Skip to content

Skip to table of contents

“ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ”

“ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ”

“ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ ਤਾਂਕਿ ਤੁਹਾਡੇ ਵਿਚ ਕੋਈ ਕਮੀ ਨਾ ਰਹੇ, ਸਗੋਂ ਤੁਸੀਂ ਹਰ ਪੱਖੋਂ ਮੁਕੰਮਲ ਹੋ ਜਾਵੋ।”​—ਯਾਕੂ. 1:4.

ਗੀਤ: 24, 7

1, 2. (ੳ) ਅਸੀਂ ਗਿਦਾਊਨ ਅਤੇ ਉਸ ਦੇ 300 ਆਦਮੀਆਂ ਦੇ ਧੀਰਜ ਤੋਂ ਕੀ ਸਿੱਖ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਲੂਕਾ 21:19 ਅਨੁਸਾਰ ਧੀਰਜ ਰੱਖਣਾ ਇੰਨਾ ਜ਼ਰੂਰੀ ਕਿਉਂ ਹੈ?

ਨਿਆਂਕਾਰ ਗਿਦਾਊਨ ਦੇ ਅਧੀਨ ਇਜ਼ਰਾਈਲੀ ਫ਼ੌਜ ਅਤੇ ਉਨ੍ਹਾਂ ਦੇ ਦੁਸ਼ਮਣਾਂ ਵਿਚ ਘਮਸਾਣ ਅਤੇ ਥਕਾ ਦੇਣ ਵਾਲਾ ਯੁੱਧ ਚੱਲ ਰਿਹਾ ਸੀ। ਗਿਦਾਊਨ ਅਤੇ ਉਸ ਦੇ ਆਦਮੀਆਂ ਨੇ ਸਾਰੀ ਰਾਤ ਲਗਭਗ 32 ਕਿਲੋਮੀਟਰ (20 ਮੀਲ) ਤਕ ਮਿਦਯਾਨੀਆਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਿੱਛਾ ਕੀਤਾ। ਬਾਈਬਲ ਦੱਸਦੀ ਹੈ ਕਿ ਅੱਗੇ ਕੀ ਹੋਇਆ: “ਗਿਦਾਊਨ ਯਰਦਨ ਕੋਲ ਆਇਆ ਅਤੇ ਉਹ ਤਿੰਨ ਸੌ ਆਪਣੇ ਨਾਲ ਦਿਆਂ ਸਣੇ ਪਾਰ ਲੰਘਿਆ, ਓਹ ਹੁੱਸੇ ਹੋਏ ਤਾਂ ਸਨ,” ਪਰ ਉਹ ਅਜੇ ਯੁੱਧ ਨਹੀਂ ਜਿੱਤੇ ਸਨ। ਉਨ੍ਹਾਂ ਨੇ ਹਾਲੇ 15,000 ਫ਼ੌਜੀਆਂ ਨਾਲ ਲੜਨਾ ਸੀ। ਇਨ੍ਹਾਂ ਦੁਸ਼ਮਣਾਂ ਨੇ ਸਾਲਾਂ ਤਕ ਇਜ਼ਰਾਈਲੀਆਂ ’ਤੇ ਜ਼ੁਲਮ ਢਾਹੇ ਸਨ, ਸੋ ਗਿਦਾਊਨ ਦੀ ਫ਼ੌਜ ਹਾਰ ਨਹੀਂ ਮੰਨ ਸਕਦੀ ਸੀ। ਇਸ ਲਈ ਉਹ ਆਪਣੇ ਦੁਸ਼ਮਣਾਂ ਦੇ ‘ਮਗਰ ਲੱਗੇ’ ਰਹੇ ਅਤੇ ਅਖ਼ੀਰ ਉਨ੍ਹਾਂ ’ਤੇ ਜਿੱਤ ਪ੍ਰਾਪਤ ਕੀਤੀ।​—ਨਿਆ. 7:22; 8:4, 10, 28.

2 ਅਸੀਂ ਵੀ ਇਕ ਔਖੀ ਅਤੇ ਥਕਾ ਦੇਣ ਵਾਲੀ ਲੜਾਈ ਲੜ ਰਹੇ ਹਾਂ। ਸ਼ੈਤਾਨ, ਉਸ ਦੀ ਦੁਨੀਆਂ ਅਤੇ ਸਾਡੀਆਂ ਆਪਣੀਆਂ ਕਮੀਆਂ-ਕਮਜ਼ੋਰੀਆਂ ਸਾਡੇ ਦੁਸ਼ਮਣ ਹਨ। ਸਾਡੇ ਵਿੱਚੋਂ ਕਈ ਜਣੇ ਬਹੁਤ ਸਾਲਾਂ ਤੋਂ ਇਨ੍ਹਾਂ ਦੁਸ਼ਮਣਾਂ ਨਾਲ ਲੜ ਰਹੇ ਹਨ। ਯਹੋਵਾਹ ਦੀ ਮਦਦ ਨਾਲ ਅਸੀਂ ਕਈ ਲੜਾਈਆਂ ਜਿੱਤੀਆਂ ਹਨ। ਪਰ ਅਜੇ ਲੜਾਈ ਖ਼ਤਮ ਨਹੀਂ ਹੋਈ। ਸ਼ਾਇਦ ਕਈ ਵਾਰ ਅਸੀਂ ਲੜਦੇ-ਲੜਦੇ ਥੱਕ ਜਾਈਏ ਜਾਂ ਸ਼ਾਇਦ ਅਸੀਂ ਇਸ ਦੁਸ਼ਟ ਦੁਨੀਆਂ ਦੇ ਅੰਤ ਦਾ ਇੰਤਜ਼ਾਰ ਕਰਦਿਆਂ ਥੱਕ ਜਾਈਏ। ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਅੰਤ ਦੇ ਦਿਨਾਂ ਦੌਰਾਨ ਸਾਨੂੰ ਕਈ ਅਜ਼ਮਾਇਸ਼ਾਂ ਅਤੇ ਘੋਰ ਅਤਿਆਚਾਰਾਂ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਉਸ ਨੇ ਇਹ ਵੀ ਕਿਹਾ ਸੀ ਕਿ ਜੇ ਅਸੀਂ ਧੀਰਜ ਰੱਖਾਂਗੇ, ਤਾਂ ਅਸੀਂ ਜਿੱਤ ਸਕਾਂਗੇ। (ਲੂਕਾ 21:19 ਪੜ੍ਹੋ।) ਧੀਰਜ ਕੀ ਹੈ? ਕਿਹੜੀਆਂ ਗੱਲਾਂ ਤੁਹਾਡੀ ਧੀਰਜ ਰੱਖਣ ਵਿਚ ਮਦਦ ਸਕਦੀਆਂ ਹਨ? ਅਸੀਂ ਧੀਰਜ ਰੱਖਣ ਵਾਲੇ ਵਫ਼ਾਦਾਰ ਸੇਵਕਾਂ ਤੋਂ ਕੀ ਸਿੱਖ ਸਕਦੇ ਹਾਂ? ਅਸੀਂ ਕਿਵੇਂ “ਧੀਰਜ ਨੂੰ ਆਪਣਾ ਕੰਮ ਪੂਰਾ” ਕਰਨ ਦੇ ਸਕਦੇ ਹਾਂ?​—ਯਾਕੂ. 1:4.

