Skip to content

Skip to table of contents

ਅਧਿਐਨ ਲੇਖ 31

ਗੀਤ 12 ਮਹਾਨ ਪਰਮੇਸ਼ੁਰ ਯਹੋਵਾਹ

ਯਹੋਵਾਹ ਨੇ ਪਾਪੀ ਇਨਸਾਨਾਂ ਨੂੰ ਬਚਾਉਣ ਲਈ ਕੀ ਕੀਤਾ?

ਯਹੋਵਾਹ ਨੇ ਪਾਪੀ ਇਨਸਾਨਾਂ ਨੂੰ ਬਚਾਉਣ ਲਈ ਕੀ ਕੀਤਾ?

“ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ।”​—ਯੂਹੰ. 3:16.

ਕੀ ਸਿੱਖਾਂਗੇ?

ਯਹੋਵਾਹ ਨੇ ਪਾਪ ਨਾਲ ਲੜਨ ਵਿਚ ਸਾਡੀ ਮਦਦ ਕਰਨ ਵਿਚ ਕਿਵੇਂ ਪਹਿਲ ਕੀਤੀ। ਨਾਲੇ ਉਸ ਨੇ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਅਤੇ ਪਾਪ ਤੋਂ ਆਜ਼ਾਦ ਹੋਣ ਦਾ ਰਾਹ ਕਿਵੇਂ ਖੋਲ੍ਹਿਆ।

1-2. (ੳ) ਪਾਪ ਕੀ ਹੈ ਅਤੇ ਅਸੀਂ ਇਸ ʼਤੇ ਜਿੱਤ ਕਿਵੇਂ ਪਾ ਸਕਦੇ ਹਾਂ? (“ਸ਼ਬਦ ਦਾ ਮਤਲਬ” ਵੀ ਦੇਖੋ।) (ਅ) ਪਹਿਰਾਬੁਰਜ ਦੇ ਇਸ ਲੇਖ ਅਤੇ ਹੋਰ ਲੇਖਾਂ ਵਿਚ ਅਸੀਂ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ? (ਇਸ ਅੰਕ ਵਿਚ “ਪਾਠਕਾਂ ਲਈ ਨੋਟ” ਵੀ ਦੇਖੋ।)

 ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਯਹੋਵਾਹ ਪਰਮੇਸ਼ੁਰ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ? ਇਸ ਸਵਾਲ ਦਾ ਜਵਾਬ ਜਾਣਨ ਦਾ ਇਕ ਵਧੀਆ ਤਰੀਕਾ ਹੈ, ਇਸ ਬਾਰੇ ਅਧਿਐਨ ਕਰੋ ਕਿ ਤੁਹਾਨੂੰ ਪਾਪ ਤੇ ਮੌਤ ਤੋਂ ਬਚਾਉਣ ਲਈ ਉਸ ਨੇ ਕੀ ਕੀਤਾ ਹੈ। ਪਾਪ a ਇਕ ਖ਼ਤਰਨਾਕ ਦੁਸ਼ਮਣ ਹੈ ਜਿਸ ʼਤੇ ਤੁਸੀਂ ਖ਼ੁਦ-ਬਖ਼ੁਦ ਜਿੱਤ ਨਹੀਂ ਪਾ ਸਕਦੇ। ਅਸੀਂ ਹਰ ਰੋਜ਼ ਗ਼ਲਤੀਆਂ ਕਰਦੇ ਹਾਂ। ਇਸੇ ਕਰਕੇ ਅਸੀਂ ਮਰਦੇ ਹਾਂ। (ਰੋਮੀ. 5:12) ਪਰ ਖ਼ੁਸ਼ੀ ਦੀ ਖ਼ਬਰ ਇਹ ਹੈ ਕਿ ਅਸੀਂ ਯਹੋਵਾਹ ਦੀ ਮਦਦ ਨਾਲ ਪਾਪ ʼਤੇ ਜਿੱਤ ਪਾ ਸਕਦੇ ਹਾਂ। ਦਰਅਸਲ, ਸਾਡੀ ਜਿੱਤ ਪੱਕੀ ਹੈ।

2 ਯਹੋਵਾਹ ਪਰਮੇਸ਼ੁਰ ਲਗਭਗ 6,000 ਸਾਲਾਂ ਤੋਂ ਪਾਪ ਨਾਲ ਲੜਨ ਵਿਚ ਇਨਸਾਨਾਂ ਦੀ ਮਦਦ ਕਰਦਾ ਆ ਰਿਹਾ ਹੈ। ਕਿਉਂ? ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ। ਦਰਅਸਲ, ਉਹ ਸ਼ੁਰੂ ਤੋਂ ਹੀ ਇਨਸਾਨਾਂ ਨੂੰ ਪਿਆਰ ਕਰਦਾ ਆ ਰਿਹਾ ਹੈ। ਇਸੇ ਕਰਕੇ ਉਸ ਨੇ ਪਾਪ ਨਾਲ ਲੜਨ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਬਹੁਤ ਕੁਝ ਕੀਤਾ ਹੈ। ਪਰਮੇਸ਼ੁਰ ਜਾਣਦਾ ਹੈ ਕਿ ਪਾਪ ਕਰਕੇ ਮੌਤ ਆਉਂਦੀ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਅਸੀਂ ਮਰੀਏ। ਉਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਲਈ ਜੀਉਂਦੇ ਰਹੀਏ। (ਰੋਮੀ. 6:23) ਉਹ ਤੁਹਾਡੇ ਲਈ ਵੀ ਇਹੀ ਚਾਹੁੰਦਾ ਹੈ। ਇਸ ਲੇਖ ਵਿਚ ਅਸੀਂ ਤਿੰਨ ਸਵਾਲਾਂ ʼਤੇ ਚਰਚਾ ਕਰਾਂਗੇ: (1) ਯਹੋਵਾਹ ਨੇ ਪਾਪੀ ਇਨਸਾਨਾਂ ਨੂੰ ਕਿਹੜੀ ਉਮੀਦ ਦਿੱਤੀ ਹੈ? (2) ਬਾਈਬਲ ਜ਼ਮਾਨੇ ਵਿਚ ਪਾਪੀ ਇਨਸਾਨਾਂ ਨੇ ਯਹੋਵਾਹ ਨੂੰ ਕਿਵੇਂ ਖ਼ੁਸ਼ ਕੀਤਾ? (3) ਯਿਸੂ ਨੇ ਇਨਸਾਨਾਂ ਨੂੰ ਪਾਪ ਤੋਂ ਬਚਾਉਣ ਲਈ ਕੀ ਕੀਤਾ?

