Skip to content

Skip to table of contents

ਫੁੱਟ ਪਈ ਦੁਨੀਆਂ ਵਿਚ ਨਿਰਪੱਖ ਰਹੋ

ਫੁੱਟ ਪਈ ਦੁਨੀਆਂ ਵਿਚ ਨਿਰਪੱਖ ਰਹੋ

“ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”​—ਮੱਤੀ 22:21.

ਗੀਤ: 33, 27

1. ਅਸੀਂ ਪਰਮੇਸ਼ੁਰ ਅਤੇ ਸਰਕਾਰਾਂ ਦੇ ਅਧੀਨ ਕਿਵੇਂ ਰਹਿ ਸਕਦੇ ਹਾਂ?

ਬਾਈਬਲ ਸਾਨੂੰ ਸਰਕਾਰਾਂ ਦੇ ਅਧੀਨ ਰਹਿਣ ਲਈ ਕਹਿੰਦੀ ਹੈ, ਪਰ ਇਹ ਵੀ ਕਹਿੰਦੀ ਹੈ ਕਿ ਇਨਸਾਨਾਂ ਤੋਂ ਪਹਿਲਾਂ ਸਾਨੂੰ ਪਰਮੇਸ਼ੁਰ ਦਾ ਕਹਿਣਾ ਮੰਨਣਾ ਚਾਹੀਦਾ ਹੈ। (ਰਸੂ. 5:29; ਤੀਤੁ. 3:1) ਪਰ ਇਹ ਕਿੱਦਾਂ ਹੋ ਸਕਦਾ ਹੈ? ਯਿਸੂ ਨੇ ਇਕ ਅਸੂਲ ਦੁਆਰਾ ਸਮਝਾਇਆ ਕਿ ਸਾਨੂੰ ਕਿਸ ਹੱਦ ਤਕ ਸਰਕਾਰਾਂ ਦੇ ਅਧੀਨ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ: “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”  [1] (ਮੱਤੀ 22:21) ਜਦੋਂ ਅਸੀਂ ਸਰਕਾਰ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ, ਸਰਕਾਰੀ ਅਧਿਕਾਰੀਆਂ ਦਾ ਆਦਰ ਕਰਦੇ ਹਾਂ ਅਤੇ ਟੈਕਸ ਭਰਦੇ ਹਾਂ, ਤਾਂ ਅਸੀਂ “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ” ਦੇ ਰਹੇ ਹੁੰਦੇ ਹਾਂ। (ਰੋਮੀ. 13:7) ਪਰ ਜੇ ਸਰਕਾਰ ਸਾਨੂੰ ਪਰਮੇਸ਼ੁਰ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਲਈ ਕਹਿੰਦੀ ਹੈ, ਤਾਂ ਅਸੀਂ ਆਦਰਮਈ ਤਰੀਕੇ ਨਾਲ ਸਾਫ਼ ਮਨਾ ਕਰਦੇ ਹਾਂ।

2. ਅਸੀਂ ਦੁਨੀਆਂ ਦੇ ਰਾਜਨੀਤਿਕ ਮਾਮਲਿਆਂ ਤੋਂ ਨਿਰਪੱਖ ਕਿਵੇਂ ਰਹੇ ਸਕਦੇ ਹਾਂ?

2 “ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ” ਦੇਣ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਦੁਨੀਆਂ ਦੇ ਰਾਜਨੀਤਿਕ ਮਾਮਲਿਆਂ ਤੋਂ ਨਿਰਪੱਖ ਰਹੀਏ। (ਯਸਾ. 2:4) ਯਹੋਵਾਹ ਨੇ ਹੀ ਸਰਕਾਰਾਂ ਨੂੰ ਰਾਜ ਕਰਨ ਦੀ ਇਜਾਜ਼ਤ ਦਿੱਤੀ ਹੈ, ਇਸ ਲਈ ਅਸੀਂ ਇਨ੍ਹਾਂ ਦਾ ਵਿਰੋਧ ਨਹੀਂ ਕਰਦੇ। ਪਰ ਅਸੀਂ ਕਿਸੇ ਵੀ ਤਰ੍ਹਾਂ ਦੀ ਦੇਸ਼-ਭਗਤੀ ਵਿਚ ਹਿੱਸਾ ਨਹੀਂ ਲੈਂਦੇ। (ਰੋਮੀ. 13:1, 2) ਅਸੀਂ ਨਾ ਤਾਂ ਸਰਕਾਰਾਂ ਨੂੰ ਬਦਲਣ ਅਤੇ ਨਾ ਹੀ ਕਿਸੇ ਨੇਤਾ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਨਾਲੇ ਅਸੀਂ ਨਾ ਤਾਂ ਵੋਟ ਪਾਉਂਦੇ ਹਾਂ ਅਤੇ ਨਾ ਹੀ ਚੋਣਾਂ ਵਿਚ ਖੜ੍ਹੇ ਹੁੰਦੇ ਹਾਂ।

3. ਸਾਨੂੰ ਨਿਰਪੱਖ ਕਿਉਂ ਰਹਿਣਾ ਚਾਹੀਦਾ ਹੈ?

3 ਪਰਮੇਸ਼ੁਰ ਨੇ ਸਾਨੂੰ ਨਿਰਪੱਖ ਰਹਿਣ ਦੇ ਬਹੁਤ ਸਾਰੇ ਕਾਰਨ ਦੱਸੇ ਹਨ। ਪਹਿਲਾ, ਅਸੀਂ ਯਿਸੂ ਦੀ ਰੀਸ ਕਰਦੇ ਹਾਂ ਜੋ ਇਸ “ਦੁਨੀਆਂ ਵਰਗਾ ਨਹੀਂ” ਸੀ। ਉਸ ਨੇ ਕਿਸੇ ਰਾਜਨੀਤਿਕ ਪਾਰਟੀ ਜਾਂ ਯੁੱਧ ਵਿਚ ਕਿਸੇ ਕੌਮ ਦਾ ਪੱਖ ਨਹੀਂ ਲਿਆ। (ਯੂਹੰ. 6:15; 17:16) ਦੂਜਾ, ਅਸੀਂ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਂਦੇ ਹਾਂ। ਸਰਕਾਰਾਂ ਦਾ ਪੱਖ ਨਾ ਲੈਣ ਕਰਕੇ ਅਸੀਂ ਸ਼ੁੱਧ ਜ਼ਮੀਰ ਨਾਲ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਸੁਲਝਾਵੇਗਾ। ਝੂਠੇ ਧਰਮ ਰਾਜਨੀਤਿਕ ਮਾਮਲਿਆਂ ਵਿਚ ਦਖ਼ਲ ਦੇਣ ਕਰਕੇ ਲੋਕਾਂ ਵਿਚ ਫੁੱਟ ਪਾਉਂਦੇ ਹਨ। ਪਰ ਨਿਰਪੱਖ ਰਹਿਣ ਕਰਕੇ ਅਸੀਂ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਭਰਿਆ ਰਿਸ਼ਤਾ ਬਣਾਉਂਦੇ ਹਾਂ।​—1 ਪਤ. 2:17.

4. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਸਾਡੇ ਲਈ ਨਿਰਪੱਖ ਰਹਿਣਾ ਮੁਸ਼ਕਲ ਹੋਵੇਗਾ? (ਅ) ਸਾਨੂੰ ਹੁਣ ਤੋਂ ਹੀ ਨਿਰਪੱਖ ਰਹਿਣਾ ਕਿਉਂ ਸਿੱਖਣਾ ਚਾਹੀਦਾ ਹੈ?

4 ਸ਼ਾਇਦ ਅਸੀਂ ਉਸ ਦੇਸ਼ ਵਿਚ ਰਹਿੰਦੇ ਹਾਂ ਜਿੱਥੇ ਸਾਨੂੰ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਪਰ ਜਿੱਦਾਂ-ਜਿੱਦਾਂ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਡੇ ਲਈ ਨਿਰਪੱਖ ਰਹਿਣਾ ਔਖਾ ਹੋਵੇਗਾ। ਅੱਜ ਦੁਨੀਆਂ “ਕਿਸੇ ਗੱਲ ’ਤੇ ਰਾਜ਼ੀ ਨਾ ਹੋਣ” ਵਾਲਿਆਂ ਅਤੇ “ਜ਼ਿੱਦੀ” ਲੋਕਾਂ ਨਾਲ ਭਰੀ ਪਈ ਹੈ। ਇਸ ਲਈ ਲੋਕਾਂ ਵਿਚ ਹੋਰ ਵੀ ਜ਼ਿਆਦਾ ਫੁੱਟ ਪਵੇਗੀ। (2 ਤਿਮੋ. 3:3, 4) ਸਰਕਾਰਾਂ ਜਾਂ ਕਾਨੂੰਨਾਂ ਵਿਚ ਬਦਲਾਅ ਹੋਣ ਕਰਕੇ ਸਾਡੇ ਕਈ ਭੈਣਾਂ-ਭਰਾਵਾਂ ਲਈ ਨਿਰਪੱਖ ਰਹਿਣਾ ਮੁਸ਼ਕਲ ਹੋਇਆ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅੱਜ ਤੋਂ ਹੀ ਨਿਰਪੱਖ ਰਹਿਣਾ ਸਿੱਖੀਏ। ਜੇ ਅਸੀਂ ਮੁਸ਼ਕਲ ਖੜ੍ਹੀ ਹੋਣ ਤੋਂ ਪਹਿਲਾਂ ਨਿਰਪੱਖ ਰਹਿਣ ਦੀ ਤਿਆਰੀ ਨਹੀਂ ਕਰਦੇ, ਤਾਂ ਸ਼ਾਇਦ ਅਸੀਂ ਸਮਝੌਤਾ ਕਰ ਬੈਠਾਂਗੇ। ਸੋ ਅਸੀਂ ਇਸ ਫੁੱਟ ਪਈ ਦੁਨੀਆਂ ਵਿਚ ਕਿਵੇਂ ਨਿਰਪੱਖ ਰਹਿ ਸਕਦੇ ਹਾਂ? ਆਓ ਆਪਾਂ ਚਾਰ ਗੱਲਾਂ ’ਤੇ ਗੌਰ ਕਰੀਏ ਜੋ ਨਿਰਪੱਖ ਰਹਿਣ ਵਿਚ ਸਾਡੀ ਮਦਦ ਕਰ ਸਕਦੀਆਂ ਹਨ।

ਸਰਕਾਰਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖੋ

5. ਸਰਕਾਰਾਂ ਪ੍ਰਤੀ ਯਹੋਵਾਹ ਦਾ ਕੀ ਨਜ਼ਰੀਆ ਹੈ?

5 ਪਹਿਲੀ ਗੱਲ, ਸਾਨੂੰ ਸਰਕਾਰਾਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ। ਯਹੋਵਾਹ ਨੇ ਕਦੀ ਨਹੀਂ ਚਾਹਿਆ ਕਿ ਇਨਸਾਨ ਇਕ-ਦੂਜੇ ’ਤੇ ਰਾਜ ਕਰਨ। (ਯਿਰ. 10:23) ਯਹੋਵਾਹ ਦੀਆਂ ਨਜ਼ਰਾਂ ਵਿਚ ਸਾਰੇ ਲੋਕ ਬਰਾਬਰ ਹਨ। ਪਰ ਸਰਕਾਰਾਂ ਨੇ ਆਪੋ-ਆਪਣੇ ਦੇਸ਼ਾਂ ਨੂੰ ਉੱਚਾ ਚੁੱਕ ਕੇ ਲੋਕਾਂ ਵਿਚ ਫੁੱਟ ਪਾਈ ਹੈ। ਭਾਵੇਂ ਕਈ ਸਰਕਾਰਾਂ ਸਾਨੂੰ ਵਧੀਆ ਲੱਗਣ, ਪਰ ਉਹ ਸਾਰੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੱਢ ਸਕਦੀਆਂ। ਨਾਲੇ 1914 ਤੋਂ ਇਹ ਸਰਕਾਰਾਂ ਪਰਮੇਸ਼ੁਰ ਦੇ ਰਾਜ ਦੇ ਖ਼ਿਲਾਫ਼ ਹੋ ਗਈਆਂ। ਇਹ ਰਾਜ ਬਹੁਤ ਜਲਦ ਇਨ੍ਹਾਂ ਸਰਕਾਰਾਂ ਦਾ ਨਾਸ਼ ਕਰ ਦੇਵੇਗਾ।​—ਜ਼ਬੂਰਾਂ ਦੀ ਪੋਥੀ 2:2, 7-9 ਪੜ੍ਹੋ।

