Skip to content

Skip to table of contents

ਅਧਿਐਨ ਲੇਖ 16

ਮਰੇ ਹੋਇਆਂ ਬਾਰੇ ਸੱਚਾਈ ਜਾਣੋ

ਮਰੇ ਹੋਇਆਂ ਬਾਰੇ ਸੱਚਾਈ ਜਾਣੋ

“ਅਸੀਂ ਦੇਖ ਸਕਦੇ ਹਾਂ ਕਿ ਕਿਹੜਾ ਸੰਦੇਸ਼ ਸੱਚਾ ਹੈ ਅਤੇ ਕਿਹੜਾ ਝੂਠਾ।”​—1 ਯੂਹੰ. 4:6.

ਗੀਤ 33 ਉਨ੍ਹਾਂ ਤੋਂ ਨਾ ਡਰੋ

ਖ਼ਾਸ ਗੱਲਾਂ *

ਪਰਮੇਸ਼ੁਰ ਨੂੰ ਜਿਨ੍ਹਾਂ ਰੀਤੀ-ਰਿਵਾਜਾਂ ਤੋਂ ਖ਼ੁਸ਼ੀ ਨਹੀਂ ਹੁੰਦੀ ਉਨ੍ਹਾਂ ਵਿਚ ਹਿੱਸਾ ਲੈਣ ਦੀ ਬਜਾਇ ਆਪਣੇ ਰਿਸ਼ਤੇਦਾਰਾਂ ਨੂੰ ਦਿਲਾਸਾ ਦਿਓ ਜਿਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋਈ ਹੈ (ਪੈਰੇ 1-2 ਦੇਖੋ) *

1-2. (ੳ) ਸ਼ੈਤਾਨ ਨੇ ਕਿਨ੍ਹਾਂ ਤਰੀਕਿਆਂ ਨਾਲ ਲੋਕਾਂ ਨੂੰ ਗੁਮਰਾਹ ਕੀਤਾ ਹੈ? (ਅ) ਇਸ ਲੇਖ ਵਿਚ ਕਿਸ ਗੱਲ ’ਤੇ ਚਰਚਾ ਕਰਾਂਗੇ?

“ਝੂਠ ਦਾ ਪਿਉ” ਸ਼ੈਤਾਨ ਸ਼ੁਰੂ ਤੋਂ ਹੀ ਲੋਕਾਂ ਨੂੰ ਗੁਮਰਾਹ ਕਰਦਾ ਆਇਆ ਹੈ। (ਯੂਹੰ. 8:44) ਉਸ ਨੇ ਜੋ ਝੂਠ ਬੋਲੇ ਹਨ ਉਨ੍ਹਾਂ ਵਿਚ ਮੌਤ ਅਤੇ ਮੁਰਦਿਆਂ ਦੀ ਹਾਲਤ ਬਾਰੇ ਝੂਠੀਆਂ ਸਿੱਖਿਆਵਾਂ ਵੀ ਸ਼ਾਮਲ ਹਨ। ਇਨ੍ਹਾਂ ਝੂਠੀਆਂ ਸਿੱਖਿਆਵਾਂ ਕਰਕੇ ਜ਼ਿਆਦਾਤਰ ਲੋਕ ਮਰਿਆਂ ਹੋਇਆਂ ਤੋਂ ਡਰਦੇ ਮਾਰੇ ਬਹੁਤ ਸਾਰੇ ਰੀਤੀ-ਰਿਵਾਜ ਅਤੇ ਵਹਿਮ-ਭਰਮ ਕਰਦੇ ਹਨ। ਇਸ ਕਰਕੇ ਜਦੋਂ ਸਾਡੇ ਕੁਝ ਭੈਣਾਂ-ਭਰਾਵਾਂ ਦੇ ਪਰਿਵਾਰ ਜਾਂ ਵਾਕਫ਼ਾਂ ਵਿੱਚੋਂ ਕਿਸੇ ਦੀ ਮੌਤ ਹੋਈ, ਤਾਂ ਉਨ੍ਹਾਂ ਨੂੰ ‘ਮਸੀਹੀ ਸਿੱਖਿਆਵਾਂ ਦੀ ਰਾਖੀ ਕਰਨ ਲਈ ਪੂਰਾ ਜ਼ੋਰ ਲਾ ਕੇ ਲੜਨਾ’ ਪਿਆ।​—ਯਹੂ. 3.

2 ਅਜਿਹੀ ਪਰੀਖਿਆ ਆਉਣ ’ਤੇ ਤੁਸੀਂ ਸੱਚਾਈ ਪ੍ਰਤੀ ਕਿਵੇਂ ਵਫ਼ਾਦਾਰ ਰਹਿ ਸਕਦੇ ਹੋ? (ਅਫ਼. 6:11) ਤੁਸੀਂ ਉਸ ਭੈਣ ਜਾਂ ਭਰਾ ਨੂੰ ਦਿਲਾਸਾ ਅਤੇ ਹੌਸਲਾ ਕਿਵੇਂ ਦੇ ਸਕਦੇ ਹੋ ਜਿਸ ’ਤੇ ਗ਼ਲਤ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ? ਇਸ ਲੇਖ ਵਿਚ ਅਸੀਂ ਇਸ ਗੱਲ ’ਤੇ ਚਰਚਾ ਕਰਾਂਗੇ ਕਿ ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ। ਆਓ ਆਪਾਂ ਪਹਿਲਾਂ ਦੇਖੀਏ ਕਿ ਬਾਈਬਲ ਮੌਤ ਬਾਰੇ ਕੀ ਕਹਿੰਦੀ ਹੈ।

ਮਰੇ ਹੋਇਆਂ ਦੀ ਹਾਲਤ ਬਾਰੇ ਸੱਚਾਈ

3. ਪਹਿਲੇ ਝੂਠ ਦੇ ਕੀ ਨਤੀਜੇ ਨਿਕਲੇ?

3 ਪਰਮੇਸ਼ੁਰ ਨਹੀਂ ਚਾਹੁੰਦਾ ਸੀ ਕਿ ਇਨਸਾਨ ਮਰਨ। ਪਰ ਹਮੇਸ਼ਾ ਜੀਉਂਦੇ ਰਹਿਣ ਲਈ ਆਦਮ ਤੇ ਹੱਵਾਹ ਨੂੰ ਯਹੋਵਾਹ ਵੱਲੋਂ ਦਿੱਤਾ ਇਹ ਸੌਖਾ ਜਿਹਾ ਹੁਕਮ ਮੰਨਣਾ ਪੈਣਾ ਸੀ: “ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤ. 2:16, 17) ਫਿਰ ਸ਼ੈਤਾਨ ਨੇ ਮੁਸ਼ਕਲਾਂ ਖੜ੍ਹੀਆਂ ਕੀਤੀਆਂ। ਉਸ ਨੇ ਸੱਪ ਰਾਹੀਂ ਹੱਵਾਹ ਨੂੰ ਕਿਹਾ: “ਤੁਸੀਂ ਕਦੀ ਨਾ ਮਰੋਗੇ।” ਦੁੱਖ ਦੀ ਗੱਲ ਹੈ ਕਿ ਹੱਵਾਹ ਨੇ ਇਸ ਝੂਠ ’ਤੇ ਵਿਸ਼ਵਾਸ ਕੀਤਾ ਅਤੇ ਫਲ ਖਾ ਲਿਆ। ਬਾਅਦ ਵਿਚ ਉਸ ਦੇ ਪਤੀ ਨੇ ਵੀ ਫਲ ਖਾ ਲਿਆ। (ਉਤ. 3:4, 6) ਇਸ ਤਰ੍ਹਾਂ ਪਾਪ ਇਨਸਾਨਾਂ ਵਿਚ ਆ ਗਿਆ ਅਤੇ ਉਹ ਮਰਨ ਲੱਗੇ।​—ਰੋਮੀ. 5:12.