ਯਹੋਵਾਹ ਨੇ ਪਾਪੀ ਇਨਸਾਨਾਂ ਨੂੰ ਕਿਹੜੀ ਉਮੀਦ ਦਿੱਤੀ ਹੈ?

3. ਆਦਮ ਤੇ ਹੱਵਾਹ ਪਾਪੀ ਕਿਵੇਂ ਬਣੇ?

3 ਜਦੋਂ ਯਹੋਵਾਹ ਨੇ ਪਹਿਲੇ ਆਦਮੀ ਤੇ ਔਰਤ ਨੂੰ ਬਣਾਇਆ, ਤਾਂ ਉਹ ਚਾਹੁੰਦਾ ਸੀ ਕਿ ਉਹ ਖ਼ੁਸ਼ ਰਹਿਣ। ਉਸ ਨੇ ਉਨ੍ਹਾਂ ਨੂੰ ਸੋਹਣਾ ਘਰ ਦਿੱਤਾ, ਉਨ੍ਹਾਂ ਦਾ ਵਿਆਹ ਕੀਤਾ ਅਤੇ ਇਕ ਵਧੀਆ ਜ਼ਿੰਮੇਵਾਰੀ ਦਿੱਤੀ। ਉਨ੍ਹਾਂ ਨੇ ਪੂਰੀ ਧਰਤੀ ਨੂੰ ਆਪਣੇ ਬੱਚਿਆਂ ਨਾਲ ਭਰਨਾ ਸੀ ਅਤੇ ਸਾਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗੀ ਸੋਹਣੀ ਬਣਾਉਣਾ ਸੀ। ਉਸ ਨੇ ਉਨ੍ਹਾਂ ਨੂੰ ਇਕ ਸੌਖਾ ਜਿਹਾ ਹੁਕਮ ਦਿੱਤਾ ਸੀ। ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਜਾਣ-ਬੁੱਝ ਕੇ ਉਸ ਦਾ ਹੁਕਮ ਤੋੜਨਗੇ, ਤਾਂ ਉਹ ਮਰ ਜਾਣਗੇ। ਸਾਨੂੰ ਪਤਾ ਹੈ ਕਿ ਅੱਗੇ ਜਾ ਕੇ ਕੀ ਹੋਇਆ। ਇਕ ਦੁਸ਼ਟ ਦੂਤ ਜੋ ਨਾ ਤਾਂ ਪਰਮੇਸ਼ੁਰ ਨੂੰ ਤੇ ਨਾ ਹੀ ਇਨਸਾਨਾਂ ਨੂੰ ਪਿਆਰ ਕਰਦਾ ਸੀ, ਉਸ ਨੇ ਆਦਮ ਤੇ ਹੱਵਾਹ ਨੂੰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭਰਮਾਇਆ। ਆਦਮ ਤੇ ਹੱਵਾਹ ਉਸ ਦੇ ਪ੍ਰਭਾਵ ਹੇਠ ਆ ਗਏ ਤੇ ਉਨ੍ਹਾਂ ਨੇ ਪਰਮੇਸ਼ੁਰ ʼਤੇ ਭਰੋਸਾ ਕਰਨ ਦੀ ਬਜਾਇ ਉਸ ਖ਼ਿਲਾਫ਼ ਬਗਾਵਤ ਕੀਤੀ। ਅਸੀਂ ਜਾਣਦੇ ਹਾਂ ਕਿ ਯਹੋਵਾਹ ਨੇ ਜੋ ਕਿਹਾ ਸੀ, ਉਹ ਸੱਚ ਹੋਇਆ। ਉਸੇ ਦਿਨ ਤੋਂ ਉਨ੍ਹਾਂ ਨੂੰ ਆਪਣੀ ਗ਼ਲਤੀ ਦੇ ਨਤੀਜੇ ਭੁਗਤਣੇ ਪਏ। ਉਹ ਬੁੱਢੇ ਹੋਣ ਲੱਗ ਪਏ ਤੇ ਅਖ਼ੀਰ ਉਨ੍ਹਾਂ ਦੀ ਮੌਤ ਹੋ ਗਈ।​—ਉਤ. 1:28, 29; 2:8, 9, 16-18; 3:1-6, 17-19, 24; 5:5.

4. ਯਹੋਵਾਹ ਕਿਉਂ ਪਾਪ ਤੋਂ ਨਫ਼ਰਤ ਕਰਦਾ ਹੈ ਅਤੇ ਇਸ ਨਾਲ ਲੜਨ ਵਿਚ ਸਾਡੀ ਮਦਦ ਕਰਦਾ ਹੈ? (ਰੋਮੀਆਂ 8:20, 21)

