ਅਧਿਐਨ ਲੇਖ 32
ਨੌਜਵਾਨੋ, ਬਪਤਿਸਮੇ ਤੋਂ ਬਾਅਦ ਵੀ ਤਰੱਕੀ ਕਰਦੇ ਰਹੋ
‘ਆਓ ਆਪਾਂ ਪਿਆਰ ਕਰਦਿਆਂ ਸਾਰੀਆਂ ਗੱਲਾਂ ਵਿਚ ਵਧਦੇ ਜਾਈਏ।’—ਅਫ਼. 4:15.
ਗੀਤ 56 ਸੱਚਾਈ ਦੇ ਰਾਹ ʼਤੇ ਚੱਲ
ਖ਼ਾਸ ਗੱਲਾਂ a
1. ਬਹੁਤ ਸਾਰੇ ਨੌਜਵਾਨਾਂ ਨੇ ਹੁਣ ਤਕ ਕੀ ਕੁਝ ਕੀਤਾ ਹੈ?
ਹਰ ਸਾਲ ਹਜ਼ਾਰਾਂ ਹੀ ਨੌਜਵਾਨ ਬਪਤਿਸਮਾ ਲੈਂਦੇ ਹਨ। ਕੀ ਤੁਸੀਂ ਵੀ ਇਨ੍ਹਾਂ ਨੌਜਵਾਨਾਂ ਵਿੱਚੋਂ ਇਕ ਹੋ? ਜੇ ਹਾਂ, ਤਾਂ ਮਸੀਹੀ ਭੈਣ-ਭਰਾ ਤੁਹਾਡੇ ਤੋਂ ਬਹੁਤ ਖ਼ੁਸ਼ ਹਨ ਅਤੇ ਤੁਸੀਂ ਯਹੋਵਾਹ ਦਾ ਦਿਲ ਵੀ ਬਹੁਤ ਖ਼ੁਸ਼ ਕੀਤਾ ਹੈ! (ਕਹਾ. 27:11) ਜ਼ਰਾ ਇਕ ਪਲ ਲਈ ਸੋਚੋ ਕਿ ਤੁਸੀਂ ਹੁਣ ਤਕ ਕੀ ਕੁਝ ਕੀਤਾ ਹੈ। ਤੁਸੀਂ ਕਈ ਸਾਲਾਂ ਤਕ ਧਿਆਨ ਨਾਲ ਬਾਈਬਲ ਦਾ ਅਧਿਐਨ ਕੀਤਾ। ਅਧਿਐਨ ਕਰਨ ਨਾਲ ਤੁਹਾਨੂੰ ਪੱਕਾ ਯਕੀਨ ਹੋ ਗਿਆ ਕਿ ਬਾਈਬਲ ਹੀ ਪਰਮੇਸ਼ੁਰ ਦਾ ਬਚਨ ਹੈ। ਇਸ ਤੋਂ ਵੀ ਵੱਧ ਤੁਸੀਂ ਇਸ ਦੇ ਲਿਖਾਰੀ ਨੂੰ ਜਾਣ ਸਕੇ ਅਤੇ ਉਸ ਨੂੰ ਪਿਆਰ ਕਰਨ ਲੱਗੇ। ਤੁਹਾਡਾ ਪਿਆਰ ਯਹੋਵਾਹ ਲਈ ਇੰਨਾ ਵੱਧ ਗਿਆ ਕਿ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਅਤੇ ਬਪਤਿਸਮਾ ਲੈ ਕੇ ਉਸ ਦੇ ਸੇਵਕ ਬਣ ਗਏ। ਸਾਨੂੰ ਤੁਹਾਡੇ ਇਸ ਫ਼ੈਸਲੇ ʼਤੇ ਮਾਣ ਹੈ!
2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
2 ਬਿਨਾਂ ਸ਼ੱਕ, ਤੁਹਾਨੂੰ ਬਪਤਿਸਮੇ ਤੋਂ ਪਹਿਲਾਂ ਵੀ ਕਈ ਮੁਸ਼ਕਲਾਂ ਕਰਕੇ ਯਹੋਵਾਹ ਦੇ ਵਫ਼ਾਦਾਰ ਰਹਿਣਾ ਔਖਾ ਲੱਗਾ ਹੋਣਾ। ਪਰ ਬਪਤਿਸਮੇ ਤੋਂ ਬਾਅਦ ਵੀ ਜਿੱਦਾਂ-ਜਿੱਦਾਂ ਤੁਸੀਂ ਵੱਡੇ ਹੁੰਦੇ ਜਾਓਗੇ, ਤੁਹਾਨੂੰ ਹੋਰ ਵੀ ਕਈ ਮੁਸ਼ਕਲਾਂ ਆਉਣਗੀਆਂ। ਸ਼ੈਤਾਨ ਪੂਰੀ ਕੋਸ਼ਿਸ਼ ਕਰੇਗਾ ਕਿ ਯਹੋਵਾਹ ਲਈ ਤੁਹਾਡਾ ਪਿਆਰ ਘੱਟ ਜਾਵੇ ਤੇ ਤੁਸੀਂ ਉਸ ਦੀ ਸੇਵਾ ਕਰਨੀ ਛੱਡ ਦਿਓ। (ਅਫ਼. 4:14) ਪਰ ਸ਼ੈਤਾਨ ਨੂੰ ਆਪਣੇ ʼਤੇ ਹਾਵੀ ਨਾ ਹੋਣ ਦਿਓ। ਕਿਹੜੀ ਗੱਲ ਤੁਹਾਡੀ ਮਦਦ ਕਰੇਗੀ ਤਾਂਕਿ ਤੁਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕੋ ਅਤੇ ਸਮਰਪਣ ਦਾ ਆਪਣਾ ਵਾਅਦਾ ਨਿਭਾ ਸਕੋ? ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸਮਝਦਾਰ ਮਸੀਹੀ ਬਣਨ ਲਈ “ਪੂਰੀ ਵਾਹ ਲਾਉਂਦੇ ਰਹੋ।” (ਇਬ. 6:1) ਆਓ ਦੇਖੀਏ ਕਿ ਤੁਸੀਂ ਸਮਝਦਾਰ ਮਸੀਹੀ ਦੇ ਤੌਰ ਤੇ ਤਰੱਕੀ ਕਿਵੇਂ ਕਰ ਸਕਦੇ ਹੋ।
ਤੁਸੀਂ ਤਰੱਕੀ ਕਿਵੇਂ ਕਰ ਸਕਦੇ ਹੋ?
3. ਬਪਤਿਸਮੇ ਤੋਂ ਬਾਅਦ ਵੀ ਸਾਰੇ ਮਸੀਹੀਆਂ ਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ?
