Skip to content

Skip to table of contents

ਅਧਿਐਨ ਲੇਖ 15

ਯਿਸੂ ਦੀ ਰੀਸ ਕਰੋ ਅਤੇ ਮਨ ਦੀ ਸ਼ਾਂਤੀ ਬਣਾਈ ਰੱਖੋ

ਯਿਸੂ ਦੀ ਰੀਸ ਕਰੋ ਅਤੇ ਮਨ ਦੀ ਸ਼ਾਂਤੀ ਬਣਾਈ ਰੱਖੋ

‘ਪਰਮੇਸ਼ੁਰ ਦੀ ਸ਼ਾਂਤੀ ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ, ਤੁਹਾਡੇ ਦਿਲਾਂ ਦੀ ਰਾਖੀ ਕਰੇਗੀ।’​—ਫ਼ਿਲਿ. 4:7.

ਗੀਤ 39 ਸ਼ਾਂਤੀ ਦਾ ਵਰਦਾਨ

ਖ਼ਾਸ ਗੱਲਾਂ *

1-2. ਯਿਸੂ ਤਣਾਅ ਵਿਚ ਕਿਉਂ ਸੀ?

ਧਰਤੀ ’ਤੇ ਆਪਣੇ ਆਖ਼ਰੀ ਦਿਨ ’ਤੇ ਯਿਸੂ ਬਹੁਤ ਪਰੇਸ਼ਾਨ ਸੀ। ਜਲਦੀ ਹੀ ਉਸ ਨੂੰ ਦੁਸ਼ਟ ਲੋਕਾਂ ਦੇ ਹੱਥੋਂ ਦਰਦਨਾਕ ਮੌਤ ਮਰਨਾ ਪੈਣਾ ਸੀ। ਪਰ ਯਿਸੂ ਸਿਰਫ਼ ਇਸੇ ਕਰਕੇ ਪਰੇਸ਼ਾਨ ਨਹੀਂ ਸੀ। ਉਹ ਦਿਲੋਂ ਆਪਣੇ ਪਿਤਾ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਯਿਸੂ ਜਾਣਦਾ ਸੀ ਕਿ ਆਉਣ ਵਾਲੀ ਔਖੀ ਘੜੀ ਦੌਰਾਨ ਵਫ਼ਾਦਾਰ ਰਹਿ ਕੇ ਉਸ ਨੇ ਯਹੋਵਾਹ ਖ਼ਿਲਾਫ਼ ਬੋਲੇ ਹਰ ਝੂਠ ਨੂੰ ਗ਼ਲਤ ਸਾਬਤ ਕਰਨ ਵਿਚ ਵੀ ਯੋਗਦਾਨ ਪਾਉਣਾ ਸੀ ਅਤੇ ਸਾਬਤ ਕਰਨਾ ਸੀ ਕਿ ਸਿਰਫ਼ ਪਰਮੇਸ਼ੁਰ ਹੀ ਆਦਰ ਪਾਉਣ ਦਾ ਹੱਕਦਾਰ ਹੈ। ਯਿਸੂ ਇਨਸਾਨਾਂ ਨੂੰ ਵੀ ਪਿਆਰ ਕਰਦਾ ਸੀ ਅਤੇ ਉਹ ਜਾਣਦਾ ਸੀ ਕਿ ਜੇ ਉਹ ਮੌਤ ਤਕ ਯਹੋਵਾਹ ਦੇ ਵਫ਼ਾਦਾਰ ਰਿਹਾ, ਤਾਂ ਹੀ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਣੀ ਸੀ।

2 ਚਾਹੇ ਯਿਸੂ ਬਹੁਤ ਤਣਾਅ ਵਿਚ ਸੀ, ਪਰ ਉਸ ਨੇ ਸ਼ਾਂਤੀ ਮਹਿਸੂਸ ਕੀਤੀ। ਉਸ ਨੇ ਆਪਣੇ ਰਸੂਲਾਂ ਨੂੰ ਕਿਹਾ: “ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਹਾਂ।” (ਯੂਹੰ. 14:27) ਉਸ ਕੋਲ “ਪਰਮੇਸ਼ੁਰ ਦੀ ਸ਼ਾਂਤੀ” ਸੀ ਜੋ ਯਹੋਵਾਹ ਨਾਲ ਅਨਮੋਲ ਰਿਸ਼ਤੇ ਕਰਕੇ ਮਿਲੀ ਸੀ। ਇਸ ਸ਼ਾਂਤੀ ਕਰਕੇ ਯਿਸੂ ਦੀ ਚਿੰਤਾ ਦੂਰ ਹੋ ਗਈ।​—ਫ਼ਿਲਿ. 4:6, 7.

3. ਇਸ ਲੇਖ ਵਿਚ ਅਸੀਂ ਕਿਸ ਉੱਤੇ ਗੌਰ ਕਰਾਂਗੇ?

3 ਸਾਡੇ ਵਿੱਚੋਂ ਕਿਸੇ ਵੀ ਜਣੇ ਨੂੰ ਯਿਸੂ ਵਾਂਗ ਦਬਾਅ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ, ਪਰ ਯਿਸੂ ਦੇ ਪਿੱਛੇ ਚੱਲਣ ਕਰਕੇ ਸਾਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇਗਾ। (ਮੱਤੀ 16:24, 25; ਯੂਹੰ. 15:20) ਯਿਸੂ ਵਾਂਗ ਅਸੀਂ ਵੀ ਕਈ ਵਾਰ ਪਰੇਸ਼ਾਨ ਹੋਵਾਂਗੇ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਹੱਦੋਂ ਵੱਧ ਚਿੰਤਾ ਨਾ ਕਰੀਏ ਅਤੇ ਮਨ ਦੀ ਸ਼ਾਂਤੀ ਬਣਾਈ ਰੱਖੀਏ? ਆਓ ਆਪਾਂ ਤਿੰਨ ਕੰਮਾਂ ’ਤੇ ਗੌਰ ਕਰੀਏ ਜੋ ਯਿਸੂ ਨੇ ਧਰਤੀ ’ਤੇ ਆਪਣੀ ਸੇਵਕਾਈ ਦੌਰਾਨ ਕੀਤੇ ਸਨ ਅਤੇ ਦੇਖੀਏ ਕਿ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਯਿਸੂ ਲਗਾਤਾਰ ਪ੍ਰਾਰਥਨਾ ਕਰਦਾ ਰਿਹਾ