4 ਯਹੋਵਾਹ ਨੇ ਇਹ ਬਿਰਤਾਂਤ ਬਾਈਬਲ ਵਿਚ ਇਸ ਲਈ ਦਰਜ ਕਰਵਾਇਆ ਤਾਂਕਿ ਅਸੀਂ ਸਮਝ ਸਕੀਏ ਕਿ ਉਹ ਪਾਪ ਤੋਂ ਇੰਨੀ ਨਫ਼ਰਤ ਕਿਉਂ ਕਰਦਾ ਹੈ। ਪਾਪ ਕਰਕੇ ਅਸੀਂ ਆਪਣੇ ਪਿਤਾ ਤੋਂ ਦੂਰ ਹੁੰਦੇ ਹਾਂ ਅਤੇ ਇਸੇ ਕਰਕੇ ਅਸੀਂ ਮਰਦੇ ਹਾਂ। (ਯਸਾ. 59:2) ਸ਼ੈਤਾਨ ਯਹੋਵਾਹ ਅਤੇ ਇਨਸਾਨਾਂ ਨਾਲ ਨਫ਼ਰਤ ਕਰਦਾ ਹੈ। ਉਸ ਨੇ ਆਦਮ ਤੇ ਹੱਵਾਹ ਨੂੰ ਪਾਪ ਕਰਨ ਲਈ ਭਰਮਾਇਆ ਅਤੇ ਉਹ ਅੱਜ ਵੀ ਸਾਰਿਆਂ ਨੂੰ ਭਰਮਾਉਂਦਾ ਹੈ। ਉਸ ਨੇ ਸ਼ਾਇਦ ਸੋਚਿਆ ਹੋਣਾ ਕਿ ਉਸ ਨੇ ਅਦਨ ਦੇ ਬਾਗ਼ ਵਿਚ ਵੱਡੀ ਜਿੱਤ ਹਾਸਲ ਕਰ ਲਈ ਹੈ। ਪਰ ਉਹ ਇਸ ਗੱਲ ਨੂੰ ਨਹੀਂ ਸਮਝਿਆ ਕਿ ਯਹੋਵਾਹ ਕਿੰਨਾ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਪਰਮੇਸ਼ੁਰ ਨੇ ਆਦਮ ਤੇ ਹੱਵਾਹ ਦੀ ਸੰਤਾਨ ਲਈ ਆਪਣੇ ਮਕਸਦ ਨੂੰ ਕਦੇ ਨਹੀਂ ਬਦਲਿਆ। ਉਹ ਇਨਸਾਨਾਂ ਨੂੰ ਬਹੁਤ ਪਿਆਰ ਕਰਦਾ ਹੈ, ਇਸ ਲਈ ਉਸ ਨੇ ਉਸੇ ਵੇਲੇ ਇਨਸਾਨਾਂ ਨੂੰ ਇਕ ਉਮੀਦ ਦਿੱਤੀ। (ਰੋਮੀਆਂ 8:20, 21 ਪੜ੍ਹੋ।) ਯਹੋਵਾਹ ਜਾਣਦਾ ਸੀ ਕਿ ਆਦਮ ਤੇ ਹੱਵਾਹ ਦੀ ਸੰਤਾਨ ਵਿੱਚੋਂ ਕੁਝ ਜਣੇ ਉਸ ਨੂੰ ਪਿਆਰ ਕਰਨਗੇ ਅਤੇ ਉਸ ਦਾ ਕਹਿਣਾ ਮੰਨਣਗੇ। ਇਸ ਲਈ ਯਹੋਵਾਹ ਨੇ ਇਹ ਮੁਮਕਿਨ ਕੀਤਾ ਕਿ ਉਹ ਉਸ ਦੇ ਨੇੜੇ ਆ ਸਕਣ ਅਤੇ ਪਾਪ ਤੇ ਮੌਤ ਤੋਂ ਬਚ ਸਕਣ। ਉਸ ਨੇ ਇਹ ਕਿਵੇਂ ਮੁਮਕਿਨ ਕੀਤਾ?

5. ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਫ਼ੌਰਨ ਬਾਅਦ ਯਹੋਵਾਹ ਨੇ ਕੀ ਉਮੀਦ ਦਿੱਤੀ? (ਉਤਪਤ 3:15)

5 ਉਤਪਤ 3:15 ਪੜ੍ਹੋ। ਇਸ ਭਵਿੱਖਬਾਣੀ ਰਾਹੀਂ ਯਹੋਵਾਹ ਨੇ ਇਨਸਾਨਾਂ ਨੂੰ ਉਮੀਦ ਦਿੱਤੀ। ਉਸ ਨੇ ਦੱਸਿਆ ਕਿ ਸ਼ੈਤਾਨ ਦਾ ਕੀ ਹੋਵੇਗਾ। ਉਸ ਨੇ ਕਿਹਾ ਕਿ ਇਕ “ਸੰਤਾਨ” ਆਵੇਗੀ ਜੋ ਸ਼ੈਤਾਨ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗੀ ਅਤੇ ਸ਼ੈਤਾਨ ਕਰਕੇ ਆਈਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰ ਦੇਵੇਗੀ। (1 ਯੂਹੰ. 3:8) ਉਸ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸ਼ੈਤਾਨ ਉਸ ਨੂੰ ਜ਼ਖ਼ਮੀ ਕਰੇਗਾ ਯਾਨੀ ਉਸ ਨੂੰ ਮਾਰ ਦੇਵੇਗਾ। ਇਸ ਤੋਂ ਵੱਡਾ ਦੁੱਖ ਯਹੋਵਾਹ ਲਈ ਹੋਰ ਕੋਈ ਨਹੀਂ ਹੋਣਾ ਸੀ। ਪਰ ਯਹੋਵਾਹ ਇਹ ਦੁੱਖ ਸਹਿਣ ਲਈ ਤਿਆਰ ਸੀ ਕਿਉਂਕਿ ਇਸ ਕਰਕੇ ਅਣਗਿਣਤ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਬਚਾਇਆ ਜਾਣਾ ਸੀ।

ਬਾਈਬਲ ਜ਼ਮਾਨੇ ਵਿਚ ਪਾਪੀ ਇਨਸਾਨਾਂ ਨੇ ਯਹੋਵਾਹ ਨੂੰ ਕਿਵੇਂ ਖ਼ੁਸ਼ ਕੀਤਾ?

6. ਹਾਬਲ, ਨੂਹ ਅਤੇ ਹੋਰ ਵਫ਼ਾਦਾਰ ਇਨਸਾਨਾਂ ਨੇ ਯਹੋਵਾਹ ਦੇ ਨੇੜੇ ਆਉਣ ਲਈ ਕੀ ਕੀਤਾ?

