Skip to content

Skip to table of contents

ਆਜ਼ਾਦੀ ਦੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰੋ

ਆਜ਼ਾਦੀ ਦੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰੋ

“ਜਿਸ ਇਨਸਾਨ ਕੋਲ ਯਹੋਵਾਹ ਦੀ ਪਵਿੱਤਰ ਸ਼ਕਤੀ ਹੁੰਦੀ ਹੈ, ਉਹ ਆਜ਼ਾਦ ਹੁੰਦਾ ਹੈ।”​—2 ਕੁਰਿੰ. 3:17.

ਗੀਤ: 11, 33

1, 2. (ੳ) ਪੌਲੁਸ ਰਸੂਲ ਦੇ ਦਿਨਾਂ ਵਿਚ ਗ਼ੁਲਾਮੀ ਅਤੇ ਆਜ਼ਾਦੀ ਅਹਿਮ ਵਿਸ਼ੇ ਕਿਉਂ ਸਨ? (ਅ) ਪੌਲੁਸ ਨੇ ਸੱਚੀ ਆਜ਼ਾਦੀ ਦਾ ਸੋਮਾ ਕਿਸ ਨੂੰ ਕਿਹਾ?

ਪਹਿਲੀ ਸਦੀ ਦੇ ਮਸੀਹੀ ਰੋਮੀ ਸਾਮਰਾਜ ਵਿਚ ਰਹਿੰਦੇ ਸਨ ਜਿੱਥੇ ਲੋਕ ਆਪਣੇ ਕਾਨੂੰਨਾਂ, ਨਿਆਂ-ਪ੍ਰਣਾਲੀ ਅਤੇ ਆਪਣੀ ਆਜ਼ਾਦੀ ’ਤੇ ਬਹੁਤ ਘਮੰਡ ਕਰਦੇ ਸਨ। ਪਰ ਇਹ ਸ਼ਕਤੀਸ਼ਾਲੀ ਸਾਮਰਾਜ ਆਪਣੇ ਗ਼ੁਲਾਮਾਂ ਤੋਂ ਹੱਡ-ਤੋੜ ਮਿਹਨਤ ਕਰਵਾਉਂਦਾ ਸੀ। ਇਕ ਸਮੇਂ ’ਤੇ ਤਿੰਨਾਂ ਵਿੱਚੋਂ ਇਕ ਜਣਾ ਰੋਮੀ ਸਾਮਰਾਜ ਦਾ ਗ਼ੁਲਾਮ ਸੀ। ਬਿਨਾਂ ਸ਼ੱਕ, ਗ਼ੁਲਾਮੀ ਅਤੇ ਆਜ਼ਾਦੀ ਆਮ ਲੋਕਾਂ ਦੇ ਅਹਿਮ ਵਿਸ਼ੇ ਸਨ, ਇੱਥੋਂ ਤਕ ਕਿ ਮਸੀਹੀਆਂ ਦੇ ਵੀ।

2 ਪੌਲੁਸ ਰਸੂਲ ਨੇ ਅਕਸਰ ਆਜ਼ਾਦੀ ਬਾਰੇ ਲਿਖਿਆ। ਪਰ ਉਸ ਨੇ ਦੁਨੀਆਂ ਦੀ ਇਸ ਮੁਸ਼ਕਲ ਦਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਉਸ ਸਮੇਂ ਬਹੁਤ ਸਾਰੇ ਲੋਕ ਕਰਨਾ ਚਾਹੁੰਦੇ ਸਨ। ਇਸ ਦੀ ਬਜਾਇ, ਪੌਲੁਸ ਤੇ ਹੋਰ ਮਸੀਹੀਆਂ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਵਿਚ ਸਖ਼ਤ ਮਿਹਨਤ ਕੀਤੀ। ਨਾਲੇ ਲੋਕਾਂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਮਸੀਹ ਯਿਸੂ ਦੀ ਕੁਰਬਾਨੀ ਕਿੰਨੀ ਅਨਮੋਲ ਹੈ। ਪੌਲੁਸ ਨੇ ਮਸੀਹੀਆਂ ਨੂੰ ਸੱਚੀ ਆਜ਼ਾਦੀ ਦੇ ਸੋਮੇ ਬਾਰੇ ਦੱਸਿਆ। ਉਸ ਨੇ ਲਿਖਿਆ: “ਯਹੋਵਾਹ ਅਦਿੱਖ ਹੈ; ਜਿਸ ਇਨਸਾਨ ਕੋਲ ਯਹੋਵਾਹ ਦੀ ਪਵਿੱਤਰ ਸ਼ਕਤੀ ਹੁੰਦੀ ਹੈ, ਉਹ ਆਜ਼ਾਦ ਹੁੰਦਾ ਹੈ।”​—2 ਕੁਰਿੰ. 3:17.

3, 4. (ੳ) ਦੂਜਾ ਕੁਰਿੰਥੀਆਂ 3:17 ਤੋਂ ਪਹਿਲਾਂ ਦੀਆਂ ਆਇਤਾਂ ਵਿਚ ਪੌਲੁਸ ਨੇ ਕਿਸ ਬਾਰੇ ਗੱਲ ਕੀਤੀ? (ਅ) ਯਹੋਵਾਹ ਤੋਂ ਮਿਲਦੀ ਆਜ਼ਾਦੀ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ?

3 ਕੁਰਿੰਥੀਆਂ ਨੂੰ ਲਿਖੀ ਆਪਣੀ ਦੂਜੀ ਚਿੱਠੀ ਵਿਚ ਪੌਲੁਸ ਨੇ ਦੱਸਿਆ ਕਿ ਜਦੋਂ ਮੂਸਾ ਸੀਨਈ ਪਹਾੜ ’ਤੇ ਯਹੋਵਾਹ ਦੇ ਦੂਤ ਨਾਲ ਗੱਲ ਕਰਨ ਤੋਂ ਬਾਅਦ ਥੱਲੇ ਆਇਆ, ਤਾਂ ਮੂਸਾ ਨੂੰ ਕੀ ਹੋਇਆ ਸੀ। ਉਸ ਦਾ ਚਿਹਰਾ ਚਮਕ ਰਿਹਾ ਸੀ। ਮੂਸਾ ਨੂੰ ਦੇਖ ਕੇ ਇਜ਼ਰਾਈਲੀ ਡਰ ਗਏ। ਇਸ ਕਰਕੇ ਮੂਸਾ ਨੇ ਆਪਣੇ ਮੂੰਹ ’ਤੇ ਪਰਦਾ ਕਰ ਲਿਆ। (ਕੂਚ 34:29, 30, 33; 2 ਕੁਰਿੰ. 3:7, 13) ਪੌਲੁਸ ਨੇ ਸਮਝਾਇਆ: “ਪਰ ਜਿਹੜਾ ਆਪਣੇ ਆਪ ਨੂੰ ਬਦਲ ਕੇ ਯਹੋਵਾਹ ਦੀ ਭਗਤੀ ਕਰਦਾ ਹੈ, ਉਸ ਦੇ ਮਨ ਤੋਂ ਇਹ ਪਰਦਾ ਹਟਾ ਦਿੱਤਾ ਜਾਂਦਾ ਹੈ।” (2 ਕੁਰਿੰ. 3:16) ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ?

