Skip to content

Skip to table of contents

ਜੀਵਨੀ

ਅਜ਼ਮਾਇਸ਼ਾਂ ਦੇ ਬਾਵਜੂਦ ਬਰਕਤਾਂ

ਅਜ਼ਮਾਇਸ਼ਾਂ ਦੇ ਬਾਵਜੂਦ ਬਰਕਤਾਂ

ਖੁਫੀਆ ਪੁਲਿਸ ਦੇ ਇਕ ਅਧਿਕਾਰੀ ਨੇ ਚਿਲਾ ਕੇ ਕਿਹਾ, “ਤੂੰ ਇਕ ਜ਼ਾਲਮ ਪਿਤਾ ਹੈਂ। ਤੂੰ ਆਪਣੀ ਗਰਭਵਤੀ ਪਤਨੀ ਅਤੇ ਆਪਣੀ ਛੋਟੀ ਜਿਹੀ ਧੀ ਨੂੰ ਇਕੱਲਿਆ ਛੱਡ ਦਿੱਤਾ। ਹੁਣ ਕੌਣ ਉਨ੍ਹਾਂ ਦੀ ਦੇਖ-ਭਾਲ ਕਰੇਗਾ, ਕੌਣ ਉਨ੍ਹਾਂ ਨੂੰ ਖਾਣਾ ਦੇਵੇਗਾ? ਪ੍ਰਚਾਰ ਕਰਨਾ ਛੱਡ ਤੇ ਘਰ ਜਾ!” ਮੈਂ ਉਸ ਨੂੰ ਕਿਹਾ: “ਮੈਂ ਤਾਂ ਨਹੀਂ ਆਪਣੇ ਪਰਿਵਾਰ ਨੂੰ ਛੱਡਿਆ। ਤੁਸੀਂ ਮੈਨੂੰ ਗਿਰਫ਼ਤਾਰ ਕਰ ਕੇ ਲੈ ਕੇ ਆਏ ਹੋ। ਉਹ ਵੀ ਬਿਨਾਂ ਵਜ੍ਹਾ।” ਫਿਰ ਅਧਿਕਾਰੀ ਮੈਨੂੰ ਟੁੱਟ ਕੇ ਪਿਆ: “ਯਹੋਵਾਹ ਦਾ ਗਵਾਹ ਬਣਨ ਤੋਂ ਹੋਰ ਭੈੜਾ ਕੋਈ ਅਪਰਾਧ ਨਹੀਂ।”

ਇਹ ਘਟਨਾ 1959 ਵਿਚ ਰੂਸ ਦੇ ਇਰਕੁਤਸਕ ਸ਼ਹਿਰ ਦੀ ਜੇਲ੍ਹ ਵਿਚ ਵਾਪਰੀ ਸੀ। ਆਓ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਤੇ ਮੇਰੀ ਪਤਨੀ ਮਾਰੀਆ ਨੂੰ “ਨੇਕ ਕੰਮ ਕਰਨ ਕਰਕੇ ਦੁੱਖ” ਕਿਉਂ ਝੱਲਣੇ ਪਏ ਅਤੇ ਵਫ਼ਾਦਾਰ ਰਹਿ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲੀਆਂ।​—1 ਪਤ. 3:13, 14.

ਮੇਰਾ ਜਨਮ 1933 ਵਿਚ ਯੂਕਰੇਨ ਦੇ ਜ਼ੋਲਾਤਨੀਕੀ ਪਿੰਡ ਵਿਚ ਹੋਇਆ। ਮੇਰੇ ਮਾਸੀ-ਮਾਸੜ ਯਹੋਵਾਹ ਦੇ ਗਵਾਹ ਸਨ। 1937 ਵਿਚ ਉਹ ਫਰਾਂਸ ਤੋਂ ਸਾਨੂੰ ਮਿਲਣ ਆਏ ਅਤੇ ਸਾਡੇ ਲਈ ਸਰਕਾਰ (ਅੰਗ੍ਰੇਜ਼ੀ) ਅਤੇ ਮੁਕਤੀ (ਅੰਗ੍ਰੇਜ਼ੀ) ਨਾਂ ਦੀਆਂ ਕਿਤਾਬਾਂ ਛੱਡ ਗਏ, ਜੋ ਵਾਚ ਟਾਵਰ ਸੋਸਾਇਟੀ ਦੁਆਰਾ ਛਾਪੀਆਂ ਜਾਂਦੀਆਂ ਸਨ। ਜਦੋਂ ਮੇਰੇ ਡੈਡੀ ਜੀ ਨੇ ਇਨ੍ਹਾਂ ਨੂੰ ਪੜ੍ਹਿਆ, ਤਾਂ ਉਹ ਫਿਰ ਤੋਂ ਰੱਬ ਉੱਤੇ ਵਿਸ਼ਵਾਸ ਕਰਨ ਲੱਗ ਪਏ। ਦੁੱਖ ਦੀ ਗੱਲ ਹੈ ਕਿ 1939 ਵਿਚ ਉਹ ਬਹੁਤ ਬੀਮਾਰ ਹੋ ਗਏ। ਪਰ ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਮੇਰੀ ਮੰਮੀ ਨੂੰ ਕਿਹਾ: “ਇਹੀ ਸੱਚਾਈ ਹੈ। ਨਿਆਣਿਆਂ ਨੂੰ ਜ਼ਰੂਰ ਸਿਖਾਈ।”

ਸਾਇਬੇਰੀਆ​—ਪ੍ਰਚਾਰ ਲਈ ਨਵਾਂ ਇਲਾਕਾ

ਅਪ੍ਰੈਲ 1951 ਵਿਚ ਸਰਕਾਰ ਨੇ ਪੱਛਮੀ ਰੂਸ ਤੋਂ ਬਹੁਤ ਸਾਰੇ ਗਵਾਹਾਂ ਨੂੰ ਦੇਸ਼ ਨਿਕਾਲਾ ਦੇ ਕੇ ਸਾਇਬੇਰੀਆ ਦੇਸ਼ ਨੂੰ ਘੱਲਣਾ ਸ਼ੁਰੂ ਕਰ ਦਿੱਤਾ। ਮੈਨੂੰ, ਮੇਰੀ ਮੰਮੀ ਅਤੇ ਮੇਰੇ ਛੋਟੇ ਭਰਾ ਗਰਿਗੋਰੀ ਨੂੰ ਪੱਛਮੀ ਯੂਕਰੇਨ ਤੋਂ ਕੱਢ ਦਿੱਤਾ ਗਿਆ। ਰੇਲ-ਗੱਡੀ ਵਿਚ 6,000 ਕਿਲੋਮੀਟਰ ਤੋਂ ਜ਼ਿਆਦਾ (3,700 ਤੋਂ ਜ਼ਿਆਦਾ ਮੀਲ) ਸਫ਼ਰ ਕਰ ਕੇ ਅਸੀਂ ਸਾਇਬੇਰੀਆ ਦੇ ਤੁਲੁਨ ਸ਼ਹਿਰ ਪਹੁੰਚੇ। ਦੋ ਹਫ਼ਤਿਆਂ ਬਾਅਦ ਮੇਰਾ ਵੱਡਾ ਭਰਾ ਬੌਗਡਨ ਨੇੜਲੇ ਸ਼ਹਿਰ ਅਨਗਾਰਸਕ ਦੇ ਕੈਂਪ ਵਿਚ ਪਹੁੰਚਿਆ। ਉਸ ਨੂੰ 25 ਸਾਲਾਂ ਦੀ ਸਖ਼ਤ ਮਜ਼ਦੂਰੀ ਕਰਨ ਦੀ ਸਜ਼ਾ ਮਿਲੀ ਸੀ।

