Skip to content

Skip to table of contents

ਅਧਿਐਨ ਲੇਖ 33

ਦਾਨੀਏਲ ਦੀ ਮਿਸਾਲ ਤੋਂ ਸਿੱਖੋ

ਦਾਨੀਏਲ ਦੀ ਮਿਸਾਲ ਤੋਂ ਸਿੱਖੋ

“ਤੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈਂ।”​—ਦਾਨੀ. 9:23.

ਗੀਤ 73 ਮੈਨੂੰ ਦਲੇਰੀ ਦੇ

ਖ਼ਾਸ ਗੱਲਾਂ a

1. ਦਾਨੀਏਲ ਨਬੀ ਦਾ ਬਾਬਲੀਆਂ ʼਤੇ ਚੰਗਾ ਅਸਰ ਕਿਉਂ ਪਿਆ?

 ਜਦੋਂ ਦਾਨੀਏਲ ਨਬੀ ਨੌਜਵਾਨ ਸੀ, ਤਾਂ ਬਾਬਲੀ ਉਸ ਨੂੰ ਗ਼ੁਲਾਮ ਬਣਾ ਕੇ ਉਸ ਦੇ ਘਰ ਯਰੂਸ਼ਲਮ ਤੋਂ ਬਹੁਤ ਦੂਰ ਬਾਬਲ ਲੈ ਗਏ। ਬਾਬਲੀਆਂ ਨੇ ਦੇਖਿਆ ਕਿ ਦਾਨੀਏਲ ਵਿਚ ‘ਕੋਈ ਨੁਕਸ ਨਹੀਂ ਸੀ, ਸਗੋਂ ਉਹ ਸੋਹਣਾ-ਸੁਨੱਖਾ’ ਸੀ ਅਤੇ ਉੱਚੇ ਖ਼ਾਨਦਾਨ ਤੋਂ ਸੀ। ਉਸ ਦਾ “ਬਾਹਰਲਾ ਰੂਪ” ਦੇਖ ਕੇ ਬਾਬਲੀਆਂ ʼਤੇ ਚੰਗਾ ਅਸਰ ਪਿਆ। (1 ਸਮੂ. 16:7) ਇਸੇ ਕਰਕੇ ਉਨ੍ਹਾਂ ਨੇ ਸੋਚਿਆ ਕਿ ਉਹ ਦਾਨੀਏਲ ਨੂੰ ਸਿਖਲਾਈ ਦੇਣਗੇ ਤਾਂਕਿ ਉਹ ਅੱਗੇ ਜਾ ਕੇ ਮਹਿਲ ਵਿਚ ਸੇਵਾ ਕਰ ਸਕੇ।​—ਦਾਨੀ. 1:3, 4, 6.

2. ਯਹੋਵਾਹ ਦਾਨੀਏਲ ਬਾਰੇ ਕੀ ਸੋਚਦਾ ਸੀ? (ਹਿਜ਼ਕੀਏਲ 14:14)

2 ਯਹੋਵਾਹ ਦਾਨੀਏਲ ਨੂੰ ਪਿਆਰ ਕਰਦਾ ਸੀ। ਇਸ ਕਰਕੇ ਨਹੀਂ ਕਿ ਉਹ ਸੋਹਣਾ-ਸੁਨੱਖਾ ਸੀ ਜਾਂ ਉਹ ਉੱਚੇ ਅਹੁਦੇ ʼਤੇ ਸੀ, ਸਗੋਂ ਉਸ ਨੇ ਦੇਖਿਆ ਕਿ ਦਾਨੀਏਲ ਨੇ ਕਿਹੋ ਜਿਹਾ ਇਨਸਾਨ ਬਣਨ ਦਾ ਫ਼ੈਸਲਾ ਕੀਤਾ ਸੀ। ਯਹੋਵਾਹ ਨੇ ਦਾਨੀਏਲ ਬਾਰੇ ਕਿਹਾ ਕਿ ਉਹ ਨੂਹ ਅਤੇ ਅੱਯੂਬ ਵਾਂਗ ਨੇਕ ਸੀ। ਨੂਹ ਅਤੇ ਅੱਯੂਬ ਨੇ ਤਾਂ ਕਈ ਦਹਾਕਿਆਂ ਤਕ ਵਫ਼ਾਦਾਰੀ ਨਾਲ ਸੇਵਾ ਕਰ ਕੇ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗਾ ਨਾਂ ਕਮਾਇਆ ਸੀ। ਪਰ ਜਦੋਂ ਯਹੋਵਾਹ ਨੇ ਦਾਨੀਏਲ ਬਾਰੇ ਇਹ ਗੱਲ ਕਹੀ ਸੀ, ਤਾਂ ਸ਼ਾਇਦ ਉਹ ਸਿਰਫ਼ 18-20 ਸਾਲਾਂ ਦਾ ਹੀ ਸੀ। (ਉਤ. 5:32; 6:9, 10; ਅੱਯੂ. 42:16, 17; ਹਿਜ਼ਕੀਏਲ 14:14 ਪੜ੍ਹੋ।) ਦਾਨੀਏਲ ਨੇ ਇਕ ਲੰਬੀ ਜ਼ਿੰਦਗੀ ਗੁਜ਼ਾਰੀ ਅਤੇ ਉਸ ਦੀ ਜ਼ਿੰਦਗੀ ਵਿਚ ਕਈ ਉਤਾਰ-ਚੜ੍ਹਾਅ ਆਏ, ਪਰ ਯਹੋਵਾਹ ਨੇ ਕਦੀ ਉਸ ਦਾ ਸਾਥ ਨਹੀਂ ਛੱਡਿਆ। ਉਹ ਹਮੇਸ਼ਾ ਦਾਨੀਏਲ ਨੂੰ ਪਿਆਰ ਕਰਦਾ ਰਿਹਾ।​—ਦਾਨੀ. 10:11, 19.

3. ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

3 ਇਸ ਲੇਖ ਵਿਚ ਅਸੀਂ ਦਾਨੀਏਲ ਦੇ ਦੋ ਗੁਣਾਂ ʼਤੇ ਚਰਚਾ ਕਰਾਂਗੇ ਜਿਨ੍ਹਾਂ ਕਰਕੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਬਣਿਆ। ਸਭ ਤੋਂ ਪਹਿਲਾਂ, ਅਸੀਂ ਇਨ੍ਹਾਂ ਗੁਣਾਂ ਬਾਰੇ ਥੋੜ੍ਹੀ-ਬਹੁਤੀ ਚਰਚਾ ਕਰਾਂਗੇ ਅਤੇ ਦੇਖਾਂਗੇ ਕਿ ਕਿਨ੍ਹਾਂ ਹਾਲਾਤਾਂ ਵਿਚ ਦਾਨੀਏਲ ਨੇ ਇਹ ਗੁਣ ਜ਼ਾਹਰ ਕੀਤੇ। ਫਿਰ ਅਸੀਂ ਦੇਖਾਂਗੇ ਕਿ ਦਾਨੀਏਲ ਇਹ ਗੁਣ ਹੋਰ ਕਿਵੇਂ ਵਧਾ ਸਕਿਆ। ਅਖ਼ੀਰ ਵਿਚ, ਅਸੀਂ ਜਾਣਾਂਗੇ ਕਿ ਅਸੀਂ ਦਾਨੀਏਲ ਦੀ ਰੀਸ ਕਿਵੇਂ ਕਰ ਸਕਦੇ ਹਾਂ। ਚਾਹੇ ਕਿ ਇਹ ਲੇਖ ਖ਼ਾਸ ਕਰਕੇ ਨੌਜਵਾਨਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ, ਪਰ ਅਸੀਂ ਸਾਰੇ ਵੀ ਦਾਨੀਏਲ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ।