ਪ੍ਰਾਰਥਨਾ ਕਰ ਕੇ ਅਸੀਂ ਮਨ ਦੀ ਸ਼ਾਂਤੀ ਬਣਾਈ ਰੱਖ ਸਕਦੇ ਹਾਂ (ਪੈਰੇ 4-7 ਦੇਖੋ)

4. ਪਹਿਲਾ ਥੱਸਲੁਨੀਕੀਆਂ 5:17 ਨੂੰ ਧਿਆਨ ਵਿਚ ਰੱਖਦਿਆਂ ਕੁਝ ਮਿਸਾਲਾਂ ਦਿਓ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਧਰਤੀ ’ਤੇ ਆਪਣੇ ਆਖ਼ਰੀ ਦਿਨ ’ਤੇ ਯਿਸੂ ਲਗਾਤਾਰ ਪ੍ਰਾਰਥਨਾ ਕਰਦਾ ਰਿਹਾ?

4 1 ਥੱਸਲੁਨੀਕੀਆਂ 5:17 ਪੜ੍ਹੋ। ਧਰਤੀ ’ਤੇ ਆਪਣੇ ਆਖ਼ਰੀ ਦਿਨ ’ਤੇ ਯਿਸੂ ਲਗਾਤਾਰ ਪ੍ਰਾਰਥਨਾ ਕਰਦਾ ਰਿਹਾ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਦਿਖਾਇਆ ਕਿ ਉਨ੍ਹਾਂ ਨੇ ਉਸ ਦੀ ਮੌਤ ਦੀ ਯਾਦਗਾਰ ਕਿਵੇਂ ਮਨਾਉਣੀ ਹੈ, ਤਾਂ ਉਸ ਨੇ ਰੋਟੀ ਤੇ ਦਾਖਰਸ ਲੈ ਕੇ ਪ੍ਰਾਰਥਨਾ ਕੀਤੀ। (1 ਕੁਰਿੰ. 11:23-25) ਪਸਾਹ ਦਾ ਤਿਉਹਾਰ ਮਨਾਉਣ ਤੋਂ ਬਾਅਦ ਯਿਸੂ ਨੇ ਚੇਲਿਆਂ ਨਾਲ ਪ੍ਰਾਰਥਨਾ ਕੀਤੀ। (ਯੂਹੰ. 17:1-26) ਉਸ ਰਾਤ ਜਦੋਂ ਉਹ ਆਪਣੇ ਚੇਲਿਆਂ ਨਾਲ ਗਥਸਮਨੀ ਨਾਂ ਦੀ ਜਗ੍ਹਾ ’ਤੇ ਪਹੁੰਚਿਆ, ਤਾਂ ਉਸ ਨੇ ਵਾਰ-ਵਾਰ ਪ੍ਰਾਰਥਨਾ ਕੀਤੀ। (ਮੱਤੀ 26:36-39, 42, 44) ਨਾਲੇ ਮਰਨ ਤੋਂ ਪਹਿਲਾਂ ਯਿਸੂ ਨੇ ਜੋ ਆਖ਼ਰੀ ਸ਼ਬਦ ਕਹੇ, ਉਹ ਵੀ ਪ੍ਰਾਰਥਨਾ ਹੀ ਸੀ। (ਲੂਕਾ 23:46) ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ’ਤੇ ਯਿਸੂ ਨਾਲ ਜੋ ਵੀ ਹੋਇਆ, ਉਸ ਬਾਰੇ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ।

5. ਰਸੂਲ ਦਲੇਰ ਕਿਉਂ ਨਹੀਂ ਰਹੇ?

5 ਯਿਸੂ ਅਜ਼ਮਾਇਸ਼ਾਂ ਦਾ ਸਾਮ੍ਹਣਾ ਇਸ ਲਈ ਕਰ ਸਕਿਆ ਕਿਉਂਕਿ ਉਸ ਨੇ ਲਗਾਤਾਰ ਪ੍ਰਾਰਥਨਾ ਕਰ ਕੇ ਆਪਣੇ ਪਿਤਾ ’ਤੇ ਭਰੋਸਾ ਦਿਖਾਇਆ ਸੀ। ਦੂਜੇ ਪਾਸੇ, ਚੇਲੇ ਉਸ ਰਾਤ ਜਾਗਦੇ ਰਹਿਣ ਅਤੇ ਪ੍ਰਾਰਥਨਾ ਵਿਚ ਲੱਗੇ ਰਹਿਣ ਦੀ ਬਜਾਇ ਸੌਂ ਗਏ। ਨਤੀਜੇ ਵਜੋਂ, ਪਰੀਖਿਆ ਦੀ ਘੜੀ ਆਉਣ ’ਤੇ ਉਹ ਡਰ ਗਏ। (ਮੱਤੀ 26:40, 41, 43, 45, 56) ਅਜ਼ਮਾਇਸ਼ਾਂ ਆਉਣ ’ਤੇ ਅਸੀਂ ਤਾਂ ਹੀ ਵਫ਼ਾਦਾਰ ਰਹਿ ਸਕਾਂਗੇ ਜੇ ਅਸੀਂ ਯਿਸੂ ਦੀ ਮਿਸਾਲ ’ਤੇ ਚੱਲਾਂਗੇ ਅਤੇ ‘ਪ੍ਰਾਰਥਨਾ ਕਰਦੇ ਰਹਾਂਗੇ।’ ਅਸੀਂ ਕਿਨ੍ਹਾਂ ਗੱਲਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ?

6. ਮਨ ਦੀ ਸ਼ਾਂਤੀ ਬਣਾਈ ਰੱਖਣ ਵਿਚ ਨਿਹਚਾ ਸਾਡੀ ਕਿਵੇਂ ਮਦਦ ਕਰੇਗੀ?