ਮੈਂ, ਮੰਮੀ ਜੀ ਅਤੇ ਗਰਿਗੋਰੀ ਨੇ ਤੁਲੁਨ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਪਰ ਸਾਨੂੰ ਬੜਾ ਸੰਭਲ ਕੇ ਪ੍ਰਚਾਰ ਕਰਨਾ ਪੈਂਦਾ ਸੀ। ਮਿਸਾਲ ਲਈ, ਅਸੀਂ ਲੋਕਾਂ ਨੂੰ ਪੁੱਛਦੇ ਸੀ “ਕੀ ਕਿਸੇ ਨੇ ਆਪਣੀ ਗਾਂ ਵੇਚਣੀ ਹੈ?” ਜਦੋਂ ਸਾਨੂੰ ਕੋਈ ਅਜਿਹਾ ਵਿਅਕਤੀ ਮਿਲਦਾ ਸੀ, ਤਾਂ ਅਸੀਂ ਉਸ ਨਾਲ ਚਰਚਾ ਕਰਦੇ ਸੀ ਕਿ ਗਾਂ ਨੂੰ ਕਿੰਨੇ ਹੀ ਵਧੀਆ ਢੰਗ ਨਾਲ ਬਣਾਇਆ ਗਿਆ ਹੈ। ਜਲਦੀ ਹੀ ਅਸੀਂ ਸ੍ਰਿਸ਼ਟੀਕਰਤਾ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੰਦੇ ਸੀ। ਉਸ ਸਮੇਂ ਇਕ ਅਖ਼ਬਾਰ ਨੇ ਲਿਖਿਆ ਕਿ ਜਦੋਂ ਯਹੋਵਾਹ ਦੇ ਗਵਾਹ ਗਾਂ ਲਈ ਪੁੱਛਦੇ ਹਨ, ਤਾਂ ਉਹ ਅਸਲ ਵਿਚ ਭੇਡਾਂ ਨੂੰ ਲੱਭ ਰਹੇ ਹੁੰਦੇ ਹਨ। ਸਾਨੂੰ ਭੇਡਾਂ ਵਰਗੇ ਲੋਕ ਲੱਭਦੇ ਵੀ ਸਨ। ਸਾਨੂੰ ਬਹੁਤ ਵਧੀਆ ਲੱਗਦਾ ਸੀ ਕਿ ਅਸੀਂ ਉਸ ਇਲਾਕੇ ਵਿਚ ਪ੍ਰਚਾਰ ਕਰ ਰਹੇ ਸੀ ਜਿੱਥੇ ਕਦੀ ਪ੍ਰਚਾਰ ਨਹੀਂ ਸੀ ਹੋਇਆ। ਸਾਨੂੰ ਨਿਮਰ ਅਤੇ ਆਓਭਗਤ ਕਰਨ ਵਾਲੇ ਲੋਕਾਂ ਨੂੰ ਸੱਚਾਈ ਸਿਖਾ ਕੇ ਬਹੁਤ ਮਜ਼ਾ ਆਉਂਦਾ ਸੀ। ਅੱਜ ਤੁਲੁਨ ਦੀ ਮੰਡਲੀ ਵਿਚ 100 ਤੋਂ ਜ਼ਿਆਦਾ ਪ੍ਰਚਾਰਕ ਹਨ।

ਮਾਰੀਆ ਦੀ ਨਿਹਚਾ ਪਰਖੀ ਗਈ

ਮੇਰੀ ਪਤਨੀ ਮਾਰੀਆ ਨੇ ਯੂਕਰੇਨ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਸੱਚਾਈ ਸਿੱਖੀ ਸੀ। ਜਦੋਂ ਉਹ 18 ਸਾਲਾਂ ਦੀ ਸੀ, ਤਾਂ ਇਕ ਖੁਫੀਆ ਪੁਲਿਸ ਵਾਲੇ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕੀਤਾ ਅਤੇ ਉਸ ਉੱਤੇ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ। ਪਰ ਮਾਰੀਆ ਨੇ ਸਾਫ਼ ਇਨਕਾਰ ਕਰ ਦਿੱਤਾ। ਇਕ ਦਿਨ ਜਦੋਂ ਉਹ ਘਰ ਆਈ, ਤਾਂ ਉਹੀ ਆਦਮੀ ਉਸ ਦੇ ਬਿਸਤਰੇ ’ਤੇ ਲੰਮਾ ਪਿਆ ਸੀ। ਪਰ ਮਾਰੀਆ ਉੱਥੋਂ ਦੌੜੀ। ਗੁੱਸੇ ਵਿਚ ਭੜਕੇ ਪੁਲਸ ਵਾਲੇ ਨੇ ਉਸ ਨੂੰ ਯਹੋਵਾਹ ਦੀ ਗਵਾਹ ਹੋਣ ਕਰਕੇ ਜੇਲ੍ਹ ਕਰਾਉਣ ਦੀ ਧਮਕੀ ਦਿੱਤੀ। 1952 ਵਿਚ ਮਾਰੀਆ ਨੂੰ 10 ਸਾਲ ਦੀ ਜੇਲ੍ਹ ਹੋ ਗਈ। ਉਸ ਨੇ ਵੀ ਯੂਸੁਫ਼ ਵਾਂਗ ਮਹਿਸੂਸ ਕੀਤਾ ਜਿਸ ਨੂੰ ਵਫ਼ਾਦਾਰ ਰਹਿਣ ਕਰਕੇ ਜੇਲ੍ਹ ਹੋਈ ਸੀ। (ਉਤ. 39:12, 20) ਜਿਹੜਾ ਆਦਮੀ ਮਾਰੀਆ ਨੂੰ ਅਦਾਲਤ ਤੋਂ ਜੇਲ੍ਹ ਲੈ ਕੇ ਗਿਆ ਸੀ ਉਸ ਨੇ ਮਾਰੀਆ ਨੂੰ ਕਿਹਾ: “ਫ਼ਿਕਰ ਨਾ ਕਰੀਂ। ਬਹੁਤ ਸਾਰੇ ਲੋਕ ਜੇਲ੍ਹ ਜਾਂਦੇ ਹਨ, ਪਰ ਫਿਰ ਵੀ ਉਨ੍ਹਾਂ ਦਾ ਆਦਰ-ਮਾਣ ਬਣਿਆ ਰਹਿੰਦਾ ਹੈ।” ਉਨ੍ਹਾਂ ਦੋ ਸ਼ਬਦਾਂ ਤੋਂ ਮਾਰਿਆ ਨੂੰ ਬਹੁਤ ਹਿੰਮਤ ਮਿਲੀ।

