Skip to content

Skip to table of contents

ਜ਼ਿੰਮੇਵਾਰ ਭਰਾਵੋ—ਤਿਮੋਥਿਉਸ ਦੀ ਮਿਸਾਲ ਤੋਂ ਸਿੱਖੋ

ਜ਼ਿੰਮੇਵਾਰ ਭਰਾਵੋ—ਤਿਮੋਥਿਉਸ ਦੀ ਮਿਸਾਲ ਤੋਂ ਸਿੱਖੋ

ਪਿਛਲੇ ਸਾਲ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਵਿੱਚੋਂ ਹਜ਼ਾਰਾਂ ਹੀ ਭਰਾਵਾਂ ਨੂੰ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਵਜੋਂ ਨਿਯੁਕਤ ਕੀਤਾ ਗਿਆ ਸੀ। ਜੇ ਤੁਸੀਂ ਵੀ ਉਨ੍ਹਾਂ ਭਰਾਵਾਂ ਵਿੱਚੋਂ ਇਕ ਹੋ, ਤਾਂ ਇਹ ਜ਼ਿੰਮੇਵਾਰੀ ਮਿਲਣ ਕਰਕੇ ਤੁਸੀਂ ਜ਼ਰੂਰ ਖ਼ੁਸ਼ ਹੋਏ ਹੋਣੇ।

ਪਰ ਬਿਨਾਂ ਸ਼ੱਕ, ਤੁਹਾਨੂੰ ਥੋੜ੍ਹੀ-ਬਹੁਤੀ ਚਿੰਤਾ ਵੀ ਹੋਈ ਹੋਣੀ। ਜੇਸਨ ਨਾਂ ਦਾ ਇਕ ਨੌਜਵਾਨ ਬਜ਼ੁਰਗ ਦੱਸਦਾ ਹੈ: “ਪਹਿਲਾਂ-ਪਹਿਲ ਤਾਂ ਮੈਨੂੰ ਲੱਗਾ ਕਿ ਮੈਂ ਬਜ਼ੁਰਗ ਵਜੋਂ ਭਾਰੀ ਜ਼ਿੰਮੇਵਾਰੀ ਕਿੱਦਾਂ ਨਿਭਾਵਾਂਗਾ।” ਜਦੋਂ ਮੂਸਾ ਤੇ ਯਿਰਮਿਯਾਹ ਨੂੰ ਯਹੋਵਾਹ ਤੋਂ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਸਨ, ਤਾਂ ਉਨ੍ਹਾਂ ਨੂੰ ਵੀ ਲੱਗਾ ਕਿ ਉਹ ਇਨ੍ਹਾਂ ਦੇ ਕਾਬਲ ਨਹੀਂ ਸਨ। (ਕੂਚ 4:10; ਯਿਰ. 1:6) ਜੇ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ, ਤਾਂ ਤੁਸੀਂ ਕਿਵੇਂ ਇਨ੍ਹਾਂ ਭਾਵਨਾਵਾਂ ’ਤੇ ਕਾਬੂ ਪਾ ਸਕਦੇ ਹੋ ਅਤੇ ਤਰੱਕੀ ਕਰਦੇ ਰਹਿ ਸਕਦੇ ਹੋ? ਤਿਮੋਥਿਉਸ ਨਾਂ ਦੇ ਇਕ ਮਸੀਹੀ ਚੇਲੇ ਦੀ ਮਿਸਾਲ ’ਤੇ ਗੌਰ ਕਰੋ।​—ਰਸੂ. 16:1-3.