6 ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ, “ਸਾਨੂੰ ਹੋਰ ਨਿਹਚਾ ਦੇ।” (ਲੂਕਾ 17:5; ਯੂਹੰ. 14:1) ਸਾਨੂੰ ਨਿਹਚਾ ਦੀ ਲੋੜ ਹੈ ਕਿਉਂਕਿ ਸ਼ੈਤਾਨ ਯਿਸੂ ਦੇ ਪਿੱਛੇ ਚੱਲਣ ਵਾਲਿਆਂ ਦੀ ਪਰੀਖਿਆ ਲੈਂਦਾ ਹੈ। (ਲੂਕਾ 22:31) ਇਕ ਤੋਂ ਬਾਅਦ ਇਕ ਮੁਸ਼ਕਲ ਆਉਣ ’ਤੇ ਵੀ ਨਿਹਚਾ ਮਨ ਦੀ ਸ਼ਾਂਤੀ ਬਣਾਈ ਰੱਖਣ ਵਿਚ ਸਾਡੀ ਕਿਵੇਂ ਮਦਦ ਕਰੇਗੀ? ਜਦੋਂ ਅਸੀਂ ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਕਰਦਿਆਂ ਜੋ ਸਾਡੇ ਹੱਥ-ਵੱਸ ਹੈ ਕਰ ਲੈਂਦੇ ਹਾਂ, ਤਾਂ ਨਿਹਚਾ ਸਾਡੀ ਮਦਦ ਕਰੇਗੀ ਕਿ ਅਸੀਂ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਈਏ। ਸਾਨੂੰ ਭਰੋਸਾ ਹੈ ਕਿ ਉਹ ਹਰ ਮਾਮਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਹੱਲ ਕਰ ਸਕਦਾ ਹੈ ਜਿਸ ਕਰਕੇ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ।​—1 ਪਤ. 5:6, 7.

7. ਰੌਬਰਟ ਦੀਆਂ ਗੱਲਾਂ ਤੋਂ ਤੁਸੀਂ ਕੀ ਸਿੱਖਿਆ?

7 ਕਿਸੇ ਵੀ ਅਜ਼ਮਾਇਸ਼ ਦੌਰਾਨ ਮਨ ਦੀ ਸ਼ਾਂਤੀ ਬਣਾਈ ਰੱਖਣ ਵਿਚ ਪ੍ਰਾਰਥਨਾ ਸਾਡੀ ਮਦਦ ਕਰਦੀ ਹੈ। ਰੌਬਰਟ ਨਾਂ ਦੇ ਇਕ ਵਫ਼ਾਦਾਰ ਬਜ਼ੁਰਗ ਦੀ ਮਿਸਾਲ ’ਤੇ ਗੌਰ ਕਰੋ ਜੋ ਹੁਣ 80 ਕੁ ਸਾਲਾਂ ਦਾ ਹੈ। ਉਹ ਦੱਸਦਾ ਹੈ: “ਫ਼ਿਲਿੱਪੀਆਂ 4:6, 7 ਨੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਸਹਿਣ ਵਿਚ ਮੇਰੀ ਮਦਦ ਕੀਤੀ। ਮੈਨੂੰ ਆਰਥਿਕ ਤੰਗੀ ਦਾ ਸਾਮ੍ਹਣਾ ਕਰਨਾ ਪਿਆ। ਨਾਲੇ ਮੈਂ ਕੁਝ ਸਮੇਂ ਲਈ ਬਜ਼ੁਰਗ ਵਜੋਂ ਸੇਵਾ ਨਹੀਂ ਕਰ ਸਕਿਆ।” ਕਿਹੜੀ ਗੱਲ ਨੇ ਮਨ ਦੀ ਸ਼ਾਂਤੀ ਬਣਾਈ ਰੱਖਣ ਵਿਚ ਰੌਬਰਟ ਦੀ ਮਦਦ ਕੀਤੀ? ਉਹ ਦੱਸਦਾ ਹੈ: “ਚਿੰਤਾ ਹੋਣ ’ਤੇ ਮੈਂ ਝੱਟ ਪ੍ਰਾਰਥਨਾ ਕਰਦਾ ਹਾਂ। ਮੈਂ ਮੰਨਦਾ ਹਾਂ ਕਿ ਜਿੰਨੀ ਜ਼ਿਆਦਾ ਮੈਂ ਦਿਲੋਂ ਤੇ ਵਾਰ-ਵਾਰ ਪ੍ਰਾਰਥਨਾ ਕਰਦਾ ਹਾਂ, ਉੱਨੀ ਜ਼ਿਆਦਾ ਮੈਂ ਸ਼ਾਂਤੀ ਮਹਿਸੂਸ ਕਰਦਾ ਹਾਂ।”

ਯਿਸੂ ਨੇ ਜੋਸ਼ ਨਾਲ ਪ੍ਰਚਾਰ ਕੀਤਾ

ਪ੍ਰਚਾਰ ਕਰ ਕੇ ਅਸੀਂ ਮਨ ਦੀ ਸ਼ਾਂਤੀ ਬਣਾਈ ਰੱਖ ਸਕਦੇ ਹਾਂ (ਪੈਰੇ 8-10 ਦੇਖੋ)

8. ਯੂਹੰਨਾ 8:29 ਮੁਤਾਬਕ ਯਿਸੂ ਕੋਲ ਮਨ ਦੀ ਸ਼ਾਂਤੀ ਕਿਉਂ ਸੀ?

