Skip to content

Skip to table of contents

ਅਧਿਐਨ ਲੇਖ 32

ਗੀਤ 44 ਦੁਖਿਆਰੇ ਦੀ ਦੁਆ

ਯਹੋਵਾਹ ਚਾਹੁੰਦਾ ਹੈ ਕਿ ਸਾਰੇ ਤੋਬਾ ਕਰਨ

ਯਹੋਵਾਹ ਚਾਹੁੰਦਾ ਹੈ ਕਿ ਸਾਰੇ ਤੋਬਾ ਕਰਨ

“ਯਹੋਵਾਹ . . . ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।”​—2 ਪਤ. 3:9.

ਕੀ ਸਿੱਖਾਂਗੇ?

ਤੋਬਾ ਕਰਨ ਦਾ ਕੀ ਮਤਲਬ ਹੈ, ਤੋਬਾ ਕਰਨੀ ਜ਼ਰੂਰੀ ਕਿਉਂ ਹੈ ਅਤੇ ਯਹੋਵਾਹ ਤੋਬਾ ਕਰਨ ਵਿਚ ਹਰ ਤਰ੍ਹਾਂ ਦੇ ਲੋਕਾਂ ਦੀ ਕਿਵੇਂ ਮਦਦ ਕਰਦਾ ਹੈ।

1. ਤੋਬਾ ਕਰਨ ਦਾ ਕੀ ਮਤਲਬ ਹੈ?

 ਜਦੋਂ ਅਸੀਂ ਕੁਝ ਗ਼ਲਤ ਕਰਦੇ ਹਾਂ, ਤਾਂ ਸਾਨੂੰ ਤੋਬਾ ਕਰਨੀ ਚਾਹੀਦੀ ਹੈ। ਬਾਈਬਲ ਦੱਸਦੀ ਹੈ ਕਿ ਇਕ ਵਿਅਕਤੀ ਉਦੋਂ ਤੋਬਾ ਕਰਦਾ ਹੈ ਜਦੋਂ ਉਹ ਆਪਣੇ ਕੀਤੇ ਹੋਏ ਗ਼ਲਤ ਕੰਮਾਂ ਨਾਲ ਨਫ਼ਰਤ ਕਰਨ ਲੱਗ ਪੈਂਦਾ ਹੈ। ਨਾਲੇ ਉਹ ਇਹ ਗ਼ਲਤ ਕੰਮ ਕਰਨੇ ਛੱਡ ਦਿੰਦਾ ਹੈ ਅਤੇ ਉਨ੍ਹਾਂ ਨੂੰ ਨਾ ਦੁਹਰਾਉਣ ਦਾ ਪੱਕਾ ਇਰਾਦਾ ਕਰਦਾ ਹੈ।​—ਬਾਈਬਲ ਦੀ ਸ਼ਬਦਾਵਲੀ ਵਿਚ “ਤੋਬਾ” ਪੜ੍ਹੋ।

2. ਹਰ ਇਨਸਾਨ ਨੂੰ ਤੋਬਾ ਕਰਨ ਬਾਰੇ ਸਿੱਖਣ ਦੀ ਕਿਉਂ ਲੋੜ ਹੈ? (ਨਹਮਯਾਹ 8:9-11)

2 ਹਰ ਇਨਸਾਨ ਨੂੰ ਤੋਬਾ ਕਰਨ ਬਾਰੇ ਸਿੱਖਣ ਦੀ ਕਿਉਂ ਲੋੜ ਹੈ? ਕਿਉਂਕਿ ਅਸੀਂ ਸਾਰੇ ਹਰ ਰੋਜ਼ ਪਾਪ ਕਰਦੇ ਹਾਂ। ਆਦਮ ਤੇ ਹੱਵਾਹ ਦੀ ਔਲਾਦ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਵਿਰਾਸਤ ਵਿਚ ਪਾਪ ਤੇ ਮੌਤ ਮਿਲੀ ਹੈ। (ਰੋਮੀ. 3:23; 5:12) ਅਸੀਂ ਸਾਰੇ ਪਾਪੀ ਹਾਂ, ਇਸ ਲਈ ਸਾਨੂੰ ਸਾਰਿਆਂ ਨੂੰ ਤੋਬਾ ਕਰਨ ਦੀ ਲੋੜ ਪੈਂਦੀ ਹੈ। ਇੱਥੋਂ ਤਕ ਕਿ ਮਜ਼ਬੂਤ ਨਿਹਚਾ ਰੱਖਣ ਵਾਲੇ ਆਦਮੀਆਂ ਨੂੰ ਵੀ ਆਪਣੇ ਪਾਪੀ ਝੁਕਾਅ ਨਾਲ ਲੜਨਾ ਪਿਆ, ਜਿਵੇਂ ਕਿ ਪੌਲੁਸ ਰਸੂਲ। (ਰੋਮੀ. 7:21-24) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਆਪਣੇ ਪਾਪਾਂ ਕਰਕੇ ਹਮੇਸ਼ਾ ਨਿਰਾਸ਼ ਹੀ ਰਹਿਣਾ ਚਾਹੀਦਾ ਹੈ? ਨਹੀਂ। ਯਹੋਵਾਹ ਦਿਆਲੂ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ। ਜ਼ਰਾ ਨਹਮਯਾਹ ਦੇ ਜ਼ਮਾਨੇ ਵਿਚ ਰਹਿੰਦੇ ਯਹੂਦੀਆਂ ਦੀ ਮਿਸਾਲ ʼਤੇ ਗੌਰ ਕਰੋ। (ਨਹਮਯਾਹ 8:9-11 ਪੜ੍ਹੋ।) ਯਹੋਵਾਹ ਨਹੀਂ ਚਾਹੁੰਦਾ ਸੀ ਕਿ ਉਹ ਬੀਤੇ ਸਮੇਂ ਵਿਚ ਕੀਤੇ ਪਾਪਾਂ ਕਰਕੇ ਹੱਦੋਂ ਵੱਧ ਦੁਖੀ ਰਹਿਣ। ਉਹ ਚਾਹੁੰਦਾ ਸੀ ਕਿ ਉਹ ਖ਼ੁਸ਼ੀ ਨਾਲ ਉਸ ਦੀ ਭਗਤੀ ਕਰਨ। ਯਹੋਵਾਹ ਜਾਣਦਾ ਹੈ ਕਿ ਤੋਬਾ ਕਰਨ ਨਾਲ ਖ਼ੁਸ਼ੀ ਮਿਲਦੀ ਹੈ। ਇਸ ਲਈ ਉਹ ਸਾਨੂੰ ਇਸ ਬਾਰੇ ਸਿਖਾਉਂਦਾ ਹੈ। ਜੇ ਅਸੀਂ ਤੋਬਾ ਕਰਦੇ ਹਾਂ, ਤਾਂ ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਦਿਆਲੂ ਪਿਤਾ ਸਾਨੂੰ ਜ਼ਰੂਰ ਮਾਫ਼ ਕਰੇਗਾ।

3. ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

3 ਇਸ ਲੇਖ ਵਿਚ ਅਸੀਂ ਤੋਬਾ ਕਰਨ ਬਾਰੇ ਸਿੱਖਾਂਗੇ। ਅਸੀਂ ਤਿੰਨ ਸਵਾਲਾਂ ʼਤੇ ਚਰਚਾ ਕਰਾਂਗੇ। ਪਹਿਲਾ, ਯਹੋਵਾਹ ਨੇ ਇਜ਼ਰਾਈਲੀਆਂ ਨੂੰ ਤੋਬਾ ਕਰਨ ਬਾਰੇ ਕੀ ਸਿਖਾਇਆ? ਦੂਜਾ, ਯਹੋਵਾਹ ਨੇ ਆਪਣੇ ਸੇਵਕਾਂ ਦੀ ਤੋਬਾ ਕਰਨ ਵਿਚ ਕਿਵੇਂ ਮਦਦ ਕੀਤੀ? ਤੀਜਾ, ਯਿਸੂ ਨੇ ਆਪਣੇ ਚੇਲਿਆਂ ਨੂੰ ਤੋਬਾ ਕਰਨ ਬਾਰੇ ਕੀ ਸਿਖਾਇਆ?

ਯਹੋਵਾਹ ਨੇ ਤੋਬਾ ਕਰਨ ਬਾਰੇ ਇਜ਼ਰਾਈਲੀਆਂ ਨੂੰ ਕੀ ਸਿਖਾਇਆ?

4. ਯਹੋਵਾਹ ਨੇ ਤੋਬਾ ਕਰਨ ਬਾਰੇ ਇਜ਼ਰਾਈਲੀਆਂ ਨੂੰ ਕੀ ਸਿਖਾਇਆ?

4 ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਆਪਣੇ ਕਾਨੂੰਨ ਦਿੱਤੇ, ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਮੰਨਣ ਦਾ ਵਾਅਦਾ ਕੀਤਾ। ਜੇ ਉਹ ਪਰਮੇਸ਼ੁਰ ਦੇ ਕਾਨੂੰਨ ਮੰਨਦੇ, ਤਾਂ ਉਸ ਨੇ ਉਨ੍ਹਾਂ ਦੀ ਹਿਫਾਜ਼ਤ ਕਰਨੀ ਸੀ ਅਤੇ ਉਨ੍ਹਾਂ ਨੂੰ ਬਰਕਤਾਂ ਦੇਣੀਆਂ ਸਨ। ਇਨ੍ਹਾਂ ਕਾਨੂੰਨਾਂ ਬਾਰੇ ਯਹੋਵਾਹ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ: “ਇਹ ਹੁਕਮ ਜੋ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ, ਤੁਹਾਡੇ ਲਈ ਮੰਨਣੇ ਇੰਨੇ ਔਖੇ ਨਹੀਂ ਹਨ ਅਤੇ ਨਾ ਹੀ ਤੁਹਾਡੀ ਪਹੁੰਚ ਤੋਂ ਬਾਹਰ ਹਨ।” (ਬਿਵ. 30:11, 16) ਪਰ ਜੇ ਉਹ ਉਸ ਦੇ ਕਾਨੂੰਨ ਨਾ ਮੰਨਦੇ ਜਾਂ ਹੋਰ ਦੇਵੀ-ਦੇਵਤਿਆਂ ਦੀ ਭਗਤੀ ਕਰਨ ਦਾ ਫ਼ੈਸਲਾ ਕਰਦੇ, ਤਾਂ ਯਹੋਵਾਹ ਨੇ ਉਨ੍ਹਾਂ ਦੀ ਹਿਫਾਜ਼ਤ ਨਹੀਂ ਕਰਨੀ ਸੀ ਅਤੇ ਉਨ੍ਹਾਂ ਨੂੰ ਦੁੱਖ ਭੋਗਣੇ ਪੈਣੇ ਸਨ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਯਹੋਵਾਹ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਛੱਡ ਦੇਣਾ ਸੀ। ਉਹ “ਆਪਣੇ ਪਰਮੇਸ਼ੁਰ ਯਹੋਵਾਹ ਵੱਲ ਵਾਪਸ” ਆ ਸਕਦੇ ਸਨ ਅਤੇ “ਉਸ ਦੀ ਗੱਲ” ਸੁਣ ਸਕਦੇ ਸਨ। (ਬਿਵ. 30:1-3, 17-20) ਸੌਖੇ ਸ਼ਬਦਾਂ ਵਿਚ ਕਹੀਏ, ਤਾਂ ਉਹ ਤੋਬਾ ਕਰ ਸਕਦੇ ਸਨ। ਜੇ ਉਹ ਇੱਦਾਂ ਕਰਦੇ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਣਾ ਸੀ ਅਤੇ ਦੁਬਾਰਾ ਤੋਂ ਉਨ੍ਹਾਂ ਨੂੰ ਬਰਕਤਾਂ ਦੇਣੀਆਂ ਸਨ।

5. ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਇਜ਼ਰਾਈਲੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ? (2 ਰਾਜਿਆਂ 17:13, 14)

5 ਯਹੋਵਾਹ ਦੇ ਚੁਣੇ ਹੋਏ ਲੋਕਾਂ ਨੇ ਵਾਰ-ਵਾਰ ਉਸ ਖ਼ਿਲਾਫ਼ ਬਗਾਵਤ ਕੀਤੀ। ਉਨ੍ਹਾਂ ਨੇ ਮੂਰਤੀ-ਪੂਜਾ ਕੀਤੀ ਅਤੇ ਹੋਰ ਕਈ ਨੀਚ ਕੰਮ ਕੀਤੇ। ਨਤੀਜੇ ਵਜੋਂ, ਉਨ੍ਹਾਂ ਨੂੰ ਦੁੱਖ ਭੋਗਣੇ ਪਏ। ਪਰ ਯਹੋਵਾਹ ਕੁਰਾਹੇ ਪਏ ਇਜ਼ਰਾਈਲੀਆਂ ਦੀ ਲਗਾਤਾਰ ਮਦਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਤਾਂਕਿ ਉਹ ਦੁਬਾਰਾ ਤੋਂ ਉਸ ਦੀ ਸੇਵਾ ਕਰ ਸਕਣ। ਉਸ ਨੇ ਵਾਰ-ਵਾਰ ਆਪਣੇ ਨਬੀਆਂ ਨੂੰ ਭੇਜਿਆ। ਉਨ੍ਹਾਂ ਨਬੀਆਂ ਨੇ ਇਜ਼ਰਾਈਲੀਆਂ ਨੂੰ ਤੋਬਾ ਕਰਨ ਅਤੇ ਉਸ ਕੋਲ ਵਾਪਸ ਆਉਣ ਦੀ ਹੱਲਾਸ਼ੇਰੀ ਦਿੱਤੀ।​—2 ਰਾਜਿਆਂ 17:13, 14 ਪੜ੍ਹੋ।

6. ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਲੋਕਾਂ ਨੂੰ ਤੋਬਾ ਕਰਨ ਦੀ ਅਹਿਮੀਅਤ ਬਾਰੇ ਕਿਵੇਂ ਸਿਖਾਇਆ? (ਤਸਵੀਰ ਵੀ ਦੇਖੋ।)