ਧੀਰਜ ਕੀ ਹੈ?

3. ਧੀਰਜ ਕੀ ਹੈ?

3 ਬਾਈਬਲ ਅਨੁਸਾਰ ਧੀਰਜ ਰੱਖਣ ਦਾ ਮਤਲਬ ਸਿਰਫ਼ ਔਖੇ ਹਾਲਾਤਾਂ ਨੂੰ ਸਹਿਣਾ ਹੀ ਨਹੀਂ, ਸਗੋਂ ਇਸ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਧੀਰਜ ਰੱਖਣ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਅਜ਼ਮਾਇਸ਼ਾਂ ਬਾਰੇ ਕੀ ਸੋਚਦੇ ਅਤੇ ਮਹਿਸੂਸ ਕਰਦੇ ਹਾਂ। ਧੀਰਜ ਸਾਡੀ ਦਲੇਰ ਬਣਨ, ਵਫ਼ਾਦਾਰ ਰਹਿਣ ਅਤੇ ਸਬਰ ਰੱਖਣ ਵਿਚ ਮਦਦ ਕਰਦਾ ਹੈ। ਇਕ ਕਿਤਾਬ ਕਹਿੰਦੀ ਹੈ: “ਇਹ ਅਜਿਹਾ ਸੁਭਾਅ ਹੈ ਜੋ ਸਭ ਕੁਝ ਸਹਿ ਲੈਂਦਾ ਹੈ, ਨਾਉਮੀਦ ਹੋ ਕੇ ਨਹੀਂ, ਬਲਕਿ ਪੱਕੀ ਉਮੀਦ ਨਾਲ . . . ਇਹ ਉਹ ਗੁਣ ਹੈ ਜੋ ਆਦਮੀ ਦੀ ਹਨੇਰੀ ਦੇ ਸਾਮ੍ਹਣੇ ਵੀ ਆਪਣੇ ਪੈਰਾਂ ’ਤੇ ਖੜ੍ਹੇ ਰਹਿਣ ਵਿਚ ਮਦਦ ਕਰਦਾ ਹੈ। ਇਹ ਉਹ ਖੂਬੀ ਹੈ ਜੋ ਸਾਨੂੰ ਮੁਸ਼ਕਲ ਤੋਂ ਮੁਸ਼ਕਲ ਅਜ਼ਮਾਇਸ਼ ਨੂੰ ਪਾਰ ਕਰਨ ਵਿਚ ਮਦਦ ਕਰ ਸਕਦੀ ਹੈ ਅਤੇ ਇਸ ਕਰਕੇ ਅਸੀਂ ਕਸ਼ਟ ’ਤੇ ਧਿਆਨ ਲਾਉਣ ਦੀ ਬਜਾਇ ਮੰਜ਼ਲ ਵੱਲ ਧਿਆਨ ਲਾਈ ਰੱਖ ਸਕਦੇ ਹਾਂ।”

4. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਿਆਰ ਹੋਣ ਕਰਕੇ ਅਸੀਂ ਧੀਰਜ ਧਰਦੇ ਹਨ?

4 ਪਿਆਰ ਸਾਨੂੰ ਧੀਰਜ ਰੱਖਣ ਲਈ ਪ੍ਰੇਰਦਾ ਹੈ। (1 ਕੁਰਿੰਥੀਆਂ 13:4, 7 ਪੜ੍ਹੋ।) ਯਹੋਵਾਹ ਲਈ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਦੁੱਖਾਂ ਵਿਚ ਧੀਰਜ ਰੱਖਣ ਲਈ ਪ੍ਰੇਰਿਤ ਹੁੰਦੇ ਹਾਂ ਜੋ ਉਹ ਸਾਡੇ ’ਤੇ ਆਉਣ ਦਿੰਦਾ ਹੈ। (ਲੂਕਾ 22:41, 42) ਭੈਣਾਂ-ਭਰਾਵਾਂ ਲਈ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਸਹਿ ਸਕਦੇ ਹਾਂ। (1 ਪਤ. 4:8) ਆਪਣੇ ਜੀਵਨ ਸਾਥੀ ਨਾਲ ਪਿਆਰ ਹੋਣ ਕਰਕੇ ਅਸੀਂ ਵਿਆਹ ਵਿਚ ਆਉਂਦੀਆਂ ਉਹ “ਮੁਸੀਬਤਾਂ” ਵੀ ਸਹਿ ਸਕਦੇ ਹਾਂ ਜੋ ਖ਼ੁਸ਼ਹਾਲ ਪਰਿਵਾਰਾਂ ਵਿਚ ਵੀ ਆਉਂਦੀਆਂ ਹਨ। ਨਾਲੇ ਪਿਆਰ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਸਾਡੀ ਮਦਦ ਕਰਦਾ ਹੈ।​—1 ਕੁਰਿੰ. 7:28.

ਕਿਹੜੀਆਂ ਗੱਲਾਂ ਤੁਹਾਡੀ ਧੀਰਜ ਰੱਖਣ ਵਿਚ ਮਦਦ ਕਰ ਸਕਦੀਆਂ ਹਨ?

5. ਧੀਰਜ ਰੱਖਣ ਵਿਚ ਖ਼ਾਸ ਕਰਕੇ ਯਹੋਵਾਹ ਸਾਡੀ ਕਿਉਂ ਮਦਦ ਕਰ ਸਕਦਾ ਹੈ?

5 ਯਹੋਵਾਹ ਤੋਂ ਤਾਕਤ ਮੰਗੋ। ਯਹੋਵਾਹ “ਦਿਲਾਸਾ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇਣ ਵਾਲਾ ਪਰਮੇਸ਼ੁਰ” ਹੈ। (ਰੋਮੀ. 15:5) ਉਹੀ ਹੈ ਜੋ ਸਾਡੇ ਹਾਲਾਤ, ਜਜ਼ਬਾਤ ਅਤੇ ਪਿਛੋਕੜ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਸਿਰਫ਼ ਉਹੀ ਜਾਣਦਾ ਹੈ ਕਿ ਸਾਨੂੰ ਧੀਰਜ ਰੱਖਣ ਲਈ ਕਿਹੜੀਆਂ ਚੀਜ਼ਾਂ ਦੀ ਲੋੜ ਹੈ। ਬਾਈਬਲ ਕਹਿੰਦੀ ਹੈ: “ਉਹ ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।” (ਜ਼ਬੂ. 145:19) ਪਰ ਪਰਮੇਸ਼ੁਰ ਸਾਨੂੰ ਧੀਰਜ ਰੱਖਣ ਲਈ ਤਾਕਤ ਕਿਵੇਂ ਦੇਵੇਗਾ?

