Skip to content

Skip to table of contents

ਸੱਚੀ ਆਜ਼ਾਦੀ ਨੂੰ ਜਾਂਦਾ ਰਾਹ

ਸੱਚੀ ਆਜ਼ਾਦੀ ਨੂੰ ਜਾਂਦਾ ਰਾਹ

“ਜੇ ਪੁੱਤਰ ਤੁਹਾਨੂੰ ਆਜ਼ਾਦ ਕਰਦਾ ਹੈ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋਵੋਗੇ।”​—ਯੂਹੰ. 8:36.

ਗੀਤ: 32, 52

1, 2. (ੳ) ਲੋਕ ਆਜ਼ਾਦੀ ਪਾਉਣ ਲਈ ਕੀ ਕਰਦੇ ਹਨ? (ਅ) ਇਸ ਦਾ ਕੀ ਨਤੀਜਾ ਨਿਕਲਦਾ ਹੈ?

ਅੱਜ ਦੁਨੀਆਂ ਦੀਆਂ ਬਹੁਤ ਸਾਰੀਆਂ ਥਾਵਾਂ ’ਤੇ ਲੋਕ ਬਰਾਬਰ ਦੇ ਹੱਕਾਂ ਅਤੇ ਆਜ਼ਾਦੀ ਬਾਰੇ ਗੱਲਾਂ ਕਰਦੇ ਹਨ। ਕਈ ਲੋਕ ਅਨਿਆਂ, ਪੱਖਪਾਤ ਅਤੇ ਗ਼ਰੀਬੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਆਜ਼ਾਦ ਹੋਣਾ ਚਾਹੁੰਦੇ ਹਨ। ਹੋਰ ਲੋਕ ਗੱਲ ਆਪਣੀ ਗੱਲ ਕਹਿਣ, ਫ਼ੈਸਲੇ ਕਰਨ ਅਤੇ ਆਪਣੀ ਮਰਜ਼ੀ ਨਾਲ ਰਹਿਣ ਦੀ ਆਜ਼ਾਦੀ ਚਾਹੁੰਦੇ ਹਨ। ਹਰ ਥਾਂ ’ਤੇ ਲੋਕ ਆਜ਼ਾਦ ਹੋਣਾ ਚਾਹੁੰਦੇ ਹਨ।

2 ਆਜ਼ਾਦੀ ਲਈ ਲੋਕ ਧਰਨੇ ਦਿੰਦੇ ਹਨ, ਇੱਥੋਂ ਤਕ ਕਿ ਅੰਦੋਲਨ ਵੀ ਕਰਦੇ ਹਨ। ਪਰ ਕੀ ਉਨ੍ਹਾਂ ਨੂੰ ਉਹ ਸਭ ਮਿਲ ਜਾਂਦਾ ਹੈ ਜੋ ਉਹ ਚਾਹੁੰਦੇ ਹਨ? ਨਹੀਂ। ਇੱਦਾਂ ਕਰਨ ਕਰਕੇ ਮੁਸ਼ਕਲਾਂ ਅਤੇ ਮੌਤਾਂ ਹੋਰ ਵੀ ਜ਼ਿਆਦਾ ਵਧ ਰਹੀਆਂ ਹਨ। ਉਪਦੇਸ਼ਕ 8:9 ਵਿਚ ਦਰਜ ਰਾਜਾ ਸੁਲੇਮਾਨ ਦੇ ਸ਼ਬਦ ਬਿਲਕੁਲ ਸੱਚ ਹਨ ਜਿੱਥੇ ਲਿਖਿਆ ਹੈ: “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”

3. ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

3 ਬਾਈਬਲ ਦੱਸਦੀ ਹੈ ਕਿ ਸੱਚੀ ਖ਼ੁਸ਼ੀ ਅਤੇ ਆਜ਼ਾਦੀ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਚੇਲੇ ਯਾਕੂਬ ਨੇ ਕਿਹਾ: “ਜਿਹੜਾ ਇਨਸਾਨ ਆਜ਼ਾਦੀ ਦੇਣ ਵਾਲੇ ਮੁਕੰਮਲ ਕਾਨੂੰਨ ਦੀ ਜਾਂਚ ਕਰਦਾ ਹੈ ਅਤੇ ਇਸ ਦੀ ਪਾਲਣਾ ਕਰਦਾ ਰਹਿੰਦਾ ਹੈ, ਉਸ ਨੂੰ ਇਸ ਉੱਤੇ ਅਮਲ ਕਰ ਕੇ ਖ਼ੁਸ਼ੀ ਹੋਵੇਗੀ।” (ਯਾਕੂ. 1:25) ਮੁਕੰਮਲ ਕਾਨੂੰਨ ਯਹੋਵਾਹ ਵੱਲੋਂ ਹੈ। ਇਸ ਕਰਕੇ ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਪਾਉਣ ਲਈ ਸਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ। ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਖ਼ੁਸ਼ ਰਹਿਣ ਲਈ ਸੱਚੀ ਆਜ਼ਾਦੀ ਦੇਣ ਦੇ ਨਾਲ-ਨਾਲ ਉਹ ਸਭ ਕੁਝ ਦਿੱਤਾ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਸੀ।

ਇਨਸਾਨ ਸੱਚ-ਮੁੱਚ ਕਦੋਂ ਆਜ਼ਾਦ ਸੀ?