6 ਯਹੋਵਾਹ ਨੇ ਇਜ਼ਰਾਈਲੀਆਂ ਨੂੰ ਚੇਤਾਵਨੀ ਦੇਣ ਲਈ ਅਕਸਰ ਨਬੀਆਂ ਨੂੰ ਭੇਜਿਆ। ਮਿਸਾਲ ਲਈ, ਪਰਮੇਸ਼ੁਰ ਨੇ ਯਿਰਮਿਯਾਹ ਰਾਹੀਂ ਕਿਹਾ: ‘ਹੇ ਬਾਗ਼ੀ ਇਜ਼ਰਾਈਲ, ਮੈਂ ਤੇਰੇ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਨਹੀਂ ਦੇਖਾਂਗਾ ਕਿਉਂਕਿ ਮੈਂ ਵਫ਼ਾਦਾਰ ਹਾਂ, ਮੈਂ ਹਮੇਸ਼ਾ ਤੇਰੇ ਨਾਲ ਨਾਰਾਜ਼ ਨਹੀਂ ਰਹਾਂਗਾ। ਤੂੰ ਬੱਸ ਆਪਣਾ ਪਾਪ ਕਬੂਲ ਕਰ ਕਿਉਂਕਿ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ ਹੈ।’ (ਯਿਰ. 3:12, 13) ਯੋਏਲ ਦੁਆਰਾ ਯਹੋਵਾਹ ਨੇ ਕਿਹਾ: “ਤੁਸੀਂ ਪੂਰੇ ਦਿਲ ਨਾਲ ਮੇਰੇ ਵੱਲ ਮੁੜ ਆਓ।” (ਯੋਏ. 2:12, 13) ਉਸ ਨੇ ਯਸਾਯਾਹ ਰਾਹੀਂ ਕਿਹਾ: “ਆਪਣੇ ਆਪ ਨੂੰ ਸ਼ੁੱਧ ਕਰੋ; ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰੋ; ਬੁਰਾਈ ਕਰਨੀ ਛੱਡ ਦਿਓ।” (ਯਸਾ. 1:16-19) ਯਹੋਵਾਹ ਨੇ ਹਿਜ਼ਕੀਏਲ ਰਾਹੀਂ ਪੁੱਛਿਆ: ‘ਕੀ ਮੈਨੂੰ ਦੁਸ਼ਟ ਇਨਸਾਨ ਦੀ ਮੌਤ ਤੋਂ ਖ਼ੁਸ਼ੀ ਹੁੰਦੀ ਹੈ? ਕੀ ਮੈਂ ਇਹ ਨਹੀਂ ਚਾਹੁੰਦਾ ਕਿ ਉਹ ਆਪਣੇ ਰਾਹਾਂ ਤੋਂ ਮੁੜੇ ਅਤੇ ਜੀਉਂਦਾ ਰਹੇ? ਮੈਨੂੰ ਕਿਸੇ ਦੀ ਮੌਤ ਤੋਂ ਖ਼ੁਸ਼ੀ ਨਹੀਂ ਹੁੰਦੀ, ਇਸ ਲਈ ਮੁੜੋ ਅਤੇ ਜੀਉਂਦੇ ਰਹੋ।’ (ਹਿਜ਼. 18:23, 32) ਜਦੋਂ ਲੋਕ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਨ, ਤਾਂ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਲੋਕ ਹਮੇਸ਼ਾ ਲਈ ਜੀਉਂਦੇ ਰਹਿਣ। ਪਰ ਯਹੋਵਾਹ ਇਕ ਵਿਅਕਤੀ ਦੀ ਮਦਦ ਕਰਨ ਲਈ ਉਸ ਦੇ ਬਦਲਣ ਦੀ ਉਡੀਕ ਨਹੀਂ ਕਰਦਾ ਰਹਿੰਦਾ। ਆਓ ਆਪਾਂ ਇਸ ਦੀਆਂ ਕੁਝ ਮਿਸਾਲਾਂ ਦੇਖੀਏ।

ਯਹੋਵਾਹ ਨੇ ਕੁਰਾਹੇ ਪਏ ਇਜ਼ਰਾਈਲੀਆਂ ਨੂੰ ਚੇਤਾਵਨੀ ਦੇਣ ਲਈ ਅਕਸਰ ਆਪਣੇ ਨਬੀਆਂ ਨੂੰ ਭੇਜਿਆ (ਪੈਰੇ 6-7 ਦੇਖੋ)


7. ਹੋਸ਼ੇਆ ਨਬੀ ਅਤੇ ਉਸ ਦੀ ਪਤਨੀ ਦੇ ਬਿਰਤਾਂਤ ਤੋਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਕੀ ਸਿਖਾਇਆ?

