Skip to content

Skip to table of contents

ਅਧਿਐਨ ਲੇਖ 17

ਦੁਸ਼ਟ ਦੂਤਾਂ ਨਾਲ ਲੜਨ ਲਈ ਯਹੋਵਾਹ ਤੋਂ ਮਦਦ ਲਓ

ਦੁਸ਼ਟ ਦੂਤਾਂ ਨਾਲ ਲੜਨ ਲਈ ਯਹੋਵਾਹ ਤੋਂ ਮਦਦ ਲਓ

“ਸਾਡੀ ਲੜਾਈ . . . ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ ਜੋ ਸਵਰਗੀ ਥਾਵਾਂ ਵਿਚ ਹਨ।”​—ਅਫ਼. 6:12.

ਗੀਤ 33 ਉਨ੍ਹਾਂ ਤੋਂ ਨਾ ਡਰੋ!

ਖ਼ਾਸ ਗੱਲਾਂ *

1. ਅਫ਼ਸੀਆਂ 6:10-13 ਅਨੁਸਾਰ ਯਹੋਵਾਹ ਕਿਹੜੇ ਇਕ ਤਰੀਕੇ ਰਾਹੀਂ ਦਿਖਾਉਂਦਾ ਹੈ ਕਿ ਉਸ ਨੂੰ ਸਾਡਾ ਫ਼ਿਕਰ ਹੈ? ਸਮਝਾਓ।

ਯਹੋਵਾਹ ਨੂੰ ਸਾਡਾ ਫ਼ਿਕਰ ਹੈ। ਉਹ ਸਾਨੂੰ ਦੁਸ਼ਮਣਾਂ ਦਾ ਵਿਰੋਧ ਕਰਨ ਵਿਚ ਸਾਡੀ ਮਦਦ ਕਰਦਾ ਹੈ। ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ ਸਾਡੇ ਸਭ ਤੋਂ ਵੱਡੇ ਦੁਸ਼ਮਣ ਹਨ। ਯਹੋਵਾਹ ਸਾਨੂੰ ਇਨ੍ਹਾਂ ਦੁਸ਼ਮਣਾਂ ਬਾਰੇ ਖ਼ਬਰਦਾਰ ਕਰਦਾ ਹੈ ਅਤੇ ਇਨ੍ਹਾਂ ਦਾ ਵਿਰੋਧ ਕਰਨ ਲਈ ਉਹ ਸਾਨੂੰ ਲੋੜੀਂਦੀ ਮਦਦ ਦਿੰਦਾ ਹੈ। (ਅਫ਼ਸੀਆਂ 6:10-13 ਪੜ੍ਹੋ।) ਯਹੋਵਾਹ ਤੋਂ ਮਦਦ ਲੈ ਕੇ ਅਤੇ ਉਸ ’ਤੇ ਪੂਰਾ ਭਰੋਸਾ ਰੱਖ ਕੇ ਅਸੀਂ ਸ਼ੈਤਾਨ ਦਾ ਵਿਰੋਧ ਕਰਨ ਵਿਚ ਸਫ਼ਲ ਹੋ ਸਕਦੇ ਹਾਂ। ਸਾਨੂੰ ਵੀ ਪੌਲੁਸ ਰਸੂਲ ਵਰਗਾ ਭਰੋਸਾ ਹੈ ਜਿਸ ਨੇ ਲਿਖਿਆ: “ਜੇ ਪਰਮੇਸ਼ੁਰ ਸਾਡੇ ਨਾਲ ਹੈ, ਤਾਂ ਕੌਣ ਸਾਡੇ ਖ਼ਿਲਾਫ਼ ਹੋਵੇਗਾ?”​—ਰੋਮੀ. 8:31.

2. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

2 ਸੱਚੇ ਮਸੀਹੀਆਂ ਵਜੋਂ ਅਸੀਂ ਸ਼ੈਤਾਨ ਅਤੇ ਦੁਸ਼ਟ ਦੂਤਾਂ ’ਤੇ ਜ਼ਿਆਦਾ ਧਿਆਨ ਨਹੀਂ ਲਾਉਂਦੇ। ਅਸੀਂ ਆਪਣਾ ਜ਼ਿਆਦਾ ਧਿਆਨ ਯਹੋਵਾਹ ਬਾਰੇ ਸਿੱਖਣ ਅਤੇ ਉਸ ਦੀ ਸੇਵਾ ਕਰਨ ’ਤੇ ਲਾਉਂਦੇ ਹਾਂ। (ਜ਼ਬੂ. 25:5) ਪਰ ਸਾਨੂੰ ਸ਼ੈਤਾਨ ਦੀਆਂ ਚਾਲਾਂ ਬਾਰੇ ਜਾਣਨ ਦੀ ਲੋੜ ਹੈ। ਕਿਉਂ? ਤਾਂਕਿ ਅਸੀਂ ਉਸ ਦੀਆਂ ਚਾਲਾਂ ਵਿਚ ਫਸਣ ਤੋਂ ਬਚ ਸਕੀਏ। (2 ਕੁਰਿੰ. 2:11) ਇਸ ਲੇਖ ਵਿਚ ਅਸੀਂ ਸ਼ੈਤਾਨ ਤੇ ਦੁਸ਼ਟ ਦੂਤਾਂ ਦੀ ਇਕ ਅਹਿਮ ਚਾਲ ’ਤੇ ਗੌਰ ਕਰਾਂਗੇ ਜਿਸ ਰਾਹੀਂ ਉਹ ਲੋਕਾਂ ਨੂੰ ਗੁਮਰਾਹ ਕਰਦੇ ਹਨ। ਨਾਲੇ ਇਹ ਵੀ ਦੇਖਾਂਗੇ ਕਿ ਉਨ੍ਹਾਂ ਦਾ ਵਿਰੋਧ ਕਰਨ ਵਿਚ ਅਸੀਂ ਸਫ਼ਲ ਕਿਵੇਂ ਹੋ ਸਕਦੇ ਹਾਂ।

ਦੁਸ਼ਟ ਦੂਤ ਲੋਕਾਂ ਨੂੰ ਗੁਮਰਾਹ ਕਿਵੇਂ ਕਰਦੇ ਹਨ?

3-4. (ੳ) ਜਾਦੂਗਰੀ ਕੀ ਹੈ? (ਅ) ਜਾਦੂਗਰੀ ’ਤੇ ਕਿੰਨੇ ਕੁ ਲੋਕ ਵਿਸ਼ਵਾਸ ਕਰਦੇ ਹਨ?