4. ਆਦਮ ਅਤੇ ਹੱਵਾਹ ਕੋਲ ਕਿਹੜੀ ਆਜ਼ਾਦੀ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

4 ਜਦੋਂ ਅਸੀਂ ਉਤਪਤ ਅਧਿਆਇ 1 ਅਤੇ 2 ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਆਦਮ ਅਤੇ ਹੱਵਾਹ ਕੋਲ ਉਹ ਆਜ਼ਾਦੀ ਸੀ ਜਿਸ ਦਾ ਲੋਕ ਅੱਜ ਸਿਰਫ਼ ਸੁਪਨਾ ਹੀ ਦੇਖ ਸਕਦੇ ਹਨ। ਉਨ੍ਹਾਂ ਕੋਲ ਉਹ ਸਭ ਕੁਝ ਸੀ ਜੋ ਉਨ੍ਹਾਂ ਨੂੰ ਚਾਹੀਦਾ ਸੀ, ਉਨ੍ਹਾਂ ਨੂੰ ਕਿਸੇ ਵੀ ਗੱਲ ਦਾ ਡਰ ਨਹੀਂ ਸੀ ਅਤੇ ਕੋਈ ਵੀ ਉਨ੍ਹਾਂ ਨਾਲ ਬੇਇਨਸਾਫ਼ੀ ਨਹੀਂ ਕਰਦਾ ਸੀ। ਉਨ੍ਹਾਂ ਨੂੰ ਖਾਣੇ, ਕੰਮ, ਬੀਮਾਰੀਆਂ ਜਾਂ ਮੌਤ ਦੀ ਕੋਈ ਚਿੰਤਾ ਨਹੀਂ ਸੀ। (ਉਤ. 1:27-29; 2:8, 9, 15) ਪਰ ਕੀ ਉਨ੍ਹਾਂ ਕੋਲ ਪੂਰੀ ਆਜ਼ਾਦੀ ਸੀ? ਆਓ ਆਪਾਂ ਦੇਖੀਏ।

5. ਚਾਹੇ ਬਹੁਤ ਸਾਰੇ ਲੋਕ ਆਜ਼ਾਦੀ ਬਾਰੇ ਜੋ ਮਰਜ਼ੀ ਸੋਚਦੇ ਹਨ, ਪਰ ਲੋਕਾਂ ਨੂੰ ਆਜ਼ਾਦੀ ਪਾਉਣ ਲਈ ਕਿਸ ਚੀਜ਼ ਦੀ ਲੋੜ ਹੈ?

5 ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸੱਚੀ ਆਜ਼ਾਦੀ ਦਾ ਮਤਲਬ ਹੈ ਕਿ ਉਹ ਨਤੀਜਿਆਂ ਦੀ ਚਿੰਤਾ ਕੀਤੇ ਬਿਨਾਂ ਜੋ ਚਾਹੇ ਕਰ ਸਕਦੇ ਹਨ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ ਕਿ ਆਜ਼ਾਦੀ “ਫ਼ੈਸਲੇ ਕਰਨ ਦੀ ਯੋਗਤਾ ਅਤੇ ਉਨ੍ਹਾਂ ਨੂੰ ਪੂਰੇ ਕਰਨ ਦੀ ਕਾਬਲੀਅਤ ਹੈ।” ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਜੇ ਸਰਕਾਰਾਂ ਲੋਕਾਂ ਉੱਤੇ ਨਾਜਾਇਜ਼ ਜਾਂ ਬੇਲੋੜੀਆਂ ਪਾਬੰਦੀਆਂ ਨਾ ਲਾਉਣ, ਤਾਂ ਲੋਕ ਆਜ਼ਾਦ ਹੋ ਸਕਦੇ ਹਨ। ਇਸ ਦਾ ਮਤਲਬ ਹੈ ਕਿ ਕੁਝ ਪਾਬੰਦੀਆਂ ਜ਼ਰੂਰੀ ਹਨ ਤਾਂਕਿ ਸਾਰਿਆਂ ਨੂੰ ਆਜ਼ਾਦੀ ਮਿਲ ਸਕੇ। ਪਰ ਇਹ ਫ਼ੈਸਲਾ ਕਰਨ ਦਾ ਹੱਕ ਕਿਸ ਕੋਲ ਹੈ ਕਿ ਕਿਹੜੀਆਂ ਪਾਬੰਦੀਆਂ ਜਾਇਜ਼ ਤੇ ਜ਼ਰੂਰੀ ਹਨ?

6. (ੳ) ਸਿਰਫ਼ ਯਹੋਵਾਹ ਕੋਲ ਹੀ ਪੂਰੀ ਆਜ਼ਾਦੀ ਕਿਉਂ ਹੈ? (ਅ) ਇਨਸਾਨਾਂ ਕੋਲ ਕਿਹੋ ਜਿਹੀ ਆਜ਼ਾਦੀ ਹੈ ਅਤੇ ਕਿਉਂ?