7 ਗੌਰ ਕਰੋ ਕਿ ਯਹੋਵਾਹ ਨੇ ਇਕ ਜੀਉਂਦੀ-ਜਾਗਦੀ ਮਿਸਾਲ ਰਾਹੀਂ ਆਪਣੇ ਲੋਕਾਂ ਨੂੰ ਕੀ ਸਿਖਾਇਆ। ਉਹ ਮਿਸਾਲ ਸੀ, ਹੋਸ਼ੇਆ ਨਬੀ ਦੀ ਪਤਨੀ ਗੋਮਰ ਦੀ। ਗੋਮਰ ਨੇ ਹਰਾਮਕਾਰੀ ਕੀਤੀ ਅਤੇ ਹੋਸ਼ੇਆ ਨੂੰ ਛੱਡ ਕੇ ਕਿਸੇ ਹੋਰ ਆਦਮੀ ਕੋਲ ਚਲੀ ਗਈ। ਯਹੋਵਾਹ ਨੇ ਕੀ ਕੀਤਾ? ਯਹੋਵਾਹ ਹਰ ਇਨਸਾਨ ਦਾ ਦਿਲ ਪੜ੍ਹ ਸਕਦਾ ਹੈ। ਉਸ ਨੇ ਹੋਸ਼ੇਆ ਨੂੰ ਕਿਹਾ: “ਜਾਹ ਅਤੇ ਦੁਬਾਰਾ ਉਸ ਔਰਤ ਨਾਲ ਪਿਆਰ ਕਰ ਜਿਸ ਨੂੰ ਕੋਈ ਹੋਰ ਆਦਮੀ ਪਿਆਰ ਕਰਦਾ ਹੈ ਅਤੇ ਜੋ ਹਰਾਮਕਾਰੀ ਕਰਦੀ ਹੈ, ਠੀਕ ਜਿਵੇਂ ਯਹੋਵਾਹ ਇਜ਼ਰਾਈਲ ਦੇ ਲੋਕਾਂ ਨਾਲ ਪਿਆਰ ਕਰਦਾ ਹੈ, ਭਾਵੇਂ ਉਹ ਹੋਰ ਦੇਵਤਿਆਂ ਵੱਲ ਮੁੜ ਗਏ ਹਨ।” (ਹੋਸ਼ੇ. 3:1; ਕਹਾ. 16:2) ਗੌਰ ਕਰੋ ਕਿ ਹੋਸ਼ੇਆ ਦੀ ਪਤਨੀ ਅਜੇ ਵੀ ਗੰਭੀਰ ਪਾਪ ਕਰ ਰਹੀ ਸੀ। ਪਰ ਯਹੋਵਾਹ ਨੇ ਹੋਸ਼ੇਆ ਨੂੰ ਕਿਹਾ ਕਿ ਉਹ ਉਸ ਨੂੰ ਮਾਫ਼ ਕਰ ਦੇਵੇ ਅਤੇ ਉਸ ਨੂੰ ਦੁਬਾਰਾ ਤੋਂ ਆਪਣੀ ਪਤਨੀ ਬਣਾ ਲਵੇ। a ਇਸ ਮਿਸਾਲ ਰਾਹੀਂ ਯਹੋਵਾਹ ਆਪਣੇ ਲੋਕਾਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਉਹ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ। ਭਾਵੇਂ ਕਿ ਉਹ ਗੰਭੀਰ ਪਾਪ ਕਰ ਰਹੇ ਸਨ, ਪਰ ਫਿਰ ਵੀ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਸੀ। ਉਸ ਨੇ ਉਨ੍ਹਾਂ ਦੀ ਮਦਦ ਕਰਨ ਲਈ ਵਾਰ-ਵਾਰ ਨਬੀਆਂ ਨੂੰ ਭੇਜਿਆ ਤਾਂਕਿ ਉਹ ਤੋਬਾ ਕਰਨ ਅਤੇ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਨ। ਇਸ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ “ਦਿਲਾਂ ਨੂੰ ਜਾਂਚਣ ਵਾਲਾ” ਹੈ ਅਤੇ ਉਹ ਉਸ ਇਨਸਾਨ ਦੀ ਤੋਬਾ ਕਰਨ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰੇਗਾ ਜੋ ਗੰਭੀਰ ਪਾਪ ਕਰ ਰਿਹਾ ਹੈ। (ਕਹਾ. 17:3) ਆਓ ਦੇਖੀਏ ਕਿ ਯਹੋਵਾਹ ਨੇ ਇਹ ਪਹਿਲਾਂ ਕਿਵੇਂ ਕੀਤਾ।

ਯਹੋਵਾਹ ਤੋਬਾ ਕਰਨ ਵਿਚ ਪਾਪੀਆਂ ਦੀ ਕਿਵੇਂ ਮਦਦ ਕਰਦਾ ਹੈ?

8. ਯਹੋਵਾਹ ਨੇ ਤੋਬਾ ਕਰਨ ਵਿਚ ਕਾਇਨ ਦੀ ਕਿਵੇਂ ਮਦਦ ਕੀਤੀ? (ਉਤਪਤ 4:3-7) (ਤਸਵੀਰ ਵੀ ਦੇਖੋ।)

8 ਕਾਇਨ ਆਦਮ ਤੇ ਹੱਵਾਹ ਦਾ ਪਹਿਲਾ ਮੁੰਡਾ ਸੀ। ਉਸ ਨੂੰ ਵਿਰਾਸਤ ਵਿਚ ਆਪਣੇ ਮਾਪਿਆਂ ਤੋਂ ਪਾਪ ਮਿਲਿਆ ਸੀ। ਬਾਈਬਲ ਇਹ ਵੀ ਦੱਸਦੀ ਹੈ: “ਉਸ ਦੇ ਆਪਣੇ ਕੰਮ ਬੁਰੇ ਸਨ।” (1 ਯੂਹੰ. 3:12) ਸ਼ਾਇਦ ਇਸੇ ਕਰਕੇ ਯਹੋਵਾਹ “ਕਾਇਨ ਤੋਂ ਖ਼ੁਸ਼ ਨਹੀਂ ਸੀ ਅਤੇ ਉਸ ਨੇ ਉਸ ਦੀ ਭੇਟ ਸਵੀਕਾਰ ਨਹੀਂ ਕੀਤੀ।” ਆਪਣੇ ਰਾਹਾਂ ਨੂੰ ਬਦਲਣ ਦੀ ਬਜਾਇ “ਕਾਇਨ ਗੁੱਸੇ ਨਾਲ ਲਾਲ-ਪੀਲ਼ਾ ਹੋ ਗਿਆ ਅਤੇ ਉਸ ਦਾ ਮੂੰਹ ਉੱਤਰ ਗਿਆ।” ਫਿਰ ਯਹੋਵਾਹ ਨੇ ਕੀ ਕੀਤਾ? ਉਸ ਨੇ ਕਾਇਨ ਨਾਲ ਗੱਲ ਕੀਤੀ। (ਉਤਪਤ 4:3-7 ਪੜ੍ਹੋ।) ਗੌਰ ਕਰੋ ਕਿ ਯਹੋਵਾਹ ਨੇ ਪਿਆਰ ਨਾਲ ਕਾਇਨ ਨਾਲ ਗੱਲ ਕੀਤੀ। ਉਸ ਨੇ ਕਾਇਨ ਨੂੰ ਕਿਹਾ ਕਿ ਜੇ ਉਹ ਚੰਗੇ ਕੰਮ ਕਰੇਗਾ, ਤਾਂ ਉਹ ਉਸ ਨੂੰ ਬਰਕਤ ਦੇਵੇਗਾ। ਯਹੋਵਾਹ ਨੇ ਕਾਇਨ ਨੂੰ ਚੇਤਾਵਨੀ ਵੀ ਦਿੱਤੀ ਕਿ ਉਹ ਆਪਣੇ ਗੁੱਸੇ ਕਰਕੇ ਕੁਝ ਬੁਰਾ ਨਾ ਕਰ ਬੈਠੇ। ਦੁੱਖ ਦੀ ਗੱਲ ਹੈ ਕਿ ਕਾਇਨ ਨੇ ਪਰਮੇਸ਼ੁਰ ਦੀ ਗੱਲ ਨਹੀਂ ਸੁਣੀ। ਕੀ ਇਸ ਕਰਕੇ ਯਹੋਵਾਹ ਨੇ ਫ਼ੈਸਲਾ ਕਰ ਲਿਆ ਕਿ ਉਹ ਹੁਣ ਕਿਸੇ ਦੀ ਵੀ ਤੋਬਾ ਕਰਨ ਵਿਚ ਮਦਦ ਨਹੀਂ ਕਰੇਗਾ? ਬਿਲਕੁਲ ਨਹੀਂ।

ਯਹੋਵਾਹ ਨੇ ਪਿਆਰ ਨਾਲ ਕਾਇਨ ਨੂੰ ਕਿਹਾ ਕਿ ਜੇ ਉਹ ਚੰਗੇ ਕੰਮ ਕਰੇਗਾ, ਤਾਂ ਉਹ ਉਸ ਨੂੰ ਬਰਕਤ ਦੇਵੇਗਾ ਅਤੇ ਚੇਤਾਵਨੀ ਵੀ ਦਿੱਤੀ ਕਿ ਉਹ ਆਪਣੇ ਗੁੱਸੇ ਕਰਕੇ ਕੁਝ ਬੁਰਾ ਨਾ ਕਰ ਬੈਠੇ (ਪੈਰਾ 8 ਦੇਖੋ)


9. ਯਹੋਵਾਹ ਨੇ ਤੋਬਾ ਕਰਨ ਵਿਚ ਦਾਊਦ ਦੀ ਕਿਵੇਂ ਮਦਦ ਕੀਤੀ?