1952-1956 ਤਕ ਮਾਰੀਆ ਨੂੰ ਰੂਸ ਦੇ ਗੋਰਕੀ ਸ਼ਹਿਰ (ਹੁਣ ਇਸ ਨੂੰ ਨੀਜ਼ਨੀ ਨੌਵਗਰੱਦ ਕਹਿੰਦੇ ਹਨ) ਦੇ ਨੇੜੇ ਮਜ਼ਦੂਰ ਕੈਂਪ ਵਿਚ ਭੇਜਿਆ ਗਿਆ। ਉਸ ਨੂੰ ਦਰਖ਼ਤ ਪੁੱਟਣ ਲਈ ਕਿਹਾ ਗਿਆ, ਇੱਥੋਂ ਤਕ ਕਿ ਕੜਾਕੇ ਦੀ ਠੰਢ ਵਿਚ ਵੀ। ਉਸ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਸੀ। ਪਰ 1956 ਵਿਚ ਉਹ ਰਿਹਾ ਹੋ ਕੇ ਤੁਲੁਨ ਚਲੀ ਗਈ।

ਆਪਣੀ ਪਤਨੀ ਅਤੇ ਬੱਚਿਆਂ ਤੋਂ ਕੋਹਾਂ ਦੂਰ

ਤੁਲੁਨ ਦੇ ਇਕ ਭਰਾ ਨੇ ਮੈਨੂੰ ਦੱਸਿਆ ਕਿ ਇਕ ਭੈਣ ਆ ਰਹੀ ਹੈ, ਤਾਂ ਮੈਂ ਸਾਈਕਲ ’ਤੇ ਉਸ ਨੂੰ ਮਿਲਣ ਲਈ ਬੱਸ ਅੱਡੇ ਪਹੁੰਚ ਗਿਆ। ਮੈਂ ਸੋਚਿਆ ਕਿ ਸਮਾਨ ਚੁੱਕਣ ਵਿਚ ਮੈਂ ਉਸ ਦੀ ਮਦਦ ਕਰ ਸਕਦਾ ਸੀ। ਮਾਰੀਆ ਨੂੰ ਦੇਖ ਕੇ ਹੀ ਮੇਰੇ ਦਿਲ ਵਿਚ ਲੱਡੂ ਫੁੱਟਣ ਲੱਗੇ। ਉਸ ਦਾ ਦਿਲ ਜਿੱਤਣ ਲਈ ਕਾਫ਼ੀ ਸਮਾਂ ਲੱਗਾ, ਪਰ ਆਖ਼ਰਕਾਰ ਮੈਂ ਜਿੱਤ ਹੀ ਲਿਆ। 1957 ਵਿਚ ਸਾਡਾ ਵਿਆਹ ਹੋ ਗਿਆ। ਇਕ ਸਾਲ ਬਾਅਦ ਸਾਡੇ ਘਰ ਈਰੀਨਾ ਪੈਦਾ ਹੋਈ। ਪਰ ਇਹ ਖ਼ੁਸ਼ੀਆਂ ਦਾ ਸਮਾਂ ਜ਼ਿਆਦਾ ਦੇਰ ਨਹੀਂ ਟਿਕ ਪਾਇਆ। 1959 ਵਿਚ ਬਾਈਬਲ ਦੇ ਪ੍ਰਕਾਸ਼ਨ ਛਾਪਣ ਕਰਕੇ ਮੈਨੂੰ ਗਿਰਫ਼ਤਾਰ ਕੀਤਾ ਗਿਆ। ਮੈਨੂੰ ਛੇ ਮਹੀਨੇ ਲਈ ਇਕ ਕਾਲ ਕੋਠਰੀ ਵਿਚ ਇਕੱਲਿਆਂ ਬੰਦ ਰੱਖਿਆ ਗਿਆ। ਮਨ ਦੀ ਸ਼ਾਂਤੀ ਬਣਾਈ ਰੱਖਣ ਲਈ ਮੈਂ ਲਗਾਤਾਰ ਪ੍ਰਾਰਥਨਾ ਕਰਦਾ ਸੀ, ਰਾਜ ਦੇ ਗੀਤ ਗਾਉਂਦਾ ਸੀ ਅਤੇ ਸੋਚਦਾ ਸੀ ਕਿ ਰਿਹਾ ਹੋਣ ਤੋਂ ਬਾਅਦ ਮੈਂ ਫਿਰ ਤੋਂ ਕਿੱਦਾਂ ਪ੍ਰਚਾਰ ਕਰਾਂਗਾ।