6. ਬਾਈਬਲ ਅਨੁਸਾਰ ਅਜ਼ਮਾਇਸ਼ਾਂ ਦੌਰਾਨ ਸ਼ਾਇਦ ਯਹੋਵਾਹ ਸਾਡੇ ਲਈ ‘ਰਾਹ ਕਿਵੇਂ ਖੋਲ੍ਹ ਦੇਵੇ?’

6 ਪਹਿਲਾ ਕੁਰਿੰਥੀਆਂ 10:13 ਪੜ੍ਹੋ। ਜਦੋਂ ਅਸੀਂ ਧੀਰਜ ਰੱਖਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਉਹ ਸਾਡੇ ਲਈ ‘ਰਾਹ ਖੋਲ੍ਹ’ ਦੇਣ ਦਾ ਵਾਅਦਾ ਕਰਦਾ ਹੈ। ਉਹ ਇਹ ਕਿਵੇਂ ਕਰਦਾ ਹੈ? ਕਈ ਵਾਰ ਸ਼ਾਇਦ ਉਹ ਸਾਨੂੰ ਮੁਸ਼ਕਲ ਵਿੱਚੋਂ ਕੱਢ ਦੇਵੇ। ਪਰ ਜ਼ਿਆਦਾਤਰ ਉਹ ਸਾਨੂੰ “ਧੀਰਜ ਅਤੇ ਖ਼ੁਸ਼ੀ ਨਾਲ ਸਾਰੀਆਂ ਗੱਲਾਂ” ਸਹਿਣ ਦੀ ਤਾਕਤ ਦੇਵੇਗਾ। (ਕੁਲੁ. 1:11) ਨਾਲੇ ਉਹ ਸਾਡੀਆਂ ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਹੱਦਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ ਯਹੋਵਾਹ ਕਦੇ ਵੀ ਇਸ ਤਰ੍ਹਾਂ ਦੇ ਹਾਲਾਤ ਨਹੀਂ ਬਣਨ ਦੇਵੇਗਾ ਜਿਨ੍ਹਾਂ ਵਿਚ ਵਫ਼ਾਦਾਰ ਰਹਿਣਾ ਸਾਡੇ ਵੱਸ ਤੋਂ ਬਾਹਰ ਹੋ ਜਾਵੇ।

7. ਇਕ ਮਿਸਾਲ ਦੇ ਕੇ ਸਮਝਾਓ ਕਿ ਧੀਰਜ ਰੱਖਣ ਲਈ ਸਾਨੂੰ ਪਰਮੇਸ਼ੁਰ ਦੇ ਗਿਆਨ ਦੀ ਕਿਉਂ ਲੋੜ ਹੈ।

7 ਪਰਮੇਸ਼ੁਰ ਦੇ ਗਿਆਨ ਨਾਲ ਆਪਣੀ ਨਿਹਚਾ ਪੱਕੀ ਕਰੋ। ਪਰਮੇਸ਼ੁਰ ਦਾ ਗਿਆਨ ਲੈਣਾ ਕਿਉਂ ਜ਼ਰੂਰੀ ਹੈ? ਮਿਸਾਲ ਲਈ, ਦੁਨੀਆਂ ਦੇ ਸਭ ਤੋਂ ਉੱਚੇ ਪਹਾੜ ਐਵਰੇਸਟ ’ਤੇ ਚੜ੍ਹਨ ਲਈ ਇਕ ਵਿਅਕਤੀ ਨੂੰ ਦਿਨ ਭਰ ਵਿਚ ਉੱਨੀ ਖ਼ੁਰਾਕ ਖਾਣੀ ਪੈਂਦੀ ਹੈ ਜਿੰਨੀ ਉਹ ਤਿੰਨ-ਚਾਰ ਦਿਨਾਂ ਵਿਚ ਖਾਂਦਾ ਹੈ। ਪਹਾੜ ’ਤੇ ਚੜ੍ਹਦਿਆਂ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਅਤੇ ਆਪਣੀ ਮੰਜ਼ਲ ’ਤੇ ਪਹੁੰਚਣ ਲਈ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਖ਼ੁਰਾਕ ਖਾਣੀ ਚਾਹੀਦੀ ਹੈ। ਇਸੇ ਤਰ੍ਹਾਂ ਮੁਸ਼ਕਲਾਂ ਵਿਚ ਧੀਰਜ ਰੱਖਣ ਅਤੇ ਆਪਣੀ ਮੰਜ਼ਲ ਤਕ ਪਹੁੰਚਣ ਲਈ ਸਾਨੂੰ ਬਹੁਤਾਤ ਵਿਚ ਪਰਮੇਸ਼ੁਰ ਦਾ ਗਿਆਨ ਲੈਣ ਦੀ ਲੋੜ ਹੈ। ਸਾਨੂੰ ਸਟੱਡੀ ਕਰਨ ਅਤੇ ਮੀਟਿੰਗਾਂ ’ਤੇ ਜਾਣ ਦਾ ਆਪਣਾ ਇਰਾਦਾ ਪੱਕਾ ਕਰਨਾ ਚਾਹੀਦਾ ਹੈ। ਇੱਦਾਂ ਕਰਨ ਨਾਲ ਸਾਡੀ ਨਿਹਚਾ ਪੱਕੀ ਰਹੇਗੀ।​—ਯੂਹੰ. 6:27.

8, 9. (ੳ) ਅੱਯੂਬ 2:4, 5 ਮੁਤਾਬਕ ਸਾਡੀਆਂ ਅਜ਼ਮਾਇਸ਼ਾਂ ਨਾਲੋਂ ਕਿਹੜੀ ਗੱਲ ਜ਼ਿਆਦਾ ਜ਼ਰੂਰੀ ਹੈ? (ਅ) ਤੁਸੀਂ ਅਜ਼ਮਾਇਸ਼ਾਂ ਦੌਰਾਨ ਆਪਣੇ ਮਨ ਵਿਚ ਕਿਹੜੀ ਤਸਵੀਰ ਬਣਾ ਸਕਦੇ ਹੋ?