3 ਸ਼ੈਤਾਨ ਅਤੇ ਦੁਸ਼ਟ ਦੂਤ ਜਾਦੂਗਰੀ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਜਾਦੂਗਰੀ ਕਰਨ ਵਾਲੇ ਲੋਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਉਹ ਚੀਜ਼ਾਂ ਬਾਰੇ ਪਤਾ ਹੈ ਜਾਂ ਉਹ ਕੰਮ ਕਰ ਸਕਦੇ ਹਨ ਜੋ ਆਮ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਜਾਂ ਆਮ ਲੋਕ ਨਹੀਂ ਕਰ ਸਕਦੇ। ਮਿਸਾਲ ਲਈ, ਕੁਝ ਲੋਕ ਦਾਅਵਾ ਕਰਦੇ ਹਨ ਕਿ ਪੁੱਛਾਂ ਪੁਆ ਕੇ ਜਾਂ ਜੋਤਸ਼-ਵਿੱਦਿਆ ਦਾ ਸਹਾਰਾ ਲੈ ਕੇ ਉਹ ਭਵਿੱਖ ਜਾਣ ਸਕਦੇ ਹਨ। ਕਈ ਜਣੇ ਸ਼ਾਇਦ ਇਹ ਦਿਖਾਉਣ ਕਿ ਉਹ ਮਰੇ ਹੋਏ ਲੋਕਾਂ ਨਾਲ ਗੱਲ ਕਰ ਰਹੇ ਸਨ। ਜਾਦੂਗਰੀ ਕਰਨ ਵਾਲੇ ਸ਼ਾਇਦ ਦੂਜਿਆਂ ’ਤੇ ਜਾਦੂ-ਟੂਣਾ ਕਰਨ। *

4 ਜਾਦੂਗਰੀ ’ਤੇ ਕਿੰਨੇ ਕੁ ਲੋਕ ਵਿਸ਼ਵਾਸ ਕਰਦੇ ਹਨ? ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਦੇ 18 ਦੇਸ਼ਾਂ ਵਿਚ ਇਕ ਸਰਵੇ ਅਨੁਸਾਰ ਤਿੰਨ ਵਿੱਚੋਂ ਇਕ ਜਣਾ ਝਾੜਾ-ਫੂਕੀ, ਚੇਲੇ-ਚਾਂਟਿਆਂ ਜਾਂ ਜਾਦੂ-ਟੂਣੇ ’ਤੇ ਵਿਸ਼ਵਾਸ ਕਰਦਾ ਹੈ ਅਤੇ ਲਗਭਗ ਇੰਨੇ ਹੀ ਲੋਕ ਵਿਸ਼ਵਾਸ ਕਰਦੇ ਹਨ ਕਿ ਆਤਮਾਵਾਂ ਹੁੰਦੀਆਂ ਅਤੇ ਉਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਅਫ਼ਰੀਕਾ ਦੇ 18 ਦੇਸ਼ਾਂ ਵਿਚ ਵੀ ਇਕ ਸਰਵੇ ਕਰਵਾਇਆ ਗਿਆ। ਉੱਥੇ ਅੱਧੇ ਤੋਂ ਜ਼ਿਆਦਾ ਲੋਕ ਝਾੜਾ-ਫੂਕੀ ’ਤੇ ਵਿਸ਼ਵਾਸ ਕਰਦੇ ਹਨ। ਅਸੀਂ ਜਿੱਥੇ ਵੀ ਰਹਿੰਦੇ ਹੋਈਏ, ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਜਾਦੂਗਰੀ ਤੋਂ ਬਚਾਉਣਾ ਚਾਹੀਦਾ ਹੈ। ਕਿਉਂ? ਕਿਉਂਕਿ ਸ਼ੈਤਾਨ “ਸਾਰੀ ਦੁਨੀਆਂ” ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।​—ਪ੍ਰਕਾ. 12:9.

5. ਯਹੋਵਾਹ ਜਾਦੂਗਰੀ ਬਾਰੇ ਕਿਵੇਂ ਮਹਿਸੂਸ ਕਰਦਾ ਹੈ?

5 ਯਹੋਵਾਹ ‘ਸਚਿਆਈ ਦਾ ਪਰਮੇਸ਼ੁਰ’ ਹੈ। (ਜ਼ਬੂ. 31:5) ਇਸ ਲਈ ਉਹ ਜਾਦੂਗਰੀ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਉਹ ਇਸ ਤੋਂ ਬਹੁਤ ਸਖ਼ਤ ਨਫ਼ਰਤ ਕਰਦਾ ਹੈ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ: “ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤ੍ਰ ਯਾ ਆਪਣੀ ਧੀ ਨੂੰ ਅੱਗ ਦੇ ਵਿੱਚ ਦੀ ਲੰਘਾਵੇ ਯਾ ਕੋਈ ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ। ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ। ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ।” (ਬਿਵ. 18:10-12) ਅੱਜ ਮਸੀਹੀ ਇਜ਼ਰਾਈਲੀਆਂ ਨੂੰ ਦਿੱਤੇ ਯਹੋਵਾਹ ਦੇ ਕਾਨੂੰਨ ਦੇ ਅਧੀਨ ਨਹੀਂ ਹਨ। ਪਰ ਸਾਨੂੰ ਪਤਾ ਹੈ ਕਿ ਜਾਦੂਗਰੀ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਬਦਲਿਆ ਨਹੀਂ ਹੈ।​—ਮਲਾ. 3:6.

6. (ੳ) ਸ਼ੈਤਾਨ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਾਦੂਗਰੀ ਦੀ ਵਰਤੋਂ ਕਿਵੇਂ ਕਰਦਾ ਹੈ? (ਅ) ਉਪਦੇਸ਼ਕ ਦੀ ਪੋਥੀ 9:5 ਵਿਚ ਮਰੇ ਹੋਇਆਂ ਦੀ ਹਾਲਤ ਬਾਰੇ ਕਿਹੜੀ ਸੱਚਾਈ ਦੱਸੀ ਗਈ ਹੈ?