ਮੈਂ 1962 ਵਿਚ ਮਜ਼ਦੂਰ ਕੈਂਪ ਵਿਚ ਕੈਦ

ਜਦੋਂ ਮੈਂ ਜੇਲ੍ਹ ਵਿਚ ਸੀ, ਤਾਂ ਇਕ ਪੁੱਛ-ਗਿੱਛ ਕਰਨ ਵਾਲੇ ਅਫ਼ਸਰ ਨੇ ਕਿਹਾ: “ਜਿੱਦਾਂ ਚੂਹੇ ਨੂੰ ਪੈਰਾਂ ਹੇਠ ਮਿੱਧ ਕੇ ਉਸ ਦਾ ਭੜਥਾ ਬਣਾ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਗਵਾਹਾਂ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।” ਮੈਂ ਜਵਾਬ ਵਿਚ ਕਿਹਾ: “ਯਿਸੂ ਨੇ ਕਿਹਾ ਸੀ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ ਅਤੇ ਕੋਈ ਵੀ ਤਾਕਤ ਇਸ ਕੰਮ ਨੂੰ ਨਹੀਂ ਰੋਕ ਸਕੇਗੀ।” ਫਿਰ ਉਸ ਅਫ਼ਸਰ ਨੇ ਇਕ ਹੋਰ ਚਾਲ ਚੱਲੀ। ਉਸ ਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੀ ਨਿਹਚਾ ਨਾਲ ਸਮਝੌਤਾ ਕਰਨ ਲਵਾਂ, ਜਿੱਦਾਂ ਮੈਂ ਸ਼ੁਰੂ ਵਿਚ ਦੱਸਿਆ ਸੀ। ਜਦੋਂ ਉਨ੍ਹਾਂ ਦੀਆਂ ਧਮਕੀਆਂ ਜਾਂ ਲਾਲਚ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਪਿਆ, ਤਾਂ ਉਨ੍ਹਾਂ ਨੇ ਮੈਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਜਿੱਥੇ ਮੈਨੂੰ ਗਧਿਆਂ ਵਾਂਗ ਮਜ਼ਦੂਰੀ ਕਰਨੀ ਪਈ। ਉਹ ਕੈਂਪ ਸਰਾਨਸਕ ਸ਼ਹਿਰ ਦੇ ਨੇੜੇ ਸੀ। ਜਦੋਂ ਮੈਨੂੰ ਕੈਂਪ ਲਿਜਾਇਆ ਜਾ ਰਿਹਾ ਸੀ, ਤਾਂ ਮੈਨੂੰ ਖ਼ਬਰ ਮਿਲੀ ਕਿ ਸਾਡੀ ਦੂਜੀ ਧੀ ਔਲਗਾ ਪੈਦਾ ਹੋ ਗਈ। ਚਾਹੇ ਮੈਂ ਆਪਣੀ ਪਤਨੀ ਅਤੇ ਧੀਆਂ ਤੋਂ ਜੁਦਾ ਸੀ, ਪਰ ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਮੈਂ ਤੇ ਮਾਰਿਆ ਹਾਲੇ ਵੀ ਯਹੋਵਾਹ ਦੇ ਵਫ਼ਾਦਾਰ ਸੀ।

1965 ਵਿਚ ਮਾਰੀਆ ਅਤੇ ਸਾਡੀਆਂ ਦੋ ਕੁੜੀਆਂ ਔਲਗਾ ਤੇ ਈਰੀਨਾ

ਸਾਲ ਵਿਚ ਇਕ ਵਾਰ ਮਾਰੀਆ ਮੈਨੂੰ ਜੇਲ੍ਹ ਵਿਚ ਮਿਲਣ ਆਉਂਦੀ ਸੀ। ਪਰ ਤੁਲੁਨ ਤੋਂ ਰੇਲ-ਗੱਡੀ ਵਿਚ ਆਉਣ ਜਾਣ ਦਾ ਸਫ਼ਰ 12 ਦਿਨਾਂ ਦਾ ਸੀ। ਹਰ ਸਾਲ ਉਹ ਮੇਰੇ ਲਈ ਨਵੇਂ ਬੂਟ ਲੈ ਕੇ ਆਉਂਦੀ ਸੀ। ਬੂਟਾਂ ਦੀਆਂ ਅੱਡੀਆਂ ਵਿਚ ਉਹ ਪਹਿਰਾਬੁਰਜ ਦੇ ਨਵੇਂ ਅੰਕ ਲੁਕੋ ਕੇ ਲਿਆਉਂਦੀ ਸੀ। ਉਹ ਦਿਨ ਬਹੁਤ ਖ਼ਾਸ ਸੀ ਜਦੋਂ ਮਾਰੀਆ ਮੇਰੀਆਂ ਦੋ ਧੀਆਂ ਨੂੰ ਮੈਨੂੰ ਮਿਲਾਉਣ ਲਈ ਲੈ ਕੇ ਆਈ ਸੀ। ਸੋਚੋ ਕਿ ਆਪਣੀਆਂ ਧੀਆਂ ਨੂੰ ਦੇਖ ਕੇ ਅਤੇ ਉਨ੍ਹਾਂ ਨੂੰ ਕਲਾਵੇ ਵਿਚ ਲੈ ਕੇ ਮੈਨੂੰ ਕਿੰਨੀ ਖ਼ੁਸ਼ੀ ਹੋਈ ਹੁਣੀ!

ਨਵੀਂ ਜਗ੍ਹਾ, ਨਵੀਆਂ ਚੁਣੌਤੀਆਂ

1966 ਵਿਚ ਮੈਂ ਰਿਹਾ ਹੋ ਗਿਆ ਅਤੇ ਅਸੀਂ ਚਾਰੋ ਜਣੇ ਕਾਲੇ ਸਾਗਰ ਨੇੜੇ ਅਰਮਾਵੀਰ ਸ਼ਹਿਰ ਨੂੰ ਚਲੇ ਗਏ। ਉੱਥੇ ਸਾਡੇ ਦੋ ਮੁੰਡੇ ਯਰਾਸੁਲਾਵ ਅਤੇ ਪਾਵਲ ਪੈਦਾ ਹੋਏ।

ਉੱਥੇ ਗਿਆ ਨੂੰ ਸਾਨੂੰ ਹਾਲੇ ਜ਼ਿਆਦਾ ਦੇਰ ਨਹੀਂ ਸੀ ਹੋਈ ਕਿ ਖੁਫੀਆ ਪੁਲਿਸ ਨੇ ਬਾਈਬਲ ਦੇ ਪ੍ਰਕਾਸ਼ਨ ਲੱਭਣ ਲਈ ਸਾਡੇ ਘਰ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਚਾਰੋ ਪਾਸੇ ਫੋਲਾ-ਫਰਾਲੀ ਕਰਦੇ ਸਨ ਇੱਥੋਂ ਤਕ ਕਿ ਉਹ ਗਾਵਾਂ ਦੇ ਪੱਠੇ ਵੀ ਫਰੋਲਦੇ ਸਨ। ਇਕ ਵਾਰੀ ਇੰਨੀ ਗਰਮੀ ਸੀ ਕਿ ਅਫ਼ਸਰਾਂ ਦੇ ਪਸੀਨੇ ਛੁੱਟ ਗਏ ਅਤੇ ਉਨ੍ਹਾਂ ਦੇ ਕੱਪੜੇ ਮਿੱਟੀ ਨਾਲ ਭਰ ਗਏ। ਮਾਰੀਆ ਨੂੰ ਉਨ੍ਹਾਂ ’ਤੇ ਤਰਸ ਆਇਆ ਕਿਉਂਕਿ ਉਹ ਤਾਂ ਸਿਰਫ਼ ਹੁਕਮ ਮੰਨ ਰਹੇ ਸਨ। ਮਾਰੀਆ ਨੇ ਉਨ੍ਹਾਂ ਨੂੰ ਪੀਣ ਲਈ ਜੂਸ ਦਿੱਤਾ, ਕੱਪੜਿਆਂ ਤੋਂ ਮਿੱਟੀ ਝਾੜਨ ਲਈ ਬੁਰਸ਼ ਦਿੱਤਾ, ਕੌਲੀ ਵਿਚ ਪਾਣੀ ਅਤੇ ਤੌਲੀਆ ਦਿੱਤਾ। ਬਾਅਦ ਵਿਚ ਜਦੋਂ ਉਨ੍ਹਾਂ ਦਾ ਵੱਡਾ ਅਫ਼ਸਰ ਆਇਆ, ਤਾਂ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਮਾਰੀਆ ਨੇ ਉਨ੍ਹਾਂ ਨਾਲ ਕਿੰਨਾ ਚੰਗਾ ਵਰਤਾਅ ਕੀਤਾ। ਜਾਣ ਲੱਗਿਆਂ ਵੱਡਾ ਅਫ਼ਸਰ ਸਾਡੇ ਵੱਲ ਮੁਸਕਰਾ ਕੇ ਹੱਥ ਹਿਲਾਉਂਦਾ ਗਿਆ। ਜਦੋਂ ਅਸੀਂ ‘ਬੁਰਾਈ ਨੂੰ ਭਲਾਈ ਨਾਲ ਜਿੱਤਣ’ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਸ ਦੇ ਵਧੀਆ ਨਤੀਜੇ ਦੇਖ ਕੇ ਸਾਨੂੰ ਸੱਚ-ਮੁੱਚ ਖ਼ੁਸ਼ੀ ਹੁੰਦੀ ਹੈ।​—ਰੋਮੀ. 12:21.