8 ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਚੇਤੇ ਰੱਖੋ। ਯਹੋਵਾਹ ਦੇ ਸੇਵਕਾਂ ਨੂੰ ਆਪਣੇ ’ਤੇ ਆਈਆਂ ਅਜ਼ਮਾਇਸ਼ਾਂ ਬਾਰੇ ਹੱਦੋਂ ਵੱਧ ਸੋਚਣ ਦੀ ਬਜਾਇ ਇਹ ਸੋਚਣਾ ਚਾਹੀਦਾ ਹੈ ਕਿ ਉਹ ਸ਼ੈਤਾਨ ਵੱਲੋਂ ਯਹੋਵਾਹ ਦੀ ਹਕੂਮਤ ਦੇ ਖ਼ਿਲਾਫ਼ ਉਠਾਏ ਗਏ ਸਵਾਲਾਂ ਦੇ ਜਵਾਬ ਕਿਵੇਂ ਦੇ ਸਕਦੇ ਹਨ। ਅਜ਼ਮਾਇਸ਼ਾਂ ਦੌਰਾਨ ਸਾਡੇ ਕੰਮਾਂ ਅਤੇ ਰਵੱਈਏ ਤੋਂ ਜ਼ਾਹਰ ਹੋਵੇਗਾ ਕਿ ਅਸੀਂ ਸੱਚ-ਮੁੱਚ ਯਹੋਵਾਹ ਦੇ ਪੱਖ ਵਿਚ ਖੜ੍ਹੇ ਹਾਂ ਜਾਂ ਨਹੀਂ। ਸ਼ੈਤਾਨ ਨੇ ਯਹੋਵਾਹ ’ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਨਸਾਨ ਸਿਰਫ਼ ਸੁਆਰਥ ਲਈ ਉਸ ਦੀ ਭਗਤੀ ਕਰਦੇ ਹਨ। ਉਸ ਨੇ ਕਿਹਾ: “ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” ਫਿਰ ਉਸ ਨੇ ਅੱਯੂਬ ਬਾਰੇ ਕਿਹਾ: “ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੋਹ ਦੇਹ ਤਾਂ ਉਹ ਤੇਰਾ ਮੂੰਹ ਫਿਟਕਾਰੂਗਾ।” (ਅੱਯੂ. 2:4, 5) ਕੀ ਸ਼ੈਤਾਨ ਅਜੇ ਵੀ ਇਹੀ ਇਲਜ਼ਾਮ ਲਾਉਂਦਾ ਹੈ? ਜੀ ਹਾਂ। ਸਦੀਆਂ ਬਾਅਦ ਜਦੋਂ ਸ਼ੈਤਾਨ ਨੂੰ ਸਵਰਗ ਤੋਂ ਥੱਲੇ ਸੁੱਟਿਆ ਗਿਆ, ਉਦੋਂ ਵੀ ਉਹ ‘ਪਰਮੇਸ਼ੁਰ ਸਾਮ੍ਹਣੇ ਸਾਡੇ ਭਰਾਵਾਂ ਉੱਤੇ ਦਿਨ-ਰਾਤ ਦੋਸ਼ ਲਾਉਂਦਾ’ ਸੀ। (ਪ੍ਰਕਾ. 12:10) ਅੱਜ ਵੀ ਸ਼ੈਤਾਨ ਇਹੀ ਦਾਅਵਾ ਕਰਦਾ ਹੈ ਕਿ ਇਨਸਾਨ ਸਿਰਫ਼ ਆਪਣੇ ਮਤਲਬ ਲਈ ਪਰਮੇਸ਼ੁਰ ਦੀ ਭਗਤੀ ਕਰਦੇ ਹਨ। ਉਹ ਇਹ ਦੇਖਣ ਲਈ ਬੇਤਾਬ ਹੈ ਕਿ ਅਸੀਂ ਪਰਮੇਸ਼ੁਰ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕਰ ਦੇਈਏ ਅਤੇ ਉਸ ਦੀ ਸੇਵਾ ਕਰਨੀ ਛੱਡ ਦੇਈਏ।

9 ਅਜ਼ਮਾਇਸ਼ਾਂ ਦੌਰਾਨ ਆਪਣੇ ਮਨ ਵਿਚ ਇਹ ਤਸਵੀਰ ਬਣਾਓ। ਇਕ ਪਾਸੇ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ ਖੜ੍ਹੇ ਹਨ। ਉਹ ਤੁਹਾਨੂੰ ਦੁੱਖਾਂ ਦਾ ਸਾਮ੍ਹਣਾ ਕਰਦਿਆਂ ਦੇਖ ਰਹੇ ਹਨ ਅਤੇ ਯਹੋਵਾਹ ਨੂੰ ਤਾਅਨੇ ਮਾਰ ਰਹੇ ਹਨ ਕਿ ਤੁਸੀਂ ਹਿੰਮਤ ਹਾਰ ਜਾਓਗੇ। ਪਰ ਦੂਜੇ ਪਾਸੇ ਯਹੋਵਾਹ, ਸਾਡਾ ਰਾਜਾ ਯਿਸੂ ਮਸੀਹ, ਜੀਉਂਦੇ ਕੀਤੇ ਗਏ ਚੁਣੇ ਹੋਏ ਮਸੀਹੀ ਅਤੇ ਹਜ਼ਾਰਾਂ ਹੀ ਦੂਤ ਖੜ੍ਹੇ ਹਨ। ਉਹ ਵੀ ਤੁਹਾਨੂੰ ਦੁੱਖਾਂ ਦਾ ਸਾਮ੍ਹਣਾ ਕਰਦਿਆਂ ਦੇਖ ਰਹੇ ਹਨ, ਪਰ ਉਹ ਤੁਹਾਨੂੰ ਸ਼ਾਬਾਸ਼ੀ ਦੇ ਰਹੇ ਹਨ। ਉਨ੍ਹਾਂ ਨੂੰ ਤੁਹਾਡੇ ’ਤੇ ਮਾਣ ਹੈ ਕਿ ਤੁਸੀਂ ਧੀਰਜ ਰੱਖਿਆ ਹੈ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ ਹੋ। ਫਿਰ ਤੁਸੀਂ ਯਹੋਵਾਹ ਦੀ ਆਵਾਜ਼ ਸੁਣਦੇ ਹੋ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”​—ਕਹਾ. 27:11.

10. ਧੀਰਜ ਰੱਖਣ ਵਿਚ ਤੁਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹੋ?