ਤਿਮੋਥਿਉਸ ਦੀ ਮਿਸਾਲ ਦੀ ਰੀਸ ਕਰੋ

ਤਿਮੋਥਿਉਸ ਉਦੋਂ 20 ਕੁ ਸਾਲਾਂ ਦਾ ਸੀ ਜਦੋਂ ਪੌਲੁਸ ਨੇ ਉਸ ਨੂੰ ਆਪਣੇ ਨਾਲ ਸਫ਼ਰੀ ਕੰਮ ਕਰਨ ਦਾ ਸੱਦਾ ਦਿੱਤਾ। ਨੌਜਵਾਨ ਹੋਣ ਕਰਕੇ ਸ਼ੁਰੂ-ਸ਼ੁਰੂ ਵਿਚ ਸ਼ਾਇਦ ਤਿਮੋਥਿਉਸ ਵਿਚ ਭਰੋਸੇ ਦੀ ਕਮੀ ਸੀ ਅਤੇ ਉਹ ਇਹ ਨਵੀਂ ਜ਼ਿੰਮੇਵਾਰੀ ਲੈਣ ਤੋਂ ਝਿਜਕਦਾ ਸੀ। (1 ਤਿਮੋ. 4:11, 12; 2 ਤਿਮੋ. 1:1, 2, 7) ਪਰ ਦਸ ਸਾਲਾਂ ਬਾਅਦ ਪੌਲੁਸ ਨੇ ਫ਼ਿਲਿੱਪੈ ਦੀ ਮੰਡਲੀ ਨੂੰ ਕਿਹਾ: “ਜੇ ਪ੍ਰਭੂ ਯਿਸੂ ਨੇ ਚਾਹਿਆ, ਤਾਂ ਮੈਂ ਜਲਦੀ ਹੀ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲਾਂਗਾ . . . ਮੇਰੇ ਕੋਲ ਉਸ ਵਰਗਾ ਹੋਰ ਕੋਈ ਨਹੀਂ ਹੈ।”​—ਫ਼ਿਲਿ. 2:19, 20.

ਤਿਮੋਥਿਉਸ ਕਿਹੜੀਆਂ ਗੱਲਾਂ ਕਰਕੇ ਇਕ ਵਧੀਆ ਬਜ਼ੁਰਗ ਬਣ ਸਕਿਆ? ਉਨ੍ਹਾਂ ਛੇ ਗੱਲਾਂ ਵੱਲ ਧਿਆਨ ਦਿਓ ਜੋ ਤੁਸੀਂ ਤਿਮੋਥਿਉਸ ਤੋਂ ਸਿੱਖ ਸਕਦੇ ਹੋ।

1. ਉਹ ਲੋਕਾਂ ਦੀ ਦਿਲੋਂ ਪਰਵਾਹ ਕਰਦਾ ਸੀ। ਪੌਲੁਸ ਨੇ ਫ਼ਿਲਿੱਪੈ ਦੇ ਭਰਾਵਾਂ ਨੂੰ ਕਿਹਾ ਕਿ ‘ਤਿਮੋਥਿਉਸ ਸੱਚੇ ਦਿਲੋਂ ਤੁਹਾਡਾ ਫ਼ਿਕਰ’ ਕਰੇਗਾ। (ਫ਼ਿਲਿ. 2:20) ਜੀ ਹਾਂ, ਤਿਮੋਥਿਉਸ ਲੋਕਾਂ ਦੀ ਦਿਲੋਂ ਪਰਵਾਹ ਕਰਦਾ ਸੀ। ਉਹ ਦਿਲੋਂ ਚਾਹੁੰਦਾ ਸੀ ਕਿ ਲੋਕ ਯਹੋਵਾਹ ਦੇ ਨੇੜੇ ਜਾਣ ਜਿਸ ਕਰਕੇ ਉਸ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਮਦਦ ਕੀਤੀ।

