ਅਧਿਐਨ ਲੇਖ 33
ਯਹੋਵਾਹ ਦੀਆਂ ਨਜ਼ਰਾਂ ਉਸ ਦੇ ਸੇਵਕਾਂ ʼਤੇ ਰਹਿੰਦੀਆਂ ਹਨ
“ਯਹੋਵਾਹ ਦੀਆਂ ਨਜ਼ਰਾਂ ਉਸ ਤੋਂ ਡਰਨ ਵਾਲਿਆਂ ʼਤੇ ਰਹਿੰਦੀਆਂ ਹਨ।”—ਜ਼ਬੂ. 33:18.
ਗੀਤ 4 “ਯਹੋਵਾਹ ਮੇਰਾ ਚਰਵਾਹਾ”
ਖ਼ਾਸ ਗੱਲਾਂ a
1. ਯਿਸੂ ਨੇ ਯਹੋਵਾਹ ਨੂੰ ਉਸ ਦੇ ਚੇਲਿਆਂ ਦੀ ਰਾਖੀ ਕਰਨ ਦੀ ਫ਼ਰਿਆਦ ਕਿਉਂ ਕੀਤੀ?
ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਸਵਰਗੀ ਪਿਤਾ ਨੂੰ ਇਕ ਖ਼ਾਸ ਗੱਲ ਲਈ ਫ਼ਰਿਆਦ ਕੀਤੀ। ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਉਸ ਦੇ ਚੇਲਿਆਂ ਦੀ ਰਾਖੀ ਕਰੇ। (ਯੂਹੰ. 17:15, 20) ਬਿਨਾਂ ਸ਼ੱਕ, ਯਹੋਵਾਹ ਹਮੇਸ਼ਾ ਆਪਣੇ ਲੋਕਾਂ ਦਾ ਧਿਆਨ ਰੱਖਦਾ ਹੈ ਅਤੇ ਉਨ੍ਹਾਂ ਦੀ ਰਾਖੀ ਕਰਦਾ ਹੈ। ਪਰ ਯਿਸੂ ਜਾਣਦਾ ਸੀ ਕਿ ਆਉਣ ਵਾਲੇ ਸਮੇਂ ਵਿਚ ਸ਼ੈਤਾਨ ਉਸ ਦੇ ਚੇਲਿਆਂ ʼਤੇ ਬਹੁਤ ਜ਼ਿਆਦਾ ਜ਼ੁਲਮ ਢਾਹੇਗਾ। ਉਹ ਇਹ ਵੀ ਜਾਣਦਾ ਸੀ ਕਿ ਯਹੋਵਾਹ ਦੀ ਮਦਦ ਨਾਲ ਹੀ ਚੇਲੇ ਸ਼ੈਤਾਨ ਦਾ ਵਿਰੋਧ ਕਰ ਸਕਣਗੇ।
2. ਜ਼ਬੂਰ 33:18-20 ਮੁਤਾਬਕ ਮੁਸ਼ਕਲਾਂ ਆਉਣ ʼਤੇ ਸਾਨੂੰ ਡਰਨ ਦੀ ਲੋੜ ਕਿਉਂ ਨਹੀਂ ਹੈ?
2 ਅੱਜ ਸ਼ੈਤਾਨ ਦੀ ਇਸ ਦੁਨੀਆਂ ਕਰਕੇ ਸੱਚੇ ਮਸੀਹੀਆਂ ʼਤੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਇਨ੍ਹਾਂ ਮੁਸ਼ਕਲਾਂ ਕਰਕੇ ਕਈ ਵਾਰ ਅਸੀਂ ਨਿਰਾਸ਼ ਹੋ ਸਕਦੇ ਹਾਂ ਅਤੇ ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ। ਪਰ ਅਸੀਂ ਇਸ ਲੇਖ ਵਿਚ ਦੇਖਾਂਗੇ ਕਿ ਸਾਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਯਹੋਵਾਹ ਦੀ ਨਜ਼ਰਾਂ ਹਮੇਸ਼ਾ ਸਾਡੇ ʼਤੇ ਰਹਿੰਦੀਆਂ ਹਨ। ਉਹ ਧਿਆਨ ਰੱਖਦਾ ਹੈ ਕਿ ਅਸੀਂ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਾਂ ਤੇ ਉਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਆਓ ਆਪਾਂ ਬਾਈਬਲ ਵਿੱਚੋਂ ਦੋ ਮਿਸਾਲਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ “ਯਹੋਵਾਹ ਦੀਆਂ ਨਜ਼ਰਾਂ ਉਸ ਤੋਂ ਡਰਨ ਵਾਲਿਆਂ ʼਤੇ ਰਹਿੰਦੀਆਂ ਹਨ।”—ਜ਼ਬੂਰ 33:18-20 ਪੜ੍ਹੋ।
ਜਦੋਂ ਅਸੀਂ ਇਕੱਲਾਪਣ ਮਹਿਸੂਸ ਕਰਦੇ ਹਾਂ
3. ਅਸੀਂ ਸ਼ਾਇਦ ਕਦੋਂ ਇਕੱਲਾਪਣ ਮਹਿਸੂਸ ਕਰੀਏ?
3 ਚਾਹੇ ਸਾਡੀ ਮੰਡਲੀ ਵਿਚ ਬਹੁਤ ਸਾਰੇ ਭੈਣ-ਭਰਾ ਹਨ, ਫਿਰ ਵੀ ਕਈ ਵਾਰ ਅਸੀਂ ਇਕੱਲਾਪਣ ਮਹਿਸੂਸ ਕਰਦੇ ਹਾਂ। ਉਦਾਹਰਣ ਲਈ, ਨੌਜਵਾਨ ਸ਼ਾਇਦ ਉਦੋਂ ਇਕੱਲਾਪਣ ਮਹਿਸੂਸ ਕਰਨ ਜਦੋਂ ਉਨ੍ਹਾਂ ਨੂੰ ਸਕੂਲ ਵਿਚ ਦੂਜਿਆਂ ਸਾਮ੍ਹਣੇ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਪੈਂਦਾ ਹੈ ਜਾਂ ਕਿਸੇ ਹੋਰ ਮੰਡਲੀ ਵਿਚ ਜਾਣਾ ਪੈਂਦਾ ਹੈ। ਸਾਡੇ ਵਿੱਚੋਂ ਕਈ ਜਣੇ ਸ਼ਾਇਦ ਉਦਾਸ ਜਾਂ ਨਿਰਾਸ਼ ਮਹਿਸੂਸ ਕਰਨ ਅਤੇ ਉਹ ਸੋਚਣ ਕਿ ਉਨ੍ਹਾਂ ਨੂੰ ਆਪਣੀਆਂ ਇਨ੍ਹਾਂ ਭਾਵਨਾਵਾਂ ਨਾਲ ਆਪ ਹੀ ਲੜਨਾ ਪੈਣਾ। ਅਸੀਂ ਸ਼ਾਇਦ ਦੂਜਿਆਂ ਨਾਲ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰਨ ਤੋਂ ਝਿਜਕੀਏ ਕਿਉਂਕਿ ਸ਼ਾਇਦ ਸਾਨੂੰ ਲੱਗੇ ਕਿ ਉਹ ਸਾਨੂੰ ਨਹੀਂ ਸਮਝਣਗੇ। ਨਾਲੇ ਕਈ ਵਾਰ ਸ਼ਾਇਦ ਸਾਨੂੰ ਲੱਗੇ ਕਿ ਕਿਸੇ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਅਸੀਂ ਬੇਬੱਸ ਤੇ ਪਰੇਸ਼ਾਨ ਮਹਿਸੂਸ ਕਰ ਸਕਦੇ ਹਾਂ। ਪਰ ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਇਸ ਤਰ੍ਹਾਂ ਮਹਿਸੂਸ ਕਰੀਏ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ?