10 ਇਨਾਮ ’ਤੇ ਧਿਆਨ ਲਾਈ ਰੱਖੋ। ਕਲਪਨਾ ਕਰੋ ਕਿ ਲੰਬਾ ਸਫ਼ਰ ਕਰਦਿਆਂ ਤੁਸੀਂ ਇਕ ਲੰਬੀ ਸੁਰੰਗ ਵਿੱਚੋਂ ਲੰਘ ਰਹੇ ਹੋ। ਹਰ ਪਾਸੇ ਹਨੇਰਾ ਹੀ ਹਨੇਰਾ ਹੈ। ਪਰ ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਸਫ਼ਰ ਜਾਰੀ ਰੱਖੋਗੇ, ਤਾਂ ਤੁਸੀਂ ਦੁਬਾਰਾ ਚਾਨਣ ਦੇਖੋਗੇ। ਜ਼ਿੰਦਗੀ ਦੇ ਸਫ਼ਰ ਵਿਚ ਸ਼ਾਇਦ ਤੁਹਾਨੂੰ ਔਖੇ ਹਾਲਾਤਾਂ ਵਿੱਚੋਂ ਲੰਘਣਾ ਪਵੇ ਅਤੇ ਸ਼ਾਇਦ ਤੁਸੀਂ ਆਪਣੀਆਂ ਸਮੱਸਿਆਵਾਂ ਦੇ ਬੋਝ ਹੇਠ ਦੱਬੇ ਹੋਏ ਮਹਿਸੂਸ ਕਰੋ। ਯਿਸੂ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਹੋਣਾ। “ਉਸ ਨੇ ਪਾਪੀਆਂ ਦੀਆਂ ਅਪਮਾਨਜਨਕ ਗੱਲਾਂ ਬਰਦਾਸ਼ਤ ਕੀਤੀਆਂ” ਅਤੇ ਇੱਥੋਂ ਤਕ ਕਿ “ਤਸੀਹੇ ਦੀ ਸੂਲ਼ੀ” ’ਤੇ ਦਰਦਨਾਕ ਮੌਤ ਵੀ ਸਹੀ। ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਸੀ! ਉਹ ਧੀਰਜ ਕਿਵੇਂ ਰੱਖ ਸਕਿਆ? ਬਾਈਬਲ ਦੱਸਦੀ ਹੈ ਕਿ ਉਸ ਨੇ ਆਪਣਾ ਧਿਆਨ ‘ਸਾਮ੍ਹਣੇ ਰੱਖੀ ਖ਼ੁਸ਼ੀ’ ਉੱਤੇ ਲਾਈ ਰੱਖਿਆ। (ਇਬ. 12:2, 3) ਉਸ ਨੇ ਆਪਣਾ ਧਿਆਨ ਉਸ ਇਨਾਮ ’ਤੇ ਲਾਈ ਰੱਖਿਆ ਜੋ ਉਸ ਨੂੰ ਧੀਰਜ ਰੱਖਣ ਕਰਕੇ ਮਿਲਣਾ ਸੀ। ਨਾਲੇ ਉਸ ਨੇ ਆਪਣਾ ਧਿਆਨ ਇਸ ਗੱਲ ’ਤੇ ਵੀ ਲਾਈ ਰੱਖਿਆ ਕਿ ਉਸ ਲਈ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨਾ ਅਤੇ ਉਸ ਦੀ ਹਕੂਮਤ ਦਾ ਪੱਖ ਲੈਣਾ ਸਭ ਤੋਂ ਜ਼ਰੂਰੀ ਸੀ। ਉਹ ਜਾਣਦਾ ਸੀ ਕਿ ਉਸ ਦੀਆਂ ਅਜ਼ਮਾਇਸ਼ਾਂ ਥੋੜ੍ਹੇ ਚਿਰ ਲਈ ਹਨ, ਪਰ ਸਵਰਗ ਵਿਚ ਉਸ ਦਾ ਇਨਾਮ ਹਮੇਸ਼ਾ ਲਈ ਹੋਵੇਗਾ। ਅੱਜ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਸ਼ਾਇਦ ਤੁਹਾਨੂੰ ਲੱਗੇ ਕਿ ਇਹ ਤੁਹਾਡੀ ਬਰਦਾਸ਼ਤ ਤੋਂ ਬਾਹਰ ਹਨ। ਪਰ ਯਾਦ ਰੱਖੋ ਕਿ ਇਹ ਸਿਰਫ਼ ਥੋੜ੍ਹੇ ਚਿਰ ਲਈ ਹਨ।

“ਜਿਨ੍ਹਾਂ ਨੇ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ”

11. ਸਾਨੂੰ ਉਨ੍ਹਾਂ ਦੇ ਤਜਰਬਿਆਂ ’ਤੇ ਕਿਉਂ ਗੌਰ ਕਰਨਾ ਚਾਹੀਦਾ ਹੈ “ਜਿਨ੍ਹਾਂ ਨੇ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ”?

11 ਇਹ ਕਦੇ ਨਾ ਸੋਚੋ ਕਿ ਮੁਸ਼ਕਲਾਂ ਵੇਲੇ ਤੁਹਾਡਾ ਸਾਥ ਦੇਣ ਵਾਲਾ ਕੋਈ ਨਹੀਂ। ਪਤਰਸ ਰਸੂਲ ਨੇ ਸ਼ੈਤਾਨ ਵੱਲੋਂ ਆਉਂਦੀਆਂ ਅਜ਼ਮਾਇਸ਼ਾਂ ਵਿਚ ਮਸੀਹੀਆਂ ਨੂੰ ਧੀਰਜ ਧਰਨ ਦੀ ਹੱਲਾਸ਼ੇਰੀ ਦਿੱਤੀ। ਉਸ ਨੇ ਲਿਖਿਆ: “ਤੁਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਕੇ ਉਸ ਦਾ ਮੁਕਾਬਲਾ ਕਰੋ ਅਤੇ ਯਾਦ ਰੱਖੋ ਕਿ ਦੁਨੀਆਂ ਭਰ ਵਿਚ ਤੁਹਾਡੇ ਸਾਰੇ ਭਰਾ ਇਹੋ ਜਿਹੇ ਦੁੱਖ ਝੱਲ ਰਹੇ ਹਨ।” (1 ਪਤ. 5:9) “ਮੁਸ਼ਕਲਾਂ ਦਾ ਸਾਮ੍ਹਣਾ” ਕਰਨ ਵਾਲਿਆਂ ਦੇ ਤਜਰਬੇ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ ਅਤੇ ਸਾਨੂੰ ਯਕੀਨ ਦਿਵਾਉਂਦੇ ਹਨ ਕਿ ਅਸੀਂ ਵੀ ਸਫ਼ਲ ਹੋ ਸਕਦੇ ਹਾਂ। ਨਾਲੇ ਇਹ ਤਜਰਬੇ ਸਾਨੂੰ ਯਾਦ ਕਰਾਉਂਦੇ ਹਨ ਕਿ ਸਾਡੀ ਵਫ਼ਾਦਾਰੀ ਦਾ ਇਨਾਮ ਸਾਨੂੰ ਜ਼ਰੂਰ ਮਿਲੇਗਾ। (ਯਾਕੂ. 5:11) ਆਓ ਆਪਾਂ ਕੁਝ ਮਿਸਾਲਾਂ ’ਤੇ ਗੌਰ ਕਰੀਏ।  [1]

12. ਅਦਨ ਦੇ ਬਾਗ਼ ਦੇ ਬਾਹਰ ਖੜ੍ਹੇ ਕਰੂਬੀਆਂ ਤੋਂ ਅਸੀਂ ਕੀ ਸਿੱਖਦੇ ਹਾਂ?