ਦਾਨੀਏਲ ਵਾਂਗ ਦਲੇਰ ਬਣੋ

4. ਦਾਨੀਏਲ ਨੇ ਦਲੇਰੀ ਕਿਵੇਂ ਦਿਖਾਈ? ਇਕ ਉਦਾਹਰਣ ਦਿਓ।

4 ਦਲੇਰ ਲੋਕਾਂ ਨੂੰ ਸ਼ਾਇਦ ਡਰ ਲੱਗੇ, ਪਰ ਉਹ ਇਸ ਕਰਕੇ ਸਹੀ ਕੰਮ ਕਰਨ ਤੋਂ ਪਿੱਛੇ ਨਹੀਂ ਹਟਦੇ। ਦਾਨੀਏਲ ਇਕ ਬਹੁਤ ਹੀ ਦਲੇਰ ਨੌਜਵਾਨ ਸੀ। ਜ਼ਰਾ ਦੋ ਮੌਕਿਆਂ ʼਤੇ ਗੌਰ ਕਰੋ ਜਦੋਂ ਦਾਨੀਏਲ ਨੇ ਦਲੇਰੀ ਦਿਖਾਈ। ਪਹਿਲੀ ਵਾਰ ਸ਼ਾਇਦ ਉਸ ਨੇ ਉਦੋਂ ਦਲੇਰੀ ਦਿਖਾਈ ਜਦੋਂ ਬਾਬਲੀਆਂ ਦੁਆਰਾ ਯਰੂਸ਼ਲਮ ਦਾ ਨਾਸ਼ ਕੀਤਿਆਂ ਲਗਭਗ ਦੋ ਸਾਲ ਹੋ ਚੁੱਕੇ ਸਨ। ਬਾਬਲ ਦੇ ਰਾਜੇ ਨਬੂਕਦਨੱਸਰ ਨੇ ਇਕ ਵੱਡੀ ਮੂਰਤ ਦਾ ਡਰਾਉਣਾ ਸੁਪਨਾ ਦੇਖਿਆ ਜਿਸ ਕਰਕੇ ਉਹ ਬਹੁਤ ਬੇਚੈਨ ਹੋ ਗਿਆ। ਰਾਜੇ ਨੇ ਆਪਣੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਹ ਉਸ ਦਾ ਸੁਪਨਾ ਤੇ ਇਸ ਦਾ ਮਤਲਬ ਦੱਸਣ। ਇਨ੍ਹਾਂ ਬੁੱਧੀਮਾਨ ਆਦਮੀਆਂ ਵਿਚ ਦਾਨੀਏਲ ਵੀ ਸ਼ਾਮਲ ਸੀ। ਰਾਜੇ ਨੇ ਹੁਕਮ ਦਿੱਤਾ ਕਿ ਜੇ ਉਹ ਇਸ ਬਾਰੇ ਨਹੀਂ ਦੱਸਣਗੇ, ਤਾਂ ਉਨ੍ਹਾਂ ਸਾਰਿਆਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। (ਦਾਨੀ. 2:3-5) ਦਾਨੀਏਲ ਨੂੰ ਤੁਰੰਤ ਕਦਮ ਚੁੱਕਣਾ ਪੈਣਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਦਾਅ ʼਤੇ ਲੱਗੀਆਂ ਹੋਈਆਂ ਸਨ। ਦਾਨੀਏਲ ਨੇ “ਰਾਜੇ ਦੇ ਸਾਮ੍ਹਣੇ ਜਾ ਕੇ ਮਿੰਨਤ ਕੀਤੀ ਕਿ ਉਸ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ ਤਾਂਕਿ ਉਹ ਰਾਜੇ ਨੂੰ ਸੁਪਨੇ ਦਾ ਮਤਲਬ ਦੱਸ ਸਕੇ।” (ਦਾਨੀ. 2:16) ਇਸ ਤੋਂ ਪਤਾ ਲੱਗਦਾ ਹੈ ਕਿ ਦਾਨੀਏਲ ਕਿੰਨਾ ਦਲੇਰ ਸੀ ਅਤੇ ਉਸ ਨੂੰ ਪਰਮੇਸ਼ੁਰ ʼਤੇ ਕਿੰਨੀ ਨਿਹਚਾ ਸੀ। ਬਾਈਬਲ ਵਿਚ ਇਸ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਕਿ ਦਾਨੀਏਲ ਨੇ ਪਹਿਲਾਂ ਕਦੇ ਕਿਸੇ ਸੁਪਨੇ ਦਾ ਮਤਲਬ ਦੱਸਿਆ ਹੋਵੇ। ਦਾਨੀਏਲ ਨੇ ਆਪਣੇ ਤਿੰਨ ਦੋਸਤਾਂ ਸ਼ਦਰਕ, ਮੇਸ਼ਕ ਅਤੇ ਅਬਦਨਗੋ b ਨੂੰ “ਇਸ ਭੇਤ ਦੇ ਮਾਮਲੇ ਵਿਚ ਸਵਰਗ ਦੇ ਪਰਮੇਸ਼ੁਰ ਨੂੰ ਦਇਆ ਵਾਸਤੇ ਪ੍ਰਾਰਥਨਾ ਕਰਨ ਲਈ ਕਿਹਾ।” (ਦਾਨੀ. 2:18) ਯਹੋਵਾਹ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਦਾਨੀਏਲ ਨਬੀ ਪਰਮੇਸ਼ੁਰ ਦੀ ਮਦਦ ਨਾਲ ਨਬੂਕਦਨੱਸਰ ਦੇ ਸੁਪਨੇ ਦਾ ਮਤਲਬ ਦੱਸ ਸਕਿਆ। ਇਸ ਤਰ੍ਹਾਂ ਦਾਨੀਏਲ ਅਤੇ ਉਸ ਦੇ ਦੋਸਤਾਂ ਦੀਆਂ ਜਾਨਾਂ ਬਚ ਗਈਆਂ।

5. ਦਾਨੀਏਲ ਦੀ ਦਲੇਰੀ ਦੀ ਫਿਰ ਤੋਂ ਪਰਖ ਕਿਵੇਂ ਹੋਈ?

5 ਵੱਡੀ ਮੂਰਤ ਦੇ ਸੁਪਨੇ ਦਾ ਮਤਲਬ ਦੱਸਣ ਤੋਂ ਕੁਝ ਸਮੇਂ ਬਾਅਦ ਦਾਨੀਏਲ ਦੀ ਦਲੇਰੀ ਦੀ ਫਿਰ ਤੋਂ ਪਰਖ ਹੋਈ। ਰਾਜਾ ਨਬੂਕਦਨੱਸਰ ਨੂੰ ਇਕ ਹੋਰ ਡਰਾਉਣਾ ਸੁਪਨਾ ਆਇਆ। ਇਸ ਸੁਪਨੇ ਵਿਚ ਰਾਜੇ ਨੇ ਇਕ ਉੱਚਾ ਦਰਖ਼ਤ ਦੇਖਿਆ। ਦਾਨੀਏਲ ਨੇ ਦਲੇਰੀ ਨਾਲ ਰਾਜੇ ਨੂੰ ਸੁਪਨੇ ਦਾ ਮਤਲਬ ਦੱਸਿਆ। ਨਾਲੇ ਉਸ ਨੇ ਰਾਜੇ ਨੂੰ ਇਹ ਵੀ ਦੱਸਿਆ ਕਿ ਉਹ ਪਾਗਲ ਹੋ ਜਾਵੇਗਾ ਅਤੇ ਕੁਝ ਸਮੇਂ ਲਈ ਉਸ ਦੇ ਹੱਥੋਂ ਉਸ ਦਾ ਰਾਜ ਖੋਹ ਲਿਆ ਜਾਵੇਗਾ। (ਦਾਨੀ. 4:25) ਰਾਜੇ ਦੇ ਮਨ ਵਿਚ ਆ ਸਕਦਾ ਸੀ ਕਿ ਦਾਨੀਏਲ ਉਸ ਦੇ ਖ਼ਿਲਾਫ਼ ਬਗਾਵਤ ਕਰ ਰਿਹਾ ਹੈ ਜਿਸ ਕਰਕੇ ਉਹ ਦਾਨੀਏਲ ਨੂੰ ਮੌਤ ਦੇ ਘਾਟ ਉਤਾਰ ਸਕਦਾ ਸੀ। ਪਰ ਦਾਨੀਏਲ ਨੇ ਦਲੇਰੀ ਦਿਖਾਈ ਅਤੇ ਰਾਜੇ ਨੂੰ ਇਹ ਸੰਦੇਸ਼ ਸੁਣਾਇਆ।

6. ਕਿਹੜੀਆਂ ਗੱਲਾਂ ਨੇ ਸ਼ਾਇਦ ਦਾਨੀਏਲ ਦੀ ਦਲੇਰੀ ਦਿਖਾਉਣ ਵਿਚ ਮਦਦ ਕੀਤੀ?