4 ਅਸੀਂ ਪਿਛਲੇ ਲੇਖ ਵਿਚ ਸਿੱਖਿਆ ਸੀ ਕਿ ਸਿਰਫ਼ ਸ੍ਰਿਸ਼ਟੀਕਰਤਾ ਯਹੋਵਾਹ ਕੋਲ ਹੀ ਪੂਰੀ ਆਜ਼ਾਦੀ ਹੈ। ਸੋ ਇਹ ਗੱਲ ਸਹੀ ਹੈ ਕਿ ਉੱਥੇ ਆਜ਼ਾਦੀ ਹੁੰਦੀ ਹੈ ਜਿੱਥੇ ਯਹੋਵਾਹ ਦੀ ਮੌਜੂਦਗੀ ਅਤੇ ਉਸ ਦੀ “ਪਵਿੱਤਰ ਸ਼ਕਤੀ ਹੁੰਦੀ ਹੈ।” ਪਰ ਪੌਲੁਸ ਨੇ ਕਿਹਾ ਕਿ ਆਜ਼ਾਦੀ ਪਾਉਣ ਲਈ ਸਾਨੂੰ ਯਹੋਵਾਹ ਵੱਲ ਮੁੜਨਾ ਚਾਹੀਦਾ ਹੈ। ਕਹਿਣ ਦਾ ਮਤਲਬ ਕਿ ਸਾਨੂੰ ਉਸ ਨਾਲ ਕਰੀਬੀ ਰਿਸ਼ਤਾ ਬਣਾਉਣਾ ਚਾਹੀਦਾ ਹੈ। ਉਜਾੜ ਵਿਚ ਇਜ਼ਰਾਈਲੀਆਂ ਨੇ ਯਹੋਵਾਹ ਦਾ ਨਜ਼ਰੀਆ ਅਪਣਾਉਣ ਦੀ ਬਜਾਇ ਇਨਸਾਨੀ ਨਜ਼ਰੀਆ ਅਪਣਾਇਆ। ਇਹ ਇੱਦਾਂ ਸੀ ਜਿਵੇਂ ਉਨ੍ਹਾਂ ਨੇ ਪਰਮੇਸ਼ੁਰੀ ਗੱਲਾਂ ਲਈ ਆਪਣੇ ਮਨਾਂ ਅਤੇ ਦਿਲਾਂ ’ਤੇ ਪਰਦਾ ਪਾ ਲਿਆ ਹੋਵੇ। ਉਹ ਨਵੀਂ ਮਿਲੀ ਆਜ਼ਾਦੀ ਨੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਲਾਉਣੀ ਚਾਹੁੰਦੇ ਸਨ।​—ਇਬ. 3:8-10.

5. (ੳ) ਯਹੋਵਾਹ ਦੀ ਪਵਿੱਤਰ ਸ਼ਕਤੀ ਸਾਨੂੰ ਕਿਹੋ ਜਿਹੀ ਆਜ਼ਾਦੀ ਦਿੰਦੀ ਹੈ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਇਕ ਵਿਅਕਤੀ ਗ਼ੁਲਾਮ ਜਾਂ ਕੈਦੀ ਵੀ ਯਹੋਵਾਹ ਤੋਂ ਮਿਲਦੀ ਆਜ਼ਾਦੀ ਪਾ ਸਕਦਾ ਹੈ? (ੲ) ਸਾਨੂੰ ਕਿਨ੍ਹਾਂ ਸਵਾਲਾਂ ਦੇ ਜਵਾਬ ਲੈਣ ਦੀ ਲੋੜ ਹੈ?

5 ਯਹੋਵਾਹ ਦੀ ਪਵਿੱਤਰ ਸ਼ਕਤੀ ਸਾਨੂੰ ਜੋ ਆਜ਼ਾਦੀ ਦਿੰਦੀ ਹੈ, ਉਹ ਇਕ ਗ਼ੁਲਾਮ ਦੀ ਆਜ਼ਾਦੀ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੈ। ਇਹ ਸ਼ਕਤੀ ਸਾਨੂੰ ਬਹੁਤ ਜ਼ਿਆਦਾ ਆਜ਼ਾਦੀ ਦਿੰਦੀ ਹੈ ਜੋ ਇਕ ਇਨਸਾਨ ਕਦੇ ਵੀ ਨਹੀਂ ਲੈ ਸਕਦਾ ਸੀ। ਇਹ ਸਾਨੂੰ ਪਾਪ, ਮੌਤ, ਝੂਠੇ ਧਰਮਾਂ ਤੇ ਇਸ ਦੇ ਰੀਤੀ-ਰਿਵਾਜਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਦੀ ਹੈ। (ਰੋਮੀ. 6:23; 8:2) ਕਿੰਨੀ ਹੀ ਸ਼ਾਨਦਾਰ ਆਜ਼ਾਦੀ! ਭਾਵੇਂ ਕੋਈ ਗ਼ੁਲਾਮੀ ਜਾਂ ਕੈਦ ਵਿਚ ਹੈ, ਪਰ ਫਿਰ ਵੀ ਉਹ ਇਹ ਆਜ਼ਾਦੀ ਪਾ ਸਕਦਾ ਹੈ। (ਉਤ. 39:20-23) ਆਪਣੀ ਨਿਹਚਾ ਕਰਕੇ ਭਰਾ ਹੈਰਲਡ ਕਿੰਗ ਬਹੁਤ ਸਾਲ ਕੈਦ ਵਿਚ ਸੀ, ਪਰ ਉਸ ਕੋਲ ਇਹ ਆਜ਼ਾਦੀ ਸੀ। ਤੁਸੀਂ ਉਸ ਦਾ ਤਜਰਬਾ JW ਬ੍ਰਾਡਕਾਸਟਿੰਗ (ਹਿੰਦੀ) ’ਤੇ ਦੇਖ ਸਕਦੇ ਹੋ। (INTERVIEWS AND EXPERIENCES > ENDURING TRIALS ਹੇਠਾਂ ਦੇਖੋ।) ਆਓ ਆਪਾਂ ਹੁਣ ਦੋ ਸਵਾਲਾਂ ਦੇ ਜਵਾਬ ਦੇਖੀਏ। ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਡੀ ਆਜ਼ਾਦੀ ਸਾਡੇ ਲਈ ਅਨਮੋਲ ਹੈ? ਅਸੀਂ ਆਪਣੀ ਆਜ਼ਾਦੀ ਦੀ ਸਮਝਦਾਰੀ ਨਾਲ ਵਰਤੋਂ ਕਿਵੇਂ ਕਰ ਸਕਦੇ ਹਾਂ?