8 ਯੂਹੰਨਾ 8:29 ਪੜ੍ਹੋ। ਸਤਾਏ ਜਾਣ ਦੇ ਬਾਵਜੂਦ ਵੀ ਯਿਸੂ ਕੋਲ ਮਨ ਦੀ ਸ਼ਾਂਤੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਆਪਣੇ ਪਿਤਾ ਦਾ ਦਿਲ ਖ਼ੁਸ਼ ਕਰ ਰਿਹਾ ਸੀ। ਉਹ ਉਦੋਂ ਵੀ ਵਫ਼ਾਦਾਰ ਰਿਹਾ ਜਦੋਂ ਉਸ ਲਈ ਇੱਦਾਂ ਕਰਨਾ ਔਖਾ ਸੀ। ਨਾਲੇ ਉਹ ਆਪਣੇ ਪਿਤਾ ਨੂੰ ਪਿਆਰ ਵੀ ਕਰਦਾ ਸੀ ਜਿਸ ਕਰਕੇ ਯਹੋਵਾਹ ਦੀ ਸੇਵਾ ਕਰਨੀ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਸੀ। ਮਿਸਾਲ ਲਈ, ਧਰਤੀ ’ਤੇ ਆਉਣ ਤੋਂ ਪਹਿਲਾਂ ਉਹ ਪਰਮੇਸ਼ੁਰ ਦਾ “ਰਾਜ ਮਿਸਤਰੀ” ਸੀ। (ਕਹਾ. 8:30) ਧਰਤੀ ’ਤੇ ਹੁੰਦਿਆਂ ਉਸ ਨੇ ਜੋਸ਼ ਨਾਲ ਦੂਜਿਆਂ ਨੂੰ ਆਪਣੇ ਪਿਤਾ ਬਾਰੇ ਦੱਸਿਆ। (ਮੱਤੀ 6:9; ਯੂਹੰ. 5:17) ਇਹ ਕੰਮ ਕਰ ਕੇ ਯਿਸੂ ਨੂੰ ਬਹੁਤ ਖ਼ੁਸ਼ੀ ਮਿਲੀ।​—ਯੂਹੰ. 4:34-36.

9. ਪ੍ਰਚਾਰ ਵਿਚ ਰੁੱਝੇ ਰਹਿਣ ਕਰਕੇ ਅਸੀਂ ਮਨ ਦੀ ਸ਼ਾਂਤੀ ਕਿਵੇਂ ਪਾ ਸਕਦੇ ਹਾਂ?

9 ਯਹੋਵਾਹ ਦਾ ਕਹਿਣਾ ਮੰਨ ਕੇ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ ਅਤੇ ਸਾਡੇ ਕੋਲ “ਪ੍ਰਭੂ ਦੇ ਕੰਮ” ਵਿਚ ਬਹੁਤ ਕੁਝ ਕਰਨ ਲਈ ਹੈ। (1 ਕੁਰਿੰ. 15:58) ਪ੍ਰਚਾਰ ਦੇ ਕੰਮ ਵਿਚ ‘ਜ਼ੋਰ-ਸ਼ੋਰ ਨਾਲ ਰੁੱਝੇ’ ਰਹਿ ਕੇ ਅਸੀਂ ਆਪਣੀਆਂ ਮੁਸ਼ਕਲਾਂ ਪ੍ਰਤੀ ਸਹੀ ਨਜ਼ਰੀਆ ਰੱਖ ਸਕਦੇ ਹਾਂ। (ਰਸੂ. 18:5) ਮਿਸਾਲ ਲਈ, ਪ੍ਰਚਾਰ ਵਿਚ ਮਿਲਣ ਵਾਲੇ ਲੋਕ ਅਕਸਰ ਸਾਡੇ ਨਾਲੋਂ ਵੀ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਪਰ ਜਦੋਂ ਉਹ ਯਹੋਵਾਹ ਨੂੰ ਪਿਆਰ ਕਰਨਾ ਅਤੇ ਉਸ ਦੀ ਸਲਾਹ ਨੂੰ ਲਾਗੂ ਕਰਨਾ ਸਿੱਖਦੇ ਹਨ, ਤਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਸੁਧਾਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਜਦੋਂ ਵੀ ਅਸੀਂ ਇੱਦਾਂ ਹੁੰਦਾ ਦੇਖਦੇ ਹਾਂ, ਤਾਂ ਸਾਡਾ ਭਰੋਸਾ ਹੋਰ ਵਧਦਾ ਹੈ ਕਿ ਯਹੋਵਾਹ ਸਾਡੀ ਦੇਖ-ਭਾਲ ਕਰੇਗਾ। ਇਸ ਭਰੋਸੇ ਕਰਕੇ ਸਾਡੀ ਮਨ ਦੀ ਸ਼ਾਂਤੀ ਬਣੀ ਰਹਿੰਦੀ ਹੈ। ਇਕ ਭੈਣ ਆਪਣੀ ਪੂਰੀ ਜ਼ਿੰਦਗੀ ਨਿਕੰਮੇਪਣ ਦੀਆਂ ਭਾਵਨਾਵਾਂ ਨਾਲ ਜੂਝਦੀ ਰਹੀ ਅਤੇ ਨਿਰਾਸ਼ ਰਹੀ। ਪ੍ਰਚਾਰ ਵਿਚ ਰੁੱਝੇ ਰਹਿਣ ਕਰਕੇ ਉਹ ਭੈਣ ਮਨ ਦੀ ਸ਼ਾਂਤੀ ਪਾ ਸਕੀ। ਉਹ ਦੱਸਦੀ ਹੈ: “ਪ੍ਰਚਾਰ ਵਿਚ ਰੁੱਝੇ ਰਹਿਣ ਕਰਕੇ ਮੈਂ ਆਪਣੀਆਂ ਭਾਵਨਾਵਾਂ ’ਤੇ ਹੋਰ ਕਾਬੂ ਪਾ ਸਕਦੀ ਹਾਂ ਅਤੇ ਮੈਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਮੈਨੂੰ ਲੱਗਦਾ ਹੈ ਕਿ ਪ੍ਰਚਾਰ ਕਰ ਕੇ ਮੈਂ ਯਹੋਵਾਹ ਦੇ ਬਹੁਤ ਜ਼ਿਆਦਾ ਨੇੜੇ ਮਹਿਸੂਸ ਕਰਦੀ ਹਾਂ।”

10. ਬ੍ਰੈਂਡਾ ਦੀਆਂ ਗੱਲਾਂ ਤੋਂ ਤੁਸੀਂ ਕੀ ਸਿੱਖਿਆ?

