ਇਤਿਹਾਸ ਦੇ ਪੰਨਿਆਂ ਤੋਂ
“ਇੱਦਾਂ ਦਾ ਸੰਮੇਲਨ ਫਿਰ ਕਦੋਂ ਆਵੇਗਾ?”
1932 ਵਿਚ ਨਵੰਬਰ ਦਾ ਮਹੀਨਾ ਹੈ ਅਤੇ ਮੈਕਸੀਕੋ ਸਿਟੀ ਦੇ ਲੋਕ ਬਹੁਤ ਖ਼ੁਸ਼ ਹਨ। ਉਨ੍ਹਾਂ ਦੇ ਸ਼ਹਿਰ ਵਿਚ ਪਹਿਲੀ ਵਾਰ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਹਨ। ਪਰ ਇਕ ਹਫ਼ਤੇ ਬਾਅਦ ਕੁਝ ਹੋਰ ਖ਼ਾਸ ਹੋਣ ਵਾਲਾ ਹੈ ਜਿਸ ਕਰਕੇ ਲੋਕ ਹੋਰ ਵੀ ਜ਼ਿਆਦਾ ਉਤਾਵਲੇ ਹਨ। ਰੇਲਵੇ ਸਟੇਸ਼ਨ ’ਤੇ ਪੱਤਰਕਾਰ ਆਪਣੇ ਕੈਮਰੇ ਲੈ ਕੇ ਇਕ ਮਸ਼ਹੂਰ ਮਹਿਮਾਨ ਦੀ ਉਡੀਕ ਵਿਚ ਖੜ੍ਹੇ ਹਨ। ਕੌਣ ਆ ਰਿਹਾ ਹੈ? ਜੋਸਫ਼ ਐੱਫ਼. ਰਦਰਫ਼ਰਡ ਜੋ ਵਾਚ ਟਾਵਰ ਸੋਸਾਇਟੀ ਦਾ ਪ੍ਰਧਾਨ ਹੈ। ਉੱਥੋਂ ਦੇ ਭੈਣ-ਭਰਾ ਵੀ ਉਸ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਉਹ ਤਿੰਨ ਦਿਨਾਂ ਦੇ ਸੰਮੇਲਨ ਲਈ ਆ ਰਿਹਾ ਹੈ।
ਦ ਗੋਲਡਨ ਏਜ ਰਸਾਲੇ ਵਿਚ ਲਿਖਿਆ ਸੀ: “ਬਿਨਾਂ ਸ਼ੱਕ ਇਹ ਸੰਮੇਲਨ ਬਹੁਤ ਖ਼ਾਸ ਹੋਵੇਗਾ ਅਤੇ ਸਦੀਆਂ ਤਕ ਲੋਕਾਂ ਨੂੰ ਯਾਦ ਰਹੇਗਾ।” ਇਸ ਸੰਮੇਲਨ ਕਰਕੇ ਮੈਕਸੀਕੋ ਵਿਚ ਸੱਚਾਈ ਦੂਰ-ਦੂਰ ਤਕ ਪਹੁੰਚੀ। ਪਰ ਇਹ ਸੰਮੇਲਨ ਇਤਿਹਾਸਕ ਕਿਉਂ ਸੀ ਜਦਕਿ ਇਸ ਵਿਚ ਸਿਰਫ਼ 150 ਲੋਕ ਹੀ ਆਏ ਸਨ?