6. ਸਾਨੂੰ ਸਰਕਾਰੀ ਅਧਿਕਾਰੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

6 ਯਹੋਵਾਹ ਨੇ ਸਰਕਾਰਾਂ ਨੂੰ ਰਾਜ ਕਰਨ ਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਉਹ ਕੁਝ ਹੱਦ ਤਕ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਦੇ ਹਨ। ਇਸ ਕਰਕੇ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦੇ ਹਾਂ। (ਰੋਮੀ. 13:3, 4) ਪਰਮੇਸ਼ੁਰ ਨੇ ਸਾਨੂੰ ਅਧਿਕਾਰ ਰੱਖਣ ਵਾਲਿਆਂ ਲਈ ਵੀ ਪ੍ਰਾਰਥਨਾ ਕਰਨ ਨੂੰ ਕਿਹਾ ਹੈ ਤਾਂਕਿ ਅਸੀਂ ਬਿਨਾਂ ਕਿਸੇ ਰੁਕਾਵਟ ਪਰਮੇਸ਼ੁਰ ਦੀ ਭਗਤੀ ਕਰ ਸਕੀਏ। (1 ਤਿਮੋ. 2:1, 2) ਜਦੋਂ ਸਾਡੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ, ਤਾਂ ਅਸੀਂ ਸਰਕਾਰੀ ਅਧਿਕਾਰੀਆਂ ਤੋਂ ਮਦਦ ਮੰਗ ਸਕਦੇ ਹਾਂ। ਪੌਲੁਸ ਨੇ ਵੀ ਇਸੇ ਤਰ੍ਹਾਂ ਕੀਤਾ ਸੀ। (ਰਸੂ. 25:11) ਭਾਵੇਂ ਕਿ ਬਾਈਬਲ ਕਹਿੰਦੀ ਹੈ ਕਿ ਸਰਕਾਰਾਂ ਸ਼ੈਤਾਨ ਦੇ ਹੱਥ ਵਿਚ ਹਨ, ਪਰ ਉਹ ਇਹ ਨਹੀਂ ਕਹਿੰਦੀ ਕਿ ਉਹ ਹਰ ਇਕ ਅਧਿਕਾਰੀ ਨੂੰ ਆਪਣੀਆਂ ਉਂਗਲਾਂ ’ਤੇ ਨਚਾਉਂਦਾ ਹੈ। (ਲੂਕਾ 4:5, 6) ਇਸ ਲਈ ਸਾਨੂੰ ਕਿਸੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਕੋਈ ਸਰਕਾਰੀ ਅਧਿਕਾਰੀ ਸ਼ੈਤਾਨ ਦੀ ਮੁੱਠੀ ਵਿਚ ਹੈ। ਇਸ ਦੀ ਬਜਾਇ, ਬਾਈਬਲ ਕਹਿੰਦੀ ਹੈ ਕਿ ਸਾਨੂੰ “ਸਰਕਾਰਾਂ ਅਤੇ ਅਧਿਕਾਰ ਰੱਖਣ” ਵਾਲਿਆਂ ਬਾਰੇ “ਬੁਰਾ-ਭਲਾ” ਨਹੀਂ ਕਹਿਣਾ ਚਾਹੀਦਾ।​—ਤੀਤੁ. 3:1, 2.

7. ਸਾਨੂੰ ਕਿਹੜੀ ਸੋਚ ਤੋਂ ਬਚਣਾ ਚਾਹੀਦਾ ਹੈ?

7 ਅਸੀਂ ਪਰਮੇਸ਼ੁਰ ਦਾ ਕਹਿਣਾ ਮੰਨਦੇ ਹਾਂ ਜਦੋਂ ਅਸੀਂ ਕਿਸੇ ਨੇਤਾ ਜਾਂ ਰਾਜਨੀਤਿਕ ਪਾਰਟੀ ਦਾ ਪੱਖ ਨਹੀਂ ਲੈਂਦੇ, ਚਾਹੇ ਉਨ੍ਹਾਂ ਦੇ ਵਿਚਾਰ ਜਾਂ ਵਾਅਦੇ ਸਾਡੇ ਫ਼ਾਇਦੇ ਲਈ ਹੀ ਕਿਉਂ ਨਾ ਹੋਣ। ਸ਼ਾਇਦ ਕਈ ਵਾਰ ਸਾਨੂੰ ਪਰਮੇਸ਼ੁਰ ਦਾ ਕਹਿਣਾ ਮੰਨਣਾ ਔਖਾ ਲੱਗੇ। ਮੰਨ ਲਓ, ਕਿਸੇ ਦੇਸ਼ ਦੀ ਸਰਕਾਰ ਨੇ ਲੋਕਾਂ ਉੱਤੇ ਬਹੁਤ ਜ਼ੁਲਮ ਢਾਹੇ ਹਨ, ਇੱਥੋਂ ਤਕ ਕਿ ਯਹੋਵਾਹ ਦੇ ਗਵਾਹਾਂ ’ਤੇ ਵੀ। ਇਸ ਕਰਕੇ ਲੋਕ ਹੁਣ ਸਰਕਾਰ ਨੂੰ ਗਿਰਾਉਣ ਲਈ ਉਸ ਦੇ ਖ਼ਿਲਾਫ਼ ਜੰਗ ਲੜ ਰਹੇ ਹਨ। ਬਿਨਾਂ ਸ਼ੱਕ ਤੁਸੀਂ ਉਸ ਬਗਾਵਤ ਵਿਚ ਉਨ੍ਹਾਂ ਲੋਕਾਂ ਦਾ ਸਾਥ ਨਹੀਂ ਦਿਓਗੇ। ਪਰ ਕੀ ਤੁਸੀਂ ਸੋਚੋਗੇ ਕਿ ਉਹ ਲੋਕ ਆਪਣੀ ਜਗ੍ਹਾ ਸਹੀ ਹਨ ਅਤੇ ਚਾਹੋਗੇ ਕਿ ਉਹ ਜਿੱਤ ਜਾਣ? (ਅਫ਼. 2:2) ਜੇ ਅਸੀਂ ਨਿਰਪੱਖ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ ਕਿ ਇਕ ਪਾਰਟੀ ਦੂਜੀ ਪਾਰਟੀ ਤੋਂ ਵਧੀਆ ਹੈ। ਸਾਡੇ ਕੰਮਾਂ ਅਤੇ ਕਰਨੀ ਤੋਂ ਸਾਫ਼ ਪਤਾ ਲੱਗੇਗਾ ਕਿ ਅਸੀਂ ਨਿਰਪੱਖ ਹਾਂ ਜਾਂ ਨਹੀਂ।

“ਸਾਵਧਾਨ” ਅਤੇ “ਮਾਸੂਮ”

8. ਜਦੋਂ ਨਿਰਪੱਖ ਰਹਿਣਾ ਮੁਸ਼ਕਲ ਹੁੰਦਾ ਹੈ, ਤਾਂ ਅਸੀਂ ਕਿਵੇਂ “ਸਾਵਧਾਨ” ਰਹਿ ਅਤੇ “ਮਾਸੂਮ” ਬਣ ਸਕਦੇ ਹਾਂ?