10 ਜ਼ਰਾ ਬ੍ਰੈਂਡਾ ਨਾਂ ਦੀ ਭੈਣ ਦੀ ਮਿਸਾਲ ’ਤੇ ਵੀ ਗੌਰ ਕਰੋ। ਉਸ ਨੂੰ ਅਤੇ ਉਸ ਦੀ ਧੀ ਨੂੰ ਇਕ ਗੰਭੀਰ ਬੀਮਾਰੀ ਹੈ। ਬ੍ਰੈਂਡਾ ਤੁਰ-ਫਿਰ ਨਹੀਂ ਸਕਦੀ ਜਿਸ ਕਰਕੇ ਉਸ ਨੂੰ ਵੀਲ੍ਹ-ਚੇਅਰ ਦੀ ਲੋੜ ਪੈਂਦੀ ਹੈ। ਨਾਲੇ ਉਸ ਦੇ ਸਰੀਰ ਵਿਚ ਬਹੁਤੀ ਜਾਨ ਵੀ ਨਹੀਂ ਹੈ। ਉਹ ਕਦੇ-ਕਦਾਈਂ ਘਰ-ਘਰ ਪ੍ਰਚਾਰ ਕਰਦੀ ਹੈ, ਪਰ ਜ਼ਿਆਦਾਤਰ ਉਹ ਚਿੱਠੀਆਂ ਰਾਹੀਂ ਹੀ ਗਵਾਹੀ ਦਿੰਦੀ ਹੈ। ਉਹ ਦੱਸਦੀ ਹੈ: “ਜਦੋਂ ਮੈਂ ਇਹ ਗੱਲ ਮੰਨ ਲਈ ਕਿ ਇਸ ਦੁਨੀਆਂ ਵਿਚ ਮੈਂ ਠੀਕ ਨਹੀਂ ਹੋਣਾ, ਤਾਂ ਮੈਂ ਆਪਣਾ ਪੂਰਾ ਧਿਆਨ ਪ੍ਰਚਾਰ ’ਤੇ ਲਾ ਸਕੀ। ਦਰਅਸਲ ਪ੍ਰਚਾਰ ਕਰ ਕੇ ਮੇਰਾ ਧਿਆਨ ਮੇਰੀਆਂ ਚਿੰਤਾਵਾਂ ਤੋਂ ਹਟ ਜਾਂਦਾ ਹੈ। ਮੈਂ ਆਪਣਾ ਧਿਆਨ ਉਨ੍ਹਾਂ ਲੋਕਾਂ ਦੀ ਮਦਦ ਕਰਨ ’ਤੇ ਲਾਉਂਦੀ ਹਾਂ ਜੋ ਮੈਨੂੰ ਘਰ-ਘਰ ਪ੍ਰਚਾਰ ਦੌਰਾਨ ਮਿਲਦੇ ਹਨ ਜਾਂ ਜਿਨ੍ਹਾਂ ਨੂੰ ਮੈਂ ਚਿੱਠੀਆਂ ਰਾਹੀਂ ਗਵਾਹੀ ਦਿੰਦੀ ਹਾਂ। ਪ੍ਰਚਾਰ ਕਰ ਕੇ ਮੈਂ ਭਵਿੱਖ ਲਈ ਮਿਲੀ ਉਮੀਦ ’ਤੇ ਲਗਾਤਾਰ ਸੋਚ-ਵਿਚਾਰ ਕਰਦੀ ਰਹਿੰਦੀ ਹਾਂ।”

ਯਿਸੂ ਨੇ ਆਪਣੇ ਦੋਸਤਾਂ ਦੀ ਮਦਦ ਸਵੀਕਾਰ ਕੀਤੀ

ਚੰਗੇ ਦੋਸਤਾਂ ਦੀ ਸੰਗਤੀ ਕਰ ਕੇ ਅਸੀਂ ਮਨ ਦੀ ਸ਼ਾਂਤੀ ਬਣਾਈ ਰੱਖ ਸਕਦੇ ਹਾਂ (ਪੈਰੇ 11-15 ਦੇਖੋ)

11-13. (ੳ) ਰਸੂਲਾਂ ਤੇ ਹੋਰ ਲੋਕਾਂ ਨੇ ਕੀ ਕਰ ਕੇ ਜ਼ਾਹਰ ਕੀਤਾ ਕਿ ਉਹ ਯਿਸੂ ਦੇ ਸੱਚੇ ਦੋਸਤ ਸਨ? (ਅ) ਯਿਸੂ ਦੇ ਦੋਸਤਾਂ ਦਾ ਉਸ ’ਤੇ ਕੀ ਅਸਰ ਪਿਆ?

11 ਯਿਸੂ ਦੇ ਪ੍ਰਚਾਰ ਕਰਨ ਦੇ ਸਮੇਂ ਦੌਰਾਨ ਉਸ ਦੇ ਵਫ਼ਾਦਾਰ ਰਸੂਲ ਸੱਚੇ ਦੋਸਤ ਸਾਬਤ ਹੋਏ। ਉਹ ਇਸ ਕਹਾਵਤ ’ਤੇ ਖਰੇ ਉੱਤਰੇ: “ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।” (ਕਹਾ. 18:24) ਯਿਸੂ ਨੇ ਇਸ ਤਰ੍ਹਾਂ ਦੇ ਦੋਸਤਾਂ ਦੀ ਕਦਰ ਕੀਤੀ। ਉਸ ਦੀ ਸੇਵਕਾਈ ਦੌਰਾਨ ਉਸ ਦੇ ਕਿਸੇ ਵੀ ਸਕੇ ਭਰਾ ਨੇ ਉਸ ’ਤੇ ਨਿਹਚਾ ਨਹੀਂ ਕੀਤੀ। (ਯੂਹੰ. 7:3-5) ਇਕ ਮੌਕੇ ’ਤੇ ਤਾਂ ਉਸ ਦੇ ਰਿਸ਼ਤੇਦਾਰਾਂ ਨੇ ਸੋਚਿਆ ਕਿ ਉਹ ਪਾਗਲ ਹੋ ਗਿਆ ਸੀ। (ਮਰ. 3:21) ਪਰ ਇਸ ਦੇ ਉਲਟ, ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਕਿਹਾ: “ਤੁਸੀਂ ਹੀ ਮੇਰੀਆਂ ਅਜ਼ਮਾਇਸ਼ਾਂ ਦੌਰਾਨ ਮੇਰਾ ਸਾਥ ਨਿਭਾਇਆ” ਹੈ।​—ਲੂਕਾ 22:28.

12 ਰਸੂਲਾਂ ਨੇ ਕੁਝ ਮੌਕਿਆਂ ’ਤੇ ਯਿਸੂ ਨੂੰ ਨਿਰਾਸ਼ ਕੀਤਾ, ਪਰ ਉਸ ਨੇ ਉਨ੍ਹਾਂ ਦੀਆਂ ਗ਼ਲਤੀਆਂ ’ਤੇ ਧਿਆਨ ਨਹੀਂ ਲਾਈ ਰੱਖਿਆ। ਇਸ ਦੀ ਬਜਾਇ, ਉਸ ਨੇ ਦੇਖਿਆ ਕਿ ਰਸੂਲ ਉਸ ’ਤੇ ਨਿਹਚਾ ਕਰਦੇ ਸਨ। (ਮੱਤੀ 26:40; ਮਰ. 10:13, 14; ਯੂਹੰ. 6:66-69) ਸੂਲ਼ੀ ’ਤੇ ਟੰਗੇ ਜਾਣ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਇਨ੍ਹਾਂ ਵਫ਼ਾਦਾਰ ਆਦਮੀਆਂ ਨੂੰ ਕਿਹਾ: “ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ ਕਿਉਂਕਿ ਜਿਹੜੀਆਂ ਗੱਲਾਂ ਮੈਂ ਆਪਣੇ ਪਿਤਾ ਤੋਂ ਸੁਣੀਆਂ ਹਨ, ਉਹ ਸਾਰੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਹਨ।” (ਯੂਹੰ. 15:15) ਬਿਨਾਂ ਸ਼ੱਕ, ਯਿਸੂ ਦੇ ਦੋਸਤਾਂ ਨੇ ਉਸ ਨੂੰ ਬਹੁਤ ਹੌਸਲਾ ਦਿੱਤਾ ਹੋਣਾ। ਉਨ੍ਹਾਂ ਨੇ ਯਿਸੂ ਦੀ ਸੇਵਕਾਈ ਦੌਰਾਨ ਜੋ ਮਦਦ ਕੀਤੀ, ਉਸ ਕਰਕੇ ਉਸ ਦਾ ਦਿਲ ਬਹੁਤ ਖ਼ੁਸ਼ ਸੀ।​—ਲੂਕਾ 10:17, 21.

13 ਰਸੂਲਾਂ ਤੋਂ ਇਲਾਵਾ ਯਿਸੂ ਦੇ ਦੋਸਤਾਂ ਵਿਚ ਹੋਰ ਆਦਮੀ ਤੇ ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਨੇ ਪ੍ਰਚਾਰ ਕੰਮ ਵਿਚ ਮਦਦ ਕਰਨ ਦੇ ਨਾਲ-ਨਾਲ ਹੋਰ ਤਰੀਕਿਆਂ ਨਾਲ ਵੀ ਉਸ ਦੀ ਮਦਦ ਕੀਤੀ। ਕਈਆਂ ਨੇ ਯਿਸੂ ਨੂੰ ਆਪਣੇ ਘਰ ਖਾਣੇ ’ਤੇ ਬੁਲਾਇਆ। (ਲੂਕਾ 10:38-42; ਯੂਹੰ. 12:1, 2) ਕਈ ਜਣਿਆਂ ਨੇ ਉਸ ਨਾਲ ਸਫ਼ਰ ਕੀਤਾ ਅਤੇ ਆਪਣੀਆਂ ਚੀਜ਼ਾਂ ਉਸ ਨਾਲ ਸਾਂਝੀਆਂ ਕੀਤੀਆਂ। (ਲੂਕਾ 8:3) ਯਿਸੂ ਦੇ ਚੰਗੇ ਦੋਸਤ ਸਨ ਕਿਉਂਕਿ ਉਹ ਖ਼ੁਦ ਉਨ੍ਹਾਂ ਦਾ ਚੰਗਾ ਦੋਸਤ ਸੀ। ਉਸ ਨੇ ਉਨ੍ਹਾਂ ਲਈ ਚੰਗੇ ਕੰਮ ਕੀਤੇ, ਪਰ ਉਨ੍ਹਾਂ ਤੋਂ ਜ਼ਿਆਦਾ ਦੀ ਉਮੀਦ ਨਹੀਂ ਕੀਤੀ। ਭਾਵੇਂ ਯਿਸੂ ਮੁਕੰਮਲ ਸੀ, ਪਰ ਨਾਮੁਕੰਮਲ ਦੋਸਤਾਂ ਤੋਂ ਮਿਲੀ ਮਦਦ ਲਈ ਉਹ ਸ਼ੁਕਰਗੁਜ਼ਾਰ ਸੀ। ਬਿਨਾਂ ਸ਼ੱਕ, ਮਨ ਦੀ ਸ਼ਾਂਤੀ ਬਣਾਈ ਰੱਖਣ ਵਿਚ ਵੀ ਉਨ੍ਹਾਂ ਨੇ ਯਿਸੂ ਦੀ ਮਦਦ ਕੀਤੀ ਹੋਣੀ।

14-15. ਅਸੀਂ ਚੰਗੇ ਦੋਸਤ ਕਿਵੇਂ ਬਣਾ ਸਕਦੇ ਹਾਂ ਅਤੇ ਉਹ ਸਾਡੀ ਕਿਵੇਂ ਮਦਦ ਕਰ ਸਕਦੇ ਹਨ?

