‘ਪਰਮੇਸ਼ੁਰ ਦੀ ਸ਼ਾਂਤੀ ਸਾਰੀ ਇਨਸਾਨੀ ਸਮਝ ਤੋਂ ਬਾਹਰ’
‘ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ ਤੁਹਾਡੇ ਦਿਲਾਂ ਦੀ ਰਾਖੀ ਕਰੇਗੀ।’—ਫ਼ਿਲਿ. 4:7.
ਗੀਤ: 39, 47
1, 2. ਫ਼ਿਲਿੱਪੈ ਸ਼ਹਿਰ ਵਿਚ ਪੌਲੁਸ ਤੇ ਸੀਲਾਸ ਨਾਲ ਕੀ ਹੋਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਆਪਣੇ ਮਨ ਵਿਚ ਤਸਵੀਰ ਬਣਾਓ। ਅੱਧੀ ਰਾਤ ਹੋ ਚੁੱਕੀ ਹੈ। ਪੌਲੁਸ ਅਤੇ ਸੀਲਾਸ ਨੂੰ ਫ਼ਿਲਿੱਪੈ ਸ਼ਹਿਰ ਦੀ ਜੇਲ੍ਹ ਵਿਚ ਕੈਦ ਕੀਤਾ ਹੋਇਆ ਹੈ। ਜੇਲ੍ਹ ਦੀ ਅੰਦਰਲੀ ਕੋਠਰੀ ਵਿਚ ਘੁੱਪ ਹਨੇਰਾ ਛਾਇਆ ਹੋਇਆ ਹੈ। ਉਨ੍ਹਾਂ ਦੇ ਪੈਰ ਸ਼ਿਕੰਜਿਆਂ ਵਿਚ ਜਕੜੇ ਹੋਏ ਹਨ ਅਤੇ ਉਹ ਹਿੱਲ ਵੀ ਨਹੀਂ ਸਕਦੇ। ਬੁਰੀ ਤਰ੍ਹਾਂ ਕੁੱਟ ਖਾਣ ਕਰਕੇ ਉਨ੍ਹਾਂ ਦੀਆਂ ਪਿੱਠਾਂ ਬਹੁਤ ਦੁੱਖ ਰਹੀਆਂ ਹਨ। (ਰਸੂ. 16:23, 24) ਪਰ ਇਹ ਸਭ ਕੁਝ ਕਿੱਦਾਂ ਹੋਇਆ? ਉਸੇ ਦਿਨ ਕੁਝ ਸਮਾਂ ਪਹਿਲਾਂ ਇਕ ਭੜਕੀ ਹੋਈ ਭੀੜ ਪੌਲੁਸ ਤੇ ਸੀਲਾਸ ਨੂੰ ਘਸੀਟ ਕੇ ਬਾਜ਼ਾਰ ਵਿਚ ਅਧਿਕਾਰੀਆਂ ਕੋਲ ਲੈ ਗਈ ਸੀ। ਉੱਥੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਸੀ। ਉਨ੍ਹਾਂ ਦੇ ਕੱਪੜੇ ਪਾੜੇ ਗਏ ਸਨ ਅਤੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਸੀ। (ਰਸੂ. 16:16-22) ਕਿੰਨੀ ਹੀ ਬੇਇਨਸਾਫ਼ੀ! ਰੋਮੀ ਨਾਗਰਿਕ ਹੋਣ ਕਰਕੇ ਪੌਲੁਸ ਦਾ ਹੱਕ ਸੀ ਕਿ ਉਸ ਦਾ ਮੁਕੱਦਮਾ ਸਹੀ ਤਰੀਕੇ ਨਾਲ ਚਲਾਇਆ ਜਾਵੇ। *
2 ਹਨੇਰੀ ਕੋਠਰੀ ਵਿਚ ਬੈਠਿਆਂ ਪੌਲੁਸ ਸੋਚ ਰਿਹਾ ਹੈ ਕਿ ਉਸ ਦਿਨ ਕੀ-ਕੀ ਹੋਇਆ ਸੀ। ਉਹ ਫ਼ਿਲਿੱਪੈ ਦੇ ਲੋਕਾਂ ਬਾਰੇ ਸੋਚ ਰਿਹਾ ਹੈ। ਉਨ੍ਹਾਂ ਦੇ ਸ਼ਹਿਰ ਵਿਚ ਯਹੂਦੀ ਸਭਾ-ਘਰ ਰਸੂ. 16:13, 14) ਉਸ ਜ਼ਮਾਨੇ ਵਿਚ ਜੇ ਸ਼ਹਿਰ ਵਿਚ ਘੱਟੋ-ਘੱਟ ਦਸ ਯਹੂਦੀ ਆਦਮੀ ਹੁੰਦੇ ਸਨ, ਤਾਂ ਹੀ ਸਭਾ-ਘਰ ਬਣਾਏ ਜਾਂਦੇ ਸਨ। ਪਰ ਕੀ ਇਸ ਸ਼ਹਿਰ ਵਿਚ ਦਸ ਯਹੂਦੀ ਆਦਮੀ ਵੀ ਨਹੀਂ ਸਨ? ਫ਼ਿਲਿੱਪੈ ਲੋਕਾਂ ਨੂੰ ਆਪਣੀ ਰੋਮੀ ਨਾਗਰਿਕਤਾ ਉੱਤੇ ਬਹੁਤ ਘਮੰਡ ਸੀ। (ਰਸੂ. 16:21) ਸ਼ਾਇਦ ਇਸ ਲਈ ਉਨ੍ਹਾਂ ਨੇ ਸੋਚਿਆ ਹੋਣਾ ਕਿ ਇਨ੍ਹਾਂ ਦੋਨਾਂ ਯਹੂਦੀਆਂ ਕੋਲ ਰੋਮੀ ਨਾਗਰਿਕਤਾ ਨਹੀਂ ਹੋ ਸਕਦੀ। ਅਸੀਂ ਪੂਰੀ ਗੱਲ ਨਹੀਂ ਜਾਣਦੇ, ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਇਨ੍ਹਾਂ ਬੇਕਸੂਰ ਸੇਵਕਾਂ ਨੂੰ ਬੇਵਜ੍ਹਾ ਜੇਲ੍ਹ ਵਿਚ ਸੁੱਟਿਆ ਗਿਆ ਸੀ।
ਵੀ ਨਹੀਂ ਸੀ। ਪੌਲੁਸ ਨੇ ਜਿੰਨੇ ਵੀ ਸ਼ਹਿਰਾਂ ਦਾ ਦੌਰਾ ਕੀਤੀ ਸੀ ਉਨ੍ਹਾਂ ਵਿਚ ਜ਼ਿਆਦਾਤਰ ਯਹੂਦੀਆਂ ਦਾ ਸਭਾ-ਘਰ ਹੁੰਦਾ ਸੀ। ਪਰ ਫ਼ਿਲਿੱਪੈ ਦੇ ਯਹੂਦੀਆਂ ਨੂੰ ਸ਼ਹਿਰ ਤੋਂ ਬਾਹਰ ਇਕ ਨਦੀ ਕੋਲ ਭਗਤੀ ਕਰਨੀ ਪੈਂਦੀ ਸੀ। (3. ਜੇਲ੍ਹ ਵਿਚ ਸ਼ਾਇਦ ਪੌਲੁਸ ਕਿਨ੍ਹਾਂ ਗੱਲਾਂ ਬਾਰੇ ਸੋਚ ਰਿਹਾ ਸੀ? ਪਰ ਉਸ ਨੇ ਕਿਹੋ ਜਿਹਾ ਰਵੱਈਆ ਰੱਖਿਆ?