12 ਕਰੂਬੀ। ਕਰੂਬੀ ਉੱਚੇ ਰੁਤਬੇ ਵਾਲੇ ਦੂਤ ਹਨ। ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਯਹੋਵਾਹ ਨੇ ਕੁਝ ਕਰੂਬੀਆਂ ਨੂੰ ਧਰਤੀ ’ਤੇ ਨਵੀਂ ਜ਼ਿੰਮੇਵਾਰੀ ਦਿੱਤੀ। ਇਹ ਸਵਰਗ ਵਿਚ ਮਿਲੀ ਜ਼ਿੰਮੇਵਾਰੀ ਤੋਂ ਬਿਲਕੁਲ ਵੱਖਰੀ ਸੀ। ਉਨ੍ਹਾਂ ਦੀ ਮਿਸਾਲ ਤੋਂ ਅਸੀਂ ਸਬਕ ਸਿੱਖ ਸਕਦੇ ਹਾਂ ਕਿ ਧੀਰਜ ਰੱਖਦਿਆਂ ਅਸੀਂ ਮੁਸ਼ਕਲ ਜ਼ਿੰਮੇਵਾਰੀ ਨੂੰ ਕਿਵੇਂ ਨਿਭਾ ਸਕਦੇ ਹਾਂ। ਬਾਈਬਲ ਦੱਸਦੀ ਹੈ ਕਿ ਯਹੋਵਾਹ ਨੇ “ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚੌਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂਜੋ ਓਹ ਜੀਵਣ ਦੇ ਬਿਰਛ ਦੇ ਰਾਹ ਦੀ ਰਾਖੀ ਕਰਨ।”  [2] (ਉਤ. 3:24) ਬਾਈਬਲ ਇਹ ਨਹੀਂ ਦੱਸਦੀ ਕਿ ਕਰੂਬੀਆਂ ਨੇ ਇਹ ਜ਼ਿੰਮੇਵਾਰੀ ਮਿਲਣ ’ਤੇ ਬੁੜ-ਬੁੜ ਕੀਤੀ ਜਾਂ ਉਨ੍ਹਾਂ ਨੂੰ ਲੱਗਾ ਕਿ ਇਹ ਨਵੀਂ ਜ਼ਿੰਮੇਵਾਰੀ ਉਨ੍ਹਾਂ ਦੀ ਸ਼ਾਨ ਦੇ ਖ਼ਿਲਾਫ਼ ਹੈ। ਉਹ ਨਾ ਤਾਂ ਇਹ ਜ਼ਿੰਮੇਵਾਰੀ ਨਿਭਾਉਂਦੇ-ਨਿਭਾਉਂਦੇ ਅੱਕੇ ਤੇ ਨਾ ਹੀ ਉਨ੍ਹਾਂ ਨੇ ਕਦੀ ਹਾਰ ਮੰਨੀ। ਇਸ ਦੀ ਬਜਾਇ, ਉਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਪੂਰਾ ਕੀਤਾ। ਉਨ੍ਹਾਂ ਨੇ ਸ਼ਾਇਦ ਨੂਹ ਦੀ ਜਲ-ਪਰਲੋ ਤਕ ਇਹ ਕੰਮ ਕੀਤਾ ਯਾਨੀ 1600 ਸਾਲਾਂ ਤਕ।

13. ਕਿਹੜੀਆਂ ਗੱਲਾਂ ਕਰਕੇ ਅੱਯੂਬ ਆਪਣੇ ਦੁੱਖਾਂ ਵਿਚ ਧੀਰਜ ਧਰ ਸਕਿਆ?

13 ਵਫ਼ਾਦਾਰ ਸੇਵਕ ਅੱਯੂਬ। ਜੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਦੀਆਂ ਕਹੀਆਂ ਗੱਲਾਂ ਕਰਕੇ ਤੁਸੀਂ ਦੁਖੀ ਹੋ, ਤੁਹਾਨੂੰ ਕੋਈ ਗੰਭੀਰ ਬੀਮਾਰੀ ਲੱਗੀ ਹੈ ਜਾਂ ਆਪਣੇ ਕਿਸੇ ਅਜ਼ੀਜ਼ ਦੀ ਮੌਤ ਕਰਕੇ ਤੁਸੀਂ ਨਿਰਾਸ਼ ਹੋ, ਤਾਂ ਤੁਸੀਂ ਅੱਯੂਬ ਦੀ ਮਿਸਾਲ ਤੋਂ ਦਿਲਾਸਾ ਪਾ ਸਕਦੇ ਹੋ। (ਅੱਯੂ. 1:18, 19; 2:7, 9; 19:1-3) ਅੱਯੂਬ ਨੂੰ ਪਤਾ ਨਹੀਂ ਸੀ ਕਿ ਅਚਾਨਕ ਉਹ ਇੰਨੇ ਦੁੱਖਾਂ ਨਾਲ ਕਿਉਂ ਘਿਰ ਗਿਆ, ਪਰ ਉਸ ਨੇ ਕਦੇ ਵੀ ਹੌਸਲਾ ਨਹੀਂ ਛੱਡਿਆ। ਕਿਹੜੀਆਂ ਗੱਲਾਂ ਨੇ ਉਸ ਦੀ ਧੀਰਜ ਰੱਖਣ ਵਿਚ ਮਦਦ ਕੀਤੀ? ਪਹਿਲੀ, ਉਹ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਨਾਰਾਜ਼ ਕਰਨ ਤੋਂ “ਡਰਦਾ” ਸੀ। (ਅੱਯੂ. 1:1) ਅੱਯੂਬ ਚੰਗੇ-ਮਾੜੇ ਹਾਲਾਤਾਂ ਵਿਚ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਦੂਜੀ, ਯਹੋਵਾਹ ਦੀ ਮਦਦ ਨਾਲ ਅੱਯੂਬ ਉਨ੍ਹਾਂ ਚੀਜ਼ਾਂ ’ਤੇ ਸੋਚ-ਵਿਚਾਰ ਕਰ ਸਕਿਆ ਜੋ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਬਣਾਈਆਂ ਸਨ। ਇਸ ਕਰਕੇ ਅੱਯੂਬ ਨੂੰ ਹੋਰ ਵੀ ਪੱਕਾ ਯਕੀਨ ਹੋ ਗਿਆ ਕਿ ਯਹੋਵਾਹ ਸਹੀ ਸਮੇਂ ’ਤੇ ਉਸ ਦੇ ਦੁੱਖਾਂ ਨੂੰ ਖ਼ਤਮ ਕਰੇਗਾ। (ਅੱਯੂ. 42:1, 2) ਇੱਦਾਂ ਹੀ ਹੋਇਆ। “ਯਹੋਵਾਹ ਨੇ ਫਿਰ ਇੱਕ ਵਾਰ ਅੱਯੂਬ ਨੂੰ ਸਫਲ ਬਣਾਇਆ। ਪਰਮੇਸ਼ੁਰ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਦੁੱਗਣਾ ਦੱਤਾ।” ਅੱਯੂਬ ਨੇ “ਇੱਕ ਚੰਗੀ ਅਤੇ ਲੰਮੀ ਉਮਰ ਭੋਗੀ।”​—ਅੱਯੂ. 42:10, 17, ERV.

14. ਦੂਜਾ ਕੁਰਿੰਥੀਆਂ 1:6 ਅਨੁਸਾਰ ਪੌਲੁਸ ਦੇ ਧੀਰਜ ਰੱਖਣ ਕਰਕੇ ਦੂਜਿਆਂ ਦੀ ਕਿਵੇਂ ਮਦਦ ਹੋਈ?