8 ਦੂਜੀ ਗੱਲ, ਨਿਰਪੱਖ ਰਹਿਣ ਲਈ ਸਾਨੂੰ “ਸੱਪਾਂ ਵਾਂਗ ਸਾਵਧਾਨ” ਰਹਿਣ ਅਤੇ “ਕਬੂਤਰਾਂ ਵਾਂਗ ਮਾਸੂਮ” ਬਣਨ ਦੀ ਲੋੜ ਹੈ। (ਮੱਤੀ 10:16, 17 ਪੜ੍ਹੋ।) ਜਦੋਂ ਅਸੀਂ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਪਹਿਲਾਂ ਹੀ ਸੋਚਦੇ ਹਾਂ, ਤਾਂ ਅਸੀਂ ‘ਸਾਵਧਾਨੀ’ ਦਿਖਾ ਰਹੇ ਹੁੰਦੇ ਹਾਂ। ਨਾਲੇ ਅਸੀਂ “ਮਾਸੂਮ” ਯਾਨੀ ਨਿਰਦੋਸ਼ ਰਹਿੰਦੇ ਹਾਂ ਜਦੋਂ ਅਸੀਂ ਉਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਨਿਰਪੱਖ ਰਹਿੰਦੇ ਹਾਂ। ਆਓ ਆਪਾਂ ਕੁਝ ਮੁਸ਼ਕਲ ਹਾਲਾਤਾਂ ਬਾਰੇ ਗੱਲ ਕਰੀਏ ਅਤੇ ਦੇਖੀਏ ਕਿ ਅਸੀਂ ਕਿਵੇਂ ਨਿਰਪੱਖ ਰਹਿ ਸਕਦੇ ਹਾਂ।

9. ਲੋਕਾਂ ਨਾਲ ਗੱਲ ਕਰਦਿਆਂ ਅਸੀਂ ਸਾਵਧਾਨ ਕਿਵੇਂ ਰਹਿ ਸਕਦੇ ਹਾਂ?

9 ਗੱਲਬਾਤ। ਜਦੋਂ ਲੋਕ ਰਾਜਨੀਤਿਕ ਮਾਮਲਿਆਂ ਬਾਰੇ ਗੱਲਾਂ ਛੇੜਦੇ ਹਨ, ਤਾਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮਿਸਾਲ ਲਈ, ਰਾਜ ਬਾਰੇ ਪ੍ਰਚਾਰ ਕਰਦਿਆਂ ਸਾਨੂੰ ਕਿਸੇ ਇਕ ਰਾਜਨੀਤਿਕ ਪਾਰਟੀ ਜਾਂ ਨੇਤਾ ਦੀ ਤਾਰੀਫ਼ ਜਾਂ ਨਿੰਦਿਆ ਨਹੀਂ ਕਰਨੀ ਚਾਹੀਦੀ। ਪ੍ਰਚਾਰ ਵਿਚ ਇਹ ਗੱਲਾਂ ਨਾ ਕਰੋ ਕਿ ਇਨਸਾਨ ਮੁਸ਼ਕਲਾਂ ਹੱਲ ਕਰਨ ਲਈ ਕੀ ਕੁਝ ਕਰ ਰਹੇ ਹਨ। ਇਸ ਦੀ ਬਜਾਇ, ਲੋਕਾਂ ਨੂੰ ਬਾਈਬਲ ਤੋਂ ਦਿਖਾਓ ਕਿ ਪਰਮੇਸ਼ੁਰ ਦਾ ਰਾਜ ਇਸ ਦੁਨੀਆਂ ਦੀਆਂ ਮੁਸ਼ਕਲਾਂ ਨੂੰ ਹਮੇਸ਼ਾ ਲਈ ਕਿਵੇਂ ਹੱਲ ਕਰੇਗਾ। ਜੇ ਲੋਕ ਕਿਸੇ ਵਿਸ਼ੇ ਬਾਰੇ ਬਹਿਸ ਕਰਨੀ ਚਾਹੁੰਦੇ ਹਨ, ਜਿਵੇਂ ਕਿ ਆਦਮੀ-ਆਦਮੀ ਜਾਂ ਤੀਵੀਂ-ਤੀਵੀਂ ਦਾ ਆਪਸ ਵਿਚ ਵਿਆਹ ਜਾਂ ਗਰਭਪਾਤ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਦਿਖਾਓ ਅਤੇ ਸਮਝਾਓ ਕਿ ਅਸੀਂ ਬਾਈਬਲ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਿਉਂ ਕਰਦੇ ਹੋ। ਜੇ ਕੋਈ ਕਹਿੰਦਾ ਹੈ ਕਿ ਸਰਕਾਰ ਨੂੰ ਕਿਸੇ ਕਾਨੂੰਨ ਨੂੰ ਬਦਲ ਜਾਂ ਖ਼ਤਮ ਕਰ ਦੇਣਾ ਚਾਹੀਦਾ ਹੈ, ਤਾਂ ਅਸੀਂ ਨਾ ਤਾਂ ਉਸ ਦੀ ਗੱਲ ਵਿਚ ਹਾਮੀ ਭਰਦੇ ਹਾਂ ਤੇ ਨਾ ਹੀ ਸਰਕਾਰ ਦਾ ਪੱਖ ਲੈਂਦੇ ਹਾਂ। ਨਾਲੇ ਅਸੀਂ ਉਸ ਨੂੰ ਆਪਣੇ ਵਿਚਾਰ ਬਦਲਣ ਲਈ ਮਜਬੂਰ ਨਹੀਂ ਕਰਦੇ।

10. ਅਸੀਂ ਮੀਡੀਆ ਵੱਲੋਂ ਪੇਸ਼ ਕੀਤੀਆਂ ਖ਼ਬਰਾਂ ਤੋਂ ਸਾਵਧਾਨ ਕਿਵੇਂ ਰਹਿ ਸਕਦੇ ਹਾਂ?