ਉਸ ਬੱਸ ਡ੍ਰਾਈਵਰ ਦੀ ਤਰ੍ਹਾਂ ਨਾ ਬਣੋ ਜਿਸ ਨੂੰ ਸਵਾਰੀਆਂ ਲੈਣ ਤੋਂ ਜ਼ਿਆਦਾ ਹਰ ਬੱਸ ਅੱਡੇ ’ਤੇ ਸਮੇਂ ਸਿਰ ਪਹੁੰਚਣ ਦੀ ਚਿੰਤਾ ਹੁੰਦੀ ਹੈ। ਵਿਲਿਅਮ 20 ਸਾਲਾਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਉਹ ਨਵੇਂ ਨਿਯੁਕਤ ਹੋਏ ਭਰਾਵਾਂ ਨੂੰ ਸਲਾਹ ਦਿੰਦਾ ਹੈ: “ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰੋ। ਮੰਡਲੀ ਵਿਚ ਹਰ ਕੰਮ ਦੀ ਦੇਖ-ਰੇਖ ਵੱਲ ਜ਼ਿਆਦਾ ਧਿਆਨ ਦੇਣ ਦੀ ਬਜਾਇ ਭੈਣਾਂ-ਭਰਾਵਾਂ ਦੀਆਂ ਲੋੜਾਂ ’ਤੇ ਧਿਆਨ ਦਿਓ।”

2. ਉਹ ਪ੍ਰਚਾਰ ਦੇ ਕੰਮ ਨੂੰ ਪਹਿਲ ਦਿੰਦਾ ਸੀ। ਪੌਲੁਸ ਨੇ ਕਿਹਾ ਕਿ ਤਿਮੋਥਿਉਸ ਦੂਜਿਆਂ ਨਾਲੋਂ ਵੱਖਰਾ ਸੀ ਕਿਉਂਕਿ “ਬਾਕੀ ਸਾਰੇ ਆਪਣੇ ਬਾਰੇ ਹੀ ਸੋਚਦੇ ਹਨ, ਨਾ ਕਿ ਮਸੀਹ ਯਿਸੂ ਦੇ ਕੰਮ ਬਾਰੇ।” (ਫ਼ਿਲਿ. 2:21) ਪੌਲੁਸ ਨੇ ਰੋਮ ਤੋਂ ਚਿੱਠੀ ਲਿਖੀ। ਉਸ ਨੇ ਇੱਥੇ ਰਹਿ ਕੇ ਦੇਖਿਆ ਸੀ ਕਿ ਇੱਥੇ ਦੇ ਭਰਾ ਆਪਣੇ ਹੀ ਬਾਰੇ ਸੋਚਦੇ ਸਨ। ਉਹ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਰਹੇ ਸਨ। ਪਰ ਤਿਮੋਥਿਉਸ ਉਨ੍ਹਾਂ ਵਰਗਾ ਨਹੀਂ ਸੀ। ਜਦੋਂ ਉਸ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਹੋਰ ਜ਼ਿਆਦਾ ਮੌਕੇ ਮਿਲੇ, ਤਾਂ ਉਸ ਨੇ ਯਸਾਯਾਹ ਵਰਗਾ ਰਵੱਈਆ ਦਿਖਾਇਆ ਜਿਸ ਨੇ ਕਿਹਾ ਸੀ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।”​—ਯਸਾ. 6:8.

ਤੁਸੀਂ ਆਪਣੇ ਕੰਮਾਂ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਮਿਲੀਆਂ ਜ਼ਿੰਮੇਵਾਰੀਆਂ ਵਿਚ ਸੰਤੁਲਨ ਕਿਵੇਂ ਰੱਖ ਸਕਦੇ ਹੋ? ਪਹਿਲਾ, ਜ਼ਰੂਰੀ ਗੱਲਾਂ ਨੂੰ ਪਹਿਲ ਦਿਓ। ਪੌਲੁਸ ਨੇ ਕਿਹਾ: “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।” (ਫ਼ਿਲਿ. 1:10) ਜਿਹੜੀਆਂ ਗੱਲਾਂ ਨੂੰ ਪਰਮੇਸ਼ੁਰ ਜ਼ਰੂਰੀ ਸਮਝਦਾ ਹੈ, ਤੁਸੀਂ ਵੀ ਉਨ੍ਹਾਂ ਨੂੰ ਜ਼ਰੂਰੀ ਸਮਝੋ। ਦੂਜਾ, ਆਪਣੀ ਜ਼ਿੰਦਗੀ ਸਾਦੀ ਰੱਖੋ। ਉਨ੍ਹਾਂ ਕੰਮਾਂ ਤੋਂ ਦੂਰ ਰਹੋ ਜਿਨ੍ਹਾਂ ਵਿਚ ਤੁਹਾਡਾ ਜ਼ਿਆਦਾ ਸਮਾਂ ਤੇ ਤਾਕਤ ਜ਼ਾਇਆ ਹੁੰਦੀ ਹੈ। ਪੌਲੁਸ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ: “ਜਵਾਨੀ ਦੀਆਂ ਇੱਛਾਵਾਂ ਤੋਂ ਦੂਰ ਭੱਜ, ਪਰ . . . ਨੇਕੀ, ਨਿਹਚਾ, ਪਿਆਰ ਅਤੇ ਸ਼ਾਂਤੀ ਦੇ ਰਾਹ ਉੱਤੇ ਚੱਲਦਾ ਰਹਿ।”​—2 ਤਿਮੋ. 2:22.

