Skip to content

Skip to table of contents

ਅਧਿਐਨ ਲੇਖ 33

ਗੀਤ 130 ਦਿਲੋਂ ਮਾਫ਼ ਕਰੋ

ਗੰਭੀਰ ਪਾਪ ਕਰਨ ਵਾਲਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖੋ

ਗੰਭੀਰ ਪਾਪ ਕਰਨ ਵਾਲਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖੋ

“ਜੇ ਕੋਈ ਪਾਪ ਕਰਦਾ ਹੈ, ਤਾਂ ਪਿਤਾ ਕੋਲ ਸਾਡਾ ਇਕ ਮਦਦਗਾਰ ਹੈ।” ​—1 ਯੂਹੰ. 2:1.

ਕੀ ਸਿੱਖਾਂਗੇ?

ਪਹਿਲੀ ਸਦੀ ਵਿਚ ਕੁਰਿੰਥੁਸ ਦੀ ਮੰਡਲੀ ਵਿਚ ਇਕ ਭਰਾ ਨੇ ਗੰਭੀਰ ਪਾਪ ਕੀਤਾ। ਉਸ ਮਸਲੇ ਨੂੰ ਜਿਸ ਤਰੀਕੇ ਨਾਲ ਸੁਲਝਾਇਆ ਗਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ।

1. ਯਹੋਵਾਹ ਸਾਰੇ ਇਨਸਾਨਾਂ ਤੋਂ ਕੀ ਚਾਹੁੰਦਾ ਹੈ?

 ਯਹੋਵਾਹ ਨੇ ਇਨਸਾਨਾਂ ਨੂੰ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। ਇਹ ਕਿੰਨਾ ਹੀ ਵਧੀਆ ਤੋਹਫ਼ਾ ਹੈ। ਤੁਸੀਂ ਹਰ ਰੋਜ਼ ਫ਼ੈਸਲੇ ਕਰਦਿਆਂ ਇਸ ਨੂੰ ਵਰਤਦੇ ਹੋ। ਇਕ ਇਨਸਾਨ ਲਈ ਸਭ ਤੋਂ ਜ਼ਰੂਰੀ ਫ਼ੈਸਲਾ ਇਹ ਹੋ ਸਕਦਾ ਹੈ ਕਿ ਉਹ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰੇ ਤੇ ਉਸ ਦੇ ਪਰਿਵਾਰ ਦਾ ਹਿੱਸਾ ਬਣੇ। ਯਹੋਵਾਹ ਚਾਹੁੰਦਾ ਹੈ ਕਿ ਸਾਰੇ ਇੱਦਾਂ ਕਰਨ। ਕਿਉਂ? ਕਿਉਂਕਿ ਉਹ ਇਨਸਾਨਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦਾ ਭਲਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਹ ਉਸ ਨਾਲ ਦੋਸਤੀ ਕਰਨ ਅਤੇ ਹਮੇਸ਼ਾ ਲਈ ਜੀਉਣ।​—ਬਿਵ. 30:19, 20; ਗਲਾ. 6:7, 8.

2. ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ ਜਿਨ੍ਹਾਂ ਨੇ ਹਾਲੇ ਤਕ ਤੋਬਾ ਨਹੀਂ ਕੀਤੀ? (1 ਯੂਹੰਨਾ 2:1)

2 ਪਰ ਯਹੋਵਾਹ ਕਿਸੇ ਨੂੰ ਵੀ ਉਸ ਦੀ ਭਗਤੀ ਕਰਨ ਲਈ ਮਜਬੂਰ ਨਹੀਂ ਕਰਦਾ। ਪਰ ਉਹ ਹਰ ਇਨਸਾਨ ਨੂੰ ਇਹ ਫ਼ੈਸਲਾ ਕਰਨ ਦੀ ਆਜ਼ਾਦੀ ਦਿੰਦਾ ਹੈ ਕਿ ਉਹ ਕੀ ਕਰੇਗਾ। ਪਰ ਉਦੋਂ ਕੀ ਜਦੋਂ ਇਕ ਬਪਤਿਸਮਾ-ਪ੍ਰਾਪਤ ਮਸੀਹੀ ਗੰਭੀਰ ਪਾਪ ਕਰਦਾ ਹੈ। (1 ਕੁਰਿੰ. 5:13) ਜੇ ਉਹ ਤੋਬਾ ਨਹੀਂ ਕਰਦਾ, ਤਾਂ ਉਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ। ਪਰ ਯਹੋਵਾਹ ਚਾਹੁੰਦਾ ਹੈ ਕਿ ਉਹ ਤੋਬਾ ਕਰੇ ਅਤੇ ਫਿਰ ਤੋਂ ਉਸ ਨਾਲ ਰਿਸ਼ਤਾ ਜੋੜੇ। ਇਸੇ ਕਰਕੇ ਉਸ ਨੇ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ ਸੀ ਤਾਂਕਿ ਉਹ ਤੋਬਾ ਕਰਨ ਵਾਲੇ ਪਾਪੀਆਂ ਨੂੰ ਮਾਫ਼ ਕਰ ਸਕੇ। (1 ਯੂਹੰਨਾ 2:1 ਪੜ੍ਹੋ।) ਸਾਡਾ ਪਿਆਰਾ ਪਿਤਾ ਗੰਭੀਰ ਪਾਪ ਕਰਨ ਵਾਲਿਆਂ ਨੂੰ ਤੋਬਾ ਕਰਨ ਦੀ ਗੁਜ਼ਾਰਸ਼ ਕਰਦਾ ਹੈ।​—ਜ਼ਕ. 1:3; ਰੋਮੀ. 2:4; ਯਾਕੂ. 4:8.