10 ਮੀਡੀਆ। ਕਦੀ-ਕਦੀ ਖ਼ਬਰਾਂ ਵਿਚ ਇਕ ਪਾਰਟੀ ਦੇ ਪੱਖ ਵਿਚ ਅਤੇ ਦੂਜੀ ਪਾਰਟੀ ਦੇ ਖ਼ਿਲਾਫ਼ ਬੋਲਿਆ ਜਾਂਦਾ ਹੈ। ਇਹ ਗੱਲ ਖ਼ਾਸ ਕਰਕੇ ਉਨ੍ਹਾਂ ਦੇਸ਼ਾਂ ਵਿਚ ਸੱਚ ਹੈ ਜਿੱਥੇ ਮੀਡੀਆ ਸਰਕਾਰ ਦੇ ਕਬਜ਼ੇ ਵਿਚ ਹੈ। ਜੇ ਖ਼ਬਰਾਂ ਵਿਚ ਕਿਸੇ ਪਾਰਟੀ ਦਾ ਪੱਖ ਲਿਆ ਜਾਂਦਾ ਹੈ, ਤਾਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਵੀ ਉਨ੍ਹਾਂ ਖ਼ਬਰਾਂ ’ਤੇ ਵਿਸ਼ਵਾਸ ਨਾ ਕਰਨ ਲੱਗ ਪਈਏ। ਮਿਸਾਲ ਲਈ, ਆਪਣੇ ਆਪ ਤੋਂ ਪੁੱਛੋ: ‘ਕੀ ਮੈਨੂੰ ਟੀ. ਵੀ. ’ਤੇ ਉਸ ਵਿਅਕਤੀ ਦੀਆਂ ਗੱਲਾਂ ਸੁਣਨੀਆਂ ਪਸੰਦ ਹਨ ਜਿਸ ਦੇ ਰਾਜਨੀਤਿਕ ਵਿਚਾਰ ਮੇਰੇ ਵਿਚਾਰਾਂ ਨਾਲ ਮੇਲ ਖਾਂਦੇ ਹਨ?’ ਨਿਰਪੱਖ ਰਹਿਣ ਲਈ ਉਨ੍ਹਾਂ ਖ਼ਬਰਾਂ ਨੂੰ ਨਾ ਤਾਂ ਪੜ੍ਹੋ ਤੇ ਨਾ ਹੀ ਸੁਣੋ ਜੋ ਕਿਸੇ ਪਾਰਟੀ ਦਾ ਪੱਖ ਲੈਂਦੀਆਂ ਹਨ। ਪਰ ਉਨ੍ਹਾਂ ਖ਼ਬਰਾਂ ਨੂੰ ਪੜ੍ਹੋ ਜਾਂ ਦੇਖੋ ਜੋ ਕਿਸੇ ਦਾ ਪੱਖ ਨਹੀਂ ਲੈਂਦੀਆਂ। ਨਾਲੇ ਹਮੇਸ਼ਾ ਹਰ ਖ਼ਬਰ ਦੀ ਤੁਲਨਾ ਬਾਈਬਲ ਵਿਚ ਦਿੱਤੀਆਂ “ਸਹੀ ਸਿੱਖਿਆਵਾਂ ਦੇ ਨਮੂਨੇ” ਨਾਲ ਕਰੋ।​—2 ਤਿਮੋ. 1:13.

11. ਧਨ-ਦੌਲਤ ਕਰਕੇ ਸਾਡੇ ਲਈ ਨਿਰਪੱਖ ਰਹਿਣਾ ਔਖਾ ਕਿਉਂ ਹੋ ਸਕਦਾ ਹੈ?

11 ਧਨ-ਦੌਲਤ। ਜੇ ਪੈਸਾ ਅਤੇ ਚੀਜ਼ਾਂ ਸਾਡੇ ਲਈ ਸਭ ਕੁਝ ਹਨ, ਤਾਂ ਪਰੀਖਿਆ ਦੌਰਾਨ ਸਾਡੇ ਲਈ ਨਿਰਪੱਖ ਰਹਿਣਾ ਔਖਾ ਹੋ ਸਕਦਾ ਹੈ। 1970 ਤੋਂ ਬਾਅਦ ਮਲਾਵੀ ਵਿਚ ਕੁਝ ਭੈਣਾਂ-ਭਰਾਵਾਂ ਲਈ ਉਦੋਂ ਨਿਰਪੱਖ ਰਹਿਣਾ ਔਖਾ ਹੋ ਗਿਆ ਜਦੋਂ ਉਨ੍ਹਾਂ ਨੂੰ ਸਤਾਇਆ ਗਿਆ ਸੀ। ਰੂਥ ਨਾਂ ਦੀ ਭੈਣ ਨੂੰ ਯਾਦ ਹੈ: “ਕਈ ਭੈਣ-ਭਰਾ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਨਹੀਂ ਤਿਆਗ ਸਕੇ। ਕੁਝ ਭੈਣ-ਭਰਾ ਸਾਡੇ ਨਾਲ ਦੇਸ਼ ਵਿੱਚੋਂ ਕੱਢੇ ਗਏ ਸਨ। ਪਰ ਕੁਝ ਸਮੇਂ ਬਾਅਦ ਉਹ ਕਿਸੇ ਰਾਜਨੀਤਿਕ ਪਾਰਟੀ ਨਾਲ ਰਲ਼ ਗਏ ਕਿਉਂਕਿ ਉਹ ਸ਼ਰਨਾਰਥੀ ਕੈਂਪ ਵਿਚ ਤੰਗੀਆਂ ਸਹਿਣ ਲਈ ਤਿਆਰ ਨਹੀਂ ਸਨ।” ਪਰ ਉਸ ਸਮੇਂ ਅਤੇ ਅੱਜ ਵੀ ਯਹੋਵਾਹ ਦੇ ਜ਼ਿਆਦਾਤਰ ਸੇਵਕ ਉਨ੍ਹਾਂ ਵਰਗੇ ਨਹੀਂ ਹਨ। ਭਾਵੇਂ ਕਿ ਉਨ੍ਹਾਂ ਨੂੰ ਘੱਟ ਪੈਸਿਆਂ ਵਿਚ ਗੁਜ਼ਾਰਾ ਕਰਨਾ ਪਵੇ ਜਾਂ ਉਨ੍ਹਾਂ ਦਾ ਸਭ ਕੁਝ ਤਬਾਹ ਹੋ ਜਾਵੇ, ਫਿਰ ਵੀ ਉਹ ਨਿਰਪੱਖ ਰਹਿੰਦੇ ਹਨ।​—ਇਬ. 10:34.

12, 13. (ੳ) ਸਾਰੇ ਇਨਸਾਨਾਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ? (ਅ) ਅਸੀਂ ਆਪਣੇ ਦੇਸ਼ ਜਾਂ ਕੌਮ ’ਤੇ ਘਮੰਡ ਕਰਨ ਤੋਂ ਕਿਵੇਂ ਬਚ ਸਕਦੇ ਹਾਂ?

12 ਘਮੰਡ। ਆਪਣੀ ਨਸਲ, ਕਬੀਲੇ, ਸਭਿਆਚਾਰ, ਸ਼ਹਿਰ ਜਾਂ ਦੇਸ਼ ’ਤੇ ਘਮੰਡ ਕਰਨਾ ਲੋਕਾਂ ਲਈ ਆਮ ਗੱਲ ਹੈ। ਪਰ ਯਹੋਵਾਹ ਇਹ ਨਹੀਂ ਸੋਚਦਾ ਕਿ ਇਕ ਨਸਲ, ਕਬੀਲਾ, ਸਭਿਆਚਾਰ, ਸ਼ਹਿਰ ਜਾਂ ਦੇਸ਼ ਦੂਜਿਆਂ ਤੋਂ ਬਿਹਤਰ ਹੈ। ਉਸ ਦੀਆਂ ਨਜ਼ਰਾਂ ਵਿਚ ਅਸੀਂ ਸਾਰੇ ਬਰਾਬਰ ਹਾਂ। ਇਹ ਤਾਂ ਸੱਚ ਹੈ ਕਿ ਯਹੋਵਾਹ ਨੇ ਸਾਨੂੰ ਇਕ-ਦੂਸਰੇ ਤੋਂ ਵੱਖਰਾ ਬਣਾਇਆ ਹੈ ਜਿਸ ਕਰਕੇ ਅਸੀਂ ਅਲੱਗ-ਅਲੱਗ ਸਭਿਆਚਾਰਾਂ ਦਾ ਆਨੰਦ ਮਾਣ ਸਕਦੇ ਹਾਂ। ਉਹ ਇਹ ਨਹੀਂ ਚਾਹੁੰਦਾ ਕਿ ਅਸੀਂ ਆਪਣਾ ਸਭਿਆਚਾਰ ਤਿਆਗ ਦੇਈਏ। ਪਰ ਉਹ ਇਹ ਵੀ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਆਪ ਨੂੰ ਦੂਸਰਿਆਂ ਤੋਂ ਬਿਹਤਰ ਸਮਝੀਏ।​—ਰੋਮੀ. 10:12.

