ਅਧਿਐਨ ਲੇਖ 34
‘ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋ’
‘ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋ।’—3 ਯੂਹੰ. 4.
ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ
ਖ਼ਾਸ ਗੱਲਾਂ a
1. ਅਸੀਂ “ਸੱਚਾਈ” ਵਿਚ ਕਿਵੇਂ ਆਏ, ਇਸ ਬਾਰੇ ਗੱਲ ਕਰ ਕੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ?
“ਤੁਸੀਂ ਸੱਚਾਈ ਵਿਚ ਕਿਵੇਂ ਆਏ?” ਬਿਨਾਂ ਸ਼ੱਕ, ਤੁਸੀਂ ਇਸ ਸਵਾਲ ਦਾ ਜਵਾਬ ਬਹੁਤ ਵਾਰ ਦਿੱਤਾ ਹੋਣਾ। ਜਦੋਂ ਅਸੀਂ ਕਿਸੇ ਭੈਣ-ਭਰਾ ਨੂੰ ਪਹਿਲੀ ਵਾਰ ਮਿਲਦੇ ਹਾਂ, ਤਾਂ ਅਕਸਰ ਅਸੀਂ ਸਭ ਤੋਂ ਪਹਿਲਾਂ ਇਹੀ ਸਵਾਲ ਪੁੱਛਦੇ ਹਾਂ। ਸਾਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਕੋਈ ਭੈਣ-ਭਰਾ ਕਿਵੇਂ ਯਹੋਵਾਹ ਨੂੰ ਜਾਣਨ ਲੱਗਾ ਅਤੇ ਉਸ ਨਾਲ ਪਿਆਰ ਕਰਨ ਲੱਗਾ। ਨਾਲੇ ਸਾਨੂੰ ਵੀ ਉਨ੍ਹਾਂ ਨੂੰ ਇਹ ਦੱਸਣਾ ਚੰਗਾ ਲੱਗਦਾ ਹੈ ਕਿ ਸੱਚਾਈ ਸਾਡੇ ਲਈ ਕਿੰਨੀ ਜ਼ਿਆਦਾ ਅਨਮੋਲ ਹੈ। (ਰੋਮੀ. 1:11) ਅਜਿਹੀ ਗੱਲਬਾਤ ਕਰਕੇ ਸਾਡੇ ਦਿਲ ਵਿਚ ਸੱਚਾਈ ਦੀ ਅਹਿਮੀਅਤ ਬਣੀ ਰਹਿੰਦੀ ਹੈ। ਨਾਲੇ ਸਾਡਾ ਇਰਾਦਾ ਹੋਰ ਵੀ ਪੱਕਾ ਹੁੰਦਾ ਹੈ ਕਿ ਅਸੀਂ ‘ਸੱਚਾਈ ਦੇ ਰਾਹ ਉੱਤੇ ਚੱਲਦੇ ਰਹੀਏ’ ਯਾਨੀ ਅਜਿਹੀ ਜ਼ਿੰਦਗੀ ਬਿਤਾਈਏ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ।—3 ਯੂਹੰ. 4.
2. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
2 ਇਸ ਲੇਖ ਵਿਚ ਅਸੀਂ ਕੁਝ ਕਾਰਨਾਂ ʼਤੇ ਗੌਰ ਕਰਾਂਗੇ ਕਿ ਸੱਚਾਈ ਸਾਡੇ ਲਈ ਅਨਮੋਲ ਕਿਉਂ ਹੈ। ਫਿਰ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਇਸ ਅਨਮੋਲ ਤੋਹਫ਼ੇ ਲਈ ਆਪਣੇ ਦਿਲ ਵਿਚ ਕਦਰਦਾਨੀ ਕਿਵੇਂ ਬਣਾਈ ਰੱਖ ਸਕਦੇ ਹਾਂ। ਬਿਨਾਂ ਸ਼ੱਕ, ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਾਂਗੇ ਕਿ ਯਹੋਵਾਹ ਨੇ ਸਾਨੂੰ ਸੱਚਾਈ ਵੱਲ ਖਿੱਚਣ ਲਈ ਕੀ ਕੁਝ ਕੀਤਾ ਹੈ, ਤਾਂ ਸਾਡੇ ਦਿਲ ਉਸ ਲਈ ਹੋਰ ਵੀ ਸ਼ਰਧਾ ਨਾਲ ਭਰ ਜਾਣਗੇ। (ਯੂਹੰ. 6:44) ਨਾਲੇ ਦੂਜਿਆਂ ਨੂੰ ਸੱਚਾਈ ਦੱਸਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।
“ਸੱਚਾਈ” ਸਾਡੇ ਲਈ ਅਨਮੋਲ ਕਿਉਂ ਹੈ?
3. ਕਿਹੜੇ ਅਹਿਮ ਕਾਰਨ ਕਰਕੇ ਸੱਚਾਈ ਸਾਡੇ ਲਈ ਅਨਮੋਲ ਹੈ?