ਇਸ ਸੰਮੇਲਨ ਤੋਂ ਪਹਿਲਾਂ ਮੈਕਸੀਕੋ ਵਿਚ ਬਹੁਤ ਹੀ ਘੱਟ ਲੋਕਾਂ ਨੂੰ ਸੱਚਾਈ ਪਤਾ ਸੀ। 1919 ਤੋਂ ਛੋਟੇ-ਛੋਟੇ ਸੰਮੇਲਨ ਹੁੰਦੇ ਸਨ। ਪਰ ਇਸ ਦੇ ਬਾਵਜੂਦ ਕੁਝ ਸਾਲਾਂ ਬਾਅਦ ਮੰਡਲੀਆਂ ਦੀ ਗਿਣਤੀ ਘੱਟ ਗਈ। 1929 ਵਿਚ ਮੈਕਸੀਕੋ ਸਿਟੀ ਵਿਚ ਇਕ ਸ਼ਾਖ਼ਾ ਦਫ਼ਤਰ ਖੁੱਲ੍ਹ ਗਿਆ ਸੀ ਅਤੇ ਲੱਗਦਾ ਸੀ ਕਿ ਉੱਥੇ ਹੁਣ ਤਰੱਕੀ ਹੋਵੇਗੀ। ਪਰ ਹਾਲੇ ਵੀ ਤਰੱਕੀ ਦੇ ਰਾਹ ਵਿਚ ਕੁਝ ਰੋੜੇ ਸਨ। ਸੰਗਠਨ ਨੇ ਕੋਲਪੋਰਟਰਾਂ ਯਾਨੀ ਪਾਇਨੀਅਰਾਂ ਨੂੰ ਕਿਹਾ ਸੀ ਕਿ ਉਹ ਪ੍ਰਚਾਰ ਕਰਨ ਵੇਲੇ ਵਪਾਰ ਨਾ ਕਰਨ। ਇਕ ਕੋਲਪੋਰਟਰ ਨੂੰ ਇਸ ਗੱਲ ਦਾ ਇਨ੍ਹਾਂ ਗੁੱਸਾ ਲੱਗਾ ਕਿ ਉਹ ਸੱਚਾਈ ਛੱਡ ਕੇ ਆਪਣੀਆਂ ਹੀ ਸਭਾਵਾਂ ਚਲਾਉਣ ਲੱਗਾ। ਇਸ ਦੇ ਨਾਲ-ਨਾਲ ਬ੍ਰਾਂਚ ਓਵਰਸੀਅਰ ਦੇ ਗ਼ਲਤ ਕੰਮਾਂ ਕਰਕੇ ਕਿਸੇ ਹੋਰ ਭਰਾ ਨੂੰ ਨਿਯੁਕਤ ਕਰਨਾ ਪਿਆ। ਮੈਕਸੀਕੋ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਹੌਸਲੇ ਦੀ ਬਹੁਤ ਲੋੜ ਸੀ।
ਭਰਾ ਰਦਰਫ਼ਰਡ ਨੇ ਸੰਮੇਲਨ ਵਿਚ ਦੋ ਜੋਸ਼ੀਲੇ ਭਾਸ਼ਣ ਦੇਣ ਦੇ ਨਾਲ-ਨਾਲ ਰੇਡੀਓ ’ਤੇ ਵੀ ਪੰਜ ਭਾਸ਼ਣ ਦਿੱਤੇ। ਇਨ੍ਹਾਂ ਨੂੰ ਸੁਣ ਕੇ ਭੈਣਾਂ-ਭਰਾਵਾਂ ਨੂੰ ਬਹੁਤ ਹੌਸਲਾ ਮਿਲਿਆ। ਪਹਿਲੀ ਵਾਰ ਮੈਕਸੀਕੋ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਰੇਡੀਓ ਸਟੇਸ਼ਨ ਵਰਤੇ ਗਏ ਸਨ। ਸੰਮੇਲਨ ਤੋਂ ਬਾਅਦ ਪ੍ਰਚਾਰ ਦੇ ਕੰਮ ਦੀ ਸਾਂਭ-ਸੰਭਾਲ ਕਰਨ ਲਈ ਨਵੇਂ ਬ੍ਰਾਂਚ ਓਵਰਸੀਅਰ ਨੂੰ ਨਿਯੁਕਤ ਕੀਤਾ ਗਿਆ। ਭੈਣ-ਭਰਾ ਜੋਸ਼ ਨਾਲ ਭਰ ਗਏ ਅਤੇ ਯਹੋਵਾਹ ਦੀ ਮਿਹਰ ਨਾਲ ਪ੍ਰਚਾਰ ਦਾ ਕੰਮ ਕਰਦੇ ਰਹੇ।