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪਾਪ ਅਤੇ ਗੰਭੀਰ ਪਾਪ ਕਰਨ ਵਾਲਿਆਂ ਪ੍ਰਤੀ ਉਸ ਵਰਗਾ ਨਜ਼ਰੀਆ ਰੱਖੀਏ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਉਸ ਵਰਗਾ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ। ਇਸ ਲੇਖ ਨੂੰ ਪੜ੍ਹਦਿਆਂ ਗੌਰ ਕਰੋ ਕਿ (1) ਪਹਿਲੀ ਸਦੀ ਵਿਚ ਕੁਰਿੰਥੁਸ ਦੀ ਮੰਡਲੀ ਵਿਚ ਗੰਭੀਰ ਪਾਪ ਦਾ ਮਸਲਾ ਕਿਵੇਂ ਸੁਲਝਾਇਆ ਗਿਆ। (2) ਜਦੋਂ ਇਕ ਗੰਭੀਰ ਪਾਪ ਕਰਨ ਵਾਲੇ ਨੇ ਤੋਬਾ ਕੀਤੀ, ਤਾਂ ਪੌਲੁਸ ਨੇ ਕਿਹੜੀਆਂ ਹਿਦਾਇਤਾਂ ਦਿੱਤੀਆਂ ਅਤੇ (3) ਬਾਈਬਲ ਦੇ ਇਸ ਬਿਰਤਾਂਤ ਤੋਂ ਗੰਭੀਰ ਪਾਪ ਕਰਨ ਵਾਲਿਆਂ ਪ੍ਰਤੀ ਯਹੋਵਾਹ ਦੇ ਨਜ਼ਰੀਏ ਬਾਰੇ ਕੀ ਪਤਾ ਲੱਗਦਾ ਹੈ।

ਪਹਿਲੀ ਸਦੀ ਵਿਚ ਗੰਭੀਰ ਪਾਪ ਦਾ ਮਸਲਾ ਕਿਵੇਂ ਸੁਲਝਾਇਆ ਗਿਆ?

4. ਪਹਿਲੀ ਸਦੀ ਵਿਚ ਕੁਰਿੰਥੁਸ ਦੀ ਮੰਡਲੀ ਵਿਚ ਕੀ ਹੋਇਆ ਸੀ? (1 ਕੁਰਿੰਥੀਆਂ 5:1, 2)

4 ਪਹਿਲਾ ਕੁਰਿੰਥੀਆਂ 5:1, 2 ਪੜ੍ਹੋ। ਆਪਣੇ ਤੀਜੇ ਮਿਸ਼ਨਰੀ ਦੌਰੇ ਦੌਰਾਨ ਪੌਲੁਸ ਨੇ ਕੁਰਿੰਥੁਸ ਵਿਚ ਬਣੀ ਨਵੀਂ ਮੰਡਲੀ ਬਾਰੇ ਇਕ ਅਜੀਬ ਖ਼ਬਰ ਸੁਣੀ। ਉਸ ਮੰਡਲੀ ਵਿਚ ਇਕ ਭਰਾ ਸੀ ਜਿਸ ਦੇ ਆਪਣੀ ਮਤਰੇਈ ਮਾਂ ਨਾਲ ਨਾਜਾਇਜ਼ ਸੰਬੰਧ ਸਨ। ਇਹ ਬਹੁਤ ਹੀ ਵੱਡਾ ਪਾਪ ਸੀ ਅਤੇ “ਦੁਨੀਆਂ ਦੇ ਲੋਕਾਂ ਵਿਚ ਵੀ” ਇੱਦਾਂ ਨਹੀਂ ਹੁੰਦਾ ਸੀ। ਪਰ ਮੰਡਲੀ ਦੇ ਭੈਣ-ਭਰਾ ਨਾ ਸਿਰਫ਼ ਇਸ ਪਾਪ ਨੂੰ ਬਰਦਾਸ਼ਤ ਕਰ ਰਹੇ ਸਨ, ਸਗੋਂ ਇੱਦਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ʼਤੇ ਮਾਣ ਸੀ। ਸ਼ਾਇਦ ਕੁਝ ਜਣਿਆਂ ਨੇ ਸੋਚਿਆ ਕਿ ਇੱਦਾਂ ਕਰ ਕੇ ਉਹ ਯਹੋਵਾਹ ਵਾਂਗ ਦਇਆ ਦਿਖਾ ਰਹੇ ਸਨ। ਪਰ ਯਹੋਵਾਹ ਇਸ ਤਰ੍ਹਾਂ ਦੇ ਪਾਪ ਨੂੰ ਜ਼ਰਾ ਵੀ ਬਰਦਾਸ਼ਤ ਨਹੀਂ ਕਰਦਾ। ਬੇਸ਼ਰਮੀ ਨਾਲ ਇਹ ਕੰਮ ਕਰ ਕੇ ਉਸ ਆਦਮੀ ਨੇ ਜ਼ਰੂਰ ਮੰਡਲੀ ਦੀ ਨੇਕਨਾਮੀ ਨੂੰ ਖ਼ਰਾਬ ਕੀਤਾ ਹੋਣਾ। ਨਾਲੇ ਸ਼ਾਇਦ ਉਸ ਦੇ ਇਸ ਚਾਲ-ਚਲਣ ਦਾ ਹੋਰ ਮਸੀਹੀਆਂ ʼਤੇ ਵੀ ਬੁਰਾ ਅਸਰ ਪੈ ਰਿਹਾ ਸੀ ਜੋ ਉਸ ਨਾਲ ਸੰਗਤ ਕਰ ਰਹੇ ਸਨ। ਇਸ ਕਰਕੇ ਪੌਲੁਸ ਨੇ ਮੰਡਲੀ ਨੂੰ ਕੀ ਕਰਨ ਦੀਆਂ ਹਿਦਾਇਤਾਂ ਦਿੱਤੀਆਂ?

