ਪਾਠਕਾਂ ਵੱਲੋਂ ਸਵਾਲ
2 ਥੱਸਲੁਨੀਕੀਆਂ 3:14 ਵਿਚ ਕੁਝ ਜਣਿਆਂ ʼਤੇ ‘ਨਜ਼ਰ ਰੱਖਣ’ ਬਾਰੇ ਕਿਹਾ ਗਿਆ ਹੈ। ਕੀ ਇਹ ਫ਼ੈਸਲਾ ਬਜ਼ੁਰਗ ਕਰਦੇ ਹਨ ਜਾਂ ਹਰ ਮਸੀਹੀ?
ਪੌਲੁਸ ਰਸੂਲ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਲਿਖਿਆ: “ਜੇ ਕੋਈ ਭਰਾ ਇਸ ਚਿੱਠੀ ਵਿਚ ਲਿਖੀਆਂ ਸਾਡੀਆਂ ਗੱਲਾਂ ਨੂੰ ਨਹੀਂ ਮੰਨਦਾ, ਤਾਂ ਉਸ ਉੱਤੇ ਨਜ਼ਰ ਰੱਖੋ।” (2 ਥੱਸ. 3:14) ਪਹਿਲਾਂ ਅਸੀਂ ਕਿਹਾ ਸੀ ਕਿ ਇਹ ਹਿਦਾਇਤ ਬਜ਼ੁਰਗਾਂ ਲਈ ਹੈ। ਜੇ ਕੋਈ ਮਸੀਹੀ ਵਾਰ-ਵਾਰ ਸਲਾਹ ਦਿੱਤੇ ਜਾਣ ਦੇ ਬਾਵਜੂਦ ਬਾਈਬਲ ਦੇ ਅਸੂਲਾਂ ਨੂੰ ਨਜ਼ਰਅੰਦਾਜ਼ ਕਰਦਾ ਰਹਿੰਦਾ ਸੀ, ਤਾਂ ਬਜ਼ੁਰਗ ਮੰਡਲੀ ਨੂੰ ਖ਼ਬਰਦਾਰ ਕਰਨ ਲਈ ਉਸ ਬਾਰੇ ਇਕ ਭਾਸ਼ਣ ਦੇ ਸਕਦੇ ਸਨ। ਇਸ ਤੋਂ ਬਾਅਦ ਮੰਡਲੀ ਦੇ ਬਾਕੀ ਭੈਣ-ਭਰਾ ਉਸ ਮਸੀਹੀ ਨਾਲ ਸਭਾਵਾਂ ਅਤੇ ਪ੍ਰਚਾਰ ਤੋਂ ਇਲਾਵਾ ਮਿਲਦੇ-ਗਿਲਦੇ ਨਹੀਂ ਸਨ।
ਪਰ ਇਸ ਸਮਝ ਵਿਚ ਸੁਧਾਰ ਕਰਨ ਦੀ ਲੋੜ ਹੈ। ਹੁਣ ਅਸੀਂ ਸਮਝਿਆ ਹੈ ਕਿ ਪੌਲੁਸ ਨੇ ਜੋ ਹਿਦਾਇਤ ਦਿੱਤੀ ਸੀ, ਉਸ ਮੁਤਾਬਕ ਮੰਡਲੀ ਦੇ ਹਰ ਮਸੀਹੀ ਨੂੰ ਕੁਝ ਖ਼ਾਸ ਹਾਲਾਤਾਂ ਵਿਚ ਖ਼ੁਦ ਇਕ ਫ਼ੈਸਲਾ ਲੈਣਾ ਚਾਹੀਦਾ ਹੈ। ਇਸ ਲਈ ਬਜ਼ੁਰਗਾਂ ਨੂੰ ਮੰਡਲੀ ਨੂੰ ਖ਼ਬਰਦਾਰ ਕਰਨ ਲਈ ਭਾਸ਼ਣ ਦੇਣ ਦੀ ਲੋੜ ਨਹੀਂ ਹੈ। ਪਰ ਇਸ ਸਮਝ ਵਿਚ ਸੁਧਾਰ ਕਿਉਂ ਕੀਤਾ ਗਿਆ ਹੈ? ਗੌਰ ਕਰੋ ਕਿ ਜਦੋਂ ਪੌਲੁਸ ਨੇ ਇਹ ਹਿਦਾਇਤ ਦਿੱਤੀ, ਤਾਂ ਉਹ ਕਿਸ ਬਾਰੇ ਗੱਲ ਕਰ ਰਿਹਾ ਸੀ।