ਅਗਲੇ ਹੀ ਸਾਲ 1933 ਵਿਚ ਮੈਕਸੀਕੋ ਦੇਸ਼ ਵਿਚ ਦੋ ਸੰਮੇਲਨ ਹੋਏ। ਇਕ ਵੀਰਾਕਰੂਜ਼ ਵਿਚ ਅਤੇ ਦੂਜਾ ਮੈਕਸੀਕੋ ਸਿਟੀ ਵਿਚ। ਭੈਣ-ਭਰਾ ਪ੍ਰਚਾਰ ਦੇ ਕੰਮ ਲਈ ਬਹੁਤ ਮਿਹਨਤ ਕਰ ਰਹੇ ਸਨ ਅਤੇ ਉਨ੍ਹਾਂ ਦੀ ਮਿਹਨਤ ਦੇ ਬਹੁਤ ਹੀ ਵਧੀਆ ਨਤੀਜੇ ਨਿਕਲ ਰਹੇ ਸਨ। ਮਿਸਾਲ ਲਈ, 1931 ਵਿਚ ਉੱਥੇ 82 ਪ੍ਰਚਾਰਕ ਸਨ। 1941 ਤਕ ਪ੍ਰਚਾਰਕਾਂ ਦੀ ਗਿਣਤੀ ਦਸ ਗੁਣਾ ਵਧ ਗਈ। 1941 ਵਿਚ ਮੈਕਸੀਕੋ ਸਿਟੀ ਵਿਚ ਸੰਮੇਲਨ ਰੱਖਿਆ ਗਿਆ ਜਿਸ ਵਿਚ ਲਗਭਗ 1,000 ਲੋਕ ਆਏ।
“ਗਲੀਆਂ ਤੇ ਸੜਕਾਂ ਵਿਚ ਗਵਾਹਾਂ ਦਾ ਹੜ੍ਹ”
1943 ਵਿਚ ਯਹੋਵਾਹ ਦੇ ਗਵਾਹਾਂ ਨੇ “ਆਜ਼ਾਦ ਕੌਮਾਂ” ਨਾਂ ਦੇ ਸੰਮੇਲਨ ਦੀ ਮਸ਼ਹੂਰੀ ਕਰਨੀ ਸ਼ੁਰੂ ਕੀਤੀ ਜੋ ਮੈਕਸੀਕੋ ਦੇ 12 ਸ਼ਹਿਰਾਂ ਵਿਚ ਰੱਖਿਆ ਗਿਆ ਸੀ। * ਸੰਮੇਲਨ ਦੀ ਮਸ਼ਹੂਰੀ ਕਰਨ ਲਈ ਭੈਣ-ਭਰਾ ਆਪਣੇ ਗਲੇ ਵਿਚ ਇਸ਼ਤਿਹਾਰ ਪਾ ਕੇ ਘੁੰਮਦੇ ਸਨ। ਇਹ ਇਸ਼ਤਿਹਾਰ ਦੋ ਫੱਟਿਆਂ ਨਾਲ ਬਣੇ ਹੁੰਦੇ ਸਨ, ਇਕ ਅੱਗੇ ਲਟਕਦਾ ਸੀ ਤੇ ਇਕ ਪਿੱਛੇ। ਫੱਟਿਆਂ ਉੱਤੇ ਸੰਮੇਲਨ ਦੀ ਜਾਣਕਾਰੀ ਲਿਖੀ ਹੁੰਦੀ ਸੀ। ਯਹੋਵਾਹ ਦੇ ਗਵਾਹਾਂ ਨੇ 1936 ਤੋਂ ਇਸ ਤਰੀਕੇ ਨਾਲ ਸੰਮੇਲਨਾਂ ਦੀ ਮਸ਼ਹੂਰੀ ਕਰਨੀ ਸ਼ੁਰੂ ਕੀਤੀ।
