ਸੋਨੇ ਨਾਲੋਂ ਵੀ ਕੀਮਤੀ ਚੀਜ਼ ਦੀ ਭਾਲ ਕਰੋ
ਕੀ ਤੁਹਾਨੂੰ ਕਦੇ ਸੋਨੇ ਦਾ ਟੁਕੜਾ ਲੱਭਿਆ ਹੈ? ਬਹੁਤ ਹੀ ਘੱਟ ਲੋਕਾਂ ਨੂੰ ਲੱਭਿਆ ਹੈ। ਪਰ ਲੱਖਾਂ ਹੀ ਲੋਕਾਂ ਨੂੰ ਸੋਨੇ ਨਾਲੋਂ ਵੀ ਕੀਮਤੀ ਚੀਜ਼ ਲੱਭੀ ਹੈ। ਉਹ ਹੈ, ਪਰਮੇਸ਼ੁਰੀ ਬੁੱਧ ਜਿਸ “ਦੇ ਬਦਲੇ ਸੋਨਾ ਨਹੀਂ ਦੇਈਦਾ।”—ਅੱਯੂ. 28:12, 15.
ਯਹੋਵਾਹ ਦੇ ਗਵਾਹ ਕਈ ਤਰੀਕਿਆਂ ਨਾਲ ਸੋਨੇ ਦੀ ਭਾਲ ਕਰਨ ਵਾਲਿਆਂ ਵਾਂਗ ਹਨ। ਇਨ੍ਹਾਂ ਗਵਾਹਾਂ ਨੂੰ ਹੋਰ ਬੇਸ਼ਕੀਮਤੀ ਬੁੱਧ ਪਾਉਣ ਲਈ ਬਾਈਬਲ ਦੀਆਂ ਗੱਲਾਂ ਦੀ ਭਾਲ ਵਿਚ ਸਖ਼ਤ ਮਿਹਨਤ ਕਰਦੇ ਰਹਿਣ ਦੀ ਲੋੜ ਹੈ। ਆਓ ਆਪਾਂ ਦੇਖੀਏ ਕਿ ਸੋਨਾ ਲੱਭਣ ਦੇ ਤਿੰਨ ਤਰੀਕਿਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ।
ਸੋਨੇ ਦਾ ਟੁਕੜਾ ਲੱਭਿਆ
ਕਲਪਨਾ ਕਰੋ ਕਿ ਤੁਸੀਂ ਨਦੀ ਦੇ ਕਿਨਾਰੇ ’ਤੇ ਚੱਲ ਰਹੇ ਹੋ। ਤੁਸੀਂ ਦੇਖਦੇ ਹੋ ਕਿ ਇਕ ਛੋਟਾ ਜਿਹਾ ਪੱਥਰ ਸੂਰਜ ਦੀ ਰੋਸ਼ਨੀ ਕਰਕੇ ਚਮਕ ਰਿਹਾ ਹੈ। ਤੁਹਾਡੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ ਜਦੋਂ ਤੁਸੀਂ ਝੁਕ ਕੇ ਦੇਖਦੇ ਕਿ ਉਹ ਸੋਨੇ ਦਾ ਟੁਕੜਾ ਹੈ। ਉਹ ਡੱਬੀ ਦੀ ਤੀਲੀ ਦੇ ਸਿਰੇ ਤੋਂ ਵੀ ਛੋਟਾ ਹੈ ਅਤੇ ਇਹ ਕੀਮਤੀ ਹੀਰੇ ਨਾਲੋਂ ਵੀ ਬਹੁਤ ਘੱਟ ਪਾਇਆ ਜਾਂਦਾ ਹੈ। ਬਿਨਾਂ ਸ਼ੱਕ ਤੁਸੀਂ ਇੱਧਰ-ਉੱਧਰ ਧਿਆਨ ਨਾਲ ਦੇਖੋਗੇ ਕਿ ਕਿਤੇ ਹੋਰ ਸੋਨੇ ਦੇ ਟੁਕੜੇ ਤਾਂ ਨਹੀਂ ਪਏ।
ਇਸੇ ਤਰ੍ਹਾਂ ਤੁਹਾਨੂੰ ਉਹ ਦਿਨ ਯਾਦ ਹੋਵੇਗਾ ਜਦੋਂ ਯਹੋਵਾਹ ਦਾ ਕੋਈ ਗਵਾਹ ਸ਼ਾਇਦ ਤੁਹਾਡੇ ਘਰ ਪਹਿਲੀ ਵਾਰ ਆਇਆ ਅਤੇ ਉਸ ਨੇ ਤੁਹਾਨੂੰ ਬਾਈਬਲ ਵਿੱਚੋਂ ਉਮੀਦ ਦਿੱਤੀ। ਸ਼ਾਇਦ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਵੇ ਜਦੋਂ ਤੁਹਾਨੂੰ ਬਾਈਬਲ ਤੋਂ ਇਕ ਬਹੁਤ ਹੀ ਵਧੀਆ ਗੱਲ ਪਤਾ ਲੱਗੀ। ਤੁਹਾਨੂੰ ਲੱਗਾ ਕਿ ਤੁਹਾਨੂੰ ਸੋਨੇ ਤੋਂ ਵੀ ਕੀਮਤੀ ਚੀਜ਼ ਲੱਭੀ ਹੈ। ਸ਼ਾਇਦ ਉਸ ਮੌਕੇ ’ਤੇ ਤੁਸੀਂ ਪਹਿਲੀ ਵਾਰ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਆਪਣੀ ਅੱਖੀਂ ਦੇਖਿਆ ਹੋਵੇ। (ਜ਼ਬੂ. 