6 ਦਾਨੀਏਲ ਨੇ ਆਪਣੀ ਪੂਰੀ ਜ਼ਿੰਦਗੀ ਦਲੇਰੀ ਦਿਖਾਈ। ਸ਼ਾਇਦ ਕਿਹੜੀਆਂ ਗੱਲਾਂ ਨੇ ਇੱਦਾਂ ਕਰਨ ਵਿਚ ਉਸ ਦੀ ਮਦਦ ਕੀਤੀ? ਛੋਟੇ ਹੁੰਦਿਆਂ ਉਸ ਨੇ ਆਪਣੇ ਮਾਪਿਆਂ ਦੀ ਚੰਗੀ ਮਿਸਾਲ ਤੋਂ ਜ਼ਰੂਰ ਸਿੱਖਿਆ ਹੋਣਾ। ਯਹੋਵਾਹ ਨੇ ਇਜ਼ਰਾਈਲੀ ਮਾਪਿਆਂ ਨੂੰ ਜੋ ਹਿਦਾਇਤਾਂ ਦਿੱਤੀਆਂ ਸਨ, ਬਿਨਾਂ ਸ਼ੱਕ ਦਾਨੀਏਲ ਦੇ ਮਾਪਿਆਂ ਨੇ ਉਨ੍ਹਾਂ ਨੂੰ ਮੰਨ ਕੇ ਪਰਮੇਸ਼ੁਰ ਦੇ ਕਾਨੂੰਨ ਦਾਨੀਏਲ ਨੂੰ ਸਿਖਾਏ ਹੋਣੇ। (ਬਿਵ. 6:6-9) ਇਸ ਕਰਕੇ ਦਾਨੀਏਲ ਨਾ ਸਿਰਫ਼ ਕਾਨੂੰਨ ਦੀਆਂ ਬੁਨਿਆਦੀ ਗੱਲਾਂ ਜਾਣਦਾ ਸੀ ਜਿਵੇਂ ਦਸ ਹੁਕਮ, ਸਗੋਂ ਉਹ ਡੂੰਘੀਆਂ ਗੱਲਾਂ ਵੀ ਜਾਣਦਾ ਸੀ, ਜਿੱਦਾਂ ਕਿ ਇਜ਼ਰਾਈਲੀ ਕੀ ਖਾ ਸਕਦੇ ਸਨ ਤੇ ਕੀ ਨਹੀਂ। c (ਲੇਵੀ. 11:4-8; ਦਾਨੀ. 1:8, 11-13) ਦਾਨੀਏਲ ਇਹ ਵੀ ਜਾਣਦਾ ਸੀ ਕਿ ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਨਾਲ ਕੀ-ਕੀ ਹੋਇਆ ਅਤੇ ਜਦੋਂ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ, ਤਾਂ ਉਨ੍ਹਾਂ ਨੂੰ ਕਿਹੜੇ ਅੰਜਾਮ ਭੁਗਤਣੇ ਪਏ। (ਦਾਨੀ. 9:10, 11) ਦਾਨੀਏਲ ਦੀ ਜ਼ਿੰਦਗੀ ਵਿਚ ਜੋ ਵੀ ਹੋਇਆ, ਉਸ ਤੋਂ ਵੀ ਉਸ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਅਤੇ ਉਸ ਦੇ ਸ਼ਕਤੀਸ਼ਾਲੀ ਦੂਤ ਹਮੇਸ਼ਾ ਉਸ ਦਾ ਸਾਥ ਦੇਣਗੇ।​—ਦਾਨੀ. 2:19-24; 10:12, 18, 19.

ਪਵਿੱਤਰ ਲਿਖਤਾਂ ਦਾ ਅਧਿਐਨ ਕਰ ਕੇ, ਪ੍ਰਾਰਥਨਾ ਕਰ ਕੇ ਅਤੇ ਯਹੋਵਾਹ ʼਤੇ ਭਰੋਸਾ ਰੱਖ ਕੇ ਦਾਨੀਏਲ ਦਲੇਰ ਬਣਿਆ (ਪੈਰਾ 7 ਦੇਖੋ)

7. ਹੋਰ ਕਿਹੜੀਆਂ ਗੱਲਾਂ ਕਰਕੇ ਦਾਨੀਏਲ ਦਲੇਰ ਬਣ ਸਕਿਆ? (ਤਸਵੀਰ ਵੀ ਦੇਖੋ।)

7 ਦਾਨੀਏਲ ਪਰਮੇਸ਼ੁਰ ਦੇ ਨਬੀਆਂ ਦੀਆਂ ਲਿਖਤਾਂ ਦਾ ਅਧਿਐਨ ਕਰਦਾ ਸੀ, ਜਿਵੇਂ ਕਿ ਯਿਰਮਿਯਾਹ ਦੀਆਂ ਭਵਿੱਖਬਾਣੀਆਂ ਦਾ। ਇਸ ਕਰਕੇ ਉਹ ਅੱਗੇ ਜਾ ਕੇ ਸਮਝ ਗਿਆ ਕਿ ਜਿਹੜੇ ਯਹੂਦੀ ਕਾਫ਼ੀ ਲੰਬੇ ਸਮੇਂ ਤੋਂ ਬਾਬਲ ਵਿਚ ਗ਼ੁਲਾਮ ਸਨ, ਉਨ੍ਹਾਂ ਨੂੰ ਛੇਤੀ ਹੀ ਰਿਹਾ ਕੀਤਾ ਜਾਵੇਗਾ। (ਦਾਨੀ. 9:2) ਜਦੋਂ ਦਾਨੀਏਲ ਨੇ ਦੇਖਿਆ ਕਿ ਬਾਈਬਲ ਦੀ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਸੀ, ਤਾਂ ਬਿਨਾਂ ਸ਼ੱਕ ਯਹੋਵਾਹ ʼਤੇ ਉਸ ਦਾ ਭਰੋਸਾ ਹੋਰ ਵੀ ਵਧ ਗਿਆ ਹੋਣਾ। ਇਸ ਕਰਕੇ ਦਾਨੀਏਲ ਹਰ ਹਾਲਾਤ ਵਿਚ ਦਲੇਰੀ ਦਿਖਾ ਸਕਿਆ। ਇਸ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੂੰ ਪਰਮੇਸ਼ੁਰ ʼਤੇ ਪੱਕਾ ਭਰੋਸਾ ਹੁੰਦਾ ਹੈ, ਉਹ ਹੋਰ ਵੀ ਦਲੇਰ ਬਣ ਸਕਦੇ ਹਨ। (ਰੋਮੀਆਂ 8:31, 32, 37-39 ਵਿਚ ਨੁਕਤਾ ਦੇਖੋ।) ਸਭ ਤੋਂ ਅਹਿਮ ਗੱਲ ਇਹ ਹੈ ਕਿ ਦਾਨੀਏਲ ਆਪਣੇ ਸਵਰਗੀ ਪਿਤਾ ਨੂੰ ਅਕਸਰ ਪ੍ਰਾਰਥਨਾ ਕਰਦਾ ਸੀ। (ਦਾਨੀ. 6:10) ਉਹ ਯਹੋਵਾਹ ਅੱਗੇ ਆਪਣੇ ਪਾਪ ਕਬੂਲ ਕਰਦਾ ਸੀ ਅਤੇ ਉਸ ਨੂੰ ਆਪਣੇ ਦਿਲ ਦੀ ਹਰ ਗੱਲ ਦੱਸਦਾ ਸੀ। ਨਾਲੇ ਉਹ ਪਰਮੇਸ਼ੁਰ ਤੋਂ ਮਦਦ ਵੀ ਮੰਗਦਾ ਸੀ। (ਦਾਨੀ. 9:4, 5, 19) ਦਾਨੀਏਲ ਵੀ ਸਾਡੇ ਵਰਗਾ ਸੀ ਜਿਸ ਕਰਕੇ ਉਹ ਜਨਮ ਤੋਂ ਹੀ ਦਲੇਰ ਨਹੀਂ ਸੀ। ਇਸ ਦੀ ਬਜਾਇ, ਉਸ ਨੇ ਪਵਿੱਤਰ ਲਿਖਤਾਂ ਦਾ ਅਧਿਐਨ ਕਰ ਕੇ, ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਅਤੇ ਉਸ ʼਤੇ ਭਰੋਸਾ ਕਰ ਕੇ ਇਹ ਗੁਣ ਆਪਣੇ ਵਿਚ ਪੈਦਾ ਕੀਤਾ।

8. ਅਸੀਂ ਦਲੇਰ ਕਿਵੇਂ ਬਣ ਸਕਦੇ ਹਾਂ?

8 ਅਸੀਂ ਦਲੇਰ ਕਿਵੇਂ ਬਣ ਸਕਦੇ ਹਾਂ? ਸ਼ਾਇਦ ਸਾਡੇ ਮਾਪੇ ਸਾਨੂੰ ਦਲੇਰ ਬਣਨ ਦੀ ਹੱਲਾਸ਼ੇਰੀ ਦੇਣ। ਭਾਵੇਂ ਕਿ ਉਹ ਖ਼ੁਦ ਦਲੇਰ ਹੋਣ, ਫਿਰ ਵੀ ਉਹ ਸਾਨੂੰ ਦਲੇਰ ਨਹੀਂ ਬਣਾ ਸਕਦੇ। ਸਾਨੂੰ ਖ਼ੁਦ ਇਹ ਗੁਣ ਪੈਦਾ ਕਰਨਾ ਪੈਣਾ। ਦਲੇਰ ਬਣਨਾ ਕੋਈ ਨਵਾਂ ਹੁਨਰ ਸਿੱਖਣ ਵਾਂਗ ਹੈ। ਕੋਈ ਹੁਨਰ ਸਿੱਖਣ ਦਾ ਇਕ ਤਰੀਕਾ ਹੈ ਕਿ ਅਸੀਂ ਸਿਖਾਉਣ ਵਾਲੇ ਨੂੰ ਧਿਆਨ ਨਾਲ ਦੇਖੀਏ ਅਤੇ ਜਿੱਦਾਂ ਉਹ ਕੰਮ ਕਰਦਾ ਹੈ, ਉੱਦਾਂ ਹੀ ਕਰਨ ਦੀ ਕੋਸ਼ਿਸ਼ ਕਰੀਏ। ਇਸੇ ਤਰ੍ਹਾਂ ਦਲੇਰੀ ਦਾ ਗੁਣ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਨੂੰ ਧਿਆਨ ਨਾਲ ਦੇਖੀਏ ਕਿ ਉਹ ਕਿਵੇਂ ਦਲੇਰੀ ਦਿਖਾਉਂਦੇ ਹਨ ਅਤੇ ਫਿਰ ਉਨ੍ਹਾਂ ਵਾਂਗ ਬਣਨ ਦੀ ਕੋਸ਼ਿਸ਼ ਕਰੀਏ। ਅਸੀਂ ਦਾਨੀਏਲ ਤੋਂ ਕੀ ਸਿੱਖਿਆ? ਸਾਨੂੰ ਵੀ ਦਾਨੀਏਲ ਵਾਂਗ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਨਾਲੇ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਕਾਇਮ ਕਰਨ ਲਈ ਸਾਨੂੰ ਉਸ ਨੂੰ ਦਿਲ ਖੋਲ੍ਹ ਕੇ ਅਤੇ ਬਾਕਾਇਦਾ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਯਹੋਵਾਹ ʼਤੇ ਭਰੋਸਾ ਰੱਖਣ ਦੀ ਵੀ ਲੋੜ ਹੈ ਅਤੇ ਇਹ ਯਕੀਨ ਕਰਨ ਦੀ ਲੋੜ ਹੈ ਕਿ ਯਹੋਵਾਹ ਹਮੇਸ਼ਾ ਸਾਡਾ ਸਾਥ ਦੇਵੇਗਾ। ਫਿਰ ਸਾਡੀ ਨਿਹਚਾ ਦੀ ਪਰਖ ਹੋਣ ʼਤੇ ਅਸੀਂ ਦਲੇਰੀ ਦਿਖਾ ਸਕਾਂਗੇ।