ਮੈਕਸੀਕੋ ਸਿਟੀ ਵਿਚ ਸੰਮੇਲਨ ਦੀ ਮਸ਼ਹੂਰੀ ਕਰਨ ਦਾ ਤਰੀਕਾ ਬਹੁਤ ਹੀ ਕਾਮਯਾਬ ਸਾਬਤ ਹੋਇਆ। ਮੈਕਸੀਕੋ ਦੇ ਇਕ ਰਸਾਲੇ ਨੇ ਗਵਾਹਾਂ ਬਾਰੇ ਲਿਖਿਆ: “ਪਹਿਲੇ ਦਿਨ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਹੋਰ ਲੋਕਾਂ ਨੂੰ ਬੁਲਾਉਣ। ਅਗਲੇ ਦਿਨ ਪੈਰ ਰੱਖਣ ਦੀ ਜਗ੍ਹਾ ਹੀ ਨਹੀਂ ਰਹੀ।” ਕੈਥੋਲਿਕ ਚਰਚ ਨੂੰ ਗਵਾਹਾਂ ਦੀ ਕਾਮਯਾਬੀ ਬਰਦਾਸ਼ਤ ਨਹੀਂ ਹੋਈ। ਇਸ ਲਈ ਉਨ੍ਹਾਂ ਨੇ ਗਵਾਹਾਂ ਦਾ ਵਿਰੋਧ ਕੀਤਾ। ਪਰ ਭੈਣ-ਭਰਾ ਡਰੇ ਨਹੀਂ। ਉਹ ਮਸ਼ਹੂਰੀ ਕਰਦੇ ਰਹੇ। ਉਸ ਰਸਾਲੇ ਨੇ ਇਹ ਵੀ ਕਿਹਾ ਕਿ ਪੂਰਾ ਸ਼ਹਿਰ ਇਨ੍ਹਾਂ ਲੋਕਾਂ ਨਾਲ ਭਰਿਆ ਹੋਇਆ ਸੀ। ਉਸ ਲੇਖ ਵਿਚ ਉਨ੍ਹਾਂ ਭਰਾਵਾਂ ਦੀ ਤਸਵੀਰ ਵੀ ਸੀ ਜੋ ਮੈਕਸੀਕੋ ਸਿਟੀ ਵਿਚ ਮਸ਼ਹੂਰੀ ਕਰ ਰਹੇ ਸਨ। ਉਸ ਤਸਵੀਰ ਦੇ ਨਾਲ ਲਿਖਿਆ ਸੀ: “ਗਲੀਆਂ ਤੇ ਸੜਕਾਂ ਵਿਚ ਗਵਾਹਾਂ ਦਾ ਹੜ੍ਹ।”
“ਠੰਢੇ ਫ਼ਰਸ਼ ਨਾਲੋਂ ਗਰਮ ਤੇ ਆਰਾਮਦਾਇਕ ਬਿਸਤਰੇ”
ਉਸ ਜ਼ਮਾਨੇ ਵਿਚ ਸੰਮੇਲਨ ’ਤੇ ਜਾਣ ਲਈ ਮੈਕਸੀਕੋ ਦੇ ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ। ਬਹੁਤ ਸਾਰੇ ਭੈਣ-ਭਰਾ ਦੂਰ-ਦੁਰਾਡੇ ਪਿੰਡਾਂ ਤੋਂ ਆਉਂਦੇ ਸਨ ਜਿੱਥੇ ਰੇਲ-ਗੱਡੀ ਦੀ ਪਟੜੀ ਜਾਂ ਸੜਕਾਂ ਦਾ ਨਾਮੋ-ਨਿਸ਼ਾਨ ਵੀ ਨਹੀਂ ਸੀ। ਇਕ ਮੰਡਲੀ ਨੇ ਲਿਖਿਆ: “ਇੱਥੇ ਦੂਰ-ਦੂਰ ਤਕ ਕੋਈ ਵੀ ਰੇਲ-ਗੱਡੀ ਨਹੀਂ ਆਉਂਦੀ।” ਇਸ ਲਈ ਭੈਣਾਂ-ਭਰਾਵਾਂ ਨੂੰ ਕਈ ਦਿਨ ਤੁਰਨਾ ਪੈਂਦਾ ਸੀ ਜਾਂ ਗਧਿਆਂ ਦੀ ਸਵਾਰੀ ਕਰਨੀ ਪੈਂਦੀ ਸੀ ਤਾਂਕਿ ਉਹ ਟ੍ਰੇਨ ਫੜ ਕੇ ਸੰਮੇਲਨ ’ਤੇ ਜਾ ਸਕਣ।
