Skip to content

Skip to table of contents

ਕੀ ਤੁਹਾਡਾ ਪ੍ਰਚਾਰ ਦਾ ਕੰਮ ਤ੍ਰੇਲ ਵਾਂਗ ਹੈ?

ਕੀ ਤੁਹਾਡਾ ਪ੍ਰਚਾਰ ਦਾ ਕੰਮ ਤ੍ਰੇਲ ਵਾਂਗ ਹੈ?

ਪ੍ਰਚਾਰ ਦਾ ਸਾਡਾ ਕੰਮ ਬਹੁਤ ਹੀ ਜ਼ਰੂਰੀ ਅਤੇ ਲਾਹੇਵੰਦ ਹੈ। ਪਰ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਇਸ ਦੀ ਅਹਿਮੀਅਤ ਨਹੀਂ ਸਮਝਦੇ। ਭਾਵੇਂ ਕਿ ਲੋਕ ਬਾਈਬਲ ਵਿਚ ਦਿਲਚਸਪੀ ਲੈਂਦੇ ਹਨ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸਾਡੇ ਨਾਲ ਬਾਈਬਲ ਸਟੱਡੀ ਕਰਨ ਦੀ ਕੋਈ ਲੋੜ ਨਹੀਂ।

ਗੇਵਿਨ ਦੀ ਮਿਸਾਲ ਲੈ ਲਓ। ਉਹ ਮੀਟਿੰਗਾਂ ’ਤੇ ਜਾਂਦਾ ਸੀ, ਪਰ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦਾ ਸੀ। ਗੇਵਿਨ ਦੱਸਦਾ ਹੈ ਕਿ ਉਸ ਨੂੰ ਬਾਈਬਲ ਬਾਰੇ ਬਹੁਤ ਹੀ ਘੱਟ ਜਾਣਕਾਰੀ ਸੀ ਅਤੇ ਉਹ ਨਹੀਂ ਸੀ ਚਾਹੁੰਦਾ ਕਿ ਦੂਜਿਆਂ ਨੂੰ ਇਸ ਬਾਰੇ ਪਤਾ ਲੱਗੇ। ਉਸ ਨੂੰ ਡਰ ਸੀ ਕਿ ਕੋਈ ਉਸ ਨੂੰ ਇਹ ਧਰਮ ਅਪਣਾਉਣ ਲਈ ਕਹੇਗਾ। ਨਾਲੇ ਉਹ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੁੰਦਾ ਸੀ। ਕੀ ਤੁਸੀਂ ਸੋਚਦੇ ਕਿ ਗੇਵਿਨ ਨੇ ਕਦੀ ਬਾਈਬਲ ਸਟੱਡੀ ਨਹੀਂ ਕਰਨੀ? ਇੱਦਾਂ ਸੋਚਣ ਦੀ ਬਜਾਇ ਇਹ ਸੋਚੋ ਕਿ ਬਾਈਬਲ ਸਟੱਡੀ ਕਰ ਕੇ ਇਕ ਵਿਅਕਤੀ ਨੂੰ ਕਿੰਨਾ ਫ਼ਾਇਦਾ ਹੁੰਦਾ ਹੈ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ: “ਮੇਰਾ ਬੋਲ ਤ੍ਰੇਲ ਵਾਂਙੁ ਪਵੇਗਾ, ਜਿਵੇਂ ਕੂਲੇ ਕੂਲੇ ਘਾਹ ਉੱਤੇ ਫੁਹਾਰ।” (ਬਿਵ. 31:19, 30; 32:2) ਤ੍ਰੇਲ ਦੀਆਂ ਖੂਬੀਆਂ ’ਤੇ ਗੌਰ ਕਰੋ ਅਤੇ ਦੇਖੋ ਕਿ ਤੁਸੀਂ ਪ੍ਰਚਾਰ ਵਿਚ ‘ਹਰ ਤਰ੍ਹਾਂ ਦੇ ਲੋਕਾਂ’ ਦੀ ਅਸਰਕਾਰੀ ਤਰੀਕੇ ਨਾਲ ਮਦਦ ਕਿਵੇਂ ਕਰ ਸਕਦੇ ਹਾਂ।​—1 ਤਿਮੋ. 2:3, 4.

ਸਾਡਾ ਪ੍ਰਚਾਰ ਤ੍ਰੇਲ ਵਾਂਗ ਕਿਵੇਂ ਹੋ ਸਕਦਾ ਹੈ?

ਤ੍ਰੇਲ ਨਰਮ ਹੁੰਦੀ ਹੈ। ਤ੍ਰੇਲ ਹੌਲੀ-ਹੌਲੀ ਬਣਦੀ ਹੈ। ਹਵਾ ਵਿਚ ਨਮੀ ਹੋਣ ਕਰਕੇ ਪਾਣੀ ਛੋਟੀਆਂ-ਛੋਟੀਆਂ ਬੂੰਦਾਂ ਵਿਚ ਤਬਦੀਲ ਹੋ ਜਾਂਦਾ ਹੈ। ਯਹੋਵਾਹ ਦੇ ਸ਼ਬਦ “ਤ੍ਰੇਲ ਵਾਂਙੁ” ਕਿਵੇਂ ਸਨ? ਉਸ ਨੇ ਆਪਣੇ ਲੋਕਾਂ ਨਾਲ ਪਿਆਰ ਅਤੇ ਨਰਮਾਈ ਨਾਲ ਗੱਲ ਕੀਤੀ ਅਤੇ ਉਨ੍ਹਾਂ ਪ੍ਰਤੀ ਪਰਵਾਹ ਵੀ ਦਿਖਾਈ। ਅਸੀਂ ਯਹੋਵਾਹ ਦੀ ਰੀਸ ਕਰਦੇ ਹੋਏ ਦੂਜਿਆਂ ਦੇ ਵਿਸ਼ਵਾਸਾਂ ਦਾ ਆਦਰ ਕਰਦੇ ਹਾਂ। ਅਸੀਂ ਕਿਸੇ ਨੂੰ ਆਪਣੀ ਗੱਲ ਮੰਨਣ ਲਈ ਮਜਬੂਰ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਬਾਈਬਲ ਤੋਂ ਸਿੱਖੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਅਤੇ ਖ਼ੁਦ ਫ਼ੈਸਲਾ ਕਰਨ ਲਈ ਕਹਿੰਦੇ ਹਾਂ। ਜਦੋਂ ਅਸੀਂ ਲੋਕਾਂ ਨਾਲ ਇਸ ਤਰ੍ਹਾਂ ਪੇਸ਼ ਆਵਾਂਗੇ, ਤਾਂ ਲੋਕ ਸਾਡੀ ਗੱਲ ਸੁਣਨ ਲਈ ਹੋਰ ਵੀ ਜ਼ਿਆਦਾ ਤਿਆਰ ਹੋਣਗੇ ਅਤੇ ਸਾਡਾ ਪ੍ਰਚਾਰ ਹੋਰ ਵੀ ਅਸਰਦਾਰ ਹੋਵੇਗਾ।