4-5. ਸ਼ੈਤਾਨ ਲੋਕਾਂ ਨੂੰ ਗੁਮਰਾਹ ਕਿਵੇਂ ਕਰਦਾ ਹੈ?

4 ਯਹੋਵਾਹ ਦੇ ਕਹੇ ਅਨੁਸਾਰ ਆਦਮ ਤੇ ਹੱਵਾਹ ਮਰ ਗਏ। ਪਰ ਸ਼ੈਤਾਨ ਨੇ ਮੌਤ ਬਾਰੇ ਝੂਠ ਬੋਲਣਾ ਬੰਦ ਨਹੀਂ ਕੀਤਾ। ਬਾਅਦ ਵਿਚ ਉਸ ਨੇ ਹੋਰ ਨਵੇਂ ਝੂਠ ਬੋਲੇ। ਉਨ੍ਹਾਂ ਵਿੱਚੋਂ ਇਕ ਝੂਠ ਹੈ ਕਿ ਇਨਸਾਨ ਦਾ ਸਰੀਰ ਮਰ ਜਾਂਦਾ ਹੈ, ਪਰ ਉਸ ਦੀ ਆਤਮਾ ਜੀਉਂਦੀ ਰਹਿੰਦੀ ਹੈ। ਮੌਤ ਬਾਰੇ ਅਲੱਗ-ਅਲੱਗ ਝੂਠ ਬੋਲ ਕੇ ਉਸ ਨੇ ਹੁਣ ਤਕ ਅਣਗਿਣਤ ਲੋਕਾਂ ਨੂੰ ਗੁਮਰਾਹ ਕੀਤਾ ਹੈ।​—1 ਤਿਮੋ. 4:1.

5 ਇੰਨੇ ਸਾਰੇ ਲੋਕ ਗੁਮਰਾਹ ਕਿਉਂ ਹੋਏ ਹਨ? ਸ਼ੈਤਾਨ ਜਾਣਦਾ ਹੈ ਕਿ ਲੋਕ ਮੌਤ ਬਾਰੇ ਕਿਵੇਂ ਮਹਿਸੂਸ ਕਰਦੇ ਹਨ ਅਤੇ ਉਹ ਇਸ ਗੱਲ ਦਾ ਫ਼ਾਇਦਾ ਉਠਾ ਕੇ ਝੂਠ ਫੈਲਾਉਂਦਾ ਹੈ। ਅਸੀਂ ਮਰਨਾ ਨਹੀਂ ਚਾਹੁੰਦੇ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਹਮੇਸ਼ਾ ਜੀਉਂਦੇ ਰਹਿਣ ਲਈ ਬਣਾਇਆ ਸੀ। (ਉਪ. 3:11) ਅਸੀਂ ਮੌਤ ਨੂੰ ਆਪਣਾ ਦੁਸ਼ਮਣ ਮੰਨਦੇ ਹਾਂ।​—1 ਕੁਰਿੰ. 15:26.

6-7. (ੳ) ਕੀ ਸ਼ੈਤਾਨ ਮੌਤ ਬਾਰੇ ਸੱਚਾਈ ਛੁਪਾਉਣ ਵਿਚ ਕਾਮਯਾਬ ਹੋਇਆ? ਸਮਝਾਓ। (ਅ) ਬਾਈਬਲ ਦੀ ਸੱਚਾਈ ਸਾਡੀ ਕਿਵੇਂ ਮਦਦ ਕਰਦੀ ਹੈ ਕਿ ਅਸੀਂ ਮਰੇ ਹੋਇਆਂ ਤੋਂ ਨਾ ਡਰੀਏ?

6 ਸ਼ੈਤਾਨ ਦੇ ਜਤਨਾਂ ਦੇ ਬਾਵਜੂਦ ਮੌਤ ਬਾਰੇ ਸੱਚਾਈ ਛੁਪੀ ਨਹੀਂ ਰਹੀ। ਦਰਅਸਲ, ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕ ਜਾਣਦੇ ਹਨ ਅਤੇ ਦੂਜਿਆਂ ਨੂੰ ਦੱਸਦੇ ਹਨ ਕਿ ਬਾਈਬਲ ਮਰੇ ਹੋਇਆਂ ਦੀ ਹਾਲਤ ਬਾਰੇ ਕੀ ਕਹਿੰਦੀ ਹੈ ਅਤੇ ਮਰੇ ਹੋਏ ਲੋਕਾਂ ਲਈ ਕੀ ਉਮੀਦ ਦਿੰਦੀ ਹੈ। (ਉਪ. 9:5, 10; ਰਸੂ. 24:15) ਇਨ੍ਹਾਂ ਸੱਚਾਈਆਂ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਹ ਸਾਡੇ ਡਰ ਅਤੇ ਸ਼ੱਕ ਨੂੰ ਖ਼ਤਮ ਕਰਦੀਆਂ ਹਨ ਕਿ ਮੌਤ ਤੋਂ ਬਾਅਦ ਇਨਸਾਨਾਂ ਨਾਲ ਪਤਾ ਨਹੀਂ ਕੀ ਹੁੰਦਾ ਹੈ। ਮਿਸਾਲ ਲਈ, ਅਸੀਂ ਮਰ ਚੁੱਕੇ ਲੋਕਾਂ ਤੋਂ ਨਹੀਂ ਡਰਦੇ ਅਤੇ ਸਾਨੂੰ ਇਹ ਡਰ ਨਹੀਂ ਕਿ ਸਾਡੇ ਅਜ਼ੀਜ਼ ਮਰਨ ਤੋਂ ਬਾਅਦ ਕਿਤੇ ਦੁੱਖ ਭੋਗਣਗੇ। ਅਸੀਂ ਜਾਣਦੇ ਹਾਂ ਕਿ ਉਹ ਜੀਉਂਦੇ ਨਹੀਂ ਹਨ ਅਤੇ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਗੂੜ੍ਹੀ ਨੀਂਦ ਸੁੱਤੇ ਪਏ ਹੋਣ। (ਯੂਹੰ. 11:11-14) ਅਸੀਂ ਇਹ ਵੀ ਜਾਣਦੇ ਹਾਂ ਕਿ ਮਰੇ ਹੋਇਆਂ ਨੂੰ ਗੁਜ਼ਰ ਰਹੇ ਸਮੇਂ ਬਾਰੇ ਕੁਝ ਨਹੀਂ ਪਤਾ। ਇਸ ਲਈ ਜਦੋਂ ਸਦੀਆਂ ਤੋਂ ਮਰ ਚੁੱਕੇ ਲੋਕਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ, ਤਾਂ ਉਨ੍ਹਾਂ ਨੂੰ ਲੱਗੇਗਾ ਕਿ ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ।