9. ਦਲੇਰ ਬਣਨ ਦੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

9 ਦਲੇਰ ਬਣਨ ਦੇ ਸਾਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਜ਼ਰਾ ਬੈੱਨ ਦੇ ਤਜਰਬੇ ʼਤੇ ਗੌਰ ਕਰੋ। ਉਹ ਜਰਮਨੀ ਦੇ ਇਕ ਸਕੂਲ ਵਿਚ ਪੜ੍ਹਦਾ ਸੀ ਜਿੱਥੇ ਸਾਰੇ ਜਣੇ ਵਿਕਾਸਵਾਦ ਦੀ ਸਿੱਖਿਆ ਨੂੰ ਮੰਨਦੇ ਸਨ। ਉਹ ਮੰਨਦੇ ਸਨ ਕਿ ਬਾਈਬਲ ਵਿਚ ਸ੍ਰਿਸ਼ਟੀ ਬਾਰੇ ਜੋ ਦੱਸਿਆ ਗਿਆ ਹੈ, ਉਹ ਕਥਾ-ਕਹਾਣੀਆਂ ਹੀ ਹਨ। ਇਕ ਵਾਰ ਬੈੱਨ ਨੂੰ ਪੂਰੀ ਕਲਾਸ ਦੇ ਸਾਮ੍ਹਣੇ ਇਹ ਦੱਸਣ ਦਾ ਮੌਕਾ ਮਿਲਿਆ ਕਿ ਉਹ ਕਿਉਂ ਮੰਨਦਾ ਹੈ ਕਿ ਸਾਰਾ ਕੁਝ ਪਰਮੇਸ਼ੁਰ ਨੇ ਬਣਾਇਆ ਹੈ। ਉਸ ਨੇ ਦਲੇਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸਿਆ। ਇਸ ਦਾ ਕੀ ਨਤੀਜਾ ਨਿਕਲਿਆ? ਬੈੱਨ ਦੱਸਦਾ ਹੈ: “ਮੇਰੇ ਸਰ ਨੇ ਬੜੇ ਧਿਆਨ ਨਾਲ ਮੇਰੀ ਗੱਲ ਸੁਣੀ। ਨਾਲੇ ਮੈਂ ਜਿਸ ਜਾਣਕਾਰੀ ਦੇ ਆਧਾਰ ʼਤੇ ਆਪਣੀ ਗੱਲ ਕਹੀ ਸੀ, ਮੇਰੇ ਸਰ ਨੇ ਉਸ ਦੀਆਂ ਕਈ ਕਾਪੀਆਂ ਬਣਾਈਆਂ ਅਤੇ ਕਲਾਸ ਦੇ ਹਰ ਬੱਚੇ ਨੂੰ ਇਕ-ਇਕ ਕਾਪੀ ਦਿੱਤੀ।” ਬੈੱਨ ਦੀ ਕਲਾਸ ਦੇ ਬੱਚਿਆਂ ਦਾ ਕੀ ਰਵੱਈਆ ਸੀ? ਬੈੱਨ ਕਹਿੰਦਾ ਹੈ: “ਮੇਰੀ ਕਲਾਸ ਦੇ ਕਈ ਬੱਚਿਆਂ ਨੇ ਧਿਆਨ ਨਾਲ ਮੇਰੀ ਗੱਲ ਸੁਣੀ ਅਤੇ ਮੇਰੀ ਤਾਰੀਫ਼ ਕੀਤੀ।” ਬੈੱਨ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਦਲੇਰ ਲੋਕਾਂ ਦਾ ਅਕਸਰ ਦੂਜੇ ਆਦਰ ਕਰਦੇ ਹਨ। ਨਾਲੇ ਸ਼ਾਇਦ ਇਨ੍ਹਾਂ ਕਰਕੇ ਨੇਕਦਿਲ ਲੋਕ ਯਹੋਵਾਹ ਵੱਲ ਖਿੱਚੇ ਆਉਣ। ਤਾਂ ਫਿਰ ਕਿਉਂ ਨਾ ਅਸੀਂ ਸਾਰੇ ਜਣੇ ਦਲੇਰ ਬਣਨ ਦੀ ਕੋਸ਼ਿਸ਼ ਕਰੀਏ?

ਦਾਨੀਏਲ ਵਾਂਗ ਵਫ਼ਾਦਾਰ ਬਣੋ

10. ਵਫ਼ਾਦਾਰੀ ਦਾ ਕੀ ਮਤਲਬ ਹੈ?

10 ਬਾਈਬਲ ਵਿਚ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਵਫ਼ਾਦਾਰੀ” ਜਾਂ “ਅਟੱਲ ਪਿਆਰ” ਕੀਤਾ ਗਿਆ ਹੈ, ਉਹ ਅਕਸਰ ਇਹ ਦੱਸਣ ਲਈ ਕੀਤਾ ਜਾਂਦਾ ਹੈ ਕਿ ਪਰਮੇਸ਼ੁਰ ਨੂੰ ਆਪਣੇ ਸੇਵਕਾਂ ਨਾਲ ਗਹਿਰਾ ਲਗਾਅ ਤੇ ਪਿਆਰ ਹੈ। ਇਹੀ ਸ਼ਬਦ ਪਰਮੇਸ਼ੁਰ ਦੇ ਸੇਵਕਾਂ ਦੇ ਆਪਸੀ ਪਿਆਰ ਨੂੰ ਦਰਸਾਉਣ ਲਈ ਵੀ ਵਰਤਿਆ ਗਿਆ ਹੈ। (2 ਸਮੂ. 9:6, 7) ਸਮੇਂ ਦੇ ਬੀਤਣ ਨਾਲ ਕਿਸੇ ਦੇ ਵਫ਼ਾਦਾਰ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋ ਸਕਦਾ ਹੈ। ਆਓ ਆਪਾਂ ਦੇਖੀਏ ਕਿ ਦਾਨੀਏਲ ਨਬੀ ਦੇ ਮਾਮਲੇ ਵਿਚ ਇਹ ਗੱਲ ਕਿਵੇਂ ਸੱਚ ਸਾਬਤ ਹੋਈ।

ਯਹੋਵਾਹ ਨੇ ਦਾਨੀਏਲ ਦੀ ਵਫ਼ਾਦਾਰੀ ਦਾ ਇਨਾਮ ਦੇਣ ਲਈ ਇਕ ਦੂਤ ਨੂੰ ਘੱਲਿਆ ਅਤੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ (ਪੈਰਾ 11 ਦੇਖੋ)

11. ਸਿਆਣੀ ਉਮਰ ਵਿਚ ਦਾਨੀਏਲ ਦੀ ਵਫ਼ਾਦਾਰੀ ਦੀ ਪਰਖ ਕਿਵੇਂ ਹੋਈ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)