ਤ੍ਰੇਲ ਤਾਜ਼ਗੀ ਦਿੰਦੀ ਹੈ। ਜਦੋਂ ਅਸੀਂ ਲੋਕਾਂ ਨੂੰ ਸੱਚਾਈ ਸਿਖਾਉਣ ਲਈ ਅਲੱਗ-ਅਲੱਗ ਤਰੀਕੇ ਅਪਣਾਵਾਂਗੇ, ਤਾਂ ਸਾਡਾ ਪ੍ਰਚਾਰ ਦੂਸਰਿਆਂ ਨੂੰ ਤਾਜ਼ਗੀ ਦੇਵੇਗਾ। ਕ੍ਰਿਸ ਨਾਂ ਦੇ ਭਰਾ ਨੇ ਗੇਵਿਨ ਨੂੰ ਬਾਈਬਲ ਸਟੱਡੀ ਕਰਨ ਲਈ ਪੁੱਛਿਆ, ਪਰ ਉਸ ਨੂੰ ਮਜਬੂਰ ਨਹੀਂ ਕੀਤਾ। ਇਸ ਦੀ ਬਜਾਇ, ਉਸ ਨੇ ਗੇਵਿਨ ਨਾਲ ਗੱਲ ਕਰਨ ਦੇ ਅਲੱਗ-ਅਲੱਗ ਤਰੀਕਿਆਂ ਬਾਰੇ ਸੋਚਿਆ ਤਾਂਕਿ ਗੇਵਿਨ ਉਸ ਨਾਲ ਬੇਝਿਜਕ ਹੋ ਕੇ ਬਾਈਬਲ ਬਾਰੇ ਗੱਲ ਕਰ ਸਕੇ। ਕ੍ਰਿਸ ਨੇ ਗੇਵਿਨ ਨੂੰ ਦੱਸਿਆ ਕਿ ਬਾਈਬਲ ਵਿਚ ਇਕ ਜ਼ਰੂਰੀ ਸੰਦੇਸ਼ ਹੈ। ਇਸ ਸੰਦੇਸ਼ ਬਾਰੇ ਜਾਣ ਕੇ ਉਹ ਮੀਟਿੰਗਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕੇਗਾ। ਫਿਰ ਕ੍ਰਿਸ ਨੇ ਗੇਵਿਨ ਨੂੰ ਆਪਣੇ ਬਾਰੇ ਦੱਸਿਆ ਕਿ ਉਸ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਤੋਂ ਯਕੀਨ ਹੋਇਆ ਸੀ ਕਿ ਬਾਈਬਲ ਹੀ ਸੱਚੀ ਹੈ। ਨਤੀਜੇ ਵਜੋਂ, ਉਨ੍ਹਾਂ ਵਿਚ ਕਈ ਵਾਰ ਇਸ ਬਾਰੇ ਗੱਲ ਹੋਈ ਕਿ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਈਆਂ। ਇਸ ਤੋਂ ਗੇਵਿਨ ਨੂੰ ਤਾਜ਼ਗੀ ਮਿਲੀ ਅਤੇ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਿਆ।

ਤ੍ਰੇਲ ਜ਼ਿੰਦਗੀ ਲਈ ਜ਼ਰੂਰੀ ਹੈ। ਇਜ਼ਰਾਈਲ ਵਿਚ ਗਰਮੀਆਂ ਦੌਰਾਨ ਕਈ-ਕਈ ਮਹੀਨੇ ਮੀਂਹ ਨਹੀਂ ਪੈਂਦਾ। ਤ੍ਰੇਲ ਤੋਂ ਬਿਨਾਂ ਪੇੜ-ਪੌਦੇ ਸੁੱਕ ਜਾਂਦੇ ਹਨ। ਯਹੋਵਾਹ ਨੇ ਦੱਸਿਆ ਸੀ ਕਿ ਸਾਡੇ ਦਿਨਾਂ ਵਿਚ ਸੋਕਾ ਪਵੇਗਾ, ਪਰ ਪਾਣੀ ਦਾ ਨਹੀਂ, “ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ।” (ਆਮੋ. 8:11) ਉਸ ਨੇ ਵਾਅਦਾ ਕੀਤਾ ਸੀ ਕਿ ਜਦੋਂ ਚੁਣੇ ਹੋਏ ਮਸੀਹੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਗੇ, ਤਾਂ ਉਹ ‘ਤ੍ਰੇਲ ਵਾਂਙੁ ਹੋਣਗੇ ਜਿਹੜੀ ਯਹੋਵਾਹ ਵੱਲੋਂ ਹੈ।’ ਇਸ ਕੰਮ ਵਿਚ “ਹੋਰ ਭੇਡਾਂ” ਉਨ੍ਹਾਂ ਦਾ ਸਾਥ ਦਿੰਦੀਆਂ ਹਨ। (ਮੀਕਾ. 5:7; ਯੂਹੰ. 10:16) ਸਾਡੇ ਪ੍ਰਚਾਰ ਦਾ ਕੰਮ ਯਹੋਵਾਹ ਵੱਲੋਂ ਕੀਤਾ ਇਕ ਪ੍ਰਬੰਧ ਹੈ ਜਿਸ ਤੋਂ ਸੱਚਾਈ ਦੇ ਪਿਆਸੇ ਲੋਕਾਂ ਨੂੰ ਜ਼ਿੰਦਗੀ ਮਿਲ ਸਕਦੀ ਹੈ। ਕੀ ਅਸੀਂ ਆਪਣੇ ਪ੍ਰਚਾਰ ਦੇ ਕੰਮ ਦੀ ਅਹਿਮੀਅਤ ਸਮਝਦੇ ਹਾਂ?