3 ਕਈ ਕਾਰਨਾਂ ਕਰਕੇ ਸੱਚਾਈ ਸਾਡੇ ਲਈ ਅਨਮੋਲ ਹੈ। ਸਭ ਤੋਂ ਅਹਿਮ ਕਾਰਨ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਜੋ ਸੱਚਾਈ ਦਾ ਸੋਮਾ ਹੈ। ਉਸ ਦੇ ਬਚਨ ਬਾਈਬਲ ਰਾਹੀਂ ਅਸੀਂ ਜਾਣਿਆ ਕਿ ਉਹ ਸਿਰਫ਼ ਸਵਰਗ ਅਤੇ ਧਰਤੀ ਦਾ ਬਣਾਉਣ ਵਾਲਾ ਸਰਬਸ਼ਕਤੀਮਾਨ ਪਰਮੇਸ਼ੁਰ ਹੀ ਨਹੀਂ, ਸਗੋਂ ਇਕ ਪਿਆਰ ਕਰਨ ਵਾਲਾ ਪਿਤਾ ਵੀ ਹੈ ਜੋ ਸਾਡੀ ਪਰਵਾਹ ਕਰਦਾ ਹੈ। (1 ਪਤ. 5:7) ਅਸੀਂ ਜਾਣਦੇ ਹਾਂ ਕਿ ਸਾਡਾ ਪਰਮੇਸ਼ੁਰ ‘ਦਇਆਵਾਨ ਅਤੇ ਰਹਿਮਦਿਲ ਹੈ ਜੋ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਅਤੇ ਸੱਚਾਈ ਨਾਲ ਭਰਪੂਰ ਹੈ।’ (ਕੂਚ 34:6) ਯਹੋਵਾਹ ਇਨਸਾਫ਼ ਨੂੰ ਪਿਆਰ ਕਰਦਾ ਹੈ। (ਯਸਾ. 61:8) ਸਾਨੂੰ ਦੁੱਖ ਝੱਲਦਿਆਂ ਦੇਖ ਕੇ ਉਸ ਨੂੰ ਬਹੁਤ ਦੁੱਖ ਲੱਗਦਾ ਹੈ। ਇਸ ਲਈ ਉਹ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਜਦੋਂ ਉਹ ਸਾਡੇ ਸਾਰੇ ਦੁੱਖਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। (ਯਿਰ. 29:11) ਕਿੰਨੀ ਹੀ ਵਧੀਆ ਉਮੀਦ! ਇਸ ਗੱਲ ਕਰਕੇ ਅਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ।
4-5. ਪੌਲੁਸ ਨੇ ਸਾਡੀ ਉਮੀਦ ਦੀ ਤੁਲਨਾ ਲੰਗਰ ਨਾਲ ਕਿਉਂ ਕੀਤੀ?
4 ਹੋਰ ਕਿਹੜੇ ਕਾਰਨ ਕਰਕੇ ਅਸੀਂ ਸੱਚਾਈ ਨੂੰ ਅਨਮੋਲ ਸਮਝਦੇ ਹਾਂ? ਸੱਚਾਈ ਤੋਂ ਸਾਨੂੰ ਬਹੁਤ ਫ਼ਾਇਦੇ ਹੁੰਦੇ ਹਨ। ਉਦਾਹਰਣ ਲਈ, ਬਾਈਬਲ ਤੋਂ ਸਾਨੂੰ ਚੰਗੇ ਭਵਿੱਖ ਦੀ ਉਮੀਦ ਮਿਲਦੀ ਹੈ। ਪੌਲੁਸ ਰਸੂਲ ਨੇ ਜ਼ਿੰਦਗੀ ਵਿਚ ਇਸ ਉਮੀਦ ਦੀ ਅਹਿਮੀਅਤ ਬਾਰੇ ਸਮਝਾਉਂਦਿਆਂ ਲਿਖਿਆ: “ਇਹ ਉਮੀਦ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਅਤੇ ਮਜ਼ਬੂਤ ਹੈ”। (ਇਬ. 6:19) ਜਿਸ ਤਰ੍ਹਾਂ ਲੰਗਰ ਸਮੁੰਦਰੀ ਜਹਾਜ਼ ਨੂੰ ਸਥਿਰ ਰੱਖਦਾ ਹੈ, ਬਿਲਕੁਲ ਉਸੇ ਤਰ੍ਹਾਂ ਬਾਈਬਲ ਵਿੱਚੋਂ ਮਿਲੀ ਉਮੀਦ ਕਰਕੇ ਅਸੀਂ ਮੁਸ਼ਕਲਾਂ ਦੌਰਾਨ ਵੀ ਸ਼ਾਂਤ ਰਹਿ ਪਾਉਂਦੇ ਹਾਂ।
5 ਇੱਥੇ ਪੌਲੁਸ ਚੁਣੇ ਹੋਏ ਮਸੀਹੀਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਕੋਲ ਸਵਰਗ ਜਾਣ ਦੀ ਉਮੀਦ ਹੈ। ਪਰ ਇਹ ਗੱਲ ਉਨ੍ਹਾਂ ਮਸੀਹੀਆਂ ʼਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਕੋਲ ਧਰਤੀ ਉੱਤੇ ਹਮੇਸ਼ਾ ਜੀਉਣ ਦੀ ਉਮੀਦ ਹੈ। (ਯੂਹੰ. 3:16) ਬਿਨਾਂ ਸ਼ੱਕ, ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਣ ਕਰਕੇ ਸਾਡੀ ਜ਼ਿੰਦਗੀ ਨੂੰ ਮਕਸਦ ਮਿਲ ਗਿਆ ਹੈ।
6-7. ਭਵਿੱਖ ਬਾਰੇ ਸੱਚਾਈ ਜਾਣ ਕੇ ਈਵੋਨ ਨੂੰ ਕੀ ਫ਼ਾਇਦਾ ਹੋਇਆ?