6 ਯਹੋਵਾਹ ਸਾਨੂੰ ਜਾਦੂਗਰੀ ਤੋਂ ਖ਼ਬਰਦਾਰ ਕਰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਸ਼ੈਤਾਨ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਦੀ ਵਰਤੋਂ ਕਰਦਾ ਹੈ। ਸ਼ੈਤਾਨ ਜਾਦੂਗਰੀ ਰਾਹੀਂ ਝੂਠ ਫੈਲਾਉਂਦਾ ਹੈ, ਜਿਵੇਂ ਕਿ ਆਤਮਾ ਬਾਰੇ ਝੂਠ ਹੈ। (ਉਪਦੇਸ਼ਕ ਦੀ ਪੋਥੀ 9:5 ਪੜ੍ਹੋ।) ਨਾਲੇ ਸ਼ੈਤਾਨ ਜਾਦੂਗਰੀ ਰਾਹੀਂ ਲੋਕਾਂ ਦੇ ਮਨਾਂ ਵਿਚ ਡਰ ਬਣਾਈ ਰੱਖਦਾ ਹੈ ਅਤੇ ਉਨ੍ਹਾਂ ਨੂੰ ਯਹੋਵਾਹ ਤੋਂ ਦੂਰ ਕਰਦਾ ਹੈ। ਉਹ ਚਾਹੁੰਦਾ ਹੈ ਕਿ ਜਾਦੂਗਰੀ ਕਰਨ ਵਾਲੇ ਲੋਕ ਯਹੋਵਾਹ ’ਤੇ ਭਰੋਸਾ ਕਰਨ ਦੀ ਬਜਾਇ ਦੁਸ਼ਟ ਦੂਤਾਂ ’ਤੇ ਭਰੋਸਾ ਕਰਨ।

ਅਸੀਂ ਦੁਸ਼ਟ ਦੂਤਾਂ ਦਾ ਵਿਰੋਧ ਕਿਵੇਂ ਕਰ ਸਕਦੇ ਹਾਂ?

7. ਯਹੋਵਾਹ ਸਾਨੂੰ ਕੀ ਦੱਸਦਾ ਹੈ?

7 ਜਿੱਦਾਂ ਅਸੀਂ ਪਹਿਲਾਂ ਦੇਖਿਆ ਕਿ ਯਹੋਵਾਹ ਸਾਨੂੰ ਦੱਸਦਾ ਹੈ ਕਿ ਸ਼ੈਤਾਨ ਤੇ ਦੁਸ਼ਟ ਦੂਤਾਂ ਦੇ ਹੱਥੋਂ ਗੁਮਰਾਹ ਹੋਣ ਤੋਂ ਬਚਣ ਲਈ ਸਾਨੂੰ ਕੀ ਜਾਣਨ ਦੀ ਲੋੜ ਹੈ। ਆਓ ਆਪਾਂ ਕੁਝ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਰਾਹੀਂ ਅਸੀਂ ਸ਼ੈਤਾਨ ਅਤੇ ਦੁਸ਼ਟ ਦੂਤਾਂ ਨਾਲ ਲੜ ਸਕਦੇ ਹਾਂ।

8. (ੳ) ਦੁਸ਼ਟ ਦੂਤਾਂ ਨਾਲ ਲੜਨ ਦਾ ਮੁੱਖ ਤਰੀਕਾ ਕਿਹੜਾ ਹੈ? (ਅ) ਜ਼ਬੂਰ 146:4 ਮੌਤ ਬਾਰੇ ਸ਼ੈਤਾਨ ਦੁਆਰਾ ਫੈਲਾਈਆਂ ਝੂਠੀਆਂ ਗੱਲਾਂ ਦਾ ਪਰਦਾਫ਼ਾਸ਼ ਕਿਵੇਂ ਕਰਦਾ ਹੈ?

8 ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਉਸ ’ਤੇ ਸੋਚ-ਵਿਚਾਰ ਕਰੋ। ਇਹ ਮੁੱਖ ਤਰੀਕਾ ਹੈ ਜਿਸ ਰਾਹੀਂ ਅਸੀਂ ਦੁਸ਼ਟ ਦੂਤਾਂ ਦੁਆਰਾ ਫੈਲਾਈਆਂ ਝੂਠੀਆਂ ਗੱਲਾਂ ਤੋਂ ਬਚ ਸਕਦੇ ਹਾਂ। ਪਰਮੇਸ਼ੁਰ ਦਾ ਬਚਨ ਇਕ ਤਿੱਖੀ ਤਲਵਾਰ ਹੈ ਜਿਸ ਨੂੰ ਵਰਤ ਕੇ ਅਸੀਂ ਸ਼ੈਤਾਨ ਦੁਆਰਾ ਫੈਲਾਏ ਝੂਠ ਦਾ ਪਰਦਾਫ਼ਾਸ਼ ਕਰ ਸਕਦੇ ਹਾਂ। (ਅਫ਼. 6:17) ਮਿਸਾਲ ਲਈ, ਪਰਮੇਸ਼ੁਰ ਦਾ ਬਚਨ ਇਸ ਝੂਠ ਦਾ ਪਰਦਾਫ਼ਾਸ਼ ਕਰਦਾ ਹੈ ਕਿ ਮਰੇ ਹੋਏ ਲੋਕ ਗੱਲ ਕਰ ਸਕਦੇ ਹਨ। (ਜ਼ਬੂਰਾਂ ਦੀ ਪੋਥੀ 146:4 ਪੜ੍ਹੋ।) ਬਾਈਬਲ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਿਰਫ਼ ਯਹੋਵਾਹ ਹੀ ਸਹੀ-ਸਹੀ ਦੱਸ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ। (ਯਸਾ. 45:21; 46:10) ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਉਸ ’ਤੇ ਸੋਚ-ਵਿਚਾਰ ਕਰ ਕੇ ਅਸੀਂ ਦੁਸ਼ਟ ਦੂਤਾਂ ਦੁਆਰਾ ਫੈਲਾਈਆਂ ਝੂਠੀਆਂ ਗੱਲਾਂ ਤੋਂ ਬਚ ਸਕਾਂਗੇ ਅਤੇ ਇਨ੍ਹਾਂ ਗੱਲਾਂ ਨਾਲ ਨਫ਼ਰਤ ਕਰ ਸਕਾਂਗੇ।

9. ਜਾਦੂਗਰੀ ਨਾਲ ਜੁੜੇ ਕਿਹੜੇ ਕੰਮਾਂ ਤੋਂ ਅਸੀਂ ਦੂਰ ਰਹਿੰਦੇ ਹਾਂ?