ਪਰਮੇਸ਼ੁਰ ਤੋਂ ਮਿਲਦੀ ਆਜ਼ਾਦੀ ਨੂੰ ਅਨਮੋਲ ਸਮਝੋ

6. ਇਜ਼ਰਾਈਲੀਆਂ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਤੋਂ ਮਿਲੀ ਆਜ਼ਾਦੀ ਲਈ ਸ਼ੁਕਰਗੁਜ਼ਾਰ ਨਹੀਂ ਸਨ?

6 ਜਦੋਂ ਕੋਈ ਸਾਨੂੰ ਕੋਈ ਕੀਮਤੀ ਤੋਹਫ਼ਾ ਦਿੰਦਾ ਹੈ, ਤਾਂ ਅਸੀਂ ਤੋਹਫ਼ਾ ਦੇਣ ਵਾਲੇ ਦੇ ਸ਼ੁਕਰਗੁਜ਼ਾਰ ਹੁੰਦੇ ਹਾਂ। ਪਰ ਇਜ਼ਰਾਈਲੀ ਯਹੋਵਾਹ ਤੋਂ ਮਿਲੀ ਆਜ਼ਾਦੀ ਲਈ ਬਿਲਕੁਲ ਵੀ ਸ਼ੁਕਰਗੁਜ਼ਾਰ ਨਹੀਂ ਸਨ। ਮਿਸਰ ਤੋਂ ਆਜ਼ਾਦ ਹੋਣ ਤੋਂ ਕੁਝ ਮਹੀਨਿਆਂ ਬਾਅਦ ਹੀ ਉਹ ਖਾਣ-ਪੀਣ ਦੀਆਂ ਉਨ੍ਹਾਂ ਚੀਜ਼ਾਂ ਲਈ ਤਰਸਣ ਲੱਗ ਪਏ ਜੋ ਉਹ ਮਿਸਰ ਵਿਚ ਖਾਂਦੇ-ਪੀਂਦੇ ਸਨ। ਉਹ ਯਹੋਵਾਹ ਵੱਲੋਂ ਦਿੱਤੇ ਗਏ ਖਾਣੇ ਮੰਨ ਲਈ ਵੀ ਸ਼ਿਕਾਇਤ ਕਰਨ ਲੱਗ ਪਏ। ਉਹ ਤਾਂ ਮਿਸਰ ਨੂੰ ਵਾਪਸ ਜਾਣਾ ਚਾਹੁੰਦੇ ਸਨ! ਯਹੋਵਾਹ ਨੇ ਆਪਣੀ ਭਗਤੀ ਕਰਾਉਣ ਲਈ ਉਨ੍ਹਾਂ ਨੂੰ ਜੋ ਆਜ਼ਾਦੀ ਦਿਵਾਈ ਸੀ, ਉਨ੍ਹਾਂ ਨੂੰ ਉਸ ਨਾਲੋਂ ‘ਮੱਛੀਆਂ, ਖੀਰੇ, ਖ਼ਰਬੂਜੇ, ਗੰਦਨੇ, ਪਿਆਜ਼ ਅਰ ਲਸਣ’ ਜ਼ਿਆਦਾ ਪਿਆਰੇ ਸਨ। ਬਿਨਾਂ ਸ਼ੱਕ, ਯਹੋਵਾਹ ਨੂੰ ਉਨ੍ਹਾਂ ’ਤੇ ਬਹੁਤ ਗੁੱਸਾ ਆਇਆ। (ਗਿਣ. 11:5, 6, 10; 14:3, 4) ਇਸ ਤੋਂ ਸਾਨੂੰ ਅਹਿਮ ਸਬਕ ਸਿੱਖਣ ਨੂੰ ਮਿਲਦਾ ਹੈ।

7. ਦੂਜਾ ਕੁਰਿੰਥੀਆਂ 6:1 ਵਿਚ ਪੌਲੁਸ ਨੇ ਖ਼ੁਦ ਆਪਣੀ ਸਲਾਹ ਲਾਗੂ ਕਿਵੇਂ ਕੀਤੀ? ਅਸੀਂ ਵੀ ਪੌਲੁਸ ਵਾਂਗ ਕਿਵੇਂ ਕਰ ਸਕਦੇ ਹਾਂ?