3 ਬਪਤਿਸਮੇ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਪੌਲੁਸ ਦੀ ਇਸ ਸਲਾਹ ʼਤੇ ਚੱਲਣਾ ਚਾਹੀਦਾ ਹੈ ਜੋ ਉਸ ਨੇ ਅਫ਼ਸੀਆਂ ਦੇ ਮਸੀਹੀਆਂ ਨੂੰ ਦਿੱਤੀ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮਸੀਹੀਆਂ ਦੇ ਤੌਰ ਤੇ ਉਨ੍ਹਾਂ ਦਾ “ਕੱਦ-ਕਾਠ” ਪੂਰੀ ਤਰ੍ਹਾਂ ਵਧਦਾ ਜਾਵੇ। (ਅਫ਼. ) ਉਸ ਦੇ ਕਹਿਣ ਦਾ ਮਤਲਬ ਸੀ ਕਿ ਉਹ ‘ਤਰੱਕੀ ਕਰਦੇ ਰਹਿਣ।’ ਧਿਆਨ ਦਿਓ ਕਿ ਇਸ ਆਇਤ ਵਿਚ ਪੌਲੁਸ ਨੇ ਸਮਝਦਾਰ ਬਣਨ ਦੀ ਤੁਲਨਾ ਬੱਚੇ ਦੇ ਸਰੀਰਕ ਵਾਧੇ ਨਾਲ ਕੀਤੀ। ਇਕ ਬੱਚੇ ਦੇ ਪੈਦਾ ਹੋਣ ʼਤੇ ਮਾਪਿਆਂ ਨੂੰ ਬਹੁਤ ਖ਼ੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ। ਪਰ ਬੱਚਾ ਹਮੇਸ਼ਾ ਬੱਚਾ ਨਹੀਂ ਰਹਿੰਦਾ। ਸਮੇਂ ਦੇ ਬੀਤਣ ਨਾਲ ਉਹ ਵਧਦਾ-ਫੁੱਲਦਾ ਹੈ ਅਤੇ ‘ਨਿਆਣਪੁਣਾ ਛੱਡ ਦਿੰਦਾ ਹੈ।’ ( 4:131 ਕੁਰਿੰ. 13:11) ਇਸੇ ਤਰ੍ਹਾਂ ਮਸੀਹੀਆਂ ਨੂੰ ਵੀ ਬਪਤਿਸਮੇ ਤੋਂ ਬਾਅਦ ਲਗਾਤਾਰ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ। ਆਓ ਆਪਾਂ ਕੁਝ ਸੁਝਾਵਾਂ ʼਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਤਰੱਕੀ ਕਰਦੇ ਰਹਿ ਸਕਦੇ ਹਾਂ।
4. ਤਰੱਕੀ ਕਰਦੇ ਰਹਿਣ ਲਈ ਕਿਹੜਾ ਗੁਣ ਤੁਹਾਡੀ ਮਦਦ ਕਰ ਸਕਦਾ ਹੈ? ਸਮਝਾਓ। (ਫ਼ਿਲਿੱਪੀਆਂ 1:9)
4 ਯਹੋਵਾਹ ਲਈ ਆਪਣਾ ਪਿਆਰ ਵਧਾਉਂਦੇ ਰਹੋ। ਤੁਸੀਂ ਯਹੋਵਾਹ ਨੂੰ ਪਹਿਲਾਂ ਹੀ ਬਹੁਤ ਪਿਆਰ ਕਰਦੇ ਹੋ। ਪਰ ਤੁਸੀਂ ਇਸ ਪਿਆਰ ਨੂੰ ਹੋਰ ਵੀ ਵਧਾ ਸਕਦੇ ਹੋ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਫ਼ਿਲਿੱਪੀਆਂ 1:9 ਵਿਚ ਇਸ ਬਾਰੇ ਕੀ ਦੱਸਿਆ। (ਪੜ੍ਹੋ।) ਉਸ ਨੇ ਪ੍ਰਾਰਥਨਾ ਕੀਤੀ ਕਿ ਫ਼ਿਲਿੱਪੈ ਦੇ ਮਸੀਹੀਆਂ ਦਾ “ਪਿਆਰ ਹੋਰ ਵੀ ਵਧਦਾ ਜਾਵੇ।” ਉਨ੍ਹਾਂ ਵਾਂਗ ਅਸੀਂ ਵੀ ਯਹੋਵਾਹ ਲਈ ਆਪਣਾ ਪਿਆਰ ਵਧਾ ਸਕਦੇ ਹਾਂ। ਕਿਵੇਂ? “ਸਹੀ ਗਿਆਨ ਅਤੇ ਪੂਰੀ ਸਮਝ” ਹਾਸਲ ਕਰ ਕੇ। ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੇ ਸੁਭਾਅ ਅਤੇ ਕੰਮ ਕਰਨ ਦੇ ਤਰੀਕੇ ਨੂੰ ਹੋਰ ਚੰਗੀ ਤਰ੍ਹਾਂ ਜਾਣਾਂਗੇ, ਉੱਦਾਂ-ਉੱਦਾਂ ਯਹੋਵਾਹ ਲਈ ਸਾਡਾ ਪਿਆਰ ਅਤੇ ਸ਼ਰਧਾ ਹੋਰ ਵੀ ਵਧੇਗੀ। ਉਸ ਨੂੰ ਖ਼ੁਸ਼ ਕਰਨ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ ਅਤੇ ਅਸੀਂ ਕਦੇ ਵੀ ਉਸ ਨੂੰ ਦੁਖੀ ਨਹੀਂ ਕਰਨਾ ਚਾਹਾਂਗੇ। ਨਾਲੇ ਅਸੀਂ ਉਸ ਦੀ ਇੱਛਾ ਨੂੰ ਜਾਣਨ ਅਤੇ ਉਸ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ।
5-6. ਯਹੋਵਾਹ ਲਈ ਆਪਣਾ ਪਿਆਰ ਵਧਾਉਣ ਲਈ ਅਸੀਂ ਹੋਰ ਕੀ ਕਰ ਸਕਦੇ ਹਾਂ? ਸਮਝਾਓ।
5 ਯਹੋਵਾਹ ਲਈ ਪਿਆਰ ਵਧਾਉਣ ਦਾ ਇਕ ਹੋਰ ਤਰੀਕਾ ਹੈ, ਉਸ ਦੇ ਪੁੱਤਰ ਬਾਰੇ ਜਾਣਨਾ ਜਿਸ ਨੇ ਆਪਣੇ ਪਿਤਾ ਦੀ ਹੂ-ਬਹੂ ਨਕਲ ਕੀਤੀ। ਇੰਜੀਲ ਦੀਆਂ ਚਾਰ ਕਿਤਾਬਾਂ ਦਾ ਅਧਿਐਨ ਕਰ ਕੇ ਅਸੀਂ ਯਿਸੂ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਾਂ। (ਇਬ. 1:3) ਜੇ ਤੁਸੀਂ ਹਾਲੇ ਤਕ ਹਰ ਰੋਜ਼ ਬਾਈਬਲ ਪੜ੍ਹਨ ਦੀ ਆਦਤ ਨਹੀਂ ਪਾਈ, ਤਾਂ ਕਿਉਂ ਨਾ ਹੁਣ ਤੋਂ ਹੀ ਇੱਦਾਂ ਕਰਨਾ ਸ਼ੁਰੂ ਕਰੋ। ਜਦੋਂ ਤੁਸੀਂ ਯਿਸੂ ਬਾਰੇ ਕੋਈ ਬਿਰਤਾਂਤ ਪੜ੍ਹਦੇ ਹੋ, ਤਾਂ ਖ਼ਾਸ ਕਰਕੇ ਉਸ ਦੇ ਗੁਣਾਂ ਵੱਲ ਧਿਆਨ ਦਿਓ। ਯਿਸੂ ਦਾ ਸੁਭਾਅ ਇੱਦਾਂ ਦਾ ਸੀ ਕਿ ਲੋਕ ਖ਼ੁਦ ਉਸ ਕੋਲ ਆਉਣਾ ਪਸੰਦ ਕਰਦੇ ਸਨ ਅਤੇ ਬਿਨਾਂ ਝਿਜਕੇ ਉਸ ਨਾਲ ਗੱਲ ਕਰ ਸਕਦੇ ਸਨ। ਇੱਥੋਂ ਤਕ ਕਿ ਬੱਚੇ ਵੀ ਉਸ ਵੱਲ ਖਿੱਚੇ ਚਲੇ ਆਉਂਦੇ ਸਨ ਅਤੇ ਉਹ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿਚ ਲੈ ਲੈਂਦਾ ਸੀ। (ਮਰ. 10:13-16) ਯਿਸੂ ਦੇ ਚੇਲੇ ਸੌਖਿਆਂ ਹੀ ਉਸ ਨਾਲ ਗੱਲ ਕਰ ਸਕਦੇ ਸਨ। ਉਨ੍ਹਾਂ ਦੇ ਦਿਲ ਵਿਚ ਜੋ ਵੀ ਹੁੰਦਾ ਸੀ, ਉਹ ਬਿਨਾਂ ਝਿਜਕੇ ਉਸ ਨੂੰ ਦੱਸ ਦਿੰਦੇ ਸਨ। (ਮੱਤੀ 16:22) ਇੱਦਾਂ ਯਿਸੂ ਨੇ ਦਿਖਾਇਆ ਕਿ ਉਹ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਅਸੀਂ ਯਹੋਵਾਹ ਨਾਲ ਦਿਲ ਖੋਲ੍ਹ ਕੇ ਗੱਲ ਕਰ ਸਕਦੇ ਹਾਂ। ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਅਸੀਂ ਉਸ ਅੱਗੇ ਆਪਣਾ ਦਿਲ ਖੋਲ੍ਹਦੇ ਹਾਂ, ਤਾਂ ਉਹ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ। ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਸਾਡੀ ਪਰਵਾਹ ਕਰਦਾ ਹੈ।—1 ਪਤ. 5:7.