6 ਸਦੀਆਂ ਤੋਂ ਯਹੋਵਾਹ ਨੇ ਹੌਲੀ-ਹੌਲੀ ਤੇ ਸਾਫ਼-ਸਾਫ਼ ਦੱਸਿਆ ਹੈ ਕਿ ਪਾਪੀ ਇਨਸਾਨ ਕਿਵੇਂ ਯਹੋਵਾਹ ਦੇ ਨੇੜੇ ਆ ਸਕਦੇ ਹਨ। ਆਦਮ ਤੇ ਹੱਵਾਹ ਦਾ ਦੂਜਾ ਪੁੱਤਰ ਹਾਬਲ, ਉਹ ਪਹਿਲਾ ਇਨਸਾਨ ਸੀ ਜਿਸ ਨੇ ਯਹੋਵਾਹ ʼਤੇ ਨਿਹਚਾ ਕੀਤੀ। ਹਾਬਲ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ਦੇ ਨੇੜੇ ਜਾਣਾ ਚਾਹੁੰਦਾ ਸੀ। ਇਸ ਕਰਕੇ ਉਸ ਨੇ ਯਹੋਵਾਹ ਨੂੰ ਬਲ਼ੀ ਚੜ੍ਹਾਈ। ਹਾਬਲ ਚਰਵਾਹਾ ਸੀ, ਇਸ ਕਰਕੇ ਉਸ ਨੇ ਆਪਣੇ ਇੱਜੜ ਵਿੱਚੋਂ ਕੁਝ ਲੇਲਿਆਂ ਨੂੰ ਵੱਢਿਆ ਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਬਲ਼ੀ ਵਜੋਂ ਚੜ੍ਹਾਇਆ। ਯਹੋਵਾਹ ਨੇ ਕੀ ਕੀਤਾ? ਬਾਈਬਲ ਦੱਸਦੀ ਹੈ: “ਯਹੋਵਾਹ ਹਾਬਲ ਤੋਂ ਖ਼ੁਸ਼ ਸੀ ਅਤੇ ਉਸ ਨੇ ਉਸ ਦੀ ਭੇਟ ਸਵੀਕਾਰ ਕੀਤੀ।” (ਉਤ. 4:4) ਯਹੋਵਾਹ ਨੇ ਇੱਦਾਂ ਦੇ ਹੋਰ ਲੋਕਾਂ ਦੀਆਂ ਬਲ਼ੀਆਂ ਵੀ ਸਵੀਕਾਰ ਕੀਤੀਆਂ ਜੋ ਉਸ ਨੂੰ ਪਿਆਰ ਕਰਦੇ ਸਨ ਅਤੇ ਉਸ ʼਤੇ ਭਰੋਸਾ ਕਰਦੇ ਸਨ, ਜਿਵੇਂ ਨੂਹ। (ਉਤ. 8:20, 21) ਇਨ੍ਹਾਂ ਬਲ਼ੀਆਂ ਨੂੰ ਸਵੀਕਾਰ ਕਰ ਕੇ ਯਹੋਵਾਹ ਨੇ ਇਹ ਦਿਖਾਇਆ ਕਿ ਪਾਪੀ ਇਨਸਾਨ ਉਸ ਨੂੰ ਖ਼ੁਸ਼ ਕਰ ਸਕਦੇ ਹਨ ਅਤੇ ਉਸ ਦੇ ਨੇੜੇ ਆ ਸਕਦੇ ਹਨ। b

7. ਅਬਰਾਹਾਮ ਆਪਣੇ ਪੁੱਤਰ ਦੀ ਬਲ਼ੀ ਚੜ੍ਹਾਉਣ ਲਈ ਤਿਆਰ ਸੀ, ਅਸੀਂ ਇਸ ਤੋਂ ਕੀ ਸਿੱਖਦੇ ਹਾਂ?

7 ਅਬਰਾਹਾਮ ਨੂੰ ਯਹੋਵਾਹ ʼਤੇ ਮਜ਼ਬੂਤ ਨਿਹਚਾ ਸੀ। ਯਹੋਵਾਹ ਨੇ ਉਸ ਨੂੰ ਇਕ ਬਹੁਤ ਔਖਾ ਕੰਮ ਕਰਨ ਲਈ ਕਿਹਾ। ਉਸ ਨੇ ਅਬਰਾਹਾਮ ਨੂੰ ਆਪਣੇ ਪੁੱਤਰ ਇਸਹਾਕ ਦੀ ਬਲ਼ੀ ਦੇਣ ਨੂੰ ਕਿਹਾ। ਬਿਨਾਂ ਸ਼ੱਕ, ਅਬਰਾਹਾਮ ਲਈ ਆਪਣੇ ਜਿਗਰ ਦੇ ਟੁਕੜੇ ਦੀ ਬਲ਼ੀ ਦੇਣੀ ਬਹੁਤ ਔਖੀ ਸੀ। ਪਰ ਉਹ ਯਹੋਵਾਹ ਦਾ ਕਹਿਣਾ ਮੰਨਣ ਲਈ ਤਿਆਰ ਸੀ। ਜਦੋਂ ਅਬਰਾਹਾਮ ਆਪਣੇ ਪੁੱਤਰ ਨੂੰ ਮਾਰਨ ਹੀ ਵਾਲਾ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਰੋਕ ਦਿੱਤਾ। ਪਰ ਇਸ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਭਵਿੱਖ ਵਿਚ ਕੀ ਕਰਨਾ ਸੀ। ਯਹੋਵਾਹ ਨੇ ਖ਼ੁਸ਼ੀ-ਖ਼ੁਸ਼ੀ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦੇਣੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਇਨਸਾਨਾਂ ਨੂੰ ਕਿੰਨਾ ਜ਼ਿਆਦਾ ਪਿਆਰ ਕਰਦਾ ਹੈ!​—ਉਤ. 22:1-18.