7 ਪੌਲੁਸ ਨੇ ਸਾਰੇ ਮਸੀਹੀਆਂ ਨੂੰ ਕਿਹਾ ਕਿ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਮਸੀਹ ਰਾਹੀਂ ਜੋ ਆਜ਼ਾਦੀ ਦਿੱਤੀ ਹੈ, ਉਸ ਲਈ ਨਾਸ਼ੁਕਰੇ ਨਾ ਹੋਣ। (2 ਕੁਰਿੰਥੀਆਂ 6:1 ਪੜ੍ਹੋ।) ਪੌਲੁਸ ਨਾਮੁਕੰਮਲ ਸੀ ਯਾਨੀ ਉਹ ਪਾਪ ਤੇ ਮੌਤ ਦਾ ਗ਼ੁਲਾਮ ਸੀ ਜਿਸ ਕਰਕੇ ਉਹ ਬੇਬੱਸ ਮਹਿਸੂਸ ਕਰਦਾ ਸੀ। ਪਰ ਉਸ ਨੇ ਕਿਹਾ: “ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਬਚਾਏਗਾ।” ਉਸ ਨੇ ਇਹ ਕਿਉਂ ਕਿਹਾ? ਪੌਲੁਸ ਨੇ ਮਸੀਹੀਆਂ ਨੂੰ ਦੱਸਿਆ: “ਕਿਉਂਕਿ ਪਵਿੱਤਰ ਸ਼ਕਤੀ ਦੇ ਕਾਨੂੰਨ ਨੇ ਤੁਹਾਨੂੰ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਾ ਲਿਆ ਹੈ ਜਿਹੜੀ ਸ਼ਕਤੀ ਤੁਹਾਨੂੰ ਯਿਸੂ ਮਸੀਹ ਦੇ ਚੇਲਿਆਂ ਦੇ ਤੌਰ ਤੇ ਜ਼ਿੰਦਗੀ ਬਖ਼ਸ਼ਦੀ ਹੈ।” (ਰੋਮੀ. 7:24, 25; 8:2) ਪੌਲੁਸ ਦੀ ਤਰ੍ਹਾਂ ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ ਨੇ ਸਾਨੂੰ ਪਾਪ ਤੇ ਮੌਤ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ ਹੈ। ਰਿਹਾਈ ਦੀ ਕੀਮਤ ਕਰਕੇ ਅਸੀਂ ਸ਼ੁੱਧ ਜ਼ਮੀਰ ਨਾਲ ਆਪਣੇ ਪਰਮੇਸ਼ੁਰ ਦੀ ਸੇਵਾ ਕਰ ਸਕਦੇ ਹਾਂ ਅਤੇ ਅਸੀਂ ਸੱਚੀ ਖ਼ੁਸ਼ੀ ਪਾ ਸਕਦੇ ਹਾਂ।​—ਜ਼ਬੂ. 40:8.

ਕੀ ਤੁਸੀਂ ਆਪਣੀ ਆਜ਼ਾਦੀ ਯਹੋਵਾਹ ਦੀ ਸੇਵਾ ਕਰਨ ਲਈ ਜਾਂ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਵਰਤ ਰਹੇ ਹੋ? (ਪੈਰੇ 8-10 ਦੇਖੋ)

8, 9. (ੳ) ਪਤਰਸ ਰਸੂਲ ਨੇ ਆਪਣੀ ਆਜ਼ਾਦੀ ਵਰਤਣ ਬਾਰੇ ਕਿਹੜੀ ਚੇਤਾਵਨੀ ਦਿੱਤੀ? (ਅ) ਇਕ ਵਿਅਕਤੀ ਆਪਣੀ ਆਜ਼ਾਦੀ ਦੀ ਗ਼ਲਤ ਤਰੀਕੇ ਨਾਲ ਵਰਤੋਂ ਕਿਵੇਂ ਕਰ ਸਕਦਾ ਹੈ?

8 ਸਾਨੂੰ ਸਿਰਫ਼ ਕਹਿਣਾ ਹੀ ਨਹੀਂ ਚਾਹੀਦਾ ਕਿ ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ, ਪਰ ਸਾਨੂੰ ਆਪਣੀ ਆਜ਼ਾਦੀ ਦੀ ਗ਼ਲਤ ਤਰੀਕੇ ਨਾਲ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਮਿਸਾਲ ਲਈ, ਪਤਰਸ ਰਸੂਲ ਨੇ ਚੇਤਾਵਨੀ ਦਿੱਤੀ ਕਿ ਸਾਨੂੰ ਆਪਣੀ ਆਜ਼ਾਦੀ ਨੂੰ ਗ਼ਲਤ ਕੰਮ ਕਰਨ ਦਾ ਬਹਾਨਾ ਨਹੀਂ ਬਣਾਉਣਾ ਚਾਹੀਦਾ। (1 ਪਤਰਸ 2:16 ਪੜ੍ਹੋ।) ਇਹ ਚੇਤਾਵਨੀ ਸਾਨੂੰ ਯਾਦ ਕਰਾਉਂਦੀ ਹੈ ਕਿ ਇਜ਼ਰਾਈਲੀਆਂ ਨਾਲ ਉਜਾੜ ਵਿਚ ਕੀ ਹੋਇਆ ਸੀ। ਨਾਲੇ ਅੱਜ ਸਾਨੂੰ ਇਸ ਚੇਤਾਵਨੀ ਵੱਲ ਹੋਰ ਵੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਸ਼ੈਤਾਨ ਅਤੇ ਉਸ ਦੀ ਦੁਨੀਆਂ ਸਾਨੂੰ ਭਰਮਾਉਣ ਲਈ ਖਾਣ-ਪੀਣ, ਪਹਿਨਣ ਅਤੇ ਮਨੋਰੰਜਨ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਪੇਸ਼ ਕਰਦੀ ਹੈ। ਮਸ਼ਹੂਰੀਆਂ ਬਣਾਉਣ ਵਾਲੇ ਬੜੀ ਚਲਾਕੀ ਨਾਲ ਮਸ਼ਹੂਰੀਆਂ ਬਣਾਉਂਦੇ ਹਨ। ਉਹ ਸੋਹਣੇ ਲੋਕਾਂ ਨੂੰ ਵਰਤਦੇ ਹਨ ਤਾਂਕਿ ਅਸੀਂ ਸੋਚੀਏ ਕਿ ਸਾਨੂੰ ਇਹ ਚੀਜ਼ਾਂ ਖ਼ਰੀਦਣੀਆਂ ਚਾਹੀਦੀਆਂ ਹਨ ਭਾਵੇਂ ਸਾਨੂੰ ਇਨ੍ਹਾਂ ਦੀ ਲੋੜ ਵੀ ਨਾ ਹੋਵੇ। ਇਸ ਤਰ੍ਹਾਂ ਦੀਆਂ ਚਾਲਾਂ ਵਿਚ ਫਸ ਕੇ ਅਸੀਂ ਸੌਖਿਆਂ ਹੀ ਆਪਣੀ ਆਜ਼ਾਦੀ ਦੀ ਗ਼ਲਤ ਤਰੀਕੇ ਨਾਲ ਵਰਤੋਂ ਕਰ ਸਕਦੇ ਹਾਂ।