6 ਸਾਡੇ ਲਈ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਸਿਰਫ਼ ਯਹੋਵਾਹ ਪਰਮੇਸ਼ੁਰ ਕੋਲ ਹੀ ਪੂਰੀ ਆਜ਼ਾਦੀ ਹੈ। ਕਿਉਂ? ਕਿਉਂਕਿ ਉਸ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਉਹੀ ਸਾਰੇ ਬ੍ਰਹਿਮੰਡ ਦਾ ਸਰਬਸ਼ਕਤੀਮਾਨ ਪਰਮੇਸ਼ੁਰ ਹੈ। (1 ਤਿਮੋ. 1:17; ਪ੍ਰਕਾ. 4:11) ਰਾਜਾ ਦਾਊਦ ਨੇ ਯਹੋਵਾਹ ਦੀ ਪਦਵੀ ਨੂੰ ਬਹੁਤ ਹੀ ਸੋਹਣੇ ਸ਼ਬਦਾਂ ਵਿਚ ਬਿਆਨ ਕੀਤਾ। (1 ਇਤਹਾਸ 29:11, 12 ਪੜ੍ਹੋ।) ਇਸ ਤੋਂ ਉਲਟ, ਸਵਰਗ ਅਤੇ ਧਰਤੀ ’ਤੇ ਸਾਰੇ ਪ੍ਰਾਣੀਆਂ ਦੀ ਆਜ਼ਾਦੀ ਦੀ ਇਕ ਹੱਦ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਹ ਗੱਲ ਸਮਝੀਏ ਕਿ ਉਸ ਕੋਲ ਹੀ ਫ਼ੈਸਲਾ ਕਰਨ ਦਾ ਹੱਕ ਹੈ ਕਿ ਕਿਹੜੀਆਂ ਪਾਬੰਦੀਆਂ ਜਾਇਜ਼ ਅਤੇ ਜ਼ਰੂਰੀ ਹਨ। ਸ਼ੁਰੂ ਤੋਂ ਹੀ ਯਹੋਵਾਹ ਨੇ ਆਪਣੀਆਂ ਬਣਾਈਆਂ ਚੀਜ਼ਾਂ ਲਈ ਹੱਦਾਂ ਠਹਿਰਾਈਆਂ ਹਨ।

7. ਕਿਹੜੇ ਕੁਝ ਕੰਮ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ?

7 ਭਾਵੇਂ ਆਦਮ ਅਤੇ ਹੱਵਾਹ ਕੋਲ ਬਹੁਤ ਆਜ਼ਾਦੀ ਸੀ, ਪਰ ਇਸ ਆਜ਼ਾਦੀ ਦੀਆਂ ਹੱਦਾਂ ਸਨ। ਕੁਝ ਹੱਦਾਂ ਕੁਦਰਤੀ ਸਨ। ਮਿਸਾਲ ਲਈ, ਜੀਉਂਦੇ ਰਹਿਣ ਲਈ ਉਨ੍ਹਾਂ ਨੂੰ ਸਾਹ ਲੈਣ, ਖਾਣ ਅਤੇ ਸੌਣ ਦੀ ਲੋੜ ਸੀ। ਕੀ ਇਸ ਦਾ ਇਹ ਮਤਲਬ ਸੀ ਕਿ ਉਹ ਆਜ਼ਾਦ ਨਹੀਂ ਸਨ? ਨਹੀਂ। ਦਰਅਸਲ, ਯਹੋਵਾਹ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਇਹ ਸਭ ਕੁਝ ਕਰਨ ਨਾਲ ਉਨ੍ਹਾਂ ਨੂੰ ਖ਼ੁਸ਼ੀ ਅਤੇ ਸੰਤੁਸ਼ਟੀ ਮਿਲੇ। (ਜ਼ਬੂ. 104:14, 15; ਉਪ. 3:12, 13) ਸਾਨੂੰ ਸਾਰਿਆਂ ਨੂੰ ਤਾਜ਼ੀ ਹਵਾ ਵਿਚ ਸਾਹ ਲੈ ਕੇ, ਮਨਪਸੰਦ ਖਾਣਾ ਖਾ ਕੇ ਅਤੇ ਰਾਤ ਨੂੰ ਵਧੀਆ ਨੀਂਦ ਲੈ ਕੇ ਖ਼ੁਸ਼ੀ ਮਿਲਦੀ ਹੈ। ਸਾਨੂੰ ਇਹ ਕੰਮ ਕਰਨੇ ਬੋਝ ਨਹੀਂ ਲੱਗਦੇ। ਆਦਮ ਅਤੇ ਹੱਵਾਹ ਵੀ ਇੱਦਾਂ ਹੀ ਮਹਿਸੂਸ ਕਰਦੇ ਹੋਣੇ।

8. ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਕਿਹੜਾ ਖ਼ਾਸ ਹੁਕਮ ਦਿੱਤਾ ਅਤੇ ਕਿਉਂ?

8 ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਇਕ ਖ਼ਾਸ ਹੁਕਮ ਦਿੱਤਾ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਧਰਤੀ ਦੀ ਦੇਖ-ਭਾਲ ਕਰਨ ਅਤੇ ਇਸ ਨੂੰ ਬੱਚਿਆਂ ਨਾਲ ਭਰਨ। (ਉਤ. 1:28) ਕੀ ਇਸ ਹੁਕਮ ਕਰਕੇ ਉਨ੍ਹਾਂ ਦੀ ਆਜ਼ਾਦੀ ਵਾਪਸ ਲੈ ਲਈ ਗਈ? ਬਿਲਕੁਲ ਨਹੀਂ! ਇਸ ਹੁਕਮ ਕਰਕੇ ਉਨ੍ਹਾਂ ਨੂੰ ਸਾਰੀ ਧਰਤੀ ਨੂੰ ਸੋਹਣੀ ਬਣਾਉਣ ਦਾ ਮੌਕਾ ਮਿਲਿਆ ਜਿੱਥੇ ਉਹ ਆਪਣੇ ਮੁਕੰਮਲ ਬੱਚਿਆਂ ਨਾਲ ਹਮੇਸ਼ਾ ਲਈ ਰਹਿ ਸਕਦੇ ਸਨ। ਇਹ ਪਰਮੇਸ਼ੁਰ ਦਾ ਮਕਸਦ ਸੀ। (ਯਸਾ. 45:18) ਅੱਜ ਜੇ ਲੋਕ ਕੁਆਰੇ ਰਹਿਣ ਜਾਂ ਬੱਚੇ ਪੈਦਾ ਨਾ ਕਰਨ ਦਾ ਫ਼ੈਸਲਾ ਕਰਦੇ ਹਨ, ਤਾਂ ਉਹ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਰਹੇ ਹੁੰਦੇ। ਪਰ ਲੋਕ ਵਿਆਹ ਕਰਵਾਉਂਦੇ ਹਨ ਅਤੇ ਬੱਚੇ ਪੈਦਾ ਕਰਦੇ ਹਨ ਭਾਵੇਂ ਇੱਦਾਂ ਕਰਕੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (1 ਕੁਰਿੰ. 7:36-38) ਕਿਉਂ? ਕਿਉਂਕਿ ਉਹ ਖ਼ੁਸ਼ੀ ਅਤੇ ਸੰਤੁਸ਼ਟੀ ਪਾਉਣੀ ਚਾਹੁੰਦੇ ਹਨ। (ਜ਼ਬੂ. 127:3) ਜੇ ਆਦਮ ਅਤੇ ਹੱਵਾਹ ਯਹੋਵਾਹ ਦਾ ਕਹਿਣਾ ਮੰਨਦੇ, ਤਾਂ ਉਹ ਵਿਆਹੁਤਾ ਅਤੇ ਪਰਿਵਾਰਕ ਜ਼ਿੰਦਗੀ ਦਾ ਹਮੇਸ਼ਾ ਲਈ ਆਨੰਦ ਮਾਣ ਸਕਦੇ ਸਨ।