14 ਪੌਲੁਸ ਰਸੂਲ। ਕੀ ਤੁਸੀਂ ਵਿਰੋਧ ਜਾਂ ਸਤਾਹਟ ਦਾ ਸਾਮ੍ਹਣਾ ਕਰ ਰਹੇ ਹੋ? ਕੀ ਤੁਸੀਂ ਮੰਡਲੀ ਦੇ ਬਜ਼ੁਰਗ ਜਾਂ ਸਫ਼ਰੀ ਨਿਗਾਹਬਾਨ ਹੋ ਜੋ ਬਹੁਤ ਜ਼ਿੰਮੇਵਾਰੀਆਂ ਕਰਕੇ ਦੱਬੇ ਹੋਏ ਮਹਿਸੂਸ ਕਰ ਰਹੇ ਹੋ? ਜੇ ਹਾਂ, ਤਾਂ ਪੌਲੁਸ ਦੀ ਮਿਸਾਲ ਤੁਹਾਡੀ ਮਦਦ ਕਰ ਸਕਦੀ ਹੈ। ਪੌਲੁਸ ਨੇ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਅਤੇ ਉਸ ਨੂੰ ਹਮੇਸ਼ਾ ਮੰਡਲੀਆਂ ਦੇ ਭਰਾਵਾਂ ਦੀ ਚਿੰਤਾ ਰਹਿੰਦੀ ਸੀ। (2 ਕੁਰਿੰ. 11:23-29) ਪਰ ਪੌਲੁਸ ਨੇ ਕਦੇ ਢੇਰੀ ਨਹੀਂ ਢਾਹੀ ਅਤੇ ਉਸ ਦੀ ਮਿਸਾਲ ਨੇ ਦੂਜਿਆਂ ਨੂੰ ਹੌਸਲਾ ਦਿੱਤਾ। (2 ਕੁਰਿੰਥੀਆਂ 1:6 ਪੜ੍ਹੋ।) ਇਸੇ ਤਰ੍ਹਾਂ ਤੁਹਾਡੇ ਧੀਰਜ ਧਰਨ ਕਰਕੇ ਦੂਜਿਆਂ ਨੂੰ ਹੌਸਲਾ ਮਿਲ ਸਕਦਾ ਹੈ।

ਕੀ ਤੁਸੀਂ “ਧੀਰਜ ਨੂੰ ਆਪਣਾ ਕੰਮ ਪੂਰਾ” ਕਰਨ ਦਿਓਗੇ?

15, 16. (ੳ) ਸਾਨੂੰ ਧੀਰਜ ਨੂੰ ਕਿਹੜਾ “ਕੰਮ” ਪੂਰਾ ਕਰਨ ਦੇਣਾ ਚਾਹੀਦਾ ਹੈ? (ਅ) ਮਿਸਾਲਾਂ ਦਿਓ ਕਿ ਅਸੀਂ ਕਿਵੇਂ “ਧੀਰਜ ਨੂੰ ਆਪਣਾ ਕੰਮ ਪੂਰਾ” ਕਰਨ ਦੇ ਸਕਦੇ ਹਾਂ।

15 ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਅਧੀਨ ਯਾਕੂਬ ਨੇ ਲਿਖਿਆ: “ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦਿਓ ਤਾਂਕਿ ਤੁਹਾਡੇ ਵਿਚ ਕੋਈ ਕਮੀ ਨਾ ਰਹੇ, ਸਗੋਂ ਤੁਸੀਂ ਹਰ ਪੱਖੋਂ ਮੁਕੰਮਲ ਹੋ ਜਾਵੋ।” (ਯਾਕੂ. 1:4) ਅਜ਼ਮਾਇਸ਼ਾਂ ਦੌਰਾਨ ਅਕਸਰ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਦਾ ਪਤਾ ਲੱਗ ਜਾਂਦਾ ਹੈ ਜਿਨ੍ਹਾਂ ਵਿਚ ਸਾਨੂੰ ਸੁਧਾਰ ਕਰਨ ਦੀ ਲੋੜ ਹੁੰਦੀ ਹੈ। ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਨਾਲ ਅਸੀਂ ਹਰ ਪੱਖੋਂ ਮੁਕੰਮਲ ਹੋ ਜਾਵਾਂਗੇ। ਜਿਵੇਂ ਕਿ ਸ਼ਾਇਦ ਅਸੀਂ ਜ਼ਿਆਦਾ ਧੀਰਜ ਰੱਖਣ, ਪਿਆਰ ਕਰਨ ਅਤੇ ਕਦਰ ਦਿਖਾਉਣ ਲੱਗ ਪਈਏ।

ਜੇ ਅਸੀਂ ਅਜ਼ਮਾਇਸ਼ਾਂ ਦੌਰਾਨ ਧੀਰਜ ਧਰਦੇ ਹਾਂ, ਤਾਂ ਅਸੀਂ ਹਰ ਪੱਖੋਂ ਮੁਕੰਮਲ ਹੋ ਜਾਵਾਂਗੇ (ਪੈਰੇ 15, 16 ਦੇਖੋ)

16 ਧੀਰਜ ਸਾਨੂੰ ਹੋਰ ਵਧੀਆ ਮਸੀਹੀ ਬਣਨ ਵਿਚ ਮਦਦ ਕਰ ਸਕਦਾ ਹੈ। ਇਸ ਕਰਕੇ ਅਸੀਂ ਅਜ਼ਮਾਇਸ਼ਾਂ ਤੋਂ ਛੁਟਕਾਰਾ ਪਾਉਣ ਲਈ ਯਹੋਵਾਹ ਦੇ ਕਾਨੂੰਨ ਨਹੀਂ ਤੋੜਦੇ। ਮਿਸਾਲ ਲਈ, ਜੇ ਤੁਸੀਂ ਗੰਦੇ ਖ਼ਿਆਲਾਂ ਨਾਲ ਲੜ ਰਹੇ ਹੋ, ਤਾਂ ਇਸ ਅਜ਼ਮਾਇਸ਼ ਸਾਮ੍ਹਣੇ ਕਦੇ ਗੋਡੇ ਨਾ ਟੇਕੋ। ਇਨ੍ਹਾਂ ਨੂੰ ਆਪਣੇ ਮਨ ਵਿੱਚੋਂ ਕੱਢਣ ਲਈ ਯਹੋਵਾਹ ਤੋਂ ਮਦਦ ਮੰਗੋ। ਕੀ ਪਰਿਵਾਰ ਦਾ ਕੋਈ ਮੈਂਬਰ ਤੁਹਾਡਾ ਵਿਰੋਧ ਕਰ ਰਿਹਾ ਹੈ? ਹੌਸਲਾ ਛੱਡਣ ਦੀ ਬਜਾਇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਪੱਕਾ ਇਰਾਦਾ ਕਰੋ। ਨਤੀਜੇ ਵਜੋਂ, ਯਹੋਵਾਹ ’ਤੇ ਤੁਹਾਡਾ ਭਰੋਸਾ ਹੋਰ ਮਜ਼ਬੂਤ ਹੋਵੇਗਾ। ਯਾਦ ਰੱਖੋ: ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਡੇ ਲਈ ਧੀਰਜ ਧਰਨਾ ਬਹੁਤ ਜ਼ਰੂਰੀ ਹੈ।​—ਰੋਮੀ. 5:3-5; ਯਾਕੂ. 1:12.