4. ਏਲੀਯਾਹ ਨਬੀ ਨੇ ਇਹ ਕਿਉਂ ਕਿਹਾ: “ਬੱਸ ਮੈਂ ਹੀ ਇਕੱਲਾ ਬਚਿਆ ਹਾਂ”?
4 ਜ਼ਰਾ ਵਫ਼ਾਦਾਰ ਨਬੀ ਏਲੀਯਾਹ ਦੀ ਮਿਸਾਲ ʼਤੇ ਗੌਰ ਕਰੋ। ਰਾਣੀ ਈਜ਼ਬਲ ਨੇ ਸਹੁੰ ਖਾਧੀ ਸੀ ਕਿ ਉਹ ਏਲੀਯਾਹ ਨੂੰ ਜਾਨੋਂ ਮਾਰ ਕੇ ਹੀ ਰਹੇਗੀ। ਉਸ ਤੋਂ ਆਪਣੀ ਜਾਨ ਬਚਾ ਕੇ ਭੱਜਦਿਆਂ ਏਲੀਯਾਹ ਨੂੰ 40 ਤੋਂ ਵੀ ਜ਼ਿਆਦਾ ਦਿਨ ਹੋ ਗਏ ਸਨ। (1 ਰਾਜ. 19:1-9) ਅਖ਼ੀਰ, ਉਹ ਇਕ ਗੁਫ਼ਾ ਵਿਚ ਲੁਕ ਗਿਆ ਤੇ ਪਰੇਸ਼ਾਨ ਹੋ ਕੇ ਉਸ ਨੇ ਯਹੋਵਾਹ ਨੂੰ ਕਿਹਾ: “ਬੱਸ ਮੈਂ ਹੀ ਇਕੱਲਾ [ਨਬੀ] ਬਚਿਆ ਹਾਂ।” (1 ਰਾਜ. 19:10) ਪਰ ਹਾਲੇ ਵੀ ਇਜ਼ਰਾਈਲ ਵਿਚ ਬਹੁਤ ਸਾਰੇ ਨਬੀ ਬਚੇ ਸਨ। ਓਬਦਯਾਹ ਨੇ 100 ਨਬੀਆਂ ਨੂੰ ਈਜ਼ਬਲ ਹੱਥੋਂ ਕਤਲ ਹੋਣ ਤੋਂ ਬਚਾਇਆ। (1 ਰਾਜ. 18:7, 13) ਤਾਂ ਫਿਰ ਏਲੀਯਾਹ ਨੂੰ ਇੱਦਾਂ ਕਿਉਂ ਲੱਗ ਰਿਹਾ ਸੀ ਕਿ ਉਹੀ ਇਕੱਲਾ ਬਚਿਆ ਸੀ? ਕੀ ਉਸ ਨੇ ਇਹ ਸੋਚਿਆ ਕਿ ਜਿਨ੍ਹਾਂ ਨਬੀਆਂ ਨੂੰ ਓਬਦਯਾਹ ਨੇ ਬਚਾਇਆ ਸੀ, ਹੁਣ ਉਹ ਵੀ ਸਾਰੇ ਮਾਰੇ ਜਾ ਚੁੱਕੇ ਸਨ? ਸ਼ਾਇਦ ਉਸ ਨੇ ਸੋਚਿਆ ਹੋਣਾ ਕਿ ਥੋੜ੍ਹਾ ਸਮਾਂ ਪਹਿਲਾਂ ਤਾਂ ਯਹੋਵਾਹ ਨੇ ਕਰਮਲ ਪਹਾੜ ʼਤੇ ਇਹ ਸਾਬਤ ਕੀਤਾ ਸੀ ਕਿ ਉਹੀ ਸੱਚਾ ਪਰਮੇਸ਼ੁਰ ਹੈ ਅਤੇ ਬਆਲ ਝੂਠਾ, ਤਾਂ ਫਿਰ ਲੋਕ ਸੱਚੀ ਭਗਤੀ ਕਰਨ ਵਿਚ ਉਸ ਦਾ ਸਾਥ ਕਿਉਂ ਨਹੀਂ ਦੇ ਰਹੇ। ਸ਼ਾਇਦ ਉਸ ਨੂੰ ਲੱਗਾ ਹੋਣਾ ਕਿ ਕਿਸੇ ਨੂੰ ਨਹੀਂ ਪਤਾ ਕਿ ਉਸ ʼਤੇ ਕੀ ਬੀਤ ਰਹੀ ਸੀ। ਜਾਂ ਸ਼ਾਇਦ ਉਹ ਸੋਚ ਰਿਹਾ ਹੋਣਾ ਕਿ ਉਹ ਜੀਉਂਦਾ ਹੈ ਜਾਂ ਨਹੀਂ, ਇਸ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਸਾਨੂੰ ਇਹ ਤਾਂ ਨਹੀਂ ਪਤਾ ਕਿ ਉਸ ਵੇਲੇ ਏਲੀਯਾਹ ਦੇ ਮਨ ਵਿਚ ਕੀ ਚੱਲ ਰਿਹਾ ਸੀ, ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਯਹੋਵਾਹ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਸੀ ਕਿ ਏਲੀਯਾਹ ਇਕੱਲਾਪਣ ਕਿਉਂ ਮਹਿਸੂਸ ਕਰ ਰਿਹਾ ਸੀ ਤੇ ਉਸ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਸੀ।
5. ਯਹੋਵਾਹ ਨੇ ਏਲੀਯਾਹ ਨੂੰ ਕਿਵੇਂ ਭਰੋਸਾ ਦਿਵਾਇਆ ਕਿ ਉਹ ਇਕੱਲਾ ਨਹੀਂ ਸੀ?