13 ਸਾਨੂੰ ਆਪਣੇ ਦੇਸ਼ ਜਾਂ ਕੌਮ ’ਤੇ ਘਮੰਡ ਨਹੀਂ ਕਰਨਾ ਚਾਹੀਦਾ ਜਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡਾ ਦੇਸ਼ ਜਾਂ ਕੌਮ ਬਾਕੀਆਂ ਨਾਲੋਂ ਚੰਗੀ ਹੈ। ਜੇ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਤਾਂ ਸਾਡੇ ਲਈ ਨਿਰਪੱਖ ਰਹਿਣਾ ਬਹੁਤ ਹੀ ਮੁਸ਼ਕਲ ਹੋ ਸਕਦਾ ਹੈ। ਪਹਿਲੀ ਸਦੀ ਵਿਚ ਇਸੇ ਤਰ੍ਹਾਂ ਹੋਇਆ। ਕੁਝ ਇਬਰਾਨੀ ਮਸੀਹੀ ਯੂਨਾਨੀ ਵਿਧਵਾਵਾਂ ਨਾਲ ਬੁਰਾ ਸਲੂਕ ਕਰ ਰਹੇ ਸਨ। (ਰਸੂ. 6:1) ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਘਮੰਡ ਨੇ ਸਾਡੇ ਦਿਲ ਵਿਚ ਜੜ੍ਹ ਤਾਂ ਨਹੀਂ ਫੜ ਲਈ? ਮੰਨ ਲਓ, ਕਿਸੇ ਹੋਰ ਦੇਸ਼ ਦਾ ਭੈਣ ਜਾਂ ਭਰਾ ਤੁਹਾਨੂੰ ਕੋਈ ਸਲਾਹ ਦੇਵੇ। ਕੀ ਤੁਹਾਡੇ ਮਨ ਵਿਚ ਇਕਦਮ ਇਹ ਖ਼ਿਆਲ ਆਵੇਗਾ, ‘ਅਸੀਂ ਇੱਥੇ ਇੱਦਾਂ ਨਹੀਂ ਕਰਦੇ,’ ਫਿਰ ਉਸ ਦੀ ਸਲਾਹ ਨੂੰ ਠੁਕਰਾ ਦਿਓਗੇ? ਜੇ ਹਾਂ, ਤਾਂ ਇਹ ਸਲਾਹ ਯਾਦ ਰੱਖੋ: “ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।”​—ਫ਼ਿਲਿ. 2:3.

ਯਹੋਵਾਹ ਤੁਹਾਡੀ ਮਦਦ ਕਰੇਗਾ

14. ਨਿਰਪੱਖ ਰਹਿਣ ਵਿਚ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ? ਬਾਈਬਲ ਦੀ ਕਿਹੜੀ ਮਿਸਾਲ ਇਹ ਗੱਲ ਸੱਚ ਸਾਬਤ ਕਰਦੀ ਹੈ?

14 ਤੀਜੀ ਗੱਲ, ਨਿਰਪੱਖ ਰਹਿਣ ਲਈ ਸਾਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ। ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ। ਇਸ ਦੀ ਮਦਦ ਨਾਲ ਤੁਸੀਂ ਧੀਰਜ ਅਤੇ ਸੰਜਮ ਰੱਖ ਸਕੋਗੇ ਜਦੋਂ ਸਰਕਾਰ ਬੇਈਮਾਨੀ ਅਤੇ ਅਨਿਆਂ ਕਰਦੀ ਹੈ। ਯਹੋਵਾਹ ਤੋਂ ਬੁੱਧ ਦੀ ਮੰਗ ਕਰੋ ਤਾਂਕਿ ਤੁਸੀਂ ਉਨ੍ਹਾਂ ਹਾਲਾਤਾਂ ਨੂੰ ਪਛਾਣ ਸਕੋ ਜਿਨ੍ਹਾਂ ਵਿਚ ਤੁਹਾਡੇ ਲਈ ਨਿਰਪੱਖ ਰਹਿਣਾ ਮੁਸ਼ਕਲ ਹੋ ਸਕਦਾ ਹੈ। ਉਸ ਹਾਲਾਤ ਵਿਚ ਸਹੀ ਕੰਮ ਕਰਨ ਲਈ ਯਹੋਵਾਹ ਤੋਂ ਮਦਦ ਮੰਗੋ। (ਯਾਕੂ. 1:5) ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਸ਼ਾਇਦ ਤੁਹਾਨੂੰ ਜੇਲ੍ਹ ਹੋ ਜਾਵੇ ਜਾਂ ਕੋਈ ਹੋਰ ਸਜ਼ਾ ਭੁਗਤਣੀ ਪਵੇ। ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਯਹੋਵਾਹ ਨੂੰ ਦਲੇਰੀ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਦੂਜਿਆਂ ਨੂੰ ਆਪਣੇ ਨਿਰਪੱਖ ਰਹਿਣ ਦਾ ਕਾਰਨ ਸਾਫ਼-ਸਾਫ਼ ਸਮਝਾ ਸਕੋ। ਤੁਸੀਂ ਪੂਰਾ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਮੁਸ਼ਕਲਾਂ ਸਹਿਣ ਵਿਚ ਜ਼ਰੂਰ ਮਦਦ ਕਰੇਗਾ।​—ਰਸੂਲਾਂ ਦੇ ਕੰਮ 4:27-31 ਪੜ੍ਹੋ।

15. ਬਾਈਬਲ ਸਾਡੀ ਨਿਰਪੱਖ ਰਹਿਣ ਵਿਚ ਕਿਵੇਂ ਮਦਦ ਕਰ ਸਕਦੀ ਹੈ? (“ਬਾਈਬਲ ਦੀ ਮਦਦ ਨਾਲ ਉਹ ਨਿਰਪੱਖ ਰਹਿ ਸਕੇ” ਨਾਂ ਦੀ ਡੱਬੀ ਦੇਖੋ।)