5. ਪੌਲੁਸ ਨੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਕੀ ਕਰਨ ਲਈ ਕਿਹਾ ਅਤੇ ਉਸ ਦੇ ਕਹਿਣ ਦਾ ਕੀ ਮਤਲਬ ਸੀ? (1 ਕੁਰਿੰਥੀਆਂ 5:13) (ਤਸਵੀਰ ਵੀ ਦੇਖੋ।)

5 ਪਹਿਲਾ ਕੁਰਿੰਥੀਆਂ 5:13 ਪੜ੍ਹੋ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਪੌਲੁਸ ਨੇ ਇਕ ਚਿੱਠੀ ਲਿਖ ਕੇ ਹਿਦਾਇਤ ਦਿੱਤੀ ਕਿ ਤੋਬਾ ਨਾ ਕਰਨ ਵਾਲੇ ਵਿਅਕਤੀ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਵੇ। ਵਫ਼ਾਦਾਰ ਮਸੀਹੀਆਂ ਨੂੰ ਉਸ ਵਿਅਕਤੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਸੀ? ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਉਸ ਨਾਲ ਸੰਗਤ ਕਰਨੀ ਛੱਡ ਦਿਓ।” ਉਸ ਦੇ ਕਹਿਣ ਦਾ ਕੀ ਮਤਲਬ ਸੀ? ਉਸ ਦਾ ਮਤਲਬ ਸੀ ਕਿ ‘ਉਹ ਉਸ ਨਾਲ ਰੋਟੀ ਵੀ ਨਾ ਖਾਣ।’ (1 ਕੁਰਿੰ. 5:11) ਜਦੋਂ ਅਸੀਂ ਕਿਸੇ ਨਾਲ ਬੈਠ ਕੇ ਰੋਟੀ ਖਾਂਦੇ ਹਾਂ, ਤਾਂ ਅਸੀਂ ਉਸ ਨਾਲ ਗੱਲਾਂ ਕਰਦੇ ਹਾਂ ਤੇ ਹੌਲੀ-ਹੌਲੀ ਅਸੀਂ ਉਸ ਨਾਲ ਹੋਰ ਸਮਾਂ ਬਿਤਾਉਣ ਲੱਗ ਪੈਂਦੇ ਹਾਂ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੌਲੁਸ ਕਹਿ ਰਿਹਾ ਸੀ ਕਿ ਉਸ ਆਦਮੀ ਨਾਲ ਸੰਗਤ ਕਰਨੀ ਛੱਡ ਦਿਓ। ਇੱਦਾਂ ਕਰਨ ਕਰਕੇ ਉਨ੍ਹਾਂ ਨੇ ਉਸ ਆਦਮੀ ਤੋਂ ਬੁਰੇ ਅਸਰ ਤੋਂ ਬਚ ਪਾਉਣਾ ਸੀ। (1 ਕੁਰਿੰ. 5:5-7) ਨਾਲੇ ਸ਼ਾਇਦ ਇਸ ਕਰਕੇ ਉਸ ਆਦਮੀ ਨੂੰ ਅਹਿਸਾਸ ਹੁੰਦਾ ਕਿ ਉਸ ਨੇ ਯਹੋਵਾਹ ਦਾ ਕਿੰਨਾ ਦਿਲ ਦੁਖਾਇਆ ਹੈ। ਸ਼ਾਇਦ ਉਹ ਸ਼ਰਮਿੰਦਗੀ ਮਹਿਸੂਸ ਕਰਦਾ ਅਤੇ ਤੋਬਾ ਕਰਨ ਲਈ ਪ੍ਰੇਰਿਤ ਹੁੰਦਾ।

ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਪੌਲੁਸ ਨੇ ਮੰਡਲੀ ਨੂੰ ਹਿਦਾਇਤ ਦਿੱਤੀ ਕਿ ਉਹ ਤੋਬਾ ਨਾ ਕਰਨ ਵਾਲੇ ਵਿਅਕਤੀ ਨੂੰ ਮੰਡਲੀ ਵਿੱਚੋਂ ਕੱਢ ਦੇਣ (ਪੈਰਾ 5 ਦੇਖੋ)


6. ਮੰਡਲੀ ਦੇ ਭੈਣਾਂ-ਭਰਾਵਾਂ ਨੇ ਅਤੇ ਉਸ ਆਦਮੀ ਨੇ ਪੌਲੁਸ ਦੀ ਚਿੱਠੀ ਪੜ੍ਹ ਕੇ ਕੀ ਕੀਤਾ?