6 ਜ਼ਰਾ ਭੈਣ ਈਵੋਨ ਦੇ ਤਜਰਬੇ ʼਤੇ ਗੌਰ ਕਰੋ। ਉਸ ਦੇ ਮੰਮੀ-ਡੈਡੀ ਸੱਚਾਈ ਵਿਚ ਨਹੀਂ ਸਨ। ਬਚਪਨ ਵਿਚ ਉਸ ਨੂੰ ਮੌਤ ਤੋਂ ਬਹੁਤ ਡਰ ਲੱਗਦਾ ਸੀ। ਉਹ ਯਾਦ ਕਰਦੀ ਹੈ ਕਿ ਉਸ ਨੇ ਇਕ ਕਿਤਾਬ ਵਿਚ ਇਹ ਗੱਲ ਪੜ੍ਹੀ ਸੀ ਕਿ ਕੱਲ੍ਹ ਨੂੰ ਪਤਾ ਨਹੀਂ ਕਿਸ ਨੇ ਜੀਉਂਦਾ ਰਹਿਣਾ ਜਾਂ ਕਿਸ ਨੇ ਨਹੀਂ। ਇਹ ਗੱਲ ਉਸ ਦੇ ਦਿਮਾਗ਼ ਵਿਚ ਬੈਠ ਗਈ, ਉਹ ਕਹਿੰਦੀ ਹੈ: “ਇਨ੍ਹਾਂ ਸ਼ਬਦਾਂ ਕਰਕੇ ਮੈਂ ਸਾਰੀ ਰਾਤ ਭਵਿੱਖ ਬਾਰੇ ਹੀ ਸੋਚਦੀ ਰਹੀ। ਮੈਂ ਸੋਚਿਆ, ‘ਕੀ ਇਹੀ ਆ ਜ਼ਿੰਦਗੀ? ਮੈਂ ਇੱਥੇ ਕਿਉਂ ਹਾਂ?’ ਮੈਂ ਮਰਨਾ ਨਹੀਂ ਚਾਹੁੰਦੀ ਸੀ!”
7 ਈਵੋਨ ਜਦੋਂ ਹਾਲੇ ਨੌਜਵਾਨ ਹੀ ਸੀ, ਤਾਂ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ। ਉਹ ਦੱਸਦੀ ਹੈ: “ਮੈਨੂੰ ਹੌਲੀ-ਹੌਲੀ ਯਕੀਨ ਹੋਣ ਲੱਗ ਪਿਆ ਕਿ ਮੈਂ ਭਵਿੱਖ ਵਿਚ ਇਸ ਧਰਤੀ ʼਤੇ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀ ਸਕਦੀ ਹਾਂ।” ਬਾਈਬਲ ਦੀ ਇਹ ਸੱਚਾਈ ਜਾਣ ਕੇ ਸਾਡੀ ਭੈਣ ਨੂੰ ਕੀ ਫ਼ਾਇਦਾ ਹੋਇਆ? ਉਹ ਦੱਸਦੀ ਹੈ: “ਹੁਣ ਮੈਂ ਸਾਰੀ-ਸਾਰੀ ਰਾਤ ਜਾਗ ਕੇ ਭਵਿੱਖ ਬਾਰੇ ਜਾਂ ਮੌਤ ਬਾਰੇ ਨਹੀਂ ਸੋਚਦੀ ਰਹਿੰਦੀ।” ਤੁਸੀਂ ਸਮਝ ਸਕਦੇ ਹੋ ਕਿ ਈਵੋਨ ਲਈ ਬਾਈਬਲ ਦੀ ਇਹ ਸੱਚਾਈ ਕਿੰਨੀ ਅਨਮੋਲ ਹੈ! ਉਸ ਨੂੰ ਭਵਿੱਖ ਬਾਰੇ ਆਪਣੀ ਉਮੀਦ ਦੂਜਿਆਂ ਨੂੰ ਦੱਸ ਕੇ ਬਹੁਤ ਜ਼ਿਆਦਾ ਖ਼ੁਸ਼ੀ ਮਿਲਦੀ ਹੈ।—1 ਤਿਮੋ. 4:16.
8-9. (ੳ) ਯਿਸੂ ਦੁਆਰਾ ਦਿੱਤੀ ਮਿਸਾਲ ਵਿਚ ਇਕ ਆਦਮੀ ਨੇ ਖ਼ਜ਼ਾਨਾ ਮਿਲਣ ʼਤੇ ਕੀ ਕੀਤਾ? (ਅ) ਤੁਹਾਡੇ ਲਈ ਸੱਚਾਈ ਕਿੰਨੀ ਕੁ ਅਨਮੋਲ ਹੈ?