9 ਪਤਰਸ ਦੀ ਸਲਾਹ ਹੋਰ ਵੀ ਜ਼ਰੂਰੀ ਮਾਮਲਿਆਂ ’ਤੇ ਲਾਗੂ ਹੁੰਦੀ ਹੈ, ਜਿਵੇਂ ਪੜ੍ਹਾਈ-ਲਿਖਾਈ, ਨੌਕਰੀ ਜਾਂ ਕੈਰੀਅਰ। ਮਿਸਾਲ ਲਈ, ਅੱਜ ਨੌਜਵਾਨਾਂ ’ਤੇ ਸਖ਼ਤ ਮਿਹਨਤ ਕਰਨ ਦਾ ਬਹੁਤ ਦਬਾਅ ਹੁੰਦਾ ਹੈ ਤਾਂਕਿ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਯੂਨੀਵਰਸਿਟੀਆਂ ਵਿਚ ਦਾਖ਼ਲਾ ਮਿਲ ਸਕੇ। ਬਹੁਤ ਸਾਰੇ ਲੋਕ ਉਨ੍ਹਾਂ ਨੂੰ ਦੱਸਦੇ ਹਨ ਕਿ ਜੇ ਉਹ ਉੱਚ-ਸਿੱਖਿਆ ਹਾਸਲ ਕਰਨਗੇ, ਤਾਂ ਉਨ੍ਹਾਂ ਨੂੰ ਵਧੀਆ ਨੌਕਰੀ ਮਿਲੇਗੀ, ਉਹ ਜ਼ਿਆਦਾ ਪੈਸੇ ਕਮਾਉਣਗੇ ਅਤੇ ਉਨ੍ਹਾਂ ਦਾ ਇੱਜ਼ਤ-ਮਾਣ ਹੋਵੇਗਾ। ਇਹ ਲੋਕ ਸ਼ਾਇਦ ਉਨ੍ਹਾਂ ਨੂੰ ਉਹ ਜਾਣਕਾਰੀ ਵੀ ਦਿਖਾਉਣ ਜਿਸ ਤੋਂ ਸਾਬਤ ਹੁੰਦਾ ਹੈ ਕਿ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਸਕੂਲਾਂ ਵਿਚ ਪੜ੍ਹਨ ਵਾਲਿਆਂ ਨਾਲੋਂ ਜ਼ਿਆਦਾ ਪੈਸੇ ਕਮਾਉਣਗੇ। ਨੌਜਵਾਨਾਂ ਨੇ ਕਈ ਅਜਿਹੇ ਫ਼ੈਸਲੇ ਕਰਨੇ ਹੁੰਦੇ ਹਨ ਜਿਨ੍ਹਾਂ ਦਾ ਅਸਰ ਉਨ੍ਹਾਂ ਦੀ ਸਾਰੀ ਜ਼ਿੰਦਗੀ ’ਤੇ ਪੈਂਦਾ ਹੈ। ਇਸ ਕਰਕੇ ਇਹ ਫ਼ੈਸਲੇ ਕਰਦਿਆਂ ਉਨ੍ਹਾਂ ਨੂੰ ਉੱਚ-ਸਿੱਖਿਆ ਲੈਣ ਦਾ ਵਿਚਾਰ ਸ਼ਾਇਦ ਵਧੀਆ ਲੱਗੇ। ਪਰ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

10. ਨਿੱਜੀ ਮਾਮਲਿਆਂ ਬਾਰੇ ਫ਼ੈਸਲੇ ਕਰਦਿਆਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

10 ਕੁਝ ਲੋਕ ਸ਼ਾਇਦ ਸੋਚਣ ਕਿ ਇਹ ਉਨ੍ਹਾਂ ਦੇ ਨਿੱਜੀ ਮਾਮਲੇ ਹਨ। ਇਸ ਕਰਕੇ ਉਨ੍ਹਾਂ ਨੂੰ ਆਪਣੀ ਜ਼ਮੀਰ ਅਨੁਸਾਰ ਫ਼ੈਸਲੇ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸ਼ਾਇਦ ਉਹ ਸੋਚਣ: “ਮੇਰੀ ਆਜ਼ਾਦੀ ਕਿਸੇ ਦੂਸਰੇ ਇਨਸਾਨ ਦੀ ਜ਼ਮੀਰ ਅਨੁਸਾਰ ਕਿਉਂ ਪਰਖੀ ਜਾਵੇ?” (1 ਕੁਰਿੰ. 10:29) ਭਾਵੇਂ ਕਿ ਸਾਡੇ ਕੋਲ ਪੜ੍ਹਾਈ-ਲਿਖਾਈ ਤੇ ਕੈਰੀਅਰ ਬਾਰੇ ਫ਼ੈਸਲੇ ਕਰਨ ਦੀ ਆਜ਼ਾਦੀ ਹੈ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਾਡੀ ਆਜ਼ਾਦੀ ਦੀਆਂ ਹੱਦਾਂ ਹਨ ਅਤੇ ਸਾਨੂੰ ਆਪਣੇ ਫ਼ੈਸਲਿਆਂ ਦੇ ਨਤੀਜੇ ਭੁਗਤਣੇ ਪੈਂਦੇ ਹਨ। ਇਸੇ ਕਰਕੇ ਪੌਲੁਸ ਨੇ ਕਿਹਾ: “ਸਾਰੀਆਂ ਗੱਲਾਂ ਜਾਇਜ਼ ਹਨ, ਪਰ ਸਾਰੀਆਂ ਗੱਲਾਂ ਫ਼ਾਇਦੇਮੰਦ ਨਹੀਂ ਹੁੰਦੀਆਂ। ਸਾਰੀਆਂ ਗੱਲਾਂ ਜਾਇਜ਼ ਹਨ, ਪਰ ਸਾਰੀਆਂ ਗੱਲਾਂ ਤੋਂ ਹੌਸਲਾ ਨਹੀਂ ਮਿਲਦਾ।” (1 ਕੁਰਿੰ. 10:23) ਸੋ ਜਦੋਂ ਆਪਣੀ ਜ਼ਿੰਦਗੀ ਵਿਚ ਨਿੱਜੀ ਮਾਮਲਿਆਂ ਬਾਰੇ ਫ਼ੈਸਲੇ ਕਰਨ ਦੀ ਗੱਲ ਆਉਂਦੀ ਹੈ, ਤਾਂ ਇਹ ਆਇਤ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਆਪਣੀ ਪਸੰਦ-ਨਾਪਸੰਦ ਨਾਲੋਂ ਹੋਰ ਗੱਲਾਂ ਜ਼ਿਆਦਾ ਅਹਿਮੀਅਤ ਰੱਖਦੀਆਂ ਹਨ।

ਪਰਮੇਸ਼ੁਰ ਦੀ ਸੇਵਾ ਕਰਨ ਲਈ ਆਪਣੀ ਆਜ਼ਾਦੀ ਸਮਝਦਾਰੀ ਨਾਲ ਵਰਤੋ

11. ਯਹੋਵਾਹ ਨੇ ਸਾਨੂੰ ਆਜ਼ਾਦੀ ਕਿਉਂ ਦਿਵਾਈ?