ਸੱਚੀ ਆਜ਼ਾਦੀ ਕਿਵੇਂ ਖੁੰਝ ਗਈ?

9. ਉਤਪਤ 2:17 ਵਿਚ ਦਿੱਤਾ ਪਰਮੇਸ਼ੁਰ ਦਾ ਹੁਕਮ ਨਾਜਾਇਜ਼, ਬੇਲੋੜਾ ਜਾਂ ਸਖ਼ਤ ਕਿਉਂ ਨਹੀਂ ਸੀ?

9 ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਇਕ ਹੋਰ ਹੁਕਮ ਦਿੱਤਾ। ਉਸ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਹੁਕਮ ਨਾ ਮੰਨਣ ਦਾ ਕੀ ਨਤੀਜਾ ਭੁਗਤਣਾ ਪਵੇਗਾ। ਉਸ ਨੇ ਕਿਹਾ: “ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤ. 2:17) ਕੀ ਇਹ ਹੁਕਮ ਨਾਜਾਇਜ਼, ਬੇਲੋੜਾ ਜਾਂ ਸਖ਼ਤ ਸੀ? ਕੀ ਇਸ ਹੁਕਮ ਕਰਕੇ ਉਨ੍ਹਾਂ ਦੀ ਆਜ਼ਾਦੀ ਚਲੀ ਗਈ? ਬਿਲਕੁਲ ਨਹੀਂ। ਦਰਅਸਲ, ਬਹੁਤ ਸਾਰੇ ਬਾਈਬਲ ਦੇ ਵਿਦਵਾਨ ਸੋਚਦੇ ਹਨ ਕਿ ਪਰਮੇਸ਼ੁਰ ਦਾ ਇਹ ਹੁਕਮ ਸਹੀ ਸੀ ਅਤੇ ਇਸ ਤੋਂ ਪਰਮੇਸ਼ੁਰ ਦੀ ਬੁੱਧ ਝਲਕਦੀ ਸੀ। ਉਨ੍ਹਾਂ ਵਿਦਵਾਨਾਂ ਵਿੱਚੋਂ ਇਕ ਕਹਿੰਦਾ ਹੈ ਕਿ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ‘ਸਿਰਫ਼ ਪਰਮੇਸ਼ੁਰ ਹੀ ਜਾਣਦਾ ਹੈ ਕਿ ਇਨਸਾਨਾਂ ਲਈ ਕੀ ਚੰਗਾ ਹੈ ਅਤੇ ਸਿਰਫ਼ ਪਰਮੇਸ਼ੁਰ ਹੀ ਜਾਣਦਾ ਹੈ ਕਿ ਉਨ੍ਹਾਂ ਲਈ ਕੀ ਚੰਗਾ ਨਹੀਂ ਹੈ। ਚੰਗੀਆਂ ਚੀਜ਼ਾਂ ਦਾ ਆਨੰਦ ਮਾਣਨ ਲਈ ਇਨਸਾਨਾਂ ਨੂੰ ਪਰਮੇਸ਼ੁਰ ’ਤੇ ਭਰੋਸਾ ਰੱਖਣਾ ਅਤੇ ਉਸ ਦਾ ਕਹਿਣਾ ਮੰਨਣਾ ਚਾਹੀਦਾ ਹੈ। ਜੇ ਉਹ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਣਗੇ, ਤਾਂ ਉਨ੍ਹਾਂ ਨੂੰ ਆਪ ਫ਼ੈਸਲਾ ਕਰਨਾ ਪਵੇਗਾ ਕਿ ਉਨ੍ਹਾਂ ਲਈ ਕੀ ਚੰਗਾ ਹੈ ਤੇ ਕੀ ਨਹੀਂ।’ ਇਹ ਫ਼ੈਸਲਾ ਕਰਨਾ ਇਨਸਾਨਾਂ ਲਈ ਬਹੁਤ ਔਖਾ ਹੈ।

ਆਦਮ ਤੇ ਹੱਵਾਹ ਦੇ ਫ਼ੈਸਲੇ ਦੇ ਭਿਆਨਕ ਨਤੀਜੇ ਨਿਕਲੇ! (ਪੈਰੇ 9-12 ਦੇਖੋ)

10. ਆਜ਼ਾਦ ਮਰਜ਼ੀ ਹੋਣ ਅਤੇ ਸਹੀ-ਗ਼ਲਤ ਦਾ ਫ਼ੈਸਲਾ ਕਰਨ ਵਿਚ ਕੀ ਫ਼ਰਕ ਹੈ?