ਬਹੁਤ ਸਾਰੇ ਗਵਾਹ ਇੰਨੇ ਗ਼ਰੀਬ ਸਨ ਕਿ ਉਨ੍ਹਾਂ ਕੋਲ ਸੰਮੇਲਨ ’ਤੇ ਜਾਣ ਜੋਗਾ ਕਿਰਾਇਆ ਵੀ ਨਹੀਂ ਸੀ। ਜਦੋਂ ਉਹ ਸੰਮੇਲਨ ਦੀ ਜਗ੍ਹਾ ’ਤੇ ਪਹੁੰਚ ਜਾਂਦੇ ਸਨ, ਤਾਂ ਬਹੁਤ ਸਾਰੇ ਭੈਣ-ਭਰਾ ਉਸ ਸ਼ਹਿਰ ਦੇ ਗਵਾਹਾਂ ਦੇ ਘਰ ਰੁਕਦੇ ਸਨ। ਉਨ੍ਹਾਂ ਭੈਣਾਂ-ਭਰਾਵਾਂ ਨੇ ਬਹੁਤ ਜ਼ਿਆਦਾ ਪਿਆਰ ਤੇ ਪਰਾਹੁਣਚਾਰੀ ਦਿਖਾਈ। ਕਈ ਭੈਣ-ਭਰਾ ਕਿੰਗਡਮ ਹਾਲ ਵਿਚ ਸੌਂਦੇ ਸਨ। ਇਕ ਵਾਰ ਲਗਭਗ 90 ਭਰਾ ਸ਼ਾਖ਼ਾ ਦਫ਼ਤਰ ਵਿਚ ਕਿਤਾਬਾਂ ਦੇ ਡੱਬਿਆਂ ’ਤੇ ਸੁੱਤੇ। ਯੀਅਰ ਬੁੱਕ ਵਿਚ ਲਿਖਿਆ ਸੀ ਕਿ ਇਹ ਭਰਾ ਬਹੁਤ ਧੰਨਵਾਦੀ ਸਨ ਕਿਉਂਕਿ “ਠੰਢੇ ਫ਼ਰਸ਼ ਨਾਲੋਂ ਉਹ ਡੱਬੇ ਗਰਮ ਤੇ ਆਰਾਮਦਾਇਕ ਸਨ।”
ਜਿਹੜੇ ਭੈਣ-ਭਰਾ ਦੂਰੋਂ-ਦੂਰੋਂ ਆਏ ਸਨ ਉਹ ਸ਼ਹਿਰ ਦੇ ਭੈਣਾਂ-ਭਰਾਵਾਂ ਨਾਲ ਸੰਗਤੀ ਕਰ ਕੇ ਇੰਨੇ ਖ਼ੁਸ਼ ਸਨ ਕਿ ਉਨ੍ਹਾਂ ਨੂੰ ਆਪਣੀਆਂ ਤਕਲੀਫ਼ਾਂ ਯਾਦ ਹੀ ਨਹੀਂ ਰਹੀਆਂ। ਅੱਜ ਮੈਕਸੀਕੋ ਦੇ ਲਗਭਗ 10 ਲੱਖ ਭੈਣਾਂ-ਭਰਾਵਾਂ ਦਾ ਇਹੋ ਜਿਹਾ ਰਵੱਈਆ ਹੈ। * 1949 ਦੀ ਯੀਅਰ ਬੁੱਕ ਵਿਚ ਲਿਖਿਆ ਸੀ ਕਿ ਕੁਰਬਾਨੀਆਂ ਕਰ ਕੇ ਵੀ ਭੈਣਾਂ-ਭਰਾਵਾਂ ਦਾ ਜੋਸ਼ ਨਹੀਂ ਘਟਿਆ। ਹਰ ਇਕ ਸੰਮੇਲਨ ਤੋਂ ਬਾਅਦ “ਬਹੁਤ ਸਮੇਂ ਤਕ ਉਸ ਸੰਮੇਲਨ ਦੀਆਂ ਹੀ ਗੱਲਾਂ ਹੁੰਦੀਆਂ ਸਨ।” ਭੈਣ-ਭਰਾ ਵਾਰ-ਵਾਰ ਇਹੀ ਸਵਾਲ ਪੁੱਛਦੇ ਰਹਿੰਦੇ ਸਨ, “ਇੱਦਾਂ ਦਾ ਸੰਮੇਲਨ ਫਿਰ ਕਦੋਂ ਆਵੇਗਾ?”—ਕੇਂਦਰੀ ਅਮਰੀਕਾ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।