9 ਜਾਦੂਗਰੀ ਨਾਲ ਜੁੜਿਆ ਕੋਈ ਵੀ ਕੰਮ ਕਰਨ ਤੋਂ ਇਨਕਾਰ ਕਰੋ। ਸੱਚੇ ਮਸੀਹੀਆਂ ਵਜੋਂ ਅਸੀਂ ਕਿਸੇ ਵੀ ਤਰ੍ਹਾਂ ਦੀ ਜਾਦੂਗਰੀ ਵਿਚ ਕਦੇ ਹਿੱਸਾ ਨਹੀਂ ਲੈਂਦੇ। ਮਿਸਾਲ ਲਈ, ਅਸੀਂ ਨਾ ਤਾਂ ਚੇਲੇ-ਚਾਂਟਿਆਂ ਕੋਲ ਜਾਂਦੇ ਹਾਂ ਤੇ ਨਾ ਹੀ ਕਿਸੇ ਹੋਰ ਤਰੀਕੇ ਨਾਲ ਮਰੇ ਹੋਇਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿੱਦਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਅਸੀਂ ਸੰਸਕਾਰ ਕਰਨ ਦੇ ਉਨ੍ਹਾਂ ਰੀਤੀ-ਰਿਵਾਜਾਂ ਤੋਂ ਦੂਰ ਰਹਿੰਦੇ ਹਾਂ ਜੋ ਇਸ ਆਧਾਰ ’ਤੇ ਕੀਤੇ ਜਾਂਦੇ ਹਨ ਕਿ ਮਰੇ ਹੋਇਆਂ ਦੀ ਆਤਮਾ ਹੈ। ਨਾਲੇ ਅਸੀਂ ਜੋਤਸ਼-ਵਿੱਦਿਆ ਜਾਂ ਭਵਿੱਖ ਦੱਸਣ ਵਾਲਿਆਂ ਕੋਲ ਨਹੀਂ ਜਾਂਦੇ। (ਯਸਾ. 8:19) ਅਸੀਂ ਜਾਣਦੇ ਹਾਂ ਕਿ ਇੱਦਾਂ ਦੇ ਕੰਮ ਬਹੁਤ ਖ਼ਤਰਨਾਕ ਹਨ ਅਤੇ ਇਨ੍ਹਾਂ ਕੰਮਾਂ ਰਾਹੀਂ ਅਸੀਂ ਸ਼ੈਤਾਨ ਅਤੇ ਦੁਸ਼ਟ ਦੂਤਾਂ ਦੇ ਸੰਪਰਕ ਵਿਚ ਆ ਸਕਦੇ ਹਾਂ।

ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਰਦਿਆਂ ਜਾਦੂਗਰੀ ਨਾਲ ਜੁੜੀ ਹਰ ਚੀਜ਼ ਸੁੱਟ ਦਿਓ ਅਤੇ ਜਾਦੂਗਰੀ ਨਾਲ ਜੁੜੇ ਹਰ ਮਨੋਰੰਜਨ ਤੋਂ ਦੂਰ ਰਹੋ (ਪੈਰੇ 10-12 ਦੇਖੋ)

10-11. (ੳ) ਸੱਚਾਈ ਸਿੱਖ ਕੇ ਪਹਿਲੀ ਸਦੀ ਦੇ ਕੁਝ ਲੋਕਾਂ ਨੇ ਕੀ ਕੀਤਾ? (ਅ) 1 ਕੁਰਿੰਥੀਆਂ 10:21 ਅਨੁਸਾਰ ਸਾਨੂੰ ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ ਅਤੇ ਅਸੀਂ ਰੀਸ ਕਿਵੇਂ ਕਰ ਸਕਦੇ ਹਾਂ?

10 ਜਾਦੂਗਰੀ ਨਾਲ ਜੁੜੀਆਂ ਚੀਜ਼ਾਂ ਸੁੱਟ ਦਿਓ। ਪਹਿਲੀ ਸਦੀ ਦੌਰਾਨ ਅਫ਼ਸੁਸ ਵਿਚ ਰਹਿੰਦੇ ਕੁਝ ਲੋਕ ਜਾਦੂਗਰੀ ਕਰਦੇ ਸਨ। ਸੱਚਾਈ ਸਿੱਖ ਕੇ ਉਨ੍ਹਾਂ ਨੇ ਇਕ ਵੱਡਾ ਕਦਮ ਚੁੱਕਿਆ। “ਬਹੁਤ ਸਾਰੇ ਚੇਲੇ ਜਿਹੜੇ ਪਹਿਲਾਂ ਜਾਦੂਗਰੀ ਕਰਦੇ ਹੁੰਦੇ ਸਨ, ਉਨ੍ਹਾਂ ਨੇ ਆਪਣੀਆਂ ਜਾਦੂਗਰੀ ਦੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ।” (ਰਸੂ. 19:19) ਉਨ੍ਹਾਂ ਨੇ ਦੁਸ਼ਟ ਦੂਤਾਂ ਦਾ ਵਿਰੋਧ ਕਰਨ ਦਾ ਪੱਕਾ ਇਰਾਦਾ ਕੀਤਾ ਸੀ। ਜਾਦੂਗਰੀ ਦੀਆਂ ਇਹ ਕਿਤਾਬਾਂ ਬਹੁਤ ਮਹਿੰਗੀਆਂ ਸਨ। ਪਰ ਉਨ੍ਹਾਂ ਨੇ ਇਹ ਕਿਤਾਬਾਂ ਕਿਸੇ ਨੂੰ ਦੇਣ ਜਾਂ ਵੇਚਣ ਦੀ ਬਜਾਇ ਸਾੜ ਹੀ ਦਿੱਤੀਆਂ। ਉਨ੍ਹਾਂ ਨੂੰ ਕਿਤਾਬਾਂ ਦੀ ਕੀਮਤ ਦੀ ਪਰਵਾਹ ਨਹੀਂ ਸੀ। ਇਸ ਦੀ ਬਜਾਇ, ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ।

11 ਅਸੀਂ ਪਹਿਲੀ ਸਦੀ ਦੇ ਉਨ੍ਹਾਂ ਮਸੀਹੀਆਂ ਦੀ ਰੀਸ ਕਿਵੇਂ ਕਰ ਸਕਦੇ ਹਾਂ? ਵਧੀਆ ਹੋਵੇਗਾ ਕਿ ਜੇ ਸਾਡੇ ਕੋਲ ਜਾਦੂਗਰੀ ਨਾਲ ਜੁੜੀ ਕੋਈ ਚੀਜ਼ ਹੈ, ਤਾਂ ਅਸੀਂ ਉਸ ਨੂੰ ਸੁੱਟ ਦੇਈਏ। ਇਸ ਵਿਚ ਧਾਗੇ-ਤਵੀਤ ਜਾਂ ਹੋਰ ਚੀਜ਼ਾਂ ਹੋ ਸਕਦੀਆਂ ਹਨ ਜੋ ਲੋਕ ਦੁਸ਼ਟ ਦੂਤਾਂ ਤੋਂ ਬਚਣ ਲਈ ਪਾਉਂਦੇ ਜਾਂ ਆਪਣੇ ਕੋਲ ਰੱਖਦੇ ਹਨ।​—1 ਕੁਰਿੰਥੀਆਂ 10:21 ਪੜ੍ਹੋ।