83:18) ਨਾਲੇ ਸ਼ਾਇਦ ਤੁਹਾਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਯਹੋਵਾਹ ਦੇ ਦੋਸਤ ਬਣ ਸਕਦੇ ਹੋ। (ਯਾਕੂ. 2:23) ਇਹ ਗੱਲਾਂ ਜਾਣ ਕੇ ਤੁਹਾਨੂੰ ਅਹਿਸਾਸ ਹੋਇਆ ਕਿ ਤੁਹਾਨੂੰ ਸੋਨੇ ਤੋਂ ਵੀ ਕੀਮਤੀ ਚੀਜ਼ ਲੱਭੀ ਹੈ। ਹੁਣ ਸ਼ਾਇਦ ਤੁਸੀਂ ਬਾਈਬਲ ਦੀਆਂ ਹੋਰ ਬੇਸ਼ਕੀਮਤੀ ਸੱਚਾਈਆਂ ਲੱਭਣੀਆਂ ਚਾਹੁੰਦੇ ਸੀ।
ਹੋਰ ਟੁਕੜਿਆਂ ਦੀ ਖੋਜ
ਕਈ ਵਾਰ ਸੋਨੇ ਦੇ ਛੋਟੇ-ਛੋਟੇ ਕਿਣਕੇ ਨਦੀਆਂ ਵਿਚ ਜਮ੍ਹਾ ਹੁੰਦੇ ਹਨ। ਸੋਨੇ ਦੀ ਭਾਲ ਕਰਨ ਲਈ ਖੋਜਕਾਰ ਬਹੁਤ ਮਿਹਨਤ ਕਰਦੇ ਹਨ। ਜਿਨ੍ਹਾਂ ਮਹੀਨਿਆਂ ਵਿਚ ਉਹ ਸੋਨੇ ਦੀ ਭਾਲ ਕਰਦੇ ਹਨ, ਉਨ੍ਹਾਂ ਮਹੀਨਿਆਂ ਵਿਚ ਉਹ ਨਦੀਆਂ ਵਿੱਚੋਂ ਸ਼ਾਇਦ ਕਾਫ਼ੀ ਕਿਲੋ ਸੋਨਾ ਲੱਭ ਲੈਣ ਜਿਸ ਦੀ ਕੀਮਤ ਲੱਖਾਂ ਹੀ ਰੁਪਏ ਹੁੰਦੀ ਹੈ।
ਜਦੋਂ ਤੁਸੀਂ ਕਿਸੇ ਯਹੋਵਾਹ ਦੇ ਗਵਾਹ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕੀਤੀ ਸੀ, ਤਾਂ ਸ਼ਾਇਦ ਤੁਹਾਨੂੰ ਲੱਗਾ ਕਿ ਤੁਸੀਂ ਵੀ ਸੋਨੇ ਦੇ ਖੋਜਕਾਰ ਵਾਂਗ ਹੋ ਜੋ ਨਦੀਆਂ ਵਿੱਚੋਂ ਸੋਨੇ ਦੀ ਭਾਲ ਕਰਦਾ ਹੈ। ਬਾਈਬਲ ਦੀਆਂ ਆਇਤਾਂ ’ਤੇ ਸੋਚ-ਵਿਚਾਰ ਕਰਦਿਆਂ ਤੁਹਾਡਾ ਗਿਆਨ ਵਧਦਾ ਗਿਆ ਜਿਸ ਕਰਕੇ ਤੁਸੀਂ ਪਰਮੇਸ਼ੁਰ ਦੇ ਹੋਰ ਵੀ ਨੇੜੇ ਆ ਗਏ। ਇਨ੍ਹਾਂ ਬੇਸ਼ਕੀਮਤੀ ਸੱਚਾਈਆਂ ਤੋਂ ਤੁਸੀਂ ਸਿੱਖਿਆ ਸੀ ਕਿ ਤੁਸੀਂ ਯਹੋਵਾਹ ਦੇ ਨੇੜੇ ਕਿਵੇਂ ਜਾ ਸਕਦੇ ਹੋ ਅਤੇ ਉਸ ਦੇ ਪਿਆਰ ਦੇ ਲਾਇਕ ਕਿਵੇਂ ਬਣ ਸਕਦੇ ਹੋ ਤਾਂਕਿ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ।—ਯਾਕੂ. 4:8; ਯਹੂ. 20, 21.
ਭਾਲ ਕਰਦੇ ਰਹੋ
ਇਕ ਖੋਜਕਾਰ ਨੂੰ ਸ਼ਾਇਦ ਪੱਥਰਾਂ ਵਿੱਚੋਂ ਬਹੁਤ ਘੱਟ ਮਾਤਰਾ ਵਿਚ ਸੋਨਾ ਲੱਭੇ। ਕੁਝ ਪੱਥਰਾਂ ਵਿਚ ਇੰਨਾ ਸੋਨਾ ਪਾਇਆ ਜਾਂਦਾ ਹੈ ਕਿ ਕੁਝ ਕੰਪਨੀਆਂ ਇਸ ਨੂੰ ਕੱਢਣ ਲਈ ਬਹੁਤ ਪੈਸਾ ਲਾਉਂਦੀਆਂ ਹਨ। ਪੱਥਰਾਂ ਨੂੰ ਦੇਖ ਕੇ ਸ਼ਾਇਦ ਸਾਨੂੰ ਲੱਗੇ ਕਿ ਇਨ੍ਹਾਂ ਵਿਚ ਸੋਨਾ ਨਹੀਂ ਹੈ। ਪਰ ਕਿਉਂ? ਕਿਉਂਕਿ ਇਕ ਟਨ ਦੇ ਪੱਥਰ ਵਿਚ ਸਿਰਫ਼ 10 ਗ੍ਰਾਮ ਸੋਨਾ ਪਾਇਆ ਜਾਂਦਾ ਹੈ। ਪਰ ਖੋਜਕਾਰ ਜੋ ਮਿਹਨਤ ਕਰਦਾ ਹੈ, ਉਹ ਉਸ ਲਈ ਬੇਕਾਰ ਨਹੀਂ ਹੁੰਦੀ।
“ਮਸੀਹ ਬਾਰੇ ਬੁਨਿਆਦੀ ਸਿੱਖਿਆਵਾਂ” ਲੈਣ ਤੋਂ ਬਾਅਦ ਵੀ ਤੁਹਾਨੂੰ ਮਿਹਨਤ ਕਰਦੇ ਰਹਿਣ ਦੀ ਲੋੜ ਹੈ। (ਇਬ. 6:1, 2) ਨਵੀਆਂ ਗੱਲਾਂ ਅਤੇ ਵਧੀਆ ਸਬਕ ਸਿੱਖਣ ਲਈ ਤੁਹਾਨੂੰ ਆਪਣੀ ਸਟੱਡੀ ਵਿਚ ਹੋਰ ਵੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਸ਼ਾਇਦ ਤੁਹਾਨੂੰ ਬਾਈਬਲ ਦੀ ਸਟੱਡੀ ਕਰਦਿਆਂ ਬਹੁਤ ਸਾਲ ਹੋ ਗਏ ਹਨ। ਪਰ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਨੂੰ ਆਪਣੀ ਬਾਈਬਲ ਸਟੱਡੀ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਹੁੰਦਾ ਰਹੇ?