6 ਕੁਰਿੰਥੁਸ ਦੀ ਮੰਡਲੀ ਨੂੰ ਚਿੱਠੀ ਭੇਜਣ ਤੋਂ ਬਾਅਦ ਪੌਲੁਸ ਨੇ ਸ਼ਾਇਦ ਸੋਚਿਆ ਹੋਣਾ ਕਿ ਪਤਾ ਨਹੀਂ ਚਿੱਠੀ ਪੜ੍ਹ ਕੇ ਮੰਡਲੀ ਦੇ ਭੈਣ-ਭਰਾ ਕੀ ਕਰਨਗੇ। ਫਿਰ ਤੀਤੁਸ ਨੇ ਪੌਲੁਸ ਨੂੰ ਇਕ ਖ਼ੁਸ਼ੀ ਦੀ ਖ਼ਬਰ ਸੁਣਾਈ। ਮੰਡਲੀ ਦੇ ਭੈਣਾਂ-ਭਰਾਵਾਂ ਨੇ ਪੌਲੁਸ ਦੀਆਂ ਹਿਦਾਇਤਾਂ ਮੰਨੀਆਂ ਅਤੇ ਗੰਭੀਰ ਪਾਪ ਕਰਨ ਵਾਲੇ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ। (2 ਕੁਰਿੰ. 7:6, 7) ਨਾਲੇ ਪੌਲੁਸ ਵੱਲੋਂ ਪਹਿਲੀ ਚਿੱਠੀ ਭੇਜਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਆਦਮੀ ਨੇ ਤੋਬਾ ਕਰ ਲਈ। ਉਸ ਨੇ ਆਪਣੇ ਚਾਲ-ਚਲਣ ਅਤੇ ਰਵੱਈਏ ਨੂੰ ਬਦਲਿਆ ਅਤੇ ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਣਾ ਸ਼ੁਰੂ ਕਰ ਦਿੱਤਾ। (2 ਕੁਰਿੰ. 7:8-11) ਹੁਣ ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਕੀ ਕਰਨ ਲਈ ਕਿਹਾ?

ਭੈਣਾਂ-ਭਰਾਵਾਂ ਨੇ ਤੋਬਾ ਕਰ ਚੁੱਕੇ ਪਾਪੀ ਨਾਲ ਕਿਵੇਂ ਪੇਸ਼ ਆਉਣਾ ਸੀ?

7. ਮੰਡਲੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਉਸ ਪਾਪੀ ਨੂੰ ਕੀ ਕਰਨ ਦੀ ਲੋੜ ਸੀ? (2 ਕੁਰਿੰਥੀਆਂ 2:5-8)

7 ਦੂਜਾ ਕੁਰਿੰਥੀਆਂ 2:5-8 ਪੜ੍ਹੋ। ਪੌਲੁਸ ਨੇ ਕਿਹਾ ਕਿ ‘ਤੁਹਾਡੇ ਵਿੱਚੋਂ ਜ਼ਿਆਦਾਤਰ ਭਰਾਵਾਂ ਨੇ ਉਸ ਨੂੰ ਜੋ ਤਾੜਨਾ ਦਿੱਤੀ ਸੀ, ਉਹ ਕਾਫ਼ੀ ਸੀ।’ ਦੂਜੇ ਸ਼ਬਦਾਂ ਵਿਚ ਕਹੀਏ, ਤਾਂ ਉਹ ਕਹਿ ਰਿਹਾ ਸੀ ਕਿ ਅਨੁਸ਼ਾਸਨ ਦੇਣ ਦਾ ਮਕਸਦ ਪੂਰਾ ਹੋਇਆ। ਮਕਸਦ ਕੀ ਸੀ? ਉਹ ਆਦਮੀ ਤੋਬਾ ਕਰੇ।​—ਇਬ. 12:11.

8. ਪੌਲੁਸ ਨੇ ਮੰਡਲੀ ਨੂੰ ਹੋਰ ਕੀ ਕਰਨ ਲਈ ਕਿਹਾ?

8 ਉਸ ਆਦਮੀ ਨੇ ਤੋਬਾ ਕਰ ਲਈ ਸੀ। ਇਸ ਕਰਕੇ ਪੌਲੁਸ ਨੇ ਬਜ਼ੁਰਗਾਂ ਨੂੰ ਕਿਹਾ ਕਿ ਉਹ ਮੰਡਲੀ ਵਿਚ ਖਿੜੇ ਮੱਥੇ ਉਸ ਦਾ ਸੁਆਗਤ ਕਰਨ। ਨਾਲੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ‘ਉਸ ਨੂੰ ਦਿਲੋਂ ਮਾਫ਼ ਕਰਨ ਅਤੇ ਉਸ ਨੂੰ ਦਿਲਾਸਾ ਦੇਣ।’ ਨਾਲੇ “ਉਸ ਨੂੰ ਆਪਣੇ ਪਿਆਰ ਦਾ ਭਰੋਸਾ ਦਿਵਾਉਣ।” ਪੌਲੁਸ ਚਾਹੁੰਦਾ ਸੀ ਕਿ ਭੈਣ-ਭਰਾ ਆਪਣੀ ਕਹਿਣੀ ਤੇ ਕਰਨੀ ਰਾਹੀਂ ਉਸ ਆਦਮੀ ਨੂੰ ਅਹਿਸਾਸ ਕਰਾਉਣ ਕਿ ਉਨ੍ਹਾਂ ਨੇ ਉਸ ਨੂੰ ਦਿਲੋਂ ਮਾਫ਼ ਕਰ ਦਿੱਤਾ ਹੈ ਅਤੇ ਉਹ ਉਸ ਨੂੰ ਪਿਆਰ ਕਰਦੇ ਹਨ। ਨਤੀਜੇ ਵਜੋਂ, ਉਸ ਆਦਮੀ ਨੂੰ ਅਹਿਸਾਸ ਹੋਣਾ ਸੀ ਕਿ ਉਸ ਦੇ ਵਾਪਸ ਆਉਣ ʼਤੇ ਸਾਰੇ ਬਹੁਤ ਖ਼ੁਸ਼ ਹਨ।

9. ਕੁਝ ਜਣਿਆਂ ਨੂੰ ਤੋਬਾ ਕਰਨ ਵਾਲੇ ਆਦਮੀ ਨੂੰ ਮਾਫ਼ ਕਰਨਾ ਕਿਉਂ ਔਖਾ ਲੱਗਾ ਹੋਣਾ?