12. ਮਨੋਰੰਜਨ ਸੰਬੰਧੀ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

12 ਧਿਆਨ ਨਾਲ ਦੇਖੋ ਕਿ ਤੁਸੀਂ ਕਿਹੋ-ਜਿਹਾ ਮਨੋਰੰਜਨ ਕਰਦੇ ਹੋ। ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਜਾਦੂਗਰੀ ਨਾਲ ਸੰਬੰਧਿਤ ਕਿਤਾਬਾਂ ਜਾਂ ਇੰਟਰਨੈੱਟ ’ਤੇ ਕੋਈ ਲੇਖ ਪੜ੍ਹਦਾ ਹਾਂ? ਮੈਂ ਕਿਸ ਤਰ੍ਹਾਂ ਦੇ ਗਾਣੇ ਸੁਣਦਾ ਹਾਂ, ਮੈਂ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਜਾਂ ਟੀ. ਵੀ. ਪ੍ਰੋਗ੍ਰਾਮ ਦੇਖਦਾ ਹਾਂ ਜਾਂ ਕਿਹੋ ਜਿਹੀਆਂ ਵੀਡੀਓ ਗੇਮਾਂ ਖੇਡਦਾ ਹਾਂ? ਕੀ ਮੈਂ ਇਸ ਤਰ੍ਹਾਂ ਦਾ ਕੋਈ ਮਨੋਰੰਜਨ ਤਾਂ ਨਹੀਂ ਕਰਦਾ ਜਿਸ ਵਿਚ ਜਾਦੂਗਰੀ ਸ਼ਾਮਲ ਹੈ? ਕੀ ਇਸ ਵਿਚ ਭੂਤ-ਚੁੜੇਲਾਂ ਜਾਂ ਅਲੌਕਿਕ ਸ਼ਕਤੀਆਂ ਤਾਂ ਨਹੀਂ ਦਿਖਾਈਆਂ ਜਾਂਦੀਆਂ? ਕੀ ਇਸ ਵਿਚ ਇਹ ਤਾਂ ਨਹੀਂ ਦਿਖਾਇਆ ਜਾਂਦਾ ਕਿ ਜਾਦੂਗਰੀ ਜਾਂ ਜਾਦੂ-ਟੂਣੇ ਕਰਨੇ ਗ਼ਲਤ ਨਹੀਂ ਹਨ?’ ਪਰ ਜ਼ਰੂਰੀ ਨਹੀਂ ਕਿ ਹਰ ਤਰ੍ਹਾਂ ਦੀਆਂ ਕਾਲਪਨਿਕ ਕਹਾਣੀਆਂ ਜਾਦੂਗਰੀ ਨਾਲ ਸੰਬੰਧਿਤ ਹੋਣ। ਆਪਣੇ ਮਨੋਰੰਜਨ ਦੀ ਜਾਂਚ ਕਰਦਿਆਂ ਅਜਿਹੇ ਮਨੋਰੰਜਨ ਤੋਂ ਦੂਰ ਰਹਿਣ ਦਾ ਪੱਕਾ ਇਰਾਦਾ ਕਰੋ ਜਿਸ ਤੋਂ ਯਹੋਵਾਹ ਨਫ਼ਰਤ ਕਰਦਾ ਹੈ। ਅਸੀਂ ਪਰਮੇਸ਼ੁਰ ਸਾਮ੍ਹਣੇ “ਆਪਣੀ ਜ਼ਮੀਰ ਨੂੰ ਹਮੇਸ਼ਾ ਸਾਫ਼ ਰੱਖਣ ਦੀ” ਪੂਰੀ ਕੋਸ਼ਿਸ਼ ਕਰਨੀ ਚਾਹੁੰਦੇ ਹਾਂ।​—ਰਸੂ. 24:16. *

13. ਅਸੀਂ ਕੀ ਨਹੀਂ ਕਰਦੇ?

13 ਦੁਸ਼ਟ ਦੂਤਾਂ ਬਾਰੇ ਕਹਾਣੀਆਂ ਨਾ ਸੁਣਾਓ। ਇਸ ਮਾਮਲੇ ਵਿਚ ਅਸੀਂ ਯਿਸੂ ਦੀ ਮਿਸਾਲ ਦੀ ਰੀਸ ਕਰਨੀ ਚਾਹੁੰਦੇ ਹਾਂ। (1 ਪਤ. 2:21) ਧਰਤੀ ’ਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਰਹਿੰਦਾ ਸੀ ਅਤੇ ਉਹ ਸ਼ੈਤਾਨ ਤੇ ਦੁਸ਼ਟ ਦੂਤਾਂ ਬਾਰੇ ਬਹੁਤ ਕੁਝ ਜਾਣਦਾ ਸੀ। ਪਰ ਉਸ ਨੇ ਦੁਸ਼ਟ ਦੂਤਾਂ ਬਾਰੇ ਕਹਾਣੀਆਂ ਨਹੀਂ ਸੁਣਾਈਆਂ ਕਿ ਉਨ੍ਹਾਂ ਨੇ ਕੀ ਕੁਝ ਕੀਤਾ ਸੀ। ਯਿਸੂ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣਾ ਚਾਹੁੰਦਾ ਸੀ, ਨਾ ਕਿ ਸ਼ੈਤਾਨ ਬਾਰੇ। ਅਸੀਂ ਵੀ ਯਿਸੂ ਦੀ ਰੀਸ ਕਰਦਿਆਂ ਦੁਸ਼ਟਾਂ ਦੂਤਾਂ ਬਾਰੇ ਕਹਾਣੀਆਂ ਨਹੀਂ ਸੁਣਾਉਂਦੇ। ਇਸ ਦੀ ਬਜਾਇ, ਅਸੀਂ ਆਪਣੇ ਸ਼ਬਦਾਂ ਰਾਹੀਂ ਦਿਖਾਉਂਦੇ ਹਾਂ ਕਿ ਸਾਡਾ “ਮਨ ਇੱਕ ਚੰਗੀ ਗੱਲ” ਯਾਨੀ ਸੱਚਾਈ ਨਾਲ “ਉੱਛਲ” ਰਿਹਾ ਹੈ।​—ਜ਼ਬੂ. 45:1.

ਸਾਨੂੰ ਦੁਸ਼ਟ ਦੂਤਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਯਹੋਵਾਹ, ਯਿਸੂ ਤੇ ਦੂਤ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹਨ (ਪੈਰੇ 14-15 ਦੇਖੋ) *

14-15. (ੳ) ਸਾਨੂੰ ਦੁਸ਼ਟ ਦੂਤਾਂ ਤੋਂ ਕਿਉਂ ਨਹੀਂ ਡਰਨਾ ਚਾਹੀਦਾ? (ਅ) ਸਾਡੇ ਕੋਲ ਕਿਹੜੇ ਸਬੂਤ ਹਨ ਕਿ ਅੱਜ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ?