8 ਸੱਚਾਈ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਵੀ ਸ਼ਾਮਲ ਹੈ। ਯਿਸੂ ਨੇ ਰਾਜ ਬਾਰੇ ਸੱਚਾਈ ਦੀ ਤੁਲਨਾ ਲੁਕਾਏ ਹੋਏ ਖ਼ਜ਼ਾਨੇ ਨਾਲ ਕੀਤੀ। ਮੱਤੀ 13:44 ਵਿਚ ਯਿਸੂ ਨੇ ਕਿਹਾ: “ਸਵਰਗ ਦਾ ਰਾਜ ਖੇਤ ਵਿਚ ਲੁਕਾਏ ਹੋਏ ਖ਼ਜ਼ਾਨੇ ਵਰਗਾ ਹੈ ਜੋ ਇਕ ਆਦਮੀ ਨੂੰ ਲੱਭਿਆ ਅਤੇ ਉਸ ਨੇ ਦੁਬਾਰਾ ਉਸ ਨੂੰ ਲੁਕੋ ਦਿੱਤਾ; ਖ਼ੁਸ਼ੀ ਦੇ ਮਾਰੇ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।” ਗੌਰ ਕਰਨ ਵਾਲੀ ਗੱਲ ਹੈ ਕਿ ਇਹ ਆਦਮੀ ਖ਼ਜ਼ਾਨੇ ਦੀ ਭਾਲ ਨਹੀਂ ਕਰ ਰਿਹਾ ਸੀ। ਪਰ ਜਦੋਂ ਉਸ ਨੂੰ ਇਹ ਖ਼ਜ਼ਾਨਾ ਮਿਲਿਆ, ਤਾਂ ਉਸ ਨੇ ਇਸ ਖ਼ਜ਼ਾਨੇ ਨੂੰ ਪਾਉਣ ਲਈ ਆਪਣਾ ਸਭ ਕੁਝ ਵੇਚ ਦਿੱਤਾ। ਕਿਉਂ? ਕਿਉਂਕਿ ਉਹ ਜਾਣਦਾ ਸੀ ਕਿ ਇਹ ਖ਼ਜ਼ਾਨਾ ਕਿੰਨਾ ਅਨਮੋਲ ਹੈ। ਇਸ ਲਈ ਇਸ ਨੂੰ ਹਾਸਲ ਕਰਨ ਲਈ ਉਹ ਕੁਝ ਵੀ ਛੱਡਣ ਲਈ ਤਿਆਰ ਸੀ।
9 ਕੀ ਤੁਹਾਡੇ ਲਈ ਵੀ ਸੱਚਾਈ ਉੱਨੀ ਹੀ ਅਨਮੋਲ ਹੈ? ਬਿਨਾਂ ਸ਼ੱਕ, ਜ਼ਰੂਰ ਹੋਣੀ! ਸਾਨੂੰ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ ਅਤੇ ਪਰਮੇਸ਼ੁਰ ਦੇ ਰਾਜ ਵਿਚ ਹਮੇਸ਼ਾ ਲਈ ਜੀਉਂਦੇ ਰਹਿਣ ਦੀ ਉਮੀਦ ਮਿਲੀ ਹੈ। ਇਨ੍ਹਾਂ ਬਰਕਤਾਂ ਸਾਮ੍ਹਣੇ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਬੇਕਾਰ ਹਨ। ਜੀ ਹਾਂ, ਯਹੋਵਾਹ ਨਾਲ ਕਰੀਬੀ ਰਿਸ਼ਤਾ ਬਣਾਈ ਰੱਖਣ ਲਈ ਅਸੀਂ ਕੋਈ ਵੀ ਤਿਆਗ ਕਰਨ ਲਈ ਤਿਆਰ ਰਹਿੰਦੇ ਹਾਂ। ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਇਸ ਗੱਲ ਤੋਂ ਮਿਲਦੀ ਹੈ ਕਿ ਅਸੀਂ “ਉਸ ਨੂੰ ਪੂਰੀ ਤਰ੍ਹਾਂ ਖ਼ੁਸ਼” ਕਰੀਏ।—ਕੁਲੁ. 1:10.
10-11. ਕਿਹੜੀ ਗੱਲ ਕਰਕੇ ਮਾਈਕਲ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰ ਸਕਿਆ?
10 ਸਾਡੇ ਵਿੱਚੋਂ ਬਹੁਤ ਜਣਿਆਂ ਨੇ ਯਹੋਵਾਹ ਦਾ ਦਿਲ ਖ਼ੁਸ਼ ਕਰਨ ਲਈ ਵੱਡੇ-ਵੱਡੇ ਤਿਆਗ ਕੀਤੇ ਹਨ। ਕਈਆਂ ਨੇ ਦੁਨੀਆਂ ਵਿਚ ਵੱਡਾ ਨਾਂ ਜਾਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਦੇ ਮੌਕੇ ਛੱਡ ਦਿੱਤੇ। ਨਾਲੇ ਕਈਆਂ ਨੇ ਯਹੋਵਾਹ ਬਾਰੇ ਸਿੱਖ ਕੇ ਆਪਣੀ ਜ਼ਿੰਦਗੀ ਜੀਉਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਭਰਾ ਮਾਈਕਲ ਨੇ ਵੀ ਇਸੇ ਤਰ੍ਹਾਂ ਕੀਤਾ। ਉਸ ਦੀ ਪਰਵਰਿਸ਼ ਸੱਚਾਈ ਵਿਚ ਨਹੀਂ ਹੋਈ ਸੀ। ਜਦੋਂ ਉਹ ਜਵਾਨ ਸੀ, ਤਾਂ ਉਹ ਕਰਾਟਿਆਂ ਦੀ ਸਿਖਲਾਈ ਲੈ ਰਿਹਾ ਸੀ। ਉਹ ਕਹਿੰਦਾ ਹੈ: “ਮੈਨੂੰ ਮਾਣ ਸੀ ਕਿ ਮੇਰਾ ਸਰੀਰ ਕਿੰਨਾ ਫਿੱਟ ਸੀ। ਮੈਨੂੰ ਲੱਗਦਾ ਸੀ ਕਿ ਕੋਈ ਵੀ ਮੈਨੂੰ ਹਰਾ ਨਹੀਂ ਸਕਦਾ।” ਪਰ ਜਦੋਂ ਉਸ ਨੇ ਬਾਈਬਲ ਤੋਂ ਸਿੱਖਣਾ ਸ਼ੁਰੂ ਕੀਤਾ, ਤਾਂ ਉਸ ਨੂੰ ਹਿੰਸਾ ਬਾਰੇ ਯਹੋਵਾਹ ਦਾ ਨਜ਼ਰੀਆ ਪਤਾ ਲੱਗਾ। (ਜ਼ਬੂ. 