3. ਉਸ ਨੇ ਪਰਮੇਸ਼ੁਰ ਦੀ ਸੇਵਾ ਵਿਚ ਸਖ਼ਤ ਮਿਹਨਤ ਕੀਤੀ। ਪੌਲੁਸ ਨੇ ਫ਼ਿਲਿੱਪੈ ਦੀ ਮੰਡਲੀ ਨੂੰ ਯਾਦ ਕਰਾਇਆ: “ਤੁਸੀਂ ਜਾਣਦੇ ਹੋ ਕਿ ਜਿਵੇਂ ਇਕ ਬੱਚਾ ਆਪਣੇ ਪਿਤਾ ਦੀ ਮਦਦ ਕਰਦਾ ਹੈ, ਉਸੇ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ [ਤਿਮੋਥਿਉਸ] ਨੇ ਮੇਰੇ ਨਾਲ ਮਿਹਨਤ ਕਰ ਕੇ ਆਪਣੇ ਆਪ ਨੂੰ ਲਾਇਕ ਸਾਬਤ ਕੀਤਾ ਹੈ।” (ਫ਼ਿਲਿ. 2:22) ਤਿਮੋਥਿਉਸ ਆਲਸੀ ਨਹੀਂ ਸੀ। ਉਸ ਨੇ ਪੌਲੁਸ ਨਾਲ ਮਿਲ ਕੇ ਸਖ਼ਤ ਮਿਹਨਤ ਕੀਤੀ ਜਿਸ ਕਰਕੇ ਉਨ੍ਹਾਂ ਦਾ ਆਪਸੀ ਰਿਸ਼ਤਾ ਹੋਰ ਵੀ ਗੂੜ੍ਹਾ ਹੋਇਆ।

ਪਰਮੇਸ਼ੁਰ ਦੇ ਸੰਗਠਨ ਵਿਚ ਕੰਮ ਦੀ ਕੋਈ ਕਮੀ ਨਹੀਂ ਹੈ। ਇਹ ਕੰਮ ਕਰ ਕੇ ਦਿਲੋਂ ਖ਼ੁਸ਼ੀ ਹੁੰਦੀ ਹੈ ਅਤੇ ਤੁਸੀਂ ਆਪਣੇ ਭੈਣਾਂ-ਭਰਾਵਾਂ ਦੇ ਹੋਰ ਨੇੜੇ ਜਾ ਸਕਦੇ ਹੋ। ਇਸ ਲਈ “ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ” ਰਹਿਣ ਦਾ ਟੀਚਾ ਰੱਖੋ।​—1 ਕੁਰਿੰ. 15:58.