ਪੌਲੁਸ ਨੇ ਧਿਆਨ ਦਿੱਤਾ ਕਿ ਥੱਸਲੁਨੀਕਾ ਦੀ ਮੰਡਲੀ ਵਿਚ ਕੁਝ ਮਸੀਹੀ ‘ਗ਼ਲਤ ਤਰੀਕੇ ਨਾਲ ਚੱਲ’ ਰਹੇ ਸਨ। ਜਦੋਂ ਉਸ ਨੇ ਉਨ੍ਹਾਂ ਮਸੀਹੀਆਂ ਨੂੰ ਪਰਮੇਸ਼ੁਰ ਦੇ ਬਚਨ ʼਤੇ ਆਧਾਰਿਤ ਸਲਾਹ ਦਿੱਤੀ, ਤਾਂ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕੀਤਾ। ਪਿਛਲੀ ਵਾਰ ਪੌਲੁਸ ਜਦੋਂ ਉਨ੍ਹਾਂ ਕੋਲ ਆਇਆ ਸੀ, ਤਾਂ ਉਸ ਨੇ ਇਹ ਸਖ਼ਤ ਸਲਾਹ ਦਿੱਤੀ ਸੀ: “ਜਿਹੜਾ ਇਨਸਾਨ ਕੰਮ ਨਹੀਂ ਕਰਨਾ ਚਾਹੁੰਦਾ, ਉਸ ਨੂੰ ਰੋਟੀ ਖਾਣ ਦਾ ਵੀ ਹੱਕ ਨਹੀਂ ਹੈ।” ਫਿਰ ਵੀ ਕੁਝ ਜਣੇ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਕਰਨ ਤੋਂ ਮਨ੍ਹਾ ਕਰ ਰਹੇ ਸਨ, ਭਾਵੇਂ ਕਿ ਉਹ ਇਸ ਤਰ੍ਹਾਂ ਕਰਨ ਦੇ ਕਾਬਲ ਸਨ। ਨਾਲੇ ਉਹ ਦੂਜਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਂਦੇ ਸਨ। ਗ਼ਲਤ ਤਰੀਕੇ ਨਾਲ ਚੱਲਣ ਵਾਲੇ ਇਨ੍ਹਾਂ ਕੁਝ ਜਣਿਆਂ ਨਾਲ ਮਸੀਹੀਆਂ ਨੇ ਕਿੱਦਾਂ ਪੇਸ਼ ਆਉਣਾ ਸੀ?—2 ਥੱਸ. 3:6, 10-12.
ਪੌਲੁਸ ਨੇ ਕਿਹਾ: “ਉਸ ਉੱਤੇ ਨਜ਼ਰ ਰੱਖੋ।” ਇਸ ਆਇਤ ਵਿਚ “ਨਜ਼ਰ ਰੱਖੋ” ਲਈ ਵਰਤੇ ਯੂਨਾਨੀ ਸ਼ਬਦ ਦਾ ਮਤਲਬ ਹੈ, ਅਜਿਹੇ ਵਿਅਕਤੀ ਨੂੰ ਪਛਾਣਨਾ ਅਤੇ ਖ਼ਬਰਦਾਰ ਰਹਿਣਾ ਤਾਂਕਿ ਉਸ ਦਾ ਤੁਹਾਡੇ ʼਤੇ ਬੁਰਾ ਅਸਰ ਨਾ ਪਵੇ। ਪੌਲੁਸ ਨੇ ਇਹ ਹਿਦਾਇਤ ਸਾਰੀ ਮੰਡਲੀ ਨੂੰ ਦਿੱਤੀ ਸੀ, ਨਾ ਕਿ ਸਿਰਫ਼ ਬਜ਼ੁਰਗਾਂ ਨੂੰ। (2 ਥੱਸ. 1:1; 3:6) ਇਸ ਲਈ ਜੇ ਇਕ ਮਸੀਹੀ ਦੇਖਦਾ ਹੈ ਕਿ ਕੋਈ ਭੈਣ ਜਾਂ ਭਰਾ ਬਾਈਬਲ ਦੀਆਂ ਹਿਦਾਇਤਾਂ ਨਹੀਂ ਮੰਨ ਰਿਹਾ, ਤਾਂ ਉਹ ਮਸੀਹੀ ਗ਼ਲਤ ਤਰੀਕੇ ਨਾਲ ਚੱਲਣ ਵਾਲੇ ਉਸ ਭੈਣ ਜਾਂ ਭਰਾ ਨਾਲ ‘ਮਿਲਣਾ-ਗਿਲਣਾ ਛੱਡਣ’ ਦਾ ਫ਼ੈਸਲਾ ਕਰ ਸਕਦਾ ਹੈ।