9 ਯਹੋਵਾਹ ਰਾਜਾ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ। ਇੱਥੋਂ ਤਕ ਕਿ ਉਸ ਨੇ ਦਾਊਦ ਬਾਰੇ ਕਿਹਾ ਕਿ ਉਹ “ਮੇਰੇ ਦਿਲ ਨੂੰ ਭਾਉਂਦਾ ਹੈ।” (ਰਸੂ. 13:22) ਪਰ ਦਾਊਦ ਨੇ ਹਰਾਮਕਾਰੀ ਤੇ ਕਤਲ ਵਰਗੇ ਕੁਝ ਗੰਭੀਰ ਪਾਪ ਵੀ ਕੀਤੇ। ਮੂਸਾ ਦੇ ਕਾਨੂੰਨ ਅਨੁਸਾਰ ਦਾਊਦ ਮੌਤ ਦੀ ਸਜ਼ਾ ਦੇ ਲਾਇਕ ਸੀ। (ਲੇਵੀ. 20:10; ਗਿਣ. 35:31) ਪਰ ਯਹੋਵਾਹ ਨੇ ਤੋਬਾ ਕਰਨ ਵਿਚ ਦਾਊਦ ਦੀ ਮਦਦ ਕੀਤੀ। b ਭਾਵੇਂ ਕਿ ਰਾਜਾ ਦਾਊਦ ਨੇ ਹਾਲੇ ਤਕ ਆਪਣੇ ਪਾਪਾਂ ਤੋਂ ਤੋਬਾ ਨਹੀਂ ਕੀਤੀ ਸੀ, ਪਰ ਫਿਰ ਵੀ ਪਰਮੇਸ਼ੁਰ ਨੇ ਆਪਣੇ ਨਬੀ ਨਾਥਾਨ ਨੂੰ ਉਸ ਕੋਲ ਭੇਜਿਆ। ਨਾਥਾਨ ਨੇ ਇਕ ਮਿਸਾਲ ਰਾਹੀਂ ਦਾਊਦ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਸ ਨੇ ਕਿੰਨੇ ਗੰਭੀਰ ਪਾਪ ਕੀਤੇ ਹਨ। ਦਾਊਦ ਨੂੰ ਅਹਿਸਾਸ ਹੋਇਆ ਕਿ ਉਸ ਨੇ ਯਹੋਵਾਹ ਦਾ ਕਿੰਨਾ ਦਿਲ ਦੁਖਾਇਆ ਸੀ ਅਤੇ ਉਸ ਨੇ ਤੋਬਾ ਕੀਤੀ। (2 ਸਮੂ. 12:1-14) ਉਸ ਨੇ ਇਕ ਜ਼ਬੂਰ ਲਿਖਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀਆਂ ਗ਼ਲਤੀਆਂ ਕਰਕੇ ਕਿੰਨਾ ਸ਼ਰਮਿੰਦਾ ਸੀ। (ਜ਼ਬੂ. 51, ਸਿਰਲੇਖ) ਇਸ ਜ਼ਬੂਰ ਤੋਂ ਅਣਗਿਣਤ ਪਾਪੀਆਂ ਨੂੰ ਦਿਲਾਸਾ ਮਿਲਿਆ ਅਤੇ ਆਪਣੇ ਪਾਪਾਂ ਤੋਂ ਤੋਬਾ ਕਰਨ ਦੀ ਹੱਲਾਸ਼ੇਰੀ ਮਿਲੀ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਦਾਊਦ ਨੂੰ ਪਿਆਰ ਕਰਦਾ ਸੀ ਅਤੇ ਤੋਬਾ ਕਰਨ ਵਿਚ ਉਸ ਦੀ ਮਦਦ ਕੀਤੀ।

10. ਤੁਹਾਨੂੰ ਇਹ ਜਾਣ ਕੇ ਕਿਵੇਂ ਲੱਗਦਾ ਹੈ ਕਿ ਯਹੋਵਾਹ ਸਾਡੇ ਨਾਲ ਧੀਰਜ ਰੱਖਦਾ ਹੈ ਅਤੇ ਸਾਨੂੰ ਮਾਫ਼ ਕਰਦਾ ਹੈ?

10 ਯਹੋਵਾਹ ਪਾਪ ਨਾਲ ਨਫ਼ਰਤ ਕਰਦਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਪਾਪ ਨੂੰ ਬਰਦਾਸ਼ਤ ਨਹੀਂ ਕਰਦਾ। (ਜ਼ਬੂ. 5:4, 5) ਪਰ ਉਹ ਜਾਣਦਾ ਹੈ ਕਿ ਅਸੀਂ ਸਾਰੇ ਪਾਪੀ ਹਾਂ। ਉਹ ਸਾਨੂੰ ਪਿਆਰ ਕਰਦਾ ਹੈ। ਇਸ ਕਰਕੇ ਜਦੋਂ ਸਾਡੇ ਤੋਂ ਕੋਈ ਪਾਪ ਹੋ ਜਾਂਦਾ ਹੈ, ਤਾਂ ਉਹ ਪਾਪ ਨਾਲ ਲੜਨ ਵਿਚ ਸਾਡੀ ਮਦਦ ਕਰਦਾ ਹੈ। ਚਾਹੇ ਇਕ ਵਿਅਕਤੀ ਨੇ ਕਿੰਨਾ ਹੀ ਗੰਭੀਰ ਪਾਪ ਕਿਉਂ ਨਾ ਕੀਤਾ ਹੋਵੇ, ਪਰ ਯਹੋਵਾਹ ਤੋਬਾ ਕਰਨ ਵਿਚ ਉਸ ਦੀ ਮਦਦ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਹ ਉਸ ਦੇ ਨੇੜੇ ਆਵੇ। ਇਹ ਜਾਣ ਕੇ ਸਾਨੂੰ ਕਿੰਨਾ ਹੀ ਦਿਲਾਸਾ ਮਿਲਦਾ ਹੈ! ਜਦੋਂ ਅਸੀਂ ਯਹੋਵਾਹ ਦੇ ਧੀਰਜ ਅਤੇ ਮਾਫ਼ ਕਰਨ ਦੇ ਗੁਣਾਂ ʼਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਉਸ ਦੇ ਵਫ਼ਾਦਾਰ ਰਹਿਣ ਅਤੇ ਪਾਪ ਹੋਣ ʼਤੇ ਝੱਟ ਤੋਬਾ ਕਰਨ ਦਾ ਪੱਕਾ ਇਰਾਦਾ ਕਰਦੇ ਹਾਂ। ਹੁਣ ਆਓ ਆਪਾਂ ਦੇਖੀਏ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਤੋਬਾ ਕਰਨ ਬਾਰੇ ਕੀ ਸਿਖਾਇਆ।

ਯਿਸੂ ਨੇ ਆਪਣੇ ਚੇਲਿਆਂ ਨੂੰ ਤੋਬਾ ਕਰਨ ਬਾਰੇ ਕੀ ਸਿਖਾਇਆ?