11:5) ਮਾਈਕਲ ਨੂੰ ਜਿਸ ਗਵਾਹ ਜੋੜੇ ਨੇ ਬਾਈਬਲ ਤੋਂ ਸਟੱਡੀ ਕਰਾਈ ਸੀ, ਉਨ੍ਹਾਂ ਬਾਰੇ ਉਹ ਕਹਿੰਦਾ ਹੈ: “ਉਨ੍ਹਾਂ ਨੇ ਕਦੇ ਵੀ ਮੈਨੂੰ ਕਰਾਟੇ ਛੱਡਣ ਲਈ ਨਹੀਂ ਕਿਹਾ। ਉਹ ਬੱਸ ਮੈਨੂੰ ਬਾਈਬਲ ਤੋਂ ਸੱਚਾਈ ਸਿਖਾਉਂਦੇ ਰਹੇ।”
11 ਜਿੱਦਾਂ-ਜਿੱਦਾਂ ਮਾਈਕਲ ਯਹੋਵਾਹ ਬਾਰੇ ਸਿੱਖਦਾ ਗਿਆ, ਉੱਦਾਂ-ਉੱਦਾਂ ਯਹੋਵਾਹ ਲਈ ਉਸ ਦਾ ਪਿਆਰ ਵਧਦਾ ਗਿਆ। ਖ਼ਾਸ ਕਰਕੇ ਇਹ ਗੱਲ ਉਸ ਦੇ ਦਿਲ ਨੂੰ ਛੂਹ ਗਈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਕਿੰਨਾ ਪਿਆਰ ਕਰਦਾ ਹੈ। ਸਮੇਂ ਦੇ ਬੀਤਣ ਨਾਲ ਮਾਈਕਲ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਆਪਣੀ ਜ਼ਿੰਦਗੀ ਵਿਚ ਬਦਲਾਅ ਕਰਨੇ ਪੈਣੇ। ਉਹ ਕਹਿੰਦਾ ਹੈ: “ਮੈਂ ਜਾਣਦਾ ਸੀ ਕਿ ਮੇਰੇ ਲਈ ਕਰਾਟੇ ਛੱਡਣਾ ਸਭ ਤੋਂ ਔਖਾ ਸੀ। ਪਰ ਮੈਂ ਇਹ ਵੀ ਜਾਣਦਾ ਸੀ ਕਿ ਇਸ ਨਾਲ ਯਹੋਵਾਹ ਖ਼ੁਸ਼ ਹੋਵੇਗਾ ਅਤੇ ਮੈਨੂੰ ਭਰੋਸਾ ਸੀ ਕਿ ਉਸ ਨੂੰ ਖ਼ੁਸ਼ ਕਰਨ ਲਈ ਚਾਹੇ ਮੈਂ ਕੋਈ ਵੀ ਤਿਆਗ ਕਰਾਂ, ਉਹ ਕਦੇ ਵੀ ਬੇਕਾਰ ਨਹੀਂ ਜਾਵੇਗਾ।” ਮਾਈਕਲ ਸਮਝ ਗਿਆ ਕਿ ਸੱਚਾਈ ਕਿੰਨੀ ਅਨਮੋਲ ਹੈ! ਇਸੇ ਕਰਕੇ ਉਹ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰ ਸਕਿਆ।—ਯਾਕੂ. 1:25.
12-13. ਸੱਚਾਈ ਨੇ ਮਾਇਲੀ ਦੀ ਕਿਵੇਂ ਮਦਦ ਕੀਤੀ?
12 ਸੱਚਾਈ ਕਿੰਨੀ ਅਨਮੋਲ ਹੈ, ਇਸ ਨੂੰ ਸਮਝਾਉਣ ਲਈ ਬਾਈਬਲ ਵਿਚ ਇਸ ਦੀ ਤੁਲਨਾ ਹਨੇਰੇ ਵਿਚ ਬਲ਼ਦੇ ਦੀਪਕ ਨਾਲ ਕੀਤੀ ਗਈ ਹੈ। (ਜ਼ਬੂ. 119:105; ਅਫ਼. 5:8) ਅਜ਼ਰਬਾਈਜਾਨ ਵਿਚ ਰਹਿਣ ਵਾਲੀ ਭੈਣ ਮਾਇਲੀ ਸੱਚਾਈ ਦੇ ਚਾਨਣ ਦੀ ਦਿਲੋਂ ਕਦਰ ਕਰਦੀ ਹੈ। ਉਸ ਦੇ ਮਾਪੇ ਵੱਖੋ-ਵੱਖਰੇ ਧਰਮ ਨੂੰ ਮੰਨਦੇ ਸਨ। ਉਸ ਦਾ ਡੈਡੀ ਮੁਸਲਮਾਨ ਸੀ ਤੇ ਉਸ ਦੀ ਮੰਮੀ ਯਹੂਦੀ ਸੀ। ਉਹ ਕਹਿੰਦੀ ਹੈ: “ਭਾਵੇਂ ਕਿ ਮੈਂ ਮੰਨਦੀ ਸੀ ਕਿ ਰੱਬ ਹੈ, ਪਰ ਫਿਰ ਵੀ ਕਈ ਸਵਾਲ ਮੈਨੂੰ ਪਰੇਸ਼ਾਨ ਕਰਦੇ ਸਨ। ਮੈਂ ਸੋਚਦੀ ਸੀ, ‘ਖ਼ੁਦਾ ਨੇ ਇਨਸਾਨਾਂ ਨੂੰ ਕਿਉਂ ਬਣਾਇਆ? ਇਸ ਤਰ੍ਹਾਂ ਦੀ ਜ਼ਿੰਦਗੀ ਦਾ ਕੀ ਫ਼ਾਇਦਾ ਜੇ ਇਨਸਾਨ ਨੇ ਸਾਰੀ ਜ਼ਿੰਦਗੀ ਦੁੱਖ ਭੋਗ ਕੇ ਨਰਕ ਦੀ ਅੱਗ ਵਿਚ ਹੀ ਤੜਫ਼ਣਾ ਹੈ?’ ਲੋਕ ਕਹਿੰਦੇ ਹਨ ਕਿ ਰੱਬ ਦੀ ਮਰਜ਼ੀ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ, ਇਸ ਕਰਕੇ ਮੈਂ ਸੋਚਦੀ ਸੀ, ‘ਕੀ ਰੱਬ ਲੋਕਾਂ ਨੂੰ ਦੁੱਖ ਦੇ ਕੇ ਸਿਰਫ਼ ਤਮਾਸ਼ਾ ਹੀ ਦੇਖਦਾ ਰਹਿੰਦਾ ਹੈ?’”