7 ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਮਰੇ ਹੋਇਆਂ ਬਾਰੇ ਸੱਚਾਈ ਸਪੱਸ਼ਟ, ਸੌਖੀ ਅਤੇ ਸਹੀ ਹੈ। ਸ਼ੈਤਾਨ ਦੁਆਰਾ ਫੈਲਾਈਆਂ ਝੂਠੀਆਂ ਗੱਲਾਂ ਤੋਂ ਕਿੰਨੀ ਵੱਖਰੀ ਹੈ! ਇਨ੍ਹਾਂ ਰਾਹੀਂ ਲੋਕ ਗੁਮਰਾਹ ਤਾਂ ਹੁੰਦੇ ਹਨ, ਪਰ ਇਸ ਦੇ ਨਾਲ-ਨਾਲ ਸਾਡੇ ਸ੍ਰਿਸ਼ਟੀਕਰਤਾ ਦੀ ਵੀ ਬਦਨਾਮੀ ਹੁੰਦੀ ਹੈ। ਸ਼ੈਤਾਨ ਦੁਆਰਾ ਪਹੁੰਚਾਏ ਨੁਕਸਾਨ ਬਾਰੇ ਚੰਗੀ ਤਰ੍ਹਾਂ ਜਾਣਨ ਲਈ ਅਸੀਂ ਇਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ: ਸ਼ੈਤਾਨ ਦੁਆਰਾ ਫੈਲਾਈਆਂ ਝੂਠੀਆਂ ਗੱਲਾਂ ਤੋਂ ਯਹੋਵਾਹ ਦੀ ਬਦਨਾਮੀ ਕਿਵੇਂ ਹੁੰਦੀ ਹੈ? ਇਨ੍ਹਾਂ ਸਾਰੀਆਂ ਝੂਠੀਆਂ ਗੱਲਾਂ ਕਰਕੇ ਲੋਕ ਕਿਉਂ ਸੋਚਦੇ ਹਨ ਕਿ ਯਿਸੂ ਦੇ ਬਲੀਦਾਨ ’ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੈ? ਇਨ੍ਹਾਂ ਸਾਰੀਆਂ ਝੂਠੀਆਂ ਗੱਲਾਂ ਕਰਕੇ ਇਨਸਾਨਾਂ ਦੇ ਦੁੱਖਾਂ ਵਿਚ ਵਾਧਾ ਕਿਵੇਂ ਹੋਇਆ ਹੈ?

ਸ਼ੈਤਾਨ ਦੁਆਰਾ ਬੋਲੇ ਝੂਠ ਕਰਕੇ ਬਹੁਤ ਨੁਕਸਾਨ ਹੋਇਆ ਹੈ

8. ਯਿਰਮਿਯਾਹ 19:5 ਅਨੁਸਾਰ ਮਰੇ ਹੋਇਆਂ ਬਾਰੇ ਸ਼ੈਤਾਨ ਦੇ ਬੋਲੇ ਹਰ ਝੂਠ ਤੋਂ ਯਹੋਵਾਹ ਦੀ ਬਦਨਾਮੀ ਕਿਵੇਂ ਹੁੰਦੀ ਹੈ?

8 ਮਰੇ ਹੋਇਆਂ ਬਾਰੇ ਸ਼ੈਤਾਨ ਦੇ ਬੋਲੇ ਹਰ ਝੂਠ ਤੋਂ ਯਹੋਵਾਹ ਦੀ ਬਦਨਾਮੀ ਹੁੰਦੀ ਹੈ। ਇਨ੍ਹਾਂ ਝੂਠੀਆਂ ਸਿੱਖਿਆਵਾਂ ਵਿਚ ਮਰੇ ਹੋਇਆਂ ਨੂੰ ਨਰਕ ਵਿਚ ਤੜਫ਼ਾਏ ਜਾਣ ਦੀ ਸਿੱਖਿਆ ਵੀ ਸ਼ਾਮਲ ਹੈ। ਇਸ ਤਰ੍ਹਾਂ ਦੀਆਂ ਸਿੱਖਿਆਵਾਂ ਤੋਂ ਪਰਮੇਸ਼ੁਰ ਦੀ ਬਦਨਾਮੀ ਹੁੰਦੀ ਹੈ। ਕਿਵੇਂ? ਦਰਅਸਲ ਇਨ੍ਹਾਂ ਸਿੱਖਿਆਵਾਂ ਕਰਕੇ ਲੋਕ ਯਕੀਨ ਕਰਦੇ ਹਨ ਕਿ ਪਿਆਰ ਕਰਨ ਵਾਲਾ ਪਰਮੇਸ਼ੁਰ ਵੀ ਸ਼ੈਤਾਨ ਵਾਂਗ ਜ਼ਾਲਮ ਹੈ। (1 ਯੂਹੰ. 4:8) ਇਸ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਇਸ ਤੋਂ ਵੀ ਜ਼ਰੂਰੀ ਗੱਲ ਹੈ ਕਿ ਯਹੋਵਾਹ ਇਸ ਬਾਰੇ ਕਿਵੇਂ ਮਹਿਸੂਸ ਕਰਦਾ ਹੋਣਾ? ਦਰਅਸਲ ਯਹੋਵਾਹ ਹਰ ਤਰ੍ਹਾਂ ਦੇ ਜ਼ੁਲਮ ਤੋਂ ਸਖ਼ਤ ਨਫ਼ਰਤ ਕਰਦਾ ਹੈ।​—ਯਿਰਮਿਯਾਹ 19:5 ਪੜ੍ਹੋ।

9. ਸ਼ੈਤਾਨ ਦੀਆਂ ਝੂਠੀਆਂ ਗੱਲਾਂ ਕਰਕੇ ਲੋਕ ਯੂਹੰਨਾ 3:16 ਅਤੇ 15:13 ਵਿਚ ਜ਼ਿਕਰ ਮਸੀਹ ਦੀ ਕੁਰਬਾਨੀ ’ਤੇ ਵਿਸ਼ਵਾਸ ਕਰਨ ਦੀ ਲੋੜ ਮਹਿਸੂਸ ਕਿਉਂ ਨਹੀਂ ਕਰਦੇ?

9 ਮੌਤ ਬਾਰੇ ਸ਼ੈਤਾਨ ਦੇ ਬੋਲੇ ਹਰ ਝੂਠ ਕਰਕੇ ਲੋਕ ਮਸੀਹ ਦੀ ਕੁਰਬਾਨੀ ’ਤੇ ਵਿਸ਼ਵਾਸ ਕਰਨ ਦੀ ਲੋੜ ਮਹਿਸੂਸ ਨਹੀਂ ਕਰਦੇ। (ਮੱਤੀ 20:28) ਸ਼ੈਤਾਨ ਦਾ ਇਕ ਹੋਰ ਝੂਠ ਹੈ ਕਿ ਇਨਸਾਨਾਂ ਵਿਚ ਅਮਰ ਆਤਮਾ ਹੈ। ਜੇ ਇਹ ਗੱਲ ਸੱਚ ਹੁੰਦੀ, ਤਾਂ ਉਨ੍ਹਾਂ ਕੋਲ ਪਹਿਲਾਂ ਹੀ ਹਮੇਸ਼ਾ ਦੀ ਜ਼ਿੰਦਗੀ ਹੈ। ਜੇ ਇੱਦਾਂ ਹੁੰਦਾ, ਤਾਂ ਮਸੀਹ ਨੂੰ ਸਾਡੇ ਲਈ ਕੁਰਬਾਨੀ ਦੇਣ ਦੀ ਲੋੜ ਨਹੀਂ ਪੈਣੀ ਸੀ ਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਯਾਦ ਰੱਖੋ ਕਿ ਮਸੀਹ ਦੀ ਕੁਰਬਾਨੀ ਇਨਸਾਨਾਂ ਲਈ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। (ਯੂਹੰਨਾ 3:16; 15:13 ਪੜ੍ਹੋ।) ਕਲਪਨਾ ਕਰੋ ਕਿ ਯਹੋਵਾਹ ਤੇ ਯਿਸੂ ਇਨ੍ਹਾਂ ਸਿੱਖਿਆਵਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋਣੇ ਜਿਨ੍ਹਾਂ ਕਰਕੇ ਇਸ ਅਨਮੋਲ ਤੋਹਫ਼ੇ ਦੀ ਬੇਕਦਰੀ ਹੁੰਦੀ ਹੈ।

10. ਸ਼ੈਤਾਨ ਦੇ ਹਰ ਝੂਠ ਕਰਕੇ ਇਨਸਾਨਾਂ ਦੇ ਦੁੱਖ ਵਿਚ ਵਾਧਾ ਕਿਵੇਂ ਹੋਇਆ ਹੈ?