11 ਦਾਨੀਏਲ ਦੀ ਯਹੋਵਾਹ ਪ੍ਰਤੀ ਵਫ਼ਾਦਾਰੀ ਦੀ ਪਰਖ ਉਮਰ ਭਰ ਹੁੰਦੀ ਰਹੀ। ਪਰ ਉਸ ਦੀ ਵਫ਼ਾਦਾਰੀ ਦੀ ਸਭ ਤੋਂ ਵੱਡੀ ਪਰਖ ਉਦੋਂ ਹੋਈ ਜਦੋਂ ਉਹ 90 ਤੋਂ ਵੀ ਜ਼ਿਆਦਾ ਸਾਲਾਂ ਦਾ ਸੀ। ਉਸ ਸਮੇਂ ਤਕ ਮਾਦੀ-ਫ਼ਾਰਸੀ ਲੋਕਾਂ ਨੇ ਬਾਬਲ ʼਤੇ ਕਬਜ਼ਾ ਕਰ ਲਿਆ ਸੀ ਅਤੇ ਉੱਥੇ ਰਾਜਾ ਦਾਰਾ ਹਕੂਮਤ ਕਰਨ ਲੱਗ ਪਿਆ ਸੀ। ਉਸ ਦੇ ਰਾਜ ਦੇ ਦਰਬਾਰੀ ਦਾਨੀਏਲ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਨਾ ਹੀ ਉਹ ਦਾਨੀਏਲ ਦੇ ਪਰਮੇਸ਼ੁਰ ਦੀ ਕੋਈ ਇੱਜ਼ਤ ਕਰਦੇ ਸਨ। ਇਸ ਲਈ ਉਨ੍ਹਾਂ ਨੇ ਦਾਨੀਏਲ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ। ਉਨ੍ਹਾਂ ਨੇ ਰਾਜੇ ਤੋਂ ਇਕ ਫ਼ਰਮਾਨ ਜਾਰੀ ਕਰਵਾਇਆ ਜਿਸ ਤੋਂ ਇਸ ਗੱਲ ਦੀ ਪਰਖ ਹੋਣੀ ਸੀ ਕਿ ਦਾਨੀਏਲ ਰਾਜੇ ਦਾ ਵਫ਼ਾਦਾਰ ਰਹੇਗਾ ਜਾਂ ਆਪਣੇ ਪਰਮੇਸ਼ੁਰ ਦਾ। ਜੇ ਦਾਨੀਏਲ 30 ਦਿਨਾਂ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਛੱਡ ਦਿੰਦਾ, ਤਾਂ ਸੌਖਿਆਂ ਹੀ ਸਾਬਤ ਹੋ ਜਾਣਾ ਸੀ ਕਿ ਉਹ ਰਾਜੇ ਦਾ ਵਫ਼ਾਦਾਰ ਹੈ ਅਤੇ ਬਾਕੀ ਲੋਕਾਂ ਵਾਂਗ ਹੀ ਹੈ। ਪਰ ਇਸ ਵਾਰ ਵੀ ਦਾਨੀਏਲ ਨੇ ਸਮਝੌਤਾ ਨਹੀਂ ਕੀਤਾ। ਨਤੀਜੇ ਵਜੋਂ, ਉਸ ਨੂੰ ਸ਼ੇਰਾਂ ਦੇ ਘੁਰਨੇ ਵਿਚ ਸੁੱਟ ਦਿੱਤਾ ਗਿਆ। ਪਰ ਯਹੋਵਾਹ ਨੇ ਦਾਨੀਏਲ ਨੂੰ ਸ਼ੇਰਾਂ ਦੇ ਮੂੰਹੋਂ ਬਚਾ ਕੇ ਉਸ ਦੀ ਵਫ਼ਾਦਾਰੀ ਦਾ ਇਨਾਮ ਦਿੱਤਾ। (ਦਾਨੀ. 6:12-15, 20-22) ਵਫ਼ਾਦਾਰੀ ਦੀ ਪਰਖ ਹੋਣ ʼਤੇ ਅਸੀਂ ਦਾਨੀਏਲ ਵਾਂਗ ਯਹੋਵਾਹ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ?

12. ਦਾਨੀਏਲ ਯਹੋਵਾਹ ਪ੍ਰਤੀ ਵਫ਼ਾਦਾਰ ਕਿਉਂ ਰਹਿ ਸਕਿਆ?

12 ਜਿੱਦਾਂ ਪਹਿਲਾਂ ਜ਼ਿਕਰ ਕੀਤਾ ਗਿਆ ਸੀ ਕਿ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਲਈ ਸਾਡੇ ਦਿਲ ਵਿਚ ਉਸ ਲਈ ਗਹਿਰਾ ਪਿਆਰ ਹੋਣਾ ਚਾਹੀਦਾ ਹੈ। ਦਾਨੀਏਲ ਹਰ ਹਾਲਾਤ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ ਕਿਉਂਕਿ ਉਹ ਆਪਣੇ ਸਵਰਗੀ ਪਿਤਾ ਨੂੰ ਬੇਹੱਦ ਪਿਆਰ ਕਰਦਾ ਸੀ। ਉਹ ਆਪਣਾ ਪਿਆਰ ਕਿਵੇਂ ਗੂੜ੍ਹਾ ਕਰ ਸਕਿਆ? ਬਿਨਾਂ ਸ਼ੱਕ, ਦਾਨੀਏਲ ਸੋਚਦਾ ਹੋਣਾ ਕਿ ਯਹੋਵਾਹ ਵਿਚ ਕਿਹੜੇ-ਕਿਹੜੇ ਗੁਣ ਹਨ ਅਤੇ ਉਸ ਨੇ ਇਹ ਗੁਣ ਕਿਵੇਂ ਦਿਖਾਏ ਹਨ। (ਦਾਨੀ. 9:4) ਨਾਲੇ ਉਹ ਇਹ ਵੀ ਸੋਚ-ਵਿਚਾਰ ਕਰਦਾ ਹੋਣਾ ਕਿ ਯਹੋਵਾਹ ਨੇ ਉਸ ਲਈ ਤੇ ਆਪਣੇ ਲੋਕਾਂ ਲਈ ਕਿਹੜੇ ਵਧੀਆ ਕੰਮ ਕੀਤੇ ਹਨ ਅਤੇ ਉਹ ਇਨ੍ਹਾਂ ਲਈ ਸ਼ੁਕਰਗੁਜ਼ਾਰ ਹੁੰਦਾ ਹੋਣਾ।​—ਦਾਨੀ. 2:20-23; 9:15, 16.

ਦਾਨੀਏਲ ਵਾਂਗ ਯਹੋਵਾਹ ਨਾਲ ਪਿਆਰ ਗੂੜ੍ਹਾ ਹੋਣ ਕਰਕੇ ਅਸੀਂ ਹਰ ਹਾਲਾਤ ਵਿਚ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਾਂ (ਪੈਰਾ 13 ਦੇਖੋ)

13. (ੳ) ਕਿਨ੍ਹਾਂ ਹਾਲਾਤਾਂ ਵਿਚ ਸਾਡੇ ਨੌਜਵਾਨ ਭੈਣਾਂ-ਭਰਾਵਾਂ ਦੀ ਵਫ਼ਾਦਾਰੀ ਦੀ ਪਰਖ ਹੋ ਸਕਦੀ ਹੈ? ਇਕ ਉਦਾਹਰਣ ਦਿਓ। (ਤਸਵੀਰ ਵੀ ਦੇਖੋ।) (ਅ) ਜਿੱਦਾਂ ਵੀਡੀਓ ਵਿਚ ਦਿਖਾਇਆ ਗਿਆ ਹੈ, ਜੇ ਕੋਈ ਤੁਹਾਨੂੰ ਪੁੱਛੇ ਕਿ ਕੀ ਯਹੋਵਾਹ ਦੇ ਗਵਾਹ ਸਮਲਿੰਗੀ ਲੋਕਾਂ ਦਾ ਸਾਥ ਦਿੰਦੇ ਹਨ, ਤਾਂ ਤੁਸੀਂ ਕੀ ਕਹਿ ਸਕਦੇ ਹੋ?