14 ਦੁਸ਼ਟ ਦੂਤਾਂ ਤੋਂ ਨਾ ਡਰੋ। ਅੱਜ ਇਸ ਦੁਨੀਆਂ ਵਿਚ ਸਾਡੇ ਨਾਲ ਕੁਝ ਵੀ ਬੁਰਾ ਹੋ ਸਕਦਾ ਹੈ। ਸ਼ਾਇਦ ਅਚਾਨਕ ਕਿਸੇ ਦਾ ਐਕਸੀਡੈਂਟ ਹੋ ਜਾਵੇ, ਕਿਸੇ ਨੂੰ ਕੋਈ ਬੀਮਾਰੀ ਲੱਗ ਜਾਵੇ ਜਾਂ ਇੱਥੋਂ ਤਕ ਕਿ ਕਿਸੇ ਦੀ ਮੌਤ ਵੀ ਹੋ ਜਾਵੇ। ਕੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਪਿੱਛੇ ਦੁਸ਼ਟ ਦੂਤਾਂ ਦਾ ਹੱਥ ਹੈ? ਬਾਈਬਲ ਦੱਸਦੀ ਹੈ ਕਿ “ਬੁਰਾ ਸਮਾਂ” ਕਿਸੇ ’ਤੇ ਵੀ ਆ ਸਕਦਾ ਹੈ। (ਉਪ. 9:11, CL) ਯਹੋਵਾਹ ਨੇ ਦਿਖਾਇਆ ਹੈ ਕਿ ਉਹ ਦੁਸ਼ਟ ਦੂਤਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਮਿਸਾਲ ਲਈ, ਪਰਮੇਸ਼ੁਰ ਨੇ ਸ਼ੈਤਾਨ ਨੂੰ ਅੱਯੂਬ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। (ਅੱਯੂ. 2:6) ਮੂਸਾ ਦੇ ਦਿਨਾਂ ਵਿਚ ਯਹੋਵਾਹ ਨੇ ਦਿਖਾਇਆ ਕਿ ਉਸ ਕੋਲ ਮਿਸਰ ਦੇ ਜਾਦੂਗਰਾਂ ਨਾਲੋਂ ਕਿਤੇ ਜ਼ਿਆਦਾ ਤਾਕਤ ਸੀ। (ਕੂਚ 8:18; 9:11) ਬਾਅਦ ਵਿਚ ਯਹੋਵਾਹ ਨੇ ਮਹਿਮਾਵਾਨ ਯਿਸੂ ਨੂੰ ਸਵਰਗ ਵਿਚ ਸ਼ੈਤਾਨ ਅਤੇ ਦੁਸ਼ਟ ਦੂਤਾਂ ’ਤੇ ਅਧਿਕਾਰ ਦਿੱਤਾ। ਇਸ ਲਈ ਉਸ ਨੇ ਉਨ੍ਹਾਂ ਨੂੰ ਧਰਤੀ ’ਤੇ ਸੁੱਟ ਦਿੱਤਾ। ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ ਜਿੱਥੇ ਉਹ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਣਗੇ।​—ਪ੍ਰਕਾ. 12:9; 20:2, 3.

15 ਸਾਡੇ ਕੋਲ ਬਹੁਤ ਸਾਰੇ ਸਬੂਤ ਹਨ ਕਿ ਅੱਜ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ। ਜ਼ਰਾ ਇਸ ਬਾਰੇ ਸੋਚੋ: ਅਸੀਂ ਧਰਤੀ ਦੇ ਹਰ ਕੋਨੇ ’ਤੇ ਸੱਚਾਈ ਦਾ ਪ੍ਰਚਾਰ ਕਰਦੇ ਹਾਂ ਅਤੇ ਇਸ ਬਾਰੇ ਲੋਕਾਂ ਨੂੰ ਸਿਖਾਉਂਦੇ ਹਾਂ। (ਮੱਤੀ 28:19, 20) ਇੱਦਾਂ ਕਰ ਕੇ ਅਸੀਂ ਸ਼ੈਤਾਨ ਦੇ ਬੁਰੇ ਕੰਮਾਂ ਦਾ ਪਰਦਾਫ਼ਾਸ਼ ਕਰਦੇ ਹਾਂ। ਇਹ ਸੱਚ ਹੈ ਕਿ ਜੇ ਸ਼ੈਤਾਨ ਸਾਡੇ ਕੰਮ ਨੂੰ ਰੋਕ ਸਕਦਾ, ਤਾਂ ਹੁਣ ਤਕ ਉਸ ਨੇ ਰੋਕ ਦਿੱਤਾ ਹੁੰਦਾ। ਪਰ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ। ਇਸ ਲਈ ਸਾਨੂੰ ਦੁਸ਼ਟ ਦੂਤਾਂ ਤੋਂ ਡਰਨ ਦੀ ਲੋੜ ਨਹੀਂ ਹੈ। ਅਸੀਂ ਜਾਣਦੇ ਹਾਂ ਕਿ “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤ. 16:9) ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਾਂਗੇ, ਤਾਂ ਦੁਸ਼ਟ ਦੂਤ ਸਾਡਾ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੇ ਜਿਸ ਦੀ ਭਰਪਾਈ ਨਾ ਕੀਤੀ ਜਾ ਸਕੇ।

ਯਹੋਵਾਹ ਦੀ ਮਦਦ ਲੈਣ ਵਾਲਿਆਂ ਲਈ ਬਰਕਤਾਂ

16-17. ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਦੁਸ਼ਟ ਦੂਤਾਂ ਨਾਲ ਲੜਨ ਲਈ ਦਲੇਰੀ ਦੀ ਲੋੜ ਹੈ।