11-12. ਯਿਸੂ ਨੇ ਕਿਹੜੀ ਮਿਸਾਲ ਰਾਹੀਂ ਸਮਝਾਇਆ ਕਿ ਯਹੋਵਾਹ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਦੇਖੋ।)

11 ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ, ਪਹਿਲੀ ਸਦੀ ਵਿਚ ਯਹੋਵਾਹ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਫਿਰ ਯਿਸੂ ਮਸੀਹ ਰਾਹੀਂ ਲੋਕਾਂ ਨੂੰ ਸਿਖਾਇਆ ਕਿ ਤੋਬਾ ਕਰਨੀ ਕਿੰਨੀ ਜ਼ਰੂਰੀ ਹੈ।​—ਮੱਤੀ 3:1, 2; 4:17.

12 ਆਪਣੀ ਸੇਵਕਾਈ ਦੌਰਾਨ ਯਿਸੂ ਨੇ ਲੋਕਾਂ ਨੂੰ ਸਿਖਾਇਆ ਕਿ ਉਸ ਦਾ ਪਿਤਾ ਪਾਪੀਆਂ ਨੂੰ ਮਾਫ਼ ਕਰਨ ਲਈ ਤਿਆਰ ਹੈ। ਯਿਸੂ ਨੇ ਲੋਕਾਂ ਨੂੰ ਇਹ ਗੱਲ ਇਕ ਮਿਸਾਲ ਰਾਹੀਂ ਸਮਝਾਈ। ਉਸ ਨੇ ਗੁਆਚੇ ਹੋਏ ਪੁੱਤਰ ਦੀ ਮਿਸਾਲ ਦਿੱਤੀ। ਉਹ ਮੁੰਡਾ ਆਪਣਾ ਘਰ ਛੱਡ ਕੇ ਚਲਾ ਗਿਆ ਤੇ ਉਸ ਨੇ ਕਈ ਬੁਰੇ ਕੰਮ ਕੀਤੇ। ਪਰ ਫਿਰ ‘ਉਸ ਦੀ ਅਕਲ ਟਿਕਾਣੇ ਆ ਗਈ’ ਅਤੇ ਉਹ ਘਰ ਵਾਪਸ ਮੁੜ ਆਇਆ। ਉਦੋਂ ਉਸ ਦੇ ਪਿਤਾ ਨੇ ਕੀ ਕੀਤਾ? ਯਿਸੂ ਨੇ ਦੱਸਿਆ ਕਿ “ਜਦੋਂ ਅਜੇ ਉਹ ਦੂਰ ਹੀ ਸੀ, ਤਾਂ ਉਸ ਦੇ ਪਿਤਾ ਨੇ ਉਸ ਨੂੰ ਦੇਖ ਲਿਆ। ਪਿਤਾ ਨੂੰ ਉਸ ਦੀ ਹਾਲਤ ʼਤੇ ਬੜਾ ਤਰਸ ਆਇਆ ਅਤੇ ਉਸ ਨੇ ਭੱਜ ਕੇ ਉਸ ਨੂੰ ਗਲ਼ੇ ਲਾ ਲਿਆ ਅਤੇ ਪਿਆਰ ਨਾਲ ਉਸ ਨੂੰ ਚੁੰਮਿਆ।” ਮੁੰਡੇ ਨੇ ਸੋਚਿਆ ਸੀ ਕਿ ਉਹ ਆਪਣੇ ਪਿਤਾ ਨੂੰ ਪੁੱਛੇਗਾ ਕਿ ਉਹ ਉਸ ਦੇ ਘਰ ਇਕ ਸੇਵਕ ਵਜੋਂ ਰਹਿ ਸਕਦਾ ਹੈ। ਪਰ ਉਸ ਦੇ ਪਿਤਾ ਨੇ ਉਸ ਨੂੰ ‘ਆਪਣਾ ਪੁੱਤਰ’ ਕਿਹਾ ਅਤੇ ਫਿਰ ਤੋਂ ਉਸ ਨੂੰ ਆਪਣੇ ਮੁੰਡੇ ਵਜੋਂ ਸਵੀਕਾਰ ਕਰ ਲਿਆ। ਉਸ ਨੇ ਕਿਹਾ: “ਇਹ ਗੁਆਚ ਗਿਆ ਸੀ, ਪਰ ਹੁਣ ਲੱਭ ਗਿਆ ਹੈ।” (ਲੂਕਾ 15:11-32) ਸਵਰਗ ਵਿਚ ਹੁੰਦਿਆਂ ਯਿਸੂ ਨੇ ਇਹ ਕਈ ਵਾਰ ਦੇਖਿਆ ਸੀ ਕਿ ਉਸ ਦਾ ਪਿਤਾ ਕਿੰਨਾ ਦਿਆਲੂ ਹੈ ਅਤੇ ਉਹ ਤੋਬਾ ਕਰਨ ਵਾਲੇ ਪਾਪੀਆਂ ਨੂੰ ਕਿੰਨੀ ਛੇਤੀ ਮਾਫ਼ ਕਰਦਾ ਹੈ। ਇਸ ਮਿਸਾਲ ਰਾਹੀਂ ਯਿਸੂ ਨੇ ਲਾਜਵਾਬ ਤਰੀਕੇ ਨਾਲ ਸਮਝਾਇਆ ਕਿ ਸਾਡਾ ਪਿਤਾ ਯਹੋਵਾਹ ਕਿੰਨਾ ਦਿਆਲੂ ਹੈ।

ਯਿਸੂ ਦੀ ਮਿਸਾਲ ਵਿਚ ਦੱਸਿਆ ਗੁਆਚਾ ਪੁੱਤਰ ਘਰ ਵਾਪਸ ਆ ਰਿਹਾ ਹੈ ਅਤੇ ਉਸ ਦਾ ਪਿਤਾ ਉਸ ਨੂੰ ਗਲ਼ੇ ਲਾਉਣ ਲਈ ਭੱਜ ਕੇ ਉਸ ਵੱਲ ਜਾ ਰਿਹਾ ਹੈ। (ਪੈਰੇ 11-12 ਦੇਖੋ)


13-14. ਪਤਰਸ ਰਸੂਲ ਨੇ ਤੋਬਾ ਕਰਨ ਬਾਰੇ ਕੀ ਸਿੱਖਿਆ ਅਤੇ ਉਸ ਨੇ ਦੂਸਰਿਆਂ ਨੂੰ ਇਸ ਬਾਰੇ ਕੀ ਸਿਖਾਇਆ? (ਤਸਵੀਰ ਵੀ ਦੇਖੋ।)