13 ਦਾਨੀਏਲ ਵਾਂਗ ਸਾਡੇ ਨੌਜਵਾਨ ਭੈਣਾਂ-ਭਰਾਵਾਂ ਨੂੰ ਵੀ ਅਜਿਹੇ ਲੋਕਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜੋ ਯਹੋਵਾਹ ਅਤੇ ਉਸ ਦੇ ਮਿਆਰਾਂ ਦੀ ਜ਼ਰਾ ਵੀ ਕਦਰ ਨਹੀਂ ਕਰਦੇ। ਅਜਿਹੇ ਲੋਕ ਸ਼ਾਇਦ ਉਨ੍ਹਾਂ ਲੋਕਾਂ ਨੂੰ ਬਿਲਕੁਲ ਪਸੰਦ ਨਾ ਕਰਨ ਜੋ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ। ਨਾਲੇ ਕੁਝ ਲੋਕ ਤਾਂ ਸਾਡੇ ਨੌਜਵਾਨਾਂ ਨੂੰ ਇੰਨਾ ਪਰੇਸ਼ਾਨ ਕਰਦੇ ਹਨ ਕਿ ਉਨ੍ਹਾਂ ਲਈ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਜ਼ਰਾ ਧਿਆਨ ਦਿਓ ਕਿ ਆਸਟ੍ਰੇਲੀਆ ਦੇ ਰਹਿਣ ਵਾਲੇ ਇਕ ਨੌਜਵਾਨ ਗ੍ਰੇਹਮ ਨਾਲ ਕੀ ਹੋਇਆ। ਸਕੂਲ ਵਿਚ ਹੁੰਦਿਆਂ ਉਸ ਨੂੰ ਇਕ ਮੁਸ਼ਕਲ ਹਾਲਾਤ ਦਾ ਸਾਮ੍ਹਣਾ ਕਰਨਾ ਪਿਆ। ਇਕ ਵਾਰ ਇਕ ਮੈਡਮ ਨੇ ਕਲਾਸ ਦੇ ਸਾਰੇ ਬੱਚਿਆਂ ਨੂੰ ਪੁੱਛਿਆ ਕਿ ਜੇ ਤੁਹਾਡਾ ਕੋਈ ਦੋਸਤ ਤੁਹਾਨੂੰ ਕਹੇ ਕਿ ਉਹ ਸਮਲਿੰਗੀ ਹੈ, ਤਾਂ ਤੁਸੀਂ ਕੀ ਕਰੋਗੇ? ਫਿਰ ਮੈਡਮ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਲੱਗਦਾ ਹੈ ਕਿ ਸਮਲਿੰਗੀ ਹੋਣ ਵਿਚ ਕੋਈ ਬੁਰਾਈ ਨਹੀਂ ਹੈ, ਉਹ ਇਕ ਪਾਸੇ ਖੜ੍ਹੇ ਹੋ ਜਾਣ ਅਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਗ਼ਲਤ ਹੈ, ਉਹ ਦੂਜੇ ਪਾਸੇ। ਗ੍ਰੇਹਮ ਦੱਸਦਾ ਹੈ: “ਮੈਨੂੰ ਅਤੇ ਇਕ ਹੋਰ ਗਵਾਹ ਨੂੰ ਛੱਡ ਕੇ ਬਾਕੀ ਸਾਰੇ ਬੱਚੇ ਇਕ ਪਾਸੇ ਜਾ ਕੇ ਖੜ੍ਹੇ ਹੋ ਗਏ। ਉਨ੍ਹਾਂ ਨੂੰ ਲੱਗਦਾ ਸੀ ਕਿ ਸਮਲਿੰਗੀ ਹੋਣ ਵਿਚ ਕੋਈ ਬੁਰਾਈ ਨਹੀਂ ਹੈ।” ਇਸ ਤੋਂ ਬਾਅਦ ਜੋ ਹੋਇਆ, ਉਸ ਕਰਕੇ ਗ੍ਰੇਹਮ ਦੀ ਯਹੋਵਾਹ ਪ੍ਰਤੀ ਵਫ਼ਾਦਾਰੀ ਦੀ ਅਸਲੀ ਪਰਖ ਹੋਈ। ਉਹ ਦੱਸਦਾ ਹੈ: “ਇਹ ਕਲਾਸ ਇਕ ਘੰਟੇ ਦੀ ਸੀ। ਇਹ ਸਾਰਾ ਕੁਝ ਹੋਣ ਤੋਂ ਬਾਅਦ ਪੂਰੀ ਕਲਾਸ ਦੇ ਬੱਚੇ ਅਤੇ ਇੱਥੋਂ ਤਕ ਕਿ ਮੈਡਮ ਵੀ ਸਾਡਾ ਮਜ਼ਾਕ ਉਡਾਉਂਦੇ ਰਹੇ। ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਵਿਸ਼ਵਾਸਾਂ ਬਾਰੇ ਉਨ੍ਹਾਂ ਨੂੰ ਪਿਆਰ ਨਾਲ ਸਮਝਾਵਾਂ, ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ।” ਉਸ ਵੇਲੇ ਗ੍ਰੇਹਮ ਨੂੰ ਕਿੱਦਾਂ ਲੱਗਾ? ਉਹ ਦੱਸਦਾ ਹੈ: “ਉਨ੍ਹਾਂ ਨੇ ਮੈਨੂੰ ਜੋ ਬੁਰਾ-ਭਲਾ ਕਿਹਾ, ਉਹ ਮੈਨੂੰ ਚੰਗਾ ਤਾਂ ਨਹੀਂ ਲੱਗਾ, ਪਰ ਮੈਂ ਇਸ ਗੱਲੋਂ ਖ਼ੁਸ਼ ਸੀ ਕਿ ਮੈਂ ਯਹੋਵਾਹ ਦੇ ਵਫ਼ਾਦਾਰ ਰਹਿ ਸਕਿਆ ਅਤੇ ਮੈਂ ਆਪਣੇ ਵਿਸ਼ਵਾਸਾਂ ਬਾਰੇ ਉਨ੍ਹਾਂ ਨੂੰ ਦੱਸ ਸਕਿਆ।” d

14. ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਇਕ ਤਰੀਕਾ ਕਿਹੜਾ ਹੈ?

14 ਜੇ ਅਸੀਂ ਦਾਨੀਏਲ ਵਾਂਗ ਯਹੋਵਾਹ ਲਈ ਆਪਣਾ ਪਿਆਰ ਗੂੜ੍ਹਾ ਕਰਾਂਗੇ, ਤਾਂ ਅਸੀਂ ਵੀ ਯਹੋਵਾਹ ਦੇ ਵਫ਼ਾਦਾਰ ਰਹਿ ਸਕਾਂਗੇ। ਉਸ ਨਾਲ ਆਪਣਾ ਪਿਆਰ ਗੂੜ੍ਹਾ ਕਰਨ ਦਾ ਇਕ ਤਰੀਕਾ ਹੈ, ਉਸ ਦੇ ਗੁਣਾਂ ਬਾਰੇ ਸਿੱਖਣਾ। ਇੱਦਾਂ ਕਰਨ ਲਈ ਅਸੀਂ ਉਸ ਦੀਆਂ ਬਣਾਈਆਂ ਚੀਜ਼ਾਂ ਦਾ ਅਧਿਐਨ ਕਰ ਸਕਦੇ ਹਾਂ। (ਰੋਮੀ. 1:20) ਅਸੀਂ ਜਿੰਨਾ ਜ਼ਿਆਦਾ ਇੱਦਾਂ ਕਰਾਂਗੇ, ਯਹੋਵਾਹ ਲਈ ਸਾਡਾ ਪਿਆਰ ਉੱਨਾ ਜ਼ਿਆਦਾ ਗੂੜ੍ਹਾ ਹੋਵੇਗਾ ਅਤੇ ਉਸ ਲਈ ਸਾਡੇ ਦਿਲ ਵਿਚ ਸ਼ਰਧਾ ਹੋਰ ਵਧੇਗੀ। ਅਧਿਐਨ ਕਰਨ ਲਈ ਤੁਸੀਂ “ਇਹ ਕਿਸ ਦਾ ਕਮਾਲ ਹੈ?” ਨਾਂ ਦੇ ਲੜੀਵਾਰ ਲੇਖ ਪੜ੍ਹ ਸਕਦੇ ਹੋ ਜਾਂ ਵੀਡੀਓ ਦੇਖ ਸਕਦੇ ਹੋ। ਜਾਂ ਫਿਰ ਤੁਸੀਂ ਕੀ ਸ੍ਰਿਸ਼ਟੀ ਰੱਬ ਦੇ ਹੱਥਾਂ ਦਾ ਕਮਾਲ ਹੈ? (ਅੰਗ੍ਰੇਜ਼ੀ) ਅਤੇ ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਬਰੋਸ਼ਰ ਪੜ੍ਹ ਸਕਦੇ ਹੋ। ਧਿਆਨ ਦਿਓ ਕਿ ਇਨ੍ਹਾਂ ਪ੍ਰਕਾਸ਼ਨਾਂ ਬਾਰੇ ਡੈਨਮਾਰਕ ਦੀ ਰਹਿਣ ਵਾਲੀ ਇਕ ਨੌਜਵਾਨ ਭੈਣ ਐਸਤਰ ਕੀ ਕਹਿੰਦੀ ਹੈ: “ਇਨ੍ਹਾਂ ਬਰੋਸ਼ਰਾਂ ਵਿਚ ਦਿੱਤੀ ਜਾਣਕਾਰੀ ਬਹੁਤ ਹੀ ਕਮਾਲ ਦੀ ਹੈ। ਇਨ੍ਹਾਂ ਵਿਚ ਇਹ ਨਹੀਂ ਦੱਸਿਆ ਗਿਆ ਕਿ ਤੁਹਾਨੂੰ ਕੀ ਮੰਨਣਾ ਚਾਹੀਦਾ ਹੈ ਅਤੇ ਕੀ ਨਹੀਂ, ਸਗੋਂ ਇਨ੍ਹਾਂ ਵਿਚ ਸਹੀ-ਸਹੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਦੇ ਆਧਾਰ ʼਤੇ ਤੁਸੀਂ ਆਪ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਕੀ ਮੰਨੋਗੇ।” ਪਹਿਲਾਂ ਜ਼ਿਕਰ ਕੀਤਾ ਗਿਆ ਬੈੱਨ ਦੱਸਦਾ ਹੈ: “ਇਹ ਜਾਣਕਾਰੀ ਪੜ੍ਹ ਕੇ ਮੇਰੀ ਨਿਹਚਾ ਹੋਰ ਮਜ਼ਬੂਤ ਹੋਈ ਹੈ। ਇਸ ਤੋਂ ਮੈਨੂੰ ਯਕੀਨ ਹੋਇਆ ਕਿ ਪਰਮੇਸ਼ੁਰ ਨੇ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ।” ਇਨ੍ਹਾਂ ਪ੍ਰਕਾਸ਼ਨਾਂ ਵਿਚ ਦਿੱਤੀ ਜਾਣਕਾਰੀ ਪੜ੍ਹ ਕੇ ਤੁਸੀਂ ਵੀ ਬਾਈਬਲ ਵਿਚ ਲਿਖੀ ਇਸ ਗੱਲ ਨਾਲ ਸਹਿਮਤ ਹੋਵੋਗੇ: “ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ, ਆਦਰ ਅਤੇ ਤਾਕਤ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਸਿਰਜੀਆਂ ਅਤੇ ਇਹ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਸਿਰਜੀਆਂ ਗਈਆਂ।”​—ਪ੍ਰਕਾ. 4:11. e