6 ਯਿਸੂ ਨੂੰ ਲੋਕਾਂ ਨਾਲ ਬਹੁਤ ਹਮਦਰਦੀ ਸੀ, ਇਸ ਲਈ ਲੋਕਾਂ ਦਾ ਦੁੱਖ ਦੇਖ ਕੇ ਉਸ ਨੂੰ ਉਨ੍ਹਾਂ ʼਤੇ ਤਰਸ ਆਉਂਦਾ ਸੀ। ਮੱਤੀ ਰਸੂਲ ਨੇ ਇਸ ਬਾਰੇ ਦੱਸਿਆ: “ਭੀੜਾਂ ਨੂੰ ਦੇਖ ਕੇ ਉਸ ਨੂੰ ਉਨ੍ਹਾਂ ʼਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” (ਮੱਤੀ 9:36) ਯਹੋਵਾਹ ਇਨਸਾਨਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਇਸ ਬਾਰੇ ਯਿਸੂ ਨੇ ਦੱਸਿਆ: “ਮੇਰਾ ਸਵਰਗੀ ਪਿਤਾ ਨਹੀਂ ਚਾਹੁੰਦਾ ਕਿ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਇਕ ਦਾ ਵੀ ਨਾਸ਼ ਹੋਵੇ।” (ਮੱਤੀ 18:14) ਇਨ੍ਹਾਂ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ! ਕੀ ਇਹ ਗੱਲ ਸਾਡੇ ਦਿਲਾਂ ਨੂੰ ਨਹੀਂ ਛੂਹ ਜਾਂਦੀ? ਜਿੰਨਾ ਜ਼ਿਆਦਾ ਅਸੀਂ ਯਿਸੂ ਬਾਰੇ ਜਾਣਾਂਗੇ, ਉੱਨਾ ਜ਼ਿਆਦਾ ਯਹੋਵਾਹ ਲਈ ਸਾਡਾ ਪਿਆਰ ਵਧੇਗਾ।
7. ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
7 ਜੇ ਤੁਸੀਂ ਯਹੋਵਾਹ ਨਾਲ ਆਪਣਾ ਪਿਆਰ ਹੋਰ ਵਧਾਉਣਾ ਚਾਹੁੰਦੇ ਹੋ ਅਤੇ ਮਸੀਹੀਆਂ ਵਜੋਂ ਤਰੱਕੀ ਕਰਦੇ ਰਹਿਣਾ ਚਾਹੁੰਦੇ ਹੋ, ਤਾਂ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਓ ਅਤੇ ਉਨ੍ਹਾਂ ਨੂੰ ਜਾਣੋ। ਧਿਆਨ ਦਿਓ ਕਿ ਉਹ ਕਿੰਨੇ ਖ਼ੁਸ਼ ਹਨ! ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਫ਼ੈਸਲੇ ਦਾ ਕੋਈ ਪਛਤਾਵਾ ਨਹੀਂ ਹੈ। ਯਹੋਵਾਹ ਦੀ ਸੇਵਾ ਕਰਦਿਆਂ ਉਨ੍ਹਾਂ ਨੂੰ ਜੋ ਵੀ ਤਜਰਬੇ ਹੋਏ ਹਨ. ਕਿਉਂ ਨਾ ਤੁਸੀਂ ਉਨ੍ਹਾਂ ਬਾਰੇ ਉਨ੍ਹਾਂ ਤੋਂ ਪੁੱਛੋ। ਜਦੋਂ ਤੁਸੀਂ ਕੋਈ ਅਹਿਮ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਉਨ੍ਹਾਂ ਤੋਂ ਸਲਾਹ ਲਓ। ਯਾਦ ਰੱਖੋ, “ਬਹੁਤ ਸਾਰੇ ਸਲਾਹਕਾਰਾਂ ਕਰਕੇ ਸਫ਼ਲਤਾ ਮਿਲਦੀ ਹੈ।”—ਕਹਾ. 11:14.
8. ਬਾਈਬਲ ਦੀਆਂ ਸਿੱਖਿਆਵਾਂ ਲਈ ਤੁਹਾਡੇ ਮਨ ਵਿਚ ਸ਼ੱਕ ਪੈਦਾ ਹੋਣ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
8 ਆਪਣੇ ਸ਼ੱਕ ਦੂਰ ਕਰੋ। ਪੈਰਾ 2 ਵਿਚ ਦੱਸਿਆ ਗਿਆ ਸੀ ਕਿ ਸ਼ੈਤਾਨ ਕੋਸ਼ਿਸ਼ ਕਰੇਗਾ ਕਿ ਤੁਹਾਡੀ ਨਿਹਚਾ ਕਮਜ਼ੋਰ ਪੈ ਜਾਵੇ ਅਤੇ ਤੁਸੀਂ ਯਹੋਵਾਹ ਤੋਂ ਦੂਰ ਹੋ ਜਾਵੋ। ਇਸ ਤਰ੍ਹਾਂ ਕਰਨ ਲਈ ਸ਼ੈਤਾਨ ਸ਼ਾਇਦ ਬਾਈਬਲ ਦੀਆਂ ਕੁਝ ਸਿੱਖਿਆਵਾਂ ਲਈ ਤੁਹਾਡੇ ਮਨ ਵਿਚ ਸ਼ੱਕ ਪੈਦਾ ਕਰੇ। ਉਦਾਹਰਣ ਲਈ, ਕੁਝ ਲੋਕ ਸ਼ਾਇਦ ਤੁਹਾਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨ ਕਿ ਸਾਨੂੰ ਬਣਾਉਣ ਵਾਲਾ ਕੋਈ ਸ੍ਰਿਸ਼ਟੀਕਰਤਾ ਨਹੀਂ ਹੈ, ਸਗੋਂ ਅਸੀਂ ਆਪਣੇ ਆਪ ਹੋਂਦ ਵਿਚ ਆਏ ਹਾਂ। ਸ਼ਾਇਦ ਛੋਟੇ ਹੁੰਦਿਆਂ ਤੁਸੀਂ ਵਿਕਾਸਵਾਦ ਬਾਰੇ ਥੋੜ੍ਹਾ-ਬਹੁਤ ਜਾਂ ਫਿਰ ਬਿਲਕੁਲ ਵੀ ਨਾ ਜਾਣਿਆ ਹੋਵੇ। ਪਰ ਹੁਣ ਵੱਡੇ ਹੋਣ ਤੇ ਤੁਹਾਨੂੰ ਇਸ ਬਾਰੇ ਸਕੂਲ ਵਿਚ ਪੜ੍ਹਾਇਆ ਜਾ ਰਿਹਾ ਹੈ। ਤੁਹਾਡੇ ਟੀਚਰ ਵਿਕਾਸਵਾਦ ਬਾਰੇ ਜੋ ਵੀ ਦਲੀਲਾਂ ਦੇ ਕੇ ਤੁਹਾਨੂੰ ਸਿਖਾਉਂਦੇ ਹਨ, ਸ਼ਾਇਦ ਉਹ ਤੁਹਾਨੂੰ ਸਹੀ ਲੱਗਦੀਆਂ ਹੋਣ। ਹੋ ਸਕਦਾ ਹੈ ਕਿ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਸਬੂਤਾਂ ʼਤੇ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੋਈ ਸ੍ਰਿਸ਼ਟੀਕਰਤਾ ਹੈ। ਕਹਾਉਤਾਂ 18:17 ਵਿਚ ਦਿੱਤਾ ਅਸੂਲ ਯਾਦ ਰੱਖੋ। ਇੱਥੇ ਲਿਖਿਆ ਹੈ: “ਆਪਣੇ ਮੁਕੱਦਮੇ ਵਿਚ ਪਹਿਲਾਂ ਬੋਲਣ ਵਾਲਾ ਸਹੀ ਲੱਗਦਾ ਹੈ, ਪਰ ਸਿਰਫ਼ ਉਦੋਂ ਤਕ ਜਦੋਂ ਤਕ ਦੂਜੀ ਧਿਰ ਆ ਕੇ ਉਸ ਤੋਂ ਪੁੱਛ-ਗਿੱਛ ਨਹੀਂ ਕਰਦੀ।” ਸਕੂਲ ਵਿਚ ਪੜ੍ਹਾਈਆਂ ਜਾਣ ਵਾਲੀਆਂ ਸਾਰੀਆਂ ਗੱਲਾਂ ʼਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਕਰਨ ਦੀ ਬਜਾਇ, ਕਿਉਂ ਨਾ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਦਿੱਤੀਆਂ ਸਿੱਖਿਆਵਾਂ ਦੀ ਧਿਆਨ ਨਾਲ ਜਾਂਚ ਕਰੋ। ਨਾਲੇ ਸਾਡੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰੋ। ਇਸ ਵਿਸ਼ੇ ਬਾਰੇ ਉਨ੍ਹਾਂ ਭੈਣਾਂ-ਭਰਾਵਾਂ ਨਾਲ ਚਰਚਾ ਕਰੋ ਜੋ ਪਹਿਲਾਂ ਵਿਕਾਸਵਾਦ ʼਤੇ ਵਿਸ਼ਵਾਸ ਕਰਦੇ ਸਨ। ਉਨ੍ਹਾਂ ਨੂੰ ਪੁੱਛੋ ਕਿ ਕਿਹੜੀ ਗੱਲ ਕਰਕੇ ਉਹ ਪਿਆਰ ਕਰਨ ਵਾਲੇ ਸ੍ਰਿਸ਼ਟੀਕਰਤਾ ʼਤੇ ਵਿਸ਼ਵਾਸ ਕਰਨ ਲੱਗ ਪਏ। ਇਸ ਤਰ੍ਹਾਂ ਗੱਲਬਾਤ ਕਰ ਕੇ ਤੁਸੀਂ ਉਨ੍ਹਾਂ ਸਬੂਤਾਂ ʼਤੇ ਧਿਆਨ ਦੇ ਸਕੋਗੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਬਣਾਉਣ ਵਾਲਾ ਕੋਈ ਸ੍ਰਿਸ਼ਟੀਕਰਤਾ ਹੈ।
9. ਮੈਲਿਸਾ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ?
9 ਭੈਣ ਮੈਲਿਸਾ ਨੇ ਪ੍ਰਕਾਸ਼ਨਾਂ ਵਿੱਚੋਂ ਸ੍ਰਿਸ਼ਟੀਕਰਤਾ ਬਾਰੇ ਖੋਜਬੀਨ ਕਰ ਕੇ ਆਪਣੇ ਸ਼ੱਕ ਦੂਰ ਕੀਤੇ। b ਉਹ ਕਹਿੰਦੀ ਹੈ: “ਸਕੂਲ ਵਿਚ ਵਿਕਾਸਵਾਦ ਬਾਰੇ ਇਸ ਤਰ੍ਹਾਂ ਸਿਖਾਇਆ ਜਾਂਦਾ ਹੈ ਕਿ ਸਾਨੂੰ ਇਹ ਸਿੱਖਿਆ ਸਹੀ ਲੱਗਦੀ ਹੈ। ਪਹਿਲਾਂ ਮੈਂ ਖੋਜਬੀਨ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਡਰਦੀ ਸੀ ਕਿ ਜੇ ਖੋਜਬੀਨ ਕਰਨ ʼਤੇ ਵਿਕਾਸਵਾਦ ਦੀ ਸਿੱਖਿਆ ਸਹੀ ਨਿਕਲੀ, ਤਾਂ ਕੀ? ਫਿਰ ਮੈਂ ਸੋਚਿਆ ਕਿ ਯਹੋਵਾਹ ਨਹੀਂ ਚਾਹੁੰਦਾ ਕਿ ਮੈਂ ਅੱਖਾਂ ਬੰਦ ਕਰ ਕੇ ਉਸ ਦੀ ਸੇਵਾ ਕਰਾਂ, ਸਗੋਂ ਉਹ ਚਾਹੁੰਦਾ ਹੈ ਕਿ ਮੈਂ ਸਬੂਤਾਂ ʼਤੇ ਗੌਰ ਕਰਾਂ। ਇਸ ਲਈ ਮੈਂ ਆਪਣੇ ਸ਼ੱਕ ਦੂਰ ਕਰਨ ਲਈ ਖੋਜਬੀਨ ਕਰਨੀ ਸ਼ੁਰੂ ਕੀਤੀ।” ਉਸ ਨੇ ਇਕ ਕਿਤਾਬ ਅਤੇ ਕੁਝ ਬਰੋਸ਼ਰ ਪੜ੍ਹੇ। c ਉਹ ਅੱਗੇ ਦੱਸਦੀ ਹੈ: “ਇਨ੍ਹਾਂ ਨੂੰ ਪੜ੍ਹ ਕੇ ਮੇਰੇ ਸਾਰੇ ਸ਼ੱਕ ਦੂਰ ਹੋ ਗਏ। ਹੁਣ ਮੈਂ ਸੋਚਦੀ ਹਾਂ ਕਿ ਕਾਸ਼! ਮੈਂ ਪਹਿਲਾਂ ਖੋਜਬੀਨ ਕਰ ਲਈ ਹੁੰਦੀ।”
10-11. ਕਿਹੜੀ ਗੱਲ ਪਵਿੱਤਰ ਚਾਲ-ਚਲਣ ਬਣਾਈ ਰੱਖਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ? (1 ਥੱਸਲੁਨੀਕੀਆਂ 4:3, 4)
10 ਗ਼ਲਤ ਕੰਮਾਂ ਤੋਂ ਬਚੋ। ਜਵਾਨੀ ਵਿਚ ਸਰੀਰਕ ਸੰਬੰਧ ਬਣਾਉਣ ਦੀਆਂ ਇੱਛਾਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ। ਸ਼ਾਇਦ ਲੋਕ ਵੀ ਤੁਹਾਡੇ ʼਤੇ ਦਬਾਅ ਪਾਉਣ ਕਿ ਤੁਸੀਂ ਆਪਣੀਆਂ ਇਨ੍ਹਾਂ ਇੱਛਾਵਾਂ ਨੂੰ ਪੂਰਾ ਕਰੋ। ਸ਼ੈਤਾਨ ਵੀ ਇਹੀ ਚਾਹੁੰਦਾ ਹੈ ਕਿ ਤੁਸੀਂ ਇਨ੍ਹਾਂ ਇੱਛਾਵਾਂ ਅੱਗੇ ਗੋਡੇ ਟੇਕ ਦਿਓ। ਕਿਹੜੀ ਗੱਲ ਚਾਲ-ਚਲਣ ਪਵਿੱਤਰ ਬਣਾਈ ਰੱਖਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ? (1 ਥੱਸਲੁਨੀਕੀਆਂ 4:3, 4 ਪੜ੍ਹੋ।) ਯਹੋਵਾਹ ਨੂੰ ਪ੍ਰਾਰਥਨਾ ਵਿਚ ਆਪਣੀਆਂ ਭਾਵਨਾਵਾਂ ਬਾਰੇ ਦੱਸੋ। ਉਸ ਨੂੰ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਅਤੇ ਇਨ੍ਹਾਂ ਇੱਛਾਵਾਂ ਨਾਲ ਲੜਨ ਲਈ ਉਸ ਤੋਂ ਮਦਦ ਮੰਗੋ। (ਮੱਤੀ 6:13) ਯਾਦ ਰੱਖੋ ਕਿ ਯਹੋਵਾਹ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ, ਨਾ ਕਿ ਤੁਹਾਨੂੰ ਸਜ਼ਾ ਦੇਣੀ ਚਾਹੁੰਦਾ ਹੈ। (ਜ਼ਬੂ. 103:13, 14) ਪਰਮੇਸ਼ੁਰ ਦੇ ਬਚਨ ਨੂੰ ਪੜ੍ਹ ਕੇ ਵੀ ਤੁਹਾਡੀ ਮਦਦ ਹੋ ਸਕਦੀ ਹੈ। ਮੈਲਿਸਾ ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਉਸ ਨੂੰ ਵੀ ਗੰਦੇ ਖ਼ਿਆਲਾਂ ਨਾਲ ਲੜਨ ਲਈ ਬਹੁਤ ਜੱਦੋ-ਜਹਿਦ ਕਰਨੀ ਪਈ। ਉਹ ਕਹਿੰਦੀ ਹੈ: “ਹਰ ਰੋਜ਼ ਬਾਈਬਲ ਪੜ੍ਹਨ ਕਰਕੇ ਮੇਰੀ ਮਦਦ ਹੋਈ ਕਿ ਮੈਂ ਕਦੇ ਹਾਰ ਨਾ ਮੰਨਾਂ। ਮੈਂ ਇਹ ਵੀ ਯਾਦ ਰੱਖਦੀ ਹਾਂ ਕਿ ਯਹੋਵਾਹ ਦਾ ਨਾਂ ਮੇਰੇ ਨਾਲ ਜੁੜਿਆ ਹੋਇਆ ਹੈ ਅਤੇ ਮੈਂ ਉਸ ਦੀ ਸੇਵਾ ਕਰਨੀ ਚਾਹੁੰਦੀ ਹਾਂ।”—ਜ਼ਬੂ. 119:9.