ਨਵੀਆਂ ਗੱਲਾਂ ਸਿੱਖਣ ਦਾ ਜੋਸ਼ ਬਰਕਰਾਰ ਰੱਖੋ। ਛੋਟੀਆਂ-ਛੋਟੀਆਂ ਗੱਲਾਂ ਵੱਲ ਵੀ ਧਿਆਨ ਦਿਓ। ਜੇ ਤੁਸੀਂ ਲਗਾਤਾਰ ਮਿਹਨਤ ਕਰੋਗੇ, ਤਾਂ ਤੁਹਾਨੂੰ ਪਰਮੇਸ਼ੁਰ ਦੀ ਬੇਸ਼ਕੀਮਤੀ ਬੁੱਧ ਅਤੇ ਸੇਧ ਮਿਲੇਗੀ। (ਰੋਮੀ. 11:33) ਆਪਣੀ ਭਾਸ਼ਾ ਵਿਚ ਖੋਜਬੀਨ ਕਰਨ ਲਈ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਦੀ ਚੰਗੀ ਵਰਤੋਂ ਕਰੋ। ਇੱਦਾਂ ਕਰਨ ਨਾਲ ਬਾਈਬਲ ਬਾਰੇ ਤੁਹਾਡਾ ਗਿਆਨ ਵਧੇਗਾ। ਖੋਜ ਕਰਦਿਆਂ ਤੁਹਾਨੂੰ ਸ਼ਾਇਦ ਕਾਫ਼ੀ ਸਮਾਂ ਲੱਗੇ। ਪਰ ਧੀਰਜ ਰੱਖੋ। ਲੋੜੀਂਦੀ ਸੇਧ ਲੈਣ ਜਾਂ ਬਾਈਬਲ ਬਾਰੇ ਕੋਈ ਸਵਾਲ ਦਾ ਜਵਾਬ ਲੱਭਦਿਆਂ ਕਦੇ ਹਾਰ ਨਾ ਮੰਨੋ। ਦੂਜਿਆਂ ਨੂੰ ਪੁੱਛੋ ਕਿ ਕਿਹੜੀਆਂ ਆਇਤਾਂ ਤੇ ਲੇਖਾਂ ਤੋਂ ਉਨ੍ਹਾਂ ਨੂੰ ਮਦਦ ਮਿਲਣ ਦੇ ਨਾਲ-ਨਾਲ ਹੌਸਲਾ ਵੀ ਮਿਲਿਆ। ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਦਿਆਂ ਤੁਸੀਂ ਜੋ ਵਧੀਆ ਗੱਲਾਂ ਸਿੱਖਦੇ ਹੋ, ਉਹ ਦੂਜਿਆਂ ਨੂੰ ਵੀ ਦੱਸੋ।
ਪਰ ਸਿਰਫ਼ ਇਸ ਲਈ ਸਟੱਡੀ ਨਾ ਕਰੋ ਕਿ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਗਿਆਨ ਹੋਵੇ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਕਿ “ਗਿਆਨ ਹੋਣ ਕਰਕੇ ਇਨਸਾਨ ਘਮੰਡ ਨਾਲ ਫੁੱਲ ਜਾਂਦਾ ਹੈ।” (1 ਕੁਰਿੰ. 8:1) ਇਸ ਲਈ ਨਿਮਰ ਬਣੇ ਰਹਿਣ ਅਤੇ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਸਖ਼ਤ ਮਿਹਨਤ ਕਰਦੇ ਰਹੋ। ਬਿਨਾਂ ਨਾਗਾ ਪਰਿਵਾਰਕ ਸਟੱਡੀ ਅਤੇ ਆਪਣੀ ਬਾਈਬਲ ਸਟੱਡੀ ਕਰਦੇ ਰਹੋ। ਇੱਦਾਂ ਕਰਨ ਨਾਲ ਤੁਸੀਂ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਬਤੀਤ ਕਰਦੇ ਰਹੋਗੇ ਅਤੇ ਦੂਜਿਆਂ ਦੀ ਮਦਦ ਕਰਨ ਲਈ ਪ੍ਰੇਰਿਤ ਹੋਵੋਗੇ। ਸਭ ਤੋਂ ਜ਼ਿਆਦਾ ਖ਼ੁਸ਼ੀ ਤੁਹਾਨੂੰ ਇਸ ਗੱਲ ਤੋਂ ਮਿਲੇਗੀ ਕਿ ਤੁਹਾਨੂੰ ਸੋਨੇ ਨਾਲੋਂ ਵੀ ਕੀਮਤੀ ਚੀਜ਼ ਲੱਭੀ ਹੈ।—ਕਹਾ. 3:13, 14.