4. ਉਸ ਨੇ ਸਿੱਖੀਆਂ ਗੱਲਾਂ ਨੂੰ ਲਾਗੂ ਕੀਤਾ। ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ: “ਤੂੰ ਮੇਰੀ ਸਿੱਖਿਆ, ਮੇਰੀ ਜ਼ਿੰਦਗੀ, ਮੇਰੇ ਮਕਸਦ, ਮੇਰੀ ਨਿਹਚਾ, ਮੇਰੇ ਧੀਰਜ, ਮੇਰੇ ਪਿਆਰ ਤੇ ਮੇਰੀ ਸਹਿਣਸ਼ੀਲਤਾ ਨੂੰ ਨੇੜਿਓਂ ਦੇਖਿਆ ਹੈ।” (2 ਤਿਮੋ. 3:10) ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਕਰਕੇ ਉਹ ਹੋਰ ਵੱਡੀਆਂ ਜ਼ਿੰਮੇਵਾਰੀਆਂ ਲੈਣ ਦੇ ਕਾਬਲ ਬਣਿਆ।​—1 ਕੁਰਿੰ. 4:17.

ਕੀ ਤੁਹਾਡੀ ਕਿਸੇ ਐਸੇ ਭਰਾ ਨਾਲ ਦੋਸਤੀ ਹੈ ਜੋ ਉਮਰ ਵਿਚ ਤੁਹਾਡੇ ਤੋਂ ਵੱਡਾ ਤੇ ਜ਼ਿਆਦਾ ਤਜਰਬੇਕਾਰ ਹੈ ਜਿਸ ਦੀ ਤੁਸੀਂ ਰੀਸ ਕਰ ਸਕਦੇ ਹੋ? ਜੇ ਨਹੀਂ, ਤਾਂ ਇਸ ਤਰ੍ਹਾਂ ਦਾ ਕੋਈ ਦੋਸਤ ਬਣਾਓ। ਬਹੁਤ ਸਾਲਾਂ ਤੋਂ ਬਜ਼ੁਰਗ ਵਜੋਂ ਸੇਵਾ ਕਰਨ ਵਾਲਾ ਟੌਮ ਨਾਂ ਦਾ ਭਰਾ ਦੱਸਦਾ ਹੈ: “ਇਕ ਤਜਰਬੇਕਾਰ ਬਜ਼ੁਰਗ ਨੇ ਮੇਰੇ ਵਿਚ ਦਿਲਚਸਪੀ ਲਈ ਅਤੇ ਮੈਨੂੰ ਬਹੁਤ ਵਧੀਆ ਸਿਖਲਾਈ ਦਿੱਤੀ। ਮੈਂ ਹਮੇਸ਼ਾ ਉਸ ਤੋਂ ਸਲਾਹ ਮੰਗਦਾ ਸੀ ਤੇ ਉਸ ਦੀ ਸਲਾਹ ਨੂੰ ਲਾਗੂ ਕਰਦਾ ਸੀ। ਇਸ ਕਰਕੇ ਛੇਤੀ ਹੀ ਮੇਰਾ ਆਪਣੇ ਆਪ ’ਤੇ ਭਰੋਸਾ ਵਧਿਆ।”

5. ਉਹ ਆਪਣੇ ਆਪ ਨੂੰ ਸਿਖਲਾਈ ਦਿੰਦਾ ਰਿਹਾ। ਪੌਲੁਸ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ: “ਤੂੰ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਦਾ ਟੀਚਾ ਰੱਖ ਅਤੇ ਇਸ ਟੀਚੇ ਤਕ ਪਹੁੰਚਣ ਲਈ ਅਭਿਆਸ ਕਰਦਾ ਰਹਿ।” (1 ਤਿਮੋ. 4:7) ਇਕ ਖਿਡਾਰੀ ਦਾ ਸ਼ਾਇਦ ਕੋਈ ਕੋਚ ਹੋਵੇ, ਪਰ ਉਸ ਨੂੰ ਖ਼ੁਦ ਵੀ ਆਪਣੇ ਆਪ ਨੂੰ ਸਿਖਲਾਈ ਦੇਣ ਦੀ ਲੋੜ ਹੁੰਦੀ ਹੈ। ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: ‘ਧਰਮ-ਗ੍ਰੰਥ ਪੜ੍ਹ ਕੇ ਸੁਣਾਉਣ ਅਤੇ ਨਸੀਹਤ ਤੇ ਸਿੱਖਿਆ ਦੇਣ ਵਿਚ ਲੱਗਾ ਰਹਿ। ਇਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰ; ਇਨ੍ਹਾਂ ਵਿਚ ਮਗਨ ਰਹਿ, ਤਾਂਕਿ ਸਾਰੇ ਜਣੇ ਤੇਰੀ ਤਰੱਕੀ ਸਾਫ਼-ਸਾਫ਼ ਦੇਖ ਸਕਣ।’​—1 ਤਿਮੋ. 4:13-15.