10 ਕੁਝ ਲੋਕ ਸ਼ਾਇਦ ਸੋਚਣ ਕਿ ਯਹੋਵਾਹ ਨੇ ਇਹ ਹੁਕਮ ਦੇ ਕੇ ਆਦਮ ਨੂੰ ਆਪਣੀ ਮਰਜ਼ੀ ਕਰਨ ਦੀ ਆਜ਼ਾਦੀ ਨਹੀਂ ਦਿੱਤੀ ਸੀ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਆਜ਼ਾਦ ਮਰਜ਼ੀ ਹੋਣ ਅਤੇ ਸਹੀ-ਗ਼ਲਤ ਦੇ ਫ਼ੈਸਲੇ ਕਰਨ ਦੇ ਹੱਕ ਵਿਚ ਫ਼ਰਕ ਹੈ। ਆਦਮ ਅਤੇ ਹੱਵਾਹ ਕੋਲ ਇਹ ਆਜ਼ਾਦੀ ਸੀ ਕਿ ਉਹ ਪਰਮੇਸ਼ੁਰ ਦਾ ਹੁਕਮ ਮੰਨਣਗੇ ਜਾਂ ਨਹੀਂ। ਪਰ ਇਹ ਫ਼ੈਸਲਾ ਕਰਨ ਦਾ ਹੱਕ ਸਿਰਫ਼ ਯਹੋਵਾਹ ਦਾ ਹੈ ਕਿ ਕੀ ਸਹੀ ਹੈ ਅਤੇ ਕੀ ਗ਼ਲਤ। ਆਦਮ ਅਤੇ ਹੱਵਾਹ ਨੂੰ ਇਸ ਗੱਲ ਦਾ ਸਬੂਤ ‘ਭਲੇ ਬੁਰੇ ਦੀ ਸਿਆਣ ਦੇ ਬਿਰਛ’ ਤੋਂ ਮਿਲਿਆ। (ਉਤ. 2:9) ਸਾਨੂੰ ਹਮੇਸ਼ਾ ਇਹ ਪਤਾ ਨਹੀਂ ਹੁੰਦਾ ਕਿ ਸਾਡੇ ਫ਼ੈਸਲਿਆਂ ਦੇ ਕੀ ਨਤੀਜੇ ਨਿਕਲਣਗੇ। ਇਸ ਕਰਕੇ ਅਸੀਂ ਕੋਈ ਗਾਰੰਟੀ ਨਹੀਂ ਲੈ ਸਕਦੇ ਕਿ ਸਾਡੇ ਫ਼ੈਸਲਿਆਂ ਦੇ ਨਤੀਜੇ ਹਮੇਸ਼ਾ ਵਧੀਆ ਨਿਕਲਣਗੇ। ਇਸ ਲਈ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਲੋਕ ਵਧੀਆ ਇਰਾਦੇ ਨਾਲ ਫ਼ੈਸਲੇ ਕਰਦੇ ਹਨ, ਪਰ ਇਸ ਦਾ ਨਤੀਜਾ ਦੁੱਖ-ਦਰਦ, ਮੁਸੀਬਤਾਂ ਅਤੇ ਬੁਰੀਆਂ ਘਟਨਾਵਾਂ ਹੁੰਦੀਆਂ ਹਨ। (ਕਹਾ. 14:12) ਜੀ ਹਾਂ, ਇਨਸਾਨਾਂ ਦੀ ਇਕ ਹੱਦ ਹੈ। ਆਦਮ ਅਤੇ ਹੱਵਾਹ ਨੂੰ ਦਰਖ਼ਤ ਤੋਂ ਫਲ ਨਾ ਖਾਣ ਦਾ ਹੁਕਮ ਦੇ ਕੇ ਯਹੋਵਾਹ ਨੇ ਉਨ੍ਹਾਂ ਨੂੰ ਦੱਸਿਆ ਕਿ ਸੱਚੀ ਆਜ਼ਾਦੀ ਪਾਉਣ ਲਈ ਉਨ੍ਹਾਂ ਨੂੰ ਉਸ ਦਾ ਕਹਿਣਾ ਮੰਨਣਾ ਪੈਣਾ। ਆਦਮ ਤੇ ਹੱਵਾਹ ਨੇ ਕੀ ਕਰਨ ਦਾ ਫ਼ੈਸਲਾ ਕੀਤਾ?