ਛਾਪੇ ਪੈਣ ਦੇ ਬਾਵਜੂਦ ਵੀ ਅਸੀਂ ਅਰਮਾਵੀਰ ਵਿਚ ਪ੍ਰਚਾਰ ਕਰਦੇ ਰਹੇ। ਅਸੀਂ ਇਕ ਨੇੜੇ ਦੇ ਕਸਬੇ ਕੁਰਗਏਨਸਿਕ ਦੇ ਪ੍ਰਚਾਰਕਾਂ ਦੇ ਇਕ ਛੋਟੇ ਜਿਹੇ ਗਰੁੱਪ ਨੂੰ ਵੀ ਤਕੜਾ ਕੀਤਾ। ਇਹ ਜਾਣ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅੱਜ ਅਰਮਾਵੀਰ ਵਿਚ ਛੇ ਅਤੇ ਕੁਰਗਏਨਸਿਕ ਵਿਚ ਚਾਰ ਮੰਡਲੀਆਂ ਹਨ।

ਇਨ੍ਹਾਂ ਸਾਲਾਂ ਦੌਰਾਨ ਕਈ ਵਾਰ ਸੱਚਾਈ ਲਈ ਸਾਡਾ ਜੋਸ਼ ਠੰਢਾ ਪੈ ਗਿਆ ਸੀ। ਪਰ ਅਸੀਂ ਯਹੋਵਾਹ ਦੇ ਬਹੁਤ ਅਹਿਸਾਨਮੰਦ ਹਾਂ ਕਿ ਉਸ ਨੇ ਵਫ਼ਾਦਾਰ ਭਰਾਵਾਂ ਨੂੰ ਵਰਤ ਕੇ ਸਾਨੂੰ ਸੁਧਾਰਿਆ ਅਤੇ ਸੱਚਾਈ ਵਿਚ ਫਿਰ ਤੋਂ ਤਕੜਾ ਕੀਤਾ। (ਜ਼ਬੂ. 130:3) ਸਾਡੇ ਲਈ ਉਨ੍ਹਾਂ ਲੋਕਾਂ ਦੇ ਨਾਲ ਸੇਵਾ ਕਰਨੀ ਇਕ ਬਹੁਤ ਵੱਡੀ ਚੁਣੌਤੀ ਸੀ ਜੋ ਭਰਾ ਹੋਣ ਦਾ ਢੌਂਗ ਕਰ ਰਹੇ ਸਨ ਪਰ ਅਸਲ ਵਿਚ ਉਹ ਖੁਫੀਆ ਪੁਲਿਸ ਸੀ। ਇਹ ਦੱਬੇ ਪੈਰੀ ਮੰਡਲੀਆਂ ਵਿਚ ਆ ਵੜੇ। ਉਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਪ੍ਰਚਾਰ ਵਿਚ ਬਹੁਤ ਜੋਸ਼ੀਲੇ ਸਨ। ਕਈ ਤਾਂ ਸੰਗਠਨ ਵਿਚ ਵੱਡੀਆਂ ਜ਼ਿੰਮੇਵਾਰੀਆਂ ਵੀ ਸੰਭਾਲਦੇ ਸਨ। ਪਰ ਸਮੇਂ ਦੇ ਬੀਤਣ ਨਾਲ ਉਨ੍ਹਾਂ ਦੇ ਅਸਲੀ ਚਿਹਰੇ ਸਾਮ੍ਹਣੇ ਆ ਗਏ।

1978 ਵਿਚ ਜਦੋਂ ਮਾਰੀਆ 45 ਸਾਲਾਂ ਦੀ ਸੀ, ਤਾਂ ਉਹ ਫਿਰ ਤੋਂ ਮਾਂ ਬਣਨ ਵਾਲੀ ਸੀ। ਪਰ ਦਿਲ ਦੀ ਗੰਭੀਰ ਬੀਮਾਰੀ ਹੋਣ ਕਰਕੇ ਡਾਕਟਰਾਂ ਨੇ ਉਸ ਉੱਤੇ ਦਬਾਅ ਪਾਇਆ ਕਿ ਉਹ ਗਰਭਪਾਤ ਕਰਵਾ ਲਵੇ ਨਹੀਂ ਤਾਂ ਉਸ ਦੀ ਜਾਨ ਚਲੀ ਜਾਵੇਗੀ। ਪਰ ਮਾਰੀਆ ਨੇ ਨਾ ਕਰ ਦਿੱਤੀ। ਡਾਕਟਰ ਪੂਰੇ ਹਸਪਤਾਲ ਵਿਚ ਮਾਰੀਆ ਦੇ ਮਗਰ-ਮਗਰ ਟੀਕਾ ਲੈ ਕੇ ਘੁੰਮਦੇ ਸੀ ਤਾਂਕਿ ਬੱਚਾ ਸਮੇਂ ਤੋਂ ਪਹਿਲਾਂ ਹੀ ਪੈਦਾ ਹੋ ਜਾਵੇ। ਪਰ ਮਾਰੀਆ ਆਪਣੇ ਅਣਜੰਮੇ ਬੱਚੇ ਨੂੰ ਬਚਾਉਣ ਲਈ ਹਸਪਤਾਲ ਤੋਂ ਭੱਜ ਗਈ।