5 ਯਹੋਵਾਹ ਨੇ ਏਲੀਯਾਹ ਦੀ ਕਈ ਤਰੀਕਿਆਂ ਨਾਲ ਮਦਦ ਕੀਤੀ। ਉਸ ਨੇ ਏਲੀਯਾਹ ਨੂੰ ਗੱਲ ਕਰਨ ਦੀ ਹੱਲਾਸ਼ੇਰੀ ਦਿੱਤੀ। ਇਸ ਲਈ ਉਸ ਨੇ ਏਲੀਯਾਹ ਨੂੰ ਦੋ ਵਾਰ ਪੁੱਛਿਆ: “ਤੂੰ ਇੱਥੇ ਕੀ ਕਰ ਰਿਹਾ ਹੈਂ?” (1 ਰਾਜ. 19:9, 13) ਹਰ ਵਾਰ ਜਦੋਂ ਏਲੀਯਾਹ ਨੇ ਯਹੋਵਾਹ ਸਾਮ੍ਹਣੇ ਆਪਣਾ ਮਨ ਖੋਲ੍ਹਿਆ, ਤਾਂ ਉਸ ਨੇ ਏਲੀਯਾਹ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ। ਫਿਰ ਉਸ ਨੇ ਏਲੀਯਾਹ ਨੂੰ ਦਿਖਾਇਆ ਕਿ ਉਸ ਕੋਲ ਬੇਅੰਤ ਤਾਕਤ ਹੈ! ਉਸ ਨੇ ਏਲੀਯਾਹ ਨੂੰ ਭਰੋਸਾ ਵੀ ਦਿਵਾਇਆ ਕਿ ਉਹ ਉਸ ਦੇ ਨਾਲ ਸੀ। ਨਾਲੇ ਇਹ ਵੀ ਦੱਸਿਆ ਕਿ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕ ਹਾਲੇ ਵੀ ਜੀਉਂਦੇ ਸਨ। (1 ਰਾਜ. 19:11, 12, 18) ਬਿਨਾਂ ਸ਼ੱਕ, ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਕੇ ਅਤੇ ਪਰਮੇਸ਼ੁਰ ਦੀਆਂ ਗੱਲਾਂ ਸੁਣ ਕੇ ਏਲੀਯਾਹ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਹੋਣਾ। ਯਹੋਵਾਹ ਨੇ ਏਲੀਯਾਹ ਨੂੰ ਕਈ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ। ਉਸ ਨੇ ਏਲੀਯਾਹ ਨੂੰ ਕਿਹਾ ਕਿ ਉਹ ਹਜ਼ਾਏਲ ਨੂੰ ਸੀਰੀਆ ਦਾ ਰਾਜਾ ਅਤੇ ਯੇਹੂ ਨੂੰ ਇਜ਼ਰਾਈਲ ਦਾ ਰਾਜਾ ਨਿਯੁਕਤ ਕਰੇ ਅਤੇ ਅਲੀਸ਼ਾ ਨੂੰ ਇਕ ਨਬੀ ਠਹਿਰਾਵੇ। (1 ਰਾਜ. 19:15, 16) ਯਹੋਵਾਹ ਨੇ ਏਲੀਯਾਹ ਨੂੰ ਜ਼ਿੰਮੇਵਾਰੀਆਂ ਦੇ ਕੇ ਸਹੀ ਗੱਲਾਂ ʼਤੇ ਧਿਆਨ ਲਾਉਣ ਵਿਚ ਉਸ ਦੀ ਮਦਦ ਕੀਤੀ। ਯਹੋਵਾਹ ਨੇ ਏਲੀਯਾਹ ਨੂੰ ਇਕ ਚੰਗਾ ਸਾਥੀ ਵੀ ਦਿੱਤਾ ਜਿਸ ਦਾ ਨਾਂ ਅਲੀਸ਼ਾ ਸੀ। ਇਕੱਲਾਪਣ ਮਹਿਸੂਸ ਕਰਨ ਤੇ ਤੁਸੀਂ ਵੀ ਯਹੋਵਾਹ ਤੋਂ ਮਦਦ ਕਿਵੇਂ ਹਾਸਲ ਕਰ ਸਕਦੇ ਹੋ?
6. ਇਕੱਲਾਪਣ ਮਹਿਸੂਸ ਹੋਣ ਤੇ ਤੁਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹੋ? (ਜ਼ਬੂਰ 62:8)
6 ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਨੂੰ ਪ੍ਰਾਰਥਨਾ ਕਰੋ। ਉਹ ਦੇਖਦਾ ਹੈ ਕਿ ਤੁਸੀਂ ਕਿਨ੍ਹਾਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹੋ ਅਤੇ ਉਹ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਹਰ ਸਮੇਂ ਤੁਹਾਡੀਆਂ ਪ੍ਰਾਰਥਨਾਵਾਂ ਸੁਣੇਗਾ। (1 ਥੱਸ. 5:17) ਉਸ ਨੂੰ ਆਪਣੇ ਸੇਵਕਾਂ ਦੀਆਂ ਗੱਲਾਂ ਸੁਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ। (ਕਹਾ. 15:8) ਜਦੋਂ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ, ਤਾਂ ਤੁਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹੋ? ਏਲੀਯਾਹ ਵਾਂਗ ਯਹੋਵਾਹ ਅੱਗੇ ਪੂਰੀ ਤਰ੍ਹਾਂ ਆਪਣਾ ਦਿਲ ਖੋਲ੍ਹ ਦਿਓ। (ਜ਼ਬੂਰ 62:8 ਪੜ੍ਹੋ।) ਯਹੋਵਾਹ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸੋ ਤੇ ਇਹ ਵੀ ਦੱਸੋ ਕਿ ਇਨ੍ਹਾਂ ਚਿੰਤਾਵਾਂ ਕਰਕੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ। ਨਾਲੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨਾਲ ਲੜਨ ਲਈ ਯਹੋਵਾਹ ਤੋਂ ਮਦਦ ਮੰਗੋ। ਉਦਾਹਰਣ ਲਈ, ਜੇ ਸਕੂਲ ਵਿਚ ਗਵਾਹੀ ਦਿੰਦਿਆਂ ਤੁਹਾਨੂੰ ਡਰ ਲੱਗਦਾ ਹੈ ਜਾਂ ਤੁਹਾਡਾ ਸਾਥ ਦੇਣ ਵਾਲਾ ਕੋਈ ਨਹੀਂ ਹੈ, ਤਾਂ ਤੁਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹੋ ਤਾਂਕਿ ਤੁਸੀਂ ਦਲੇਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸ ਸਕੋ। ਤੁਸੀਂ ਬੁੱਧ ਲਈ ਵੀ ਬੇਨਤੀ ਕਰ ਸਕਦੇ ਹੋ ਤਾਂਕਿ ਤੁਸੀਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਦਾਰੀ ਨਾਲ ਦੱਸ ਸਕੋ। (ਲੂਕਾ 21:14, 15) ਜੇ ਤੁਸੀਂ ਨਿਰਾਸ਼ ਹੋ, ਤਾਂ ਤੁਸੀਂ ਯਹੋਵਾਹ ਨੂੰ ਇਹ ਕਹਿ ਸਕਦੇ ਹੋ ਕਿ ਉਸ ਕਿਸੇ ਸਮਝਦਾਰ ਮਸੀਹੀ ਨਾਲ ਗੱਲ ਕਰਨ ਵਿਚ ਤੁਹਾਡੀ ਮਦਦ ਕਰੇ ਤੇ ਉਹ ਮਸੀਹੀ ਤੁਹਾਨੂੰ ਸਮਝ ਵੀ ਸਕੇ। ਯਹੋਵਾਹ ਅੱਗੇ ਆਪਣਾ ਦਿਲ ਪੂਰੀ ਤਰ੍ਹਾਂ ਖੋਲ੍ਹੋ ਅਤੇ ਦੇਖੋ ਕਿ ਉਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿੱਦਾਂ ਦਿੰਦਾ ਹੈ। ਨਾਲੇ ਦੂਜਿਆਂ ਦੀ ਮਦਦ ਸਵੀਕਾਰ ਕਰੋ। ਇੱਦਾਂ ਕਰਨ ਨਾਲ ਤੁਹਾਡਾ ਇਕੱਲਾਪਣ ਘਟੇਗਾ।
7. ਮੌਰਿਸੀਓ ਦੀ ਮਿਸਾਲ ਤੋਂ ਤੁਸੀਂ ਕੀ ਸਿੱਖਿਆ?