11, 12. ਆਦਮ ਤੇ ਹੱਵਾਹ ਦੇ ਫ਼ੈਸਲੇ ਦਾ ਨਤੀਜਾ ਭਿਆਨਕ ਕਿਉਂ ਨਿਕਲਿਆ? ਇਕ ਮਿਸਾਲ ਦਿਓ।

11 ਦੁੱਖ ਦੀ ਗੱਲ ਹੈ ਕਿ ਆਦਮ ਤੇ ਹੱਵਾਹ ਨੇ ਯਹੋਵਾਹ ਦਾ ਕਹਿਣਾ ਨਾ ਮੰਨਣ ਦਾ ਫ਼ੈਸਲਾ ਕੀਤਾ। ਹੱਵਾਹ ਨੇ ਸ਼ੈਤਾਨ ਦੀ ਗੱਲ ਸੁਣੀ ਜਦੋਂ ਸ਼ੈਤਾਨ ਨੇ ਕਿਹਾ: “ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” (ਉਤ. 3:5) ਕੀ ਸ਼ੈਤਾਨ ਦੇ ਵਾਅਦੇ ਅਨੁਸਾਰ ਆਦਮ ਤੇ ਹੱਵਾਹ ਨੂੰ ਆਪਣੇ ਫ਼ੈਸਲੇ ਕਰ ਕੇ ਹੋਰ ਆਜ਼ਾਦੀ ਮਿਲ ਗਈ ਸੀ? ਬਿਲਕੁਲ ਨਹੀਂ। ਪਰ ਯਹੋਵਾਹ ਦਾ ਕਹਿਣਾ ਨਾ ਮੰਨਣ ਕਰਕੇ ਉਨ੍ਹਾਂ ਨੂੰ ਦੁੱਖਾਂ-ਤਕਲੀਫ਼ਾਂ ਦਾ ਸਾਮ੍ਹਣਾ ਕਰਨਾ ਪਿਆ। (ਉਤ. 3:16-19) ਕਿਉਂ? ਕਿਉਂਕਿ ਯਹੋਵਾਹ ਨੇ ਇਨਸਾਨਾਂ ਨੂੰ ਆਪਣੇ ਲਈ ਸਹੀ-ਗ਼ਲਤ ਦੇ ਫ਼ੈਸਲੇ ਕਰਨ ਦੀ ਆਜ਼ਾਦੀ ਨਹੀਂ ਦਿੱਤੀ ਸੀ।​—ਕਹਾਉਤਾਂ 20:24; ਯਿਰਮਿਯਾਹ 10:23 ਪੜ੍ਹੋ।

12 ਇਸ ਨੂੰ ਜਹਾਜ਼ ਦੇ ਪਾਇਲਟ ਦੀ ਮਿਸਾਲ ਰਾਹੀਂ ਸਮਝਿਆ ਜਾ ਸਕਦਾ ਹੈ। ਆਪਣੀ ਮੰਜ਼ਲ ਤਕ ਸੁਰੱਖਿਅਤ ਪਹੁੰਚਣ ਲਈ ਉਹ ਦੱਸੇ ਰਾਹ ’ਤੇ ਜਹਾਜ਼ ਉਡਾਉਂਦਾ ਹੈ ਅਤੇ ਜਹਾਜ਼ ਵਿਚ ਲੱਗੇ ਦਿਸ਼ਾ ਯੰਤਰਾਂ ਨੂੰ ਵਰਤਦਾ ਹੈ। ਨਾਲੇ ਉਹ ਉਨ੍ਹਾਂ ਲੋਕਾਂ ਨਾਲ ਸੰਪਰਕ ਵਿਚ ਰਹਿੰਦਾ ਹੈ ਜੋ ਉਸ ਨੂੰ ਹਿਦਾਇਤਾਂ ਦਿੰਦੇ ਹਨ, ਜਿਵੇਂ ਜਹਾਜ਼ ਕਿੱਥੇ ਉਡਾਉਣਾ ਹੈ, ਕਦੋਂ ਉਡਾਣ ਭਰਨੀ ਹੈ ਅਤੇ ਕਦੋਂ ਥੱਲੇ ਉਤਾਰਨਾ ਹੈ। ਉਸ ਨੂੰ ਇਹ ਹਿਦਾਇਤਾਂ ਇਸ ਲਈ ਦਿੱਤੀਆਂ ਜਾਂਦੀਆਂ ਹਨ ਤਾਂਕਿ ਉਹ ਹੋਰ ਜਹਾਜ਼ਾਂ ਨਾਲ ਨਾ ਟਕਰਾ ਜਾਵੇ। ਪਰ ਜੇ ਪਾਇਲਟ ਇਨ੍ਹਾਂ ਗੱਲਾਂ ਦੀ ਪਾਲਣਾ ਨਹੀਂ ਕਰਦਾ ਅਤੇ ਆਪਣੀ ਮਰਜ਼ੀ ਨਾਲ ਜਹਾਜ਼ ਚਲਾਉਂਦਾ ਰਹਿੰਦਾ ਹੈ, ਤਾਂ ਇਸ ਦੇ ਬੁਰੇ ਨਤੀਜੇ ਨਿਕਲ ਸਕਦੇ ਹਨ। ਉਸ ਪਾਇਲਟ ਦੀ ਤਰ੍ਹਾਂ, ਆਦਮ ਤੇ ਹੱਵਾਹ ਨੇ ਆਪਣੀ ਮਰਜ਼ੀ ਕਰਨੀ ਚਾਹੀ। ਉਹ ਪਰਮੇਸ਼ੁਰ ਦੀ ਅਗਵਾਈ ਮੁਤਾਬਕ ਨਹੀਂ ਚੱਲੇ ਜਿਸ ਦੇ ਬਹੁਤ ਭਿਆਨਕ ਨਤੀਜੇ ਨਿਕਲੇ! ਇਸ ਫ਼ੈਸਲੇ ਕਰਕੇ ਉਨ੍ਹਾਂ ਨੇ ਆਪਣੇ ’ਤੇ ਅਤੇ ਆਪਣੇ ਬੱਚਿਆਂ ’ਤੇ ਪਾਪ ਤੇ ਮੌਤ ਲਿਆਂਦੀ। (ਰੋਮੀ. 5:12) ਆਪਣੇ ਲਈ ਸਹੀ-ਗ਼ਲਤ ਦਾ ਫ਼ੈਸਲਾ ਕਰ ਕੇ ਆਦਮ ਤੇ ਹੱਵਾਹ ਨੂੰ ਹੋਰ ਆਜ਼ਾਦੀ ਨਹੀਂ ਮਿਲੀ। ਇਸ ਦੀ ਬਜਾਇ, ਉਨ੍ਹਾਂ ਨੇ ਯਹੋਵਾਹ ਵੱਲੋਂ ਮਿਲੀ ਸੱਚੀ ਆਜ਼ਾਦੀ ਵੀ ਗੁਆ ਲਈ।

ਸੱਚੀ ਆਜ਼ਾਦੀ ਕਿਵੇਂ ਪਾਈਏ?