13 ਪਤਰਸ ਰਸੂਲ ਨੇ ਯਿਸੂ ਤੋਂ ਇਹ ਅਹਿਮ ਗੱਲ ਸਿੱਖੀ ਕਿ ਯਹੋਵਾਹ ਤੋਬਾ ਕਰਨ ਵਾਲਿਆਂ ਨੂੰ ਮਾਫ਼ ਕਰਦਾ ਹੈ। ਪਤਰਸ ਨੇ ਕਈ ਗ਼ਲਤੀਆਂ ਕੀਤੀਆਂ, ਪਰ ਹਰ ਵਾਰ ਯਿਸੂ ਉਸ ਨੂੰ ਮਾਫ਼ ਕਰਨ ਲਈ ਤਿਆਰ ਸੀ। ਮਿਸਾਲ ਲਈ, ਆਪਣੇ ਪ੍ਰਭੂ ਦਾ ਤਿੰਨ ਵਾਰ ਇਨਕਾਰ ਕਰਨ ਤੋਂ ਬਾਅਦ ਪਤਰਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਹ ਪੂਰੀ ਤਰ੍ਹਾਂ ਟੁੱਟ ਗਿਆ। (ਮੱਤੀ 26:34, 35, 69-75) ਪਰ ਜਦੋਂ ਯਿਸੂ ਦੁਬਾਰਾ ਜੀਉਂਦਾ ਹੋਇਆ, ਤਾਂ ਉਹ ਇਕੱਲਿਆਂ ਵਿਚ ਪਤਰਸ ਸਾਮ੍ਹਣੇ ਪ੍ਰਗਟ ਹੋਇਆ। (ਲੂਕਾ 24:33, 34; 1 ਕੁਰਿੰ. 15:3-5) ਯਿਸੂ ਜਾਣਦਾ ਸੀ ਕਿ ਪਤਰਸ ਨੇ ਦਿਲੋਂ ਤੋਬਾ ਕੀਤੀ ਸੀ। ਇਸ ਲਈ ਉਸ ਨੇ ਪਤਰਸ ਨੂੰ ਮਾਫ਼ ਕਰ ਦਿੱਤਾ। ਨਾਲੇ ਯਿਸੂ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਅਜੇ ਵੀ ਉਸ ਨੂੰ ਪਿਆਰ ਕਰਦਾ ਹੈ।​—ਮਰ. 16:7.

14 ਪਤਰਸ ਨੇ ਆਪਣੇ ਇਸ ਤਜਰਬੇ ਤੋਂ ਦੇਖਿਆ ਸੀ ਕਿ ਤੋਬਾ ਕਰਨ ʼਤੇ ਜਦੋਂ ਮਾਫ਼ੀ ਮਿਲਦੀ ਹੈ, ਤਾਂ ਕਿੰਨਾ ਸਕੂਨ ਮਿਲਦਾ ਹੈ। ਇਸ ਲਈ ਉਸ ਨੇ ਇਸ ਬਾਰੇ ਦੂਜਿਆਂ ਨੂੰ ਵੀ ਸਿਖਾਇਆ। ਪੰਤੇਕੁਸਤ ਦੇ ਤਿਉਹਾਰ ਤੋਂ ਕੁਝ ਸਮੇਂ ਬਾਅਦ ਪਤਰਸ ਨੇ ਅਵਿਸ਼ਵਾਸੀ ਯਹੂਦੀਆਂ ਦੀ ਇਕ ਭੀੜ ਨੂੰ ਭਾਸ਼ਣ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਮਸੀਹ ਦੀ ਜਾਨ ਲਈ ਹੈ। ਉਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ: “ਤੋਬਾ ਕਰੋ ਅਤੇ ਪਰਮੇਸ਼ੁਰ ਵੱਲ ਮੁੜ ਆਓ ਤਾਂਕਿ ਤੁਹਾਡੇ ਪਾਪ ਮਿਟਾਏ ਜਾਣ ਅਤੇ ਯਹੋਵਾਹ ਵੱਲੋਂ ਰਾਹਤ ਦੇ ਦਿਨ ਆਉਣ।” (ਰਸੂ. 3:14, 15, 17, 19) ਪਤਰਸ ਨੇ ਸਮਝਾਇਆ ਕਿ ਜਦੋਂ ਇਕ ਇਨਸਾਨ ਤੋਬਾ ਕਰਦਾ ਹੈ, ਤਾਂ ਉਹ ਪਰਮੇਸ਼ੁਰ ਵੱਲ ਮੁੜਦਾ ਹੈ। ਇਸ ਦਾ ਮਤਲਬ ਹੈ ਕਿ ਉਹ ਆਪਣੀ ਗ਼ਲਤ ਸੋਚ ਸੁਧਾਰਦਾ ਹੈ, ਗ਼ਲਤ ਕੰਮ ਕਰਨੇ ਛੱਡ ਦਿੰਦਾ ਹੈ ਅਤੇ ਉਹ ਕੰਮ ਕਰਨੇ ਸ਼ੁਰੂ ਕਰਦਾ ਹੈ ਜਿਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਮਿਲਦੀ ਹੈ। ਉਸ ਨੇ ਅੱਗੇ ਇਹ ਵੀ ਦੱਸਿਆ ਕਿ ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਪਾਪ ਪੂਰੀ ਤਰ੍ਹਾਂ ਮਿਟਾ ਦਿੰਦਾ ਹੈ। ਇਸ ਭਾਸ਼ਣ ਤੋਂ ਕਈ ਸਾਲਾਂ ਬਾਅਦ ਪਤਰਸ ਨੇ ਮਸੀਹੀਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ: “[ਯਹੋਵਾਹ] ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤ. 3:9) ਸਾਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਜਦੋਂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ, ਇੱਥੋਂ ਤਕ ਕਿ ਗੰਭੀਰ ਪਾਪਾਂ ਤੋਂ ਵੀ, ਤਾਂ ਪਰਮੇਸ਼ੁਰ ਸਾਨੂੰ ਮਾਫ਼ ਕਰਦਾ ਹੈ!

ਜਦੋਂ ਪਤਰਸ ਨੇ ਦਿਲੋਂ ਤੋਬਾ ਕੀਤੀ, ਤਾਂ ਯਿਸੂ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਸ ਨੇ ਉਸ ਨੂੰ ਮਾਫ਼ ਕਰ ਦਿੱਤਾ ਹੈ (ਪੈਰੇ 13-14 ਦੇਖੋ)


15-16. (ੳ) ਪੌਲੁਸ ਨੇ ਮਾਫ਼ ਕਰਨ ਬਾਰੇ ਕਿਵੇਂ ਸਿੱਖਿਆ? (1 ਤਿਮੋਥਿਉਸ 1:12-15) (ਅ) ਅਸੀਂ ਅਗਲ਼ੇ ਲੇਖ ਵਿਚ ਕੀ ਦੇਖਾਂਗੇ?