16 ਕਈ ਵਾਰੀ ਸਾਡਾ ਭਲਾ ਚਾਹੁਣ ਵਾਲੇ ਦੋਸਤ ਜਾਂ ਰਿਸ਼ਤੇਦਾਰ ਸਾਡਾ ਵਿਰੋਧ ਕਰਦੇ ਹਨ। ਉਦੋਂ ਦੁਸ਼ਟ ਦੂਤਾਂ ਦਾ ਸਾਮ੍ਹਣਾ ਕਰਨ ਲਈ ਖ਼ਾਸ ਕਰਕੇ ਦਲੇਰੀ ਦੀ ਲੋੜ ਹੁੰਦੀ ਹੈ। ਅਤੇ ਇੱਦਾਂ ਦੀ ਦਲੇਰੀ ਦਿਖਾਉਣ ਵਾਲਿਆਂ ਨੂੰ ਯਹੋਵਾਹ ਬਰਕਤਾਂ ਦਿੰਦਾ ਹੈ। ਘਾਨਾ ਵਿਚ ਰਹਿਣ ਵਾਲੀ ਐਰਿਕਾ ਨਾਂ ਦੀ ਭੈਣ ਦੀ ਮਿਸਾਲ ’ਤੇ ਗੌਰ ਕਰੋ। 21 ਸਾਲਾਂ ਦੀ ਉਮਰ ਵਿਚ ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਉਸ ਦਾ ਪਿਤਾ ਝਾੜਾ-ਫੂਕੀ ਕਰਨ ਵਾਲਾ ਪੁਜਾਰੀ ਸੀ। ਪੁਜਾਰੀ ਦੀ ਕੁੜੀ ਹੋਣ ਕਰਕੇ ਉਸ ਤੋਂ ਉਮੀਦ ਰੱਖੀ ਗਈ ਸੀ ਕਿ ਉਹ ਵੀ ਜਾਦੂਗਰੀ ਦੀ ਇਕ ਰੀਤ ਵਿਚ ਹਿੱਸਾ ਲਵੇ ਜਿਸ ਵਿਚ ਮਰੇ ਹੋਏ ਪੂਰਵਜਾਂ ਨੂੰ ਬਲ਼ੀਆਂ ਵਜੋਂ ਚੜ੍ਹਾਇਆ ਮਾਸ ਖਾਣਾ ਸ਼ਾਮਲ ਸੀ। ਜਦੋਂ ਐਰਿਕਾ ਨੇ ਇੱਦਾਂ ਕਰਨ ਤੋਂ ਇਨਕਾਰ ਕੀਤਾ, ਤਾਂ ਪਰਿਵਾਰ ਨੂੰ ਲੱਗਾ ਕਿ ਉਹ ਉਨ੍ਹਾਂ ਦੇ ਦੇਵਤਿਆਂ ਦਾ ਨਿਰਾਦਰ ਕਰ ਰਹੀ ਸੀ। ਉਨ੍ਹਾਂ ਨੂੰ ਲੱਗਾ ਕਿ ਦੇਵਤੇ ਸਜ਼ਾ ਵਜੋਂ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਬੀਮਾਰੀਆਂ ਲਾ ਦੇਣਗੇ।

17 ਐਰਿਕਾ ਦੇ ਪਰਿਵਾਰ ਨੇ ਉਸ ਨੂੰ ਇਸ ਰੀਤ ਵਿਚ ਹਿੱਸਾ ਲੈਣ ਲਈ ਦਬਾਅ ਪਾਇਆ, ਪਰ ਉਸ ਨੇ ਵੀ ਹਾਰ ਨਹੀਂ ਮੰਨੀ ਭਾਵੇਂ ਇਸ ਕਰਕੇ ਉਸ ਨੂੰ ਆਪਣਾ ਘਰ ਹੀ ਕਿਉਂ ਨਹੀਂ ਛੱਡਣਾ ਪਿਆ। ਕਈ ਗਵਾਹਾਂ ਨੇ ਉਸ ਨੂੰ ਆਪਣੇ ਘਰ ਰੱਖਿਆ। ਇਹ ਗਵਾਹ ਉਸ ਦੇ ਭੈਣ-ਭਰਾ ਬਣੇ। ਹਾਂ, ਐਰਿਕਾ ਨੂੰ ਇਹ ਨਵਾਂ ਪਰਿਵਾਰ ਦੇ ਕੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ। (ਮਰ. 10:29, 30) ਚਾਹੇ ਐਰਿਕਾ ਦੇ ਪਰਿਵਾਰ ਨੇ ਉਸ ਨਾਲ ਆਪਣਾ ਰਿਸ਼ਤਾ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਸਾੜ ਦਿੱਤੀਆਂ, ਪਰ ਉਹ ਯਹੋਵਾਹ ਦੇ ਵਫ਼ਾਦਾਰ ਰਹੀ, ਉਸ ਨੇ ਬਪਤਿਸਮਾ ਲੈ ਲਿਆ ਅਤੇ ਉਹ ਹੁਣ ਰੈਗੂਲਰ ਪਾਇਨੀਅਰ ਹੈ। ਉਹ ਦੁਸ਼ਟ ਦੂਤਾਂ ਤੋਂ ਨਹੀਂ ਡਰਦੀ। ਆਪਣੇ ਪਰਿਵਾਰ ਬਾਰੇ ਐਰਿਕਾ ਕਹਿੰਦੀ ਹੈ: “ਮੈਂ ਹਰ ਰੋਜ਼ ਪ੍ਰਾਰਥਨਾ ਕਰਦੀ ਹਾਂ ਕਿ ਮੇਰਾ ਪਰਿਵਾਰ ਵੀ ਯਹੋਵਾਹ ਬਾਰੇ ਜਾਣ ਕੇ ਖ਼ੁਸ਼ੀ ਪਾਵੇ ਅਤੇ ਉਹ ਆਜ਼ਾਦੀ ਪਾਵੇ ਜੋ ਪਿਆਰੇ ਪਰਮੇਸ਼ੁਰ ਦੀ ਸੇਵਾ ਕਰਨ ਕਰਕੇ ਮਿਲਦੀ ਹੈ।”

18. ਯਹੋਵਾਹ ’ਤੇ ਭਰੋਸਾ ਰੱਖਣ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

18 ਸਾਡੇ ਸਾਰਿਆਂ ਦੀ ਨਿਹਚਾ ਇਸ ਤਰੀਕੇ ਨਾਲ ਨਹੀਂ ਪਰਖੀ ਜਾਵੇਗੀ। ਪਰ ਸਾਨੂੰ ਸਾਰਿਆਂ ਨੂੰ ਦੁਸ਼ਟ ਦੂਤਾਂ ਦਾ ਵਿਰੋਧ ਕਰਨ ਅਤੇ ਯਹੋਵਾਹ ’ਤੇ ਭਰੋਸਾ ਰੱਖਣ ਦੀ ਲੋੜ ਹੈ। ਇੱਦਾਂ ਕਰ ਕੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਅਸੀਂ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਕਰਕੇ ਗੁਮਰਾਹ ਨਹੀਂ ਹੋਵਾਂਗੇ। ਨਾਲੇ ਅਸੀਂ ਦੁਸ਼ਟ ਦੂਤਾਂ ਤੋਂ ਵੀ ਨਹੀਂ ਡਰਾਂਗੇ। ਸਭ ਤੋਂ ਵਧ ਕੇ, ਯਹੋਵਾਹ ਨਾਲ ਸਾਡੀ ਦੋਸਤੀ ਹੋਰ ਪੱਕੀ ਹੋਵੇਗੀ। ਚੇਲੇ ਯਾਕੂਬ ਨੇ ਲਿਖਿਆ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧੀਨ ਕਰੋ; ਪਰ ਸ਼ੈਤਾਨ ਦਾ ਵਿਰੋਧ ਕਰੋ, ਤਾਂ ਉਹ ਤੁਹਾਡੇ ਤੋਂ ਭੱਜ ਜਾਵੇਗਾ। ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”​—ਯਾਕੂ. 4:7, 8.