15. ਯਹੋਵਾਹ ਲਈ ਆਪਣਾ ਪਿਆਰ ਗੂੜ੍ਹਾ ਕਰਨ ਦਾ ਇਕ ਹੋਰ ਤਰੀਕਾ ਕਿਹੜਾ ਹੈ?

15 ਯਹੋਵਾਹ ਲਈ ਆਪਣਾ ਪਿਆਰ ਗੂੜ੍ਹਾ ਕਰਨ ਦਾ ਇਕ ਹੋਰ ਤਰੀਕਾ ਹੈ, ਉਸ ਦੇ ਪੁੱਤਰ ਯਿਸੂ ਦੀ ਜ਼ਿੰਦਗੀ ਬਾਰੇ ਗਹਿਰਾਈ ਨਾਲ ਅਧਿਐਨ ਕਰਨਾ। ਜਰਮਨੀ ਵਿਚ ਰਹਿਣ ਵਾਲੀ ਇਕ ਨੌਜਵਾਨ ਭੈਣ ਸਮੀਰਾ ਨੇ ਇੱਦਾਂ ਹੀ ਕੀਤਾ। ਉਹ ਦੱਸਦੀ ਹੈ: “ਯਿਸੂ ਦੇ ਜ਼ਰੀਏ ਮੈਂ ਯਹੋਵਾਹ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕੀ।” ਛੋਟੇ ਹੁੰਦਿਆਂ ਸਮੀਰਾ ਨੂੰ ਇਹ ਸਮਝਣਾ ਔਖਾ ਲੱਗਦਾ ਸੀ ਕਿ ਯਹੋਵਾਹ ਵਿਚ ਭਾਵਨਾਵਾਂ ਹਨ। ਪਰ ਜਦੋਂ ਯਿਸੂ ਦੀ ਗੱਲ ਆਉਂਦੀ ਸੀ, ਤਾਂ ਉਹ ਸਮਝ ਜਾਂਦੀ ਸੀ ਕਿ ਉਹ ਕਿੱਦਾਂ ਮਹਿਸੂਸ ਕਰਦਾ ਹੋਣਾ। ਉਹ ਅੱਗੇ ਦੱਸਦੀ ਹੈ: “ਮੈਨੂੰ ਬਹੁਤ ਚੰਗਾ ਲੱਗਦਾ ਸੀ ਕਿ ਧਰਤੀ ʼਤੇ ਹੁੰਦਿਆਂ ਯਿਸੂ ਲੋਕਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਸੀ ਅਤੇ ਬੱਚਿਆਂ ਨੂੰ ਪਿਆਰ ਕਰਦਾ ਸੀ।” ਉਸ ਨੇ ਜਿੰਨਾ ਜ਼ਿਆਦਾ ਯਿਸੂ ਬਾਰੇ ਸਿੱਖਿਆ, ਉਹ ਉੱਨਾ ਜ਼ਿਆਦਾ ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰ ਸਕੀ। ਕਿਉਂ? ਉਹ ਦੱਸਦੀ ਹੈ: “ਮੈਨੂੰ ਹੌਲੀ-ਹੌਲੀ ਸਮਝ ਆਉਣ ਲੱਗ ਪਈ ਕਿ ਯਿਸੂ ਹੂ-ਬਹੂ ਆਪਣੇ ਪਿਤਾ ਦੀ ਰੀਸ ਕਰਦਾ ਹੈ। ਉਹ ਦੋਵੇਂ ਇੱਕੋ ਜਿਹੇ ਹਨ। ਮੈਨੂੰ ਅਹਿਸਾਸ ਹੋਇਆ ਕਿ ਯਿਸੂ ਨੂੰ ਧਰਤੀ ʼਤੇ ਭੇਜਣ ਦਾ ਇਕ ਕਾਰਨ ਸੀ ਕਿ ਇਨਸਾਨ ਯਹੋਵਾਹ ਬਾਰੇ ਚੰਗੀ ਤਰ੍ਹਾਂ ਜਾਣ ਸਕਣ।” (ਯੂਹੰ. 14:9) ਜੇ ਤੁਸੀਂ ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰਨੀ ਚਾਹੁੰਦੇ ਹੋ, ਤਾਂ ਕਿਉਂ ਨਾ ਤੁਸੀਂ ਯਿਸੂ ਬਾਰੇ ਹੋਰ ਜ਼ਿਆਦਾ ਸਿੱਖੋ? ਇੱਦਾਂ ਕਰਨ ਕਰਕੇ ਯਹੋਵਾਹ ਲਈ ਤੁਹਾਡਾ ਪਿਆਰ ਗੂੜ੍ਹਾ ਹੋਵੇਗਾ ਅਤੇ ਉਸ ਪ੍ਰਤੀ ਵਫ਼ਾਦਾਰ ਰਹਿਣ ਦਾ ਤੁਹਾਡਾ ਇਰਾਦਾ ਹੋਰ ਪੱਕਾ ਹੋਵੇਗਾ।

16. ਸਾਨੂੰ ਯਹੋਵਾਹ ਦੇ ਵਫ਼ਾਦਾਰ ਕਿਉਂ ਰਹਿਣਾ ਚਾਹੀਦਾ ਹੈ? (ਜ਼ਬੂਰ 18:25; ਮੀਕਾਹ 6:8)

16 ਦੂਜਿਆਂ ਦੇ ਵਫ਼ਾਦਾਰ ਰਹਿਣ ਵਾਲਿਆਂ ਦੇ ਅਕਸਰ ਚੰਗੇ ਦੋਸਤ ਬਣ ਜਾਂਦੇ ਹਨ ਅਤੇ ਉਹ ਉਨ੍ਹਾਂ ਦਾ ਸਾਥ ਹਮੇਸ਼ਾ ਦਿੰਦੇ ਹਨ। (ਰੂਥ 1:14-17) ਨਾਲੇ ਜੋ ਲੋਕ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਨ, ਉਨ੍ਹਾਂ ਨੂੰ ਮਨ ਦੀ ਸ਼ਾਂਤੀ ਅਤੇ ਸਕੂਨ ਮਿਲਦਾ ਹੈ। ਕਿਉਂ? ਕਿਉਂਕਿ ਯਹੋਵਾਹ ਵਾਅਦਾ ਕਰਦਾ ਹੈ ਕਿ ਉਸ ਪ੍ਰਤੀ ਵਫ਼ਾਦਾਰ ਰਹਿਣ ਵਾਲਿਆਂ ਨਾਲ ਉਹ ਵਫ਼ਾਦਾਰੀ ਨਿਭਾਵੇਗਾ। (ਜ਼ਬੂਰ 18:25; ਮੀਕਾਹ 6:8 ਪੜ੍ਹੋ।) ਜ਼ਰਾ ਸੋਚੋ ਕਿ ਪੂਰੇ ਜਹਾਨ ਨੂੰ ਬਣਾਉਣ ਵਾਲੇ ਸਰਬਸ਼ਕਤੀਮਾਨ ਪਰਮੇਸ਼ੁਰ ਸਾਮ੍ਹਣੇ ਅਸੀਂ ਇਨਸਾਨ ਕਿੰਨੇ ਛੋਟੇ ਹਾਂ, ਫਿਰ ਵੀ ਉਹ ਸਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ। ਨਾਲੇ ਜਦੋਂ ਉਸ ਨਾਲ ਸਾਡੀ ਦੋਸਤੀ ਪੱਕੀ ਹੁੰਦੀ ਹੈ, ਤਾਂ ਨਾ ਕੋਈ ਅਜ਼ਮਾਇਸ਼, ਨਾ ਕੋਈ ਵਿਰੋਧੀ ਅਤੇ ਇੱਥੋਂ ਤਕ ਕਿ ਮੌਤ ਵੀ ਉਸ ਨੂੰ ਤੋੜ ਨਹੀਂ ਸਕਦੀ। (ਦਾਨੀ. 12:13; ਲੂਕਾ 20:37, 38; ਰੋਮੀ. 8:38, 39) ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਦਾਨੀਏਲ ਦੀ ਰੀਸ ਕਰੀਏ ਅਤੇ ਹਮੇਸ਼ਾ ਯਹੋਵਾਹ ਦੇ ਵਫ਼ਾਦਾਰ ਰਹੀਏ!