7 ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਕੋਈ-ਨਾ-ਕੋਈ ਜ਼ਿੰਮੇਵਾਰੀ ਦਿੱਤੀ ਹੈ। ਜਦੋਂ ਤੁਸੀਂ ਮੰਡਲੀ ਵਿਚ ਅਤੇ ਪ੍ਰਚਾਰ ਦੇ ਕੰਮ ਵਿਚ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਂਦੇ ਹੋ, ਤਾਂ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਇਨ੍ਹਾਂ ਵੱਲ ਧਿਆਨ ਦਿੰਦਾ ਹੈ ਤੇ ਤੁਹਾਡੀ ਕਦਰ ਕਰਦਾ ਹੈ। (ਜ਼ਬੂ. 110:3) ਜੇ ਅਸੀਂ ਇਨ੍ਹਾਂ ਕੰਮਾਂ ਵਿਚ ਲੱਗੇ ਰਹਾਂਗੇ, ਤਾਂ ਸਾਨੂੰ ਇਕੱਲਾਪਣ ਮਹਿਸੂਸ ਨਹੀਂ ਹੋਵੇਗਾ। ਜ਼ਰਾ ਨੌਜਵਾਨ ਭਰਾ ਮੌਰਿਸੀਓ b ਦੀ ਮਿਸਾਲ ʼਤੇ ਗੌਰ ਕਰੋ। ਮੌਰਿਸੀਓ ਦੇ ਬਪਤਿਸਮੇ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਜਿਗਰੀ ਦੋਸਤ ਸੱਚਾਈ ਤੋਂ ਹੌਲੀ-ਹੌਲੀ ਦੂਰ ਹੋ ਗਿਆ। ਮੌਰਿਸੀਓ ਦੱਸਦਾ ਹੈ: “ਜਦੋਂ ਮੇਰਾ ਦੋਸਤ ਸੱਚਾਈ ਛੱਡ ਕੇ ਗਿਆ, ਤਾਂ ਮੇਰਾ ਖ਼ੁਦ ਤੋਂ ਵੀ ਭਰੋਸਾ ਉੱਠ ਗਿਆ। ਮੈਂ ਸੋਚਦਾ ਸੀ ਕਿ ਮੈਂ ਆਪਣੇ ਸਮਰਪਣ ਦਾ ਵਾਅਦਾ ਪੂਰਾ ਕਰ ਸਕਾਂਗਾ ਜਾਂ ਨਹੀਂ ਅਤੇ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਿਆ ਰਹਿ ਸਕਾਂਗਾ ਜਾਂ ਨਹੀਂ। ਮੈਂ ਬਹੁਤ ਇਕੱਲਾਪਣ ਮਹਿਸੂਸ ਕਰਦਾ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਕੋਈ ਨਹੀਂ ਸਮਝ ਸਕਦਾ।” ਉਸ ਸਮੇਂ ਕਿਹੜੀ ਗੱਲ ਨੇ ਮੌਰਿਸੀਓ ਦੀ ਮਦਦ ਕੀਤੀ? ਉਹ ਦੱਸਦਾ ਹੈ: “ਮੈਂ ਹੋਰ ਵੀ ਜ਼ਿਆਦਾ ਪ੍ਰਚਾਰ ਕਰਨ ਲੱਗਾ। ਇਸ ਤਰ੍ਹਾਂ ਕਰ ਕੇ ਮੈਂ ਆਪਣੇ ਤੋਂ ਅਤੇ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਤੋਂ ਆਪਣਾ ਧਿਆਨ ਹਟਾ ਸਕਿਆ। ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਮੈਂ ਖ਼ੁਸ਼ ਰਹਿਣ ਲੱਗਾ ਅਤੇ ਮੇਰਾ ਇਕੱਲਾਪਣ ਵੀ ਘੱਟ ਗਿਆ।” ਚਾਹੇ ਅਸੀਂ ਉਨ੍ਹਾਂ ਨਾਲ ਘਰ-ਘਰ ਜਾ ਕੇ ਪ੍ਰਚਾਰ ਨਹੀਂ ਕਰ ਪਾਉਂਦੇ, ਪਰ ਅਸੀਂ ਉਨ੍ਹਾਂ ਨਾਲ ਮਿਲ ਕੇ ਚਿੱਠੀਆਂ ਲਿਖ ਕੇ ਤੇ ਟੈਲੀਫ਼ੋਨ ਰਾਹੀਂ ਗਵਾਹੀ ਦੇ ਸਕਦੇ ਹਾਂ। ਇੱਦਾਂ ਕਰ ਕੇ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ। ਹੋਰ ਕਿਹੜੀ ਗੱਲ ਨੇ ਮੌਰਿਸੀਓ ਦੀ ਮਦਦ ਕੀਤੀ? ਉਹ ਦੱਸਦਾ ਹੈ: “ਮੈਂ ਮੰਡਲੀ ਦੇ ਕੰਮਾਂ ਵਿਚ ਵੀ ਲੱਗਾ ਰਹਿੰਦਾ ਸੀ। ਮੈਂ ਆਪਣੇ ਵਿਦਿਆਰਥੀ ਭਾਗਾਂ ਦੀ ਚੰਗੀ ਤਰ੍ਹਾਂ ਤਿਆਰੀ ਕਰਦਾ ਸੀ ਅਤੇ ਉਨ੍ਹਾਂ ਨੂੰ ਪੇਸ਼ ਕਰਦਾ ਸੀ। ਇਸ ਤਰ੍ਹਾਂ ਕਰ ਕੇ ਮੈਨੂੰ ਮਹਿਸੂਸ ਹੁੰਦਾ ਸੀ ਕਿ ਮੈਂ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਲਈ ਕੁਝ ਕੀਤਾ ਹੈ।”
ਜਦੋਂ ਅਸੀਂ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਣ ʼਤੇ ਨਿਰਾਸ਼ ਹੁੰਦੇ ਹਾਂ
8. ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਣ ʼਤੇ ਅਸੀਂ ਕਿੱਦਾਂ ਮਹਿਸੂਸ ਕਰਦੇ ਹਾਂ?
8 ਸਾਨੂੰ ਪਤਾ ਹੈ ਕਿ ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਸਾਡੇ ʼਤੇ ਹੋਰ ਵੀ ਜ਼ਿਆਦਾ ਮੁਸ਼ਕਲਾਂ ਆਉਣਗੀਆਂ। (2 ਤਿਮੋ. 3:1) ਪਰ ਮੁਸ਼ਕਲਾਂ ਅਚਾਨਕ ਸਾਡੇ ʼਤੇ ਆ ਸਕਦੀਆਂ ਹਨ ਜਿਨ੍ਹਾਂ ਕਰਕੇ ਅਸੀਂ ਹੈਰਾਨ-ਪਰੇਸ਼ਾਨ ਹੋ ਜਾਈਏ। ਹੋ ਸਕਦਾ ਹੈ ਕਿ ਸਾਨੂੰ ਅਚਾਨਕ ਪੈਸਿਆਂ ਦੀ ਤੰਗੀ ਝੱਲਣੀ ਪਵੇ, ਕੋਈ ਗੰਭੀਰ ਬੀਮਾਰੀ ਲੱਗ ਜਾਵੇ ਜਾਂ ਕਿਸੇ ਅਜ਼ੀਜ਼ ਦੀ ਮੌਤ ਹੋ ਜਾਵੇ। ਕਈ ਵਾਰ ਅਸੀਂ ਉਦੋਂ ਵੀ ਨਿਰਾਸ਼ ਅਤੇ ਪਰੇਸ਼ਾਨ ਹੋ ਜਾਂਦੇ ਹਾਂ ਜਦੋਂ ਸਾਡੇ ʼਤੇ ਇਕ ਤੋਂ ਬਾਅਦ ਇਕ ਮੁਸ਼ਕਲ ਆਵੇ ਜਾਂ ਇੱਕੋ ਵਾਰ ਬਹੁਤ ਸਾਰੀਆਂ ਮੁਸ਼ਕਲਾਂ ਆ ਜਾਣ। ਯਾਦ ਰੱਖੋ, ਯਹੋਵਾਹ ਦੇਖਦਾ ਹੈ ਕਿ ਅਸੀਂ ਕਿਨ੍ਹਾਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਾਂ। ਨਾਲੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸ ਦੀ ਮਦਦ ਨਾਲ ਅਸੀਂ ਹਰ ਮੁਸ਼ਕਲ ਝੱਲ ਸਕਦੇ ਹਾਂ।
9. ਅੱਯੂਬ ʼਤੇ ਕਿਹੜੀਆਂ ਮੁਸੀਬਤਾਂ ਆਈਆਂ?