8. ਮੂਸਾ ਦੇ ਕਾਨੂੰਨ ਮੁਤਾਬਕ ਦਿੱਤੀਆਂ ਜਾਣ ਵਾਲੀਆਂ ਬਲ਼ੀਆਂ ਕਿਸ ਵੱਲ ਇਸ਼ਾਰਾ ਕਰਦੀਆਂ ਸਨ? (ਲੇਵੀਆਂ 4:27-29; 17:11)

8 ਸਦੀਆਂ ਬਾਅਦ ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮੂਸਾ ਦਾ ਕਾਨੂੰਨ ਦਿੱਤਾ, ਤਾਂ ਉਸ ਵਿਚ ਯਹੋਵਾਹ ਨੇ ਉਨ੍ਹਾਂ ਨੂੰ ਆਪਣੇ ਪਾਪਾਂ ਤੋਂ ਮਾਫ਼ੀ ਪਾਉਣ ਲਈ ਬਲ਼ੀਆਂ ਚੜ੍ਹਾਉਣ ਲਈ ਕਿਹਾ। (ਲੇਵੀਆਂ 4:27-29; 17:11 ਪੜ੍ਹੋ।) ਇਹ ਬਲ਼ੀਆਂ ਉਸ ਉੱਤਮ ਬਲ਼ੀ ਵੱਲ ਇਸ਼ਾਰਾ ਕਰਦੀਆਂ ਸਨ ਜਿਸ ਰਾਹੀਂ ਮਨੁੱਖਜਾਤੀ ਨੂੰ ਪਾਪ ਤੋਂ ਪੂਰੀ ਤਰ੍ਹਾਂ ਆਜ਼ਾਦੀ ਮਿਲਣੀ ਸੀ। ਪਰਮੇਸ਼ੁਰ ਨੇ ਆਪਣੇ ਨਬੀਆਂ ਨੂੰ ਉਸ ਵਾਅਦਾ ਕੀਤੀ ਹੋਈ ਸੰਤਾਨ ਬਾਰੇ ਲਿਖਣ ਲਈ ਕਿਹਾ। ਉਨ੍ਹਾਂ ਨੇ ਸਮਝਾਇਆ ਕਿ ਇਸ ਸੰਤਾਨ ਨੂੰ ਦੁੱਖ ਸਹਿਣੇ ਪੈਣਗੇ ਅਤੇ ਮੌਤ ਦੇ ਘਾਟ ਉਤਾਰਿਆ ਜਾਵੇਗਾ। ਉਸ ਦੀ ਇਕ ਭੇਡ ਵਾਂਗ ਬਲ਼ੀ ਚੜ੍ਹਾਈ ਜਾਣੀ ਸੀ। ਇਹ ਸੰਤਾਨ ਕੋਈ ਹੋਰ ਨਹੀਂ, ਸਗੋਂ ਯਹੋਵਾਹ ਦਾ ਖ਼ਾਸ ਪੁੱਤਰ ਸੀ। (ਯਸਾ. 53:1-12) ਜ਼ਰਾ ਕਲਪਨਾ ਕਰੋ ਕਿ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦੇਣ ਦਾ ਪ੍ਰਬੰਧ ਕੀਤਾ ਤਾਂਕਿ ਮਨੁੱਖਜਾਤੀ ਨੂੰ ਪਾਪ ਅਤੇ ਮੌਤ ਤੋਂ ਛੁਡਾਇਆ ਜਾ ਸਕੇ। ਉਹ ਤੁਹਾਡੀ ਖ਼ਾਤਰ ਆਪਣਾ ਪਿਆਰਾ ਪੁੱਤਰ ਕੁਰਬਾਨ ਕਰਨ ਲਈ ਤਿਆਰ ਸੀ।

ਯਿਸੂ ਨੇ ਇਨਸਾਨਾਂ ਨੂੰ ਪਾਪ ਤੋਂ ਬਚਾਉਣ ਲਈ ਕੀ ਕੀਤਾ?

9. ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਬਾਰੇ ਕੀ ਕਿਹਾ? (ਇਬਰਾਨੀਆਂ 9:22; 10:1-4, 12)

9 29 ਈਸਵੀ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਨਾਸਰੀ ਵੱਲ ਇਸ਼ਾਰਾ ਕਰਦਿਆਂ ਕਿਹਾ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਦੁਨੀਆਂ ਦਾ ਪਾਪ ਮਿਟਾ ਦਿੰਦਾ ਹੈ!” (ਯੂਹੰ. 1:29) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਹੀ ਉਹ ਸੰਤਾਨ ਸੀ ਜਿਸ ਦਾ ਸਦੀਆਂ ਪਹਿਲਾਂ ਵਾਅਦਾ ਕੀਤਾ ਗਿਆ ਸੀ। ਅਖ਼ੀਰ, ਯਹੋਵਾਹ ਦੀ ਵਾਅਦਾ ਕੀਤੀ ਸੰਤਾਨ ਹੁਣ ਧਰਤੀ ʼਤੇ ਸੀ ਜਿਸ ਨੇ ਆਪਣੀ ਜਾਨ ਦੇ ਕੇ ਮਨੁੱਖਜਾਤੀ ਨੂੰ ਪਾਪ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਾਉਣਾ ਸੀ। ਇਸ ਤਰ੍ਹਾਂ ਯਹੋਵਾਹ ਨੇ ਇਨਸਾਨਾਂ ਨੂੰ ਜੋ ਉਮੀਦ ਦਿੱਤੀ ਸੀ, ਉਹ ਹੋਰ ਪੱਕੀ ਹੋ ਗਈ।​—ਇਬਰਾਨੀਆਂ 9:22; 10:1-4, 12 ਪੜ੍ਹੋ।

10. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ “ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ” ਸੀ?