11 ਇਹ ਨਾ ਸੋਚੋ ਕਿ ਤੁਸੀਂ ਆਪਣੀਆਂ ਇਨ੍ਹਾਂ ਭਾਵਨਾਵਾਂ ʼਤੇ ਖ਼ੁਦ ਕਾਬੂ ਪਾ ਸਕਦੇ ਹੋ। ਇਨ੍ਹਾਂ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰੋ। ਇੱਦਾਂ ਦੀਆਂ ਭਾਵਨਾਵਾਂ ਬਾਰੇ ਦੂਜਿਆਂ ਨਾਲ ਗੱਲ ਕਰਨੀ ਸੌਖੀ ਨਹੀਂ ਹੁੰਦੀ, ਪਰ ਤੁਹਾਡੇ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਮੈਲਿਸਾ ਦੱਸਦੀ ਹੈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਹਿੰਮਤ ਮੰਗੀ ਅਤੇ ਫਿਰ ਮੈਂ ਆਪਣੇ ਡੈਡੀ ਨਾਲ ਆਪਣੀ ਇਸ ਮੁਸ਼ਕਲ ਬਾਰੇ ਗੱਲ ਕੀਤੀ। ਆਪਣੇ ਡੈਡੀ ਨਾਲ ਗੱਲ ਕਰਨ ਤੋਂ ਬਾਅਦ ਮੇਰਾ ਮਨ ਸ਼ਾਂਤ ਹੋ ਗਿਆ ਅਤੇ ਮੈਂ ਜਾਣਦੀ ਹਾਂ ਕਿ ਯਹੋਵਾਹ ਨੂੰ ਵੀ ਮੇਰੇ ʼਤੇ ਜ਼ਰੂਰ ਮਾਣ ਹੋਇਆ ਹੋਣਾ।”
12. ਤੁਸੀਂ ਸਹੀ ਫ਼ੈਸਲੇ ਕਿਵੇਂ ਲੈ ਸਕਦੇ ਹੋ?
12 ਬਾਈਬਲ ਦੇ ਅਸੂਲਾਂ ਮੁਤਾਬਕ ਚੱਲੋ। ਜਦੋਂ ਤੁਸੀਂ ਵੱਡੇ ਹੋਵੋਗੇ, ਤਾਂ ਤੁਹਾਡੇ ਮਾਪੇ ਹੌਲੀ-ਹੌਲੀ ਤੁਹਾਨੂੰ ਆਪਣੇ ਫ਼ੈਸਲੇ ਖ਼ੁਦ ਕਰਨ ਦੀ ਆਜ਼ਾਦੀ ਦੇਣਗੇ। ਪਰ ਵੱਡੇ ਹੋਣ ʼਤੇ ਵੀ ਤੁਹਾਡੇ ਕੋਲ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ ਹੁੰਦਾ ਅਤੇ ਤੁਹਾਨੂੰ ਸਾਰੀਆਂ ਗੱਲਾਂ ਦੀ ਸਮਝ ਵੀ ਨਹੀਂ ਹੁੰਦੀ। ਤਾਂ ਫਿਰ ਕਿਹੜੀ ਗੱਲ ਤੁਹਾਡੀ ਉਹ ਫ਼ੈਸਲੇ ਕਰਨ ਵਿਚ ਮਦਦ ਕਰ ਸਕਦੀ ਹੈ ਜਿਸ ਨਾਲ ਤੁਹਾਡਾ ਰਿਸ਼ਤਾ ਯਹੋਵਾਹ ਨਾਲ ਬਣਿਆ ਰਹੇ? (ਕਹਾ. 22:3) ਭੈਣ ਕੈਰੀ ਦੱਸਦੀ ਹੈ ਕਿ ਕਿਹੜੀ ਗੱਲ ਨੇ ਸਹੀ ਫ਼ੈਸਲੇ ਲੈਣ ਵਿਚ ਉਸ ਦੀ ਮਦਦ ਕੀਤੀ। ਉਹ ਇਹ ਗੱਲ ਜਾਣਦੀ ਹੈ ਕਿ ਸਮਝਦਾਰ ਮਸੀਹੀ ਨੂੰ ਹਰ ਵਾਰ ਫ਼ੈਸਲਾ ਕਰਨ ਲਈ ਕਾਇਦੇ-ਕਾਨੂੰਨਾਂ ਦੀ ਲੋੜ ਨਹੀਂ ਹੁੰਦੀ। ਉਹ ਕਹਿੰਦੀ ਹੈ: “ਮੈਂ ਇਹ ਗੱਲ ਚੰਗੀ ਤਰ੍ਹਾਂ ਸਮਝਦੀ ਹਾਂ ਕਿ ਬਾਈਬਲ ਵਿਚ ਦਿੱਤੇ ਕਾਇਦੇ-ਕਾਨੂੰਨਾਂ ਨੂੰ ਜਾਣਨ ਦੇ ਨਾਲ-ਨਾਲ ਮੈਨੂੰ ਇਸ ਵਿਚ ਦਿੱਤੇ ਅਸੂਲਾਂ ਨੂੰ ਵੀ ਸਮਝਣ ਦੀ ਲੋੜ ਹੈ।” ਹਰ ਵਾਰ ਬਾਈਬਲ ਪੜ੍ਹਦਿਆਂ ਆਪਣੇ ਆਪ ਨੂੰ ਪੁੱਛੋ: ‘ਬਾਈਬਲ ਵਿੱਚੋਂ ਮੈਂ ਜੋ ਕੁਝ ਵੀ ਪੜ੍ਹਿਆ ਹੈ, ਉਸ ਤੋਂ ਮੈਨੂੰ ਯਹੋਵਾਹ ਦੀ ਸੋਚ ਬਾਰੇ ਕੀ ਪਤਾ ਲੱਗਦਾ ਹੈ? ਇਨ੍ਹਾਂ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਮੈਂ ਆਪਣਾ ਚਾਲ-ਚਲਣ ਕਿਵੇਂ ਪਵਿੱਤਰ ਬਣਾਈ ਰੱਖ ਸਕਦਾ ਹਾਂ? ਇਨ੍ਹਾਂ ਅਸੂਲਾਂ ਨੂੰ ਲਾਗੂ ਕਰ ਕੇ ਮੈਨੂੰ ਕੀ ਫ਼ਾਇਦਾ ਹੋਵੇਗਾ?’ (ਜ਼ਬੂ. 19:7; ਯਸਾ. 48:17, 18) ਬਾਈਬਲ ਪੜ੍ਹ ਕੇ ਅਤੇ ਇਸ ਵਿਚ ਦਿੱਤੇ ਅਸੂਲਾਂ ʼਤੇ ਸੋਚ-ਵਿਚਾਰ ਕਰ ਕੇ ਤੁਸੀਂ ਸੌਖਿਆਂ ਹੀ ਉਹ ਫ਼ੈਸਲੇ ਕਰ ਸਕਦੇ ਹੋ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। ਜਿੱਦਾਂ-ਜਿੱਦਾਂ ਤੁਸੀਂ ਤਰੱਕੀ ਕਰੋਗੇ, ਉੱਦਾਂ-ਉੱਦਾਂ ਤੁਸੀਂ ਖ਼ੁਦ ਇਹ ਗੱਲ ਦੇਖੋਗੇ ਕਿ ਯਹੋਵਾਹ ਦੀ ਸੋਚ ਨੂੰ ਸਮਝਣ ਕਰਕੇ ਤੁਸੀਂ ਸਹੀ ਫ਼ੈਸਲੇ ਲੈ ਸਕਦੇ ਹੋ ਅਤੇ ਤੁਹਾਨੂੰ ਹਰ ਵਾਰ ਕਾਇਦੇ-ਕਾਨੂੰਨਾਂ ਦੀ ਲੋੜ ਨਹੀਂ ਹੁੰਦੀ।
13. ਚੰਗੇ ਦੋਸਤਾਂ ਦਾ ਤੁਹਾਡੇ ʼਤੇ ਕੀ ਅਸਰ ਪੈ ਸਕਦਾ ਹੈ? (ਕਹਾਉਤਾਂ 13:20)