15 ਯਹੋਵਾਹ ਸਾਨੂੰ ਬਾਈਬਲ ਦੁਆਰਾ ਹਿੰਮਤ ਦਿੰਦਾ ਹੈ। ਉਨ੍ਹਾਂ ਆਇਤਾਂ ’ਤੇ ਸੋਚ-ਵਿਚਾਰ ਕਰੋ ਜੋ ਤੁਹਾਡੀ ਨਿਰਪੱਖ ਰਹਿਣ ਵਿਚ ਮਦਦ ਕਰ ਸਕਦੀਆਂ ਹਨ। ਇਨ੍ਹਾਂ ਆਇਤਾਂ ਨੂੰ ਮੂੰਹ-ਜ਼ਬਾਨੀ ਯਾਦ ਕਰਨ ਦੀ ਕੋਸ਼ਿਸ਼ ਕਰੋ ਤਾਂਕਿ ਜੇ ਕਦੇ ਤੁਹਾਡੇ ਕੋਲ ਬਾਈਬਲ ਨਾ ਹੋਵੇ, ਤਾਂ ਇਹ ਆਇਤਾਂ ਜ਼ਰੂਰ ਤੁਹਾਡੀ ਮਦਦ ਕਰਨਗੀਆਂ। ਨਾਲੇ ਬਾਈਬਲ ਪੜ੍ਹਨ ਨਾਲ ਤੁਹਾਡੀ ਭਵਿੱਖ ਬਾਰੇ ਉਮੀਦ ਹੋਰ ਵੀ ਪੱਕੀ ਹੋਵੇਗੀ। ਇਸ ਉਮੀਦ ਨਾਲ ਤੁਸੀਂ ਅਤਿਆਚਾਰ ਸਹਿ ਸਕੋਗੇ। (ਰੋਮੀ. 8:25) ਉਨ੍ਹਾਂ ਆਇਤਾਂ ਨੂੰ ਚੁਣੋ ਜਿਨ੍ਹਾਂ ਵਿਚ ਉਹ ਗੱਲਾਂ ਦੱਸੀਆਂ ਗਈਆਂ ਹਨ ਜੋ ਤੁਸੀਂ ਨਵੀਂ ਦੁਨੀਆਂ ਵਿਚ ਕਰਨੀਆਂ ਚਾਹੁੰਦੇ ਹੋ। ਫਿਰ ਮਨ ਦੀਆਂ ਅੱਖਾਂ ਨਾਲ ਆਪਣੇ ਆਪ ਨੂੰ ਨਵੀਂ ਦੁਨੀਆਂ ਵਿਚ ਦੇਖੋ।

ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੋਂ ਸਿੱਖੋ

16, 17. ਨਿਰਪੱਖ ਰਹਿਣ ਵਾਲੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

16 ਚੌਥੀ ਗੱਲ, ਨਿਰਪੱਖ ਰਹਿਣ ਲਈ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਬਾਰੇ ਸੋਚੋ। ਬਾਈਬਲ ਦੇ ਜ਼ਮਾਨਿਆਂ ਵਿਚ ਬਹੁਤ ਸਾਰੇ ਸੇਵਕ ਦਲੇਰ ਸਨ ਅਤੇ ਉਨ੍ਹਾਂ ਨੇ ਸਮਝਦਾਰੀ ਨਾਲ ਫ਼ੈਸਲੇ ਲਏ ਜਿਸ ਕਰਕੇ ਉਹ ਨਿਰਪੱਖ ਰਹਿ ਸਕੇ। ਸ਼ਦਰਕ, ਮੇਸ਼ਕ ਤੇ ਅਬਦ-ਨਗੋ ਬਾਰੇ ਸੋਚੋ ਜਿਨ੍ਹਾਂ ਨੇ ਰਾਜੇ ਵੱਲੋਂ ਖੜ੍ਹੀ ਕੀਤੀ ਗਈ ਮੂਰਤੀ ਅੱਗੇ ਝੁਕਣ ਤੋਂ ਇਨਕਾਰ ਕੀਤਾ। (ਦਾਨੀਏਲ 3:16-18 ਪੜ੍ਹੋ।) ਇਸ ਬਾਈਬਲ ਬਿਰਤਾਂਤ ਨਾਲ ਅੱਜ ਬਹੁਤ ਸਾਰੇ ਭੈਣਾਂ-ਭਰਾਵਾਂ ਦੀ ਦਲੇਰ ਬਣਨ ਵਿਚ ਮਦਦ ਹੁੰਦੀ ਹੈ ਜਿਸ ਕਰਕੇ ਉਹ ਆਪਣੇ ਦੇਸ਼ ਦੇ ਝੰਡੇ ਅੱਗੇ ਨਹੀਂ ਝੁਕਦੇ। ਯਿਸੂ ਨੇ ਵੀ ਰਾਜਨੀਤਿਕ ਜਾਂ ਹੋਰ ਮਾਮਲਿਆਂ ਵਿਚ ਹਿੱਸਾ ਨਹੀਂ ਲਿਆ ਜਿਨ੍ਹਾਂ ਕਰਕੇ ਲੋਕਾਂ ਵਿਚ ਫੁੱਟ ਪੈਂਦੀ ਸੀ। ਉਸ ਨੂੰ ਪਤਾ ਸੀ ਕਿ ਉਸ ਦੀ ਚੰਗੀ ਮਿਸਾਲ ਤੋਂ ਉਸ ਦੇ ਚੇਲਿਆਂ ਨੂੰ ਫ਼ਾਇਦਾ ਹੋਵੇਗਾ। ਉਸ ਨੇ ਕਿਹਾ: “ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।”​—ਯੂਹੰ. 16:33.

17 ਸਾਡੇ ਸਮੇਂ ਵਿਚ ਵੀ ਬਹੁਤ ਸਾਰੇ ਯਹੋਵਾਹ ਦੇ ਗਵਾਹ ਨਿਰਪੱਖ ਰਹੇ ਹਨ। ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਕਰਕੇ ਕਈਆਂ ਨੂੰ ਸਤਾਇਆ ਗਿਆ, ਜੇਲ੍ਹਾਂ ਵਿਚ ਬੰਦ ਕੀਤਾ ਗਿਆ ਅਤੇ ਕਈਆਂ ਨੂੰ ਜਾਨੋਂ ਵੀ ਮਾਰ ਦਿੱਤਾ ਗਿਆ। ਉਨ੍ਹਾਂ ਦੀਆਂ ਮਿਸਾਲਾਂ ਸਾਨੂੰ ਵੀ ਦਲੇਰ ਬਣਾ ਸਕਦੀਆਂ ਹਨ। ਤੁਰਕੀ ਵਿਚ ਰਹਿਣ ਵਾਲੇ ਇਕ ਭਰਾ ਨੇ ਕਿਹਾ: “ਇਕ ਨੌਜਵਾਨ ਭਰਾ ਫ਼ਰਾਂਜ਼ ਰਾਈਟਰ ਨੇ ਹਿਟਲਰ ਦੀ ਫ਼ੌਜ ਵਿਚ ਭਰਤੀ ਹੋਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀ। ਇਸ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਰਨ ਤੋਂ ਇਕ ਰਾਤ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ। ਉਸ ਦੇ ਸ਼ਬਦ ਪੜ੍ਹ ਕੇ ਪਤਾ ਲੱਗਦਾ ਹੈ ਕਿ ਯਹੋਵਾਹ ਉੱਤੇ ਉਸ ਦੀ ਨਿਹਚਾ ਅਤੇ ਭਰੋਸਾ ਕਿੰਨਾ ਮਜ਼ਬੂਤ ਸੀ। ਜੇ ਮੇਰੇ ਉੱਤੇ ਵੀ ਇਸ ਤਰ੍ਹਾਂ ਦੀ ਕੋਈ ਪਰੀਖਿਆ ਆਈ, ਤਾਂ ਮੈਂ ਵੀ ਉਸ ਵਰਗਾ ਬਣਨਾ ਚਾਹਾਂਗਾ।”  [2]