13 ਮਾਇਲੀ ਆਪਣੇ ਸਵਾਲਾਂ ਦੇ ਜਵਾਬ ਲੱਭਦੀ ਰਹੀ। ਸਮੇਂ ਦੇ ਬੀਤਣ ਨਾਲ ਉਹ ਬਾਈਬਲ ਸਟੱਡੀ ਕਰਨ ਲੱਗ ਪਈ ਅਤੇ ਉਹ ਸੱਚਾਈ ਵਿਚ ਆ ਗਈ। ਉਹ ਕਹਿੰਦੀ ਹੈ: “ਬਾਈਬਲ ਵਿੱਚੋਂ ਮਿਲੇ ਸਬੂਤਾਂ ਨੇ ਜ਼ਿੰਦਗੀ ਬਾਰੇ ਮੇਰਾ ਨਜ਼ਰੀਆ ਹੀ ਬਦਲ ਦਿੱਤਾ। ਰੱਬ ਦੇ ਬਚਨ ਵਿੱਚੋਂ ਸਹੀ-ਸਹੀ ਜਾਣਕਾਰੀ ਮਿਲਣ ਕਰਕੇ ਮੈਨੂੰ ਮਨ ਦੀ ਸ਼ਾਂਤੀ ਮਿਲੀ।” ਮਾਇਲੀ ਵਾਂਗ ਅਸੀਂ ਵੀ ਯਹੋਵਾਹ ਦੀ ਵਡਿਆਈ ਕਰਦੇ ਹਾਂ ਜਿਹੜਾ ਸਾਨੂੰ “ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।”—1 ਪਤ. 2:9.
14. ਸੱਚਾਈ ਲਈ ਆਪਣੀ ਕਦਰ ਵਧਾਉਣ ਵਾਸਤੇ ਅਸੀਂ ਕੀ ਕਰ ਸਕਦੇ ਹਾਂ? (“ ਸੱਚਾਈ ਦੀ ਕੁਝ ਹੋਰ ਚੀਜ਼ਾਂ ਨਾਲ ਤੁਲਨਾ” ਨਾਂ ਦੀ ਡੱਬੀ ਵੀ ਦੇਖੋ।)
14 ਸੱਚਾਈ ਕਿੰਨੀ ਅਨਮੋਲ ਹੈ, ਇਸ ਨੂੰ ਸਮਝਣ ਲਈ ਅਸੀਂ ਹੁਣ ਤਕ ਕੁਝ ਉਦਾਹਰਣਾਂ ਦੇਖੀਆਂ। ਬਿਨਾਂ ਸ਼ੱਕ, ਤੁਹਾਡੇ ਮਨ ਵਿਚ ਹੋਰ ਵੀ ਉਦਾਹਰਣਾਂ ਹੋਣਗੀਆਂ। ਕਿਉਂ ਨਾ ਤੁਸੀਂ ਅਧਿਐਨ ਕਰਦਿਆਂ ਹੋਰ ਕਾਰਨ ਲੱਭੋ ਕਿ ਸੱਚਾਈ ਤੁਹਾਡੇ ਲਈ ਅਨਮੋਲ ਕਿਉਂ ਹੋਣੀ ਚਾਹੀਦੀ ਹੈ। ਸੱਚਾਈ ਸਾਡੇ ਲਈ ਜਿੰਨੀ ਜ਼ਿਆਦਾ ਅਨਮੋਲ ਹੋਵੇਗੀ, ਅਸੀਂ ਉੱਨੇ ਜ਼ਿਆਦਾ ਤਰੀਕਿਆਂ ਨਾਲ ਇਸ ਲਈ ਆਪਣੀ ਕਦਰ ਦਿਖਾਵਾਂਗੇ।
ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸੱਚਾਈ ਸਾਡੇ ਲਈ ਅਨਮੋਲ ਹੈ?
15. ਅਸੀਂ ਕਿਹੜੇ ਇਕ ਤਰੀਕੇ ਨਾਲ ਦਿਖਾ ਸਕਦੇ ਹਾਂ ਕਿ ਸੱਚਾਈ ਸਾਡੇ ਲਈ ਅਨਮੋਲ ਹੈ?
15 ਸੱਚਾਈ ਸਾਡੇ ਲਈ ਅਨਮੋਲ ਹੈ, ਇਹ ਦਿਖਾਉਣ ਲਈ ਸਾਨੂੰ ਬਾਕਾਇਦਾ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਚਾਹੇ ਸਾਨੂੰ ਸੱਚਾਈ ਵਿਚ ਆਏ ਕਿੰਨੇ ਹੀ ਸਾਲ ਕਿਉਂ ਨਾ ਹੋ ਗਏ ਹੋਣ, ਫਿਰ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਪਹਿਰਾਬੁਰਜ ਦੇ ਸਭ ਤੋਂ ਪਹਿਲੇ ਅੰਕ ਵਿਚ ਦੱਸਿਆ ਗਿਆ ਸੀ: ‘ਦੁਨੀਆਂ ਇਕ ਜੰਗਲ ਵਾਂਗ ਹੈ ਜਿਸ ਵਿਚ ਝੂਠ ਜੰਗਲੀ ਝਾੜੀਆਂ ਵਾਂਗ ਚਾਰੇ ਪਾਸੇ ਫੈਲਿਆ ਹੋਇਆ ਹੈ। ਪਰ ਸੱਚਾਈ ਇਕ ਛੋਟੇ ਜਿਹੇ ਸੋਹਣੇ ਫੁੱਲ ਵਾਂਗ ਹੈ, ਜੋ ਇਨ੍ਹਾਂ ਜੰਗਲੀ ਝਾੜੀਆਂ ਵਿਚ ਲੁਕੀ ਹੋਈ ਹੈ। ਸਾਨੂੰ ਇਸ ਨੂੰ ਬੜੇ ਧਿਆਨ ਨਾਲ ਲੱਭਣਾ ਪੈਣਾ ਅਤੇ ਜਦੋਂ ਇਹ ਸਾਨੂੰ ਲੱਭ ਜਾਵੇ, ਤਾਂ ਸਾਨੂੰ ਇਸ ਨੂੰ ਤੋੜਨ ਲਈ ਝੁਕਣਾ ਪੈਣਾ। ਪਰ ਸਾਨੂੰ ਸੱਚਾਈ ਦੇ ਇੱਕੋ ਫੁੱਲ ਤੋਂ ਸੰਤੁਸ਼ਟ ਨਹੀਂ ਹੋ ਜਾਣਾ ਚਾਹੀਦਾ, ਸਗੋਂ ਸਾਨੂੰ ਹੋਰ ਵੀ ਫੁੱਲ ਲੱਭਦੇ ਤੇ ਇਕੱਠੇ ਕਰਦੇ ਰਹਿਣਾ ਚਾਹੀਦਾ।’ ਅਧਿਐਨ ਕਰਨ ਵਿਚ ਮਿਹਨਤ ਤਾਂ ਲੱਗਦੀ ਹੈ, ਪਰ ਸਾਡੀ ਮਿਹਨਤ ਜ਼ਰੂਰ ਰੰਗ ਲਿਆਵੇਗੀ।
16. ਤੁਹਾਨੂੰ ਅਧਿਐਨ ਕਰਨ ਦਾ ਕਿਹੜਾ ਤਰੀਕਾ ਵਧੀਆ ਲੱਗਦਾ ਹੈ? (ਕਹਾਉਤਾਂ 2:4-6)
16 ਸ਼ਾਇਦ ਸਾਨੂੰ ਸਾਰਿਆਂ ਨੂੰ ਪੜ੍ਹਨਾ ਅਤੇ ਅਧਿਐਨ ਕਰਨਾ ਪਸੰਦ ਨਾ ਹੋਵੇ। ਪਰ ਯਹੋਵਾਹ ਸਾਡੇ ਸਾਰਿਆਂ ਤੋਂ ਚਾਹੁੰਦਾ ਹੈ ਕਿ ਅਸੀਂ ਸੱਚਾਈ ਦੀ “ਭਾਲ” ਕਰਦੇ ਰਹੀਏ ਤਾਂਕਿ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੀਏ। (ਕਹਾਉਤਾਂ 2:4-6 ਪੜ੍ਹੋ।) ਜਦੋਂ ਅਸੀਂ ਇਸ ਤਰ੍ਹਾਂ ਕਰਨ ਵਿਚ ਮਿਹਨਤ ਕਰਦੇ ਹਾਂ, ਤਾਂ ਸਾਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। ਭਰਾ ਕੌਰੀ ਦੱਸਦਾ ਹੈ ਕਿ ਉਹ ਬਾਈਬਲ ਪੜ੍ਹਦੇ ਵੇਲੇ ਇਕ ਸਮੇਂ ʼਤੇ ਸਿਰਫ਼ ਇਕ ਆਇਤ ʼਤੇ ਧਿਆਨ ਦਿੰਦਾ ਹੈ। ਉਹ ਕਹਿੰਦਾ ਹੈ: “ਮੈਂ ਹਰ ਆਇਤ ਨਾਲ ਜੁੜਿਆ ਫੁਟਨੋਟ ਤੇ ਉਸ ਆਇਤ ਨਾਲ ਸੰਬੰਧਿਤ ਹੋਰ ਆਇਤਾਂ ਦੇਖਦਾ ਹਾਂ ਅਤੇ ਉਸ ਬਾਰੇ ਹੋਰ ਖੋਜਬੀਨ ਕਰਦਾ ਹਾਂ। ਇਸ ਤਰੀਕੇ ਨਾਲ ਮੈਂ ਬਹੁਤ ਸਾਰੀਆਂ ਗੱਲਾਂ ਸਿੱਖ ਪਾਉਂਦਾ ਹਾਂ।” ਜਦੋਂ ਅਸੀਂ ਇਸ ਤਰੀਕੇ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਅਧਿਐਨ ਕਰਨ ਵਿਚ ਆਪਣਾ ਸਮਾਂ ਲਾਉਂਦੇ ਹਾਂ ਅਤੇ ਮਿਹਨਤ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਸੱਚਾਈ ਦੀ ਕਿੰਨੀ ਕਦਰ ਹੈ।—ਜ਼ਬੂ. 1:1-3.