ਦਾਨੀਏਲ ਤੋਂ ਸਿੱਖਦੇ ਰਹੋ

17-18. ਦਾਨੀਏਲ ਤੋਂ ਅਸੀਂ ਹੋਰ ਕੀ ਸਿੱਖ ਸਕਦੇ ਹਾਂ?

17 ਇਸ ਲੇਖ ਵਿਚ ਅਸੀਂ ਦਾਨੀਏਲ ਦੇ ਸਿਰਫ਼ ਦੋ ਗੁਣਾਂ ʼਤੇ ਚਰਚਾ ਕੀਤੀ। ਪਰ ਅਸੀਂ ਉਸ ਤੋਂ ਹੋਰ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਉਦਾਹਰਣ ਲਈ, ਯਹੋਵਾਹ ਨੇ ਦਾਨੀਏਲ ਨੂੰ ਬਹੁਤ ਸਾਰੇ ਦਰਸ਼ਣ ਤੇ ਸੁਪਨੇ ਦਿਖਾਏ ਅਤੇ ਉਸ ਨੂੰ ਭਵਿੱਖਬਾਣੀਆਂ ਦਾ ਮਤਲਬ ਸਮਝਾਉਣ ਦੀ ਕਾਬਲੀਅਤ ਵੀ ਦਿੱਤੀ। ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਨਾਲੇ ਕਈ ਭਵਿੱਖਬਾਣੀਆਂ ਵਿਚ ਅੱਗੇ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦਾ ਅਸਰ ਹਰ ਇਨਸਾਨ ʼਤੇ ਪਵੇਗਾ।

18 ਅਗਲੇ ਲੇਖ ਵਿਚ ਅਸੀਂ ਦਾਨੀਏਲ ਦੁਆਰਾ ਦਰਜ ਕੀਤੀਆਂ ਦੋ ਭਵਿੱਖਬਾਣੀਆਂ ʼਤੇ ਚਰਚਾ ਕਰਾਂਗੇ। ਇਨ੍ਹਾਂ ਨੂੰ ਸਮਝ ਕੇ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੋ ਸਕਦਾ ਹੈ, ਫਿਰ ਚਾਹੇ ਅਸੀਂ ਜਵਾਨ ਹੋਈਏ ਜਾਂ ਸਿਆਣੀ ਉਮਰ ਦੇ। ਨਾਲੇ ਭਵਿੱਖਬਾਣੀਆਂ ਦੀ ਸਹੀ ਸਮਝ ਹੋਣ ਕਰਕੇ ਅਸੀਂ ਹੁਣ ਸਹੀ ਫ਼ੈਸਲੇ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਇਨ੍ਹਾਂ ਭਵਿੱਖਬਾਣੀਆਂ ਕਰਕੇ ਦਲੇਰ ਤੇ ਵਫ਼ਾਦਾਰ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋ ਸਕਦਾ ਹੈ। ਇਸ ਕਰਕੇ ਅਸੀਂ ਭਵਿੱਖ ਵਿਚ ਪਰੀਖਿਆਵਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਸਕਦੇ ਹਾਂ।

ਗੀਤ 119 ਨਿਹਚਾ ਨਾਲ ਚੱਲੋ

a ਅੱਜ ਯਹੋਵਾਹ ਦੇ ਨੌਜਵਾਨ ਸੇਵਕਾਂ ਸਾਮ੍ਹਣੇ ਇੱਦਾਂ ਦੇ ਕਈ ਹਾਲਾਤ ਖੜ੍ਹੇ ਹੁੰਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਲਈ ਦਲੇਰੀ ਦਿਖਾਉਣੀ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਔਖਾ ਹੋ ਸਕਦਾ ਹੈ। ਉਹ ਮੰਨਦੇ ਹਨ ਕਿ ਪਰਮੇਸ਼ੁਰ ਨੇ ਹੀ ਸਾਰਾ ਕੁਝ ਬਣਾਇਆ ਹੈ, ਇਸ ਕਰਕੇ ਸ਼ਾਇਦ ਉਨ੍ਹਾਂ ਦੀ ਕਲਾਸ ਦੇ ਬੱਚੇ ਉਨ੍ਹਾਂ ਦਾ ਮਜ਼ਾਕ ਉਡਾਉਣ। ਜਾਂ ਫਿਰ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਣ ਕਰਕੇ ਸ਼ਾਇਦ ਦੂਜੇ ਬੱਚੇ ਉਨ੍ਹਾਂ ਨੂੰ ਮਹਿਸੂਸ ਕਰਾਉਣ ਕਿ ਉਹ ਬੇਵਕੂਫ਼ ਹਨ। ਪਰ ਅਸੀਂ ਇਸ ਲੇਖ ਵਿਚ ਦੇਖਾਂਗੇ ਕਿ ਜਿਹੜੇ ਲੋਕ ਦਾਨੀਏਲ ਨਬੀ ਵਾਂਗ ਦਲੇਰੀ ਦਿਖਾਉਂਦੇ ਹਨ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ, ਉਹ ਸੱਚ-ਮੁੱਚ ਬੁੱਧੀਮਾਨ ਹਨ।

b ਉਨ੍ਹਾਂ ਦੇ ਇਹ ਨਾਂ ਬਾਬਲੀਆਂ ਨੇ ਰੱਖੇ ਸਨ।

c ਦਾਨੀਏਲ ਨੇ ਸ਼ਾਇਦ ਇਨ੍ਹਾਂ ਤਿੰਨ ਕਾਰਨਾਂ ਕਰਕੇ ਬਾਬਲੀਆਂ ਦਾ ਖਾਣਾ ਖਾਣ ਤੋਂ ਮਨ੍ਹਾ ਕਰ ਦਿੱਤਾ ਸੀ: (1) ਉਹ ਸ਼ਾਇਦ ਅਜਿਹੇ ਜਾਨਵਰਾਂ ਦਾ ਮਾਸ ਖਾਣ ਨੂੰ ਦੇ ਰਹੇ ਸਨ ਜੋ ਮੂਸਾ ਦੇ ਕਾਨੂੰਨ ਵਿਚ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ। (ਬਿਵ. 14:7, 8) (2) ਉਹ ਸ਼ਾਇਦ ਅਜਿਹੇ ਜਾਨਵਰਾਂ ਦਾ ਮਾਸ ਖਾਣ ਨੂੰ ਦੇ ਰਹੇ ਸਨ ਜਿਨ੍ਹਾਂ ਦਾ ਖ਼ੂਨ ਚੰਗੀ ਤਰ੍ਹਾਂ ਨਹੀਂ ਵਹਾਇਆ ਗਿਆ ਸੀ। (ਲੇਵੀ. 17:10-12) (3) ਉਹ ਅਕਸਰ ਪਹਿਲਾਂ ਆਪਣੇ ਦੇਵਤਿਆਂ ਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਂਦੇ ਸਨ। ਇਸ ਕਰਕੇ ਉਹ ਮੰਨਦੇ ਸਨ ਕਿ ਇਨ੍ਹਾਂ ਜਾਨਵਰਾਂ ਦਾ ਮਾਸ ਖਾਣਾ ਇਨ੍ਹਾਂ ਝੂਠੇ ਦੇਵਤਿਆਂ ਦੀ ਭਗਤੀ ਕਰਨ ਦੇ ਬਰਾਬਰ ਸੀ।​—ਲੇਵੀਆਂ 7:15 ਅਤੇ 1 ਕੁਰਿੰਥੀਆਂ 10:18, 21, 22 ਵਿਚ ਨੁਕਤਾ ਦੇਖੋ।

d jw.org/pa ਉੱਤੇ ਸੱਚੀ ਧਾਰਮਿਕਤਾ ਦਾ ਨਤੀਜਾ ਸ਼ਾਂਤੀ ਹੋਵੇਗਾ ਨਾਂ ਦੀ ਵੀਡੀਓ ਦੇਖੋ।

e ਯਹੋਵਾਹ ਨਾਲ ਆਪਣਾ ਪਿਆਰ ਗੂੜ੍ਹਾ ਕਰਨ ਲਈ ਤੁਸੀਂ ਯਹੋਵਾਹ ਦੇ ਨੇੜੇ ਰਹੋ ਕਿਤਾਬ ਦਾ ਵੀ ਅਧਿਐਨ ਕਰ ਸਕਦੇ ਹੋ। ਇਸ ਵਿਚ ਯਹੋਵਾਹ ਦੇ ਗੁਣਾਂ ਅਤੇ ਉਸ ਦੇ ਸੁਭਾਅ ਬਾਰੇ ਖੁੱਲ੍ਹ ਕੇ ਸਮਝਾਇਆ ਗਿਆ ਹੈ।