18, 19. (ੳ) ਮੰਡਲੀ ਦੇ ਭੈਣ-ਭਰਾ ਤੁਹਾਡੀ ਨਿਰਪੱਖ ਰਹਿਣ ਵਿਚ ਕਿਵੇਂ ਮਦਦ ਕਰ ਸਕਦੇ ਹਨ? (ਅ) ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

18 ਮੰਡਲੀ ਦੇ ਭੈਣ-ਭਰਾ ਤੁਹਾਡੀ ਨਿਰਪੱਖ ਰਹਿਣ ਵਿਚ ਮਦਦ ਕਰ ਸਕਦੇ ਹਨ। ਜੇ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋ, ਤਾਂ ਆਪਣੇ ਬਜ਼ੁਰਗਾਂ ਨੂੰ ਦੱਸੋ। ਉਹ ਤੁਹਾਨੂੰ ਬਾਈਬਲ ਤੋਂ ਵਧੀਆ ਸਲਾਹ ਦੇ ਸਕਦੇ ਹਨ। ਨਾਲੇ ਜੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਤੁਹਾਡੇ ਹਾਲਾਤਾਂ ਬਾਰੇ ਪਤਾ ਹੈ, ਤਾਂ ਉਹ ਵੀ ਤੁਹਾਡੀ ਮਦਦ ਕਰ ਸਕਦੇ ਹਨ। ਉਨ੍ਹਾਂ ਨੂੰ ਕਹੋ ਕਿ ਉਹ ਤੁਹਾਡੇ ਲਈ ਪ੍ਰਾਰਥਨਾ ਕਰਨ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਭੈਣ-ਭਰਾ ਸਾਡੀ ਮਦਦ ਕਰਨ ਅਤੇ ਸਾਡੇ ਲਈ ਪ੍ਰਾਰਥਨਾ ਕਰਨ, ਤਾਂ ਸਾਨੂੰ ਵੀ ਉਨ੍ਹਾਂ ਲਈ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। (ਮੱਤੀ 7:12) ਤੁਸੀਂ jw.org ਵੈੱਬਸਾਈਟ ’ਤੇ ਉਨ੍ਹਾਂ ਭੈਣਾਂ-ਭਰਾਵਾਂ ਦੇ ਨਾਂ ਦੇਖ ਸਕਦੇ ਹੋ ਜੋ ਅੱਜ ਜੇਲ੍ਹਾਂ ਵਿਚ ਹਨ।  [3] ਉਨ੍ਹਾਂ ਕੁਝ ਭੈਣਾਂ-ਭਰਾਵਾਂ ਦੇ ਨਾਂ ਲੈ ਕੇ ਪ੍ਰਾਰਥਨਾ ਕਰੋ ਕਿ ਯਹੋਵਾਹ ਉਨ੍ਹਾਂ ਨੂੰ ਹਿੰਮਤ ਦੇਵੇ ਅਤੇ ਉਨ੍ਹਾਂ ਦੀ ਵਫ਼ਾਦਾਰੀ ਬਣਾਈ ਰੱਖਣ ਵਿਚ ਮਦਦ ਕਰੇ।​—ਅਫ਼. 6:19, 20.

19 ਜਿੱਦਾਂ-ਜਿੱਦਾਂ ਸ਼ੈਤਾਨ ਦੀ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਰਕਾਰਾਂ ਨੇ ਸਾਡੇ ਲਈ ਯਹੋਵਾਹ ਅਤੇ ਉਸ ਦੇ ਰਾਜ ਪ੍ਰਤੀ ਵਫ਼ਾਦਾਰ ਰਹਿਣਾ ਮੁਸ਼ਕਲ ਕਰ ਦੇਣਾ ਹੈ। ਇਸ ਵਜ੍ਹਾ ਕਰਕੇ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਇਸ ਫੁੱਟ ਪਈ ਦੁਨੀਆਂ ਵਿਚ ਅੱਜ ਤੋਂ ਹੀ ਨਿਰਪੱਖ ਰਹਿਣ ਦੀ ਤਿਆਰੀ ਕਰੀਏ।

^ [1] (ਪੈਰਾ 1) ਜਦੋਂ ਯਿਸੂ ਰਾਜੇ ਬਾਰੇ ਗੱਲ ਕਰ ਰਿਹਾ ਸੀ, ਤਾਂ ਉਹ ਦਰਅਸਲ ਸਰਕਾਰਾਂ ਬਾਰੇ ਗੱਲ ਕਰ ਰਿਹਾ ਸੀ। ਉਸ ਸਮੇਂ ਵਿਚ ਦੇਸ਼ ਦੇ ਰਾਜੇ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਹੁੰਦਾ ਸੀ।

^ [2] (ਪੈਰਾ 17) ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦਾ ਸਫ਼ਾ 662 ਅਤੇ ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੇ ਅਧਿਆਇ 14 ਉੱਤੇ “ਉਸ ਨੇ ਆਪਣੇ ਪਰਮੇਸ਼ੁਰ ਲਈ ਆਪਣੀ ਜਾਨ ਦਿੱਤੀ” ਨਾਂ ਦੀ ਡੱਬੀ ਦੇਖੋ।

^ [3] (ਪੈਰਾ 18) ਤੁਸੀਂ ਜੇਲ੍ਹ ਵਿਚ ਬੰਦ ਭੈਣਾਂ-ਭਰਾਵਾਂ ਦੇ ਨਾਂ NEWSROOM > LEGAL DEVELOPMENTS ਦੇ ਹੇਠ “Jehovah’s Witnesses Imprisoned for Their Faith—By Location” ’ਤੇ ਦੇਖ ਸਕਦੇ ਹੋ।