17. ਸੱਚਾਈ ਮੁਤਾਬਕ ਜ਼ਿੰਦਗੀ ਜੀਉਣ ਦਾ ਕੀ ਮਤਲਬ ਹੈ? (ਯਾਕੂਬ 1:25)
17 ਇਹ ਗੱਲ ਸੱਚ ਹੈ ਕਿ ਸਾਨੂੰ ਸਿਰਫ਼ ਸੱਚਾਈ ਦਾ ਅਧਿਐਨ ਹੀ ਨਹੀਂ ਕਰਨਾ ਚਾਹੀਦਾ, ਸਗੋਂ ਇਸ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਲਈ ਸਾਨੂੰ ਸਿੱਖੀਆਂ ਗੱਲਾਂ ਮੁਤਾਬਕ ਚੱਲਣਾ ਵੀ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਹੀ ਅਸੀਂ ਸਹੀ ਮਾਅਨੇ ਵਿਚ ਸੱਚਾਈ ਵਿਚ ਖ਼ੁਸ਼ ਰਹਿ ਸਕਾਂਗੇ। (ਯਾਕੂਬ 1:25 ਪੜ੍ਹੋ।) ਪਰ ਸਾਨੂੰ ਕਿੱਦਾਂ ਪਤਾ ਲੱਗ ਸਕਦਾ ਹੈ ਕਿ ਅਸੀਂ ਸੱਚਾਈ ਮੁਤਾਬਕ ਜੀ ਰਹੇ ਹਾਂ ਜਾਂ ਨਹੀਂ? ਇਕ ਭਰਾ ਨੇ ਕਿਹਾ ਕਿ ਸਾਨੂੰ ਖ਼ੁਦ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਕਿਹੜੀਆਂ ਗੱਲਾਂ ਵਿਚ ਵਧੀਆ ਕਰ ਰਹੇ ਹਾਂ ਅਤੇ ਕਿਹੜੀਆਂ ਗੱਲਾਂ ਵਿਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ। ਇਸ ਬਾਰੇ ਪੌਲੁਸ ਰਸੂਲ ਨੇ ਕਿਹਾ: “ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ʼਤੇ ਸਲੀਕੇ ਨਾਲ ਚੱਲਦੇ ਜਾਈਏ।”—ਫ਼ਿਲਿ. 3:16.
18. ਸਾਨੂੰ ‘ਸੱਚਾਈ ਦੇ ਰਾਹ ਉੱਤੇ ਚੱਲਦੇ ਰਹਿਣ’ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
18 ਜ਼ਰਾ ਸੋਚੋ ਕਿ ਜਦੋਂ ਅਸੀਂ ‘ਸੱਚਾਈ ਦੇ ਰਾਹ ਉੱਤੇ ਚੱਲਣ’ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਕਿੰਨੇ ਫ਼ਾਇਦੇ ਹੁੰਦੇ ਹਨ। ਇਸ ਨਾਲ ਨਾ ਸਿਰਫ਼ ਸਾਡੀ ਜ਼ਿੰਦਗੀ ਬਿਹਤਰ ਬਣਦੀ ਹੈ, ਸਗੋਂ ਅਸੀਂ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਵੀ ਖ਼ੁਸ਼ ਕਰ ਪਾਉਂਦੇ ਹਾਂ। (ਕਹਾ. 27:11; 3 ਯੂਹੰ. 4) ਵਾਕਈ, ਸਾਡੇ ਕੋਲ ਸੱਚਾਈ ਨੂੰ ਅਨਮੋਲ ਸਮਝਣ ਅਤੇ ਇਸ ਮੁਤਾਬਕ ਆਪਣੀ ਜ਼ਿੰਦਗੀ ਜੀਉਣ ਦੇ ਕਿੰਨੇ ਵਧੀਆ ਕਾਰਨ ਹਨ!
ਗੀਤ 144 ਇਨਾਮ ʼਤੇ ਨਜ਼ਰ ਰੱਖੋ!
a ਅਸੀਂ ਅਕਸਰ ਬਾਈਬਲ ਦੀਆਂ ਸਿੱਖਿਆਵਾਂ ਨੂੰ “ਸੱਚਾਈ” ਕਹਿੰਦੇ ਹਾਂ ਅਤੇ ਜਦੋਂ ਅਸੀਂ ਇਨ੍ਹਾਂ ਸਿੱਖਿਆਵਾਂ ਮੁਤਾਬਕ ਚੱਲਦੇ ਹਾਂ, ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਸੱਚਾਈ ਵਿਚ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸੱਚਾਈ ਸਾਡੇ ਲਈ ਅਨਮੋਲ ਕਿਉਂ ਹੈ। ਇਸ ʼਤੇ ਗੌਰ ਕਰ ਕੇ ਸਾਨੂੰ ਸਾਰਿਆਂ ਨੂੰ ਬਹੁਤ ਫ਼ਾਇਦਾ ਹੋਵੇਗਾ, ਫਿਰ ਚਾਹੇ ਅਸੀਂ ਨਵੇਂ-ਨਵੇਂ ਸੱਚਾਈ ਵਿਚ ਆਏ ਹਾਂ ਜਾਂ ਕਾਫ਼ੀ ਸਾਲਾਂ ਤੋਂ। ਇਸ ਨਾਲ ਯਹੋਵਾਹ ਦੀ ਮਿਹਰ ਪਾਉਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।