11 ਜਦੋਂ ਪਤਰਸ ਨੇ ਸਾਨੂੰ ਚੇਤਾਵਨੀ ਦਿੱਤੀ ਕਿ ਅਸੀਂ ਆਪਣੀ ਆਜ਼ਾਦੀ ਗ਼ਲਤ ਤਰੀਕੇ ਨਾਲ ਨਾ ਵਰਤੀਏ, ਤਾਂ ਉਹ ਕਹਿ ਰਿਹਾ ਸੀ ਕਿ ਅਸੀਂ ਆਪਣੀ ਆਜ਼ਾਦੀ ਨੂੰ “ਪਰਮੇਸ਼ੁਰ ਦੇ ਗ਼ੁਲਾਮ” ਬਣ ਕੇ ਵਰਤੀਏ। ਯਹੋਵਾਹ ਨੇ ਯਿਸੂ ਰਾਹੀਂ ਸਾਨੂੰ ਪਾਪ ਤੇ ਮੌਤ ਦੀ ਗ਼ੁਲਾਮੀ ਤੋਂ ਆਜ਼ਾਦ ਇਸ ਲਈ ਕਰਵਾਇਆ ਤਾਂਕਿ ਅਸੀਂ ਪੂਰੀ ਜ਼ਿੰਦਗੀ ਉਸ ਦੀ ਸੇਵਾ ਕਰ ਸਕੀਏ।

12. ਨੂਹ ਅਤੇ ਉਸ ਦੇ ਪਰਿਵਾਰ ਨੇ ਸਾਡੇ ਲਈ ਕਿਹੜੀ ਮਿਸਾਲ ਰੱਖੀ?

12 ਯਹੋਵਾਹ ਦੀ ਸੇਵਾ ਵਿਚ ਆਪਣਾ ਸਮਾਂ ਤੇ ਤਾਕਤ ਲਾ ਕੇ ਅਸੀਂ ਆਪਣੀ ਆਜ਼ਾਦੀ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਵਰਤ ਸਕਦੇ ਹਾਂ। ਇਸ ਤਰ੍ਹਾਂ ਕਰਕੇ ਅਸੀਂ ਦੁਨੀਆਂ ਵਿਚ ਟੀਚੇ ਰੱਖਣ ਅਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਬਚਾਂਗੇ। (ਗਲਾ. 5:16) ਸੋਚੋ ਕਿ ਨੂਹ ਅਤੇ ਉਸ ਦੇ ਪਰਿਵਾਰ ਨੇ ਕੀ ਕੀਤਾ। ਉਹ ਹਿੰਸਕ ਅਤੇ ਅਨੈਤਿਕ ਦੁਨੀਆਂ ਵਿਚ ਰਹਿੰਦੇ ਸਨ। ਪਰ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਕੰਮਾਂ ਵਿਚ ਸ਼ਾਮਲ ਨਹੀਂ ਹੋਏ। ਉਹ ਇੱਦਾਂ ਕਿਵੇਂ ਕਰ ਸਕੇ? ਉਨ੍ਹਾਂ ਨੇ ਯਹੋਵਾਹ ਦੇ ਕੰਮਾਂ ਵਿਚ ਰੁੱਝੇ ਰਹਿਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਕਿਸ਼ਤੀ ਬਣਾਈ, ਆਪਣੇ ਤੇ ਜਾਨਵਰਾਂ ਲਈ ਖਾਣਾ ਇਕੱਠਾ ਕੀਤਾ ਅਤੇ ਜਲ-ਪਰਲੋ ਬਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ। “ਜਿਵੇਂ ਪਰਮੇਸ਼ੁਰ ਨੇ [ਨੂਹ] ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤ. 6:22) ਨਤੀਜੇ ਵਜੋਂ, ਨੂਹ ਅਤੇ ਉਸ ਦਾ ਪਰਿਵਾਰ ਦੁਨੀਆਂ ਦੇ ਨਾਸ਼ ਤੋਂ ਬਚ ਗਏ।​—ਇਬ. 11:7.

13. ਯਹੋਵਾਹ ਨੇ ਸਾਨੂੰ ਕਿਹੜਾ ਹੁਕਮ ਦਿੱਤਾ ਹੈ?

13 ਯਹੋਵਾਹ ਨੇ ਅੱਜ ਸਾਨੂੰ ਕਿਹੜਾ ਕੰਮ ਕਰਨ ਦਾ ਹੁਕਮ ਦਿੱਤਾ ਹੈ? ਯਿਸੂ ਦੇ ਚੇਲਿਆਂ ਵਜੋਂ, ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਸਾਨੂੰ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਹੈ। (ਲੂਕਾ 4:18, 19 ਪੜ੍ਹੋ।) ਅੱਜ ਸ਼ੈਤਾਨ ਨੇ ਜ਼ਿਆਦਾਤਰ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ ਜਿਸ ਕਰਕੇ ਉਹ ਦੇਖ ਨਹੀਂ ਸਕਦੇ ਕਿ ਉਹ ਝੂਠੇ ਧਰਮ, ਚੀਜ਼ਾਂ ਅਤੇ ਰਾਜਨੀਤੀ ਦੇ ਗ਼ੁਲਾਮ ਹਨ। (2 ਕੁਰਿੰ. 4:4) ਯਿਸੂ ਵਾਂਗ ਸਾਡੇ ਕੋਲ ਵੀ ਸਨਮਾਨ ਹੈ ਕਿ ਅਸੀਂ ਆਜ਼ਾਦੀ ਦੇ ਪਰਮੇਸ਼ੁਰ ਯਹੋਵਾਹ ਬਾਰੇ ਜਾਣਨ ਅਤੇ ਉਸ ਦੀ ਭਗਤੀ ਕਰਨ ਵਿਚ ਲੋਕਾਂ ਦੀ ਮਦਦ ਕਰੀਏ। (ਮੱਤੀ 28:19, 20) ਦੂਸਰਿਆਂ ਨੂੰ ਪ੍ਰਚਾਰ ਕਰਨਾ ਸੌਖਾ ਨਹੀਂ ਹੈ। ਕੁਝ ਥਾਵਾਂ ’ਤੇ ਲੋਕ ਸਾਡੀ ਗੱਲ ਹੀ ਨਹੀਂ ਸੁਣਦੇ ਅਤੇ ਕੁਝ ਲੋਕ ਸਾਡੀ ਗੱਲ ਸੁਣ ਕੇ ਗੁੱਸੇ ਵਿਚ ਭੜਕ ਉੱਠਦੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨ ਲਈ ਆਪਣੀ ਆਜ਼ਾਦੀ ਵਰਤ ਸਕਦਾ ਹਾਂ?’