9 ਕੁਝ ਜਣੇ ਪਹਿਲਾਂ-ਪਹਿਲ ਸ਼ਾਇਦ ਇਹ ਸੁਣ ਕੇ ਖ਼ੁਸ਼ ਨਹੀਂ ਹੋਏ ਹੋਣੇ ਕਿ ਉਹ ਆਦਮੀ ਦੁਬਾਰਾ ਮੰਡਲੀ ਦਾ ਹਿੱਸਾ ਬਣ ਗਿਆ ਹੈ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਕੁਝ ਜਣੇ ਹਾਲੇ ਵੀ ਇਸ ਗੱਲੋਂ ਪਰੇਸ਼ਾਨ ਸਨ ਕਿ ਉਸ ਕਰਕੇ ਮੰਡਲੀ ਵਿਚ ਕਈ ਮੁਸ਼ਕਲਾਂ ਖੜ੍ਹੀਆਂ ਹੋਈਆਂ ਸਨ। ਕੁਝ ਭੈਣ-ਭਰਾ ਹਾਲੇ ਵੀ ਦੁਖੀ ਸਨ ਕਿਉਂਕਿ ਉਸ ਨੇ ਉਨ੍ਹਾਂ ਨੂੰ ਨਿੱਜੀ ਤੌਰ ʼਤੇ ਦੁੱਖ ਪਹੁੰਚਾਇਆ ਸੀ। ਨਾਲੇ ਜਿਹੜੇ ਭੈਣ-ਭਰਾ ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖਣ ਵਿਚ ਬਹੁਤ ਮਿਹਨਤ ਕਰ ਰਹੇ ਸਨ, ਉਨ੍ਹਾਂ ਨੂੰ ਲੱਗਦਾ ਸੀ ਕਿ ਇੰਨੀ ਗੰਭੀਰ ਗ਼ਲਤੀ ਕਰਨ ਵਾਲੇ ਦਾ ਸੁਆਗਤ ਕਰਨਾ ਸਹੀ ਨਹੀਂ ਸੀ। (ਲੂਕਾ 15:28-30 ਵਿਚ ਨੁਕਤਾ ਦੇਖੋ।) ਪਰ ਇਹ ਕਿਉਂ ਜ਼ਰੂਰੀ ਸੀ ਕਿ ਭੈਣ-ਭਰਾ ਤੋਬਾ ਕਰਨ ਵਾਲੇ ਭਰਾ ਲਈ ਪਿਆਰ ਦਿਖਾਉਣ?

10-11. ਜੇ ਬਜ਼ੁਰਗ ਤੋਬਾ ਕਰਨ ਵਾਲੇ ਆਦਮੀ ਨੂੰ ਮਾਫ਼ ਨਾ ਕਰਦੇ, ਤਾਂ ਕੀ ਹੋ ਸਕਦਾ ਸੀ?

10 ਜ਼ਰਾ ਕਲਪਨਾ ਕਰੋ: ਜੇ ਬਜ਼ੁਰਗ ਤੋਬਾ ਕਰਨ ਵਾਲੇ ਆਦਮੀ ਨੂੰ ਮੰਡਲੀ ਵਿਚ ਵਾਪਸ ਨਾ ਆਉਣ ਦਿੰਦੇ ਜਾਂ ਵਾਪਸ ਆਉਣ ਤੋਂ ਬਾਅਦ ਭੈਣ-ਭਰਾ ਉਸ ਨੂੰ ਪਿਆਰ ਨਾ ਦਿਖਾਉਂਦੇ, ਤਾਂ ਕੀ ਹੋ ਸਕਦਾ ਸੀ? ਉਹ “ਹੱਦੋਂ ਵੱਧ ਉਦਾਸੀ ਵਿਚ” ਡੁੱਬ ਸਕਦਾ ਸੀ। ਉਸ ਨੂੰ ਲੱਗ ਸਕਦਾ ਸੀ ਕਿ ਉਹ ਦੁਬਾਰਾ ਕਦੇ ਵੀ ਮੰਡਲੀ ਦਾ ਹਿੱਸਾ ਨਹੀਂ ਬਣ ਸਕਦਾ। ਇੱਥੋਂ ਤਕ ਕਿ ਸ਼ਾਇਦ ਉਹ ਯਹੋਵਾਹ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਨੀ ਹੀ ਛੱਡ ਦਿੰਦਾ।

11 ਜੇ ਭੈਣ-ਭਰਾ ਉਸ ਆਦਮੀ ਨੂੰ ਮਾਫ਼ ਨਾ ਕਰਦੇ, ਤਾਂ ਹੋਰ ਕੀ ਹੋ ਸਕਦਾ ਸੀ? ਯਹੋਵਾਹ ਨਾਲ ਉਨ੍ਹਾਂ ਦਾ ਆਪਣਾ ਰਿਸ਼ਤਾ ਟੁੱਟ ਸਕਦਾ ਸੀ। ਕਿਉਂ? ਕਿਉਂਕਿ ਉਹ ਯਹੋਵਾਹ ਵਾਂਗ ਮਾਫ਼ ਕਰਨ ਦੀ ਬਜਾਇ ਸ਼ੈਤਾਨ ਵਾਂਗ ਜ਼ਾਲਮ ਬਣ ਰਹੇ ਹੁੰਦੇ ਅਤੇ ਤੋਬਾ ਕਰਨ ਵਾਲੇ ਉਸ ਆਦਮੀ ʼਤੇ ਦਇਆ ਨਹੀਂ ਕਰ ਰਹੇ ਹੁੰਦੇ। ਇੰਨਾ ਹੀ ਨਹੀਂ, ਉਹ ਸ਼ੈਤਾਨ ਦਾ ਸਾਥ ਦੇ ਰਹੇ ਹੁੰਦੇ ਕਿਉਂਕਿ ਸ਼ੈਤਾਨ ਤਾਂ ਇਹੀ ਚਾਹੁੰਦਾ ਸੀ ਕਿ ਯਹੋਵਾਹ ਨਾਲ ਉਸ ਆਦਮੀ ਦਾ ਰਿਸ਼ਤਾ ਹਮੇਸ਼ਾ ਲਈ ਟੁੱਟ ਜਾਵੇ।​—2 ਕੁਰਿੰ. 2:10, 11; ਅਫ਼. 4:27.