13, 14. ਅਸੀਂ ਸੱਚੀ ਆਜ਼ਾਦੀ ਕਿਵੇਂ ਪਾ ਸਕਦੇ ਹਾਂ?

13 ਕੁਝ ਲੋਕ ਸੋਚਦੇ ਹਨ ਕਿ ਉਹੀ ਆਜ਼ਾਦੀ ਵਧੀਆ ਹੈ ਜੋ ਪਾਬੰਦੀਆਂ ਤੋਂ ਬਿਨਾਂ ਹੋਵੇ। ਪਰ ਕੀ ਸੱਚ-ਮੁੱਚ ਇੱਦਾਂ ਹੈ? ਭਾਵੇਂ ਆਜ਼ਾਦੀ ਹੋਣ ਦੇ ਕਈ ਫ਼ਾਇਦੇ ਹਨ, ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਦੁਨੀਆਂ ਦੇ ਹਾਲਾਤ ਕਿੱਦਾਂ ਦੇ ਹੁੰਦੇ ਜੇ ਆਜ਼ਾਦੀ ’ਤੇ ਪਾਬੰਦੀਆਂ ਨਾ ਹੁੰਦੀਆਂ? ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ ਕਿ ਹਰ ਸਮਾਜ ਦੇ ਕਾਨੂੰਨ ਬਹੁਤ ਹੀ ਗੁੰਝਲਦਾਰ ਹੁੰਦੇ ਹਨ ਕਿਉਂਕਿ ਇਨ੍ਹਾਂ ਕਾਨੂੰਨਾਂ ਰਾਹੀਂ ਲੋਕਾਂ ਦੀ ਰਾਖੀ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਦੀ ਆਜ਼ਾਦੀ ’ਤੇ ਪਾਬੰਦੀਆਂ ਵੀ ਹੋਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਦੇ ਕਾਨੂੰਨ ਬਣਾਉਣੇ ਹਮੇਸ਼ਾ ਸੌਖੇ ਨਹੀਂ ਹੁੰਦੇ। ਇਸ ਲਈ ਇਨਸਾਨਾਂ ਨੇ ਬਹੁਤ ਸਾਰੇ ਕਾਨੂੰਨ ਬਣਾਏ ਹਨ। ਇਨ੍ਹਾਂ ਕਾਨੂੰਨਾਂ ਨੂੰ ਸਮਝਾਉਣ ਅਤੇ ਲਾਗੂ ਕਰਨ ਲਈ ਬਹੁਤ ਸਾਰੇ ਵਕੀਲ ਅਤੇ ਜੱਜ ਹਨ।

14 ਯਿਸੂ ਮਸੀਹ ਨੇ ਦੱਸਿਆ ਕਿ ਅਸੀਂ ਸੱਚੀ ਆਜ਼ਾਦੀ ਕਿਵੇਂ ਪਾ ਸਕਦੇ ਹਾਂ। ਉਸ ਨੇ ਕਿਹਾ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” (ਯੂਹੰ. 8:31, 32) ਸੋ ਸੱਚੀ ਆਜ਼ਾਦੀ ਪਾਉਣ ਲਈ ਸਾਨੂੰ ਦੋ ਕੰਮ ਕਰਨ ਦੀ ਲੋੜ ਹੈ। ਪਹਿਲਾ, ਯਿਸੂ ਵੱਲੋਂ ਸਿਖਾਈ ਸੱਚਾਈ ਕਬੂਲ ਕਰਨੀ। ਦੂਜਾ, ਉਸ ਦੇ ਚੇਲੇ ਬਣਨਾ। ਇਹ ਕੰਮ ਕਰ ਕੇ ਸਾਨੂੰ ਸੱਚੀ ਆਜ਼ਾਦੀ ਮਿਲੇਗੀ। ਪਰ ਸਾਨੂੰ ਕਿਸ ਚੀਜ਼ ਤੋਂ ਆਜ਼ਾਦੀ ਮਿਲੇਗੀ? ਯਿਸੂ ਨੇ ਕਿਹਾ: “ਹਰ ਕੋਈ ਜੋ ਪਾਪ ਕਰਦਾ ਹੈ ਉਹ ਪਾਪ ਦਾ ਗ਼ੁਲਾਮ ਹੈ।” ਉਸ ਨੇ ਇਹ ਵੀ ਕਿਹਾ: “ਜੇ ਪੁੱਤਰ ਤੁਹਾਨੂੰ ਆਜ਼ਾਦ ਕਰਦਾ ਹੈ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋਵੋਗੇ।”​—ਯੂਹੰ. 8:34, 36.

15. ਯਿਸੂ ਰਾਹੀਂ ਵਾਅਦਾ ਕੀਤੀ ਆਜ਼ਾਦੀ ਨਾਲ ਹੀ ਅਸੀਂ “ਸੱਚ-ਮੁੱਚ ਆਜ਼ਾਦ” ਕਿਉਂ ਹੋ ਸਕਦੇ ਹਾਂ?