3 ਸ਼ਾਇਦ ਪੌਲੁਸ ਇਸ ਗੱਲ ਬਾਰੇ ਵੀ ਸੋਚ ਰਿਹਾ ਸੀ ਕਿ ਉਹ ਫ਼ਿਲਿੱਪੈ ਕਿਵੇਂ ਪਹੁੰਚਿਆ। ਕੁਝ ਮਹੀਨੇ ਪਹਿਲਾਂ ਪੌਲੁਸ ਏਜੀਅਨ ਸਾਗਰ ਦੇ ਦੂਜੇ ਪਾਸੇ ਏਸ਼ੀਆ ਮਾਈਨਰ ਵਿਚ ਸੀ। ਜਦੋਂ ਉਹ ਉੱਥੇ ਸੀ, ਤਾਂ ਪਵਿੱਤਰ ਸ਼ਕਤੀ ਨੇ ਪੌਲੁਸ ਨੂੰ ਕਈ ਵਾਰ ਕੁਝ ਇਲਾਕਿਆਂ ਵਿਚ ਪ੍ਰਚਾਰ ਕਰਨ ਤੋਂ ਰੋਕਿਆ। ਇੱਦਾਂ ਲੱਗਦਾ ਸੀ ਕਿ ਪਵਿੱਤਰ ਸ਼ਕਤੀ ਉਸ ਨੂੰ ਕਿਤੇ ਹੋਰ ਜਾਣ ਲਈ ਮਜਬੂਰ ਕਰ ਰਹੀ ਸੀ। (ਰਸੂ. 16:6, 7) ਪਰ ਕਿੱਥੇ? ਜਦੋਂ ਪੌਲੁਸ ਤ੍ਰੋਆਸ ਵਿਚ ਸੀ, ਤਾਂ ਇਕ ਦਰਸ਼ਨ ਵਿਚ ਪੌਲੁਸ ਨੂੰ ਕਿਹਾ ਗਿਆ: “ਇਸ ਪਾਰ ਮਕਦੂਨੀਆ ਵਿਚ ਆ।” ਇਸ ਗੱਲ ਤੋਂ ਯਹੋਵਾਹ ਦੀ ਮਰਜ਼ੀ ਸਾਫ਼ ਦੇਖੀ ਜਾ ਸਕਦੀ ਸੀ। ਇਸ ਲਈ ਪੌਲੁਸ ਬਿਨਾਂ ਦੇਰ ਕੀਤਿਆਂ ਮਕਦੂਨੀਆ ਚਲਾ ਗਿਆ। (ਰਸੂਲਾਂ ਦੇ ਕੰਮ 16:8-10 ਪੜ੍ਹੋ।) ਫਿਰ ਕੀ ਹੋਇਆ? ਮਕਦੂਨੀਆ ਵਿਚ ਥੋੜ੍ਹੇ ਸਮੇਂ ਬਾਅਦ ਹੀ ਉਸ ਨੂੰ ਜੇਲ੍ਹ ਹੋ ਗਈ। ਯਹੋਵਾਹ ਨੇ ਪੌਲੁਸ ਨਾਲ ਇਸ ਤਰ੍ਹਾਂ ਕਿਉਂ ਹੋਣ ਦਿੱਤਾ? ਉਸ ਨੂੰ ਕਿੰਨੀ ਦੇਰ ਜੇਲ੍ਹ ਵਿਚ ਰਹਿਣਾ ਪੈਣਾ ਸੀ? ਜੇ ਇੱਦਾਂ ਦੇ ਸਵਾਲ ਉਸ ਦੇ ਮਨ ਵਿਚ ਆਏ ਵੀ ਹੋਣੇ, ਤਾਂ ਵੀ ਉਸ ਨੇ ਆਪਣੀ ਨਿਹਚਾ ਤੇ ਖ਼ੁਸ਼ੀ ਬਰਕਰਾਰ ਰੱਖੀ। ਪੌਲੁਸ ਤੇ ਸੀਲਾਸ ਨੇ “ਪ੍ਰਾਰਥਨਾ” ਕੀਤੀ ਅਤੇ “ਪਰਮੇਸ਼ੁਰ ਦੀ ਮਹਿਮਾ ਦੇ ਗੀਤ” ਗਾਏ। (ਰਸੂ. 16:25) ਉਨ੍ਹਾਂ ਨੂੰ ਪਰਮੇਸ਼ੁਰ ਦੀ ਸ਼ਾਂਤੀ ਮਿਲੀ ਜਿਸ ਕਰਕੇ ਉਨ੍ਹਾਂ ਦੇ ਮਨਾਂ ਅਤੇ ਦਿਲਾਂ ਨੂੰ ਸਕੂਨ ਮਿਲਿਆ।
4, 5. (ੳ) ਸਾਡੇ ਹਾਲਾਤ ਸ਼ਾਇਦ ਪੌਲੁਸ ਵਰਗੇ ਕਿਵੇਂ ਹੋ ਸਕਦੇ ਹਨ? (ਅ) ਪੌਲੁਸ ਦੇ ਹਾਲਾਤ ਅਚਾਨਕ ਹੀ ਕਿੱਦਾਂ ਬਦਲ ਗਏ?