9 ਜ਼ਰਾ ਵਫ਼ਾਦਾਰ ਆਦਮੀ ਅੱਯੂਬ ਦੀ ਮਿਸਾਲ ʼਤੇ ਗੌਰ ਕਰੋ। ਉਸ ਨੂੰ ਥੋੜ੍ਹੇ ਹੀ ਸਮੇਂ ਵਿਚ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪਈਆਂ। ਇੱਕੋ ਦਿਨ ਵਿਚ ਉਸ ਦਾ ਸਭ ਕੁਝ ਲੁੱਟ ਗਿਆ। ਉਸ ਦੇ ਸਾਰੇ ਜਾਨਵਰ ਜਾਂ ਤਾਂ ਚੋਰੀ ਹੋ ਗਏ ਜਾਂ ਮਾਰੇ ਗਏ। ਉਸ ਦੇ ਨੌਕਰ ਵੀ ਮਾਰੇ ਗਏ। ਉਸ ਨਾਲ ਸਭ ਤੋਂ ਜ਼ਿਆਦਾ ਬੁਰਾ ਉਦੋਂ ਹੋਇਆ ਜਦੋਂ ਇਕ ਹਾਦਸੇ ਵਿਚ ਉਸ ਦੇ ਸਾਰੇ ਬੱਚੇ ਮਾਰੇ ਗਏ। (ਅੱਯੂ. 1:13-19) ਅੱਯੂਬ ਹਾਲੇ ਆਪਣੇ ਗਮ ਵਿੱਚੋਂ ਨਿਕਲਿਆ ਵੀ ਨਹੀਂ ਸੀ ਕਿ ਉਸ ਨੂੰ ਇਕ ਬਹੁਤ ਹੀ ਭਿਆਨਕ ਅਤੇ ਦਰਦਨਾਕ ਬੀਮਾਰੀ ਲੱਗ ਗਈ। (ਅੱਯੂ. 2:7) ਉਸ ਦੀ ਹਾਲਤ ਇੰਨੀ ਮਾੜੀ ਸੀ ਕਿ ਉਸ ਨੇ ਦੁੱਖ ਦੇ ਮਾਰੇ ਕਿਹਾ: “ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ; ਮੈਂ ਹੋਰ ਜੀਉਣਾ ਨਹੀਂ ਚਾਹੁੰਦਾ।”—ਅੱਯੂ. 7:16.
10. ਯਹੋਵਾਹ ਨੇ ਵੱਡੀਆਂ-ਵੱਡੀਆਂ ਮੁਸ਼ਕਲਾਂ ਝੱਲਣ ਵਿਚ ਅੱਯੂਬ ਦੀ ਕਿੱਦਾਂ ਮਦਦ ਕੀਤੀ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
10 ਯਹੋਵਾਹ ਅੱਯੂਬ ਨੂੰ ਦੇਖ ਰਿਹਾ ਸੀ। ਅੱਯੂਬ ਨੂੰ ਪਿਆਰ ਕਰਨ ਕਰਕੇ ਯਹੋਵਾਹ ਨੇ ਉਸ ਦੀ ਹਰ ਤਰੀਕੇ ਨਾਲ ਮਦਦ ਕੀਤੀ ਤਾਂਕਿ ਉਹ ਵਫ਼ਾਦਾਰ ਰਹਿ ਸਕੇ ਅਤੇ ਮੁਸ਼ਕਲਾਂ ਝੱਲ ਸਕੇ। ਯਹੋਵਾਹ ਨੇ ਅੱਯੂਬ ਨਾਲ ਗੱਲ ਕੀਤੀ ਅਤੇ ਉਸ ਨੂੰ ਯਾਦ ਕਰਾਇਆ ਕਿ ਪਰਮੇਸ਼ੁਰ ਕਿੰਨਾ ਬੁੱਧੀਮਾਨ ਹੈ ਅਤੇ ਉਹ ਆਪਣੀਆਂ ਬਣਾਈਆਂ ਚੀਜ਼ਾਂ ਦੀ ਕਿੰਨੀ ਪਿਆਰ ਨਾਲ ਦੇਖ-ਭਾਲ ਕਰਦਾ ਹੈ। ਉਸ ਨੇ ਅੱਯੂਬ ਨਾਲ ਬਹੁਤ ਸਾਰੇ ਜਾਨਵਰਾਂ ਬਾਰੇ ਗੱਲ ਕੀਤੀ। (ਅੱਯੂ. 38:1, 2; 39:9, 13, 19, 27; 40:15; 41:1, 2) ਯਹੋਵਾਹ ਨੇ ਆਪਣੇ ਨੌਜਵਾਨ ਸੇਵਕ ਅਲੀਹੂ ਨੂੰ ਵਰਤ ਕੇ ਅੱਯੂਬ ਨੂੰ ਹਿੰਮਤ ਅਤੇ ਦਿਲਾਸਾ ਦਿੱਤਾ। ਅਲੀਹੂ ਨੇ ਅੱਯੂਬ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਹਮੇਸ਼ਾ ਬਰਕਤਾਂ ਦਿੰਦਾ ਹੈ। ਫਿਰ ਯਹੋਵਾਹ ਨੇ ਅਲੀਹੂ ਰਾਹੀਂ ਪਿਆਰ ਨਾਲ ਅੱਯੂਬ ਦੀ ਸੋਚ ਸੁਧਾਰੀ। ਅਲੀਹੂ ਨੇ ਅੱਯੂਬ ਨੂੰ ਯਾਦ ਕਰਾਇਆ ਕਿ ਪੂਰੀ ਕਾਇਨਾਤ ਨੂੰ ਬਣਾਉਣ ਵਾਲੇ ਯਹੋਵਾਹ ਸਾਮ੍ਹਣੇ ਇਨਸਾਨ ਬਹੁਤ ਛੋਟਾ ਹੈ, ਇਸ ਲਈ ਉਹ ਆਪਣੇ ਬਾਰੇ ਹੱਦੋਂ ਵੱਧ ਸੋਚਣ ਦੀ ਬਜਾਇ ਯਹੋਵਾਹ ʼਤੇ ਧਿਆਨ ਲਾਵੇ। (ਅੱਯੂ. 37:14) ਯਹੋਵਾਹ ਨੇ ਅੱਯੂਬ ਨੂੰ ਇਕ ਜ਼ਿੰਮੇਵਾਰੀ ਵੀ ਦਿੱਤੀ ਕਿ ਉਹ ਆਪਣੇ ਤਿੰਨਾਂ ਦੋਸਤਾਂ ਲਈ ਪ੍ਰਾਰਥਨਾ ਕਰੇ ਜਿਨ੍ਹਾਂ ਨੇ ਪਾਪ ਕੀਤਾ ਸੀ। (ਅੱਯੂ. 42:8-10) ਅੱਜ ਜਦੋਂ ਸਾਡੇ ʼਤੇ ਵੱਡੀਆਂ-ਵੱਡੀਆਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਯਹੋਵਾਹ ਸਾਡੀ ਕਿੱਦਾਂ ਮਦਦ ਕਰਦਾ ਹੈ?