ਖੁਫੀਆ ਪੁਲਿਸ ਨੇ ਸਾਨੂੰ ਸ਼ਹਿਰ ਛੱਡਣ ਦਾ ਆਦੇਸ਼ ਦਿੱਤਾ। ਅਸੀਂ ਏਸਟੋਨੀਆ ਦੇ ਤਾਲਿਨ ਸ਼ਹਿਰ ਦੇ ਨੇੜੇ ਇਕ ਪਿੰਡ ਵਿਚ ਰਹਿਣ ਲੱਗੇ। ਉਸ ਸਮੇਂ ਏਸਟੋਨੀਆ ਦੇਸ਼ ਸੋਵੀਅਤ ਸੰਘ (USSR) ਦਾ ਹਿੱਸਾ ਸੀ। ਤਾਲਿਨ ਵਿਚ ਮਾਰੀਆ ਨੇ ਸਾਡੇ ਮੁੰਡੇ ਵੀਤਾਲੀ ਨੂੰ ਜਨਮ ਦਿੱਤਾ। ਡਾਕਟਰਾਂ ਦੀ ਸੋਚ ਤੋਂ ਬਿਲਕੁਲ ਉਲਟ ਸਾਡਾ ਮੁੰਡਾ ਤੰਦਰੁਸਤ ਪੈਦਾ ਹੋਇਆ।

ਬਾਅਦ ਵਿਚ ਅਸੀਂ ਏਸਟੋਨੀਆ ਤੋਂ ਦੱਖਣੀ ਰੂਸ ਵਿਚ ਪੈਂਦੇ ਨੀਜ਼ਲੋਬਨਾ ਪਿੰਡ ਨੂੰ ਚਲੇ ਗਏ। ਅਸੀਂ ਬੜੀ ਸਾਵਧਾਨੀ ਨਾਲ ਨੇੜੇ-ਤੇੜੇ ਦੇ ਕਸਬਿਆਂ ਵਿਚ ਪ੍ਰਚਾਰ ਕਰਦੇ ਸੀ। ਉੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਬਹੁਤ ਸਾਰੇ ਲੋਕ ਘੁੰਮਣ-ਫਿਰਨ ਆਉਂਦੇ ਸਨ। ਲੋਕ ਉੱਥੇ ਆਪਣੀ ਸਿਹਤ ਖ਼ਾਤਰ ਆਉਂਦੇ ਸਨ, ਪਰ ਕੁਝ ਲੋਕ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਲੈ ਕੇ ਜਾਂਦੇ ਸਨ।

ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕੀਤਾ

ਅਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਅਤੇ ਉਸ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਅਕਸਰ ਸੱਚਾਈ ਵਿਚ ਮਜ਼ਬੂਤ ਭੈਣਾਂ-ਭਰਾਵਾਂ ਨੂੰ ਆਪਣੇ ਘਰ ਬੁਲਾਉਂਦੇ ਸੀ ਤਾਂਕਿ ਸਾਡੇ ਬੱਚਿਆਂ ’ਤੇ ਉਨ੍ਹਾਂ ਦਾ ਚੰਗਾ ਪ੍ਰਭਾਵ ਪਵੇ। ਮੈਂ ਆਪਣੇ ਭਰਾ ਗਰਿਗੋਰੀ ਨੂੰ ਵੀ ਬੁਲਾਉਂਦਾ ਰਹਿੰਦਾ ਸੀ ਕਿਉਂਕਿ ਉਹ ਸਫ਼ਰੀ ਨਿਗਾਹਬਾਨ ਸੀ। ਉਸ ਨੇ 1970-1995 ਤਕ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕੀਤੀ। ਉਸ ਦੇ ਆਉਣ ਤੇ ਸਾਰਿਆਂ ਨੂੰ ਬਹੁਤ ਖ਼ੁਸ਼ੀ ਹੁੰਦੀ ਸੀ ਕਿਉਂਕਿ ਉਹ ਬਹੁਤ ਹੀ ਖ਼ੁਸ਼ਮਿਜ਼ਾਜ ਇਨਸਾਨ ਸੀ ਅਤੇ ਸਾਰਿਆਂ ਨੂੰ ਬਹੁਤ ਹਸਾਉਂਦਾ ਸੀ। ਜਦੋਂ ਸਾਡੇ ਘਰ ਪਰਾਹੁਣੇ ਆਉਂਦੇ ਸਨ, ਤਾਂ ਅਸੀਂ ਅਕਸਰ ਬਾਈਬਲ ਗੇਮਾਂ ਖੇਡਦੇ ਹੁੰਦੇ ਸੀ। ਇਸ ਕਰਕੇ ਸਾਡੇ ਬੱਚਿਆਂ ਨੂੰ ਬਾਈਬਲ ਦੀਆਂ ਕਹਾਣੀਆਂ ਬਹੁਤ ਪਸੰਦ ਸਨ।