4 ਕੀ ਤੁਸੀਂ ਕਦੇ ਪੌਲੁਸ ਵਾਂਗ ਮਹਿਸੂਸ ਕੀਤਾ? ਕੀ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਫ਼ੈਸਲਾ ਕੀਤਾ, ਪਰ ਬਾਅਦ ਵਿਚ ਨਤੀਜੇ ਇੰਨੇ ਚੰਗੇ ਨਹੀਂ ਨਿਕਲੇ? ਸ਼ਾਇਦ ਤੁਹਾਡੇ ਫ਼ੈਸਲੇ ਕਰਕੇ ਤੁਹਾਡੇ ਉੱਤੇ ਕਈ ਮੁਸੀਬਤਾਂ ਆਈਆਂ ਜਾਂ ਕੁਝ ਅਜਿਹੇ ਹਾਲਾਤ ਖੜ੍ਹੇ ਹੋ ਗਏ ਜਿਸ ਕਰਕੇ ਤੁਹਾਨੂੰ ਬਹੁਤ ਵੱਡੀਆਂ ਤਬਦੀਲੀਆਂ ਕਰਨੀਆਂ ਪਈਆਂ। (ਉਪ. 9:11) ਜਦੋਂ ਤੁਸੀਂ ਉਨ੍ਹਾਂ ਹਾਲਾਤਾਂ ਬਾਰੇ ਦੁਬਾਰਾ ਸੋਚਦੇ ਹੋ, ਤਾਂ ਸ਼ਾਇਦ ਤੁਹਾਡੇ ਮਨ ਵਿਚ ਇਹ ਸਵਾਲ ਆਵੇ, ‘ਯਹੋਵਾਹ ਨੇ ਮੇਰੇ ’ਤੇ ਇਹ ਹਾਲਾਤ ਕਿਉਂ ਆਉਣ ਦਿੱਤੇ?’ ਜੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ, ਤਾਂ ਯਹੋਵਾਹ ਉੱਤੇ ਆਪਣਾ ਭਰੋਸਾ ਬਣਾਈ ਰੱਖਣ ਲਈ ਅਤੇ ਮੁਸ਼ਕਲਾਂ ਸਹਿਣ ਲਈ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਇਸ ਦਾ ਜਵਾਬ ਸਾਨੂੰ ਪੌਲੁਸ ਅਤੇ ਸੀਲਾਸ ਦੀ ਹੱਡ-ਬੀਤੀ ਤੋਂ ਮਿਲਦਾ ਹੈ। ਆਓ ਆਪਾਂ ਦੇਖੀਏ ਕਿ ਉਨ੍ਹਾਂ ਨਾਲ ਅੱਗੇ ਕੀ ਹੋਇਆ।
5 ਜਦੋਂ ਪੌਲੁਸ ਤੇ ਸੀਲਾਸ ਗੀਤ ਗਾ ਰਹੇ ਸਨ, ਤਾਂ ਬਹੁਤ ਹੀ ਹੈਰਾਨੀਜਨਕ ਘਟਨਾਵਾਂ ਵਾਪਰੀਆਂ। ਪਹਿਲੀ, ਬਹੁਤ ਹੀ ਜ਼ਬਰਦਸਤ ਭੁਚਾਲ਼ ਆਇਆ। ਜੇਲ੍ਹ ਦੇ ਦਰਵਾਜ਼ੇ ਇਕਦਮ ਖੁੱਲ੍ਹ ਗਏ ਅਤੇ ਸਾਰੇ ਕੈਦੀਆਂ ਦੀਆਂ ਬੇੜੀਆਂ ਖੁੱਲ੍ਹ ਗਈਆਂ। ਇਹ ਸਭ ਕੁਝ ਦੇਖ ਕੇ ਜੇਲ੍ਹਰ ਖ਼ੁਦਕੁਸ਼ੀ ਕਰਨ ਹੀ ਵਾਲਾ ਸੀ, ਪਰ ਪੌਲੁਸ ਨੇ ਉਸ ਨੂੰ ਰੋਕ ਦਿੱਤਾ। ਜੇਲ੍ਹਰ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲੈ ਲਿਆ। ਅਗਲੀ ਸਵੇਰ ਸ਼ਹਿਰ ਦੇ ਅਧਿਕਾਰੀਆਂ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਅਤੇ ਸੀਲਾਸ ਨੂੰ ਜੇਲ੍ਹ ਵਿੱਚੋਂ ਰਿਹਾ ਕਰ ਦੇਣ। ਉਨ੍ਹਾਂ ਨੇ ਇਹ ਸੁਨੇਹਾ ਭੇਜਿਆ ਕਿ ਪੌਲੁਸ ਅਤੇ ਸੀਲਾਸ ਸ਼ਾਂਤੀ ਨਾਲ ਸ਼ਹਿਰ ਛੱਡ ਕੇ ਚੱਲੇ ਜਾਣ। ਜਦੋਂ ਮੈਜਿਸਟ੍ਰੇਟਾਂ ਨੂੰ ਪਤਾ ਲੱਗਾ ਕਿ ਪੌਲੁਸ ਅਤੇ ਸੀਲਾਸ ਰੋਮੀ ਨਾਗਰਿਕ ਸਨ, ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਲਈ ਉਨ੍ਹਾਂ ਨੇ ਆਪ ਆ ਕੇ ਪੌਲੁਸ ਤੇ ਸੀਲਾਸ ਨੂੰ ਜੇਲ੍ਹ ਵਿੱਚੋਂ ਰਿਹਾ ਕੀਤਾ। ਪਰ ਪੌਲੁਸ ਅਤੇ ਸੀਲਾਸ ਸ਼ਹਿਰੋਂ ਸਿੱਧੇ ਬਾਹਰ ਨਹੀਂ ਗਏ, ਸਗੋਂ ਉਹ ਆਪਣੀ ਨਵੀਂ ਮਸੀਹੀ ਭੈਣ ਲੀਡੀਆ ਨੂੰ ਮਿਲਣ ਗਏ। ਉਨ੍ਹਾਂ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਫ਼ਿਲਿੱਪੈ ਦੇ ਹੋਰ ਭਰਾਵਾਂ ਨੂੰ ਵੀ ਹੱਲਾਸ਼ੇਰੀ ਦਿੱਤੀ। (ਰਸੂ. 16:26-40) ਕਿੰਨੀ ਹੀ ਜਲਦੀ ਸਭ ਕੁਝ ਬਦਲ ਗਿਆ!
“ਸਾਰੀ ਇਨਸਾਨੀ ਸਮਝ ਤੋਂ ਬਾਹਰ”
6. ਅਸੀਂ ਹੁਣ ਕਿਹੜੀਆਂ ਗੱਲਾਂ ਉੱਤੇ ਚਰਚਾ ਕਰਾਂਗੇ?