ਕੀ ਇਸ ਦਾ ਇਹ ਮਤਲਬ ਸੀ ਕਿ ਉਸ ਵਿਅਕਤੀ ਨਾਲ ਉੱਦਾਂ ਪੇਸ਼ ਆਇਆ ਜਾਂਦਾ ਸੀ ਜਿਵੇਂ ਕਿ ਉਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਹੋਵੇ? ਨਹੀਂ। ਕਿਉਂਕਿ ਪੌਲੁਸ ਨੇ ਅੱਗੇ ਕਿਹਾ: “ਭਰਾ ਹੋਣ ਦੇ ਨਾਤੇ ਉਸ ਨੂੰ ਸਮਝਾਉਂਦੇ ਰਹੋ।” ਇਸ ਲਈ ਹਰ ਮਸੀਹੀ ਅਜਿਹੇ ਵਿਅਕਤੀ ਨਾਲ ਸਭਾਵਾਂ ਅਤੇ ਪ੍ਰਚਾਰ ਵਿਚ ਮਿਲ-ਗਿਲ ਸਕਦਾ ਸੀ, ਪਰ ਉਹ ਇਹ ਫ਼ੈਸਲਾ ਕਰ ਸਕਦਾ ਸੀ ਕਿ ਉਹ ਹੋਰ ਮੌਕਿਆਂ ʼਤੇ ਜਾਂ ਮਨੋਰੰਜਨ ਕਰਨ ਲਈ ਉਸ ਵਿਅਕਤੀ ਨਾਲ ਸਮਾਂ ਨਹੀਂ ਬਿਤਾਏਗਾ। ਕਿਉਂ? ਕਿਉਂਕਿ ਪੌਲੁਸ ਨੇ ਕਿਹਾ: “ਤਾਂਕਿ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ।” ਜਦੋਂ ਗ਼ਲਤ ਤਰੀਕੇ ਨਾਲ ਚੱਲਣ ਵਾਲੇ ਭੈਣ ਜਾਂ ਭਰਾ ਨਾਲ ਮਿਲਣਾ-ਗਿਲਣਾ ਛੱਡ ਦਿੱਤਾ ਜਾਂਦਾ ਹੈ, ਤਾਂ ਉਹ ਸ਼ਾਇਦ ਸ਼ਰਮਿੰਦਾ ਮਹਿਸੂਸ ਕਰੇ ਅਤੇ ਆਪਣੇ ਆਪ ਨੂੰ ਬਦਲ ਲਵੇ।—2 ਥੱਸ. 3:14, 15.
ਅੱਜ ਮਸੀਹੀ ਇਸ ਹਿਦਾਇਤ ਨੂੰ ਕਿਵੇਂ ਲਾਗੂ ਕਰ ਸਕਦੇ ਹਨ? ਪਹਿਲਾਂ ਤਾਂ ਸਾਨੂੰ ਇਹ ਪੱਕਾ ਕਰਨ ਦੀ ਲੋੜ ਹੈ ਕਿ ਪੌਲੁਸ ਦੇ ਕਹੇ ਮੁਤਾਬਕ ਕੀ ਉਹ ਵਿਅਕਤੀ ਸੱਚ-ਮੁੱਚ ਗ਼ਲਤ ਤਰੀਕੇ ਨਾਲ ਚੱਲ ਰਿਹਾ ਹੈ ਜਾਂ ਨਹੀਂ। ਪੌਲੁਸ ਉਨ੍ਹਾਂ ਦੀ ਗੱਲ ਨਹੀਂ ਸੀ ਕਰ ਰਿਹਾ ਜੋ ਆਪਣੀ ਜ਼ਮੀਰ ਜਾਂ ਪਸੰਦ-ਨਾਪਸੰਦ ਕਰਕੇ ਸਾਡੇ ਨਾਲੋਂ ਵੱਖਰੇ ਫ਼ੈਸਲੇ ਕਰਦੇ ਹਨ। ਨਾਲੇ ਨਾ ਹੀ ਪੌਲੁਸ ਉਨ੍ਹਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਸਾਨੂੰ ਠੇਸ ਪਹੁੰਚਾਈ ਹੈ। ਇਸ ਦੀ ਬਜਾਇ, ਪੌਲੁਸ ਖ਼ਾਸ ਤੌਰ ਤੇ ਉਨ੍ਹਾਂ ਦੀ ਗੱਲ ਕਰ ਰਿਹਾ ਸੀ ਜੋ ਜਾਣ-ਬੁੱਝ ਕੇ ਪਰਮੇਸ਼ੁਰ ਦੇ ਬਚਨ ਤੋਂ ਦਿੱਤੀ ਸਲਾਹ ਨੂੰ ਨਹੀਂ ਮੰਨਦੇ।