ਗੀਤ 49 ਯਹੋਵਾਹ ਸਾਡਾ ਸਹਾਰਾ

^ ਪੈਰਾ 5 ਯਹੋਵਾਹ ਨੇ ਸਾਨੂੰ ਦੁਸ਼ਟ ਦੂਤਾਂ ਬਾਰੇ ਖ਼ਬਰਦਾਰ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਸਾਨੂੰ ਕੀ ਨੁਕਸਾਨ ਪਹੁੰਚਾ ਸਕਦੇ ਹਨ। ਦੁਸ਼ਟ ਦੂਤ ਲੋਕਾਂ ਨੂੰ ਗੁਮਰਾਹ ਕਰਨ ਦੀ ਕਿਵੇਂ ਕੋਸ਼ਿਸ਼ ਕਰਦੇ ਹਨ? ਦੁਸ਼ਟ ਦੂਤਾਂ ਦਾ ਵਿਰੋਧ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ਇਸ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਦੁਸ਼ਟ ਦੂਤਾਂ ਤੋਂ ਬਚਣ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ।

^ ਪੈਰਾ 3 ਸ਼ਬਦਾਂ ਦਾ ਮਤਲਬ: ਜਾਦੂਗਰੀ ਵਿਚ ਉਹ ਵਿਸ਼ਵਾਸ ਜਾਂ ਕੰਮ ਹੁੰਦੇ ਹਨ ਜੋ ਦੁਸ਼ਟ ਦੂਤਾਂ ਨਾਲ ਸੰਬੰਧਿਤ ਹੁੰਦੇ ਹਨ। ਇਸ ਵਿਚ ਅਮਰ ਆਤਮਾ ਦੀ ਸਿੱਖਿਆ ਸ਼ਾਮਲ ਹੈ; ਲੋਕ ਮੰਨਦੇ ਹਨ ਕਿ ਮਰੇ ਹੋਏ ਲੋਕ ਜੀਉਂਦੇ ਲੋਕਾਂ ਨਾਲ ਗੱਲ ਕਰ ਸਕਦੇ ਹਨ, ਖ਼ਾਸ ਕਰਕੇ ਚੇਲੇ-ਚਾਂਟਿਆਂ ਰਾਹੀਂ। ਜਾਦੂਗਰੀ ਵਿਚ ਪੁੱਛਾਂ ਪਾਉਣੀਆਂ ਅਤੇ ਜਾਦੂ-ਟੂਣੇ ਕਰਨੇ ਵੀ ਸ਼ਾਮਲ ਹਨ। ਇਸ ਲੇਖ ਵਿਚ ਜਾਦੂ ਸ਼ਬਦ ਉਨ੍ਹਾਂ ਕੰਮਾਂ ਨੂੰ ਦਰਸਾਉਂਦਾ ਹੈ ਜੋ ਅਲੌਕਿਕ ਸ਼ਕਤੀਆਂ ਨਾਲ ਸੰਬੰਧਿਤ ਹੁੰਦੇ ਹਨ। ਇਸ ਵਿਚ ਦੂਜਿਆਂ ’ਤੇ ਜਾਦੂ-ਟੂਣਾ ਕਰਨ ਜਾਂ ਕਿਸੇ ਤੋਂ ਜਾਦੂ-ਟੂਣਾ ਹਟਾਉਣਾ ਵੀ ਸ਼ਾਮਲ ਹੈ। ਇਸ ਵਿਚ ਹੱਥ ਦੀ ਸਫ਼ਾਈ ਨਾਲ ਕੀਤੇ ਜਾਂਦੇ ਕਰਤੱਬ ਸ਼ਾਮਲ ਨਹੀਂ ਹਨ ਜੋ ਦੂਜਿਆਂ ਦੇ ਮਨੋਰੰਜਨ ਲਈ ਕੀਤੇ ਜਾਂਦੇ ਹਨ।

^ ਪੈਰਾ 12 ਬਜ਼ੁਰਗਾਂ ਕੋਲ ਮਨੋਰੰਜਨ ਸੰਬੰਧੀ ਕਾਨੂੰਨ ਬਣਾਉਣ ਦਾ ਹੱਕ ਨਹੀਂ ਹੈ। ਇਸ ਦੀ ਬਜਾਇ, ਹਰ ਮਸੀਹੀ ਨੂੰ ਬਾਈਬਲ-ਆਧਾਰਿਤ ਸਿਖਲਾਈ ਜ਼ਮੀਰ ਅਨੁਸਾਰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਿਹੋ ਜਿਹੀਆਂ ਕਿਤਾਬਾਂ ਪੜ੍ਹਨਗੇ, ਕਿਹੋ ਜਿਹੇ ਪ੍ਰੋਗ੍ਰਾਮ ਦੇਖਣਗੇ ਜਾਂ ਕਿਹੜੀਆਂ ਖੇਡਾਂ ਖੇਡਣਗੇ। ਪਰਿਵਾਰ ਦਾ ਸਮਝਦਾਰ ਮੁਖੀ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਉਸ ਦਾ ਪਰਿਵਾਰ ਬਾਈਬਲ ਅਸੂਲਾਂ ਮੁਤਾਬਕ ਮਨੋਰੰਜਨ ਦੀ ਚੋਣ ਕਰੇ।—jw.org® ’ਤੇ “ਸਾਡੇ ਬਾਰੇ” > “ਆਮ ਪੁੱਛੇ ਜਾਂਦੇ ਸਵਾਲਾਂ” ਹੇਠਾਂ “ਕੀ ਯਹੋਵਾਹ ਦੇ ਗਵਾਹ ਕੁਝ ਫ਼ਿਲਮਾਂ, ਕਿਤਾਬਾਂ ਜਾਂ ਗਾਣਿਆਂ ਉੱਤੇ ਪਾਬੰਦੀ ਲਾਉਂਦੇ ਹਨ?” ਨਾਂ ਦਾ ਲੇਖ ਦੇਖੋ।

^ ਪੈਰਾ 54 ਤਸਵੀਰ ਬਾਰੇ ਜਾਣਕਾਰੀ: ਯਿਸੂ ਸ਼ਕਤੀਸ਼ਾਲੀ ਸਵਰਗੀ ਰਾਜੇ ਵਜੋਂ ਦੂਤਾਂ ਦੀ ਫ਼ੌਜ ਦੀ ਅਗਵਾਈ ਕਰ ਰਿਹਾ ਹੈ।