6 ਅਸੀਂ ਇਨ੍ਹਾਂ ਘਟਨਾਵਾਂ ਤੋਂ ਕੀ ਸਿੱਖਦੇ ਹਾਂ? ਕਿਸੇ ਵੀ ਮੁਸੀਬਤ ਦਾ ਸਾਮ੍ਹਣਾ ਕਰਦਿਆਂ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਯਹੋਵਾਹ ਉਹ ਕੰਮ ਕਰ ਸਕਦਾ ਹੈ ਜੋ ਸਾਡੀ ਸੋਚ ਤੋਂ ਵੀ ਪਰੇ ਹਨ। ਉਹ ਕਮਾਲ ਦਾ ਪਰਮੇਸ਼ੁਰ ਹੈ! ਇਹ ਗੱਲਾਂ ਪੌਲੁਸ ਨੂੰ ਉਮਰ ਭਰ ਯਾਦ ਰਹੀਆਂ। ਅਸੀਂ ਇਹ ਗੱਲ ਇਸ ਲਈ ਜਾਣਦੇ ਹਾਂ ਕਿਉਂਕਿ ਪੌਲੁਸ ਨੇ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਚਿੰਤਾ ਬਾਰੇ ਅਤੇ ਪਰਮੇਸ਼ੁਰ ਦੀ ਸ਼ਾਂਤੀ ਬਾਰੇ ਲਿਖਿਆ ਸੀ। ਇਸ ਲੇਖ ਵਿਚ ਅਸੀਂ ਫ਼ਿਲਿੱਪੀਆਂ 4:6, 7 (ਪੜ੍ਹੋ) ਵਿਚ ਲਿਖੇ ਪੌਲੁਸ ਦੇ ਸ਼ਬਦ ਉੱਤੇ ਗੌਰ ਕਰਾਂਗੇ। ਇਸ ਦੇ ਨਾਲ-ਨਾਲ ਅਸੀਂ ਬਾਈਬਲ ਦੀਆਂ ਹੋਰ ਘਟਨਾਵਾਂ ਉੱਤੇ ਚਰਚਾ ਕਰਾਂਗੇ ਜਿਨ੍ਹਾਂ ਵਿਚ ਯਹੋਵਾਹ ਨੇ ਕਮਾਲ ਦੇ ਕੰਮ ਕੀਤੇ। ਅਖ਼ੀਰ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਉੱਤੇ ਭਰੋਸਾ ਰੱਖਣ ਕਰਕੇ “ਪਰਮੇਸ਼ੁਰ ਦੀ ਸ਼ਾਂਤੀ” ਮੁਸ਼ਕਲਾਂ ਸਹਿਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ।
7. ਪੌਲੁਸ ਨੇ ਆਪਣੀ ਚਿੱਠੀ ਰਾਹੀਂ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਕਿਹੜਾ ਸਬਕ ਸਿਖਾਇਆ? ਅਸੀਂ ਇਸ ਤੋਂ ਕੀ ਸਿੱਖਦੇ ਹਾਂ?
7 ਜਦੋਂ ਫ਼ਿਲਿੱਪੈ ਦੇ ਭਰਾਵਾਂ ਨੇ ਪੌਲੁਸ ਦੀ ਚਿੱਠੀ ਪੜ੍ਹੀ, ਤਾਂ ਉਨ੍ਹਾਂ ਨੇ ਕੀ ਸੋਚਿਆ? ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਯਾਦ ਹੋਣਾ ਕਿ ਪੌਲੁਸ ਤੇ ਸੀਲਾਸ ਨਾਲ ਕੀ ਹੋਇਆ ਅਤੇ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਉਨ੍ਹਾਂ ਨੂੰ ਕਿਵੇਂ ਬਚਾਇਆ। ਸੱਚ-ਮੁੱਚ ਯਹੋਵਾਹ ਕਮਾਲ ਦਾ ਪਰਮੇਸ਼ੁਰ ਹੈ। ਪੌਲੁਸ ਆਪਣੀ ਚਿੱਠੀ ਵਿਚ ਉਨ੍ਹਾਂ ਨੂੰ ਕਿਹੜਾ ਸਬਕ ਸਿਖਾਉਣਾ ਚਾਹੁੰਦਾ ਸੀ? ਇਹ ਸਬਕ: ਚਿੰਤਾ ਨਾ ਕਰੋ, ਸਗੋਂ ਪ੍ਰਾਰਥਨਾ ਕਰੋ ਅਤੇ ਤੁਹਾਨੂੰ ਪਰਮੇਸ਼ੁਰ ਦੀ ਸ਼ਾਂਤੀ ਮਿਲੇਗੀ। ਪੌਲੁਸ ਨੇ ਉਨ੍ਹਾਂ ਨੂੰ ਦੱਸਿਆ ਕਿ ਪਰਮੇਸ਼ੁਰ ਦੀ ਸ਼ਾਂਤੀ “ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” ਇਸ ਦਾ ਕੀ ਮਤਲਬ ਹੈ? ਕੁਝ ਬਾਈਬਲਾਂ ਵਿਚ ਇਸ ਆਇਤ ਨੂੰ ਇਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ, “ਸੁਪਨਿਆਂ ਵਿਚ ਵੀ ਨਹੀਂ ਸੋਚਿਆਂ ਹੁੰਦਾ” ਜਾਂ “ਜਿਸ ਦੀ ਅਸੀਂ ਉਮੀਦ ਵੀ ਨਹੀਂ ਕੀਤੀ ਹੁੰਦੀ।” ਸੋ ਪੌਲੁਸ ਕਹਿ ਰਿਹਾ ਸੀ ਕਿ “ਪਰਮੇਸ਼ੁਰ ਦੀ ਸ਼ਾਂਤੀ” ਸਾਡੀ ਕਲਪਨਾ ਤੋਂ ਵੀ ਪਰੇ ਹੈ। ਕਈ ਵਾਰ ਅਸੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੱਢ ਸਕਦੇ, ਪਰ ਯਹੋਵਾਹ ਕੱਢ ਸਕਦਾ ਹੈ। ਯਹੋਵਾਹ ਉਹ ਕੰਮ ਕਰ ਸਕਦਾ ਹੈ ਜੋ ਸਾਡੀ ਸੋਚ ਤੋਂ ਵੀ ਪਰੇ ਹਨ। ਉਹ ਕਮਾਲ ਦਾ ਪਰਮੇਸ਼ੁਰ ਹੈ!—2 ਪਤਰਸ 2:9 ਪੜ੍ਹੋ।
8, 9. (ੳ) ਭਾਵੇਂ ਪੌਲੁਸ ਨੂੰ ਬੇਇਨਸਾਫ਼ੀ ਸਹਿਣੀ ਪਈ, ਪਰ ਫਿਰ ਵੀ ਇਸ ਦੇ ਕਿਹੜੇ ਵਧੀਆ ਨਤੀਜੇ ਨਿਕਲੇ? (ਅ) ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਪੌਲੁਸ ਦੇ ਸ਼ਬਦਾਂ ਉੱਤੇ ਕਿਉਂ ਭਰੋਸਾ ਸੀ?