ਤੁਹਾਨੂੰ ਵੀ ਆਪਣੀਆਂ ਕਾਬਲੀਅਤਾਂ ਨੂੰ ਨਿਖਾਰਦੇ ਰਹਿਣ ਦੀ ਲੋੜ ਹੈ। ਪਰਮੇਸ਼ੁਰ ਦੇ ਬਚਨ ਦਾ ਡੂੰਘਾਈ ਨਾਲ ਅਧਿਐਨ ਕਰੋ ਅਤੇ ਸੰਗਠਨ ਵੱਲੋਂ ਮਿਲਦੀ ਹਰ ਨਵੀਂ ਹਿਦਾਇਤ ਦੀ ਜਾਣਕਾਰੀ ਰੱਖੋ। ਨਾਲੇ ਆਪਣੇ ਆਪ ’ਤੇ ਹੱਦੋਂ ਵੱਧ ਭਰੋਸਾ ਰੱਖਣ ਤੋਂ ਵੀ ਬਚੋ। ਸ਼ਾਇਦ ਤੁਸੀਂ ਸੋਚੋ ਕਿ ਤੁਹਾਡੇ ਕੋਲ ਇੰਨਾ ਤਜਰਬਾ ਹੈ ਕਿ ਧਿਆਨ ਨਾਲ ਖੋਜਬੀਨ ਕੀਤੇ ਬਿਨਾਂ ਹੀ ਤੁਸੀਂ ਕਿਸੇ ਮਾਮਲੇ ਨੂੰ ਹੱਲ ਕਰ ਸਕਦੇ ਹੋ। ਤਿਮੋਥਿਉਸ ਦੀ ਮਿਸਾਲ ਦੀ ਰੀਸ ਕਰਦਿਆਂ ‘ਆਪਣੇ ਵੱਲ ਅਤੇ ਜੋ ਸਿੱਖਿਆ ਤੁਸੀਂ ਦਿੰਦੇ ਹੋ, ਉਸ ਵੱਲ ਹਮੇਸ਼ਾ ਧਿਆਨ ਦਿੰਦੇ ਰਹੋ।’​—1 ਤਿਮੋ. 4:16.

6. ਉਸ ਨੇ ਯਹੋਵਾਹ ਦੀ ਸ਼ਕਤੀ ’ਤੇ ਭਰੋਸਾ ਰੱਖਿਆ। ਤਿਮੋਥਿਉਸ ਦੀ ਸੇਵਕਾਈ ਬਾਰੇ ਦੱਸਦਿਆਂ ਪੌਲੁਸ ਨੇ ਉਸ ਨੂੰ ਯਾਦ ਕਰਾਇਆ: “ਸਾਡੇ ਵਿਚ ਵੱਸ ਰਹੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਇਸ ਬਹੁਮੁੱਲੀ ਅਮਾਨਤ ਦੀ ਰਾਖੀ ਕਰ।” (2 ਤਿਮੋ. 1:14) ਆਪਣੀ ਸੇਵਕਾਈ ਨੂੰ ਅਨਮੋਲ ਸਮਝਣ ਲਈ ਤਿਮੋਥਿਉਸ ਨੂੰ ਪਰਮੇਸ਼ੁਰ ਦੀ ਸ਼ਕਤੀ ’ਤੇ ਭਰੋਸਾ ਰੱਖਣ ਦੀ ਲੋੜ ਸੀ।