11. ਮੁਸੀਬਤਾਂ ਦੌਰਾਨ ਬਾਈਬਲ ਸਾਨੂੰ ਕੀ ਦਿਲਾਸਾ ਦਿੰਦੀ ਹੈ?
11 ਯਹੋਵਾਹ ਨੇ ਅੱਯੂਬ ਨਾਲ ਸਿੱਧੇ ਗੱਲ ਕੀਤੀ, ਪਰ ਉਹ ਸਾਡੇ ਨਾਲ ਆਪਣੇ ਬਚਨ ਬਾਈਬਲ ਦੇ ਜ਼ਰੀਏ ਗੱਲ ਕਰਦਾ ਹੈ। (ਰੋਮੀ. 15:4) ਉਹ ਸਾਨੂੰ ਭਵਿੱਖ ਲਈ ਉਮੀਦ ਦੇ ਕੇ ਦਿਲਾਸਾ ਦਿੰਦਾ ਹੈ। ਜ਼ਰਾ ਬਾਈਬਲ ਦੀਆਂ ਕੁਝ ਆਇਤਾਂ ʼਤੇ ਗੌਰ ਕਰੋ ਜਿਨ੍ਹਾਂ ਤੋਂ ਸਾਨੂੰ ਮੁਸੀਬਤਾਂ ਦੌਰਾਨ ਦਿਲਾਸਾ ਮਿਲ ਸਕਦਾ ਹੈ। ਇਨ੍ਹਾਂ ਆਇਤਾਂ ਵਿਚ ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਵੱਡੀਆਂ-ਵੱਡੀਆਂ ਮੁਸੀਬਤਾਂ ਵੀ ਉਸ ਨੂੰ “ਸਾਡੇ ਨਾਲ ਪਿਆਰ ਕਰਨ ਤੋਂ ਰੋਕ” ਨਹੀਂ ਸਕਦੀਆਂ। (ਰੋਮੀ. 8:38, 39) ਉਹ ਸਾਨੂੰ ਇਹ ਵੀ ਭਰੋਸਾ ਦਿਵਾਉਂਦਾ ਹੈ ਕਿ ਉਹ “ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ।” (ਜ਼ਬੂ. 145:18) ਯਹੋਵਾਹ ਸਾਨੂੰ ਦੱਸਦਾ ਹੈ ਕਿ ਜੇ ਅਸੀਂ ਉਸ ʼਤੇ ਭਰੋਸਾ ਰੱਖਾਂਗੇ, ਤਾਂ ਅਸੀਂ ਕਿਸੇ ਵੀ ਮੁਸੀਬਤ ਨੂੰ ਸਹਿ ਸਕਾਂਗੇ ਅਤੇ ਅਸੀਂ ਦੁੱਖਾਂ ਦੇ ਬਾਵਜੂਦ ਖ਼ੁਸ਼ ਰਹਿ ਸਕਾਂਗੇ। (1 ਕੁਰਿੰ. 10:13; ਯਾਕੂ. 1:2, 12) ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਇਹ ਵੀ ਯਾਦ ਕਰਾਇਆ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਪਰਮੇਸ਼ੁਰ ਸਾਨੂੰ ਜੋ ਬਰਕਤਾਂ ਦੇਵੇਗਾ ਉਨ੍ਹਾਂ ਸਾਮ੍ਹਣੇ ਸਾਡੀਆਂ ਮੁਸੀਬਤਾਂ ਥੋੜ੍ਹੇ ਸਮੇਂ ਲਈ ਅਤੇ ਮਾਮੂਲੀ ਜਿਹੀਆਂ ਹਨ। (2 ਕੁਰਿੰ. 4:16-18) ਯਹੋਵਾਹ ਸਾਨੂੰ ਪੱਕੀ ਉਮੀਦ ਦਿੰਦਾ ਹੈ ਕਿ ਉਹ ਸਾਡੀਆਂ ਸਾਰੀਆਂ ਮੁਸੀਬਤਾਂ ਦੀ ਜੜ੍ਹ ਸ਼ੈਤਾਨ ਅਤੇ ਉਸ ਦਾ ਸਾਥ ਦੇਣ ਵਾਲੇ ਸਾਰੇ ਦੁਸ਼ਟਾਂ ਦਾ ਨਾਸ਼ ਕਰ ਦੇਵੇਗਾ। (ਜ਼ਬੂ. 37:10) ਕੀ ਤੁਸੀਂ ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲੀਆਂ ਕੁਝ ਆਇਤਾਂ ਯਾਦ ਕੀਤੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਭਵਿੱਖ ਵਿਚ ਮੁਸੀਬਤਾਂ ਸਹਿ ਸਕੋਗੇ?
12. ਯਹੋਵਾਹ ਸਾਡੇ ਤੋਂ ਹੋਰ ਕੀ ਚਾਹੁੰਦਾ ਹੈ ਤਾਂਕਿ ਅਸੀਂ ਮੁਸ਼ਕਲਾਂ ਨੂੰ ਸਹਿ ਸਕੀਏ?
12 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਮਾਂ ਕੱਢ ਕੇ ਬਾਕਾਇਦਾ ਬਾਈਬਲ ਦਾ ਅਧਿਐਨ ਕਰੀਏ ਅਤੇ ਪੜ੍ਹੀਆਂ ਗੱਲਾਂ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰੀਏ। ਜਦੋਂ ਅਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਹਾਂ, ਤਾਂ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ ਅਤੇ ਅਸੀਂ ਆਪਣੇ ਸਵਰਗੀ ਪਿਤਾ ਦੇ ਹੋਰ ਵੀ ਨੇੜੇ ਜਾਂਦੇ ਹਾਂ। ਨਤੀਜੇ ਵਜੋਂ, ਸਾਨੂੰ ਮੁਸ਼ਕਲਾਂ ਨੂੰ ਸਹਿਣ ਦੀ ਤਾਕਤ ਮਿਲਦੀ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੀ ਪਵਿੱਤਰ ਸ਼ਕਤੀ ਵੀ ਦਿੰਦਾ ਹੈ ਜੋ ਉਸ ਦੇ ਬਚਨ ʼਤੇ ਭਰੋਸਾ ਰੱਖਦੇ ਹਨ। ਇਹ ਸ਼ਕਤੀ ਸਾਨੂੰ ਕਿਸੇ ਵੀ ਮੁਸ਼ਕਲ ਨੂੰ ਸਹਿਣ ਦੀ ਉਹ ਤਾਕਤ ਦਿੰਦੀ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।”—2 ਕੁਰਿੰ. 4:7-10.
13. “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵੱਲੋਂ ਕੀਤੇ ਸਾਰੇ ਪ੍ਰਬੰਧਾਂ ਕਰਕੇ ਮੁਸੀਬਤਾਂ ਸਹਿਣ ਵਿਚ ਸਾਡੀ ਕਿਵੇਂ ਮਦਦ ਹੁੰਦੀ ਹੈ?