14, 15. ਯਹੋਵਾਹ ਦੇ ਬਹੁਤ ਸਾਰੇ ਗਵਾਹਾਂ ਨੇ ਕੀ ਕਰਨ ਦਾ ਫ਼ੈਸਲਾ ਕੀਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

14 ਸਾਨੂੰ ਇਸ ਗੱਲ ਤੋਂ ਹੱਲਾਸ਼ੇਰੀ ਮਿਲਦੀ ਹੈ ਕਿ ਬਹੁਤ ਸਾਰੇ ਗਵਾਹਾਂ ਨੂੰ ਅਹਿਸਾਸ ਹੋਇਆ ਹੈ ਕਿ ਇਸ ਦੁਨੀਆਂ ਦਾ ਅੰਤ ਬਹੁਤ ਨਜ਼ਦੀਕ ਹੈ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਸਾਦੀ ਕਰ ਕੇ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕੀਤਾ ਹੈ। (1 ਕੁਰਿੰ. 9:19, 23) ਕੁਝ ਆਪਣੇ ਇਲਾਕੇ ਵਿਚ ਪਾਇਨੀਅਰਿੰਗ ਕਰਦੇ ਹਨ ਜਦ ਕਿ ਦੂਸਰੇ ਉਨ੍ਹਾਂ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਪਿਛਲੇ ਪੰਜ ਸਾਲਾਂ ਵਿਚ 2,50,000 ਤੋਂ ਜ਼ਿਆਦਾ ਜਣਿਆਂ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ ਹੈ ਅਤੇ ਹੁਣ 11,00,000 ਤੋਂ ਜ਼ਿਆਦਾ ਰੈਗੂਲਰ ਪਾਇਨੀਅਰ ਹਨ। ਇਹ ਦੇਖ ਕੇ ਕਿੰਨਾ ਹੀ ਵਧੀਆ ਲੱਗਦਾ ਹੈ ਕਿ ਅੱਜ ਬਹੁਤ ਜਣੇ ਇਸ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਰ ਕੇ ਆਪਣੀ ਆਜ਼ਾਦੀ ਵਰਤ ਰਹੇ ਹਨ।​—ਜ਼ਬੂ. 110:3.

15 ਕਿਹੜੀ ਗੱਲ ਦੀ ਮਦਦ ਨਾਲ ਉਹ ਆਪਣੀ ਆਜ਼ਾਦੀ ਸਮਝਦਾਰੀ ਨਾਲ ਵਰਤ ਸਕੇ? ਜ਼ਰਾ ਜੌਨ ਅਤੇ ਜੂਡਿਥ ਦੀ ਮਿਸਾਲ ’ਤੇ ਗੌਰ ਕਰੋ ਜਿਨ੍ਹਾਂ ਨੇ ਪਿਛਲੇ 30 ਸਾਲਾਂ ਤੋਂ ਅਲੱਗ-ਅਲੱਗ ਦੇਸ਼ਾਂ ਵਿਚ ਸੇਵਾ ਕੀਤੀ। ਉਹ ਦੱਸਦੇ ਹਨ ਕਿ ਜਦੋਂ 1977 ਵਿਚ ਪਾਇਨੀਅਰ ਸੇਵਾ ਸਕੂਲ ਸ਼ੁਰੂ ਹੋਇਆ, ਤਾਂ ਵਿਦਿਆਰਥੀਆਂ ਨੂੰ ਉਨ੍ਹਾਂ ਇਲਾਕਿਆਂ ਵਿਚ ਜਾ ਕੇ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਇਸ ਲਈ ਜੌਨ ਨੇ ਆਪਣੀ ਜ਼ਿੰਦਗੀ ਸਾਦੀ ਰੱਖਣ ਲਈ ਕਈ ਵਾਰ ਆਪਣਾ ਕੰਮ ਬਦਲਿਆ। ਅਖ਼ੀਰ, ਉਹ ਪ੍ਰਚਾਰ ਕਰਨ ਲਈ ਦੂਸਰੇ ਦੇਸ਼ ਚਲੇ ਗਏ। ਉਨ੍ਹਾਂ ਨੂੰ ਨਵੀਂ ਭਾਸ਼ਾ, ਨਵੇਂ ਸਭਿਆਚਾਰ ਅਤੇ ਅਲੱਗ ਮੌਸਮ ਵਰਗੀਆਂ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਇਨ੍ਹਾਂ ਮੁਸ਼ਕਲਾਂ ਨੂੰ ਪਾਰ ਕਰਨ ਵਿਚ ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਸੀ ਅਤੇ ਉਨ੍ਹਾਂ ਨੇ ਹਮੇਸ਼ਾ ਉਸ ’ਤੇ ਭਰੋਸਾ ਰੱਖਿਆ। ਇਨ੍ਹਾਂ ਹਾਲਾਤਾਂ ਵਿਚ ਯਹੋਵਾਹ ਦੀ ਸੇਵਾ ਕਰਦਿਆਂ ਉਨ੍ਹਾਂ ਨੂੰ ਕਿਵੇਂ ਲੱਗਾ? ਜੌਨ ਦੱਸਦਾ ਹੈ: “ਮੈਨੂੰ ਅਹਿਸਾਸ ਹੋਇਆ ਕਿ ਮੈਂ ਸਭ ਤੋਂ ਵਧੀਆ ਕੰਮ ਵਿਚ ਰੁੱਝਾ ਹੋਇਆ ਸੀ। ਇਕ ਪਿਆਰ ਕਰਨ ਵਾਲੇ ਪਿਤਾ ਵਾਂਗ ਯਹੋਵਾਹ ਮੇਰੇ ਲਈ ਬਿਲਕੁਲ ਅਸਲੀ ਸੀ। ਹੁਣ ਮੈਂ ਯਾਕੂਬ 4:8 ਵਿਚ ਲਿਖੀ ਗੱਲ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਸਕਿਆ ਹਾਂ, ‘ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।’ ਮੈਂ ਜੋ ਲੱਭ ਰਿਹਾ ਸੀ ਉਹ ਮੈਨੂੰ ਮਿਲ ਗਿਆ ਹੈ ਯਾਨੀ ਜ਼ਿੰਦਗੀ ਦਾ ਮਕਸਦ।”