10 ਯਿਸੂ ਨੇ ਖ਼ਾਸ ਕਰਕੇ ਉਨ੍ਹਾਂ ਲੋਕਾਂ ʼਤੇ ਜ਼ਿਆਦਾ ਧਿਆਨ ਦਿੱਤਾ ਜੋ ਪਾਪ ਦੇ ਬੋਝ ਹੇਠਾਂ ਦੱਬੇ ਹੋਏ ਸਨ। ਉਸ ਨੇ ਉਨ੍ਹਾਂ ਨੂੰ ਆਪਣੇ ਚੇਲੇ ਬਣਨ ਦਾ ਸੱਦਾ ਦਿੱਤਾ। ਉਹ ਜਾਣਦਾ ਸੀ ਕਿ ਇਨਸਾਨਾਂ ਦੇ ਦੁੱਖਾਂ ਦੀ ਜੜ੍ਹ ਪਾਪ ਹੀ ਹੈ। ਇਸ ਲਈ ਉਹ ਉਨ੍ਹਾਂ ਆਦਮੀਆਂ ਅਤੇ ਔਰਤਾਂ ਕੋਲ ਗਿਆ ਜੋ ਪਾਪੀਆਂ ਵਜੋਂ ਜਾਣੇ ਜਾਂਦੇ ਸਨ। ਉਸ ਨੇ ਇਕ ਮਿਸਾਲ ਰਾਹੀਂ ਸਮਝਾਇਆ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ।” ਉਸ ਨੇ ਅੱਗੇ ਕਿਹਾ: “ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।” (ਮੱਤੀ 9:12, 13) ਯਿਸੂ ਨੇ ਇੱਦਾਂ ਕੀਤਾ ਵੀ। ਜਦੋਂ ਇਕ ਔਰਤ ਨੇ ਆਪਣੇ ਹੰਝੂਆਂ ਨਾਲ ਉਸ ਦੇ ਪੈਰ ਧੋਤੇ, ਤਾਂ ਉਸ ਨੇ ਉਸ ਨਾਲ ਪਿਆਰ ਨਾਲ ਗੱਲ ਕੀਤੀ ਅਤੇ ਉਸ ਦੇ ਪਾਪ ਮਾਫ਼ ਕਰ ਦਿੱਤੇ। (ਲੂਕਾ 7:37-50) ਨਾਲੇ ਯਿਸੂ ਜਾਣਦਾ ਸੀ ਕਿ ਖੂਹ ʼਤੇ ਆਈ ਸਾਮਰੀ ਔਰਤ ਅਨੈਤਿਕ ਜ਼ਿੰਦਗੀ ਜੀ ਰਹੀ ਸੀ, ਪਰ ਫਿਰ ਵੀ ਉਸ ਨੇ ਉਸ ਔਰਤ ਨੂੰ ਅਹਿਮ ਸੱਚਾਈਆਂ ਸਿਖਾਈਆਂ। (ਯੂਹੰ. 4:7, 17-19, 25, 26) ਹੋਰ ਤਾਂ ਹੋਰ, ਯਹੋਵਾਹ ਨੇ ਯਿਸੂ ਨੂੰ ਇੰਨੀ ਤਾਕਤ ਦਿੱਤੀ ਸੀ ਕਿ ਉਹ ਪਾਪ ਦੇ ਸਾਰੇ ਅੰਜਾਮਾਂ ਨੂੰ ਮਿਟਾ ਸਕਦਾ ਸੀ, ਇੱਥੋਂ ਤਕ ਕਿ ਮੌਤ ਨੂੰ ਵੀ। ਇਸ ਲਈ ਯਿਸੂ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਜੀਉਂਦਾ ਕੀਤਾ, ਆਦਮੀ-ਔਰਤ, ਛੋਟੇ-ਵੱਡੇ ਸਾਰਿਆਂ ਨੂੰ।​—ਮੱਤੀ 11:5.

11. ਪਾਪੀ ਲੋਕ ਯਿਸੂ ਵੱਲ ਕਿਉਂ ਖਿੱਚੇ ਚਲੇ ਆਉਂਦੇ ਸਨ?

11 ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪਾਪੀ ਲੋਕ ਵੀ ਯਿਸੂ ਵੱਲ ਖਿੱਚੇ ਚਲੇ ਆਉਂਦੇ ਸਨ। ਕਿਉਂ? ਕਿਉਂਕਿ ਯਿਸੂ ਲੋਕਾਂ ਨਾਲ ਹਮਦਰਦੀ ਰੱਖਦਾ ਸੀ ਅਤੇ ਉਨ੍ਹਾਂ ʼਤੇ ਦਇਆ ਕਰਦਾ ਸੀ। ਇਸ ਲਈ ਲੋਕ ਉਸ ਨਾਲ ਗੱਲ ਕਰਨ ਤੋਂ ਡਰਦੇ ਨਹੀਂ ਸਨ। (ਲੂਕਾ 15:1, 2) ਯਿਸੂ ਨੇ ਨਿਹਚਾ ਕਰਨ ਵਾਲੇ ਇਨਸਾਨਾਂ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਇਆ। (ਲੂਕਾ 19:1-10) ਉਹ ਹੂ-ਬਹੂ ਆਪਣੇ ਪਿਤਾ ਵਰਗਾ ਸੀ ਅਤੇ ਉਹ ਲੋਕਾਂ ਨਾਲ ਉਸ ਵਾਂਗ ਪੇਸ਼ ਆਉਂਦਾ ਸੀ। (ਯੂਹੰ. 14:9) ਯਿਸੂ ਨੇ ਕਹਿਣੀ ਤੇ ਕਰਨੀ ਤੋਂ ਦਿਖਾਇਆ ਕਿ ਉਸ ਦਾ ਦਿਆਲੂ ਪਿਤਾ ਨਾਮੁਕੰਮਲ ਇਨਸਾਨਾਂ ਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਪਾਪ ਨਾਲ ਲੜਨ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ। ਜਿਹੜੇ ਲੋਕ ਆਪਣੇ ਤੌਰ-ਤਰੀਕੇ ਬਦਲਣਾ ਚਾਹੁੰਦੇ ਸਨ ਅਤੇ ਉਸ ਦੇ ਪਿੱਛੇ-ਪਿੱਛੇ ਚੱਲਣਾ ਚਾਹੁੰਦੇ ਸਨ, ਯਿਸੂ ਨੇ ਉਨ੍ਹਾਂ ਦੀ ਮਦਦ ਕੀਤੀ।​—ਲੂਕਾ 5:27, 28.

