Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਸੂ ਦੇ ਦੁਸ਼ਮਣ ਉਸ ਨਾਲ ਹੱਥ ਧੋਣ ਦੇ ਮਾਮਲੇ ’ਤੇ ਬਹਿਸ ਕਿਉਂ ਕਰਦੇ ਸਨ?

ਯਿਸੂ ਦੇ ਦੁਸ਼ਮਣ ਉਸ ਅਤੇ ਉਸ ਦੇ ਚੇਲਿਆਂ ਵਿਚ ਬਹੁਤ ਸਾਰੇ ਮਾਮਲਿਆਂ ਵਿਚ ਨੁਕਸ ਕੱਢਦੇ ਸਨ। ਉਨ੍ਹਾਂ ਵਿੱਚੋਂ ਇਕ ਮਾਮਲਾ ਹੱਥ ਧੋਣ ਬਾਰੇ ਸੀ। ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਕਿਹੜੀਆਂ ਗੱਲਾਂ ਕਰਕੇ ਇਕ ਵਿਅਕਤੀ ਅਸ਼ੁੱਧ ਹੋ ਸਕਦਾ ਸੀ। ਮਿਸਾਲ ਲਈ, ਮਰਦ ਅਤੇ ਔਰਤਾਂ ਦੇ ਗੁਪਤ ਅੰਗਾਂ ਵਿੱਚੋਂ ਤਰਲ ਵਗਣ ਕਰਕੇ, ਕੋੜ੍ਹ ਕਰਕੇ ਅਤੇ ਜਾਨਵਰਾਂ ਅਤੇ ਇਨਸਾਨਾਂ ਦੀਆਂ ਲਾਸ਼ਾਂ ਨੂੰ ਹੱਥ ਲਾ ਕੇ। ਕਾਨੂੰਨ ਵਿਚ ਇਹ ਵੀ ਸਮਝਾਇਆ ਗਿਆ ਸੀ ਕਿ ਕੋਈ ਅਸ਼ੁੱਧ ਚੀਜ਼ ਜਾਂ ਵਿਅਕਤੀ ਨੂੰ ਕਿੱਦਾਂ ਸ਼ੁੱਧ ਕੀਤਾ ਜਾਣਾ ਚਾਹੀਦਾ ਸੀ। ਬਲ਼ੀ ਚੜ੍ਹਾ ਕੇ, ਧੋ ਕੇ, ਨਹਾ ਕੇ ਜਾਂ ਛਿੱਟੇ ਮਾਰ ਕੇ ਅਸ਼ੁੱਧ ਚੀਜ਼ ਜਾਂ ਵਿਅਕਤੀ ਨੂੰ ਸ਼ੁੱਧ ਕੀਤਾ ਜਾ ਸਕਦਾ ਸੀ।​—ਲੇਵੀ. ਅਧਿ. 11-15; ਗਿਣ. ਅਧਿ. 19.

ਯਹੂਦੀ ਧਾਰਮਿਕ ਆਗੂਆਂ ਨੇ ਕਾਨੂੰਨ ਵਿਚ ਆਪਣੇ ਵੱਲੋਂ ਹੋਰ ਕਈ ਗੱਲਾਂ ਜੋੜ ਦਿੱਤੀਆਂ। ਇਕ ਕਿਤਾਬ ਮੁਤਾਬਕ ਧਾਰਮਿਕ ਆਗੂਆਂ ਨੇ ਸ਼ੁੱਧ-ਅਸ਼ੁੱਧ ਰਹਿਣ ਬਾਰੇ ਬਹੁਤ ਸਾਰੇ ਕਾਨੂੰਨ ਬਣਾਏ ਹੋਏ ਸਨ, ਜਿਵੇਂ ਕਿ ਇਕ ਵਿਅਕਤੀ “ਕਿਹੜੇ ਹਾਲਾਤਾਂ ਵਿਚ ਅਸ਼ੁੱਧ ਹੋ ਸਕਦਾ ਸੀ, ਉਹ ਦੂਜਿਆਂ ਨੂੰ ਕਿਵੇਂ ਅਤੇ ਕਿੰਨਾ ਕੁ ਅਸ਼ੁੱਧ ਕਰ ਸਕਦਾ ਸੀ ਅਤੇ ਕਿਹੜੇ ਭਾਂਡੇ ਜਾਂ ਚੀਜ਼ਾਂ ਅਸ਼ੁੱਧ ਹੋ ਸਕਦੀਆਂ ਸਨ। ਨਾਲੇ ਇਸ ਗੱਲ ’ਤੇ ਵੀ ਕਾਨੂੰਨ ਬਣਾਏ ਸਨ ਕਿ ਸ਼ੁੱਧ ਕਰਨ ਲਈ ਕਿਹੜੀਆਂ ਰਸਮਾਂ ਨਿਭਾਉਣੀਆਂ ਜ਼ਰੂਰੀ ਸਨ।”