13 ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਦੋਸਤੀ ਕਰੋ। ਆਪਾਂ ਪਹਿਲਾਂ ਦੇਖਿਆ ਸੀ ਕਿ ਚੰਗੇ ਦੋਸਤ ਸਮਝਦਾਰ ਮਸੀਹੀ ਬਣਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਇਸ ਕਰਕੇ ਸੋਚ-ਸਮਝ ਕੇ ਆਪਣੇ ਦੋਸਤ ਚੁਣੋ। (ਕਹਾਉਤਾਂ 13:20 ਪੜ੍ਹੋ।) ਭੈਣ ਸਾਰਾਹ ਦੱਸਦੀ ਹੈ ਕਿ ਇਕ ਸਮੇਂ ʼਤੇ ਉਹ ਯਹੋਵਾਹ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਗੁਆ ਬੈਠੀ ਸੀ। ਇਸ ਮੌਕੇ ʼਤੇ ਉਸ ਦੀ ਮਦਦ ਕਿਵੇਂ ਹੋਈ? ਸਾਰਾਹ ਦੱਸਦੀ ਹੈ: “ਬਿਲਕੁਲ ਸਹੀ ਸਮੇਂ ʼਤੇ ਮੈਨੂੰ ਚੰਗੀਆਂ ਸਹੇਲੀਆਂ ਮਿਲੀਆਂ। ਮੇਰੀ ਇਕ ਨੌਜਵਾਨ ਸਹੇਲੀ ਮੇਰੇ ਨਾਲ ਮਿਲ ਕੇ ਹਰ ਹਫ਼ਤੇ ਪਹਿਰਾਬੁਰਜ ਦੀ ਤਿਆਰੀ ਕਰਦੀ ਸੀ। ਇਕ ਹੋਰ ਸਹੇਲੀ ਨੇ ਮੇਰੀ ਮਦਦ ਕੀਤੀ ਕਿ ਮੈਂ ਮੀਟਿੰਗਾਂ ਵਿਚ ਜਵਾਬ ਦੇਵਾਂ। ਚੰਗੇ ਦੋਸਤਾਂ ਦਾ ਮੇਰੇ ʼਤੇ ਇੰਨਾ ਜ਼ਿਆਦਾ ਪ੍ਰਭਾਵ ਪਿਆ ਕਿ ਮੈਂ ਫਿਰ ਤੋਂ ਗਹਿਰਾਈ ਨਾਲ ਬਾਈਬਲ ਅਧਿਐਨ ਕਰਨ ਲੱਗ ਪਈ ਅਤੇ ਹੋਰ ਵੀ ਵਧੀਆ ਢੰਗ ਨਾਲ ਪ੍ਰਾਰਥਨਾ ਕਰਨ ਲੱਗ ਪਈ। ਇਸ ਤਰ੍ਹਾਂ ਮੇਰਾ ਯਹੋਵਾਹ ਨਾਲ ਰਿਸ਼ਤਾ ਹੋਰ ਵੀ ਜ਼ਿਆਦਾ ਗੂੜ੍ਹਾ ਹੋਇਆ ਤੇ ਮੈਨੂੰ ਫਿਰ ਤੋਂ ਉਸ ਦੀ ਸੇਵਾ ਵਿਚ ਖ਼ੁਸ਼ੀ ਮਿਲਣ ਲੱਗੀ।”
14. ਜੂਲੀਅਨ ਚੰਗੇ ਦੋਸਤ ਕਿਵੇਂ ਬਣਾ ਸਕਿਆ?
14 ਚੰਗੇ ਦੋਸਤਾਂ ਦਾ ਤੁਹਾਡੇ ʼਤੇ ਚੰਗਾ ਅਸਰ ਪੈਂਦਾ ਹੈ। ਪਰ ਤੁਸੀਂ ਚੰਗੇ ਦੋਸਤ ਕਿਵੇਂ ਬਣਾ ਸਕਦੇ ਹੋ? ਜੂਲੀਅਨ ਜੋ ਹੁਣ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ, ਉਹ ਦੱਸਦਾ ਹੈ: “ਜਦੋਂ ਮੈਂ ਨੌਜਵਾਨ ਸੀ, ਤਾਂ ਮੈਂ ਪ੍ਰਚਾਰ ਕਰਦਿਆਂ ਬਹੁਤ ਸਾਰੇ ਚੰਗੇ ਦੋਸਤ ਬਣਾਏ। ਮੇਰੇ ਇਹ ਦੋਸਤ ਜੋਸ਼ ਨਾਲ ਪ੍ਰਚਾਰ ਕਰਦੇ ਸਨ। ਉਨ੍ਹਾਂ ਨਾਲ ਪ੍ਰਚਾਰ ਕਰ ਕੇ ਮੈਨੂੰ ਵੀ ਪ੍ਰਚਾਰ ਵਿਚ ਮਜ਼ਾ ਆਉਣ ਲੱਗਾ। ਇਸ ਕਰਕੇ ਮੈਂ ਪਾਇਨੀਅਰਿੰਗ ਕਰਨ ਦਾ ਟੀਚਾ ਰੱਖ ਸਕਿਆ। ਪਹਿਲਾਂ ਮੈਂ ਸਿਰਫ਼ ਆਪਣੀ ਉਮਰ ਦੇ ਲੋਕਾਂ ਨੂੰ ਹੀ ਆਪਣੇ ਦੋਸਤ ਬਣਾਇਆ ਸੀ, ਪਰ ਮੈਂ ਦੇਖਿਆ ਕਿ ਹੋਰ ਵੀ ਵਧੀਆ ਦੋਸਤ ਬਣਾਉਣ ਲਈ ਮੈਂ ਆਪਣੇ ਤੋਂ ਵੱਡੀ ਉਮਰ ਦੇ ਲੋਕਾਂ ਨਾਲ ਵੀ ਦੋਸਤੀ ਕਰ ਸਕਦਾ ਹਾਂ। ਫਿਰ ਮੈਂ ਬੈਥਲ ਚਲਾ ਗਿਆ ਅਤੇ ਉੱਥੇ ਵੀ ਮੈਂ ਚੰਗੇ ਦੋਸਤ ਬਣਾਏ। ਉਨ੍ਹਾਂ ਨਾਲ ਦੋਸਤੀ ਕਰ ਕੇ ਮੈਂ ਆਪਣੇ ਮਨੋਰੰਜਨ ਵਿਚ ਹੋਰ ਵੀ ਸੁਧਾਰ ਕਰ ਸਕਿਆ ਅਤੇ ਇਸ ਕਰਕੇ ਯਹੋਵਾਹ ਨਾਲ ਮੇਰੀ ਦੋਸਤੀ ਹੋਰ ਵੀ ਗੂੜ੍ਹੀ ਹੋਈ।”
15. ਪੌਲੁਸ ਨੇ ਤਿਮੋਥਿਉਸ ਨੂੰ ਕਿਹੜੀ ਸਲਾਹ ਦਿੱਤੀ? (2 ਤਿਮੋਥਿਉਸ 2:20-22)