ਮੇਰੇ ਮੁੰਡੇ ਅਤੇ ਨੂੰਹਾਂ

ਖੱਬੇ ਤੋਂ ਸੱਜੇ, ਮੁੰਡੇ: ਯਾਰੋਸਲਾਵ, ਪਾਵਲ, ਵੀਤਾਲੀ

ਨੂੰਹਾਂ: ਆਲਿਯਾਨਾ, ਰੇਯਾ, ਸਵੇਤਲਾਨਾ

ਸਾਡਾ ਮੁੰਡਾ ਯਾਰੋਸਲਾਵ 1987 ਵਿਚ ਲਤਾਵੀਆ ਦੇ ਰਿਗ ਸ਼ਹਿਰ ਵਿਚ ਰਹਿਣ ਚਲਾ ਗਿਆ। ਉੱਥੇ ਉਹ ਸੌਖਿਆਂ ਹੀ ਪ੍ਰਚਾਰ ਕਰ ਸਕਦਾ ਸੀ। ਪਰ ਜਦੋਂ ਉਸ ਨੇ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ, ਤਾਂ ਉਸ ਨੂੰ ਡੇਢ ਸਾਲ ਲਈ ਜੇਲ੍ਹ ਹੋ ਗਈ ਅਤੇ ਉਸ ਨੂੰ ਨੌਂ ਅਲੱਗ-ਅਲੱਗ ਜੇਲ੍ਹਾਂ ਵਿਚ ਰੱਖਿਆ ਗਿਆ। ਉਹ ਜਾਣਦਾ ਸੀ ਕਿ ਜਦੋਂ ਮੈਂ ਜੇਲ੍ਹ ਵਿਚ ਸੀ, ਤਾਂ ਮੇਰੇ ਨਾਲ ਕੀ-ਕੀ ਹੋਇਆ। ਇਹ ਗੱਲਾਂ ਜਾਣ ਕੇ ਉਹ ਆਪਣੀ ਜੇਲ੍ਹ ਦੀ ਸਜ਼ਾ ਕੱਟ ਸਕਿਆ। ਬਾਅਦ ਵਿਚ ਉਸ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। 1990 ਵਿਚ ਸਾਡਾ 19 ਸਾਲਾਂ ਦਾ ਮੁੰਡਾ ਪਾਵਲ ਜਪਾਨ ਦੇ ਉੱਤਰ ਵਿਚ ਪੈਂਦੇ ਟਾਪੂ ਸਾਖਲਨ ਵਿਚ ਸੇਵਾ ਕਰਨੀ ਚਾਹੁੰਦਾ ਸੀ। ਪਹਿਲਾਂ-ਪਹਿਲ ਤਾਂ ਅਸੀਂ ਨਹੀਂ ਚਾਹੁੰਦੇ ਸੀ ਕਿ ਉਹ ਜਾਵੇ। ਉਸ ਟਾਪੂ ਵਿਚ ਸਿਰਫ਼ 20 ਪ੍ਰਚਾਰਕ ਸਨ ਅਤੇ ਸਾਡਾ ਘਰ ਉੱਥੋਂ 9,000 ਕਿਲੋਮੀਟਰ ਤੋਂ ਜ਼ਿਆਦਾ (5,500 ਮੀਲ ਤੋਂ ਜ਼ਿਆਦਾ) ਦੂਰ ਸੀ। ਪਰ ਅਖ਼ੀਰ ਅਸੀਂ ਮੰਨ ਗਏ ਅਤੇ ਸਾਨੂੰ ਆਪਣੇ ਫ਼ੈਸਲੇ ਦਾ ਕੋਈ ਪਛਤਾਵਾ ਨਹੀਂ। ਉੱਥੇ ਬਹੁਤ ਸਾਰੇ ਲੋਕ ਬਾਈਬਲ ਬਾਰੇ ਜਾਣਨਾ ਚਾਹੁੰਦੇ ਸਨ। ਕੁਝ ਹੀ ਸਾਲਾਂ ਵਿਚ ਉੱਥੇ ਅੱਠ ਮੰਡਲੀਆਂ ਬਣ ਗਈਆਂ। ਪਾਵਲ ਨੇ ਸਾਖਲਨ ਵਿਚ 1995 ਤਕ ਸੇਵਾ ਕੀਤੀ। ਉਸ ਤੋਂ ਬਾਅਦ ਸਾਡਾ ਸਭ ਤੋਂ ਛੋਟਾ ਮੁੰਡਾ ਵੀਤਾਲੀ ਹੀ ਸਾਡੇ ਨਾਲ ਸੀ। ਛੋਟੇ ਹੁੰਦਿਆਂ ਤੋਂ ਹੀ ਉਸ ਨੂੰ ਬਾਈਬਲ ਪੜ੍ਹਨੀ ਬਹੁਤ ਵਧੀਆ ਲੱਗਦੀ ਸੀ। ਉਸ ਨੇ 14 ਸਾਲ ਦੀ ਉਮਰ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ ਅਤੇ ਮੈਂ ਉਸ ਨਾਲ ਦੋ ਸਾਲ ਪਾਇਨੀਅਰਿੰਗ ਕੀਤੀ। ਸੱਚੀ ਉਹ ਦਿਨ ਮੈਨੂੰ ਹਮੇਸ਼ਾ ਯਾਦ ਰਹਿਣਗੇ। 19 ਸਾਲ ਦੀ ਉਮਰ ਵਿਚ ਵੀਤਾਲੀ ਨੂੰ ਸਪੈਸ਼ਲ ਪਾਇਨੀਅਰ ਵਜੋਂ ਕਿਸੇ ਹੋਰ ਜਗ੍ਹਾ ਭੇਜ ਦਿੱਤਾ ਗਿਆ।

1952 ਵਿਚ ਇਕ ਖੁਫੀਆ ਪੁਲਿਸ ਨੇ ਮਾਰੀਆ ਨੂੰ ਕਿਹਾ ਸੀ: “ਆਪਣਾ ਧਰਮ ਛੱਡ ਦੇ ਨਹੀਂ ਤਾਂ ਤੈਨੂੰ ਦਸ ਸਾਲ ਦੀ ਜੇਲ੍ਹ ਹੋ ਜਾਵੇਗੀ। ਜਦੋਂ ਤੂੰ ਬਾਹਰ ਆਵੇਗੀ, ਤਾਂ ਤੂੰ ਬੁੱਢੀ ਹੋ ਚੁੱਕੀ ਹੋਵੇਗੀ ਤੇ ਤੇਰਾ ਆਪਣਾ ਕੋਈ ਨਹੀਂ ਰਹੇਗਾ।” ਪਰ ਉਸ ਨਾਲ ਇੱਦਾਂ ਦਾ ਕੁਝ ਵੀ ਨਹੀਂ ਹੋਇਆ। ਸਾਨੂੰ ਆਪਣੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਪਿਆਰ ਮਿਲਿਆ। ਸਾਡੇ ਵਫ਼ਾਦਾਰ ਪਰਮੇਸ਼ੁਰ ਯਹੋਵਾਹ ਤੋਂ, ਆਪਣੇ ਬੱਚਿਆਂ ਤੋਂ ਅਤੇ ਉਨ੍ਹਾਂ ਬਹੁਤ ਸਾਰੇ ਲੋਕਾਂ ਤੋਂ ਜਿਨ੍ਹਾਂ ਨੂੰ ਅਸੀਂ ਸੱਚਾਈ ਸਿਖਾਈ। ਮੈਨੂੰ ਤੇ ਮਾਰੀਆ ਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਅਸੀਂ ਉਨ੍ਹਾਂ ਥਾਵਾਂ ’ਤੇ ਜਾ ਸਕੇ ਜਿੱਥੇ ਸਾਡੇ ਬੱਚੇ ਸੇਵਾ ਕਰ ਰਹੇ ਸਨ। ਉੱਥੋਂ ਦੇ ਭੈਣਾਂ-ਭਰਾਵਾਂ ਨੇ ਸਾਡਾ ਬਹੁਤ ਧੰਨਵਾਦ ਕੀਤਾ ਕਿਉਂਕਿ ਸਾਡੇ ਬੱਚਿਆਂ ਨੇ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਇਆ ਸੀ।