16. ਹਜ਼ਾਰਾਂ ਲੋਕਾਂ ਨੇ ਆਪਣੀ ਆਜ਼ਾਦੀ ਨੂੰ ਸਮਝਦਾਰੀ ਨਾਲ ਕਿਵੇਂ ਵਰਤਿਆ ਹੈ?

16 ਕੁਝ ਜਣੇ ਜੌਨ ਅਤੇ ਜੂਡਿਥ ਵਾਂਗ ਲੰਬੇ ਸਮੇਂ ਲਈ ਪਾਇਨੀਅਰਿੰਗ ਕਰ ਸਕਦੇ ਹਨ। ਪਰ ਕੁਝ ਲੋਕ ਆਪਣੇ ਹਾਲਾਤਾਂ ਕਰਕੇ ਥੋੜ੍ਹੇ ਸਮੇਂ ਲਈ ਪਾਇਨੀਅਰਿੰਗ ਕਰ ਸਕਦੇ ਹਨ। ਹਾਲੇ ਵੀ ਬਹੁਤ ਸਾਰੇ ਵਲੰਟੀਅਰ ਦੁਨੀਆਂ ਭਰ ਵਿਚ ਉਸਾਰੀ ਦੇ ਕੰਮਾਂ ਵਿਚ ਹੱਥ ਵਟਾਉਂਦੇ ਹਨ। ਮਿਸਾਲ ਲਈ, ਵਾਰਵਿਕ, ਨਿਊਯਾਰਕ ਵਿਚ ਹੈੱਡਕੁਆਰਟਰ ਦੀ ਉਸਾਰੀ ਦੇ ਕੰਮ ਵਿਚ ਹੱਥ ਵਟਾਉਣ ਲਈ ਲਗਭਗ 27,000 ਭੈਣ-ਭਰਾ ਆਏ। ਕੁਝ ਭੈਣ-ਭਰਾ ਦੋ ਹਫ਼ਤਿਆਂ ਲਈ, ਕੁਝ ਜਣੇ ਕੁਝ ਮਹੀਨਿਆਂ ਲਈ ਅਤੇ ਕੁਝ ਇਕ ਸਾਲ ਲਈ ਜਾਂ ਇਸ ਤੋਂ ਵੀ ਲੰਬੇ ਸਮੇਂ ਲਈ ਆਏ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਵਾਰਵਿਕ ਵਿਚ ਸੇਵਾ ਕਰਨ ਲਈ ਕੁਰਬਾਨੀਆਂ ਕੀਤੀਆਂ। ਇਹ ਸਾਡੇ ਲਈ ਵਧੀਆ ਮਿਸਾਲਾਂ ਹਨ ਜਿਨ੍ਹਾਂ ਨੇ ਆਜ਼ਾਦੀ ਦੇ ਪਰਮੇਸ਼ੁਰ ਯਹੋਵਾਹ ਦੇ ਆਦਰ ਅਤੇ ਮਹਿਮਾ ਲਈ ਆਪਣੀ ਆਜ਼ਾਦੀ ਵਰਤੀ ਹੈ!

17. ਜੇ ਅਸੀਂ ਆਪਣੀ ਆਜ਼ਾਦੀ ਨੂੰ ਸਮਝਦਾਰੀ ਨਾਲ ਵਰਤਦੇ ਹਾਂ, ਤਾਂ ਅਸੀਂ ਭਵਿੱਖ ਵਿਚ ਕਿਸ ਗੱਲ ਦੀ ਆਸ ਰੱਖ ਸਕਦੇ ਹਾਂ?

17 ਅਸੀਂ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਯਹੋਵਾਹ ਨੂੰ ਜਾਣਿਆ ਹੈ ਅਤੇ ਸਾਡੇ ਕੋਲ ਉਹ ਆਜ਼ਾਦੀ ਹੈ ਜੋ ਸਾਨੂੰ ਉਸ ਦੀ ਭਗਤੀ ਕਰ ਕੇ ਮਿਲਦੀ ਹੈ। ਆਓ ਆਪਾਂ ਆਪਣੇ ਫ਼ੈਸਲਿਆਂ ਰਾਹੀਂ ਦਿਖਾਈਏ ਕਿ ਅਸੀਂ ਆਪਣੀ ਆਜ਼ਾਦੀ ਨੂੰ ਬਹੁਤ ਅਨਮੋਲ ਸਮਝਦੇ ਹਾਂ। ਆਪਣੀ ਆਜ਼ਾਦੀ ਨੂੰ ਗ਼ਲਤ ਤਰੀਕੇ ਨਾਲ ਵਰਤਣ ਦੀ ਬਜਾਇ ਆਓ ਆਪਾਂ ਇਸ ਨੂੰ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਵਿਚ ਵਰਤੀਏ। ਫਿਰ ਅਸੀਂ ਯਹੋਵਾਹ ਵੱਲੋਂ ਵਾਅਦਾ ਕੀਤੀਆਂ ਉਨ੍ਹਾਂ ਸਾਰੀਆਂ ਬਰਕਤਾਂ ਦਾ ਆਨੰਦ ਮਾਣਾਂਗੇ ਜੋ ਉਸ ਦੀ ਇਹ ਭਵਿੱਖਬਾਣੀ ਪੂਰੀ ਹੋਣ ’ਤੇ ਮਿਲਣਗੀਆਂ: “ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਵੇਗੀ।”​—ਰੋਮੀ. 8:21.