10 ਸ਼ੈਤਾਨ ਦੁਆਰਾ ਬੋਲੇ ਝੂਠ ਕਰਕੇ ਇਨਸਾਨਾਂ ਦੇ ਦੁੱਖਾਂ ਵਿਚ ਵਾਧਾ ਹੋਇਆ ਹੈ। ਆਪਣੇ ਬੱਚੇ ਦੀ ਮੌਤ ਦਾ ਸੋਗ ਮਨਾ ਰਹੇ ਮਾਪਿਆਂ ਨੂੰ ਸ਼ਾਇਦ ਕਿਹਾ ਜਾਵੇ ਕਿ ‘ਰੱਬ ਨੇ ਤੇਰੇ ਬੱਚੇ ਨੂੰ ਲੈ ਲਿਆ ਹੈ’ ਜਾਂ ‘ਉਹ ਹੁਣ ਸਵਰਗ ਵਿਚ ਇਕ ਦੂਤ ਹੈ।’ ਕੀ ਸ਼ੈਤਾਨ ਦੇ ਇਸ ਝੂਠ ਕਰਕੇ ਉਨ੍ਹਾਂ ਦਾ ਦੁੱਖ ਘੱਟਦਾ ਹੈ ਜਾਂ ਵਧਦਾ? ਨਰਕ ਦੀ ਸਿੱਖਿਆ ਬਾਰੇ ਸੋਚੋ। ਇਕ ਕਿਤਾਬ ਮੁਤਾਬਕ ਇਕ ਅਦਾਲਤ ਬਹੁਤ ਸਾਲਾਂ ਤਕ ਕੈਥੋਲਿਕ ਚਰਚ ਦੀਆਂ ਸਿੱਖਿਆਵਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਤਸੀਹੇ ਦਿੰਦੀ ਸੀ। ਉਹ ਵਿਰੋਧੀਆਂ ਨੂੰ ਤਸੀਹੇ ਦੇ ਕੇ “ਝਲਕ ਦੇ ਰਹੇ ਸਨ ਕਿ ਨਰਕ ਦੀ ਅੱਗ ਕਿੱਦਾਂ ਦੀ ਹੋਵੇਗੀ” ਤਾਂਕਿ ਉਹ ਮਰਨ ਤੋਂ ਪਹਿਲਾਂ ਪਸ਼ਚਾਤਾਪ ਕਰ ਸਕਣ ਅਤੇ ਨਰਕ ਦੀ ਅੱਗ ਤੋਂ ਬਚ ਜਾਣ। ਹਾਂ, ਨਰਕ ਦੀ ਸਿੱਖਿਆ ਕਰਕੇ ਚਰਚ ਨੇ ਲੋਕਾਂ ਨੂੰ ਤਸੀਹੇ ਦੇਣਾ ਜਾਇਜ਼ ਮੰਨਿਆ। ਬਹੁਤ ਸਾਰੇ ਦੇਸ਼ਾਂ ਵਿਚ ਲੋਕਾਂ ਨੂੰ ਆਪਣੇ ਮਰੇ ਹੋਏ ਪੂਰਵਜਾਂ ਦੀ ਭਗਤੀ ਕਰਨ, ਉਨ੍ਹਾਂ ਨੂੰ ਖ਼ੁਸ਼ ਕਰਨ ਜਾਂ ਉਨ੍ਹਾਂ ਤੋਂ ਬਰਕਤਾਂ ਹਾਸਲ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਕੁਝ ਲੋਕ ਆਪਣੇ ਮਰੇ ਹੋਏ ਪੂਰਵਜਾਂ ਦੀ ਪੂਜਾ ਕਰਦੇ ਹਨ ਤਾਂਕਿ ਉਹ ਉਨ੍ਹਾਂ ਨੂੰ ਸਜ਼ਾ ਨਾ ਦੇਣ। ਸ਼ੈਤਾਨ ਦੇ ਝੂਠ ਦੇ ਆਧਾਰ ’ਤੇ ਬਣੇ ਇਨ੍ਹਾਂ ਵਿਸ਼ਵਾਸਾਂ ਤੋਂ ਕੋਈ ਦਿਲਾਸਾ ਨਹੀਂ ਮਿਲਦਾ। ਇਸ ਦੀ ਬਜਾਇ, ਇਨ੍ਹਾਂ ਝੂਠੀਆਂ ਗੱਲਾਂ ਕਰਕੇ ਲੋਕਾਂ ਨੂੰ ਹੋਰ ਚਿੰਤਾ ਅਤੇ ਡਰ ਹੁੰਦਾ ਹੈ।

ਅਸੀਂ ਬਾਈਬਲ ਦੀ ਸੱਚਾਈ ਦਾ ਪੱਖ ਕਿਵੇਂ ਲੈ ਸਕਦੇ ਹਾਂ?

11. ਰਿਸ਼ਤੇਦਾਰ ਜਾਂ ਦੋਸਤ ਪਰਮੇਸ਼ੁਰ ਦੇ ਬਚਨ ਦੇ ਖ਼ਿਲਾਫ਼ ਜਾਣ ਲਈ ਸ਼ਾਇਦ ਸਾਡੇ ਉੱਤੇ ਦਬਾਅ ਕਿਵੇਂ ਪਾਉਣ?

11 ਜਦੋਂ ਸਾਡੇ ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਸਾਡੇ ’ਤੇ ਮਰੇ ਹੋਇਆਂ ਸੰਬੰਧੀ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣ ਦਾ ਦਬਾਅ ਪਾਉਂਦੇ ਹਨ, ਤਾਂ ਉਦੋਂ ਅਸੀਂ ਕੀ ਕਰਾਂਗੇ? ਉਹ ਸ਼ਾਇਦ ਸਾਡੀ ਬੇਇੱਜ਼ਤੀ ਕਰਨ। ਉਹ ਸ਼ਾਇਦ ਸਾਨੂੰ ਕਹਿਣ ਕਿ ਅਸੀਂ ਆਪਣੇ ਮਰੇ ਹੋਏ ਅਜ਼ੀਜ਼ ਨੂੰ ਪਿਆਰ ਨਹੀਂ ਕਰਦੇ ਸੀ ਜਾਂ ਉਸ ਦੀ ਇੱਜ਼ਤ ਨਹੀਂ ਕਰਦੇ ਸੀ। ਜਾਂ ਉਹ ਸ਼ਾਇਦ ਸਾਨੂੰ ਕਹਿਣ ਕਿ ਸਾਡੇ ਕਰਕੇ ਮਰਿਆ ਹੋਇਆ ਵਿਅਕਤੀ ਕਿਸੇ ਤਰੀਕੇ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਾਏਗਾ। ਅਸੀਂ ਯਹੋਵਾਹ ਅਤੇ ਉਸ ਦੇ ਬਚਨ ਨਾਲ ਪਿਆਰ ਹੋਣ ਕਰਕੇ ਜ਼ਰੂਰ ਉਸ ਦਾ ਕਹਿਣਾ ਮੰਨਾਂਗੇ। ਪਰ ਅਸੀਂ ਬਾਈਬਲ ਦੀ ਸੱਚਾਈ ਦਾ ਪੱਖ ਕਿਵੇਂ ਲੈ ਸਕਦੇ ਹਾਂ? ਗੌਰ ਕਰੋ ਕਿ ਤੁਸੀਂ ਅੱਗੇ ਦੱਸੇ ਬਾਈਬਲ ਦੇ ਅਸੂਲ ਕਿਵੇਂ ਲਾਗੂ ਕਰ ਸਕਦੇ ਹੋ।