8 ਪੌਲੁਸ ਦੀ ਚਿੱਠੀ ਪੜ੍ਹ ਕੇ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਜ਼ਰੂਰ ਹੌਸਲਾ ਮਿਲਿਆ ਹੋਣਾ। ਇਸ ਚਿੱਠੀ ਨੂੰ ਪੜ੍ਹ ਕੇ ਉਨ੍ਹਾਂ ਨੇ ਸੋਚਿਆ ਹੋਣਾ ਕਿ ਪਿਛਲੇ ਦਸ ਸਾਲਾਂ ਵਿਚ ਯਹੋਵਾਹ ਨੇ ਉਨ੍ਹਾਂ ਲਈ ਕਿੰਨੇ ਵੱਡੇ-ਵੱਡੇ ਕੰਮ ਕੀਤੇ। ਪੌਲੁਸ ਨਾਲ ਹੋਇਆਂ ਘਟਨਾਵਾਂ ਤੋਂ ਹੁਣ ਦਸ ਸਾਲ ਬੀਤ ਚੁੱਕੇ ਸਨ। ਭਾਵੇਂ ਯਹੋਵਾਹ ਨੇ ਪੌਲੁਸ ਤੇ ਸੀਲਾਸ ਨਾਲ ਬੇਇਨਸਾਫ਼ੀ ਹੋਣ ਦਿੱਤੀ, ਪਰ ਫਿਰ ਵੀ ਇਸ ਦਾ ਵਧੀਆ ਨਤੀਜਾ ਨਿਕਲਿਆ। “ਕਾਨੂੰਨੀ ਲੜਾਈ” ਲੜਨ ਕਰਕੇ ਮਸੀਹੀਆਂ ਨੂੰ “ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ” ਹੋਇਆ। (ਫ਼ਿਲਿ. 1:7) ਇਸ ਤੋਂ ਬਾਅਦ ਫ਼ਿਲਿੱਪੈ ਦੇ ਅਧਿਕਾਰੀਆਂ ਦੀ ਹਿੰਮਤ ਵੀ ਨਹੀਂ ਪਈ ਕਿ ਉਹ ਭੈਣਾਂ-ਭਰਾਵਾਂ ਨੂੰ ਤੰਗ ਕਰਨ। ਜਦੋਂ ਪੌਲੁਸ ਤੇ ਸੀਲਾਸ ਫ਼ਿਲਿੱਪੈ ਤੋਂ ਚਲੇ ਗਏ ਸਨ, ਤਾਂ ਲੂਕਾ ਨੇ ਉੱਥੇ ਰਹਿ ਕੇ ਭੈਣਾਂ-ਭਰਾਵਾਂ ਦੀ ਮਦਦ ਕੀਤੀ। ਹੋ ਸਕਦਾ ਹੈ ਕਿ ਲੂਕਾ ਇਸ ਲਈ ਫ਼ਿਲਿੱਪੈ ਵਿਚ ਰਹਿ ਸਕਿਆ ਕਿਉਂਕਿ ਪੌਲੁਸ ਨੇ ਅਧਿਕਾਰੀਆਂ ਨੂੰ ਆਪਣੀ ਨਾਗਰਿਕਤਾ ਬਾਰੇ ਦੱਸਿਆ ਸੀ।
9 ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਪਤਾ ਸੀ ਕਿ ਪੌਲੁਸ ਨੇ ਚਿੱਠੀ ਵਿਚ ਫੋਕੀਆਂ ਗੱਲਾਂ ਨਹੀਂ ਲਿਖੀਆਂ ਸਨ। ਉਨ੍ਹਾਂ ਨੂੰ ਪਤਾ ਸੀ ਕਿ ਪੌਲੁਸ ਆਪ ਸਖ਼ਤ ਅਜ਼ਮਾਇਸ਼ਾਂ ਵਿੱਚੋਂ ਗੁਜ਼ਰਿਆ ਸੀ। ਦਰਅਸਲ ਜਦੋਂ ਪੌਲੁਸ ਨੇ ਇਹ ਚਿੱਠੀ ਲਿਖੀ ਸੀ, ਤਾਂ ਉਸ ਵੇਲੇ ਉਹ ਰੋਮ ਵਿਚ ਆਪਣੇ ਘਰ ਵਿਚ ਕੈਦ ਸੀ। ਪਰ ਉਸ ਦੇ ਕੰਮਾਂ ਤੋਂ ਪਤਾ ਲੱਗਦਾ ਸੀ ਕਿ ਉਸ ਕੋਲ ਹਾਲੇ ਵੀ “ਪਰਮੇਸ਼ੁਰ ਦੀ ਸ਼ਾਂਤੀ” ਸੀ।—ਫ਼ਿਲਿ. 1:12-14; 4:7, 11, 22.
“ਕਿਸੇ ਗੱਲ ਦੀ ਚਿੰਤਾ ਨਾ ਕਰੋ”
10, 11. ਜਦੋਂ ਸਾਨੂੰ ਕਿਸੇ ਮੁਸ਼ਕਲ ਕਰਕੇ ਚਿੰਤਾ ਹੁੰਦੀ ਹੈ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਅਸੀਂ ਕਿਹੜੀ ਉਮੀਦ ਰੱਖ ਸਕਦੇ ਹਾਂ?
10 “ਕਿਸੇ ਗੱਲ ਦੀ ਚਿੰਤਾ” ਕਰਨ ਦੀ ਬਜਾਇ ਅਸੀਂ “ਪਰਮੇਸ਼ੁਰ ਦੀ ਸ਼ਾਂਤੀ” ਕਿਵੇਂ ਪਾ ਸਕਦੇ ਹਾਂ? ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਲਿਖੇ ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਚਿੰਤਾ ਦਾ ਇਲਾਜ ਪ੍ਰਾਰਥਨਾ ਹੈ। ਇਸ ਲਈ ਜਦੋਂ ਵੀ ਤੁਹਾਨੂੰ ਕੋਈ ਚਿੰਤਾ ਹੋਵੇ, ਤਾਂ ਪ੍ਰਾਰਥਨਾ ਕਰੋ। (1 ਪਤਰਸ 5:6, 7 ਪੜ੍ਹੋ।) ਯਹੋਵਾਹ ਨੂੰ ਪ੍ਰਾਰਥਨਾ ਕਰਦਿਆਂ ਪੂਰਾ ਭਰੋਸਾ ਰੱਖੋ ਕਿ ਉਸ ਨੂੰ ਤੁਹਾਡਾ ਫ਼ਿਕਰ ਹੈ। ਹਰੇਕ ਬਰਕਤ ਲਈ ਉਸ ਦਾ ਧੰਨਵਾਦ ਕਰੋ। ਕਦੇ ਨਾ ਭੁੱਲੋ ਕਿ ਯਹੋਵਾਹ “ਸਾਡੀਆਂ ਮੰਗਾਂ ਅਤੇ ਸੋਚਾਂ ਤੋਂ ਵੀ ਕਿਤੇ ਵੱਧ ਸਾਡੇ ਲਈ ਕਰ ਸਕਦਾ ਹੈ।”—ਅਫ਼. 3:20.