15 ਉਦੋਂ ਕੀ ਜੇ ਤੁਹਾਨੂੰ ਲੱਗਦਾ ਹੈ ਕਿ ਮੰਡਲੀ ਵਿਚ ਕੁਝ ਜਣਿਆਂ ਨਾਲ ਦੋਸਤੀ ਕਰ ਕੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ? ਪੌਲੁਸ ਵੀ ਇਹ ਗੱਲ ਜਾਣਦਾ ਸੀ ਕਿ ਉਸ ਸਮੇਂ ਮੰਡਲੀ ਵਿਚ ਕੁਝ ਜਣਿਆਂ ਦੀ ਸੋਚ ਜਾਂ ਕੰਮ ਮਸੀਹੀਆਂ ਵਰਗੇ ਨਹੀਂ ਸਨ। ਇਸ ਕਰਕੇ ਉਸ ਨੇ ਤਿਮੋਥਿਉਸ ਨੂੰ ਉਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। (2 ਤਿਮੋਥਿਉਸ 2:20-22 ਪੜ੍ਹੋ।) ਸਾਡੇ ਲਈ ਯਹੋਵਾਹ ਨਾਲ ਸਾਡੀ ਦੋਸਤੀ ਬਹੁਤ ਅਨਮੋਲ ਹੈ ਕਿਉਂਕਿ ਯਹੋਵਾਹ ਦੇ ਨੇੜੇ ਜਾਣ ਲਈ ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਇਸ ਕਰਕੇ ਅਸੀਂ ਕਦੇ ਵੀ ਅਜਿਹੇ ਦੋਸਤ ਨਹੀਂ ਬਣਾਵਾਂਗੇ ਜਿਨ੍ਹਾਂ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਟੁੱਟ ਜਾਵੇ।—ਜ਼ਬੂ. 26:4.
ਕਿਹੜੇ ਟੀਚੇ ਰੱਖ ਕੇ ਤੁਸੀਂ ਤਰੱਕੀ ਕਰ ਸਕਦੇ ਹੋ?
16. ਤੁਸੀਂ ਕਿਹੜੇ ਟੀਚੇ ਰੱਖ ਸਕਦੇ ਹੋ?
16 ਉਹ ਟੀਚੇ ਰੱਖੋ ਜਿਨ੍ਹਾਂ ਤੋਂ ਤੁਹਾਨੂੰ ਫ਼ਾਇਦਾ ਹੋਵੇ। ਟੀਚੇ ਰੱਖਣ ਨਾਲ ਤੁਹਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ ਅਤੇ ਤੁਸੀਂ ਹੋਰ ਵੀ ਸਮਝਦਾਰ ਮਸੀਹੀ ਬਣ ਸਕੋਗੇ। (ਅਫ਼. 3:16) ਉਦਾਹਰਣ ਲਈ, ਸ਼ਾਇਦ ਤੁਸੀਂ ਬਾਈਬਲ ਪੜ੍ਹਨ ਤੇ ਬਾਈਬਲ ਦਾ ਅਧਿਐਨ ਕਰਨ ਦੀ ਆਪਣੀ ਆਦਤ ਵਿਚ ਹੋਰ ਸੁਧਾਰ ਕਰ ਸਕਦੇ ਹੋ। (ਜ਼ਬੂ. 1:2, 3) ਜਾਂ ਤੁਸੀਂ ਟੀਚਾ ਰੱਖ ਸਕਦੇ ਹੋ ਕਿ ਤੁਸੀਂ ਦਿਨ ਵਿਚ ਯਹੋਵਾਹ ਨੂੰ ਹੋਰ ਵੀ ਜ਼ਿਆਦਾ ਵਾਰ ਅਤੇ ਦਿਲੋਂ ਪ੍ਰਾਰਥਨਾ ਕਰੋਗੇ। ਜਾਂ ਤੁਸੀਂ ਇਹ ਵੀ ਟੀਚਾ ਰੱਖ ਸਕਦੇ ਹੋ ਕਿ ਤੁਸੀਂ ਅੱਗੇ ਤੋਂ ਹੋਰ ਵੀ ਧਿਆਨ ਰੱਖੋਗੇ ਕਿ ਤੁਸੀਂ ਕਿਹੋ ਜਿਹਾ ਮਨੋਰੰਜਨ ਕਰਦੇ ਹੋ ਜਾਂ ਆਪਣੇ ਸਮੇਂ ਨੂੰ ਕਿਵੇਂ ਵਰਤਦੇ ਹੋ। (ਅਫ਼. 5:15, 16) ਜਦੋਂ ਯਹੋਵਾਹ ਇਹ ਦੇਖੇਗਾ ਕਿ ਤੁਸੀਂ ਤਰੱਕੀ ਕਰਨ ਲਈ ਕਿੰਨੀ ਜ਼ਿਆਦਾ ਮਿਹਨਤ ਕਰ ਰਹੇ ਹੋ, ਤਾਂ ਉਸ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੋਵੇਗੀ।
17. ਦੂਜਿਆਂ ਦੀ ਮਦਦ ਕਰ ਕੇ ਤੁਹਾਨੂੰ ਕੀ ਫ਼ਾਇਦਾ ਹੋਵੇਗਾ?
17 ਦੂਜਿਆਂ ਦੀ ਮਦਦ ਕਰ ਕੇ ਵੀ ਤੁਸੀਂ ਇਕ ਮਸੀਹੀ ਵਜੋਂ ਤਰੱਕੀ ਕਰਦੇ ਰਹਿ ਸਕਦੇ ਹੋ। ਯਿਸੂ ਨੇ ਕਿਹਾ ਸੀ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂ. 20:35) ਨੌਜਵਾਨੋ, ਜੇ ਤੁਸੀਂ ਆਪਣਾ ਸਮਾਂ ਤੇ ਤਾਕਤ ਦੂਜਿਆਂ ਦੀ ਮਦਦ ਕਰਨ ਵਿਚ ਲਾਓਗੇ, ਤਾਂ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ। ਉਦਾਹਰਣ ਲਈ, ਤੁਸੀਂ ਆਪਣੀ ਮੰਡਲੀ ਦੇ ਸਿਆਣੀ ਉਮਰ ਦੇ ਜਾਂ ਬੀਮਾਰ ਭੈਣਾਂ-ਭਰਾਵਾਂ ਦੀ ਮਦਦ ਕਰਨ ਦਾ ਟੀਚਾ ਰੱਖ ਸਕਦੇ ਹੋ। ਤੁਸੀਂ ਉਨ੍ਹਾਂ ਲਈ ਖ਼ਰੀਦਾਰੀ ਕਰ ਸਕਦੇ ਹੋ ਜਾਂ ਫਿਰ ਮੋਬਾਇਲ ਜਾਂ ਟੈਬਲੇਟ ਵਗੈਰਾ ਚਲਾਉਣ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਜੇ ਤੁਸੀਂ ਭਰਾ ਹੋ, ਤਾਂ ਤੁਸੀਂ ਮੰਡਲੀ ਦੇ ਭੈਣਾਂ-ਭਰਾਵਾਂ ਦੀ ਸੇਵਾ ਕਰਨ ਲਈ ਸਹਾਇਕ ਸੇਵਕ ਬਣਨ ਦਾ ਟੀਚਾ ਰੱਖ ਸਕਦੇ ਹੋ। (ਫ਼ਿਲਿ. 2:4) ਤੁਸੀਂ ਹੋਰ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਵੀ ਪਿਆਰ ਦਿਖਾ ਸਕਦੇ ਹੋ। (ਮੱਤੀ 9:36, 37) ਜੇ ਹੋ ਸਕੇ, ਤਾਂ ਕਿਉਂ ਨਾ ਤੁਸੀਂ ਪੂਰੇ ਸਮੇਂ ਦੀ ਸੇਵਾ ਕਰਨ ਦਾ ਟੀਚਾ ਰੱਖੋ।
18. ਪੂਰੇ ਸਮੇਂ ਦੀ ਸੇਵਾ ਕਰਨ ਨਾਲ ਤੁਸੀਂ ਤਰੱਕੀ ਕਿਵੇਂ ਕਰਦੇ ਰਹਿ ਸਕਦੇ ਹੋ?