15 ਪੌਲੁਸ ਨਾਲੋਂ ਜ਼ਿਆਦਾ ਭੈੜੇ ਕੰਮ ਸ਼ਾਇਦ ਹੋਰ ਕਿਸੇ ਇਨਸਾਨ ਨੇ ਨਹੀਂ ਕੀਤੇ ਹੋਣੇ। ਉਸ ਨੇ ਬੇਰਹਿਮੀ ਨਾਲ ਮਸੀਹੀਆਂ ʼਤੇ ਜ਼ੁਲਮ ਕੀਤੇ। (ਰਸੂ. 7:58–8:3) ਸ਼ਾਇਦ ਜ਼ਿਆਦਾਤਰ ਮਸੀਹੀਆਂ ਨੂੰ ਲੱਗਦਾ ਸੀ ਕਿ ਉਹ ਕਦੀ ਨਹੀਂ ਬਦਲ ਸਕਦਾ। ਪਰ ਯਿਸੂ ਜਾਣਦਾ ਸੀ ਕਿ ਉਹ ਬਦਲ ਸਕਦਾ ਹੈ ਅਤੇ ਤੋਬਾ ਕਰ ਸਕਦਾ ਹੈ। ਯਹੋਵਾਹ ਅਤੇ ਯਿਸੂ ਨੇ ਪੌਲੁਸ ਦੇ ਚੰਗੇ ਗੁਣ ਦੇਖੇ। ਯਿਸੂ ਨੇ ਕਿਹਾ: “ਉਸ ਆਦਮੀ ਨੂੰ ਮੈਂ ਚੁਣਿਆ ਹੈ।” (ਰਸੂ. 9:15) ਇਹੀ ਨਹੀਂ, ਪੌਲੁਸ ਤੋਬਾ ਕਰ ਸਕੇ, ਇਸ ਲਈ ਯਿਸੂ ਨੇ ਇਕ ਚਮਤਕਾਰ ਵੀ ਕੀਤਾ। (ਰਸੂ. 9:1-9, 17-20) ਪੌਲੁਸ ਨੇ ਤੋਬਾ ਕੀਤੀ ਅਤੇ ਮਸੀਹੀ ਬਣ ਗਿਆ। ਯਿਸੂ ਨੇ ਉਸ ਨੂੰ ਰਸੂਲ ਦੀ ਜ਼ਿੰਮੇਵਾਰੀ ਦਿੱਤੀ। ਪੌਲੁਸ ਨੇ ਅਕਸਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹ ਯਹੋਵਾਹ ਅਤੇ ਯਿਸੂ ਦਾ ਕਿੰਨਾ ਸ਼ੁਕਰਗੁਜ਼ਾਰ ਹੈ ਕਿ ਉਨ੍ਹਾਂ ਨੇ ਉਸ ʼਤੇ ਦਇਆ ਦਿਖਾਈ। (1 ਤਿਮੋਥਿਉਸ 1:12-15 ਪੜ੍ਹੋ।) ਉਸ ਨੇ ਬਾਕੀ ਮਸੀਹੀਆਂ ਨੂੰ ਕਿਹਾ ਕਿ ‘ਪਰਮੇਸ਼ੁਰ ਤੁਹਾਡੇ ʼਤੇ ਰਹਿਮ ਕਰ ਕੇ ਤੁਹਾਨੂੰ ਤੋਬਾ ਦੇ ਰਾਹ ਪਾ ਰਿਹਾ ਹੈ।’​—ਰੋਮੀ. 2:4.

16 ਇਕ ਵਾਰ ਪੌਲੁਸ ਨੂੰ ਖ਼ਬਰ ਮਿਲੀ ਕਿ ਕੁਰਿੰਥੁਸ ਦੀ ਮੰਡਲੀ ਵਿਚ ਇਕ ਆਦਮੀ ਹਰਾਮਕਾਰੀ ਕਰ ਰਿਹਾ ਸੀ, ਪਰ ਉਸ ਨੂੰ ਮੰਡਲੀ ਵਿਚ ਬਰਦਾਸ਼ਤ ਕੀਤਾ ਜਾ ਰਿਹਾ ਸੀ। ਫਿਰ ਪੌਲੁਸ ਨੇ ਕੀ ਕੀਤਾ? ਉਸ ਨੇ ਜੋ ਕਿਹਾ, ਉਸ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਜਦੋਂ ਯਹੋਵਾਹ ਆਪਣੇ ਸੇਵਕਾਂ ਨੂੰ ਤਾੜਨਾ ਦਿੰਦਾ ਹੈ, ਤਾਂ ਉਹ ਪਿਆਰ ਕਿਵੇਂ ਦਿਖਾਉਂਦਾ ਹੈ। ਨਾਲੇ ਜਦੋਂ ਉਹ ਤੋਬਾ ਕਰਦੇ ਹਨ, ਤਾਂ ਉਹ ਦਇਆ ਕਿਵੇਂ ਦਿਖਾਉਂਦਾ ਹੈ। ਅਸੀਂ ਸਿੱਖਾਂਗੇ ਕਿ ਯਹੋਵਾਹ ਵਾਂਗ ਅਸੀਂ ਵੀ ਦਇਆ ਕਿਵੇਂ ਦਿਖਾ ਸਕਦੇ ਹਾਂ। ਅਗਲ਼ੇ ਲੇਖ ਵਿਚ ਅਸੀਂ ਦੇਖਾਂਗੇ ਕਿ ਕੁਰਿੰਥੁਸ ਦੀ ਮੰਡਲੀ ਵਿਚ ਕੀ ਹੋਇਆ ਸੀ।

ਗੀਤ 33 ਆਪਣਾ ਬੋਝ ਯਹੋਵਾਹ ʼਤੇ ਸੁੱਟੋ

a ਇਹ ਮਾਮਲਾ ਬਿਲਕੁਲ ਵੱਖਰਾ ਸੀ। ਪਰ ਅੱਜ ਜੇ ਇਕ ਜੀਵਨ-ਸਾਥੀ ਹਰਾਮਕਾਰੀ ਕਰਦਾ ਹੈ, ਤਾਂ ਯਹੋਵਾਹ ਬੇਕਸੂਰ ਜੀਵਨ-ਸਾਥੀ ਤੋਂ ਇਹ ਮੰਗ ਨਹੀਂ ਕਰਦਾ ਕਿ ਉਹ ਉਸ ਨਾਲ ਵਿਆਹ ਦੇ ਬੰਧਨ ਵਿਚ ਬੱਝਿਆ ਰਿਹਾ। ਯਹੋਵਾਹ ਨੇ ਆਪਣੇ ਪੁੱਤਰ ਰਾਹੀਂ ਸਮਝਾਇਆ ਕਿ ਜੇ ਇਕ ਬੇਕਸੂਰ ਪਤੀ ਜਾਂ ਪਤਨੀ ਚਾਹੇ, ਤਾਂ ਉਹ ਆਪਣੇ ਜੀਵਨ-ਸਾਥੀ ਤੋਂ ਤਲਾਕ ਲੈ ਸਕਦਾ ਹੈ ਜਿਸ ਨੇ ਹਰਾਮਕਾਰੀ ਕੀਤੀ ਹੈ।​—ਮੱਤੀ 5:32; 19:9.