ਅੱਜ ਵੀ ਜੇ ਅਸੀਂ ਦੇਖਦੇ ਹਾਂ ਕਿ ਕੋਈ ਭੈਣ ਜਾਂ ਭਰਾ ਪਰਮੇਸ਼ੁਰ ਦੇ ਬਚਨ ਤੋਂ ਦਿੱਤੀਆਂ ਜਾਂਦੀਆਂ ਹਿਦਾਇਤਾਂ ਨੂੰ ਮੰਨਣ ਤੋਂ ਇਨਕਾਰ ਕਰਦਾ ਰਹਿੰਦਾ ਹੈ, a ਤਾਂ ਅਸੀਂ ਕੀ ਕਰਾਂਗੇ? ਅਸੀਂ ਖ਼ੁਦ ਫ਼ੈਸਲਾ ਕਰਾਂਗੇ ਕਿ ਅਸੀਂ ਹੋਰ ਮੌਕਿਆਂ ਤੇ ਜਾਂ ਮਨੋਰੰਜਨ ਕਰਨ ਲਈ ਉਸ ਨਾਲ ਮਿਲਾ-ਗਿਲਾਂਗੇ ਨਹੀਂ। ਇਹ ਹਰੇਕ ਦਾ ਨਿੱਜੀ ਫ਼ੈਸਲਾ ਹੈ, ਇਸ ਕਰਕੇ ਅਸੀਂ ਆਪਣੇ ਪਰਿਵਾਰ ਦੇ ਜੀਆਂ ਤੋਂ ਇਲਾਵਾ ਹੋਰ ਕਿਸੇ ਨਾਲ ਵੀ ਇਸ ਬਾਰੇ ਗੱਲ ਨਹੀਂ ਕਰਾਂਗੇ। ਨਾਲੇ ਅਸੀਂ ਹਾਲੇ ਵੀ ਉਸ ਵਿਅਕਤੀ ਨਾਲ ਸਭਾਵਾਂ ਅਤੇ ਪ੍ਰਚਾਰ ਵਿਚ ਮਿਲ-ਗਿਲ ਸਕਦੇ ਹਾਂ। ਪਰ ਜਦੋਂ ਉਹ ਆਪਣੇ ਆਪ ਨੂੰ ਸੁਧਾਰ ਲੈਂਦਾ ਹੈ, ਤਾਂ ਅਸੀਂ ਪਹਿਲਾਂ ਵਾਂਗ ਉਸ ਨਾਲ ਮਿਲਣਾ-ਗਿਲਣਾ ਸ਼ੁਰੂ ਕਰ ਸਕਦੇ ਹਾਂ।
a ਉਦਾਹਰਣ ਲਈ, ਸ਼ਾਇਦ ਕੋਈ ਮਸੀਹੀ ਆਪਣਾ ਗੁਜ਼ਾਰਾ ਤੋਰਨ ਦੇ ਕਾਬਲ ਹੈ, ਫਿਰ ਵੀ ਕੋਈ ਕੰਮ ਨਾ ਕਰੇ ਜਾਂ ਸ਼ਾਇਦ ਸਲਾਹ ਦਿੱਤੇ ਜਾਣ ਦੇ ਬਾਵਜੂਦ ਵੀ ਕਿਸੇ ਅਵਿਸ਼ਵਾਸੀ ਨਾਲ ਡੇਟਿੰਗ ਕਰਦਾ ਰਹੇ ਜਾਂ ਸ਼ਾਇਦ ਮੰਡਲੀ ਵਿਚ ਦਿੱਤੀਆਂ ਹਿਦਾਇਤਾਂ ਖ਼ਿਲਾਫ਼ ਬੋਲੇ ਜਾਂ ਚੁਗ਼ਲੀਆਂ ਕਰੇ। (1 ਕੁਰਿੰ. 7:39; 2 ਕੁਰਿੰ. 6:14; 2 ਥੱਸ. 3:11, 12; 1 ਤਿਮੋ. 5:13) ਜਿਹੜਾ ਵੀ ਮਸੀਹੀ ਅਜਿਹੇ ਕੰਮ ਕਰਦਾ ਰਹਿੰਦਾ ਹੈ, ਉਹ “ਗ਼ਲਤ ਤਰੀਕੇ ਨਾਲ ਚੱਲਦਾ” ਹੈ।