11 ਸਾਡੀ ਮਦਦ ਕਰਨ ਲਈ ਯਹੋਵਾਹ ਜੋ ਵੀ ਕਰਦਾ ਹੈ ਉਸ ਨੂੰ ਦੇਖ ਕੇ ਸ਼ਾਇਦ ਅਸੀਂ ਪੌਲੁਸ ਤੇ ਸੀਲਾਸ ਵਾਂਗ ਦੰਗ ਰਹਿ ਜਾਈਏ। ਸ਼ਾਇਦ ਯਹੋਵਾਹ ਸਾਡੇ ਲਈ ਕੋਈ ਅਚੰਭਾ ਨਾ ਵੀ ਕਰੇ, ਪਰ ਉਹ ਜੋ ਵੀ ਕਰੇਗਾ ਹਮੇਸ਼ਾ ਸਾਡੀਆਂ ਲੋੜਾਂ ਮੁਤਾਬਕ ਕਰੇਗਾ। (1 ਕੁਰਿੰ. 10:13) ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹੱਥ ਤੇ ਹੱਥ ਧਰ ਕੇ ਬਹਿ ਜਾਈਏ ਅਤੇ ਯਹੋਵਾਹ ਨੂੰ ਉਡੀਕੀਏ ਕਿ ਉਹ ਸਾਡੀਆਂ ਮੁਸ਼ਕਲਾਂ ਦਾ ਹੱਲ ਕੱਢੇ ਜਾਂ ਸਾਡੇ ਹਾਲਾਤ ਸੁਧਾਰੇ। ਸਾਨੂੰ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਖ਼ੁਦ ਕਦਮ ਚੁੱਕਣ ਦੀ ਲੋੜ ਹੈ। (ਰੋਮੀ. 12:11) ਅਸੀਂ ਆਪਣੇ ਕੰਮਾਂ ਤੋਂ ਦਿਖਾ ਸਕਦੇ ਹਾਂ ਕਿ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਕੰਮਾਂ ’ਤੇ ਬਰਕਤ ਪਾਵੇ। ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਸਾਡੀਆਂ ਮੰਗਾਂ ਤੇ ਸੋਚਾਂ ਤੋਂ ਵੀ ਵਧ ਸਾਨੂੰ ਦੇ ਸਕਦਾ ਹੈ। ਕਦੇ-ਕਦੇ ਯਹੋਵਾਹ ਉਹ ਕੰਮ ਕਰ ਕੇ ਸਾਨੂੰ ਹੈਰਾਨ ਕਰ ਦਿੰਦਾ ਹੈ ਜੋ ਅਸੀਂ ਕਦੇ ਸੋਚੇ ਵੀ ਨਹੀਂ ਹੁੰਦੇ। ਸੋ ਆਓ ਆਪਾਂ ਕੁਝ ਮਿਸਾਲਾਂ ’ਤੇ ਗੌਰ ਕਰੀਏ ਜਿਨ੍ਹਾਂ ਨਾਲ ਸਾਡਾ ਭਰੋਸਾ ਵਧੇਗਾ ਕਿ ਯਹੋਵਾਹ ਸੱਚ-ਮੁੱਚ ਕਮਾਲ ਦਾ ਪਰਮੇਸ਼ੁਰ ਹੈ।
ਯਹੋਵਾਹ ਦੇ ਕਮਾਲ ਦੇ ਕੰਮ
12. (ੳ) ਸਨਹੇਰੀਬ ਤੋਂ ਧਮਕੀਆਂ ਮਿਲਣ ’ਤੇ ਰਾਜਾ ਹਿਜ਼ਕੀਯਾਹ ਨੇ ਕੀ ਕੀਤਾ? (ਅ) ਜਿਸ ਤਰੀਕੇ ਨਾਲ ਯਹੋਵਾਹ ਨੇ ਮੁਸ਼ਕਲ ਦਾ ਹੱਲ ਕੱਢਿਆ ਉਸ ਤੋਂ ਅਸੀਂ ਕੀ ਸਿੱਖਦੇ ਹਾਂ?
12 ਬਾਈਬਲ ਵਿਚ ਬਹੁਤ ਸਾਰੀਆਂ ਮਿਸਾਲਾਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਮਾਲ ਦੇ ਕੰਮ ਕਰਨ ਵਾਲਾ ਪਰਮੇਸ਼ੁਰ ਹੈ। ਮਿਸਾਲ ਲਈ, ਜਦੋਂ ਹਿਜ਼ਕੀਯਾਹ ਯਹੂਦਾਹ ਦਾ ਰਾਜਾ ਸੀ, ਤਾਂ ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਉੱਤੇ ਹਮਲਾ ਕੀਤਾ। ਸਨਹੇਰੀਬ ਨੇ ਯਰੂਸ਼ਲਮ ਤੋਂ ਇਲਾਵਾ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। (2 ਰਾਜ. 18:1-3, 13) ਫਿਰ ਸਨਹੇਰੀਬ ਨੇ ਯਰੂਸ਼ਲਮ ਨੂੰ ਆਪਣਾ ਅਗਲਾ ਨਿਸ਼ਾਨਾ ਬਣਾਇਆ। ਰਾਜਾ ਹਿਜ਼ਕੀਯਾਹ ਨੇ ਕੀ ਕੀਤਾ? ਉਸ ਨੇ ਪਹਿਲਾਂ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਮਦਦ ਮੰਗੀ ਅਤੇ ਉਸ ਦੇ ਨਬੀ ਯਸਾਯਾਹ ਤੋਂ ਸਲਾਹ ਲਈ। (2 ਰਾਜ. 19:5, 15-20) ਫਿਰ ਉਸ ਨੇ ਸਮਝਦਾਰੀ ਦਿਖਾਉਂਦਿਆਂ ਸਨਹੇਰੀਬ ਦੀ ਮੰਗ ਮੁਤਾਬਕ ਜੁਰਮਾਨਾ ਭਰਿਆ। (2 ਰਾਜ. 18:14, 15) ਅਖ਼ੀਰ ਉਸ ਨੇ ਘੇਰਾਬੰਦੀ ਦਾ ਸਾਮ੍ਹਣਾ ਕਰਨ ਲਈ ਸ਼ਹਿਰ ਨੂੰ ਮਜ਼ਬੂਤ ਕੀਤਾ ਕਿਉਂਕਿ ਘੇਰਾਬੰਦੀ ਕਾਫ਼ੀ ਲੰਬੇ ਸਮੇਂ ਤਕ ਹੋ ਸਕਦੀ ਸੀ। (2 ਇਤ. 32:2-4) ਪਰ ਅੰਤ ਵਿਚ ਕੀ ਹੋਇਆ? ਯਹੋਵਾਹ ਨੇ ਇਕ ਦੂਤ ਭੇਜ ਕੇ ਇਕ ਹੀ ਰਾਤ ਵਿਚ ਸਨਹੇਰੀਬ ਦੇ 1,85,000 ਫ਼ੌਜੀਆਂ ਨੂੰ ਮਾਰ ਮੁਕਾਇਆ। ਹਿਜ਼ਕੀਯਾਹ ਨੇ ਵੀ ਨਹੀਂ ਸੋਚਿਆ ਹੋਣਾ ਕਿ ਪਰਮੇਸ਼ੁਰ ਇੰਨੇ ਕਮਾਲ ਦੇ ਤਰੀਕੇ ਨਾਲ ਉਨ੍ਹਾਂ ਦਾ ਬਚਾਅ ਕਰੇਗਾ।—2 ਰਾਜ. 19:35.
13. (ੳ) ਯੂਸੁਫ਼ ਨਾਲ ਹੋਈਆਂ ਘਟਨਾਵਾਂ ਤੋਂ ਅਸੀਂ ਕੀ ਸਿੱਖਦੇ ਹਾਂ? (ਅ) ਸਾਰਾਹ ਨਾਲ ਕੀ ਹੋਇਆ ਜੋ ਉਸ ਦੀਆਂ ਸੋਚਾਂ ਤੋਂ ਵੀ ਪਰੇ ਸੀ?