12. ਯਿਸੂ ਨੇ ਆਪਣੀ ਮੌਤ ਬਾਰੇ ਕੀ ਦੱਸਿਆ ਸੀ?

12 ਯਿਸੂ ਜਾਣਦਾ ਸੀ ਕਿ ਉਸ ਨੇ ਆਪਣੀ ਜਾਨ ਕੁਰਬਾਨ ਕਰਨੀ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਈ ਵਾਰ ਦੱਸਿਆ ਸੀ ਕਿ ਉਸ ਨੂੰ ਧੋਖਾ ਦਿੱਤਾ ਜਾਵੇਗਾ ਅਤੇ ਸੂਲ਼ੀ ʼਤੇ ਟੰਗਿਆ ਜਾਵੇਗਾ। (ਮੱਤੀ 17:22; 20:18, 19) ਉਹ ਜਾਣਦਾ ਸੀ ਕਿ ਉਸ ਦੀ ਕੁਰਬਾਨੀ ਕਰਕੇ ਦੁਨੀਆਂ ਦਾ ਪਾਪ ਮਿਟਾ ਦਿੱਤਾ ਜਾਵੇਗਾ ਜਿੱਦਾਂ ਯੂਹੰਨਾ ਅਤੇ ਹੋਰ ਨਬੀਆਂ ਨੇ ਪਹਿਲਾਂ ਹੀ ਦੱਸਿਆ ਸੀ। ਯਿਸੂ ਨੇ ਇਹ ਵੀ ਦੱਸਿਆ ਕਿ ਆਪਣੀ ਮੌਤ ਤੋਂ ਬਾਅਦ ਉਹ ‘ਹਰ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਵੱਲ ਖਿੱਚੇਗਾ।’ (ਯੂਹੰ. 12:32) ਯਿਸੂ ਨੂੰ ਆਪਣਾ ਪ੍ਰਭੂ ਮੰਨ ਕੇ ਅਤੇ ਉਸ ਦੇ ਪਿੱਛੇ-ਪਿੱਛੇ ਚੱਲ ਕੇ ਨਾਮੁਕੰਮਲ ਇਨਸਾਨ ਯਹੋਵਾਹ ਨੂੰ ਖ਼ੁਸ਼ ਕਰ ਸਕਣਗੇ। ਇੰਨਾ ਹੀ ਨਹੀਂ, ਉਹ “ਪਾਪ ਦੀ ਗ਼ੁਲਾਮੀ ਤੋਂ ਆਜ਼ਾਦ” ਹੋ ਸਕਣਗੇ। (ਰੋਮੀ. 6:14, 18, 22; ਯੂਹੰ. 8:32) ਇਸ ਲਈ ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਤੇ ਦਲੇਰੀ ਨਾਲ ਦਰਦਨਾਕ ਮੌਤ ਦਾ ਸਾਮ੍ਹਣਾ ਕੀਤਾ।​—ਯੂਹੰ. 10:17, 18.

13. ਯਿਸੂ ਦੀ ਮੌਤ ਕਿਵੇਂ ਹੋਈ ਅਤੇ ਉਸ ਦੀ ਮੌਤ ਤੋਂ ਯਹੋਵਾਹ ਪਰਮੇਸ਼ੁਰ ਬਾਰੇ ਕੀ ਪਤਾ ਲੱਗਦਾ ਹੈ? (ਤਸਵੀਰ ਵੀ ਦੇਖੋ।)

13 ਯਿਸੂ ਨੂੰ ਧੋਖਾ ਦਿੱਤਾ ਗਿਆ, ਉਸ ਨੂੰ ਗਿਰਫ਼ਤਾਰ ਕੀਤਾ ਗਿਆ, ਉਸ ਦਾ ਮਜ਼ਾਕ ਉਡਾਇਆ ਗਿਆ, ਉਸ ʼਤੇ ਤੁਹਮਤਾਂ ਲਾਈਆਂ ਗਈਆਂ, ਉਸ ʼਤੇ ਝੂਠਾ ਦੋਸ਼ ਲਾਇਆ ਗਿਆ ਅਤੇ ਉਸ ਨੂੰ ਤੜਫਾਇਆ ਗਿਆ। ਅਖ਼ੀਰ ਉਸ ਨੂੰ ਸੂਲ਼ੀ ʼਤੇ ਟੰਗ ਕੇ ਮਾਰ ਦਿੱਤਾ ਗਿਆ। ਜਦੋਂ ਯਿਸੂ ਵਫ਼ਾਦਾਰੀ ਨਾਲ ਇਹ ਸਭ ਕੁਝ ਸਹਿ ਰਿਹਾ ਸੀ, ਤਾਂ ਇਕ ਸ਼ਖ਼ਸ ਸੀ ਜੋ ਉਸ ਤੋਂ ਵੀ ਕਿਤੇ ਜ਼ਿਆਦਾ ਤੜਫ਼ ਰਿਹਾ ਸੀ। ਉਹ ਸੀ, ਯਹੋਵਾਹ ਪਰਮੇਸ਼ੁਰ। ਯਹੋਵਾਹ ਕੋਲ ਆਪਣੇ ਪੁੱਤਰ ਨੂੰ ਇਸ ਦੁੱਖ ਤੋਂ ਬਚਾਉਣ ਦੀ ਤਾਕਤ ਤੇ ਕਾਬਲੀਅਤ ਸੀ, ਪਰ ਫਿਰ ਵੀ ਉਸ ਨੇ ਇੱਦਾਂ ਨਹੀਂ ਕੀਤਾ। ਯਹੋਵਾਹ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਸੀ, ਤਾਂ ਫਿਰ ਯਹੋਵਾਹ ਨੇ ਉਸ ਨਾਲ ਇਹ ਸਭ ਕੁਝ ਕਿਉਂ ਹੋਣ ਦਿੱਤਾ? ਜੇ ਇਸ ਦਾ ਜਵਾਬ ਇਕ ਲਫ਼ਜ਼ ਵਿਚ ਦੇਈਏ, ਤਾਂ ਉਹ ਹੈ, ਪਿਆਰ। ਯਿਸੂ ਨੇ ਕਿਹਾ: “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।”​—ਯੂਹੰ. 3:16.