14 ਚੰਗੇ ਦੋਸਤ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣ ਵਿਚ ਤੁਹਾਡੀ ਮਦਦ ਕਰਨਗੇ। ਚੰਗੇ ਦੋਸਤ ਬਣਾਉਣ ਦਾ ਵਧੀਆ ਤਰੀਕਾ ਹੈ ਕਿ ਤੁਸੀਂ ਖ਼ੁਦ ਚੰਗੇ ਦੋਸਤ ਬਣੋ। (ਮੱਤੀ 7:12) ਮਿਸਾਲ ਲਈ, ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਦੂਜਿਆਂ ਦੀ ਮਦਦ ਕਰਨ ਲਈ ਆਪਣੇ ਸਮੇਂ ਤੇ ਤਾਕਤ ਦੀ ਵਰਤੋਂ ਕਰੀਏ, ਖ਼ਾਸ ਕਰਕੇ ਉਨ੍ਹਾਂ ਦੀ ਜਿਹੜੇ “ਲੋੜਵੰਦ” ਹਨ। (ਅਫ਼. 4:28) ਕੀ ਤੁਹਾਡੀ ਮੰਡਲੀ ਵਿਚ ਕੋਈ ਹੈ ਜਿਸ ਦੀ ਤੁਸੀਂ ਮਦਦ ਕਰ ਸਕਦੇ ਹੋ? ਕੀ ਤੁਸੀਂ ਖ਼ਰੀਦਦਾਰੀ ਕਰਨ ਵਿਚ ਕਿਸੇ ਭੈਣ ਜਾਂ ਭਰਾ ਦੀ ਮਦਦ ਕਰ ਸਕਦੇ ਹੋ ਜੋ ਸਿਆਣੀ ਉਮਰ ਜਾਂ ਬੀਮਾਰ ਹੋਣ ਕਰਕੇ ਬਾਹਰ ਨਹੀਂ ਜਾ ਸਕਦਾ? ਕੀ ਤੁਸੀਂ ਉਸ ਪਰਿਵਾਰ ਨੂੰ ਖਾਣਾ ਦੇ ਸਕਦੇ ਹੋ ਜੋ ਪੈਸੇ ਦੀ ਤੰਗੀ ਦਾ ਸਾਮ੍ਹਣਾ ਕਰ ਰਿਹਾ ਹੈ? ਜੇ ਤੁਹਾਨੂੰ jw.org ਵੈੱਬਸਾਈਟ ਅਤੇ JW ਲਾਇਬ੍ਰੇਰੀ ਐਪ ਵਰਤਣੀ ਆਉਂਦੀ ਹੈ, ਤਾਂ ਕੀ ਤੁਸੀਂ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਦੀ ਇਸ ਨੂੰ ਵਰਤਣ ਵਿਚ ਮਦਦ ਕਰ ਸਕਦੇ ਹੋ? ਦੂਜਿਆਂ ਦੀ ਮਦਦ ਕਰਨ ਵਿਚ ਰੁੱਝੇ ਰਹਿਣ ਕਰਕੇ ਸਾਨੂੰ ਜ਼ਿਆਦਾ ਖ਼ੁਸ਼ੀ ਮਿਲੇਗੀ।​—ਰਸੂ. 20:35.

15 ਜਦੋਂ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਾਂਗੇ, ਤਾਂ ਸਾਡੇ ਦੋਸਤ ਮਨ ਦੀ ਸ਼ਾਂਤੀ ਬਣਾਈ ਰੱਖਣ ਵਿਚ ਸਾਡੀ ਮਦਦ ਕਰਨਗੇ। ਜਦੋਂ ਅੱਯੂਬ ਨੇ ਆਪਣੀਆਂ ਅਜ਼ਮਾਇਸ਼ਾਂ ਬਾਰੇ ਦੱਸਿਆ, ਤਾਂ ਅਲੀਹੂ ਨੇ ਅੱਯੂਬ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ। ਉਸੇ ਤਰ੍ਹਾਂ ਸਾਡੇ ਦੋਸਤ ਧੀਰਜ ਨਾਲ ਸਾਡੀਆਂ ਗੱਲਾਂ ਸੁਣ ਕੇ ਸਾਡੀ ਮਦਦ ਕਰਦੇ ਹਨ। (ਅੱਯੂ. 32:4) ਸਾਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਸਾਡੇ ਦੋਸਤ ਸਾਡੇ ਲਈ ਫ਼ੈਸਲੇ ਕਰਨਗੇ, ਪਰ ਜੇ ਅਸੀਂ ਉਨ੍ਹਾਂ ਦੀ ਬਾਈਬਲ-ਆਧਾਰਿਤ ਸਲਾਹ ਨੂੰ ਸੁਣਾਂਗੇ, ਤਾਂ ਇਹ ਸਮਝਦਾਰੀ ਹੋਵੇਗੀ। (ਕਹਾ. 15:22) ਨਾਲੇ ਦਾਊਦ ਨੇ ਨਿਮਰਤਾ ਨਾਲ ਆਪਣੇ ਦੋਸਤਾਂ ਦੀ ਮਦਦ ਸਵੀਕਾਰ ਕੀਤੀ। ਇਸੇ ਤਰ੍ਹਾਂ, ਸਾਨੂੰ ਘਮੰਡੀ ਹੋਣ ਦੀ ਬਜਾਇ ਆਪਣੇ ਦੋਸਤਾਂ ਦੀ ਮਦਦ ਸਵੀਕਾਰ ਕਰਨੀ ਚਾਹੀਦੀ ਹੈ। (2 ਸਮੂ. 17:27-29) ਵਾਕਈ, ਇਸ ਤਰ੍ਹਾਂ ਦੇ ਦੋਸਤ ਯਹੋਵਾਹ ਵੱਲੋਂ ਦਾਤ ਹਨ।​—ਯਾਕੂ. 1:17.

ਮਨ ਦੀ ਸ਼ਾਂਤੀ ਕਿਵੇਂ ਬਣਾਈ ਰੱਖੀਏ?