13 ਯਾਦ ਕਰੋ ਕਿ ਨੌਜਵਾਨ ਯੂਸੁਫ਼ ਨਾਲ ਕੀ ਹੋਇਆ ਸੀ। ਮਿਸਰ ਦੀ ਇਕ ਕਾਲ ਕੋਠਰੀ ਵਿਚ ਬੈਠੇ ਯੂਸੁਫ਼ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਇਕ ਦਿਨ ਉਹ ਮਿਸਰ ਵਿਚ ਦੂਜੇ ਦਰਜੇ ਦਾ ਸ਼ਕਤੀਸ਼ਾਲੀ ਹਾਕਮ ਬਣੇਗਾ ਜਾਂ ਯਹੋਵਾਹ ਉਸ ਨੂੰ ਵਰਤ ਕੇ ਉਸ ਦੇ ਪਰਿਵਾਰ ਨੂੰ ਭੁੱਖ ਨਾਲ ਮਰਨ ਤੋਂ ਬਚਾਵੇਗਾ। (ਉਤ. 40:15; 41:39-43; 50:20) ਬਿਨਾਂ ਸ਼ੱਕ ਯਹੋਵਾਹ ਦੇ ਕੰਮ ਯੂਸੁਫ਼ ਦੀਆਂ ਉਮੀਦਾਂ ਤੋਂ ਵੀ ਪਰੇ ਸਨ। ਜ਼ਰਾ ਯੂਸੁਫ਼ ਦੀ ਪੜਦਾਦੀ ਸਾਰਾਹ ਬਾਰੇ ਵੀ ਸੋਚੋ। ਕੀ ਸਾਰਾਹ ਨੇ ਕਦੀ ਸੋਚਿਆ ਹੋਣਾ ਕਿ ਯਹੋਵਾਹ ਉਸ ਨੂੰ ਬੁਢਾਪੇ ਵਿਚ ਮਾਂ ਬਣਨ ਦਾ ਸੁੱਖ ਦੇਵੇਗਾ ਨਾ ਕਿ ਸਿਰਫ਼ ਉਸ ਦੀ ਨੌਕਰਾਣੀ ਦੁਆਰਾ ਮੁੰਡਾ ਦੇਵੇਗਾ? ਇਸਹਾਕ ਨੂੰ ਜਨਮ ਦੇਣਾ ਸਾਰਾਹ ਦੀਆਂ ਸੋਚਾਂ ਤੋਂ ਵੀ ਕੀਤੇ ਪਰੇ ਸੀ।—ਉਤ. 21:1-3, 6, 7.
14. ਅਸੀਂ ਯਹੋਵਾਹ ਉੱਤੇ ਭਰੋਸਾ ਕਿਉਂ ਰੱਖ ਸਕਦੇ ਹਾਂ?
14 ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਨਵੀਂ ਦੁਨੀਆਂ ਆਉਣ ਤੋਂ ਪਹਿਲਾਂ ਯਹੋਵਾਹ ਚਮਤਕਾਰ ਕਰ ਕੇ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰ ਦੇਵੇਗਾ। ਨਾਲੇ ਅਸੀਂ ਇਹ ਮੰਗ ਨਹੀਂ ਕਰਦੇ ਕਿ ਯਹੋਵਾਹ ਸਾਡੇ ਲਈ ਵੱਡੇ-ਵੱਡੇ ਕੰਮ ਕਰੇ। ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਯਹੋਵਾਹ ਨੇ ਪੁਰਾਣੇ ਸਮੇਂ ਦੇ ਸੇਵਕਾਂ ਦੀ ਕਮਾਲ ਦੇ ਤਰੀਕਿਆਂ ਨਾਲ ਮਦਦ ਕੀਤੀ ਸੀ। ਪਰਮੇਸ਼ੁਰ ਅੱਜ ਵੀ ਨਹੀਂ ਬਦਲਿਆ। (ਯਸਾਯਾਹ 43:10-13 ਪੜ੍ਹੋ।) ਇਸ ਗੱਲ ਕਰਕੇ ਸਾਡੀ ਉਸ ਉੱਤੇ ਨਿਹਚਾ ਵਧਦੀ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸ ਦੀ ਮਰਜ਼ੀ ਪੂਰੀ ਕਰਨ ਲਈ ਉਹ ਸਾਨੂੰ ਤਾਕਤ ਦੇਵੇਗਾ। (2 ਕੁਰਿੰ. 4:7-9) ਅਸੀਂ ਹਿਜ਼ਕੀਯਾਹ, ਯੂਸੁਫ਼ ਅਤੇ ਸਾਰਾਹ ਦੀਆਂ ਮਿਸਾਲਾਂ ਤੋਂ ਕੀ ਸਿੱਖਦੇ ਹਾਂ? ਜੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਾਂਗੇ, ਤਾਂ ਮੁਸ਼ਕਲ ਤੋਂ ਮੁਸ਼ਕਲ ਘੜੀ ਵਿਚ ਵੀ ਉਹ ਜ਼ਰੂਰ ਸਾਡਾ ਸਹਾਰਾ ਬਣੇਗਾ।
ਜੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਾਂਗੇ, ਤਾਂ ਮੁਸ਼ਕਲ ਤੋਂ ਮੁਸ਼ਕਲ ਘੜੀ ਵਿਚ ਉਹ ਜ਼ਰੂਰ ਸਾਡਾ ਸਹਾਰਾ ਬਣੇਗਾ
15. ਮੁਸੀਬਤਾਂ ਝੱਲਦਿਆਂ ਵੀ ਅਸੀਂ “ਪਰਮੇਸ਼ੁਰ ਦੀ ਸ਼ਾਂਤੀ” ਕਿਵੇਂ ਪਾ ਸਕਦੇ ਹਾਂ ਅਤੇ ਇਹ ਕਿਵੇਂ ਮੁਮਕਿਨ ਹੋਇਆ ਹੈ?
15 ਮੁਸੀਬਤਾਂ ਝੱਲਦਿਆਂ ਵੀ ਅਸੀਂ “ਪਰਮੇਸ਼ੁਰ ਦੀ ਸ਼ਾਂਤੀ” ਕਿਵੇਂ ਪਾ ਸਕਦੇ ਹਾਂ? ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ। ਪਰ ਇਹ ਰਿਸ਼ਤਾ ਸਿਰਫ਼ ਯਿਸੂ ਮਸੀਹ ਦੀ ਕੁਰਬਾਨੀ ਕਰਕੇ ਹੀ ਮੁਮਕਿਨ ਹੋਇਆ ਹੈ। ਰਿਹਾਈ ਦੀ ਕੀਮਤ ਯਹੋਵਾਹ ਵੱਲੋਂ ਇਕ ਕਮਾਲ ਦਾ ਪ੍ਰਬੰਧ ਹੈ। ਯਿਸੂ ਦੀ ਕੁਰਬਾਨੀ ਕਰਕੇ ਯਹੋਵਾਹ ਸਾਡੇ ਪਾਪ ਮਾਫ਼ ਕਰ ਸਕਦਾ ਹੈ, ਸਾਡੀ ਜ਼ਮੀਰ ਸ਼ੁੱਧ ਹੋ ਸਕਦੀ ਹੈ ਅਤੇ ਅਸੀਂ ਉਸ ਦੇ ਨੇੜੇ ਜਾ ਸਕਦੇ ਹਾਂ।—ਯੂਹੰ. 14:6; ਯਾਕੂ. 4:8; 1 ਪਤ. 3:21.