12. ਮਰੇ ਹੋਇਆਂ ਸੰਬੰਧੀ ਕਿਹੜੇ ਵਿਸ਼ਵਾਸ ਅਤੇ ਰੀਤੀ-ਰਿਵਾਜ ਬਾਈਬਲ ਦੇ ਮੁਤਾਬਕ ਨਹੀਂ ਹਨ?

12 ਬਾਈਬਲ ਤੋਂ ਉਲਟ ਵਿਸ਼ਵਾਸਾਂ ਅਤੇ ਰੀਤੀ-ਰਿਵਾਜਾਂ ਤੋਂ “ਆਪਣੇ ਆਪ ਨੂੰ ਵੱਖ” ਕਰਨ ਦਾ ਪੱਕਾ ਇਰਾਦਾ ਕਰੋ। (2 ਕੁਰਿੰ. 6:17) ਕੈਰੀਬੀਅਨ ਦੇਸ਼ ਵਿਚ ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਮਰੇ ਹੋਏ ਇਨਸਾਨ ਦਾ “ਭੂਤ” ਉਨ੍ਹਾਂ ਦੇ ਨੇੜੇ ਹੀ ਰਹਿੰਦਾ ਹੈ। ਜਦੋਂ ਮਰਿਆਂ ਹੋਇਆ ਵਿਅਕਤੀ ਜੀਉਂਦਾ ਸੀ ਅਤੇ ਜਿਨ੍ਹਾਂ ਲੋਕਾਂ ਨੇ ਉਸ ਨਾਲ ਬੁਰਾ ਸਲੂਕ ਕੀਤਾ ਹੁੰਦਾ ਸੀ, ਤਾਂ ਉਹ ਉਨ੍ਹਾਂ ਤੋਂ ਬਦਲਾ ਲੈਂਦਾ ਹੈ। ਇਕ ਕਿਤਾਬ ਕਹਿੰਦੀ ਹੈ, ਇਹ “ਭੂਤ” ਸ਼ਾਇਦ “ਸਾਰੇ ਕਬੀਲੇ ਨੂੰ ਨੁਕਸਾਨ ਪਹੁੰਚਾਵੇ।” ਅਫ਼ਰੀਕਾ ਵਿਚ ਇਕ ਰਿਵਾਜ ਹੈ ਕਿ ਜਿਸ ਘਰ ਵਿਚ ਕਿਸੇ ਦੀ ਮੌਤ ਹੋਈ ਹੁੰਦੀ ਹੈ ਉਸ ਘਰ ਵਿਚ ਸ਼ੀਸ਼ਿਆਂ ਨੂੰ ਢੱਕ ਦਿੱਤਾ ਜਾਂਦਾ ਹੈ ਅਤੇ ਮਰੇ ਹੋਏ ਵਿਅਕਤੀ ਦੀਆਂ ਤਸਵੀਰਾਂ ਨੂੰ ਕੰਧ ਵੱਲ ਘੁਮਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਹੈ? ਕੁਝ ਲੋਕ ਦਾਅਵਾ ਕਰਦੇ ਹਨ ਕਿ ਮਰੇ ਹੋਇਆਂ ਨੂੰ ਆਪਣੇ ਆਪ ਨੂੰ ਨਹੀਂ ਦੇਖਣਾ ਚਾਹੀਦਾ। ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਕਿਸੇ ਵੀ ਤਰ੍ਹਾਂ ਦੀਆਂ ਮਨ-ਘੜਤ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਦੇ ਜਾਂ ਉਨ੍ਹਾਂ ਕੰਮਾਂ ਵਿਚ ਹਿੱਸਾ ਨਹੀਂ ਲੈਂਦੇ ਜਿਨ੍ਹਾਂ ਨਾਲ ਸ਼ੈਤਾਨ ਦੇ ਝੂਠ ਦਾ ਸਮਰਥਨ ਹੁੰਦਾ ਹੈ।​—1 ਕੁਰਿੰ. 10:21, 22.

ਧਿਆਨ ਨਾਲ ਖੋਜਬੀਨ ਕਰਨ ਅਤੇ ਰਿਸ਼ਤੇਦਾਰਾਂ ਨਾਲ ਚੰਗੀ ਗੱਲਬਾਤ ਕਰਨ ਨਾਲ ਤੁਸੀਂ ਸਮੱਸਿਆਵਾਂ ਤੋਂ ਬਚ ਸਕਦੇ ਹੋ (ਪੈਰੇ 13-14 ਦੇਖੋ) *

13. ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਤੁਸੀਂ ਕਿਸੇ ਰੀਤੀ-ਰਿਵਾਜ ਵਿਚ ਹਿੱਸਾ ਲੈ ਸਕਦੇ ਹੋ ਜਾਂ ਨਹੀਂ, ਤਾਂ ਯਾਕੂਬ 1:5 ਅਨੁਸਾਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

13 ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਤੁਸੀਂ ਕਿਸੇ ਰੀਤੀ-ਰਿਵਾਜ ਜਾਂ ਕੰਮ ਵਿਚ ਹਿੱਸਾ ਲੈ ਸਕਦੇ ਹੋ ਜਾਂ ਨਹੀਂ, ਤਾਂ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਬੁੱਧ ਮੰਗੋ। (ਯਾਕੂਬ 1:5 ਪੜ੍ਹੋ।) ਫਿਰ ਸਾਡੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰੋ। ਲੋੜ ਪੈਣ ’ਤੇ ਆਪਣੀ ਮੰਡਲੀ ਦੇ ਬਜ਼ੁਰਗਾਂ ਤੋਂ ਸਲਾਹ ਲਵੋ। ਉਹ ਇਹ ਨਹੀਂ ਦੱਸਣਗੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਪਰ ਉਹ ਤੁਹਾਨੂੰ ਬਾਈਬਲ ਵਿੱਚੋਂ ਕੁਝ ਅਸੂਲ ਦੱਸਣਗੇ, ਜਿਵੇਂ ਇਸ ਲੇਖ ਵਿਚ ਦੱਸੇ ਗਏ ਹਨ। ਇੱਦਾਂ ਕਰ ਕੇ ਤੁਸੀਂ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ” ਨੂੰ ਵਰਤਣਾ ਸਿੱਖੋਗੇ ਅਤੇ ਇਹ ਕਾਬਲੀਅਤ “ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ” ਵਿਚ ਤੁਹਾਡੀ ਮਦਦ ਕਰੇਗੀ।​—ਇਬ. 5:14.

14. ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਦੂਜਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਬਣਨ ਤੋਂ ਬਚ ਸਕਦੇ ਹਾਂ?

14 “ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ। ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ।” (1 ਕੁਰਿੰ. 10:31, 32) ਕਿਸੇ ਰੀਤੀ-ਰਿਵਾਜ ਵਿਚ ਹਿੱਸਾ ਲੈਣ ਦਾ ਫ਼ੈਸਲਾ ਕਰਦਿਆਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਫ਼ੈਸਲੇ ਦਾ ਦੂਜਿਆਂ ਦੀ ਜ਼ਮੀਰ ’ਤੇ ਕੀ ਅਸਰ ਪਵੇਗਾ, ਖ਼ਾਸ ਕਰਕੇ ਮਸੀਹੀ ਭੈਣਾਂ-ਭਰਾਵਾਂ ਦੀ ਜ਼ਮੀਰ ’ਤੇ। ਅਸੀਂ ਕਦੇ ਵੀ ਕਿਸੇ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਨਹੀਂ ਬਣਨਾ ਚਾਹੁੰਦੇ। (ਮਰ. 9:42) ਨਾਲੇ ਬਿਨਾਂ ਵਜ੍ਹਾ ਅਸੀਂ ਉਨ੍ਹਾਂ ਲੋਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਜੋ ਗਵਾਹ ਨਹੀਂ ਹਨ। ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਨਾਲ ਆਦਰ ਨਾਲ ਗੱਲ ਕਰਾਂਗੇ ਜਿਸ ਨਾਲ ਯਹੋਵਾਹ ਦੇ ਨਾਂ ਦੀ ਮਹਿਮਾ ਹੁੰਦੀ ਹੈ। ਬਿਨਾਂ ਸ਼ੱਕ, ਅਸੀਂ ਲੋਕਾਂ ਨਾਲ ਲੜਾਂਗੇ ਨਹੀਂ ਜਾਂ ਉਨ੍ਹਾਂ ਦੇ ਰੀਤੀ-ਰਿਵਾਜਾਂ ਦਾ ਮਜ਼ਾਕ ਨਹੀਂ ਉਡਾਵਾਂਗੇ। ਯਾਦ ਰੱਖੋ ਕਿ ਪਿਆਰ ਵਿਚ ਬਹੁਤ ਤਾਕਤ ਹੈ। ਜਦੋਂ ਅਸੀਂ ਪਿਆਰ ਕਰਕੇ ਲਿਹਾਜ਼ ਅਤੇ ਆਦਰ ਨਾਲ ਪੇਸ਼ ਆਵਾਂਗੇ, ਤਾਂ ਅਸੀਂ ਵਿਰੋਧੀਆਂ ਨੂੰ ਵੀ ਸ਼ਾਂਤ ਕਰ ਸਕਾਂਗੇ।

15-16. (ੳ) ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਸਮਝਦਾਰੀ ਕਿਉਂ ਹੈ? ਮਿਸਾਲ ਦਿਓ। (ਅ) ਰੋਮੀਆਂ 1:16 ਵਿਚ ਦੱਸੇ ਪੌਲੁਸ ਦੇ ਸ਼ਬਦ ਸਾਡੇ ’ਤੇ ਕਿਵੇਂ ਲਾਗੂ ਹੁੰਦੇ ਹਨ?

15 ਆਪਣੇ ਜਾਣਨ ਵਾਲਿਆਂ ਨੂੰ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ। (ਯਸਾ. 43:10) ਜੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਹੋ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਦੇ ਹੋ, ਤਾਂ ਤੁਹਾਡੇ ਲਈ ਉਸ ਮੌਕੇ ਨੂੰ ਸੰਭਾਲਣਾ ਹੋਰ ਸੌਖਾ ਹੋ ਸਕਦਾ ਹੈ। ਮੋਜ਼ਾਮਬੀਕ ਵਿਚ ਰਹਿਣ ਵਾਲਾ ਫ਼ਰਾਂਸਿਸਕੋ ਲਿਖਦਾ ਹੈ: “ਜਦੋਂ ਮੈਂ ਤੇ ਮੇਰੀ ਪਤਨੀ ਕੈਰੋਲੀਨਾ ਨੇ ਸੱਚਾਈ ਸਿੱਖੀ, ਤਾਂ ਅਸੀਂ ਆਪਣੇ ਪਰਿਵਾਰ ਨੂੰ ਦੱਸ ਦਿੱਤਾ ਕਿ ਅਸੀਂ ਅੱਗੇ ਤੋਂ ਮਰੇ ਹੋਇਆਂ ਦੀ ਭਗਤੀ ਨਹੀਂ ਕਰਾਂਗੇ। ਕੈਰੋਲੀਨਾ ਦੀ ਭੈਣ ਦੀ ਮੌਤ ਵੇਲੇ ਸਾਡੇ ਇਸ ਫ਼ੈਸਲੇ ਦੀ ਪਰਖ ਹੋਈ। ਸਥਾਨਕ ਰੀਤੀ-ਰਿਵਾਜ ਅਨੁਸਾਰ ਮਰੇ ਹੋਏ ਨੂੰ ਨਹਾਉਣ ਦੀ ਧਾਰਮਿਕ ਰਸਮ ਨਿਭਾਈ ਜਾਂਦੀ ਹੈ। ਫਿਰ ਮਰੇ ਹੋਏ ਦੇ ਸਭ ਤੋਂ ਨੇੜਲੇ ਰਿਸ਼ਤੇਦਾਰ ਨੂੰ ਤਿੰਨ ਰਾਤਾਂ ਉਸ ਜਗ੍ਹਾ ’ਤੇ ਸੌਣਾ ਪੈਂਦਾ ਹੈ ਜਿੱਥੇ ਇਹ ਪਾਣੀ ਘਰ ਤੋਂ ਬਾਹਰ ਕਿਤੇ ਡੋਲ੍ਹਿਆ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਰੀਤੀ-ਰਿਵਾਜ ਕਰ ਕੇ ਮਰੇ ਹੋਏ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਕੈਰੋਲੀਨਾ ਦਾ ਪਰਿਵਾਰ ਆਸ ਰੱਖਦਾ ਸੀ ਕਿ ਉਹ ਇਹ ਰਸਮ ਨਿਭਾਵੇ।”

16 ਫ਼ਰਾਂਸਿਸਕੋ ਅਤੇ ਉਸ ਦੀ ਪਤਨੀ ਨੇ ਕੀ ਕੀਤਾ? ਫ਼ਰਾਂਸਿਸਕੋ ਦੱਸਦਾ ਹੈ: “ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ ਜਿਸ ਕਰਕੇ ਅਸੀਂ ਇਸ ਰੀਤ ਨੂੰ ਨਿਭਾਉਣ ਤੋਂ ਮਨ੍ਹਾ ਕਰ ਦਿੱਤਾ। ਕੈਰੋਲੀਨਾ ਦਾ ਪਰਿਵਾਰ ਬਹੁਤ ਗੁੱਸੇ ਹੋਇਆ। ਉਨ੍ਹਾਂ ਨੇ ਸਾਡੇ ’ਤੇ ਮਰੇ ਹੋਏ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਸਾਡੇ ਨਾਲ ਕੋਈ ਮੇਲ-ਜੋਲ ਨਹੀਂ ਰੱਖਣਗੇ ਜਾਂ ਸਾਡੀ ਕੋਈ ਮਦਦ ਨਹੀਂ ਕਰਨਗੇ। ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਆਪਣੇ ਵਿਸ਼ਵਾਸਾਂ ਬਾਰੇ ਦੱਸਿਆ ਸੀ। ਇਸ ਕਰਕੇ ਅਸੀਂ ਉਨ੍ਹਾਂ ਨਾਲ ਇਸ ਵਿਸ਼ੇ ’ਤੇ ਉਦੋਂ ਗੱਲ ਨਹੀਂ ਕੀਤੀ ਜਦੋਂ ਉਹ ਗੁੱਸੇ ਵਿਚ ਸਨ। ਕੁਝ ਰਿਸ਼ਤੇਦਾਰਾਂ ਨੇ ਸਾਡਾ ਸਾਥ ਵੀ ਦਿੱਤਾ ਕਿਉਂਕਿ ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਆਪਣੇ ਫ਼ੈਸਲੇ ਬਾਰੇ ਦੱਸਿਆ ਸੀ। ਕੁਝ ਸਮੇਂ ਬਾਅਦ ਕੈਰੋਲੀਨਾ ਦੇ ਰਿਸ਼ਤੇਦਾਰਾਂ ਦਾ ਗੁੱਸਾ ਠੰਢਾ ਹੋ ਗਿਆ ਅਤੇ ਅਸੀਂ ਉਨ੍ਹਾਂ ਨਾਲ ਸ਼ਾਂਤੀ ਬਣਾਉਣ ਵਿਚ ਕਾਮਯਾਬ ਹੋਏ। ਦਰਅਸਲ, ਕੁਝ ਜਣੇ ਤਾਂ ਬਾਈਬਲ ਨਾਲ ਸੰਬੰਧਿਤ ਪ੍ਰਕਾਸ਼ਨ ਲੈਣ ਲਈ ਸਾਡੇ ਘਰ ਵੀ ਆਏ।” ਆਓ ਆਪਾਂ ਮਰੇ ਹੋਇਆਂ ਬਾਰੇ ਸੱਚਾਈ ਦਾ ਪੱਖ ਲੈਣ ਵਿਚ ਕਦੇ ਵੀ ਸ਼ਰਮਿੰਦਗੀ ਮਹਿਸੂਸ ਨਾ ਕਰੀਏ।​—ਰੋਮੀਆਂ 1:16 ਪੜ੍ਹੋ।

ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦਿਓ ਅਤੇ ਉਨ੍ਹਾਂ ਦੀ ਮਦਦ ਕਰੋ

ਸੱਚੇ ਦੋਸਤ ਉਨ੍ਹਾਂ ਨੂੰ ਦਿਲਾਸਾ ਦਿੰਦੇ ਅਤੇ ਉਨ੍ਹਾਂ ਦੀ ਮਦਦ ਕਰਦੇ ਹਨ ਜਿਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਗਈ ਹੈ (ਪੈਰੇ 17-19 ਦੇਖੋ) *

17. ਕਿਹੜੀ ਗੱਲ ਸੋਗ ਮਨਾਉਣ ਵਾਲਿਆਂ ਦੇ ਸੱਚੇ ਦੋਸਤ ਬਣਨ ਵਿਚ ਸਾਡੀ ਮਦਦ ਕਰ ਸਕਦੀ ਹੈ?

17 ਜਦੋਂ ਕਿਸੇ ਮਸੀਹੀ ਦੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ ਸਾਨੂੰ ਅਜਿਹੇ “ਮਿੱਤ੍ਰ” ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਦੁੱਖ ਦੀ ਘੜੀ ਵਿਚ “ਭਰਾ” ਬਣ ਜਾਂਦਾ ਹੈ। (ਕਹਾ. 17:17) ਅਸੀਂ ਖ਼ਾਸ ਕਰਕੇ ਉਦੋਂ “ਮਿੱਤ੍ਰ” ਕਿਵੇਂ ਬਣ ਸਕਦੇ ਹਾਂ, ਜਦੋਂ ਸੋਗ ਮਨਾ ਰਹੇ ਭੈਣ ਜਾਂ ਭਰਾ ’ਤੇ ਬਾਈਬਲ ਤੋਂ ਉਲਟ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣ ਦਾ ਦਬਾਅ ਪਾਇਆ ਜਾਂਦਾ ਹੈ? ਜ਼ਰਾ ਬਾਈਬਲ ਦੇ ਦੋ ਅਸੂਲਾਂ ’ਤੇ ਗੌਰ ਕਰੋ ਜੋ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦੇਣ ਵਿਚ ਸਾਡੀ ਮਦਦ ਕਰਨਗੇ।

18. ਯਿਸੂ ਕਿਉਂ ਰੋਇਆ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

18 “ਰੋਣ ਵਾਲੇ ਲੋਕਾਂ ਨਾਲ ਰੋਵੋ।” (ਰੋਮੀ. 12:15) ਚਾਹੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸੋਗ ਮਨਾ ਰਹੇ ਵਿਅਕਤੀ ਨੂੰ ਦਿਲਾਸਾ ਦੇਣ ਲਈ ਕੀ ਕਹੀਏ, ਪਰ ਜਦੋਂ ਉਹ ਸਾਨੂੰ ਰੋਂਦਿਆ ਦੇਖਣਗੇ, ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਪਰਵਾਹ ਕਰਦੇ ਹਾਂ। ਯਿਸੂ ਦੇ ਦੋਸਤ ਲਾਜ਼ਰ ਦੀ ਮੌਤ ’ਤੇ ਉਸ ਦੀਆਂ ਭੈਣਾਂ ਮਰੀਅਮ ਤੇ ਮਾਰਥਾ ਅਤੇ ਹੋਰ ਜਣੇ ਰੋਏ। ਜਦੋਂ ਚਾਰ ਦਿਨਾਂ ਬਾਅਦ ਯਿਸੂ ਉੱਥੇ ਪਹੁੰਚਿਆ, ਤਾਂ ਉਹ ਵੀ “ਰੋਣ ਲੱਗ ਪਿਆ” ਭਾਵੇਂ ਕਿ ਉਹ ਜਾਣਦਾ ਸੀ ਕਿ ਜਲਦੀ ਹੀ ਉਸ ਨੇ ਲਾਜ਼ਰ ਨੂੰ ਜੀਉਂਦਾ ਕਰ ਦੇਣਾ ਸੀ। (ਯੂਹੰ. 11:17, 33-35) ਯਿਸੂ ਦੇ ਰੋਣ ਤੋਂ ਜ਼ਾਹਰ ਹੋਇਆ ਕਿ ਲਾਜ਼ਰ ਦੀ ਮੌਤ ’ਤੇ ਯਹੋਵਾਹ ਨੂੰ ਕਿੱਦਾਂ ਲੱਗਾ ਹੋਣਾ। ਯਿਸੂ ਨੂੰ ਰੋਂਦਿਆਂ ਦੇਖ ਕੇ ਘਰਦਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਯਿਸੂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਸੀ। ਇਸੇ ਤਰ੍ਹਾਂ ਜਦੋਂ ਸਾਡੇ ਭੈਣ-ਭਰਾ ਦੇਖਦੇ ਹਨ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਤੇ ਉਨ੍ਹਾਂ ਦੀ ਪਰਵਾਹ ਕਰਦੇ ਹਾਂ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਇਕੱਲੇ ਨਹੀਂ ਹਨ, ਸਗੋਂ ਉਨ੍ਹਾਂ ਦੇ ਆਲੇ-ਦੁਆਲੇ ਪਰਵਾਹ ਤੇ ਮਦਦ ਕਰਨ ਵਾਲੇ ਦੋਸਤ ਹਨ।

19. ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦਿੰਦਿਆਂ ਅਸੀਂ ਉਪਦੇਸ਼ਕ ਦੀ ਪੋਥੀ 3:7 ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ?