17, 18. (ੳ) ਇਕ ਮਿਸਾਲ ਰਾਹੀਂ ਅੰਤ ਤਕ ਧੀਰਜ ਧਰਨ ਦੀ ਅਹਿਮੀਅਤ ਬਾਰੇ ਸਮਝਾਓ। (ਅ) ਅੰਤ ਨੇੜੇ ਆਉਂਦਾ ਦੇਖ ਕੇ ਅਸੀਂ ਕੀ ਭਰੋਸਾ ਰੱਖ ਸਕਦੇ ਹਾਂ?

17 ਸਾਨੂੰ ਸਿਰਫ਼ ਥੋੜ੍ਹੇ ਸਮੇਂ ਲਈ ਨਹੀਂ, ਸਗੋਂ ਅੰਤ ਤਕ ਧੀਰਜ ਧਰਨ ਦੀ ਲੋੜ ਹੈ। ਕਲਪਨਾ ਕਰੋ ਕਿ ਇਕ ਸਮੁੰਦਰੀ ਜਹਾਜ਼ ਡੁੱਬ ਰਿਹਾ ਹੈ। ਸਵਾਰੀਆਂ ਨੂੰ ਬਚਣ ਲਈ ਕੰਢੇ ਤਕ ਪਹੁੰਚਣ ਲਈ ਤੈਰਨ ਦੀ ਲੋੜ ਹੈ। ਉਹ ਵਿਅਕਤੀ ਡੁੱਬ ਜਾਵੇਗਾ ਜਿਸ ਨੇ ਥੋੜ੍ਹਾ ਜਿਹਾ ਤੈਰ ਕੇ ਹੀ ਹਾਰ ਮੰਨ ਲਈ। ਇਸੇ ਤਰ੍ਹਾਂ ਉਹ ਵਿਅਕਤੀ ਵੀ ਡੁੱਬ ਜਾਵੇਗਾ ਜਿਸ ਨੇ ਕੰਢੇ ’ਤੇ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਹਾਰ ਮੰਨ ਲਈ। ਨਵੀਂ ਦੁਨੀਆਂ ਵਿਚ ਪਹੁੰਚਣ ਲਈ ਧੀਰਜ ਰੱਖਣਾ ਬਹੁਤ ਜ਼ਰੂਰੀ ਹੈ। ਆਓ ਆਪਾਂ ਪੌਲੁਸ ਰਸੂਲ ਵਰਗਾ ਨਜ਼ਰੀਆ ਰੱਖੀਏ ਜਿਸ ਨੇ ਦੋ ਵਾਰ ਕਿਹਾ: “ਅਸੀਂ ਹਾਰ ਨਹੀਂ ਮੰਨਦੇ।”​—2 ਕੁਰਿੰ. 4:1, 16.

18 ਪੌਲੁਸ ਦੀ ਤਰ੍ਹਾਂ ਸਾਨੂੰ ਵੀ ਪੱਕਾ ਯਕੀਨ ਹੈ ਕਿ ਯਹੋਵਾਹ ਅੰਤ ਤਕ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰੇਗਾ। ਪੌਲੁਸ ਨੇ ਲਿਖਿਆ: “ਜਿਹੜਾ ਸਾਨੂੰ ਪਿਆਰ ਕਰਦਾ ਹੈ, ਉਸ ਰਾਹੀਂ ਅਸੀਂ ਇਨ੍ਹਾਂ ਸਾਰੇ ਦੁੱਖਾਂ ਉੱਤੇ ਫਤਹਿ ਪਾਉਂਦੇ ਹਾਂ। ਕਿਉਂਕਿ ਮੈਨੂੰ ਪੱਕਾ ਭਰੋਸਾ ਹੈ ਕਿ ਨਾ ਮੌਤ, ਨਾ ਜ਼ਿੰਦਗੀ, ਨਾ ਦੂਤ, ਨਾ ਸਰਕਾਰਾਂ, ਨਾ ਹੁਣ ਦੀਆਂ ਚੀਜ਼ਾਂ, ਨਾ ਆਉਣ ਵਾਲੀਆਂ ਚੀਜ਼ਾਂ, ਨਾ ਤਾਕਤਾਂ, ਨਾ ਉਚਾਈ, ਨਾ ਡੂੰਘਾਈ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਸਕਦੀ ਹੈ ਜੋ ਪਿਆਰ ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਕਰਦਾ ਹੈ।” (ਰੋਮੀ. 8:37-39) ਇਹ ਸੱਚ ਹੈ ਕਿ ਅਸੀਂ ਕਈ ਵਾਰ ਥੱਕ ਜਾਵਾਂਗੇ। ਪਰ ਆਓ ਆਪਾਂ ਗਿਦਾਊਨ ਅਤੇ ਉਸ ਦੇ ਆਦਮੀਆਂ ਦੀ ਰੀਸ ਕਰੀਏ। ਉਹ ਥੱਕ ਗਏ ਸਨ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਹ ਪਿੱਛਾ ਕਰਨ ਤੋਂ ਨਹੀਂ ਹਟੇ।—ਨਿਆ. 8:4.

^ [1] (ਪੈਰਾ 11) ਪਰਮੇਸ਼ੁਰ ਦੇ ਉਨ੍ਹਾਂ ਸੇਵਕਾਂ ਦੇ ਤਜਰਬੇ ਪੜ੍ਹ ਕੇ ਤੁਹਾਨੂੰ ਹੌਸਲਾ ਮਿਲੇਗਾ ਜਿਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿਚ ਅਜ਼ਮਾਇਸ਼ਾਂ ਦੌਰਾਨ ਧੀਰਜ ਧਰਿਆ। ਮਿਸਾਲ ਲਈ, ਤੁਸੀਂ 1992, 1999 ਅਤੇ 2008 ਦੀਆਂ ਯੀਅਰ ਬੁੱਕਾਂ (ਅੰਗ੍ਰੇਜ਼ੀ) ਵਿਚ ਇਥੋਪੀਆ, ਮਲਾਵੀ ਅਤੇ ਰੂਸ ਵਿਚ ਸਾਡੇ ਭਰਾਵਾਂ ਦੇ ਨਿਹਚਾ ਵਧਾਉਣ ਵਾਲੇ ਤਜਰਬੇ ਪੜ੍ਹ ਸਕਦੇ ਹੋ।

^ [2] (ਪੈਰਾ 12) ਬਾਈਬਲ ਇਹ ਨਹੀਂ ਦੱਸਦੀ ਕਿ ਕਿੰਨੇ ਕਰੂਬੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ।