਰਦੇ ਰਹਿ ਸਕਦੇ ਹਨ। ਜਿਹੜੇ ਭੈਣਾਂ-ਭਰਾਵਾਂ ਦਾ ਨਵਾਂ-ਨਵਾਂ ਵਿਆਹ ਹੋਇਆ ਹੈ, ਉਹ ਮੇਰੇ ਤੋਂ ਵਿਆਹ ਸੰਬੰਧੀ ਸਲਾਹਾਂ ਲੈਂਦੇ ਹਨ। ਬੈਥਲ ਵਿਚ ਸੇਵਾ ਕਰਨ ਵਾਲੇ ਕਈ ਭੈਣ-ਭਰਾਵਾਂ ਨੂੰ ਪਾਇਨੀਅਰ ਵਜੋਂ ਸੇਵਾ ਕਰਨ ਲਈ ਭੇਜ ਦਿੱਤਾ ਗਿਆ ਹੈ। ਮੈਂ ਸਾਰਿਆਂ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਹਾਂ। ਜਦੋਂ ਸਹੀ ਸਮਾਂ ਹੋਵੇ, ਤਾਂ ਮੈਂ ਅਕਸਰ ਉਨ੍ਹਾਂ ਨੂੰ ਕਹਿੰਦਾ ਹਾਂ: “‘ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।’ ਸੋ ਆਪਣੇ ਕੰਮ ਤੋਂ ਖ਼ੁਸ਼ੀ ਪਾਓ ਕਿਉਂਕਿ ਅਸੀਂ ਇਹ ਕੰਮ ਯਹੋਵਾਹ ਲਈ ਕਰਦੇ ਹਾਂ।”—2 ਕੁਰਿੰ. 9:7.

ਜਿੱਦਾਂ ਹਰ ਕੰਮ ਕਰਨ ਵਿਚ ਚੁਣੌਤੀਆਂ ਆਉਂਦੀਆਂ ਹਨ, ਉੱਦਾਂ ਹੀ ਬੈਥਲ ਵਿਚ ਵੀ ਚੁਣੌਤੀਆਂ ਆਉਂਦੀਆਂ ਹਨ: ਬੱਸ ਇਸ ਗੱਲ ’ਤੇ ਧਿਆਨ ਦਿਓ ਕਿ ਅਸੀਂ ਇਹ ਕੰਮ ਕਿਉਂ ਕਰ ਰਹੇ ਹਾਂ। ਬੈਥਲ ਵਿਚ ਹਰ ਕੰਮ ਸਾਡੀ ਭਗਤੀ ਦਾ ਹਿੱਸਾ ਹੈ। ਇੱਥੇ ਕੰਮ ਕਰ ਕੇ ਅਸੀਂ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਵਿਚ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੀ ਮਦਦ ਕਰਦੇ ਹਾਂ। (ਮੱਤੀ 24:45) ਅਸੀਂ ਜਿੱਥੇ ਮਰਜ਼ੀ ਯਹੋਵਾਹ ਦੀ ਸੇਵਾ ਕਰੀਏ, ਅਸੀਂ ਉਸ ਦੀ ਮਹਿਮਾ ਕਰ ਸਕਦੇ ਹਾਂ। ਆਓ ਆਪਾਂ ਹਰ ਉਹ ਕੰਮ ਖ਼ੁਸ਼ੀ-ਖ਼ੁਸ਼ੀ ਕਰੀਏ ਜੋ ਯਹੋਵਾਹ ਸਾਨੂੰ ਕਰਨ ਨੂੰ ਕਹਿੰਦਾ ਹੈ ਕਿਉਂਕਿ “ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”

^ ਪੈਰਾ 13 ਲੈਨਡ ਸਮਿਥ ਦੀ ਜੀਵਨੀ 15 ਅਪ੍ਰੈਲ 2012 ਦੇ ਪਹਿਰਾਬੁਰਜ ਵਿਚ ਛਾਪੀ ਗਈ ਹੈ।