19 “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪ. 3:7) ਸੋਗ ਮਨਾ ਰਹੇ ਭੈਣਾਂ-ਭਰਾਵਾਂ ਨੂੰ ਦਿਲਾਸਾ ਦੇਣ ਦਾ ਇਕ ਹੋਰ ਤਰੀਕਾ ਹੈ ਕਿ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ। ਆਪਣੇ ਭੈਣਾਂ-ਭਰਾਵਾਂ ਨੂੰ ਦਿਲ ਦੀਆਂ ਗੱਲਾਂ ਦੱਸਣ ਦਿਓ ਅਤੇ ਨਾਸਮਝੀ ਵਿਚ ਕਹੀਆਂ ਉਨ੍ਹਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ। (ਅੱਯੂ. 6:2, 3) ਰਿਸ਼ਤੇਦਾਰ ਜੋ ਗਵਾਹ ਨਹੀਂ ਹਨ, ਉਨ੍ਹਾਂ ਵੱਲੋਂ ਦਬਾਅ ਹੋਣ ਕਰਕੇ ਉਹ ਸ਼ਾਇਦ ਦੁਖੀ ਤੇ ਤਣਾਅ ਵਿਚ ਹੋਣ। ਇਸ ਲਈ ਉਨ੍ਹਾਂ ਨਾਲ ਪ੍ਰਾਰਥਨਾ ਕਰੋ। “ਪ੍ਰਾਰਥਨਾ ਦੇ ਸੁਣਨ ਵਾਲੇ” ਪਰਮੇਸ਼ੁਰ ਤੋਂ ਉਨ੍ਹਾਂ ਲਈ ਹਿੰਮਤ ਅਤੇ ਸੋਚਣ-ਸਮਝਣ ਦੀ ਤਾਕਤ ਮੰਗੋ। (ਜ਼ਬੂ. 65:2) ਜੇ ਹਾਲਾਤ ਇਜਾਜ਼ਤ ਦੇਣ, ਤਾਂ ਇਕੱਠੇ ਬਾਈਬਲ ਪੜ੍ਹੋ, ਜਾਂ ਸਾਡੇ ਪ੍ਰਕਾਸ਼ਨਾਂ ਵਿੱਚੋਂ ਹੱਲਾਸ਼ੇਰੀ ਦੇਣ ਵਾਲੀ ਕੋਈ ਜੀਵਨੀ ਜਾਂ ਹੋਰ ਕੋਈ ਢੁਕਵਾਂ ਲੇਖ ਪੜ੍ਹੋ।

20. ਅਗਲੇ ਲੇਖ ਵਿਚ ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ?

20 ਇਹ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਮਰੇ ਹੋਇਆਂ ਬਾਰੇ ਸੱਚਾਈ ਜਾਣਦੇ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਭਵਿੱਖ ਵਿਚ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ! (ਯੂਹੰ. 5:28, 29) ਇਸ ਲਈ ਆਓ ਆਪਾਂ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਬਾਈਬਲ ਦੀ ਸੱਚਾਈ ਦਾ ਦਲੇਰੀ ਨਾਲ ਪੱਖ ਲਈਏ ਅਤੇ ਮੌਕਾ ਮਿਲਣ ’ਤੇ ਇਹ ਸੱਚਾਈ ਦੂਜਿਆਂ ਨਾਲ ਸਾਂਝੀ ਕਰੀਏ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਸ਼ੈਤਾਨ ਇਕ ਹੋਰ ਤਰੀਕੇ ਨਾਲ ਲੋਕਾਂ ਨੂੰ ਗੁਮਰਾਹ ਕਰਦਾ ਹੈ, ਉਹ ਹੈ ਜਾਦੂਗਰੀ। ਅਸੀਂ ਦੇਖਾਂਗੇ ਕਿ ਸਾਨੂੰ ਉਹ ਕੰਮ ਅਤੇ ਮਨੋਰੰਜਨ ਕਿਉਂ ਨਹੀਂ ਕਰਨਾ ਚਾਹੀਦਾ ਜਿਸ ਵਿਚ ਜਾਦੂਗਰੀ ਸ਼ਾਮਲ ਹੈ।

ਗੀਤ 16 ਪਰਮੇਸ਼ੁਰ ਦਾ ਰਾਜ—ਸਾਡੀ ਪਨਾਹ!

^ ਪੈਰਾ 5 ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੇ ਮਰੇ ਹੋਇਆਂ ਦੀ ਹਾਲਤ ਬਾਰੇ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕੀਤਾ ਹੈ। ਇਨ੍ਹਾਂ ਝੂਠੀਆਂ ਗੱਲਾਂ ਕਰਕੇ ਬਹੁਤ ਸਾਰੇ ਰੀਤੀ-ਰਿਵਾਜ ਸ਼ੁਰੂ ਹੋਏ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਨਹੀਂ ਹੁੰਦੀ। ਇਹ ਲੇਖ ਤੁਹਾਡੀ ਉਦੋਂ ਵੀ ਵਫ਼ਾਦਾਰ ਰਹਿਣ ਵਿਚ ਮਦਦ ਕਰੇਗਾ ਜਦੋਂ ਦੂਜੇ ਤੁਹਾਡੇ ’ਤੇ ਇਸ ਤਰ੍ਹਾਂ ਦੇ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣ ਲਈ ਦਬਾਅ ਪਾਉਣ।

^ ਪੈਰਾ 55 ਤਸਵੀਰਾਂ ਬਾਰੇ ਜਾਣਕਾਰੀ: ਇਕ ਔਰਤ ਆਪਣੇ ਅਜ਼ੀਜ਼ ਦੀ ਮੌਤ ਦਾ ਸੋਗ ਮਨਾ ਰਹੀ ਹੈ ਅਤੇ ਪਰਿਵਾਰ ਦੇ ਮੈਂਬਰ ਉਸ ਨੂੰ ਦਿਲਾਸਾ ਦਿੰਦੇ ਹੋਏ ਜੋ ਸੱਚਾਈ ਵਿਚ ਹਨ।

^ ਪੈਰਾ 57 ਤਸਵੀਰਾਂ ਬਾਰੇ ਜਾਣਕਾਰੀ: ਸੰਸਕਾਰ ਦੀਆਂ ਰਸਮਾਂ ’ਤੇ ਖੋਜਬੀਨ ਕਰਨ ਤੋਂ ਬਾਅਦ ਇਕ ਗਵਾਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੋਇਆ।

^ ਪੈਰਾ 59 ਤਸਵੀਰਾਂ ਬਾਰੇ ਜਾਣਕਾਰੀ: ਮੰਡਲੀ ਦੇ ਬਜ਼ੁਰਗ ਉਸ ਗਵਾਹ ਨੂੰ ਦਿਲਾਸਾ ਦਿੰਦੇ ਹੋਏ ਜਿਸ ਦੇ ਅਜ਼ੀਜ਼ ਦੀ ਮੌਤ ਹੋ ਗਈ ਹੈ।