ਯਿਸੂ ਦੇ ਦੁਸ਼ਮਣਾਂ ਨੇ ਉਸ ਤੋਂ ਪੁੱਛਿਆ: “ਤੇਰੇ ਚੇਲੇ ਦਾਦਿਆਂ-ਪੜਦਾਦਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ, ਉਹ ਗੰਦੇ ਹੱਥਾਂ ਨਾਲ ਕਿਉਂ ਖਾਣਾ ਖਾਂਦੇ ਹਨ?” (ਮਰ. 7:5) ਦੁਸ਼ਮਣਾਂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਗੰਦੇ ਹੱਥਾਂ ਨਾਲ ਰੋਟੀ ਖਾਣ ਨਾਲ ਨੁਕਸਾਨ ਹੋ ਸਕਦੇ ਸਨ। ਧਾਰਮਿਕ ਆਗੂਆਂ ਦੀ ਰੀਤ ਅਨੁਸਾਰ ਰੋਟੀ ਖਾਣ ਤੋਂ ਪਹਿਲਾਂ ਕੋਈ ਉਨ੍ਹਾਂ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਸੀ। ਉਹੀ ਕਿਤਾਬ ਦੱਸਦੀ ਹੈ ਕਿ ਧਾਰਮਿਕ ਆਗੂ “ਇਸ ਗੱਲ ’ਤੇ ਵੀ ਬਹਿਸ ਕਰਦੇ ਸਨ ਕਿ ਕਿਹੜੇ ਭਾਂਡੇ ਨਾਲ ਪਾਣੀ ਪਾਇਆ ਜਾਣਾ ਚਾਹੀਦਾ, ਕਿਸ ਤਰ੍ਹਾਂ ਦਾ ਪਾਣੀ ਹੋਣਾ ਚਾਹੀਦਾ, ਕਿਸ ਨੂੰ ਪਾਣੀ ਪਾਉਣਾ ਚਾਹੀਦਾ ਅਤੇ ਕਿੱਥੇ ਤਕ ਹੱਥਾਂ ’ਤੇ ਪਾਣੀ ਪਾਇਆ ਜਾਣਾ ਚਾਹੀਦਾ।”

ਇਨ੍ਹਾਂ ਆਦਮੀਆਂ ਵੱਲੋਂ ਬਣਾਏ ਗਏ ਕਾਨੂੰਨਾਂ ਬਾਰੇ ਯਿਸੂ ਨੇ ਸਿੱਧਾ-ਸਿੱਧਾ ਜਵਾਬ ਦਿੱਤਾ। ਉਸ ਨੇ ਉਨ੍ਹਾਂ ਧਾਰਮਿਕ ਆਗੂਆਂ ਨੂੰ ਕਿਹਾ: “ਪਖੰਡੀਓ, ਯਸਾਯਾਹ ਨਬੀ ਨੇ ਤੁਹਾਡੇ ਬਾਰੇ ਠੀਕ ਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੈ: ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ। ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।’ ਤੁਸੀਂ ਪਰਮੇਸ਼ੁਰ ਦੇ ਹੁਕਮਾਂ ’ਤੇ ਚੱਲਣ ਦੀ ਬਜਾਇ ਇਨਸਾਨਾਂ ਦੀ ਬਣਾਈ ਇਸ ਰੀਤ ’ਤੇ ਚੱਲਦੇ ਹੋ।”​—ਮਰ. 7:6-8.