13 ਯਹੋਵਾਹ ਦੀ ਮਦਦ ਨਾਲ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਬਹੁਤ ਸਾਰੇ ਲੇਖ, ਵੀਡੀਓ ਅਤੇ ਗੀਤ ਤਿਆਰ ਕਰਦਾ ਹੈ। ਇਨ੍ਹਾਂ ਕਰਕੇ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ ਅਤੇ ਅਸੀਂ ਯਹੋਵਾਹ ਦੇ ਨੇੜੇ ਰਹਿੰਦੇ ਹਾਂ। (ਮੱਤੀ 24:45) ਇਨ੍ਹਾਂ ਪ੍ਰਬੰਧਾਂ ਤੋਂ ਸਾਨੂੰ ਪੂਰਾ ਫ਼ਾਇਦਾ ਲੈਣਾ ਚਾਹੀਦਾ ਹੈ। ਅਮਰੀਕਾ ਵਿਚ ਰਹਿਣ ਵਾਲੀ ਇਕ ਭੈਣ ਨੇ ਹਾਲ ਹੀ ਵਿਚ ਇਨ੍ਹਾਂ ਸਾਰੇ ਪ੍ਰਬੰਧਾਂ ਲਈ ਸ਼ੁਕਰਗੁਜ਼ਾਰੀ ਜ਼ਾਹਰ ਕੀਤੀ। ਉਹ ਦੱਸਦੀ ਹੈ: “ਮੈਂ 40 ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੀ ਹਾਂ ਅਤੇ ਇਸ ਸਮੇਂ ਦੌਰਾਨ ਵਾਰ-ਵਾਰ ਯਹੋਵਾਹ ਪ੍ਰਤੀ ਮੇਰੀ ਵਫ਼ਾਦਾਰੀ ਪਰਖੀ ਗਈ।” ਇਸ ਭੈਣ ʼਤੇ ਬਹੁਤ ਸਾਰੀਆਂ ਮੁਸੀਬਤਾਂ ਆਈਆਂ। ਇਕ ਸ਼ਰਾਬੀ ਆਦਮੀ ਨੇ ਆਪਣੀ ਗੱਡੀ ਉਸ ਦੇ ਨਾਨੇ ਦੀ ਗੱਡੀ ਵਿਚ ਮਾਰੀ ਜਿਸ ਕਰਕੇ ਉਸ ਦੇ ਨਾਨੇ ਦੀ ਮੌਤ ਹੋ ਗਈ। ਉਸ ਦੇ ਮਾਪਿਆਂ ਦੀ ਵੀ ਜਾਨਲੇਵਾ ਬੀਮਾਰੀ ਕਰਕੇ ਮੌਤ ਹੋ ਗਈ। ਉਸ ਨੂੰ ਵੀ ਦੋ ਵਾਰ ਕੈਂਸਰ ਹੋ ਗਿਆ। ਇਨ੍ਹਾਂ ਸਾਰੀਆਂ ਮੁਸੀਬਤਾਂ ਨੂੰ ਝੱਲਣ ਵਿਚ ਕਿਸ ਗੱਲ ਨੇ ਭੈਣ ਦੀ ਮਦਦ ਕੀਤੀ? ਉਸ ਨੇ ਦੱਸਿਆ: “ਯਹੋਵਾਹ ਨੇ ਹਮੇਸ਼ਾ ਮੇਰੀ ਪਰਵਾਹ ਕੀਤੀ। ਪਰਮੇਸ਼ੁਰ ਨੇ ਵਫ਼ਾਦਾਰ ਅਤੇ ਸਮਝਦਾਰ ਨੌਕਰ ਜ਼ਰੀਏ ਜੋ ਪ੍ਰਬੰਧ ਕੀਤੇ, ਉਨ੍ਹਾਂ ਕਰਕੇ ਹੀ ਮੈਂ ਇਹ ਸਾਰੀਆਂ ਮੁਸੀਬਤਾਂ ਸਹਿ ਸਕੀ। ਇਸ ਕਰਕੇ ਮੈਂ ਅੱਯੂਬ ਵਾਂਗ ਇਹ ਗੱਲ ਕਹਿ ਸਕਦੀ ਹਾਂ: ‘ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗੀ!’”—ਅੱਯੂ. 27:5.
14. ਮੁਸ਼ਕਲਾਂ ਦੌਰਾਨ ਸਾਡੀ ਮਦਦ ਕਰਨ ਲਈ ਯਹੋਵਾਹ ਆਪਣੇ ਸੇਵਕਾਂ ਨੂੰ ਕਿਵੇਂ ਵਰਤਦਾ ਹੈ? (1 ਥੱਸਲੁਨੀਕੀਆਂ 4:9)
14 ਯਹੋਵਾਹ ਨੇ ਆਪਣੇ ਲੋਕਾਂ ਨੂੰ ਔਖੇ ਸਮਿਆਂ ਵਿਚ ਵੀ ਇਕ-ਦੂਜੇ ਨੂੰ ਪਿਆਰ ਕਰਨ ਅਤੇ ਦਿਲਾਸਾ ਦੇਣ ਦੀ ਸਿਖਲਾਈ ਦਿੱਤੀ ਹੈ। (2 ਕੁਰਿੰ. 1:3, 4; 1 ਥੱਸਲੁਨੀਕੀਆਂ 4:9 ਪੜ੍ਹੋ।) ਅਲੀਹੂ ਦੀ ਰੀਸ ਕਰਦਿਆਂ ਸਾਡੇ ਭੈਣ-ਭਰਾ ਉਸ ਸਮੇਂ ਵੀ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ, ਜਦੋਂ ਅਸੀਂ ਮੁਸ਼ਕਲਾਂ ਝੱਲਦੇ ਹਾਂ। (ਰਸੂ. 14:22) ਜ਼ਰਾ ਭੈਣ ਡਾਇਐਨ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਸ ਦੇ ਪਤੀ ਨੂੰ ਗੰਭੀਰ ਸਿਹਤ ਸਮੱਸਿਆ ਹੋ ਗਈ, ਤਾਂ ਇਸ ਔਖੇ ਸਮੇਂ ਦੌਰਾਨ ਭੈਣਾਂ-ਭਰਾਵਾਂ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਯਹੋਵਾਹ ਦੇ ਨੇੜੇ ਰਹਿਣ ਵਿਚ ਉਸ ਦੀ ਮਦਦ ਕੀਤੀ। ਭੈਣ ਡਾਇਐਨ ਦੱਸਦੀ ਹੈ: “ਸਾਡੇ ਲਈ ਉਹ ਸਮਾਂ ਬਹੁਤ ਔਖਾ ਸੀ, ਪਰ ਉਨ੍ਹਾਂ ਮਹੀਨਿਆਂ ਦੌਰਾਨ ਅਸੀਂ ਮਹਿਸੂਸ ਕੀਤਾ ਕਿ ਯਹੋਵਾਹ ਨੇ ਸਾਨੂੰ ਆਪਣੀਆਂ ਮਜ਼ਬੂਤ ਬਾਹਾਂ ਵਿਚ ਪਿਆਰ ਨਾਲ ਸੰਭਾਲਿਆ ਸੀ। ਭੈਣਾਂ-ਭਰਾਵਾਂ ਨੇ ਕਈ ਤਰੀਕਿਆਂ ਨਾਲ ਸਾਡੀ ਮਦਦ ਕੀਤੀ। ਉਹ ਸਾਨੂੰ ਮਿਲਣ ਆਉਂਦੇ ਸਨ, ਸਾਨੂੰ ਫ਼ੋਨ ਕਰਦੇ ਸਨ ਅਤੇ ਸਾਨੂੰ ਗਲ਼ ਨਾਲ ਲਾਉਂਦੇ ਸਨ। ਉਨ੍ਹਾਂ ਦੀ ਮਦਦ ਨਾਲ ਅਸੀਂ ਇਨ੍ਹਾਂ ਔਖੀਆਂ ਘੜੀਆਂ ਵਿੱਚੋਂ ਲੰਘ ਸਕੇ। ਮੈਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਸੀ, ਇਸ ਲਈ ਕੋਈ ਨਾ ਕੋਈ ਭੈਣ-ਭਰਾ ਮੈਨੂੰ ਆਪਣੇ ਨਾਲ ਮੀਟਿੰਗਾਂ ਅਤੇ ਪ੍ਰਚਾਰ ʼਤੇ ਲੈ ਜਾਂਦਾ ਸੀ।” ਪਿਆਰ ਕਰਨ ਵਾਲੇ ਇਸ ਮਸੀਹੀ ਪਰਿਵਾਰ ਦਾ ਹਿੱਸਾ ਹੋਣਾ ਕਿੰਨੀ ਹੀ ਵੱਡੀ ਬਰਕਤ ਹੈ!
ਅਸੀਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਸਾਡੀ ਦੇਖ-ਭਾਲ ਕਰਦਾ ਹੈ
15. ਸਾਨੂੰ ਕਿਉਂ ਯਕੀਨ ਹੈ ਕਿ ਅਸੀਂ ਮੁਸ਼ਕਲਾਂ ਦਾ ਡੱਟ ਕੇ ਮੁਕਾਬਲਾ ਕਰ ਸਕਦੇ ਹਾਂ?
15 ਸਾਨੂੰ ਸਾਰਿਆਂ ਨੂੰ ਕਦੇ-ਨਾ-ਕਦੇ ਕੋਈ ਮੁਸ਼ਕਲ ਆਉਂਦੀ ਹੈ। ਪਰ ਜਿੱਦਾਂ ਅਸੀਂ ਇਸ ਲੇਖ ਵਿਚ ਸਿੱਖਿਆ, ਅਸੀਂ ਮੁਸ਼ਕਲਾਂ ਦੌਰਾਨ ਇਕੱਲੇ ਨਹੀਂ ਹਾਂ, ਯਹੋਵਾਹ ਸਾਡੇ ਨਾਲ ਹੈ। ਜਿੱਦਾਂ ਇਕ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਅਤੇ ਹਮੇਸ਼ਾ ਉਨ੍ਹਾਂ ਦਾ ਧਿਆਨ ਰੱਖਦਾ ਹੈ, ਉਸੇ ਤਰ੍ਹਾਂ ਯਹੋਵਾਹ ਵੀ ਸਾਨੂੰ ਪਿਆਰ ਕਰਦਾ ਹੈ ਅਤੇ ਹਰ ਪਲ ਸਾਡਾ ਧਿਆਨ ਰੱਖਦਾ ਹੈ। ਅਸੀਂ ਜਦੋਂ ਵੀ ਉਸ ਨੂੰ ਪੁਕਾਰਦੇ ਹਾਂ, ਉਹ ਸਾਡੀ ਸੁਣਦਾ ਹੈ ਅਤੇ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। (ਯਸਾ. 43:2) ਸਾਡੀ ਮਦਦ ਕਰਨ ਲਈ ਯਹੋਵਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਉਸ ਨੇ ਸਾਨੂੰ ਪ੍ਰਾਰਥਨਾ ਕਰਨ ਦਾ ਸਨਮਾਨ ਦਿੱਤਾ ਹੈ, ਸਾਨੂੰ ਬਾਈਬਲ ਅਤੇ ਬਹੁਤ ਸਾਰੇ ਬਾਈਬਲ-ਆਧਾਰਿਤ ਪ੍ਰਕਾਸ਼ਨ ਦਿੱਤੇ ਹਨ। ਨਾਲੇ ਉਸ ਨੇ ਸਾਨੂੰ ਮਸੀਹੀ ਪਰਿਵਾਰ ਦਿੱਤਾ ਹੈ ਜੋ ਮੁਸ਼ਕਲਾਂ ਦੌਰਾਨ ਸਾਡੀ ਮਦਦ ਕਰਦਾ ਹੈ। ਇਸ ਕਰਕੇ ਅਸੀਂ ਕਿਸੇ ਵੀ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕਰ ਸਕਦੇ ਹਾਂ।
16. ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਦੇਖ-ਭਾਲ ਕਰੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
16 ਸੱਚ-ਮੁੱਚ, ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਦੀਆਂ ਨਜ਼ਰਾਂ ਹਮੇਸ਼ਾ ਸਾਡੇ ʼਤੇ ਰਹਿੰਦੀਆਂ ਹਨ। ਇਸ ਕਰਕੇ “ਸਾਡੇ ਦਿਲ ਉਸ ਤੋਂ ਖ਼ੁਸ਼ ਹਨ।” (ਜ਼ਬੂ. 33:21) ਜਦੋਂ ਅਸੀਂ ਯਹੋਵਾਹ ਦੇ ਸਾਰੇ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਲੈਂਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਦੀ ਕਿੰਨੀ ਕਦਰ ਕਰਦੇ ਹਾਂ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਦੇਖ-ਭਾਲ ਕਰੇ, ਤਾਂ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ। ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਯਹੋਵਾਹ ਦਾ ਕਹਿਣਾ ਮੰਨਦੇ ਰਹੀਏ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ, ਉਹ ਕਰਦੇ ਰਹੀਏ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਹੀ ਉਸ ਦੀਆਂ ਨਜ਼ਰਾਂ ਹਮੇਸ਼ਾ ਸਾਡੇ ʼਤੇ ਰਹਿਣਗੀਆਂ।—1 ਪਤ. 3:12.
ਗੀਤ 30 ਯਹੋਵਾਹ ਮੇਰਾ ਪਿਤਾ, ਪਰਮੇਸ਼ੁਰ ਤੇ ਦੋਸਤ
a ਅੱਜ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਯਹੋਵਾਹ ਦੀ ਮਦਦ ਨਾਲ ਹੀ ਅਸੀਂ ਮੁਸ਼ਕਲਾਂ ਨੂੰ ਝੱਲ ਸਕਦੇ ਹਾਂ ਜਾਂ ਇਨ੍ਹਾਂ ਵਿੱਚੋਂ ਨਿਕਲ ਸਕਦੇ ਹਾਂ। ਇਸ ਲੇਖ ਵਿਚ ਸਾਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਉਸ ਦੇ ਸੇਵਕਾਂ ʼਤੇ ਰਹਿੰਦੀਆਂ ਹਨ। ਉਹ ਧਿਆਨ ਰੱਖਦਾ ਹੈ ਕਿ ਉਸ ਦਾ ਹਰ ਇਕ ਸੇਵਕ ਕਿਹੜੀ ਮੁਸ਼ਕਲ ਵਿੱਚੋਂ ਲੰਘ ਰਿਹਾ ਹੈ ਅਤੇ ਉਹ ਇਨ੍ਹਾਂ ਨੂੰ ਨਜਿੱਠਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ।
b ਕੁਝ ਨਾਂ ਬਦਲੇ ਗਏ ਹਨ।