ਯਹੋਵਾਹ ਦੀ ਭਲਾਈ ਲਈ ਸਦਾ ਸ਼ੁਕਰਗੁਜ਼ਾਰ

1991 ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਨੂੰ ਕਾਨੂੰਨੀ ਮਾਨਤਾ ਮਿਲੀ। ਉਸ ਤੋਂ ਬਾਅਦ ਸਾਰੇ ਭੈਣਾਂ-ਭਰਾਵਾਂ ਵਿਚ ਪ੍ਰਚਾਰ ਲਈ ਜੋਸ਼ ਭਰ ਗਿਆ। ਸਾਡੀ ਮੰਡਲੀ ਨੇ ਇਕ ਬੱਸ ਖ਼ਰੀਦ ਲਈ ਤਾਂਕਿ ਅਸੀਂ ਸ਼ਨੀ-ਐਤਵਾਰ ਨੂੰ ਆਲੇ-ਦੁਆਲੇ ਦੇ ਕਸਬਿਆਂ ਤੇ ਪਿੰਡਾਂ ਵਿਚ ਪ੍ਰਚਾਰ ਕਰ ਸਕੀਏ।

2011 ਵਿਚ ਆਪਣੀ ਪਤਨੀ ਨਾਲ

ਯਾਰੋਸਲਾਵ ਤੇ ਉਸ ਦੀ ਪਤਨੀ ਆਲਿਯਾਨਾ ਅਤੇ ਪਾਵਲ ਤੇ ਉਸ ਦੀ ਪਤਨੀ ਰੇਯਾ ਅੱਜ ਬੈਥਲ ਵਿਚ ਸੇਵਾ ਕਰ ਰਹੇ ਹਨ। ਅੱਜ ਵੀਤਾਲੀ ਆਪਣੀ ਪਤਨੀ ਸਵੇਤਲਾਨਾ ਨਾਲ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਹੈ। ਮੈਂ ਆਪਣੇ ਮੁੰਡੇ ਤੇ ਨੂੰਹਾਂ ਤੋਂ ਬਹੁਤ ਖ਼ੁਸ਼ ਹਾਂ। ਸਾਡੀ ਵੱਡੀ ਕੁੜੀ ਈਰੀਨਾ ਆਪਣੇ ਪਰਿਵਾਰ ਨਾਲ ਜਰਮਨੀ ਰਹਿੰਦੀ ਹੈ। ਉਸ ਦਾ ਪਤੀ ਵਲਾਡੀਮੀਰ ਅਤੇ ਉਨ੍ਹਾਂ ਦੇ ਤਿੰਨ ਮੁੰਡੇ ਮੰਡਲੀ ਦੇ ਬਜ਼ੁਰਗ ਹਨ। ਸਾਡੀ ਧੀ ਔਲਗਾ ਏਸਟੋਨੀਆ ਵਿਚ ਰਹਿੰਦੀ ਹੈ ਅਤੇ ਉਹ ਮੈਨੂੰ ਲਗਾਤਾਰ ਫ਼ੋਨ ਕਰਦੀ ਹੈ। ਮੈਨੂੰ ਬਹੁਤ ਦੁੱਖ ਹੈ ਕਿ ਮੇਰੀ ਪਿਆਰ ਪਤਨੀ ਮਾਰੀਆ 2014 ਵਿਚ ਮੌਤ ਦੀ ਨੀਂਦ ਸੌਂ ਗਈ। ਮੈਂ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ ਜਦੋਂ ਮੈਂ ਮਾਰੀਆ ਨੂੰ ਦੁਬਾਰਾ ਮਿਲਾਂਗਾ। ਅੱਜ ਮੈਂ ਬੇਲਗੋਰੋਡ ਸ਼ਹਿਰ ਵਿਚ ਰਹਿੰਦਾ ਹਾਂ ਅਤੇ ਭੈਣ-ਭਰਾ ਮੇਰਾ ਬਹੁਤ ਖ਼ਿਆਲ ਰੱਖਦੇ ਹਨ।

ਯਹੋਵਾਹ ਦੀ ਸੇਵਾ ਕਰਦਿਆਂ ਮੈਂ ਇਹ ਸਿੱਖਿਆ ਹੈ ਕਿ ਉਸ ਪ੍ਰਤੀ ਵਫ਼ਾਦਾਰ ਰਹਿਣ ਲਈ ਸਾਨੂੰ ਕਈ ਵਾਰ ਵੱਡੀਆਂ ਕੀਮਤਾਂ ਚੁਕਾਉਣੀਆਂ ਪੈਂਦੀਆਂ ਹਨ। ਪਰ ਉਸ ਦੇ ਬਦਲੇ ਜੋ ਸ਼ਾਂਤੀ ਯਹੋਵਾਹ ਸਾਨੂੰ ਦਿੰਦਾ ਹੈ ਉਸ ਦੇ ਬਰਾਬਰ ਕੋਈ ਚੀਜ਼ ਨਹੀਂ। ਵਫ਼ਾਦਾਰ ਰਹਿਣ ਕਰਕੇ ਮਾਰੀਆ ਤੇ ਮੈਨੂੰ ਜੋ ਬਰਕਤਾਂ ਮਿਲੀਆਂ ਸਨ ਉਹ ਸਾਡੀਆਂ ਸੋਚਾਂ ਤੋਂ ਵੀ ਪਰੇ ਸਨ। ਜਦੋਂ 1991 ਵਿਚ ਸੋਵੀਅਤ ਸੰਘ ਦਾ ਬਟਵਾਰਾ ਹੋਇਆ, ਤਾਂ ਉਨ੍ਹਾਂ ਦੇਸ਼ਾਂ ਵਿਚ 40,000 ਤੋਂ ਵਧ ਪ੍ਰਚਾਰਕ ਸਨ। ਪਰ ਅੱਜ ਉਨ੍ਹਾਂ ਹੀ ਦੇਸ਼ਾਂ ਵਿਚ 4 ਲੱਖ ਤੋਂ ਵੀ ਜ਼ਿਆਦਾ ਪ੍ਰਚਾਰਕ ਹਨ! ਹੁਣ ਮੈਂ 83 ਸਾਲਾਂ ਦਾ ਹੋ ਗਿਆ ਹਾਂ ਅਤੇ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹਾਂ। ਯਹੋਵਾਹ ਨੇ ਮੈਨੂੰ ਹਮੇਸ਼ਾ ਮੁਸ਼ਕਲਾਂ ਦਾ ਡੱਟ ਕੇ ਸਾਮ੍ਹਣਾ ਕਰਨ ਦੀ ਹਿੰਮਤ ਦਿੱਤੀ। ਹਾਂ, ਯਹੋਵਾਹ ਨੇ ਸਾਨੂੰ ਢੇਰ ਸਾਰੀਆਂ ਬਰਕਤਾਂ ਦਿੱਤੀਆਂ ਹਨ।​—ਜ਼ਬੂ. 13:5, 6.