16. ਫ਼ਿਲਿੱਪੀਆਂ 4:6, 7 ਅਨੁਸਾਰ ਮਨ ਦੀ ਸ਼ਾਂਤੀ ਪਾਉਣ ਦਾ ਇੱਕੋ-ਇਕ ਤਰੀਕਾ ਕਿਹੜਾ ਹੈ? ਸਮਝਾਓ।

16 ਫ਼ਿਲਿੱਪੀਆਂ 4:6, 7 ਪੜ੍ਹੋ। ਯਹੋਵਾਹ ਕਿਉਂ ਕਹਿੰਦਾ ਹੈ ਕਿ ਉਹ ਸਾਨੂੰ “ਮਸੀਹ ਯਿਸੂ ਦੇ ਰਾਹੀਂ” ਸ਼ਾਂਤੀ ਦਿੰਦਾ ਹੈ? ਜੇ ਅਸੀਂ ਯਹੋਵਾਹ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਨੂੰ ਸਮਝਦੇ ਹਾਂ ਅਤੇ ਉਸ ’ਤੇ ਨਿਹਚਾ ਕਰਦੇ ਹਾਂ, ਤਾਂ ਹੀ ਸਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ। ਮਿਸਾਲ ਲਈ, ਯਿਸੂ ਦੀ ਰਿਹਾਈ ਕੀਮਤ ਦੇ ਆਧਾਰ ’ਤੇ ਹੀ ਸਾਰਿਆਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਹਨ। (1 ਯੂਹੰ. 2:12) ਇਸ ਗੱਲ ਤੋਂ ਸਾਨੂੰ ਕਿੰਨੀ ਹੀ ਰਾਹਤ ਮਿਲਦੀ ਹੈ! ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਯਿਸੂ ਹਰ ਨੁਕਸਾਨ ਦੀ ਭਰਪਾਈ ਕਰੇਗਾ ਜੋ ਸ਼ੈਤਾਨ ਅਤੇ ਇਸ ਦੁਨੀਆਂ ਕਰਕੇ ਹੋਇਆ ਹੈ। (ਯਸਾ. 65:17; 1 ਯੂਹੰ. 3:8; ਪ੍ਰਕਾ. 21:3, 4) ਇਹ ਕਿੰਨੀ ਹੀ ਸ਼ਾਨਦਾਰ ਉਮੀਦ ਹੈ! ਨਾਲੇ, ਭਾਵੇਂ ਯਿਸੂ ਨੇ ਸਾਨੂੰ ਇਕ ਔਖਾ ਕੰਮ ਕਰਨ ਨੂੰ ਦਿੱਤਾ ਹੈ, ਪਰ ਉਹ ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਡੇ ਨਾਲ ਹੈ ਅਤੇ ਸਾਡੀ ਮਦਦ ਕਰ ਰਿਹਾ ਹੈ। (ਮੱਤੀ 28:19, 20) ਇਸ ਗੱਲ ਨਾਲ ਸਾਨੂੰ ਕਿੰਨੀ ਹੀ ਦਲੇਰੀ ਮਿਲਦੀ ਹੈ! ਰਾਹਤ, ਉਮੀਦ ਅਤੇ ਦਲੇਰੀ ਮਨ ਦੀ ਸ਼ਾਂਤੀ ਪਾਉਣ ਲਈ ਬਹੁਤ ਜ਼ਰੂਰੀ ਹਨ।

17. (ੳ) ਇਕ ਮਸੀਹੀ ਮਨ ਦੀ ਸ਼ਾਂਤੀ ਕਿਵੇਂ ਬਣਾਈ ਰੱਖ ਸਕਦਾ ਹੈ? (ਅ) ਯੂਹੰਨਾ 16:33 ਵਿਚ ਦਿੱਤੇ ਵਾਅਦੇ ਅਨੁਸਾਰ ਅਸੀਂ ਕੀ ਕਰ ਸਕਾਂਗੇ?

17 ਤਾਂ ਫਿਰ ਤੁਸੀਂ ਉਦੋਂ ਮਨ ਦੀ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹੋ ਜਦੋਂ ਸਖ਼ਤ ਅਜ਼ਮਾਇਸ਼ਾਂ ਕਰਕੇ ਤੁਸੀਂ ਨਿਰਾਸ਼ ਹੋ ਜਾਂਦੇ ਹੋ? ਯਿਸੂ ਦੀ ਰੀਸ ਕਰ ਕੇ ਤੁਸੀਂ ਮਨ ਦੀ ਸ਼ਾਂਤੀ ਪਾ ਸਕਦੇ ਹੋ। ਪਹਿਲਾ, ਪ੍ਰਾਰਥਨਾ ਕਰੋ ਅਤੇ ਲਗਾਤਾਰ ਕਰਦੇ ਰਹੋ। ਦੂਜਾ, ਯਹੋਵਾਹ ਦਾ ਕਹਿਣਾ ਮੰਨੋ ਅਤੇ ਜੋਸ਼ ਨਾਲ ਪ੍ਰਚਾਰ ਕਰੋ ਭਾਵੇਂ ਇੱਦਾਂ ਕਰਨਾ ਔਖਾ ਹੀ ਕਿਉਂ ਨਾ ਹੋਵੇ। ਤੀਜਾ, ਅਜ਼ਮਾਇਸ਼ਾਂ ਵੇਲੇ ਦੋਸਤਾਂ ਤੋਂ ਮਦਦ ਲਓ। ਫਿਰ ਪਰਮੇਸ਼ੁਰ ਦੀ ਸ਼ਾਂਤੀ ਤੁਹਾਡੇ ਮਨਾਂ ਤੇ ਦਿਲਾਂ ਦੀ ਰਾਖੀ ਕਰੇਗੀ। ਨਾਲੇ ਯਿਸੂ ਵਾਂਗ ਤੁਸੀਂ ਕਿਸੇ ਵੀ ਅਜ਼ਮਾਇਸ਼ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਸਕੋਗੇ।​—ਯੂਹੰਨਾ 16:33 ਪੜ੍ਹੋ।

ਗੀਤ 6 ਪਰਮੇਸ਼ੁਰ ਦੇ ਦਾਸ ਦੀ ਦੁਆ

^ ਪੈਰਾ 5 ਮੁਸ਼ਕਲਾਂ ਹੋਣ ਕਰਕੇ ਸਾਡੇ ਲਈ ਮਨ ਦੀ ਸ਼ਾਂਤੀ ਬਣਾਈ ਰੱਖਣੀ ਔਖੀ ਹੋ ਸਕਦੀ ਹੈ। ਇਸ ਲੇਖ ਵਿਚ ਅਸੀਂ ਤਿੰਨ ਕੰਮਾਂ ’ਤੇ ਚਰਚਾ ਕਰਾਂਗੇ ਜੋ ਯਿਸੂ ਨੇ ਕੀਤੇ ਸਨ ਅਤੇ ਅਸੀਂ ਵੀ ਉਹ ਕਰ ਕੇ ਅਜ਼ਮਾਇਸ਼ਾਂ ਦੌਰਾਨ ਮਨ ਦੀ ਸ਼ਾਂਤੀ ਬਣਾਈ ਰੱਖ ਸਕਦੇ ਹਾਂ।