12. ਕੁਰਿੰਥੁਸ ਦੀ ਮੰਡਲੀ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੀ ਸੀ?

12 ਉਸ ਸਮੇਂ ਕੁਰਿੰਥੁਸ ਦੀ ਮੰਡਲੀ ਸ਼ੈਤਾਨ ਦੀ ਬਜਾਇ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੀ ਸੀ? ਯਹੋਵਾਹ ਵਾਂਗ ਤੋਬਾ ਕਰਨ ਵਾਲੇ ਨੂੰ ਮਾਫ਼ ਕਰ ਕੇ। ਜ਼ਰਾ ਗੌਰ ਕਰੋ ਕਿ ਬਾਈਬਲ ਦੇ ਕੁਝ ਲਿਖਾਰੀਆਂ ਨੇ ਯਹੋਵਾਹ ਬਾਰੇ ਕੀ ਕਿਹਾ। ਦਾਊਦ ਨੇ ਕਿਹਾ: ਉਹ ‘ਭਲਾ ਹੈ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ।’ (ਜ਼ਬੂ. 86:5) ਮੀਕਾਹ ਨੇ ਲਿਖਿਆ: ‘ਤੇਰੇ ਵਰਗਾ ਪਰਮੇਸ਼ੁਰ ਕੌਣ ਹੈ, ਜੋ ਲੋਕਾਂ ਦੀਆਂ ਗ਼ਲਤੀਆਂ ਮਾਫ਼ ਕਰਦਾ ਹੈ ਅਤੇ ਉਨ੍ਹਾਂ ਦੇ ਅਪਰਾਧ ਚੇਤੇ ਨਹੀਂ ਰੱਖਦਾ?’ (ਮੀਕਾ. 7:18) ਨਾਲੇ ਯਸਾਯਾਹ ਨੇ ਕਿਹਾ: “ਦੁਸ਼ਟ ਆਪਣੇ ਰਾਹ ਨੂੰ ਛੱਡੇ ਅਤੇ ਬੁਰਾ ਆਦਮੀ ਆਪਣੇ ਖ਼ਿਆਲਾਂ ਨੂੰ; ਉਹ ਯਹੋਵਾਹ ਵੱਲ ਮੁੜੇ ਜੋ ਉਸ ʼਤੇ ਰਹਿਮ ਕਰੇਗਾ, ਹਾਂ, ਸਾਡੇ ਪਰਮੇਸ਼ੁਰ ਵੱਲ ਕਿਉਂਕਿ ਉਹ ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।”​—ਯਸਾ. 55:7.

13. ਤੋਬਾ ਕਰਨ ਵਾਲੇ ਵਿਅਕਤੀ ਨੂੰ ਮੰਡਲੀ ਵਿਚ ਮੁੜ ਬਹਾਲ ਕੀਤਾ ਜਾਣਾ ਸਹੀ ਕਿਉਂ ਸੀ? (“ ਕੁਰਿੰਥੁਸ ਦੇ ਉਸ ਆਦਮੀ ਨੂੰ ਕਦੋਂ ਮੁੜ ਬਹਾਲ ਕੀਤਾ ਗਿਆ?” ਨਾਂ ਦੀ ਡੱਬੀ ਦੇਖੋ।)

13 ਯਹੋਵਾਹ ਦੀ ਰੀਸ ਕਰਨ ਲਈ ਕੁਰਿੰਥੁਸ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਤੋਬਾ ਕਰਨ ਵਾਲੇ ਆਦਮੀ ਨੂੰ ਪਿਆਰ ਦਿਖਾਉਣ ਦੀ ਲੋੜ ਸੀ। ਨਾਲੇ ਉਸ ਨੂੰ ਇਹ ਯਕੀਨ ਦਿਵਾਉਣ ਦੀ ਲੋੜ ਸੀ ਕਿ ਉਹ ਉਸ ਦੇ ਵਾਪਸ ਆਉਣ ʼਤੇ ਖ਼ੁਸ਼ ਸਨ। ਪੌਲੁਸ ਦੀ ਇਹ ਸਲਾਹ ਮੰਨ ਕੇ ਉਨ੍ਹਾਂ ਨੇ ਦਿਖਾਇਆ ਕਿ ਉਹ “ਸਾਰੀਆਂ ਗੱਲਾਂ ਵਿਚ ਆਗਿਆਕਾਰ” ਹਨ। (2 ਕੁਰਿੰ. 2:9) ਭਾਵੇਂ ਕਿ ਉਸ ਆਦਮੀ ਨੂੰ ਮੰਡਲੀ ਵਿੱਚੋਂ ਕੱਢਿਆ ਅਜੇ ਕੁਝ ਹੀ ਮਹੀਨੇ ਹੋਏ ਸਨ, ਪਰ ਅਨੁਸ਼ਾਸਨ ਮਿਲਣ ਤੇ ਉਸ ਨੇ ਤੋਬਾ ਕਰ ਲਈ ਸੀ। ਇਸ ਲਈ ਉਸ ਨੂੰ ਮੰਡਲੀ ਵਿਚ ਮੁੜ ਬਹਾਲ ਕੀਤੇ ਜਾਣ ਵਿਚ ਦੇਰ ਕਰਨ ਦੀ ਕੋਈ ਲੋੜ ਨਹੀਂ ਸੀ।