ਯਹੋਵਾਹ ਨੇ ਉਦੋਂ ਬਹੁਤ ਦੁੱਖ ਸਹਿਆ ਜਦੋਂ ਉਸ ਨੇ ਸਾਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਆਪਣੇ ਪੁੱਤਰ ਨੂੰ ਮਰਨ ਦਿੱਤਾ (ਪੈਰਾ 13 ਦੇਖੋ)


14. ਯਿਸੂ ਦੀ ਕੁਰਬਾਨੀ ਤੋਂ ਤੁਸੀਂ ਕੀ ਸਿੱਖਦੇ ਹੋ?

14 ਯਿਸੂ ਦੀ ਕੁਰਬਾਨੀ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਯਹੋਵਾਹ ਆਦਮ ਤੇ ਹੱਵਾਹ ਦੀ ਔਲਾਦ ਨਾਲ ਕਿੰਨਾ ਪਿਆਰ ਕਰਦਾ ਹੈ। ਇਸ ਤੋਂ ਸਬੂਤ ਮਿਲਦਾ ਹੈ ਕਿ ਯਹੋਵਾਹ ਤੁਹਾਨੂੰ ਵੀ ਕਿੰਨਾ ਪਿਆਰ ਕਰਦਾ ਹੈ। ਸਾਨੂੰ ਪਾਪ ਤੇ ਮੌਤ ਤੋਂ ਛੁਡਾਉਣ ਲਈ ਉਸ ਨੇ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦੇ ਕੇ ਇੰਨਾ ਦੁੱਖ ਝੱਲਿਆ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ! (1 ਯੂਹੰ. 4:9, 10) ਉਹ ਸਾਡੀ ਹਰੇਕ ਦੀ ਮਦਦ ਕਰਨੀ ਚਾਹੁੰਦਾ ਹੈ ਤਾਂਕਿ ਅਸੀਂ ਪਾਪ ਖ਼ਿਲਾਫ਼ ਲੜ ਸਕੀਏ ਅਤੇ ਇਸ ʼਤੇ ਜਿੱਤ ਹਾਸਲ ਕਰ ਸਕੀਏ।

15. ਯਿਸੂ ਦੀ ਕੁਰਬਾਨੀ ਤੋਂ ਫ਼ਾਇਦਾ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

15 ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਕੁਰਬਾਨੀ ਤੋਹਫ਼ੇ ਵਜੋਂ ਦਿੱਤੀ। ਇਸ ਕਰਕੇ ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਹੈ। ਪਰ ਪਰਮੇਸ਼ੁਰ ਤੋਂ ਮਾਫ਼ੀ ਪਾਉਣ ਲਈ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ। ਸਾਨੂੰ ਕੀ ਕਰਨ ਦੀ ਲੋੜ ਹੈ? ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਫਿਰ ਖ਼ੁਦ ਯਿਸੂ ਮਸੀਹ ਨੇ ਇਸ ਦਾ ਜਵਾਬ ਦਿੱਤਾ: “ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।” (ਮੱਤੀ 3:1, 2; 4:17) ਤੋਬਾ ਕਰਨ ਨਾਲ ਅਸੀਂ ਆਪਣੇ ਪਾਪ ਨਾਲ ਲੜ ਸਕਦੇ ਹਾਂ ਅਤੇ ਯਹੋਵਾਹ ਦੇ ਨੇੜੇ ਜਾ ਸਕਦੇ ਹਾਂ। ਪਰ ਤੋਬਾ ਕਰਨ ਦਾ ਕੀ ਮਤਲਬ ਹੈ? ਤੋਬਾ ਕਰਨ ਕਰਕੇ ਅਸੀਂ ਪਾਪ ਨਾਲ ਕਿਵੇਂ ਲੜ ਸਕਦੇ ਹਾਂ? ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ।

ਗੀਤ 18 ਰਿਹਾਈ ਲਈ ਅਹਿਸਾਨਮੰਦ

a ਸ਼ਬਦ ਦਾ ਮਤਲਬ: ਬਾਈਬਲ ਵਿਚ “ਪਾਪ” ਸ਼ਬਦ ਉਨ੍ਹਾਂ ਕੰਮਾਂ ਨੂੰ ਦਰਸਾ ਸਕਦਾ ਹੈ ਜੋ ਯਹੋਵਾਹ ਦੇ ਨੈਤਿਕ ਮਿਆਰਾਂ ਖ਼ਿਲਾਫ਼ ਹਨ। ਪਰ “ਪਾਪ” ਸ਼ਬਦ ਨਾਮੁਕੰਮਲਤਾ ਨੂੰ ਵੀ ਦਰਸਾ ਸਕਦਾ ਹੈ ਜੋ ਸਾਨੂੰ ਆਦਮ ਤੋਂ ਵਿਰਾਸਤ ਵਿਚ ਮਿਲੀ ਹੈ। ਵਿਰਾਸਤ ਵਿਚ ਪਾਪ ਮਿਲਣ ਕਰਕੇ ਹੀ ਅਸੀਂ ਮਰਦੇ ਹਾਂ।

b ਯਹੋਵਾਹ ਨੇ ਵਫ਼ਾਦਾਰ ਇਨਸਾਨਾਂ ਦੀਆਂ ਬਲ਼ੀਆਂ ਕਬੂਲ ਕੀਤੀਆਂ ਕਿਉਂਕਿ ਉਹ ਜਾਣਦਾ ਸੀ ਕਿ ਭਵਿੱਖ ਵਿਚ ਯਿਸੂ ਮਸੀਹ ਆਪਣੀ ਕੁਰਬਾਨੀ ਦੇਵੇਗਾ ਅਤੇ ਸਾਰੀ ਮਨੁੱਖਜਾਤੀ ਨੂੰ ਬਚਾਵੇਗਾ।​—ਰੋਮੀ. 3:25.