ਤ੍ਰੇਲ ਯਹੋਵਾਹ ਵੱਲੋਂ ਬਰਕਤ ਹੈ। (ਬਿਵ. 33:13) ਜਿਹੜੇ ਲੋਕ ਇਹ ਸੰਦੇਸ਼ ਸੁਣਦੇ ਹਨ, ਉਨ੍ਹਾਂ ਲਈ ਇਹ ਸੰਦੇਸ਼ ਬਰਕਤ ਸਾਬਤ ਹੋ ਸਕਦਾ ਹੈ। ਗੇਵਿਨ ਲਈ ਬਾਈਬਲ ਸਟੱਡੀ ਇਕ ਬਰਕਤ ਸਾਬਤ ਹੋਈ ਕਿਉਂਕਿ ਉਸ ਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲੇ। ਉਸ ਨੇ ਜਲਦੀ ਸੱਚਾਈ ਵਿਚ ਤਰੱਕੀ ਕਰ ਕੇ ਬਪਤਿਸਮਾ ਲੈ ਲਿਆ ਅਤੇ ਹੁਣ ਉਹ ਆਪਣੀ ਪਤਨੀ ਜੋਇਸ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਆਨੰਦ ਮਾਣ ਰਿਹਾ ਹੈ।

ਯਹੋਵਾਹ ਦੇ ਗਵਾਹ ਧਰਤੀ ਦੇ ਕੋਨੇ-ਕੋਨੇ ਤਕ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਹਨ

ਆਪਣੇ ਪ੍ਰਚਾਰ ਦੇ ਕੰਮ ਦੀ ਕਦਰ ਕਰੋ

ਪ੍ਰਚਾਰ ਦੇ ਕੰਮ ਦੀ ਤੁਲਨਾ ਤ੍ਰੇਲ ਨਾਲ ਕਰ ਕੇ ਸਾਡੀ ਇਹ ਗੱਲ ਸਮਝਣ ਵਿਚ ਵੀ ਮਦਦ ਹੋ ਸਕਦੀ ਹੈ ਕਿ ਪ੍ਰਚਾਰ ਲਈ ਸਾਡੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਕੀਮਤੀ ਹਨ। ਕਿਵੇਂ? ਪਾਣੀ ਦੀ ਇਕ ਬੂੰਦ ਨਾਲ ਜ਼ਿਆਦਾ ਫ਼ਾਇਦਾ ਨਹੀਂ ਹੁੰਦਾ, ਪਰ ਲੱਖਾਂ-ਕਰੋੜਾਂ ਬੂੰਦਾਂ ਜ਼ਮੀਨ ਨੂੰ ਸਿੰਜਦੀਆਂ ਹਨ। ਇਸੇ ਤਰ੍ਹਾਂ ਜਦੋਂ ਅਸੀਂ ਇਕੱਲੇ ਪ੍ਰਚਾਰ ਕਰਦੇ ਹਾਂ, ਤਾਂ ਸ਼ਾਇਦ ਸਾਨੂੰ ਲੱਗੇ ਕਿ ਅਸੀਂ ਬਹੁਤ ਘੱਟ ਕਰਦੇ ਹਾਂ। ਪਰ ਯਹੋਵਾਹ ਦੇ ਲੱਖਾਂ ਲੋਕਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਕਰਕੇ “ਸਾਰੀਆਂ ਕੌਮਾਂ” ਨੂੰ ਗਵਾਹੀ ਦਿੱਤੀ ਜਾ ਰਹੀ ਹੈ। (ਮੱਤੀ 24:14) ਕੀ ਯਹੋਵਾਹ ਵੱਲੋਂ ਮਿਲਿਆ ਸਾਡਾ ਪ੍ਰਚਾਰ ਦਾ ਕੰਮ ਦੂਜਿਆਂ ਲਈ ਇਕ ਬਰਕਤ ਸਾਬਤ ਹੋਵੇਗਾ? ਜੀ ਹਾਂ, ਸਾਡਾ ਪ੍ਰਚਾਰ ਦਾ ਕੰਮ ਤ੍ਰੇਲ ਵਰਗਾ ਹੈ ਜੋ ਨਰਮ ਹੈ, ਤਾਜ਼ਗੀ ਦਿੰਦਾ ਹੈ ਅਤੇ ਜ਼ਿੰਦਗੀ ਲਈ ਜ਼ਰੂਰੀ ਹੈ।