18 ਪੂਰੇ ਸਮੇਂ ਦੀ ਸੇਵਾ ਕਰਨ ਨਾਲ ਤੁਹਾਨੂੰ ਅਲੱਗ-ਅਲੱਗ ਤਰੀਕਿਆਂ ਨਾਲ ਯਹੋਵਾਹ ਦੀ ਸੇਵਾ ਕਰਨ ਦੇ ਹੋਰ ਵੀ ਮੌਕੇ ਮਿਲ ਸਕਦੇ ਹਨ। ਪਾਇਨੀਅਰਿੰਗ ਕਰਨ ਨਾਲ ਤੁਸੀਂ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਜਾ ਸਕਦੇ ਹੋ। ਤੁਸੀਂ ਬੈਥਲ ਵਿਚ ਸੇਵਾ ਕਰ ਸਕਦੇ ਹੋ ਜਾਂ ਭਗਤੀ ਨਾਲ ਜੁੜੀਆਂ ਇਮਾਰਤਾਂ ਦੀ ਉਸਾਰੀ ਕਰਨ ਵਿਚ ਹਿੱਸਾ ਲੈ ਸਕਦੇ ਹੋ। ਇਕ ਨੌਜਵਾਨ ਭੈਣ ਕੇਟਲਿਨ ਦੱਸਦੀ ਹੈ: “ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਪ੍ਰਚਾਰ ਵਿਚ ਸਮਾਂ ਬਿਤਾ ਕੇ ਬਪਤਿਸਮੇ ਤੋਂ ਬਾਅਦ ਵੀ ਤਰੱਕੀ ਕਰਦੇ ਰਹਿਣ ਵਿਚ ਮੇਰੀ ਬਹੁਤ ਮਦਦ ਹੋਈ। ਉਨ੍ਹਾਂ ਦੀ ਚੰਗੀ ਮਿਸਾਲ ਕਰਕੇ ਮੈਂ ਬਾਈਬਲ ਦਾ ਹੋਰ ਵੀ ਗਹਿਰਾਈ ਨਾਲ ਅਧਿਐਨ ਕਰਨ ਲੱਗੀ ਅਤੇ ਆਪਣੀ ਸਿਖਾਉਣ ਦੀ ਕਾਬਲੀਅਤ ਨੂੰ ਨਿਖਾਰਨ ਲੱਗੀ।”
19. ਤਰੱਕੀ ਕਰਦੇ ਰਹਿਣ ਨਾਲ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
19 ਇਕ ਮਸੀਹੀ ਵਜੋਂ ਤਰੱਕੀ ਕਰਦੇ ਰਹਿਣ ਨਾਲ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਤੁਸੀਂ ਆਪਣੀ ਜਵਾਨੀ ਵਿਅਰਥ ਕੰਮਾਂ ਵਿਚ ਲਾਉਣ ਤੋਂ ਬਚੋਗੇ। (1 ਯੂਹੰ. 2:17) ਤੁਸੀਂ ਉਹ ਫ਼ੈਸਲੇ ਕਰੋਗੇ ਜਿਨ੍ਹਾਂ ਦਾ ਤੁਹਾਨੂੰ ਕਦੇ ਵੀ ਪਛਤਾਵਾ ਨਹੀਂ ਹੋਵੇਗਾ। ਤੁਹਾਨੂੰ ਸੱਚੀ ਖ਼ੁਸ਼ੀ ਅਤੇ ਸਫ਼ਲਤਾ ਮਿਲੇਗੀ। (ਕਹਾ. 16:3) ਤੁਹਾਡੀ ਚੰਗੀ ਮਿਸਾਲ ਤੋਂ ਬਾਕੀ ਸਾਰੇ ਭੈਣਾਂ-ਭਰਾਵਾਂ ਨੂੰ ਵੀ ਹੱਲਾਸ਼ੇਰੀ ਮਿਲੇਗੀ। (1 ਤਿਮੋ. 4:12) ਸਭ ਤੋਂ ਵੱਡੀ ਬਰਕਤ, ਤੁਹਾਨੂੰ ਉਹ ਸ਼ਾਂਤੀ ਤੇ ਸੰਤੁਸ਼ਟੀ ਮਿਲੇਗੀ ਜੋ ਯਹੋਵਾਹ ਦਾ ਦਿਲ ਖ਼ੁਸ਼ ਕਰ ਕੇ ਅਤੇ ਉਸ ਨਾਲ ਗੂੜ੍ਹੀ ਦੋਸਤੀ ਕਰ ਕੇ ਮਿਲਦੀ ਹੈ।—ਕਹਾ. 23:15, 16.
ਗੀਤ 88 ਮੈਨੂੰ ਆਪਣੇ ਰਾਹਾਂ ਬਾਰੇ ਦੱਸ
a ਜਦੋਂ ਕੋਈ ਨੌਜਵਾਨ ਬਪਤਿਸਮਾ ਲੈਂਦਾ ਹੈ, ਤਾਂ ਯਹੋਵਾਹ ਦੇ ਸਾਰੇ ਸੇਵਕਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਬਿਨਾਂ ਸ਼ੱਕ, ਨਵੇਂ ਚੇਲਿਆਂ ਨੂੰ ਬਪਤਿਸਮੇ ਤੋਂ ਬਾਅਦ ਸਮਝਦਾਰ ਮਸੀਹੀ ਬਣਨ ਲਈ ਸਖ਼ਤ ਮਿਹਨਤ ਕਰਦੇ ਰਹਿਣ ਦੀ ਲੋੜ ਹੁੰਦੀ ਹੈ। ਇਸ ਲੇਖ ਵਿਚ ਅਸੀਂ ਖ਼ਾਸ ਕਰਕੇ ਦੇਖਾਂਗੇ ਕਿ ਜਿਨ੍ਹਾਂ ਨੌਜਵਾਨਾਂ ਦਾ ਹਾਲ ਹੀ ਵਿਚ ਬਪਤਿਸਮਾ ਹੋਇਆ ਹੈ, ਉਹ ਤਰੱਕੀ ਕਰਦੇ ਰਹਿਣ ਲਈ ਕੀ ਕਰ ਸਕਦੇ ਹਨ। ਇਸ ʼਤੇ ਗੌਰ ਕਰ ਕੇ ਮੰਡਲੀ ਦੇ ਬਾਕੀ ਭੈਣਾਂ-ਭਰਾਵਾਂ ਨੂੰ ਵੀ ਫ਼ਾਇਦਾ ਹੋ ਸਕਦਾ ਹੈ।
b ਕੁਝ ਨਾਂ ਬਦਲੇ ਗਏ ਹਨ।
c ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ); ਕੀ ਸ੍ਰਿਸ਼ਟੀ ਰੱਬ ਦੇ ਹੱਥਾਂ ਦਾ ਕਮਾਲ ਹੈ? (ਅੰਗ੍ਰੇਜ਼ੀ) ਅਤੇ ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ)।