ਬਹੁਤ ਸਾਲਾਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਡੌਨਲਡ ਨਾਂ ਦਾ ਬਜ਼ੁਰਗ ਦੱਸਦਾ ਹੈ: “ਜ਼ਿੰਮੇਵਾਰ ਭਰਾਵਾਂ ਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਣਾ ਚਾਹੀਦਾ ਹੈ। ਜਿਹੜੇ ਇੱਦਾਂ ਕਰਨਗੇ, ਉਹ ‘ਬਲ ਤੇ ਬਲ’ ਪਾਉਣਗੇ। ਜੇ ਉਹ ਪਰਮੇਸ਼ੁਰ ਦੀ ਸ਼ਕਤੀ ਲਈ ਪ੍ਰਾਰਥਨਾ ਕਰਨਗੇ ਅਤੇ ਆਪਣੇ ਵਿਚ ਇਸ ਦੇ ਗੁਣ ਪੈਦਾ ਕਰਨਗੇ, ਤਾਂ ਉਹ ਆਪਣੇ ਭੈਣਾਂ-ਭਰਾਵਾਂ ਲਈ ਸੱਚ-ਮੁੱਚ ਬਰਕਤ ਸਾਬਤ ਹੋਣਗੇ।​—ਜ਼ਬੂ. 84:7; 1 ਪਤ. 4:11.

ਆਪਣੇ ਸਨਮਾਨ ਨੂੰ ਅਨਮੋਲ ਸਮਝੋ

ਯਹੋਵਾਹ ਦੀ ਸੇਵਾ ਵਿਚ ਤਰੱਕੀ ਕਰ ਰਹੇ ਤੁਹਾਡੇ ਵਰਗੇ ਨਵੇਂ ਨਿਯੁਕਤ ਕੀਤੇ ਭਰਾਵਾਂ ਨੂੰ ਦੇਖ ਕੇ ਬਹੁਤ ਹੌਸਲਾ ਮਿਲਦਾ ਹੈ। ਜੇਸਨ, ਜਿਸ ਦਾ ਜ਼ਿਕਰ ਸ਼ੁਰੂ ਵਿਚ ਕੀਤਾ ਗਿਆ ਸੀ, ਦੱਸਦਾ ਹੈ: “ਬਜ਼ੁਰਗ ਵਜੋਂ ਸੇਵਾ ਕਰਦਿਆਂ ਮੈਂ ਬਹੁਤ ਕੁਝ ਸਿੱਖਿਆ। ਇਸ ਦੌਰਾਨ ਮੇਰਾ ਭਰੋਸਾ ਵਧਿਆ ਹੈ ਕਿ ਮੈਂ ਇਹ ਜ਼ਿੰਮੇਵਾਰੀ ਨਿਭਾ ਸਕਦਾ ਹਾਂ। ਹੁਣ ਮੈਨੂੰ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਵਿਚ ਬਹੁਤ ਖ਼ੁਸ਼ੀ ਮਿਲਦੀ ਹੈ ਅਤੇ ਮੈਂ ਇਸ ਨੂੰ ਸ਼ਾਨਦਾਰ ਸਨਮਾਨ ਸਮਝਦਾ ਹਾਂ।”

ਕੀ ਤੁਸੀਂ ਯਹੋਵਾਹ ਦੀ ਸੇਵਾ ਵਿਚ ਤਰੱਕੀ ਕਰਦੇ ਰਹੋਗੇ? ਤਿਮੋਥਿਉਸ ਤੋਂ ਸਿੱਖਣ ਦਾ ਟੀਚਾ ਰੱਖੋ। ਫਿਰ ਤੁਸੀਂ ਵੀ ਪਰਮੇਸ਼ੁਰ ਦੇ ਲੋਕਾਂ ਲਈ ਬਰਕਤ ਸਾਬਤ ਹੋਵੋਗੇ।