ਇਹ ਸਾਡੇ ਦਿਲਾਂ ਤੇ ਮਨਾਂ ਦੀ ਰਾਖੀ ਕਰੇਗੀ
16. “ਪਰਮੇਸ਼ੁਰ ਦੀ ਸ਼ਾਂਤੀ” ਮਿਲਣ ’ਤੇ ਕੀ ਹੋਵੇਗਾ? ਮਿਸਾਲ ਦਿਓ।
16 ‘ਪਰਮੇਸ਼ੁਰ ਦੀ ਸ਼ਾਂਤੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।’ ਜਦੋਂ ਸਾਨੂੰ ਇਹ ਸ਼ਾਂਤੀ ਮਿਲਦੀ ਹੈ, ਤਾਂ ਇਸ ਦਾ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਬਾਈਬਲ ਕਹਿੰਦੀ ਹੈ ਕਿ ਇਹ ਸਾਡੇ “ਦਿਲਾਂ ਅਤੇ ਮਨਾਂ ਦੀ ਰਾਖੀ ਕਰੇਗੀ।” (ਫ਼ਿਲਿ. 4:7) ਮੂਲ ਭਾਸ਼ਾ ਵਿਚ “ਰਾਖੀ” ਸ਼ਬਦ ਉਨ੍ਹਾਂ ਫ਼ੌਜੀਆਂ ਲਈ ਵਰਤਿਆ ਜਾਂਦਾ ਸੀ ਜੋ ਸ਼ਹਿਰ ਦੀ ਰਾਖੀ ਕਰਦੇ ਸਨ। ਇਸੇ ਤਰ੍ਹਾਂ ਦੇ ਫ਼ੌਜੀ ਫ਼ਿਲਿੱਪੈ ਸ਼ਹਿਰ ਦੀ ਰਾਖੀ ਕਰਦੇ ਸਨ। ਸ਼ਹਿਰ ਦੇ ਲੋਕ ਰਾਤ ਨੂੰ ਚੈਨ ਦੀ ਨੀਂਦ ਸੌਂ ਸਕਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਰਾਖੀ ਹੋ ਰਹੀ ਹੈ। ਇਸ ਲਈ “ਪਰਮੇਸ਼ੁਰ ਦੀ ਸ਼ਾਂਤੀ” ਮਿਲਣ ’ਤੇ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ ਕਿਉਂਕਿ ਇਹ ਸ਼ਾਂਤੀ ਸਾਡੇ “ਦਿਲਾਂ ਅਤੇ ਮਨਾਂ ਦੀ ਰਾਖੀ” ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਵਿਚ ਖ਼ੁਸ਼ੀ ਪਾਈਏ। (1 ਪਤ. 5:10) ਪਰਮੇਸ਼ੁਰ ਦੀ ਸ਼ਾਂਤੀ ਸਾਨੂੰ ਚਿੰਤਾਵਾਂ ਅਤੇ ਨਿਰਾਸ਼ਾ ਦੇ ਬੋਝ ਹੇਠ ਦੱਬਣ ਤੋਂ ਬਚਾਉਂਦੀ ਹੈ।
17. ਮਹਾਂਕਸ਼ਟ ਦੌਰਾਨ ਅਸੀਂ ਯਹੋਵਾਹ ਉੱਤੇ ਭਰੋਸਾ ਕਿਉਂ ਰੱਖ ਸਕਾਂਗੇ?
17 ਬਹੁਤ ਜਲਦੀ ਦੁਨੀਆਂ ’ਤੇ ਮਹਾਂਕਸ਼ਟ ਆਉਣ ਵਾਲਾ ਹੈ। (ਮੱਤੀ 24:21, 22) ਅਸੀਂ ਨਹੀਂ ਜਾਣਦੇ ਕਿ ਉਸ ਵੇਲੇ ਸਾਡੇ ਨਾਲ ਕੀ ਹੋਵੇਗਾ। ਪਰ ਸਾਨੂੰ ਉਸ ਸਮੇਂ ਬਾਰੇ ਹੱਦੋਂ ਵੱਧ ਚਿੰਤਾ ਕਰਨ ਦੀ ਲੋੜ ਨਹੀਂ। ਚਾਹੇ ਅਸੀਂ ਸਾਰਾ ਕੁਝ ਨਹੀਂ ਜਾਣਦੇ ਕਿ ਯਹੋਵਾਹ ਭਵਿੱਖ ਵਿਚ ਕੀ-ਕੀ ਕਰੇਗਾ, ਪਰ ਅਸੀਂ ਆਪਣੇ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਅਸੀਂ ਜਾਣਦੇ ਹਾਂ ਕਿ ਉਸ ਨੇ ਪੁਰਾਣੇ ਸਮੇਂ ਵਿਚ ਆਪਣੇ ਵਫ਼ਾਦਾਰ ਸੇਵਕਾਂ ਲਈ ਕੀ-ਕੀ ਕੀਤਾ ਸੀ। ਅਸੀਂ ਦੇਖ ਚੁੱਕੇ ਹਾਂ ਕਿ ਚਾਹੇ ਜੋ ਮਰਜ਼ੀ ਹੋ ਜਾਵੇ ਯਹੋਵਾਹ ਆਪਣਾ ਮਕਸਦ ਪੂਰਾ ਕਰ ਕੇ ਹੀ ਰਹਿੰਦਾ ਹੈ। ਨਾਲੇ ਉਹ ਸ਼ਾਇਦ ਸਾਡੀ ਸੋਚ ਤੋਂ ਵੀ ਪਰੇ ਕਦਮ ਚੁੱਕੇਗਾ। ਅੱਜ ਜਦੋਂ ਵੀ ਯਹੋਵਾਹ ਸਾਡੀ ਮਦਦ ਕਰਦਾ ਹੈ, ਤਾਂ ਅਸੀਂ “ਪਰਮੇਸ਼ੁਰ ਦੀ ਸ਼ਾਂਤੀ” ਅਲੱਗ-ਅਲੱਗ ਤਰੀਕਿਆਂ ਨਾਲ ਮਹਿਸੂਸ ਕਰਦੇ ਹਾਂ ਜੋ “ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।”
^ ਪੈਰਾ 1 ਹੋ ਸਕਦਾ ਹੈ ਕਿ ਸੀਲਾਸ ਵੀ ਰੋਮੀ ਨਾਗਰਿਕ ਸੀ।—ਰਸੂ. 16:37.