15 ਯਿਸੂ ਨੇ ਆਪਣੇ ਚੇਲਿਆਂ ਨਾਲ ਜਿਸ ਆਜ਼ਾਦੀ ਦਾ ਵਾਅਦਾ ਕੀਤਾ ਸੀ, ਉਹ ਉਸ ਆਜ਼ਾਦੀ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ ਜੋ ਅੱਜ ਜ਼ਿਆਦਾਤਰ ਲੋਕ ਚਾਹੁੰਦੇ ਹਨ। ਯਿਸੂ ਨੇ ਕਿਹਾ: “ਜੇ ਪੁੱਤਰ ਤੁਹਾਨੂੰ ਆਜ਼ਾਦ ਕਰਦਾ ਹੈ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋਵੋਗੇ।” ਇੱਥੇ ਯਿਸੂ ਪਾਪ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਦੀ ਗੱਲ ਕਰ ਰਿਹਾ ਸੀ। ਇਨਸਾਨਾਂ ਲਈ ਇਸ ਤੋਂ ਬਦਤਰ ਗ਼ੁਲਾਮੀ ਹੋਰ ਕੋਈ ਹੋ ਹੀ ਨਹੀਂ ਸਕਦੀ। ਅਸੀਂ ਕਿਵੇਂ ਪਾਪ ਦੇ ਗ਼ੁਲਾਮ ਹਾਂ? ਪਾਪ ਸਾਡੇ ਤੋਂ ਬਹੁਤ ਬੁਰੇ ਕੰਮ ਕਰਵਾਉਂਦਾ ਹੈ। ਨਾਲੇ ਇਹ ਸਾਨੂੰ ਉਹ ਕੰਮ ਕਰਨ ਤੋਂ ਵੀ ਰੋਕਦਾ ਹੈ ਜੋ ਸਾਨੂੰ ਪਤਾ ਹਨ ਕਿ ਸਹੀ ਹਨ ਜਾਂ ਸਾਡੇ ਭਲੇ ਲਈ ਹਨ। ਪਾਪ ਦਾ ਨਤੀਜਾ ਨਿਰਾਸ਼ਾ, ਦੁੱਖ-ਦਰਦ ਅਤੇ ਅਖ਼ੀਰ ਮੌਤ ਹੈ। (ਰੋਮੀ. 6:23) ਪੌਲੁਸ ਰਸੂਲ ਜਾਣਦਾ ਸੀ ਕਿ ਪਾਪ ਦੇ ਗ਼ੁਲਾਮ ਹੋਣਾ ਕਿੰਨਾ ਦੁਖਦਾਈ ਹੈ! (ਰੋਮੀਆਂ 7:21-25 ਪੜ੍ਹੋ।) ਪੂਰੀ ਤਰ੍ਹਾਂ ਪਾਪ ਮਿਟਾਏ ਜਾਣ ’ਤੇ ਹੀ ਸਾਨੂੰ ਸੱਚੀ ਆਜ਼ਾਦੀ ਮਿਲੇਗੀ ਜੋ ਇਕ ਸਮੇਂ ’ਤੇ ਆਦਮ ਅਤੇ ਹੱਵਾਹ ਕੋਲ ਸੀ।

16. ਸਾਨੂੰ ਸੱਚੀ ਆਜ਼ਾਦੀ ਕਿਵੇਂ ਮਿਲ ਸਕਦੀ ਹੈ?

16 ਯਿਸੂ ਦੀ ਇਹ ਗੱਲ “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ” ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਯਿਸੂ ਸਾਨੂੰ ਆਜ਼ਾਦ ਕਰੇ, ਤਾਂ ਸਾਨੂੰ ਕੁਝ ਕੰਮ ਕਰਨ ਦੀ ਲੋੜ ਹੈ। ਕਿਹੜੇ ਕੰਮ? ਸਮਰਪਿਤ ਮਸੀਹੀ ਹੋਣ ਦੇ ਨਾਤੇ, ਅਸੀਂ ਆਪਣੇ ਆਪ ਦਾ ਤਿਆਗ ਕੀਤਾ ਹੈ ਅਤੇ ਯਿਸੂ ਵੱਲੋਂ ਆਪਣੇ ਚੇਲਿਆਂ ਲਈ ਠਹਿਰਾਈਆਂ ਹੱਦਾਂ ਵਿਚ ਰਹਿੰਦੇ ਹਾਂ। (ਮੱਤੀ 16:24) ਯਿਸੂ ਦੇ ਵਾਅਦੇ ਅਨੁਸਾਰ ਅਸੀਂ ਭਵਿੱਖ ਵਿਚ ਉਦੋਂ ਸੱਚੀ ਆਜ਼ਾਦੀ ਪਾਵਾਂਗੇ, ਜਦੋਂ ਸਾਨੂੰ ਰਿਹਾਈ ਦੀ ਕੀਮਤ ਦੇ ਪੂਰੇ ਫ਼ਾਇਦੇ ਮਿਲਣਗੇ।

17. (ੳ) ਅਸੀਂ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਕਿਵੇਂ ਪਾ ਸਕਦੇ ਹਾਂ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

17 ਯਿਸੂ ਦੇ ਚੇਲੇ ਉਸ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਸੱਚੀ ਖ਼ੁਸ਼ੀ ਅਤੇ ਸੰਤੁਸ਼ਟੀ ਪਾਉਂਦੇ ਹਨ। ਇੱਦਾਂ ਕਰ ਕੇ ਅਸੀਂ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਸਕਦੇ ਹਾਂ। (ਰੋਮੀਆਂ 8:1, 2, 20, 21 ਪੜ੍ਹੋ।) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਅੱਜ ਆਪਣੀ ਆਜ਼ਾਦੀ ਦੀ ਸਮਝਦਾਰੀ ਨਾਲ ਵਰਤੋਂ ਕਿਵੇਂ ਕਰ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਸੱਚੀ ਆਜ਼ਾਦੀ ਦੇਣ ਵਾਲੇ ਪਰਮੇਸ਼ੁਰ, ਯਹੋਵਾਹ ਦਾ ਆਦਰ ਹਮੇਸ਼ਾ ਲਈ ਕਰ ਸਕਦੇ ਹਾਂ।