ਯਹੋਵਾਹ ਦੇ ਨਿਆਂ ਤੇ ਦਇਆ ਦੀ ਰੀਸ ਕਿਵੇਂ ਕਰੀਏ?

14-15. ਕੁਰਿੰਥੁਸ ਦੀ ਮੰਡਲੀ ਵਿਚ ਖੜ੍ਹੇ ਹੋਏ ਮਸਲੇ ਨੂੰ ਜਿੱਦਾਂ ਸੁਲਝਾਇਆ ਗਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (2 ਪਤਰਸ 3:9) (ਤਸਵੀਰ ਵੀ ਦੇਖੋ।)

14 ਕੁਰਿੰਥੁਸ ਦੀ ਮੰਡਲੀ ਵਿਚ ਜਿਸ ਤਰੀਕੇ ਨਾਲ ਗੰਭੀਰ ਮਸਲੇ ਨੂੰ ਸੁਲਝਾਇਆ ਗਿਆ, “ਉਹ ਸਾਨੂੰ ਸਿੱਖਿਆ ਦੇਣ ਲਈ” ਬਾਈਬਲ ਵਿਚ ਦਰਜ ਕਰਵਾਇਆ ਗਿਆ ਹੈ। (ਰੋਮੀ. 15:4) ਇਸ ਬਿਰਤਾਂਤ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਗੰਭੀਰ ਪਾਪ ਨੂੰ ਬਰਦਾਸ਼ਤ ਨਹੀਂ ਕਰਦਾ ਅਤੇ ਤੋਬਾ ਨਾ ਕਰਨ ਵਾਲਿਆਂ ਨੂੰ ਆਪਣੇ ਵਫ਼ਾਦਾਰ ਲੋਕਾਂ ਵਿਚ ਨਹੀਂ ਰਹਿਣ ਦਿੰਦਾ।ਯਹੋਵਾਹ ਦਇਆਵਾਨ ਜ਼ਰੂਰ ਹੈ, ਪਰ ਉਹ ਕਿਸੇ ਵੀ ਤਰ੍ਹਾਂ ਦੇ ਬੁਰੇ ਕੰਮ ਨੂੰ ਬਰਦਾਸ਼ਤ ਨਹੀਂ ਕਰਦਾ ਅਤੇ ਨਾ ਹੀ ਆਪਣੇ ਮਿਆਰਾਂ ਨਾਲ ਸਮਝੌਤਾ ਕਰਦਾ ਹੈ। (ਯਹੂ. 4) ਜੇ ਉਹ ਤੋਬਾ ਨਾ ਕਰਨ ਵਾਲੇ ਵਿਅਕਤੀ ਨੂੰ ਮੰਡਲੀ ਵਿਚ ਰਹਿਣ ਦਿੰਦਾ ਹੈ, ਤਾਂ ਇੱਦਾਂ ਕਰ ਕੇ ਉਹ ਦਇਆ ਨਹੀਂ ਦਿਖਾ ਰਿਹਾ ਹੋਵੇਗਾ। ਕਿਉਂ? ਕਿਉਂਕਿ ਇਸ ਨਾਲ ਮੰਡਲੀ ਦਾ ਨੁਕਸਾਨ ਹੋਵੇਗਾ।​—ਕਹਾ. 13:20; 1 ਕੁਰਿੰ. 15:33.

15 ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਨਹੀਂ ਚਾਹੁੰਦਾ ਕਿ ਕਿਸੇ ਦਾ ਵੀ ਨਾਸ਼ ਹੋਵੇ, ਸਗੋਂ ਉਹ ਚਾਹੁੰਦਾ ਹੈ ਕਿ ਸਾਰੇ ਬਚਾਏ ਜਾਣ। ਇਸ ਲਈ ਜਦੋਂ ਇਕ ਪਾਪੀ ਆਪਣੀ ਗ਼ਲਤ ਸੋਚ ਅਤੇ ਕੰਮਾਂ ਨੂੰ ਸੁਧਾਰਦਾ ਹੈ ਅਤੇ ਫਿਰ ਤੋਂ ਉਸ ਦੀ ਸੇਵਾ ਕਰਨੀ ਚਾਹੁੰਦਾ ਹੈ, ਤਾਂ ਯਹੋਵਾਹ ਉਸ ʼਤੇ ਦਇਆ ਕਰਦਾ ਹੈ। (ਹਿਜ਼. 33:11; 2 ਪਤਰਸ 3:9 ਪੜ੍ਹੋ।) ਇਸੇ ਕਰਕੇ ਕੁਰਿੰਥੁਸ ਦੇ ਉਸ ਆਦਮੀ ਨੇ ਜਦੋਂ ਤੋਬਾ ਕੀਤੀ ਅਤੇ ਬੁਰੇ ਕੰਮ ਕਰਨੇ ਛੱਡ ਦਿੱਤੇ, ਤਾਂ ਯਹੋਵਾਹ ਨੇ ਪੌਲੁਸ ਰਾਹੀਂ ਮੰਡਲੀ ਨੂੰ ਹਿਦਾਇਤ ਦਿੱਤੀ ਕਿ ਉਹ ਉਸ ਨੂੰ ਮਾਫ਼ ਕਰਨ ਅਤੇ ਖਿੜੇ ਮੱਥੇ ਉਸ ਦਾ ਸੁਆਗਤ ਕਰਨ।

ਕਿਸੇ ਨੂੰ ਬਹਾਲ ਕੀਤੇ ਜਾਣ ਤੇ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਉਸ ਦਾ ਸੁਆਗਤ ਕਰਦੇ ਹਨ। ਇੱਦਾਂ ਕਰਕੇ ਉਹ ਯਹੋਵਾਹ ਵਾਂਗ ਪਿਆਰ ਅਤੇ ਦਇਆ ਦਿਖਾਉਂਦੇ ਹਨ (ਪੈਰੇ 14-15 ਦੇਖੋ)


16. ਕੁਰਿੰਥੁਸ ਦੀ ਮੰਡਲੀ ਵਿਚ ਖੜ੍ਹੇ ਹੋਏ ਮਸਲੇ ਨੂੰ ਜਿੱਦਾਂ ਸੁਲਝਾਇਆ ਗਿਆ, ਉਸ ਤੋਂ ਸਾਨੂੰ ਯਹੋਵਾਹ ਬਾਰੇ ਕਿੱਦਾਂ ਲੱਗਦਾ ਹੈ?

16 ਕੁਰਿੰਥੁਸ ਦੀ ਮੰਡਲੀ ਦੀ ਇਸ ਮਿਸਾਲ ਤੋਂ ਅਸੀਂ ਸਿੱਖਿਆ ਕਿ ਯਹੋਵਾਹ ਪਿਆਰ ਕਰਨ ਵਾਲਾ, ਨੇਕ ਅਤੇ ਨਿਆਂ-ਪਸੰਦ ਪਰਮੇਸ਼ੁਰ ਹੈ। (ਜ਼ਬੂ. 33:5) ਉਸ ਦੇ ਇਨ੍ਹਾਂ ਸ਼ਾਨਦਾਰ ਗੁਣਾਂ ਬਾਰੇ ਜਾਣ ਕੇ ਸਾਡਾ ਹੋਰ ਵੀ ਦਿਲ ਕਰਦਾ ਹੈ ਕਿ ਅਸੀਂ ਉਸ ਦੀ ਮਹਿਮਾ ਕਰੀਏ। ਅਸੀਂ ਸਾਰੇ ਹੀ ਪਾਪੀ ਹਾਂ ਅਤੇ ਸਾਨੂੰ ਮਾਫ਼ੀ ਦੀ ਲੋੜ ਹੈ। ਇਸ ਲਈ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਪਰਮੇਸ਼ੁਰ ਦਇਆਵਾਨ ਅਤੇ ਮਾਫ਼ ਕਰਨ ਵਾਲਾ ਹੈ। ਅਸੀਂ ਇਸ ਗੱਲ ਲਈ ਵੀ ਉਸ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਡੇ ਲਈ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ ਕਿਉਂਕਿ ਇਸੇ ਕਰਕੇ ਸਾਨੂੰ ਮਾਫ਼ੀ ਮਿਲਣੀ ਮੁਮਕਿਨ ਹੋਈ ਹੈ। ਸਾਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਹਮੇਸ਼ਾ ਉਨ੍ਹਾਂ ਦਾ ਭਲਾ ਚਾਹੁੰਦਾ ਹੈ।

17. ਅਗਲੇ ਲੇਖਾਂ ਵਿਚ ਕਿਨ੍ਹਾਂ ਸਵਾਲਾਂ ʼਤੇ ਚਰਚਾ ਕੀਤੀ ਜਾਵੇਗੀ?

17 ਜਦੋਂ ਅੱਜ ਕੋਈ ਗੰਭੀਰ ਪਾਪ ਕਰਦਾ ਹੈ, ਤਾਂ ਉਸ ਮਸਲੇ ਨੂੰ ਕਿਵੇਂ ਸੁਲਝਾਇਆ ਜਾਂਦਾ ਹੈ? ਬਜ਼ੁਰਗ ਯਹੋਵਾਹ ਦੀ ਰੀਸ ਕਰਦਿਆਂ ਉਸ ਵਿਅਕਤੀ ਨੂੰ ਤੋਬਾ ਦੇ ਰਾਹ ʼਤੇ ਕਿਵੇਂ ਲਿਜਾ ਸਕਦੇ ਹਨ? ਜਦੋਂ ਬਜ਼ੁਰਗ ਮੰਡਲੀ ਵਿੱਚੋਂ ਕਿਸੇ ਨੂੰ ਕੱਢਣ ਜਾਂ ਮੁੜ ਬਹਾਲ ਕਰਨ ਦਾ ਫ਼ੈਸਲਾ ਕਰਦੇ ਹਨ, ਤਾਂ ਭੈਣਾਂ-ਭਰਾਵਾਂ ਦਾ ਕੀ ਰਵੱਈਆ ਹੋਣਾ ਚਾਹੀਦਾ ਹੈ? ਅਗਲੇ ਲੇਖਾਂ ਵਿਚ ਇਨ੍ਹਾਂ ਸਵਾਲਾਂ ʼਤੇ ਚਰਚਾ ਕੀਤੀ ਜਾਵੇਗੀ।

ਗੀਤ 109 ਦਿਲੋਂ ਗੂੜ੍ਹਾ ਪਿਆਰ ਕਰੋ